ਤੂੰ ਮੱਘਦਾ ਰਹੀਂ ਵੇ ਸੂਰਜਾ
ਮਾਂ ਧਰਤੀਏ ਤੇਰੀ ਗੋਦ ਨੂੰ, ਚੰਨ ਹੋਰ ਬਥੇਰੇ,
ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ!
ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ,
ਜਿੱਥੇ ਮਿਲਣ ਅੰਗੂਠੇ ਸੰਘੀਆਂ ਨੂੰ,
ਜਿੱਥੇ ਵਾਲ ਤਰਸਦੇ ਕੰਘੀਆਂ ਨੂੰ,
ਅੱਖਾਂ ਸੁੰਨੀਆਂ, ਤੇ ਦੰਦ ਤਰੇੜੇ,
ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ!
ਜਿੱਥੇ ਬੰਦਾ ਜੰਮਦਾ ਸੀਰ੍ਹੀ ਹੈ,
ਡੱਕਿਆਂ ਦੀ ਮੀਰੀ-ਪੀਰੀ ਹੈ,
ਜਿੱਥੇ ਕਰਜ਼ੇ ਹੇਠ ਪੰਜ਼ੀਰੀ ਹੈ,
ਬਾਪੂ ਦੇ ਕਰਜ਼ ਦਾ ਸੂਦ ਨੇ ਪੁੱਤ ਜੰਮਦੇ ਘੇਰੇ,
ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ!
ਜਿੱਥੇ ਹਾਰ ਮੰਨ ਲਈ ਚਾਵਾਂ ਨੇ,
ਜਿੱਥੇ ਕੂੰਜ ਘੇਰ ਲਈ ਕਾਵਾਂ ਨੇ,
ਜਿੱਥੇ ਅਣਵਿਆਈਆਂ ਹੀ ਮਾਵਾਂ ਨੇ,
ਜਿੱਥੇ ਧੀਆਂ ਹੌਕੇ ਲੈਂਦੀਆਂ ਅਸਮਾਨ ਜਡੇਰੇ,
ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ!
ਜਿੱਥੇ ਰੋਟੀ ਵਿੱਚ ਮਨ ਘੁੱਟਿਆ ਹੈ,
ਜਿੱਥੇ ਨ੍ਹੇਰਾ ਦੱਬ ਕੇ ਜੁੱਟਿਆ ਹੈ,
ਜਿੱਥੇ ਗ਼ੈਰਤ ਦਾ ਤਗ ਟੁੱਟਿਆ ਹੈ,
ਜਿੱਥੇ ਵੋਟਾਂ ਵਾਲਿਆਂ ਟਟਵੈਰ ਸਹੇੜੇ
ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ!
ਤੂੰ ਆਪਣਾ ਆਪ ਹੀ ਮਚਾਂਦਾ ਹੈਂ,
ਪਰ ਆਪਾ ਹੀ ਰੁਸ਼ਨਾਂਦਾ ਹੈਂ,
ਕਿਉਂ ਕੰਮੀਆਂ ਤੋਂ ਸ਼ਰਮਾਂਦਾ ਹੈਂ
ਇਹ ਸਦਾ ਸਦਾ ਨਾ ਰਹਿਣਗੇ ਮੰਦਹਾਲ ਮਰੇੜੇ
ਹਾਏ! ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ!
ਜਿੱਥੇ ਲੋਕ ਬੜੇ ਮਜ਼ਬੂਰ ਜਿਹੇ,
ਦਿੱਲੀ ਦੇ ਦਿਲ ਤੋਂ ਦੂਰ ਜਿਹੇ,
ਤੇ ਭੁੱਖਾਂ ਵਿੱਚ ਮਸ਼ਹੂਰ ਜਿਹੇ,
ਭੁੱਖਾਂ ਵਿੱਚ ਮਸ਼ਹੂਰ ਜਿਹੇ,
ਜਿੱਥੇ ਮਰ ਕੇ ਚੰਮ ਲਿਜਾਂਵਦੇ,
ਹਨ ਪੂਜਕ ਤੇਰੇ!
ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ!
ਮਾਂ ਧਰਤੀਏ ਤੇਰੀ ਗੋਦ ਨੂੰ, ਚੰਨ ਹੋਰ ਬਥੇਰੇ,
ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ
ਤੂੰ ਮੱਘਦਾ ਰਹੀਂ ਵੇ ਸੂਰਜਾ[1] ਪੰਜਾਬੀ ਕਵੀ ਸੰਤ ਰਾਮ ਉਦਾਸੀ ਦਾ ਲਿਖਿਆ ਗੀਤ ਹੈ। ਉਦਾਸੀ ਇਹ ਗੀਤ ਆਪਣੀ ਉਚੀ ਹੇਕ ਨਾਲ ਆਪ ਗਾਉਂਦਾ, ਤਾਂ ਠੁੱਕ ਬੰਨ੍ਹ ਦਿੰਦਾ ਅਤੇ ਸਰੋਤਿਆਂ ਨੂੰ ਕੀਲ ਕੇ ਬਿਠਾ ਲੈਂਦਾ ਸੀ।[2]