ਨਵ-ਰਹੱਸਵਾਦੀ ਪੰਜਾਬੀ ਕਵਿਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਹੱਸਵਾਦ ਇੱਕ ਬਹੁਤ ਹੀ ਪ੍ਰਾਚੀਨ ਸਿਧਾਂਤ ਹੈ ਜਿਸ ਦੇ ਅਨੁਸਾਰ, ਦਿਸਦੇ ਸੰਸਾਰ ਦੇ ਪਿਛੇ ਸੱਚੀ ਤੇ ਅਟੱਲ ਵਾਸਤਵਿਕਤਾ ਛੁਪੀ ਹੋਈ ਹੈ। ਇਹ ਸੰਸਾਰ ਜਿਸ ਵਿੱਚ ਮਨੁੱਖ ਵਿਚਰਦਾ ਹੈ, ਇੱਕ ਮਾਇਆ ਹੈ, ਸੁਪਨਾ ਹੈ। ਪ੍ਰਸਿੱਧ ਯੂਨਾਨੀ ਦਾਰਸ਼ਨਿਕ ਪਲੈਟੋ ਨੇ ਬਹੁਤ ਸਦੀਆਂ ਪਹਿਲਾਂ ਇਹ ਗੱਲ ਕਹੀ ਸੀ ਕਿ ਦਿਸਦਾ ਸੰਸਾਰ ਤੇ ਇਸ ਦੇ ਅੰਦਰ ਜਿੰਨੇ ਵੀ ਪਦਾਰਥ ਹਨ, ਸਭ ਮਾਇਆ ਦਾ ਰੂਪ ਹਨ। ਇਹ ਰਹੱਸਵਾਦ ਸੰਸਾਰ ਦੇ ਰਹੱਸ ਦਾ ਬੌਧਿਕ ਅਨੁਭਵ ਹੈ।ਹਰਜਿੰਦਰ ਸਿੰਘ ਢਿੱਲੋਂ ਦਾ ਕਥਨ ਹੈ, “ਭਾਵੇਂ ਰਹੱਸਾਤਮਕ-ਅਨੁਭਵ ਅਕਥਨੀ ਹੈ, ਫਿਰ ਵੀ ਭਟਕਦੀਆਂ ਰੂਹਾਂ ਨੂੰ ਸੰਸਾਰਕ ਹਨੇਰੇ ਤੋਂ ਪ੍ਰਕਾਸ਼ ਦੀ ਸਥਿਤੀ ਵਿੱਚ ਲੈ ਜਾਣਾ ਇਸ ਦਾ ਕਰੱਤਵ ਹੈ। ਰਹੱਸਵਾਦ ਨੂੰ ਵਧੇਰੇ ਸਰਲ, ਸਪਸ਼ਟ ਅਤੇ ਸਿੱਧੇ ਰੂਪ ਵਿੱਚ ਪ੍ਰਗਟਾਉਣਾ ਹੋਵੇ ਤਾਂ ਇਸਨੂੰ ‘ਰੱਬੀ ਇਸ਼ਕ` ਵੀ ਕਿਹਾ ਜਾ ਸਕਦਾ ਹੈ।``1ਪ੍ਰੰਤੂ 20ਵੀਂ ਸਦੀ ਦੇ ਚੌਥੇ ਦਹਾਕੇ ਵਿੱਚ ਰਹੱਸਵਾਦ ਦੇ ਉੱਪਰੋਕਤ ਅਰਥ ਬਦਲ ਗਏ ਅਤੇ ਵਿਦਵਾਨਾਂ ਨੇ ਇਸ ਨੂੰ ਨਵੇਂ ਰਹੱਸਵਾਦ ਦਾ ਨਾਮ ਦਿੱਤਾ। ਮੱਧਕਾਲ ਵਿੱਚ ਰਚਿਆ ਬਹੁਤ ਸਾਹਿਤ ਰਹੱਸਵਾਦ ਦੇ ਘੇਰੇ ਅੰਦਰ ਸ਼ਾਮਲ ਹੈ। ਆਧੁਨਿਕ ਕਾਲ ਵਿੱਚ ਵੀ ਇਸੇ ਪ੍ਰਵ੍ਰਿਤੀ ਅਧੀਨ ਸਾਹਿਤ ਦੀ ਰਚਨਾ ਹੋਈ ਹੈ। ਸਾਡੇ ਅਧਿਐਨ ਦਾ ਵਿਸ਼ੇ-ਖੇਤਰ ਆਧੁਨਿਕ-ਕਾਵਿ ਹੈ। ਇਸ ਪ੍ਰਵ੍ਰਿਤੀ ਦਾ ਮੁੱਢ ਭਾਈ ਵੀਰ ਸਿੰਘ ਦੀ ਕਾਵਿ-ਰਚਨਾ ਨਾਲ ਬੱਝਦਾ ਹੈ।ਡਾ. ਦੀਵਾਨ ਸਿੰਘ ਇਸ ਸੰਦਰਭ ਵਿੱਚ ਲਿਖਦਾ ਹੈ, “ਅਗਾਂਹਵਧੂ ਰੁਚੀ ਨੇ ਜਿਥੇ ਸਾਹਿਤ ਨੂੰ ਨਵੇਂ ਵਿਸ਼ੇ ਅਤੇ ਨਵੇਂ ਲਿਖਣ ਢੰਗ ਦਿੱਤੇ ਹਨ, ਉਥੇ ਪੁਰਾਣੇ ਵਿਸ਼ਿਆਂ ਜਿਵੇਂ ਰਹੱਸਵਾਦ, ਅਧਿਆਤਮਵਾਦ, ਕਿੱਸਾ-ਕਾਵਿ ਆਦਿ ਨੂੰ ਵੀ ਨਵੀਂ ਰੰਗਣ ਬਖ਼ਸੀ ਹੈ। ਪ੍ਰੀਤਮ ਸਿੰਘ ਸਫ਼ੀਰ, ਬਾਵਾ ਬਲਵੰਤ ਅਤੇ ਅੰਮ੍ਰਿਤਾ ਪ੍ਰੀਤਮ ਨੇ ਵੀ ਰਹੱਸਵਾਦੀ ਵਿਸ਼ਿਆਂ ਨੂੰ ਨਵੇਂ ਰੰਗਾਂ ਵਿੱਚ ਸਮੋ ਕੇ ਪੇਸ਼ ਕੀਤਾ ਹੈ।``2 ਜਿਥੇ ਪਹਿਲਾਂ ਸਮੁੱਚੇ ਰਹੱਸਵਾਦ ਵਿੱਚ ਸਹਿਜ-ਵਿਸ਼ਵਾਸ ਦੀ ਭਾਵਨਾ ਮਿਲਦੀ ਹੈ। ਉਥੇ ਨਵ-ਰਹੱਸਵਾਦ ਵਿੱਚ ਸ਼ਰਧਾ ਜਾਂ ਸਹਿਜ ਵਿਸ਼ਵਾਸ ਨੂੰ ਕੋਈ ਸਥਾਨ ਹਾਸਲ ਨਹੀਂ ਹੈ ਸਗੋਂ ਹਰ ਚੀਜ਼ ਤਰਕ ਦੀ ਕਸਵੱਟੀ ਉੱਪਰ ਪਰਖੀ ਜਾਂਦੀ ਹੈ। ਆਧੁਨਿਕ ਕਵੀ ਦੀ ਦ੍ਰਿਸ਼ਟੀ ਵਿੱਚ ਉਹ ਵਿਅਕਤੀ ਬਿਲਕੁਲ ਹੀ ਬੇਕਾਰ ਹੈ। ਜਿਹੜਾ ਬਿਨ੍ਹਾਂ ਸੋਚੇ ਸਮਝੇ ਰੱਬ ਦੀ ਹੋਂਦ ਸਵੀਕਾਰ ਕਰ ਲੈਂਦਾ ਹੈ। ਉਸ ਦੀ ਨਜ਼ਰ ਵਿੱਚ ਉਹ ਕਾਫ਼ਰ ਹਾਜਰ ਦਰਜੇ ਚੰਗਾ ਹੈ ਜੋ ਰੱਬ ਨੂੰ ਅੰਧ-ਵਿਸ਼ਵਾਸ ਨਾਲ ਮੰਨਦਾ ਨਹੀਂ ਸਗੋਂ ਖੋਜਦਾ ਹੈ। ਨਵ-ਰਹੱਸਵਾਦੀ ਕਵੀਆਂ ਨੇ ਕਾਵਿ ਵਿੱਚ ਆ ਚੁੱਕੇ ਗਤੀਰੋਧ ਨੂੰ ਤੋੜਿਆ ਅਤੇ ਥੋਥੀ ਤੇ ਨਿਰਜਿੰਦ ਫਿਲਾਸਫੀ ਵਿੱਚ ਨਵੀਂ ਰੂਹ ਭਰੀ। ਲੇਖਕ ਨੇ ਅਧਿਆਤਮਕ ਧਾਰਾ ਦਾ ਆਧੁਨਿਕ ਕਵੀ ਹੋਣ ਕਰ ਕੇ ਤੇ ਪੇਸ਼ਾਕਾਰੀ ਦੀ ਨਵੀਨਤਾ ਕਰ ਕੇ ਭਾਈ ਵੀਰ ਸਿੰਘ ਨੂੰ ਨਵ-ਅਧਿਆਤਮਵਾਦੀ ਦਾ ਨਾਂ ਦਿੱਤਾ ਹੈ। ਜਦੋਂ ਕਿ ਵਿਸ਼ੇ ਦੀ ਵਿਆਖਿਆ ਰਹੱਸਵਾਦੀ ਸਾਹਿਤ ਵਾਲੀ ਹੈ। ਭਾਈ ਵੀਰ ਸਿੰਘ ਦਾ ਰਹੱਸਵਾਦ ਸੂਫ਼ੀ ਰਹੱਸਵਾਦ ਤੋਂ ਭਿੰਨ ਹੈ, ਉਸ ਦਾ ਰਹੱਸਵਾਦ ਇੱਕ ਵੱਖਰਾ ਅਤੇ ਸੰਪੂਰਨ ਰਹੱਸਵਾਦ ਹੈ। ਭਾਈ ਵੀਰ ਸਿੰਘ ਦੀ ਅੰਤਿਮ ਕਾਵਿ-ਪੁਸਤਕ ‘ਮੇਰੇ ਸਾਈਆਂ ਜੀਓ` ਨੂੰ ਅਧਿਆਤਮਕ ਅਨੁਭਵਤਾ ਦੀ ਸਿਖਰ ਆਖਦਾ ਹੈ।

*ਮੇਰੇ ਗੀਤ ਮੇਰੇ ਸਾਈਆਂ ਜੀ ਦੇ ਗੀਤ-ਸੋਹਲੇ। ਹਾਂ ਪਰਤ ਆਉ, ਪਰਤ ਆਉ ਸੁਹਵਿਉ।

ਕਵੀ ਨਾਸ਼ਵਾਨ ਵਸਤਾਂ ਨੂੰ ਮਾਇਆ ਅਤੇ ਮਨੁੱਖੀ ਮਨ ਵਿੱਚ ਇਹਨਾਂ ਦੀ ਖਿੱਚ ਨੂੰ ਤ੍ਰਿਸ਼ਨਾ ਆਖਦਾ ਹੈ। ਉਹ ਮਨੁੱਖਾ ਮਨ ਨੂੰ ਕੁਦਰਤ ਦੇ ਅਸੀਮ ਰਸ ਨੂੰ ਪੀਣ ਦੀ ਪ੍ਰੇਰਨਾ ਦਿੰਦਾ ਹੈ ਤੇ ਨਾਸ਼ਵਾਨ ਵਸਤਾਂ ਦੀ ਤ੍ਰਿਸ਼ਨਾ ਤੋਂ ਰੋਕਦਾ ਹੈ:

*ਅੱਖੀਂ ਨਾਲ ਪਿਆ ਰਸ ਪੀਵੀਂ, ਤ੍ਰਿਸ਼ਨਾ ਹੋਰ ਵਿਸਾਰੀ ਚਾ।

ਆਧੁਨਿਕ ਕਵਿਤਾ ਵਿੱਚ ਇਸੇ ਧਾਰਾ ਨੂੰ ਜਿਸਦਾ ਮੁੱਢ ਭਾਈ ਵੀਰ ਸਿੰਘ ਨੇ ਬੰਨ੍ਹਿਆ, ਪ੍ਰੋਰ: ਪੂਰਨ ਸਿੰਘ ਨੇ ਅੱਗੇ ਤੋਰਿਆ ਪੂਰਨ ਸਿੰਘ ਦੀ ਕਵਿਤਾ ਉਸ ਦੀ ਰਹੱਸਵਾਦੀ ਸਵੈਜੀਵਨੀ ਹੈ। ਪ੍ਰੋਰ: ਪੂਰਨ ਸਿੰਘ ਵਰਗੇ ਕਵੀ ਨੂੰ ਵੀ ਉਸ ਦੇ ਜੀਵਨ ਰੂਪੀ ਪਤੰਗ ਦੀ ਡੋਰ ਕੋਈ ਖਿੱਚਦਾ ਪ੍ਰਤੀਤ ਹੁੰਦਾ ਹੈ ਜਿਵੇਂ:

*ਮੈਂ ਪਤੰਗ ਕਿਸੇ ਦੀ ਡੋਰਾਂ ਵਾਲਾ ਖਿੱਚਦਾ ਪਤੰਗ ਪਈ ਚੜ੍ਹਦੀ ਉਚੀ ਹਵਾ ਵਿਚ।

ਪੂਰਨ ਸਿੰਘ ਦੇ ਰਹੱਸਵਾਦ ਦੀ ਵਿਸ਼ੇਸ਼ਤਾ ਇਸ ਵਿਚਲਾ ਬੌਧਿਕ ਅੰਸ਼ ਹੈ। ਪ੍ਰਮਾਤਮਾ ਦੀ ਹੋਂਦ ਨੂੰ ਕੇਵਲ ਨਿੱਜੀ ਅਨੁਭਵ ਰਾਹੀਂ ਮਾਣਿਆ ਜਾ ਸਕਦਾ ਹੈ। ਇਸੇ ਕਰ ਕੇ ਕਦੇ-ਕਦੇ ਕਵੀ ਇੰਝ ਵੀ ਆਖ ਦਿੰਦਾ ਹੈ:

*ਲੋਕੀ ਕਹਿਣ ਰੱਬ ਸਭ ਵਿੱਚ ਹੈ, ਸਭ ਦੂਰ ਉਹੋ ਹਰ ਥਾਂ, ਹਰ ਸ਼ੈ ਹੈ, ਜਿਧਰ ਦੇਖੋ, ਰੱਬ ਹੀ ਰੱਬ ਪਰ ਮੇਰੀਆਂ ਅੱਖੀਆਂ ਹਾਲੇ, ਕੁਝ ਠੀਕ ਸੁਜਾਖੀਆਂ ਨਹੀਂ ਜਾਪਦੀਆਂ। ਮੈਨੂੰ ਰੱਬ ਇਉਂ ਹਰ ਥਾਂ ਨਹੀਂ ਦਿਸਦਾ।

ਪ੍ਰੋਰ. ਪੂਰਨ ਸਿੰਘ ਕਾਵਿ ਵਿਚਲੇ ਰਹੱਸਵਾਦੀ ਅੰਸ਼ਾਂ ਦਾ ਵਿਸ਼ਲੇਸ਼ਣ ਕਰਨ ਉੱਪਰੰਤ ਡਾ. ਮੋਹਨ ਸਿੰਘ ਦੀਵਾਨਾ ਦੇ ਕਾਵਿ ਨੂੰ ਵਿਚਾਰਿਆ ਜਾ ਸਕਦਾ ਹੈ। ਉਹ ਪਰਮ ਸ਼ਕਤੀ ਦੀ ਹੋਂਦ ਅਤੇ ਸਰਵਵਿਆਪਕਤਾ ਵਿੱਚ ਵਿਸ਼ਵਾਸ ਰੱਖਦਾ ਹੈ। ਉਸ ਅਨੁਸਾਰ ਇਸ ਅਦਿੱਖ ਸ਼ਕਤੀ ਨੂੰ ਵੇਖਣ ਲਈ ਮਨੁੱਖੀ ਆਤਮਾ ਕੋਲ ਸਿਦਕ ਤੇ ਖੋਜ ਦੀ ਦ੍ਰਿਸ਼ਟੀ, ਹੋਣੀ ਚਾਹੀਦੀ ਹੈ। ਪ੍ਰੋਰ. ਮੋਹਨ ਸਿੰਘ ਦੁਆਰਾ ਲਿਖੀ ਕਵਿਤਾ ‘ਰੱਬ` ਦੇ ਪ੍ਰਤੀਕ੍ਰਮ ਵਜੋਂ ਦਿੱਤਾ ਹੈ:

*ਮੈਨੂੰ ਕਿਸੇ ਇੱਕ ਵੀ ਵਾਜ ਮਾਰੀ, ਲੱਖਾਂ ਵਾਜਾਂ ਰਾਹੀਂ ਮੈਂ ਜਵਾਬ ਦਿੱਤਾ। ਮੇਰੀ ਵੱਲ ਕੋਈ ਇੱਕ ਵੀ ਕਦਮ ਤੁਰਿਆ, ਲੱਖਾਂ ਕਦਮਾਂ ਦਾ ਉਹਨੂੰ ਸਵਾਬ ਦਿੱਤਾ।

ਨਵ-ਰਹੱਸਵਾਦੀ ਪ੍ਰਵਿਰਤੀ ਦਾ ਸਹੀ ਸੰਚਾਲਕ ਪ੍ਰੀਤਮ ਸਿੰਘ ਸਫ਼ੀਰ ਨੂੰ ਹੀ ਮੰਨਿਆ ਜਾਂਦਾ ਹੈ। ਕਿਉਂਕਿ ਉਸ ਦੇ ਕਾਵਿ ਉੱਪਰ ਇਸ ਸੰਕਲਪ ਦਾ ਗੂੜਾ ਰੰਗ ਦੇਖਣ ਨੂੰ ਮਿਲਦਾ ਹੈ। ਡਾ. ਪਿਆਰ ਸਿੰਘ, ਪ੍ਰੀਤਮ ਸਿੰਘ ਸਫ਼ੀਰ ਨੂੰ ਇੱਕ ਨਵੀਂ ਲੀਹ ਤੋਰਨ ਵਾਲਾ ਕਵੀ ਆਖਦਾ ਹੈ। ਉਹ ਲਿਖਦਾ ਹੈ, ਕਿ “ਸਫ਼ੀਰ ਪੰਜਾਬੀ ਕਾਵਿ-ਖੇਤਰ ਵਿੱਚ ਇੱਕ ਨਵੀਂ ਲੀਹ ਤੋਰਨ ਵਾਲਾ ਕਵੀ ਹੈ। ਕਈ ਵਾਰ ਇਸ ਨੂੰ ਬੌਧਿਕ ਕਾਵਿ-ਧਾਰਾ ਕਹਿ ਕੇ ਯਾਦ ਕੀਤਾ ਜਾਂਦਾ ਹੈ। ਇਸ ਦਾ ਇਹ ਭਾਵ ਨਹੀਂ ਕਿ ਉਸ ਦੀ ਕਵਿਤਾ ਬੁੱਧੀ-ਪ੍ਰਧਾਨ ਹੈ ਤੇ ਵਲਵਲਾ ਘੱਟ ਹੈ। ਸਗੋਂ ਇਸ ਦੇ ਉਲਟ ਵਲਵਲਾ ਬਹੁਤ ਪ੍ਰਬਲ ਹੈ ਅਤੇ ਇਸ ਵਲਵਲੇ ਦੀ ਪ੍ਰਬਲਤਾ ਕਾਰਨ ਹੀ ਉਸ ਦੀ ਕਵਿਤਾ ਵਿੱਚ ਉਹ ਗੁਣ ਆ ਗਿਆ ਹੈ ਜਿਸ ਨੂੰ ਸੰਤ ਸਿੰਘ ਸੇਖੋਂ ‘ਤਰਲਤਾ` ਦਾ ਨਾਮ ਦਿੰਦਾ ਹੈ।``3 ਪ੍ਰੀਤਮ ਸਿੰਘ ਸਫ਼ੀਰ ਕਾਵਿ ਦਾ ਕੇਂਦਰ ਬਿੰਦੂ ਵੀ ਪ੍ਰਮਾਤਮਾ ਹੈ ਜੋ ਰੂਪ ਰੰਗ ਤੋਂ ਰਹਿਤ ਤੇ ਤ੍ਰੈਕਾਲ ਅਤੀਤ ਹੈ ਤੇ ਉਸ ਨੂੰ ਉਸ ਦੇ ਪੂਰਨ ਵਿਸ਼ਵਾਸ ਹੈ।

ਏ ਪਿਤਾ ਏਕਮ ਕੇ ਹਮ ਬਾਰਕ ਏਕ ਜੋਤ ਦੀਆਂ...........ਮੂਰਤੀਆਂ। ਉੱਪਰੋਕਤ ਪੰਕਤੀਆਂ ਤੋਂ ਸਪਸ਼ਟ ਹੈ ਕਿ ਕਵੀ ਆਪਣੇ ਆਪ ਨੂੰ ਪ੍ਰਭੂ-ਰੂਪ ਜੋਤੀ ਦਾ ਇੱਕ ਅੰਸ਼ ਸਮਝਦਾ ਹੈ। ਬਾਵਾ ਬਲਵੰਤ ਸਿੰਘ ਵੀ ਆਪਣੀਆਂ ਕੁਝ ਕਵਿਤਾਵਾਂ ਵਿੱਚ ਮਨੁੱਖ ਨੂੰ ਈਸ਼ਵਰ ਰੂਪੀ ਰੋਸ਼ਨੀ ਦਾ ਛਾਇਆ ਪ੍ਰਵਾਨ ਕਰਦਾ ਹੈ ਜਿਵੇਂ

*ਐਵੇਂ ਨਹੀਂ ਮੈਂ ਆਈ, ਐਵੇਂ ਨਹੀਂ ਤੂੰ ਆਇਆ। ਦੋਹਾਂ ਨੂੰ ਤੋਰਦੀ ਹੈ ਕੋਈ ਮਹਾਨ ਛਾਇਆ। ਡਾ. ਧਰਮ ਪਾਲ ਸਿੰਗਲ, ਬਾਵਾ ਬਲਵੰਤ ਨੂੰ ‘ਰਹੱਸਵਾਦੀ ਜਗਿਆਸੂ` ਆਖਦਾ ਹੈ। ਕੋਈ ਗੁੱਝੀ ਪੀੜ ਅਤੇ ਰੂਹਾਨੀ ਤੜਪ ਨੂੰ ਰਹੱਸਵਾਦ ਦਾ ਮੂਲ ਲੱਛਣ ਮੰਨਿਆ ਗਿਆ ਹੈ ਅਤੇ ਇਸ ਤੋਂ ਬਿਨ੍ਹਾਂ ਜੀਵਨ, ਜੀਵਨ ਵੀ ਨਹੀਂ ਹੈ। ਬਾਵਾ ਬਲਵੰਤ ਦੀ ਕਵਿਤਾ ਵਿੱਚ ਇਹ ਲੱਛਣ ਇਕੋ ਜਿਹੀ ਸ਼ਕਤੀ ਨਾਲ ਪੇਸ਼ ਹੋਇਆ ਹੈ ਜਿਵੇਂ:

*ਤੜਪ `ਚ ਹੀ ਕੋਈ ਅੰਦਰ ਦੀ ਹੈ ਦਵਾ ਖਬਰੇ। ਮੇਰੀ ਤੜਪ `ਚ ਹੈ ਇਨਸਾਨ ਦਾ ਭਲਾ ਖਬਰੇ। ਇਨ੍ਹਾਂ ਸਤਰਾਂ ਨੂੰ ਮੁੱਖ ਰੱਖ ਕੇ ਪ੍ਰੋਰ. ਕ੍ਰਿਪਾਲ ਸਿੰਘ ਕਸੇਲ ਉਸ ਦੇ ਰਹੱਸਵਾਦ ਨੂੰ ਪ੍ਰੰਪਰਾਵਾਦੀ ਰਹੱਸਵਾਦ ਨਹੀਂ ਸਗੋਂ ਨਵ-ਰਹੱਸਵਾਦ ਆਖਦਾ ਹੈ। ਵਿਗਿਆਨ ਤੇ ਬੌਧਿਕ ਤਰਕ ਦੀ ਸ਼ਮੂਲੀਅਤ ਜੋ ਕਿ ਆਧੁਨਿਕਤਾ ਦੀ ਦੇਣ ਹੈ, ਹੀ ਨਵ-ਰਹੱਸਵਾਦ ਦਾ ਵਿਕਾਸ ਬਿੰਦੂ ਹੈ। ਨੇਕੀ ਨੇ ਸ਼੍ਰਿਸ਼ਟੀ ਦੇ ਮੁੱਢ ਜਾਂ ਜੀਵ ਉਤਪਤੀ ਸੰਬੰਧੀ ਹੋਈਆਂ ਵਿਗਿਆਨਿਕ ਖੋਜਾਂ ਨੂੰ ਕਾਵਿ-ਚੇਤਨਾ ਦਾ ਅੰਗ ਬਣਾ ਕੇ ਪੇਸ਼ ਕੀਤਾ ਹੈ। ਜਿਥੇ ਜੀਵ ਵਿਕਾਸ ਨੂੰ ਸਾਇੰਸ ਦੀ ਥਿਊਰੀ ਰਾਹੀਂ ਦਰਸਾਇਆ ਗਿਆ ਹੈ, ਉਥੇ ਜਦੋਂ ਕਵੀ ਦੀ ਜਗਿਆਸਾ ਨਿਮਨ ਲਿਖਤ ਸਤਰਾਂ ਵਿੱਚ ਅਤ੍ਰਿਪਤੀ ਦੇ ਭਾਵ ਪ੍ਰਗਟ ਕਰਦੀ ਹੈ। ਉਸੇ ਨਾਲ ਹੀ ਗੁੱਝੀ ਰਹੱਸਾਤਮਕ ਛੂਹ ਵਲ ਵੀ ਇਸ਼ਾਰਾ ਕਰਦੀ ਹੈ:

*ਐਧਰ ਕਿਹੜੀ ਛੁਹ ਨੇ ਪਹਿਲਾਂ ਉਸ ਮੁਢਲੇ ਮੁਰਦਾ ਸਾਦੇ ਵਿਚ ਜੀਊਂਦਾ ਦਿਲ ਧੜਕਾਇਆ? ਨੇਕੀ ਕਾਵਿ ਦੀ ਵਿਸ਼ੇਸ਼ਤਾ ਇਸ ਦਾ ਰਹੱਸਵਾਦ ਤੋਂ ਰਹੱਸਵਾਦ ਤੱਕ ਦਾ ਸਫ਼ਰ ਹੈ। ਕਵੀ ਆਪ ਆਪਣੀ ਯਾਤਰਾ ਦਾ ਆਰੰਭ ਪੂਰਨ ਵਿਸ਼ਵਾਸ ਤੋਂ ਖੋਜ ਵੱਲ ਕਰਦਾ ਹੈ। ਨਵ-ਰਹੱਸਵਾਦੀ ਕਾਵਿ ਦੀ ਪ੍ਰਮੁੱਖ ਵਿਸ਼ੇਸ਼ਤਾ ਹੈ ਕਿ ਇੱਥੇ ਰਹੱਸ ਦੀ ਪੇਸ਼ਕਾਰੀ ਲਈ ਗਿਆਨ/ਵਿਗਿਆਨ ਨੂੰ ਆਧਾਰ ਬਣਾਇਆ ਜਾਂਦਾ ਹੈ। ਨਵ-ਰਹੱਸਵਾਦੀ ਕਵੀਆਂ ਨੇ ਪੁਰਾਣੀ ਵਿਚਾਰਧਾਰਾ ਨੂੰ ਸਮੇਂ ਦੀ ਲੋੜ ਅਨੁਸਾਰ ਨਵਾਂ ਰੂਪ ਦੇ ਕੇ ਪੇਸ਼ ਕੀਤਾ ਹੈ। ਇਨ੍ਹਾਂ ਦੀ ਭਾਸ਼ਾ ਵੀ ਪੁਰਾਤਨ ਨਹੀਂ ਸਗੋਂ ਸਮੇਂ ਦੇ ਅਨੁਕੂਲ ਬਦਲੀ ਹੋਈ ਭਾਸ਼ਾ ਹੈ। ਇਹ ਆਮ ਕਰ ਕੇ ਅਲੌਕਿਕ ਨਹੀਂ ਸਗੋਂ ਲੌਕਿਕ ਹੈ। ਡਾ. ਪ੍ਰੇਮ ਪ੍ਰਕਾਸ਼ ਸਿੰਘ ਅਨੁਸਾਰ, “ਭਾਈ ਵੀਰ ਸਿੰਘ ਰਹੱਸਵਾਦੀ ਅਨੁਭਵ ਵਿਚੋਂ ਸ਼ਾਂਤੀ ਲੱਭਦਾ ਹੈ ਪਰ ਸਫ਼ੀਰ ਕ੍ਰਾਂਤੀ ਢੂੰਡਦਾ ਹੈ। ਸਫ਼ੀ ਦੀ ਰਹੱਸਵਾਦੀ ਕਵਿਤਾ ਵਿੱਚ ਲੌਕਿਕਤਾ ਤੇ ਅਲੌਕਿਕਤਾ ਦੋਹਾਂ ਅੰਸ਼ਾਂ ਦਾ ਸੁੰਦਰ ਸੁਮੇਲ ਹੈ ਪਰ ਵੀਰ ਸਿੰਘ ਵਿੱਚ ਨਿਰੀ ਅਲੌਕਿਕਤਾ ਹੈ।``4 20ਵੀਂ ਸਦੀ ਦੇ ਚੌਥੇ ਦਹਾਕੇ ਦੇ ਅਖੀਰ ਵਿੱਚ ਕੁਝ ਪ੍ਰਮੁੱਖ ਕਵੀਆ ਭਾਈ ਵੀਰ ਸਿੰਘ, ਪ੍ਰੀਤਮ ਸਿੰਘ ਸਫ਼ੀਰ ਤੇ ਬਾਵਾ ਬਲਵੰਤ ਆਦਿ ਦੀ ਰਹੱਸਵਾਦੀ ਅਨੁਭੂਤੀ ਵਿੱਚ ਅਜੋਕੇ ਯੁੱਗ ਦੀ ਚੇਤਨਾ ਦੀ ਰੰਗਣ ਤੋਂ ਉਤਪੰਨ ਹੋਈ ਪ੍ਰਵ੍ਰਿਤੀ ਨੂੰ ਨਵ-ਰਹੱਸਵਾਦੀ ਪ੍ਰਵ੍ਰਿਤੀ ਕਿਹਾ ਗਿਆ ਜਿਸ ਵਿੱਚ ਵਿਸ਼ਿਆਂ ਦੀ ਬਹੁ-ਰੰਗਤਾ, ਰੂਪ ਪੱਖੋਂ ਬਿੰਬਾਂ ਅਤੇ ਪ੍ਰਤੀਕਾਂ ਦਾ ਨਰੋਆਪਨ ਤੇ ਅਭਿਵਿਅਕਤੀ ਦੀ ਸੂਖਮਤਾ ਹੈ।

ਸਹਾਇਕ ਪੁਸਤਕ ਸੂਚੀ[ਸੋਧੋ]

  1. ਡਾ. ਅੰਮ੍ਰਿਤ ਲਾਲ ਪਾਲ, ਸ੍ਰੀਮਤੀ ਵਿਦਿਅਵਤੀ, ਆਧੁਨਿਕ ਪੰਜਾਬੀ ਕਵਿਤਾ, ਸਿਧਾਂਤ ਇਤਿਹਾਸ ਤੇ ਪ੍ਰਵ੍ਰਿਤੀਆਂ, ਰਾਹੁਲ ਪਬਲੀਕੇਸ਼ਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2004.
  2. ਡਾ. ਪਰਮਜੀਤ ਕੌਰ, ਨਵ-ਰਹੱਸਵਾਦ ਤੇ ਨੇਕੀ ਕਾਵਿ
  3. ਡਾ. ਕਰਮਜੀਤ ਸਿੰਘ, ਆਧੁਨਿਕ ਪੰਜਾਬੀ ਕਾਵਿ ਧਾਰਾਵਾਂ ਦੇ ਵਿਚਾਰਧਾਰਾਈ ਆਧਾਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 1982.

4. ਪ੍ਰੋ. ਰਤਨ ਸਿੰਘ ਜੱਗੀ, ਖੋਜ ਪੱਤ੍ਰਿਕਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1988. 5. ਡਾ. ਪ੍ਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ, ਡਾ. ਗੋਬਿੰਦ ਸਿੰਘ ਲਾਂਬਾ, ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ, ਲਾਹੌਰ ਬੁਕ ਸ਼ਾਪ, 2002.