ਨਿਬੰਧ ਦੇ ਤੱਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਿਬੰਧ:-

ਪੰਜਾਬੀ ਸਾਹਿਤ ਨੇ ਆਧੁਨਿਕ ਨਿਬੰਧ ਦਾ ਰੂਪ ਪੱਛਮੀ ਸਾਹਿਤ ਤੋਂ ਪ੍ਰਾਪਤ ਕੀਤਾ ਹੈ। ਨਿਬੰਧ ਸ਼ਬਦ ਅੰਗ੍ਰੇਜ਼ੀ ਦੇ ਸ਼ਬਦ 'Essay' ਦਾ ਸਮਾਨਾਰਥੀ ਹੈ। 'Essay' ਸ਼ਬਦ ਲੈੈੈਟਿਨ ਦੇ ਸ਼ਬਦ 'ਐਗਜੀਜਿਅਰੁ' ਤੋਂ ਨਿਕਲਿਆ ਹੈ।'Essay' ਸ਼ਬਦ ਦਾ ਅਰਥ ਹੈ, 'ਯਤਨ'

ਸਾਧਾਰਨ ਲੇਖ ਅਤੇ ਨਿਬੰਧ ਵਿੱਚ ਕਾਫ਼ੀ ਫ਼ਰਕ ਹੁੰਦਾ ਹੈ। ਸਾਧਾਰਨ ਲੇਖ ਵਿੱਚ ਲੇਖਕ ਦਾ ਵਿਅਕਤੀਤਵ ਕਿਤੇ ਲਾਂਭੇ ਲੁਕਿਆ ਰਹਿੰਦਾ ਹੈ, ਪਰ ਨਿਬੰਧ ਵਿੱਚ ਲੇਖਕ ਦਾ ਵਿਅਕਤੀਤਵ ਉਭਰ ਕੇ ਸਾਹਮਣੇ ਆਉਂਦਾ ਹੈ। ਇਹ ਵਿਅਕਤੀਕਤਾ ਨਿਬੰਧ ਦਾ ਸਭ ਤੋਂ ਵੱਡਾ ਪ੍ਰਧਾਨ ਅਤੇ ਮਹੱਤਵਪੂਰਨ ਗੁਣ ਹੈ। ਕੇੇਵਲ ਇਸੇ ਗੁਣ ਦੁਆਰਾ ਹੀ ਅਸੀਂ ਨਿਬੰਧ ਨੂੰ ਸਾਧਾਰਨ ਲੇਖ ਨਾਲੋਂ ਵੱਖ ਕਰਨ ਵਿਚ ਸਫਲ ਹੋ ਸਕਦੇ ਹਾਂ। ਇਸ ਤੋਂ ਇਲਾਵਾ ਨਿਬੰਧ ਨੂੰ ਸਾਧਾਰਨ ਲੇਖ ਨਾਲੋਂ ਵੱਖ ਕਰਨ ਵਾਲਾ ਦੂਸਰਾ ਗੁਣ ਨਿਬੰਧ ਵਿਚਲੀ ਰਸਾਤਮਕਤਾ ਹੈ ਅਤੇ ਨਿਬੰਧ ਵਿੱਚ ਇਹ ਗੁਣ ਲੇਖਕ ਦੇ ਵਿਅਕਤੀਤਵ ਦੇ ਮਾਧਿਅਮ ਦੁਆਰਾ ਹੀ ਪੈਦਾ ਹੁੰਦਾ ਹੈ। ਨਿਬੰਧ ਲੇਖਕ ਦੀ ਵਿਚਾਰ- ਗੰਭੀਰਤਾ, ਅਨੁਭਵ ਅਤੇ ਪ੍ਰੋੜ੍ਹਤਾ ਦਾ ਪਤਾ ਦਿੰਦਾ ਹੈ ਅਤੇ ਇਹ ਇਕ ਵਿਸ਼ੇਸ਼ ਮਨੋਦਸ਼ਾ ਵਿੱਚ ਲਿਖਿਆ ਜਾਂਦਾ ਹੈ। ਇਹੋ ਵਿਸ਼ੇਸ਼ ਮਨੋਦਸ਼ਾ ਹੀ ਨਿਬੰਧ ਨੂੰ ਵਿਅਕਤੀਤਵ ਪ੍ਰਧਾਨ ਬਣਾ ਦਿੰਦੀ ਹੈ।

ਲੇਖ[ਸੋਧੋ]

ਹਰ ਸਾਹਿਤਕ ਰਚਨਾ ਵਾਂਗ ਨਿਬੰਧ ਦੇ ਵੀ ਦੋ ਪੱਖ ਹੁੰਦੇ ਹਨ, ਵਸਤੂ ਪੱਖ ਅਤੇ ਰੂਪਕ ਪੱਖ। ਇਸ ਲਈ ਨਿਬੰਧ ਦੇ ਨਿਮਨ ਲਿਖਤ ਤੱਤਾਂ ਵਿੱਚੋਂ ਕੁੁਝ ਉਸਦੇ ਵਸਤੂ ਪੱੱਖ ਨਾਲ ਸੰੰਬੰਧਿਤ ਹਨ ਅਤੇ ਕੁਝ ਰੂੂਪਕ ਪੱਖ ਨਾਲ। ਨਿਬੰਧ ਦੇ ਮੁੱਖ ਤੱਤ ਇਸ ਤਰ੍ਹਾਂ ਹਨ:-

1.ਵਿਸ਼ਾ ਜਾਂ ਮੰਤਵ:-[ਸੋਧੋ]

ਹਰ ਨਿਬੰਧ ਦਾ ਕੋਈ ਨਾ ਕੋਈ ਵਿਸ਼ਾ ਜਾਂ ਮੰਤਵ ਹੁੰਦਾ ਹੈ। ਬੇਸ਼ੱਕ ਅਲੈਗਜ਼ੈਂਡਰ ਸਮਿਥ ਵਰਗੇ ਪੱਛਮੀ ਨਿਬੰਧਕਾਰਾਂ ਨੇ ਨਿਬੰਧ ਦੀ ਰਚਨਾ ਦਾ ਮੂਲ ਸ੍ਰੋਮਾ ਨਿਬੰਧਕਾਰ ਦੇ ਮਨ ਵਿੱਚੋ ਉਠਦੇ ਕਿਸੇ ਵਿਸ਼ੇਸ਼ "ਮੂਡ" ਨੂੰ ਮੰਨਿਆ ਹੈ, ਪਰ ਜੇਕਰ ਨਿਬੰਧਕਾਰ ਦੇ ਸੰੰਬੰਧਿਤ ਮੂਡ ਦਾ ਨਿਰੀਖਣ ਅਤੇ ਵਿਸ਼ਲੇਸ਼ਣ ਕੀਤਾ ਜਾਵੇ, ਤਾਂ ਉਹ ਕਿਸੇ ਨਾ ਕਿਸੇ ਸਿਧਾਂਤ, ਬੁੁਨਿਆਦੀ ਸੁਆਲ, ਪ੍ਰਕਿਰਤਕ ਜਾਂ ਅਪ੍ਕਿਰਤਕ ਪਦਾਰਥ, ਦ੍ਰਿਸ਼, ਸਮਾਜਿਕ ਪਰਸਥਿਤੀ ਜਾਂ ਕਿਸੇ ਵਿਅਕਤੀ ਦੀ ਮਨੋ ਸਥਿਤੀ, ਅਦਿਕ ਉਤੇ ਆਧਾਰਿਤ ਸਿੱਧ ਹੋਵੇਗਾ। ਉਹੀ ਨਿਬੰਧ ਦਾ ਵਿਸ਼ਾ ਹੈ ਅਤੇ ਉਹੀ ਨਿਬੰਧਕਾਰ ਦਾ ਮੰਤਵ ਅਤੇ ਮਨੋਰਥ ਹੈ।

ਨਿਬੰਧ ਦਾ ਵਿਸ਼ਾ ਧਰਤੀ ਤੋਂ ਆਕਾਸ਼ ਤਕ ਕਿਸੇ ਨਿਕੀ ਤੋੋਂ ਨਿਕੀ ਗਲ ਤੋਂ ਲੈ ਕੇ ਮਨੁੱਖੀ ਜੀਵਨ ਨਾਲ ਸੰਬੰਧਿਤ ਵੱਡੇ ਤੋੋਂ ਵੱਡੇ ਸੁਆਲ ਜਾਂ ਸਿਧਾਂਤ ਤਕ ਹੋ ਸਕਦਾ ਹੈ। ਨਿਬੰਧਕਾਰ ਦੀ ਵਡਿਆਈ ਇਸ ਵਿੱਚ ਹੈ ਕਿ ਉਹ ਬੇਸ਼ਕ ਨਿਗੂਣੀ ਗੱਲ ਨੂੰ ਆਪਣੇ ਨਿਬੰਧ ਦਾ ਵਿਸ਼ਾ ਬਣਾਵੇ, ਪਰ ਆਪਣੇ ਚਿੰਤਨ ਅਤੇ ਅਨੁਭਵ ਦੇ ਲਿਸ਼ਕਾਰਿਆਂ ਨਾਲ ਸੰਬੰਧਿਤ ਵਿਸ਼ੇ ਨੂੰ ਮਹੱਤਵਪੂਰਨ ਸਿੱਧ ਕਰ ਸਕੇ।

2.ਵਿਚਾਰ, ਭਾਵ ਅਤੇ ਕਲਪਨਾ:-[ਸੋਧੋ]

ਕਵਿਤਾ ਦਾ ਸੰਬੰਧ ਮਨੁੱਖ ਦੇ ਹਿਰਦੇ ਨਾਲ ਅਤੇ ਨਿਬੰਧ ਦਾ ਸੰਬੰਧ ਉਸਦੇ ਮਸਤਕ ਨਾਲ ਆਖਿਆ ਜਾਂਦਾ ਹੈ।ਦੂਜੇ ਸ਼ਬਦਾਂ ਵਿਚ ਕਵਿਤਾ ਜਿਥੇ ਮਨੁੱਖੀ ਭਾਵਾਂ ਉਤੇ ਬਲ ਦਿੰਦੀ ਹੈ, ਉਥੇ ਨਿਬੰਧ ਬੁੱਧੀ, ਚਿੰਤਨ ਅਤੇ ਅਨੁਭਵ ਉਤੇ ਬਲ ਦਿੰਦਾ ਹੈ। ਇਸ ਲਈ ਨਿਬੰਧ ਦਾ ਵਿਸ਼ਾ ਦਾਰਸ਼ਨਿਕ ਹੋਵੇ ਜਾਂ ਬਿਰਤਾਂਤਕ, ਨਿੱਜਾਤਮਕ ਹੋਵੇ ਜਾਂ ਵਰਣਾਤਮਕ, ਸੰਬੰਧਿਤ ਵਿਸ਼ੇ ਬਾਰੇ ਵਿਸ਼ਾਲ ਚਿੰਤਨ ਅਤੇ ਡੂੰਘੇ ਅਨੁਭਵ ਦਾ ਹੋਣਾ ਜ਼ਰੂਰੀ ਹੈ। ਭਾਵਨਾਤਮਕ ਨਿਬੰਧਾਂਵਿੱਚ ਵਿਸ਼ਾਲ ਚਿੰਤਨ ਅਤੇ ਡੂੰਘਾ ਜੀਵਨ-ਅਨੁਭਵ ਭਾਵਾਂ ਦੇ ਨਾਲ ਨਾਲ ਚਲਦਾ ਹੈ।

ਕਲਪਨਾ, ਲੇਖਕ ਦੀ ਸੋਚ ਉਡਾਰੀ ਦਾ ਦੂਜਾ ਨਾਂ ਹੈ।ਇਹੋ ਸੋਚ-ਉਡਾਰੀ ਸਿਤਾਰਿਆਂ ਤੋਂ ਪਾਰ ਅਣਦਿਸਦੇ ਮੰਡਲਾਂ ਵਿੱਚ ਪਹੁੰਚ ਕੇ ਅਗੰਮੀ ਦੇਸ਼ਾਂ ਦੇ ਗੁੱਝੇ ਭੇਤ ਮਨੁੱਖਤਾ ਨੂੰ ਪ੍ਰਦਾਨ ਕਰਦੀ ਹੈ। ਵਿਚਾਰਾਂ ਦੀ ਪੁਸ਼ਟੀ ਲਈ ਢੁਕਵੀਆਂ ਉਪਮਾਵਾਂ, ਰੂਪਕ ਅਤੇ ਦ੍ਰਿਸ਼ਟਾਂਤ ਵੀ ਇਸੇ ਕਲਪਨਾ ਸ਼ਕਤੀ ਦਾ ਚਮਤਕਾਰ ਹਨ।ਬੇਸ਼ੱਕ ਨਿਬੰਧ ਵਿੱਚ ਕਲਪਨਾ ਦੀ ਰੰਗ-ਲੀਲਾ ਦਾ ਪਸਾਰ ਕਵਿਤਾ ਦੇ ਟਾਕਰੇ ਵਿਚ ਬਹੁਤ ਘੱਟ ਹੁੰਦਾ ਹੈ, ਪਰ ਵਿਚਾਰਾਂ ਦੀ ਮੌਲਿਕਤਾ ਜਦੋਂ ਮਨੁੱਖੀ ਮਨ ਦੀਆਂ ਪਰਤਾਂ ਨੂੰ ਇਕ ਇਕ ਕਰਕੇ ਖੋਲਦੀ ਹੈ, ਤਾਂ ਅਨੁਭਵ ਵਿੱਚ ਚਿੰਤਨ ਅਤੇ ਕਲਪਨਾ ਦੇ ਰੰਗ ਘੁਲੇ-ਮਿਲੇ ਹੁੰਦੇ ਹਨ।

ਵਿਚਾਰਾਂ ਦੇ ਪ੍ਰਗਟਾਉ ਲਈ ਕਿਤਾਬੀ- ਗਿਆਨ ਦਾ ਪ੍ਰਭਾਵ ਪਾਉਣ ਵਾਲਾ ਨਿਬੰਧਕਾਰ ਇਕ ਨਿਬੰਧ-ਲੇਖਕ ਵਜੋਂ ਅਸਫਲ ਸਮਝਿਆ ਜਾਂਦਾ ਹੈ।ਇਸਦੇ ਉਲਟ ਵਿਸ਼ਾਲ ਅਧਿਐਨ, ਅੰਤਰਮੁਖੀ ਚਿੰਤਨ ਨਾਲ ਕਮਾਇਆ ਹੋਇਆ ਅਨੁਭਵ ਨਿਬੰਧ ਦੀ ਆਤਮਾ ਹੈ।

3.ਮੌਲਿਕ ਸ਼ੈਲੀ:-[ਸੋਧੋ]

ਲੇਖਕ ਦੀ ਸ਼ੈਲੀ ਉਸਦੇ ਸੋਚਣ, ਸਮਝਣ ਅਤੇ ਆਪਾ ਪ੍ਰਗਟਾਉਣ ਨਾਲ ਸੰਬੰਧਿਤ ਹੈ। ਕੋਈ ਸ਼ੈਲੀ ਨੂੰ ਵਿਚਾਰਾਂ ਦੀ ਪੁਸ਼ਾਕ ਆਖਦਾ ਹੈ, ਪਰ ਕਾਰਲਾਇਲ ਸ਼ੈਲੀ ਦਾ ਮਹੱਤਵ ਦਰਸਾਉਂਦਾ ਹੋਇਆ, ਉਸ ਨੂੰ ਸਾਹਿਤਕਾਰ ਦੇ ਵਿਚਾਰਾਂ ਦੀ ਪੁਸ਼ਾਕ ਦੀ ਥਾਂ ਉਸ ਦੀ ਚਮੜੀ ਅਥਵਾ ਜਿੰਦ- ਜਾਨ ਮੰਨਦਾ ਹੈ। ਫ੍ਰਾਂਸੀਸੀ ਚਿੰਤਕ ਬੁਫੋ ਦੇ ਕਥਨ ਅਨੁਸਾਰ ਸ਼ੈਲੀ ਹੀ ਵਿਅਕਤੀ ਹੈ।

ਪਰ ਸ਼ੈਲੀ ਦਾ ਨਿਵੇਕਲਾਪਣ ਇਸ ਦਾ ਇਕੋ ਇਕ ਮੁੱਖ ਗੁਣ ਹੈ, ਜੋ ਲੇਖਕ ਦੀ ਲਿਖਤ ਉਤੇ ਉਸ ਦੇ ਵਿਅਕਤੀਤਵ ਦੀ ਛਾਪ ਲਗਾਉਂਦਾ ਹੈ। ਹਰ ਲੇਖਕ ਦੀ ਚੰੰਗੀ ਜਾਂ ਮੰਦੀ ਆਪੋ ਆਪਣੀ ਸ਼ੈਲੀ ਹੁੰਦੀ ਹੈ।ਜਿਸ ਲੇਖਕ ਦੀ ਕੋਈ ਸ਼ੈਲੀ ਨਾ ਹੋਵੇ, ਅਜਿਹੇ ਸ਼ੈਲੀ-ਵਿਹੀਣ ਲੇਖਕ ਲਈ ਨਿਬੰਧ ਸਾਹਿਤ ਵਿੱਚ ਕੋੋਈ ਥਾਂ ਨਹੀਂ। ਨਿਬੰਧ ਕਲਾ ਦਾ ਮੀਰੀ ਗੁਣ ਨਿਬੰਧਕਾਰ ਦੀ ਵੱਖਰੀ ਛਬ ਵਾਲੀ ਨਿੱਜੀ ਸ਼ੈਲੀ ਹੈ। ਜਰਮਨ ਚਿੰਤਕ ਸੋਪਨਾਵਰ ਨੇ ਸ਼ੈਲੀ ਨੂੰ ਮਨ ਦੀ ਚਿਹਰਾ-ਸ਼ਨਾਸ ਆਖਿਆ ਹੈ ਅਤੇ ਮਨੁੱਖ ਦੇ ਸੁਭਾ ਜਾਂ ਆਚਰਣ ਦੀ ਪਛਾਣ ਲਈ ਉਸਦੇ ਚਿਹਰੇ ਨਾਲੋਂ ਵੀ ਜਿਆਦਾ ਉਸਦੀ ਸ਼ੈਲੀ ਨੂੰ ਵਧੇਰੇ ਭਰੋਸੇ-ਯੋਗ ਮੰਨਿਆ ਹੈ। ਕਿਸੇ ਵੱਡੇ ਲੇਖਕ ਦੀ ਸ਼ੈਲੀ ਦੀ ਨਕਲ ਕਰਨ ਵਾਲਾ ਉਸ ਕਾਂ ਵਰਗਾ ਹੈ, ਜਿਸਨੇ ਹੰਸ ਦੇ ਖੰਭ ਲਗਾ ਕੇ ਹੰਸ ਤਾਂ ਕੀ ਬਣਨਾ ਸੀ, ਸਗੋਂ ਆਪਣਾ ਅਸਲਾ ਵੀ ਗੁਆ ਲਿਆ।

ਜੇਕਰ ਇਸ ਨੂੰ ਅਤਿਕਥਨੀ ਨਾ ਸਮਝਿਆ ਜਾਵੇ, ਤਾਂ ਸ਼ੈਲੀ ਹੀ ਸ਼ਬਦ-ਸ਼ਕਤੀ ਹੈ, ਸ਼ੈਲੀ ਹੀ ਵਾਕ-ਸ਼ਕਤੀ ਹੈ ਅਤੇ ਸ਼ੈਲੀ ਹੀ ਭਾਵਾਂ ਜਾਂ ਵਿਚਾਰਾਂ ਨੂੰ ਤਰਤੀਬ ਦੇਣ ਵਾਲੀ ਅਦਿਖ-ਸੂੂਝ ਅਤੇ ਅਦਿਖ ਸੋੋਚ-ਸ਼ਕਤੀ ਹੈ।

4.ਵਿਅਕਤਿਤਵ ਦੀ ਛਾਪ:-[ਸੋਧੋ]

ਜਿਵੇਂ ਉਪਰ ਦਸਿਆ ਗਿਆ ਹੈ, ਨਿਬੰਧ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਉਸਦੀ ਸ਼ੈਲੀ ਦੀ ਮੌਲਿਕਤਾ ਹੈ ਅਤੇ ਸ਼ੈਲੀ ਦੀ ਮੌਲਿਕਤਾ ਕੇਵਲ ਉਦੋਂ ਉਜਾਗਰ ਹੁੰਦੀ ਹੈ, ਜਦੋਂ ਕਿਸੇ ਨਿਬੰਧਕਾਰ ਦਾ ਵਿਅਕਤਿਤਵ ਜਾਂ ਉਸਦੀ ਸਖਸ਼ੀਅਤ ਦੀ ਛਾਪ ਉਸਦੇ ਹਰ ਭਾਵ ਅਤੇ ਹਰ ਵਿਚਾਰ ਉਤੇ ਲੱਗੀ ਹੋਈ ਵਿਖਾਈ ਦੇਵੇ। ਵਿਅਕਤਿਤਵ ਦੀ ਪਛਾਣ ਲਈ ਲੇਖਕ ਨੂੰ ਹਰ ਪ੍ਰਕਾਰ ਦਾ ਮਖੋਟਾ ਉਤਾਰਨਾ ਪਵੇਗਾ। ਵਿਅਕਤਿਤਵ ਦਾ ਇਕ ਹੋਰ ਪੱਖ ਵੀ ਹੈ ਅਤੇ ਉਹ ਹੈ ਉਸਦਾ ਗਤੀਸ਼ੀਲ ਰਹਿਣਾ। ਵਿਅਕਤਿਤਵ ਦੀ ਵਿਸ਼ੇਸ਼ਤਾ ਸੰਜਮੀ ਵਾਕਾਂ ਦੁਆਰਾ ਸਪਸ਼ਟ ਅਤੇ ਡੂੰਘੇ ਵਿਚਾਰ ਪੇਸ਼ ਕਰਨਾ ਹੈ। ਬੇੇੇਕਨ, ਐਮਰਸਨ, ਕਾਰਲਾਇਲ, ਰਸਕਿਨ,ਪੂਰਨ ਸਿੰਘ, ਤੇਜਾ ਸਿੰਘ, ਆਦਿਕ ਪ੍ਰਸਿੱਧ ਲਿਖਾਰੀਆਂ ਦੇ ਵਿਅਕਤਿਤਵ ਦੀ ਛਾਪ ਉਨ੍ਹਾਂ ਦੇ ਨਿਬੰਧਾਂ ਉਤੇ ਇਸੇ ਕਰਕੇ ਗੂੂੂੜੀ ਲੱਗੀ ਵਿਖਾਈ ਦਿੰਦੀ ਹੈ ਕਿ ਉਨ੍ਹਾਂ ਬੇਸ਼ੱਕ ਥੋੜ੍ਹਾ ਲਿਖਿਆ ਹੈ, ਪਰ ਸਾਫ਼ ਅਤੇ ਸੁਥਰਾ ਲਿਖਿਆ ਹੈ।

ਵਿਅਕਤਿਤਵ ਦੀਆਂ ਵਿਸ਼ੇਸ਼ਤਾਵਾਂ ਵਿੱਚ ਵਿਚਾਰਾਂ ਦੀ ਸਪੱਸ਼ਟਤਾ,ਬੋਲਾ ਵਿੱਚ ਸੰਜਮ, ਸਭਿਆਚਾਰਕ ਰਵਾਦਾਰੀ, ਵਿਰੋਧੀ ਵਿਚਾਰਧਰਕਾਂ ਲਈ ਸਦਭਾਵਨਾ, ਅਤੇ ਨਾਲ ਹੀ ਆਪਣੇ ਪਾਠਕਾਂ ਤੇ ਸਰੋਤਿਆਂ ਨਾਲ ਵਿਚਾਰਾਂ ਦੇ ਸੁਚੱਜੇ ਪ੍ਰਗਟਾਉ ਦੁਆਰਾ ਦਿਲੀ- ਸਾਂਝ ਪੈਦਾ ਕਰਨ ਦੀ ਸਮਰੱਥਾ ਸ਼ਾਮਿਲ ਹਨ। ਰਸਮੀ ਤੌਰ ਉੱਤੇ ਕਿਸੇ ਵਿਸ਼ੇ ਬਾਰੇ ਵਿਚਾਰ ਪ੍ਰਗਟਾਉਣ ਵਾਲਾ ਨਿਬੰਧਕਾਰ ਆਪਣੇ ਪਾਠਕਾਂ ਨਾਲ ਨਾ ਭਾਵੁਕ ਸਾਂਝ ਪਾ ਸਕਦਾ ਹੈ ਅਤੇ ਨਾ ਹੀ ਬੰਧਕ।

5.ਭਾਸ਼ਾ-ਤੱਤ:-[ਸੋਧੋ]

ਨਿਬੰਧ ਦੀ ਰਚਨਾ ਲਈ ਭਾਸ਼ਾ ਦਾ ਪੱਧਰ ਬਹੁਤ ਮਹੱਤਵ ਰਖਦਾ ਹੈ। ਭਾਸ਼ਾ ਦੀ ਪੂਰੀ ਸ਼ਕਤੀ ਦਾ ਵਿਕਾਸ ਕੇਵਲ ਨਿਬੰਧ ਨਾਲ ਸੰਬੰਧਿਤ ਹੈ ਇਹ ਦੋਵੇਂ ਕਥਨ ਇਕ ਪਾਸੇ ਨਿਬੰਧ-ਸਾਹਿਤ ਦੇ ਭਾਵਾਂ ਅਤੇ ਵਿਚਾਰਾਂ ਦੀ ਅਮੀਰੀ ਵਲ ਸੰਕੇਤ ਕਰਦੇ ਹਨ ਅਤੇ ਦੂਜੇ ਪਾਸੇ ਸੰਬੰਧਿਤ ਭਾਵਾਂ ਅਤੇ ਵਿਚਾਰਾਂ ਨੂੰ ਪ੍ਰਗਟਾਉਣ ਲਈ ਭਾਸ਼ਾ ਦੀ ਸਮਰੱਥਾ ਅਥਵਾ ਭਾਸ਼ਾ ਦੇ ਮਹੱਤਵ ਵਲ ਵੀ ਇਸ਼ਾਰਾ ਕਰਦੇ ਪ੍ਰਤੀਤ ਹੁੰਦੇ ਹਨ।

ਕਵਿਤਾ ਵਿੱਚ ਤੋਲ ਅਤੇ ਤੁਕਾਂਤ ਨੂੰ ਇਕਸਾਰ ਰੱਖਣ ਲਈ ਕਈ ਸ਼ਬਦਾਂ ਨੂੰ ਤੋੜਿਆ-ਮਰੋੜਿਆ ਜਾ ਸਕਦਾ ਹੈ। ਕਿਸੇ ਸ਼ਬਦ ਨੂੰ ਲਮਕਾ ਕੇ ਅਤੇ ਕਿਸੇ ਨੂੰ ਛੋਟਾ ਕਰਕੇ ਮੁੱਢ ਕਦੀਮ ਤੋਂ ਕਵਿਤਾ ਵਿੱਚ ਪ੍ਰਯੋਗ ਹੁੰਦਾ ਆਇਆ ਹੈ, ਪਰ ਨਿਬੰਧ ਵਿੱਚ ਕਿਸੇ ਸ਼ਬਦ ਨੂੰ ਇੰਜ ਤੋੜਨਾ-ਮਰੋੜਨਾ, ਲਮਕਾਉਣਾ ਅਤੇ ਛੁਟਿਆਉਣਾ ਦੋਸ਼-ਯੁਕਤ ਮੰਨਿਆ ਜਾਂਦਾ ਹੈ।ਕਈ ਲਾ-ਪਰਵਾਹ ਲੇਖਕ ਸਮਾਸ ਆਦਿਕ, ਬਣਾਉਣ ਸਮੇਂ ਇਕ ਸ਼ਬਦ ਸੰਸਕ੍ਰਿਤ ਦਾ ਫੜਦੇ ਹਨ ਅਤੇ ਦੂਸਰਾ ਅਰਬੀ-ਫ਼ਾਰਸੀ ਦਾ। ਅਜਿਹਾ ਕਰਨ ਨਾਲ ਆਮ ਕਰਕੇ ਭਾਸ਼ਾ ਦੀ ਸੁੰਦਰਤਾ ਕਾਇਮ ਨਹੀਂ ਰੱਖੀ ਜਾ ਸਕਦੀ।

ਅਖਾਣਾਂ ਅਤੇ ਮੁਹਾਵਰਿਆਂ ਦੀ ਵਰਤੋਂ ਨਾਲ ਵੀ ਹੱਦ-ਬੱਧੀ ,ਭਾਵ ਵਿਸ਼ੇ -ਵਸਤੂ ਦੀ ਸਪੱਸ਼ਟਤਾ ਲਈ,ਸਹਿਜ -ਸੁਭਾਅਕ ਢੰਗ ਨਾਲ ਹੋਣੀ ਚਾਹੀਦੀ ਹੈ।ਅਲੰਕਾਰ ਤਾਂ ਕਈ ਵਾਰ ਸਾਧਾਰਨ ਵਿਚਾਰਾਂ ਦੀ ਗਰੀਬੀ ਉਤੇ ਪਰਦਾ ਪਾਉਣ ਲਈ ਵਰਤੋਂ ਵਿੱਚ ਲਿਆਂਦੇ ਜਾਂਦੇ ਹਨ।ਭਾਾਸ਼ ਦੀ ਸਮਰੱਥਾ ਡੂੰਘੇ ਅਨੁਭਵ ਦੇ ਲਿਸ਼ਕਾਰਿਆਂ ਨਾਲ ਵਧਦੀ ਹੈ, ਸਜਾਵਟੀ ਸ਼ਬਦਾਵਲੀ ਦੀ ਬਣਾਵਟ ਨਾਲ ਕੇਵਲ ਛਿੰਦ-ਭੰਗਰਾ ਪ੍ਰਭਾਵ ਹੀ ਪੈਂਦਾ ਹੈ।

6.ਕਲਾ ਪੱਖ:-[ਸੋਧੋ]

ਜਿੱਥੋਂ ਤੱਕ ਨਿਬੰਧ ਦੇ ਕਲਾ-ਪੱਖ ਜਾਂ ਕਲਾ-ਤੱਤ ਦਾ ਸਬੰਧ ਹੈ, ਉਸਦੇ ਗੱਦ- ਰੂਪ ਦੀ ਮਰਿਆਦਾ ਅਨੁਸਾਰ "ਦਰਮਿਆਨੇ" ਜਾਂ " ਛੋਟੇ ਆਕਾਰ ਦਾ" ਹੋਣਾ ਜ਼ਰੂਰੀ ਹੈ।ਕੋਲੀਅਰ ਦੇ ਵਿਸ਼ਵਕੋਸ਼ ਅਨੁਸਾਰ ਨਿਬੰਧ ਦੀ ਵੱੱਧ ਤੋਂ ਵੱਧ ਲੰਬਾਈ ਇਤਨੀ ਹੋਣੀ ਚਾਹੀਦੀ ਹੈ ਕਿ ਉਹ ਇੱਕੋ ਬੈਠਕ ਵਿਚ ਪੜ੍ਹਿਆ ਜਾ ਸਕੇ। ਪਰ ਨਿਬੰਧ ਦੇ ਆਕਾਰ ਬਾਰੇ ਕੋੋ ਕਰੜੀ ਸੀਮਾ ਨਿਯੁੁਕਤ ਨਹੀਂ ਕੀਤੀ ਜਾ ਸਕਦੀ। ਢੁੱਕਵੇਂ ਆਕਾਰ ਬਾਰੇ ਨਿਰਣਾ ਵਿਸ਼ੇ ਦੇ ਮਹੱਤਵ ਅਤੇ ਨਾਲ ਹੀ ਨਿਬੰੰਧਕਾਰ ਦੀ ਸੰਬੰਧਿਤ ਵਿਸ਼ੇ ਬਾਰੇ ਚੇਤਨਾ ਅਨੁਸਾਰ ਕੀਤਾ ਜਾ ਸਕਦਾ ਹੈ।

ਜੇਕਰ ਵਿਸ਼ਾ ਰੱਬ ਜੇਡਾ ਮਹਾਨ ਹੈ, ਤਾਂ ਉਸ ਬਾਰੇ ਨਿਬੰਧ ਵੀ ਵਡੇਰਾ ਲਿਖਿਆ ਜਾ ਸਕਦਾ ਹੈ। ਮਹਾਨ ਵਿਸ਼ੇ ਨੂੰ ਕੁੁੱਝ ਇਕ ਸਤਰਾਂ ਵਿੱਚ ਸਮਾਪਤ ਕਰਨਾ ਵਿਸ਼ੇ ਨਾਲ ਬੇ-ਇਨਸਾਫ਼ੀ ਹੈ ਅਤੇ ਨਿਗੂਣੇ ਵਿਸ਼ੇ ਬਾਰੇ ਲਮਕਾਈ ਜਾਣਾ ਨਿਬੰਧ ਕਲਾ ਨਾਲ ਅਨਿਇਆ ਹੈ। ਇਸ ਨੁਕਤੇ ਨੂੰ ਅੱਖੋਂ ਉਹਲੇ ਕਰਨ ਦੇ ਫਲਸਰੂਪ ਕਈ ਪ੍ਰਸਿੱਧ ਲੇਖਕ ਵੀ ਆਪਣੇ ਕਈ ਲੇਖਾਂ ਦਾ ਸਾਹ ਘੁੱਟ ਦਿੰਦੇ ਹਨ। ਕਿਸੇ ਵਿਦਵਾਨ ਦੇ ਕਥਨ ਅਨੁਸਾਰ, ਨਿਬੰਧਕਾਰ ਮਨੁੱਖੀ ਜੀਵਨ ਦੀਆਂ ਸਮੱਸਿਆਵਾਂ ਉਤੇ ਸਿਧੀਆਂ ਨਜ਼ਰਾਂ ਸੁੱੱਟਣ ਦੀ ਥਾਂ ਤਿਰਛੀਆਂ ਨਜ਼ਰਾਂ ਸੁੱਟਦਾ ਹੈ।ਤਿਰਛੀਆਂ ਨਜ਼ਰਾਂ ਇਸ ਗੱਲ ਦਾ ਪ੍ਤੀਕ ਹਨ ਕਿ ਨਿਬੰਧਕਾਰ ਮਨੁੱਖੀ ਜੀਵਨ ਵਿਚ ਵਿਆਪਕ ਬੁੁਰਾਈਆਂ ਉਤੇ ਕਟਾਖ ਵੀ ਕਰਦਾ ਹੈ ਅਤੇ ਨਾਲ ਹੀ ਮਨੁੱਖਤਾ ਨੂੰ ਬਿਨਾ ਕਿਸੇ ਵਾਦ-ਵਿਵਾਦ ਦੇ ਪ੍ਰਚਾਰ ਦੇ ਕਲਿਆਣਕਾਰੀ ਆਦਰਸ਼ ਵੀ ਪ੍ਦਾਨ ਕਰਦਾ ਹੈ।

ਹਵਾਲੇ:-[ਸੋਧੋ]

1.ਪੰਜਾਬੀ ਨਿਬੰਧ: ਸਰੂਪ, ਸਿਧਾਂਤ, ਅਤੇ ਵਿਕਾਸ (ਬਲਬੀਰ ਸਿੰਘ ਦਿੱਲ )

ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ

2. ਸਾਹਿਤ ਦੇ ਰੂਪ: (ਰਤਨ ਸਿੰਘ ਜੱਗੀ)

3. ਪੰਜਾਬੀ ਨਿਬੰਧਾਵਲੀ : ਚੋਣਵੇਂ ਪੰਜਾਬੀ ਨਿਬੰਧਾਂ ਦਾ ਸੰਗ੍ਰਹਿ, (ਸੰ: ਡਾ: ਜੀਤ ਸਿੰਘ ਸ਼ੀਤਲ)