ਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵ
ਪੰਜਾਬੀ ਵਿੱਚ ਪਰਵਾਸੀ ਦੇ ਦੋ ਸ਼ਬਦ ਜੋੜ ਪ੍ਰਚਲਿਤ ਹਨ। ਇੱਕ ਪ੍ਰਵਾਸ ਤੇ ਦੂਜਾ ਪਰਵਾਸ। ਪੰਜਾਬੀ ਦੇ ਪ੍ਰਸਿੱਧ ਭਾਸ਼ਾ ਵਿਗਿਆਨੀ ਡਾ. ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ ਅਨੁਸਾਰ" ਪ੍ਰਵਾਸ ਤੇ ਪਰਵਾਸ ਇਹਨਾਂ ਦੋਹਾਂ ਸ਼ਬਦਾਂ ਦੇ ਦੋ ਮਾਰਫੀਮ ਖੰਡ (ਰੂਪੀਮ) ਹਨ: ਪ੍ਰ+ਵਾਸ ਅਤੇ ਪਰ+ਵਾਸ। "ਪ੍ਰ" ਅਤੇ "ਪਰ" ਦੋਵੇਂ ਅਗੇਤਰ ਹਨ, ਕਿਉਂਕਿ ਇਹਨਾਂ ਦੇ ਜੋੜ ਨਾਲ ਵੱਖਰੇ ਵੱਖਰੇ ਅਰਥ ਹੁੰਦੇ ਹਨ।"ਪ੍ਰ"ਅਗੇਤਰ ਦੇ ਆਮ ਅਰਥ: ਜੁਦਾ ਹੋਣਾ ਵਿਯੋਗ ਹਨ,"ਪਰ" ਅਗੇਤਰ ਦੇ ਅਰਥ:।ਪਰਾਇਆ, ਓਪਰਾ, ਬਿਗਾਨਾ, ਦੂਜਾ ਆਦਿ ਹਨ।
ਪੰਜਾਬ ਦੇ ਸਮਾਜ ਤੇ ਪੰਜਾਬੀ ਸਾਹਿਤ ਵਿੱਚ ਪਰਵਾਸੀ ਪੰਜਾਬੀਆਂ ਨੇ ਆਪਣੀ ਇੱਕ ਵਿਲੱਖਣ ਜਗ੍ਹਾਂ ਬਣਾ ਲਈ ਹੈ।ਕੋਈ ਸਮਾਂ ਸੀ ਜਦ ਸਿਰਫ਼ ਦੁਆਬੇ ਦੇ ਖੇਤਰ ਤੋਂ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਦੀ ਬਾਹਰਲੇ ਦੇਸ਼ਾਂ ਨੂੰ, ਖਾਸ ਕਰਕੇ ਪੱਛਮੀਂ ਦੇਸ਼ਾਂ ਨੂੰ, ਪਰਵਾਸ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਈ ਸੀ। ਪਰ ਹੁਣ ਤਕਰੀਬਨ ਹਰ ਖੇਤਰ ਤੋਂ ਪੰਜਾਬ ਦੇ ਨੌਜਵਾਨ ਬਾਹਰਲੇ ਦੇਸ਼ਾਂ ਨੂੰ ਜਾਣ ਦੇ ਚਾਹਵਾਨ ਹਨ। ਇੱਕ ਸਮੇਂ ਪੰਜਾਬ ਦੇ ਲੋਕ ਸੱਭਿਆਚਾਰ ਵਿੱਚ ਖੇਤੀ ਤੋਂ ਉੱਪਰ ਕੋਈ ਕਿੱਤਾ ਨਹੀਂ ਸਮਝਿਆ ਜਾਂਦਾ ਸੀ। ਜਿਵੇਂ ਕਿ ਕਿਹਾ ਜਾਂਦਾ ਹੈ: ਉੱਤਮ ਖੇਤੀ ਮੱਧਮ ਵਿਉਪਾਰ ਤੇ ਨੀਚ ਚਾਕਰੀ। ਪਰ ਇਸ ਦੇ ਨਾਲ ਨਾਲ ਪੰਜਾਬ ਦੇ ਸੱਭਿਆਚਾਰ ਵਿੱਚ ਕਮਾਈ ਕਰਕੇ ਆਪਣੇ ਪਿੰਡ ਵਾਪਸ ਪਰਤਣ ਦੀ ਪ੍ਰਕਿਰਿਆ ਵੀ ਲੋਕ ਗੀਤਾਂ ਵਿੱਚ ਮਿਲਦੀ ਹੈ, ਜਿਵੇਂ ਕਿ ਗਾਇਆਂ ਜਾਂਦਾ ਹੈ ਕਿ " ਬਾਰ੍ਹੀ ਬਰਸੀਂ ਖੱਟਣ ਗਿਆ, ਖੱਟ ਖੱਟ ਕੇ ਲਿਆਂਦਾ ......।" ਇਹਨਾਂ ਗੀਤਾਂ ਵਿੱਚ ਕੋਈ ਐਸਾਜ਼ਿਕਰ ਨਹੀਂ ਮਿਲਦਾ ਜਿਸ ਅਨੁਸਾਰ ਅਸੀਂ ਖੱਟਣ ਗਏ ਨੂੰ ਪਰਵਾਸ ਦੀ ਪ੍ਰਕਿਰਿਆ ਨਾਲ ਜੋੜ ਦੇਈਏ। ਕੋਈ ਅਜਿਹਾ ਵਕਤ ਵੀ ਸੀ ਜਦੋਂ ਆਪਣੇ ਪਿੰਡ ਤੋਂ ਬਾਹਰ ਜਾਣਾ ਵੀ ਅਜਿਹਾ ਲੱਗਦਾ ਸੀ ਜਿਵੇਂ ਬੰਦਾ ਦੂਸਰੇ ਦੇਸ਼ ਚੱਲਾ ਗਿਆ ਹੋਵੇ। ਮਨੁੱਖੀ ਸਮਰਥਾਵਾਂ ਦੀਆਂ ਸੀਮਾਵਾਂ ਤੇ ਭਾਸ਼ਾ ਦੇ ਸੀਮਤਪਣ ਵਿਚੋਂ ਬਾਹਰਲੇ ਦੇਸ਼ ਜਾਣਾ ਇੱਕ ਅਜਿਹੀ ਪ੍ਰਕਿਰਿਆ ਸੀ, ਜਿਸ ਵਿੱਚ ਲੋਕਾਂ ਦੀ ਮਾਨਸਿਕਤਾ ਵਿੱਚ ਸਰਹੱਦਾਂ ਦਾ ਸੰਕਲਪ ਸਮਾਜਿਕ ਜ਼ਿਆਦਾ ਸੀ ਤੇ ਖੇਤਰੀ ਘੱਟ ਸੀ। ਆਦਮੀ ਦੇ ਆਪਣੇ ਸੰਬੰਧ ਅਤੇ ਭਾਸ਼ਾ ਵਿੱਚ ਮਿਲੇ ਹੋਏ ਸ਼ਬਦ ਹੀ ਉਸਦੀ ਮਾਨਸਿਕਤਾ ਵਿੱਚ ਪਰਵਾਸ ਨੂੰ ਪਰਿਭਾਸ਼ਿਤ ਕਰਦੇ ਸਨ। ਇਸਦੇ ਬਾਵਜੂਦ ਲੋਕਾਂ ਦੇ ਪਰਵਾਸ ਨੇ ਉਹਨਾਂ ਦੇ ਸੱਭਿਆਚਾਰ ਤੇ ਚੇਤਨਾ ਉੱਤੇ ਹਮੇਸ਼ਾ ਹੀ ਅਸਰ ਪਾਇਆ ਹੈ।[1]
ਲੋਕ ਗੀਤਾਂ ਵਿੱਚ ਪਰਵਾਸ ਦਾ ਜ਼ਿਕਰ
[ਸੋਧੋ]ਸਮਕਾਲੀ ਪੰਜਾਬ ਵਿੱਚ ਪਰਵਾਸੀ ਤੇ ਪਰਵਾਸ ਸਾਡੇ ਸੱਭਿਆਚਾਰ ਅਤੇ ਉਸਦੀ ਭਾਸ਼ਾ ਦਾ ਅਨਿੱਖੜਵਾਂ ਅੰਗ ਹਨ। ਹੁਣ ਤਾਂ ਲੋਹੜੀ ਦੇ ਗੀਤਾਂ ਵਿੱਚ ਵੀ ਪੰਜਾਬੀਆਂ ਦੇ ਪਰਵਾਸ ਦਾ ਜ਼ਿਕਰ ਹੈ। ਭਾਵੇਂ ਵਲਾਇਤ ਲੋਕ ਸੱਭਿਆਚਾਰ ਵਿੱਚ ਸਭ ਤੋਂ ਪਹਿਲਾਂ ਸਥਾਨ ਰੱਖਦਾ ਹੈ, ਪਰ ਮੱਧ ਪੂਰਵ ਨੇ ਵੀ ਇਸ ਤੇ ਅਸਰ ਪਾਇਆ ਹੈ। ਹੇਠ ਲਿਖੀ ਤੁਕ ਇਸਦੀ ਗਵਾਹੀ ਦਿੰਦੀ ਲੱਗਦੀ ਹੈ:
ਬਾਰ੍ਹੀਂ ਬਰਸੀਂ ਖੱਟਣ ਗਿਆ ਸੀ,
ਖੱਟ ਖੱਟ ਕੇ ਲਿਆਂਦੇ ਰੰਬੇ।
ਡੁਬਈ ਲੈ ਗਈ ਪੁੱਟ ਕੇ,
ਸਾਰੇ ਰੌਣਕੀ ਬੰਦੇ[2]
ਪਰਵਾਸੀ ਜੀਵਨ ਤੇ ਸੱਭਿਆਚਾਰ
[ਸੋਧੋ]ਸਾਰੇ ਹੀ ਪਰਵਾਸੀ ਆਪਣੀ ਜੰਮਣ ਭੋਇੰ ਤੋਂ ਦੂਰ, ਜੰਮਣ ਭੋਇੰ ਤੋਂ ਟੁੱਟਣ ਦਾ ਸੰਤਾਪ ਹੰਢਾਉਂਦੇ ਹਨ। ਉਹ ਸਾਰੇ ਆਪਣੀ ਮੂਲ ਪੰਜਾਬੀ ਭਾਸ਼ਾ ਛੱਡ ਕੇ ਦੂਜੀ ਭਾਸ਼ਾ ਵਿੱਚ ਰੋਜ਼ਾਨਾ ਕਾਰੋਬਾਰ ਕਰਦੇ ਹਨ। ਇਸੇ ਪ੍ਰਕਾਰ ਉਹ ਉਪਰੇ ਸੱਭਿਆਚਾਰ ਵਿੱਚ ਰਹਿੰਦਿਆਂ ਬੇਗਾਨਗੀ ਹੰਢਾਉਂਦੇ ਹਨ। ਆਪਣੀ ਭੋਇੰ, ਆਪਣੀ ਭਾਸ਼ਾ, ਆਪਣਾ ਸੱਭਿਆਚਾਰ ਤੋਂ ਦੂਰ ਰਹਿੰਦਿਆਂ ਇੱਕ ਪਾਸੇ ਤਾਂ ਆਪਣੀ ਮੂਲ ਭਾਸ਼ਾ, ਸੱਭਿਆਚਾਰ, ਦੇਸ਼ ਪ੍ਰਤੀ ਉਦਰੇਵਾਂ, ਹੇਰਵਾ, ਪਿਆਰ ਆਦਿ ਭਾਵਨਾਵਾਂ ਨਾਲ ਲਬਰੇਜ਼ ਰਹਿੰਦੇ ਹਨ। ਦੂਜੇ ਪਾਸੇ ਉਹ ਉਪਰੇ ਸੱਭਿਆਚਾਰ ਵਿੱਚ ਰਹਿੰਦਿਆਂ ਬੇਗਾਨਗੀ ਤੇ ਅਜਨਬੀਅਤ ਦੇ ਸੰਤਾਪ ਨੂੰ ਹੰਢਾਉਂਦਿਆ ਨਾਲੋ-ਨਾਲ ਆਪਣੀਆਂ ਲੋੜਾਂ ਕਾਰਨ ਨਵੇਂ ਸੱਭਿਆਚਾਰ ਨੂੰ ਵੀ ਅਪਣਾਉਦੇ ਹਨ। ਇਸ ਨਾਲ ਸੱਭਿਆਚਾਰ ਦਾ ਵਿਲੀਨੀਕਰਨ ਹੁੰਦਾ ਹੈ।
ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਸੱਭਿਆਚਾਰਕ ਔਕੜਾਂ
[ਸੋਧੋ]ਕੋਈ ਕੌਮ ਜਦੋਂ ਕਿਸੇ ਓਪਰੇ ਸੱਭਿਆਚਾਰ ਵਿੱਚ ਵਿਚਰਨ ਲੱਗਦੀ ਹੈ। ਤਾਂ ਉਹ ਥੌੜਾ ਬਹੁਤ ਉਸ ਉਪਰੇ ਸੱਭਿਆਚਾਰ ਦਾ ਅਸਰ ਕਬੂਲਦੀ ਹੈ। ਉਸਦੀ ਵਿਚਾਰਧਾਰਾ ਵਿੱਚ ਤਬਦੀਲੀ ਆਉਂਦੀ ਹੈ। ਕੁੱਝ ਇਸੇ ਤਰ੍ਹਾਂ ਦੀ ਗੱਲ ਪੰਜਾਬੀਆਂ ਨਾਲ ਵੀ ਹੋਵੇਗੀ।ਪਰ ਪੰਜਾਬੀ ਲੋਕ ਸਿਰਫ਼ ਤੱਕੜੇ ਜਿਸਮਾਂ ਵਾਲੇ ਹੀ ਨਹੀਂ ਹਨ ਉਹਨਾਂ ਦਾ ਸੱਭਿਆਚਾਰਕ ਹਾਜ਼ਮਾ ਵੀ ਬੜਾ ਤੇਜ਼ ਹੈ। ਪੰਜਾਬੀ ਲੋਕ ਅਨੇਕਾਂ ਵਰ੍ਹੇ ਪਹਿਲਾਂ ਸਿੰਘਾਪੁਰ, ਮਲਾਇਆ, ਕੈਨੇਡਾ ਅਮਰੀਕਾ ਗਏ। ਉਹਨਾਂ ਦੇ ਘਰਾਂ ਵਿੱਚ ਪਰਵੇਸ਼ ਕਰਕੇ ਵੇਖੋ ਤਾਂ ਪੰਜਾਬੀ ਸੱਭਿਆਚਾਰ ਦਾ ਝਲਕਾਰਾ ਇੱਕਦਮ ਪੈ ਜਾਂਦਾ ਹੈ।
ਅਖ਼ਬਾਰਾਂ ਤੇ ਆਵਾਜਾਈ ਦੇ ਸੌਖੇ ਤੇ ਤੇਜ਼ ਸਾਧਨਾਂ ਨੇ ਵਿਦੇਸ਼ੀ ਲੋਕਾਂ ਨੂੰ ਪਿਛਲੀਆਂ ਜੜ੍ਹਾਂ ਤੋਂ ਨਿਖੇੜ ਕੇ ਨੇੜੇ ਲਿਆਂਦਾ ਹੋਇਆ ਹੈ। ਪੰਜਾਬ ਦੀ ਅਜੋਕੀ ਸਥਿਤੀ ਬਾਰੇ ਏਧਰ ਬੈਠੇ ਪੰਜਾਬੀ ਲੋਕ ਉਹਨੇ ਹੀ ਫਿਕਰਮੰਦ ਹਨ ਜਿੰਨੇ ਪੰਜਾਬ ਵਿੱਚ ਵੱਸਦੇ ਹਮਸਾਏ। ਇਸੇ ਲਈ ਸ਼ਾਇਦ ਪਿਛਲੇ ਦਿਨੀਂ ਪ੍ਰਗਤੀਸ਼ੀਲ ਲਿਖਾਰੀ ਸਭਾ ਵੱਲੋਂ ਰੱਖੇ ਇੱਕ ਕਵੀ ਦਰਵਾਰ ਵਿੱਚ ਸ.ਸ.ਮੀਸ਼ਾ ਦੀ ਨਜ਼ਮ ਦੀ ਇਸ ਸਤਰ ਨੂੰ ਤਰਹ ਮਿਸਰਾ ਬਣਾ ਕੇ ਪੇਸ਼ ਕੀਤਾ ਗਿਆ ਸੀ:
ਪੱਤੀ ਪੱਤੀ ਵਲੂੰਧਰੀ ਗਈ
ਉਸ ਦੀ
'ਸਰਫ਼' ਕਰਦਾ ਸੀ ਜਿਹੜੇ
ਪੰਜਾਬ ਦੀ ਗੱਲ।
ਬਾਹਰ ਬੈਠੇ ਪੰਜਾਬੀ ਓਪਰੇ ਮਾਹੌਲ ਕਾਰਨ ਪੈਂਦਾ ਹੋਈਆਂ ਸੱਭਿਆਚਾਰਕ ਮੁਸ਼ਕਲਾਂ ਦੇ ਬਾਵਜੂਦ ਵੀ ਪੰਜਾਬ ਦੀ ਖੈਰ ਮੰਗਦੇ ਹਨ।ਤੇ ਬਾਬੂ ਫ਼ੀਰੋਜ਼ਦੀਨ ਸ਼ਰਫ ਦੀ ਇਹ ਸਤਰ ਆਪ ਮੁਹਾਰੇ ਗੁਣਾਉਣ ਲੱਗ ਪੈਂਦੇ ਹਨ:
ਸੁਹਣੇ ਦੇਸ਼ਾਂ ਵਿਚੋਂ ਦੇਸ਼ ਪੰਜਾਬ
ਨੀ ਸਈਓ
ਸੁਹਣੇ ਫੁੱਲਾਂ ਵਿਚੋਂ ਫੁੱਲ ਗੁਲਾਬ
ਨੀ ਸਈਓ[3]
ਟੁੱਟ ਰਹੇ ਪਰਿਵਾਰ ਤੇ ਵਿਆਹ ਸੰਸਥਾ ਖਤਰੇ 'ਚ
[ਸੋਧੋ]ਪਰਵਾਸ ਦੇ ਆਧਾਰ ਤੇ ਜੋ ਪ੍ਰਮੁੱਖ ਸਮੱਸਿਆ ਸਾਡੇ ਸਾਹਮਣੇ ਆਉਂਦੀ ਹੈ, ਉਹਨਾਂ ਵਿੱਚੋਂ ਪਰਿਵਾਰ ਟੁੱਟਣਾ ਪ੍ਰਮੁੱਖ ਹੈ। ਇਸ ਤਰ੍ਹਾਂ ਜਾਪਦਾ ਹੈ ਜਿਵੇਂ ਵਿਆਹ ਸੰਸਥਾ ਖ਼ਤਰੇ ਵਿੱਚ ਹੋਵੇ।ਪਰਵਾਸੀ ਪੰਜਾਬੀ ਜਦੋਂ ਪੰਜਾਬ ਵਿਚੋਂ ਗਏ ਸਨ। ਉਸ ਸਮੇਂ ਪਰਿਵਾਰ ਦੀ ਸੰਸਥਾ ਪੂਰੀ ਤਰ੍ਹਾਂ ਕਾਇਮ ਸੀ ਸਗੋਂ ਸਾਂਝੇ ਪਰਿਵਾਰਾਂ ਦੀ ਰੀਤ ਪੰਜਾਬੀ ਘਰਾਂ ਵਿੱਚ ਪ੍ਰਚਲਿਤ ਸੀ। ਅੱਜ ਪੰਜਾਬ ਵਿੱਚ ਸੰਯੁਕਤ ਪਰਿਵਾਰ ਘੱਟ ਰਹੇ ਹਨ। ਵਿਆਹ ਸੰਸਥਾ ਹਾਲੇ ਮੌਜੂਦ ਹੈ। ਇਸਦੇ ਉਲਟ ਪੱਛਮੀਂ ਸਮਾਜਾਂ ਵਿੱਚ ਸੰਯੁਕਤ ਪਰਿਵਾਰ ਤਾਂ ਪਹਿਲਾਂ ਹੀ ਖ਼ਤਮ ਹੋ ਚੁੱਕੇ ਹਨ ਹੁਣ ਵਿਆਹ ਸੰਸਥਾ ਵੀ ਖ਼ਤਮ ਹੋਣ ਦੇ ਨੇੜੇ ਹੈ।[4]
ਸੱਭਿਆਚਾਰਕ ਟਕਰਾਉ
[ਸੋਧੋ]ਪਰਵਾਸੀ ਪੰਜਾਬੀਆਂ ਦੀ ਪਹਿਲੀ ਪੀੜੀ ਆਪਣੇ ਨਾਲ ਭਾਰਤੀ ਸੱਭਿਆਚਾਰ ਵੀ ਲੈ ਕੇ ਗਈ ਹੈ। ਜੋ ਨਿਰੰਤਰ ਪੱਛਮੀ ਸੱਭਿਆਚਾਰਕ ਮੁੱਲ-ਪ੍ਰਬੰਧ ਨਾਲ ਟਕਰਾਉਂਦਾ ਰਹਿੰਦਾ ਹੈ। ਸੱਭਿਆਚਾਰਕ ਟਕਰਾਓ ਵਿੱਚ ਨਸਲੀ, ਧਾਰਮਿਕ, ਸਮਾਜਿਕ ਮੁੱਲ - ਪ੍ਰਬੰਧਾਂ ਦਾ ਟਕਰਾਓ ਵੀ ਹੈ। ਇਸਦਾ ਆਧਾਰ ਮੁੱਖ ਰੂਪ ਵਿੱਚ ਭਾਰਤੀ ਮਰਦ ਪ੍ਰਧਾਨ ਜਾਗੀਰੂ ਸੋਚ ਬਣਦੀ ਹੈ ਅਤੇ ਇਸਦਾ ਕੇਂਦਰ ਔਰਤ ਬਣ ਜਾਦੀ ਹੈ।ਭਾਰਤੀ ਮਰਦ-ਪ੍ਰਧਾਨ ਸੋਚ ਅਨੁਸਾਰ ਔਰਤ ਲਈ ਪਤੀ ਪਰਮੇਸ਼ੁਰ ਹੈ ਉਸਦੀ ਹਰ ਗੱਲ ਮੰਨਣੀ ਉਸ ਲਈ ਜ਼ਰੂਰੀ ਹੈ। ਇਸਦੇ ਉਲਟ ਪੱਛਮੀਂ ਬੁਰਜੂਆ ਉਦਾਰ ਸਮਾਜਿਕ ਪ੍ਰਬੰਧ ਵਿੱਚ ਔਰਤ ਬਹੁਤਿਆਂ ਖੇਤਰਾਂ ਵਿੱਚ ਮਰਦ ਦੇ ਬਰਾਬਰ ਹੈ ਤੇ ਉਹ ਮਰਦ ਵਾਂਗ ਹੀ ਵਿਚਰਦੀ ਹੈ।
ਪਰਵਾਸੀ ਔਰਤਾਂ ਦੀ ਪਹਿਲੀ ਪੀੜੀ ਤਾਂ ਕੁੱਝ ਸਮੇਂ ਲਈ ਸੰਸਕਾਰਾਂ ਦੀ ਪਾਲਣਾ ਕਰਦੀ ਰਹਿੰਦੀ ਹੈ। ਪਰ ਛੇਤੀ ਹੀ ਉਹ ਪੱਛਮੀ ਰੰਗ ਵਿੱਚ ਰੰਗੀ ਜਾਦੀ ਹੈ।ਇਸ ਨਾਲ ਔਰਤ ਮਰਦ ਦੇ ਸੰਬੰਧਾਂ ਵਿੱਚ ਤਣਾਓ ਆਉਣਾ ਸ਼ੁਰੂ ਹੋ ਜਾਂਦਾ ਹੈ।
ਪਰਵਾਸੀ ਪੰਜਾਬੀ ਨਾਰੀ ਦੀ ਰਚਨਾ ਵਿੱਚ ਪੇਸ਼ ਸੱਭਿਆਚਾਰਕ ਟਕਰਾਅ
[ਸੋਧੋ]ਸੱਭਿਆਚਾਰਕ ਟਕਰਾਅ ਨੂੰ ਪਰਵਾਸੀ ਪੰਜਾਬੀ ਨਾਰੀ ਲੇਖਿਕਾਵਾਂ ਨੇ ਬੜੀ ਸ਼ਿੱਦਤ ਨਾਲ ਕਬੂਲਿਆ ਹੈ। ਜਿਹਨਾਂ ਦਾ ਪ੍ਰਗਟਾਵਾ ਪੂਰਬੀ ਅਤੇ ਪੱਛਮੀ ਸਮਾਜ ਦੇ ਆਪਸੀ ਦਵੰਦਾਤਮਕ ਸੰਦਰਭ ਉਦੋਂ ਪੇਸ਼ ਹੁੰਦਾ ਹੈ ਜਦੋਂ ਸਮਾਜਿਕ ਭੇੜਾਂ ਵਿੱਚ ਪਰਵਾਸੀ ਪੰਜਾਬੀ ਨਾਰੀ ਲੇਖਿਕਾਵਾਂ ਅਜਿਹੀ ਸਮਾਜਿਕ ਸਥਿਤੀ ਦਾ ਕਲਾਤਮਿਕ ਵਰਣਨ ਕਰਦੀ ਹੈ।
ਪਰਵਾਸੀ ਪੰਜਾਬੀ ਕਹਾਣੀ ਪੱਛਮੀ ਪ੍ਰਸੰਗ ਤੇ ਪੂਰਬੀ ਸੰਸਕਾਰ ਦੇ ਭੇੜ ਵਿੱਚ ਪੂਰਬੀ ਸੱਭਿਆਚਾਰ ਦੀਆਂ ਕਦਰਾਂ - ਕੀਮਤਾਂ ਦਾ ਪੱਲਾ ਨਾ ਛੱਡਦੀ ਹੋਈ ਦੋਹਰੀ ਸਥਿਤੀ ਦੀ ਧਾਰਨੀ ਹੈ। ਇੱਕ ਪਾਸੇ ਪੰਜਾਬੀ ਨਾਰੀ ਪੱਛਮੀ ਸੱਭਿਆਚਾਰ ਨਾਲੋਂ ਪੰਜਾਬੀ ਨੂੰ ਤਰਜੀਹ ਦਿੰਦੀ, ਆਪਣੇ ਆਪੇ ਨਾਲੋਂ ਟੁੱਟਣ ਦਾ ਸੰਤਾਪ ਭੋਗਦੀ ਅਤੇ ਸੱਭਿਆਚਾਰਕ ਯਥਾਰਥ ਤਣਾਅ ਨੂੰ ਉਘਾੜਦੀ ਹੈ ਨਜ਼ਰ ਆਉਂਦੀ ਹੈ ਅਤੇ ਦੂਜੇ ਪਾਸੇ ਪੱਛਮੀ ਜੀਵਨ ਦੀ ਚਕਾਚੌਂਧ ਤੇ ਤੇਜ਼ ਰਫ਼ਤਾਰ ਜਿੰਦਗੀ ਦਾ ਖੁਲਾਸਾ ਕਰਦੀ ਹੋਈ, ਉੱਥੋ ਦੇ ਸਮਾਜਿਕ ਜੀਵਨ ਦੀਆਂ ਵਿਭਿੰਨ ਪ੍ਰਸਥਿਤੀਆਂ ਨੂੰ ਆਪਣੀ ਕਲਮ ਹੇਠ ਲਿਆਉਣਾ ਲੋਚਦੀ ਹੈ।
ਪਰਵਾਸੀ ਪੰਜਾਬੀ ਕਹਾਣੀ ਵਿੱਚ ਪੇਸ਼ ਪੱਛਮੀ ਪ੍ਰਸੰਗ ਅਤੇ ਭਾਰਤੀ ਸੰਸਕਾਰਾਂ ਵਿੱਚ ਬਹੁਤ ਸਾਰੀਆਂ ਅੰਤਰ ਸਥਿਤੀਆਂ ਅਤੇ ਵਿਰੋਧੀ ਧਾਰਨਾਵਾਂ ਦ੍ਰਿਸ਼ਟੀਗੋਚਰ ਹੁੰਦੀਆਂ ਹਨ ਜਿਸ ਦਾ ਮੁੱਖ ਕਾਰਨ ਇੱਕ ਸੱਭਿਆਚਾਰ ਤੋਂ ਦੂਜੇ ਸੱਭਿਆਚਾਰ ਵਿੱਚ ਪ੍ਰਵਾਸ ਦੀ ਸਮੱਸਿਆ ਨਾਲ ਸੰਬੰਧਿਤ ਹੈ। ਇਹ ਸਾਰੀਆਂ ਅੰਤਰ ਸਥਿਤੀਆਂ ਤੇ ਵਿਰੋਧੀ ਧਾਰਨਾਵਾਂ ਜਿੱਥੇ ਇੱਕ ਦੂਜੇ ਤੋਂ ਉਲਟ ਪ੍ਰਤੀਕਰਮ ਪ੍ਰਗਟ ਕਰਦੀਆਂ ਹਨ, ਉੱਥੇ ਆਪੋ ਆਪਣੇ ਸੱਭਿਆਚਾਰ ਦੀ ਨਿਵੇਕਲੀ ਤੇ ਵੱਖਰੀ ਪਛਾਣ ਨੂੰ ਨਿਸ਼ਚਿਤ ਕਰਨ ਵਿੱਚ ਯੋਗਦਾਨ ਪਾਉਂਦੀਆਂ ਹਨ।[5]
ਪਰਵਾਸੀ ਸੱਭਿਆਚਾਰ ਦੀਆਂ ਕਤਲਗਾਹਾਂ ਵਿੱਚ ਔਰਤ ਦੇ ਅਰਮਾਨ
[ਸੋਧੋ]ਪਰਵਾਸ ਅਤੇ ਪੰਜਾਬੀ ਸੱਭਿਆਚਾਰ ਦੀਆਂ ਕਤਲਗਾਹਾਂ 'ਚ ਕਿਸ ਤਰ੍ਹਾਂ ਔਰਤ ਦੇ ਜਾਤੀ ਅਰਮਾਨ ਲਿਪਟਦੇ ਹਨ। ਅਜਿਹੀਆਂ ਪ੍ਰਸਥਿਤੀਆਂ ਦਾ ਉਲੇਖ ਪਰਵਾਸੀ ਪੰਜਾਬੀ ਕਵੀਆਂ ਨੇ ਬੜੀ ਡੂੰਘੀ ਨੀਝ ਨਾਲ ਕੀਤਾ ਹੈ।
ਇਸ ਮਸਲੇ ਵਿੱਚ ਅਮਰੀਕਾ ਦੀ ਸ਼ਾਇਰਾ ਨਵਦੀਪ ਕੌਰ ਤੇ ਸ਼ਾਸ਼ੀ ਸਮੁੰਦਰਾ ਦੀਆਂ ਕਵਿਤਾਵਾਂ ਵਿੱਚ ਔਰਤ ਦੀ ਪੀੜਾ ਦਾ ਚਿਤ੍ਰਣ ਕੀਤਾ ਹੈ, ਜਿਵੇਂ:-
ਧੀ ਚੱਲੀ ਸਹੁਰੇ, ਸਹੁਰਾ ਘਰ ਪਰਦੇਸ
ਨਾ ਕੋਈ ਭੈਣ ਭਾਬੀ, ਨਾ ਬੋਲੀ ਆਪਣੀ
ਨਾ ਸੱਭਿਅਤਾ ਤੇ ਨਾ ਹੀ ਉਹ ਬਾਲ ਵਰੇਸ
ਧੀ ਚੱਲੀ ਸਹੁਰੇ, ਸਹੁਰਾ ਘਰ ਪਰਦੇਸ.....।[6]
ਹਵਾਲੇ
[ਸੋਧੋ]- ↑ ਜੱਜ, ਪਰਮਜੀਤ ਸਿੰਘ (2005). ਪਰਵਾਸੀ ਪੰਜਾਬੀ ਇਤਿਹਾਸਕ ਤੇ ਸਮਾਜਿਕ ਸੰਦਰਭ. ਅੰਮ੍ਰਿਤਸਰ: ਰਵੀ ਸਾਹਿਤ ਪ੍ਰਕਾਸ਼ਨ. p. 9.
- ↑ ਜੱਜ, ਪਰਮਜੀਤ ਸਿੰਘ (2005). ਪਰਵਾਸੀ ਪੰਜਾਬੀ ਇਤਿਹਾਸਕ ਤੇ ਸਮਾਜਿਕ ਸੰਦਰਭ. ਅੰਮ੍ਰਿਤਸਰ: ਰਵੀ ਸਾਹਿਤ ਪ੍ਰਕਾਸ਼ਨ. p. 10.
- ↑ ਧਾਲੀਵਾਲ, ਪ੍ਰੇਮ ਪ੍ਰਕਾਸ਼ ਸਿੰਘ (1999). ਪਰਵਾਸੀ ਪੰਜਾਬੀ ਸਾਹਿਤ ਮੁੱਲ ਤੇ ਮੁਲਾਂਕਣ. ਪਟਿਆਲਾ: ਮਦਾਨ ਪਬਲੀਕੇਸ਼ਨ, ਪੰਜਾਬੀ ਯੂਨੀਵਰਸਿਟੀ ਪਟਿਆਲਾ. p. 93.
- ↑ ਸਿੰਘ, ਦੀਦਾਰ (2002). ਪਰਵਾਸੀ ਪੰਜਾਬੀ ਨਾਵਲ: ਅਧਿਐਨ ਤੇ ਮੁਲਾਂਕਣ. ਪਟਿਆਲਾ: ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਭਾਸ਼ਾ ਫ਼ੈਕਲਟੀ ਅਧੀਨ ਪੀ-ਐੱਚ ਡਿਗਰੀ ਲਈ ਪ੍ਰਸਤੁਤ. p. 193.
- ↑ ਬਾਹਲ, ਡਾ. ਅਕਵਿੰਦਰ ਕੌਰ (2007). ਪਰਵਾਸੀ ਪੰਜਾਬੀ ਨਾਰੀ ਕਥਾ-ਜਗਤ ਦਸ਼ਾ ਅਤੇ ਦਿਸ਼ਾ. ਪਟਿਆਲਾ: ਪੀ.ਕੇ.ਪਬਲੀਕੇਸ਼ਨ, ਪਟਿਆਲਾ. p. 95.
- ↑ ਧਾਲੀਵਾਲ, ਪ੍ਰੇਮ ਪ੍ਰਕਾਸ਼ ਸਿੰਘ (1999). ਪਰਵਾਸੀ ਪੰਜਾਬੀ ਸਾਹਿਤ ਮੁੱਲ ਤੇ ਮੁਲਾਂਕਣ. ਪਟਿਆਲਾ: ਮਦਾਨ ਪਬਲੀਕੇਸ਼ਨ, ਪੰਜਾਬੀ ਯੂਨੀਵਰਸਿਟੀ ਪਟਿਆਲਾ. p. 29.