ਸਮੱਗਰੀ 'ਤੇ ਜਾਓ

ਪੂਛਲ ਤਾਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Comet Tempel collides with Deep Impact's impactorComet 67P/Churyumov–Gerasimenko orbited by Rosetta Comet Lovejoy seen from orbit
Comet Wild 2 visited by Stardust probeComet 17P/Holmes and its blue ionized tail

ਨਿਊਕਲੀਅਸ, ਕੋਮਾ ਅਤੇ ਪੂਛ ਸਿਖਰ ਖੱਬੇ ਤੋਂ ਸੱਜੇ ਵੱਲ  · Comet 9P/Tempel collides with Deep Impact's impactor
 · Comet 67P/Churyumov–Gerasimenko orbited by Rosetta
 · Comet C/2011 W3 (Lovejoy) from orbit
 · Comet 17P/Holmes and its blue ionized tail
 · Comet 81P/Wild (Wild 2) visited by Stardust, 2004

ਪੂਛਲ ਤਾਰਾ ਬਰਫ਼ ਤੇ ਧੂੜ ਕਣਾਂ ਦਾ ਬਣਿਆ ਇੱਕ ਬਰਫੀਲਾ ਛੋਟਾ ਪੁਲਾੜੀ ਪਿੰਡ ਹੁੰਦਾ ਹੈ। ਇਹ ਸੌਰ ਮੰਡਲ ਦਾ ਹੀ ਹਿੱਸਾ ਹੁੰਦਾ ਹੈ ਅਤੇ ਆਪਣੇ ਤੈਅ ਪਥ ਤੇ ਸੂਰਜ ਦਾ ਚੱਕਰ ਕੱਟਦਾ ਰਹਿੰਦਾ ਹੈ। ਜਦ ਕਦੇ ਇਹ ਸੂਰਜ ਦੇ ਨੇੜੇ ਆ ਜਾਵੇ ਤਾਂ ਸੇਕ ਨਾਲ ਇਨ੍ਹਾਂ ਦੀ ਬਰਫ਼ ਪਿਘਲਦੀ ਹੈ। ਨਤੀਜੇ ਵਜੋਂ ਇਹ ਆਪਣੇ ਪਿੱਛੇ ਗੈਸਾਂ ਦੀ ਪੂਛ ਛੱਡਦੇ ਜਾਂਦੇ ਹਨ। ਇਸੇ ਲਈ ਇਨ੍ਹਾਂ ਨੂੰ ਪੂਛਲ ਤਾਰੇ ਕਹਿੰਦੇ ਹਨ। ਇਸ ਦੇ ਦੋ ਹਿੱਸੇ ਹੁੰਦੇ ਹਨ - ਕੋਮਾ ਅਤੇ ਪੂਛ। ਇਸ ਦੀ ਨਿਊਕਲੀ ਦੀ ਰੇਂਜ ਕੁਝ ਸੌ ਮੀਟਰ ਤੋਂ ਦਰਜਨਾਂ ਕਿਲੋਮੀਟਰ ਤੱਕ ਹੁੰਦੀ ਹੈ, ਜੋ ਪੱਥਰਾਂ, ਧੂੜ ਅਤੇ ਗੈਸਾਂ ਨਾਲ ਬਣੀ ਹੁੰਦੀ ਹੈ। ਕੋਮਾ ਅਤੇ ਪੂਛ, ਬਹੁਤ ਵੱਡੇ ਹੁੰਦੇ ਹਨ ਅਤੇ ਜੇ ਕਾਫੀ ਚਮਕਦਾਰ ਹੋਵੇ, ਤਾਂ ਇਨ੍ਹਾਂ ਨੂੰ ਦੂਰਬੀਨ ਦੀ ਮਦਦ ਬਗੈਰ ਧਰਤੀ ਤੋਂ ਵੇਖਿਆ ਜਾ ਸਕਦਾ ਹੈ। ਪੂਛਲ ਤਾਰੇ ਬਹੁਤ ਸਾਰੇ ਸੱਭਿਆਚਾਰਾਂ ਅੰਦਰ ਪੁਰਾਣੇ ਜ਼ਮਾਨੇ ਤੋਂ ਵੇਖੇ ਗਏ ਹਨ ਅਤੇ ਰਿਕਾਰਡ ਕੀਤੇ ਮਿਲਦੇ ਹਨ।

ਭੌਤਿਕ ਵਿਸ਼ੇਸ਼ਤਾਵਾਂ

[ਸੋਧੋ]

ਪੂਛਲ ਤਾਰਾ ਇੱਕ ਅਣਘੜਤ ਜਿਹਾ ਆਕਾਸ਼ੀ ਪਿੰਡ ਹੁੰਦਾ ਹੈ ਜੋ ਕਿ ਮਿਲੀਮੀਟਰ ਆਕਾਰ ਦੇ ਧੂੜ ਕਣਾਂ ਦੇ ਇਕੱਠ ਨਾਲ ਬਣਿਆ ਹੁੰਦਾ ਹੈ ਜਿਸ ਉਪਰੋਂ ਬਰਫ਼ ਦੀ ਮੋਟੀ ਪਰਤ ਚੜ੍ਹੀ ਹੁੰਦੀ ਹੈ। ਪੂਛਲ ਤਾਰੇ ਦਾ ਕੇਂਦਰਕ ਲੁੱਕ ਨਾਲੋਂ ਵੀ ਕਾਲਾ ਹੁੰਦਾ ਹੈ। ਕੇਂਦਰਕ ਦਾ ਸਰੂਪ ਅਣਘੜਤ ਜਿਹਾ ਹੁੰਦਾ ਹੈ ਜਿਸਦੀ ਸਤਹ ਬਹੁਤ ਖੁਰਦਰੇ ਅਤੇ ਬਹੁਤ ਕੂਲੇ ਖੇਤਰਾਂ ਦਾ ਮਿਸ਼ਰਣ ਜਿਹਾ ਹੁੰਦਾ ਹੈ ਜਿਸ ’ਤੇ ਕਈ ਤਰ੍ਹਾਂ ਦੇ ਭੂ-ਰੂਪ ਵੇਖਣ ਨੂੰ ਵੇਖਣ ਨੂੰ ਮਿਲਦੇ ਹਨ। ਕੇਂਦਰਕ ਦੀ ਬਣਾਵਟ ਮੁਸਾਮਦਾਰ ਹੁੰਦੀ ਹੈ। ਪੂਛਲ ਤਾਰੇ ਬਹੁਤ ਜ਼ਿਆਦਾ ਭੁਰਭਰੇ ਹੁੰਦੇ ਹਨ ਅਤੇ ਹੁਣ ਤਕ ਦਰਜਨਾਂ ਭਰ ਕੇਂਦਰਕ ਭੁਰ ਕੇ ਟੁੱਟਦੇ ਹੋਏ ਵੇਖੇ ਗਏ ਹਨ ਅਤੇ ਕਈ ਤਾਂ ਬਿਲਕੁਲ ਲੋਪ ਹੀ ਹੋ ਜਾਂਦੇ ਹਨ।ਜਿੰਨੀ ਵਾਰ ਕੋਈ ਪੂਛਲ ਤਾਰਾ ਸੂਰਜ ਦੇ ਨੇੜੇ ਆਉਂਦਾ ਹੈ, ਉਸ ਨਾਲੋਂ ਪ੍ਰਤੀਦਿਨ 2 ਮਿਲੀਅਨ ਟਨ ਧੂੜ ਅਤੇ ਬਰਫ਼ ਝੜਦੀ ਜਾਂਦੀ ਹੈ। ਜਿਵੇਂ ਹੀ ਕੋਈ ਪੂਛਲ ਤਾਰਾ ਸੂਰਜ ਵੱਲ ਵਧਣ ਲੱਗਦਾ ਹੈ ਤਾਂ ਇਹ ਗਰਮ ਹੋਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਇਹ ਸੂਰਜ ਤੋਂ ਬ੍ਰਹਿਸਪਤੀ ਜਿੰਨੀ ਦੂਰੀ ’ਤੇ ਹੁੰਦਾ ਹੈ ਤਾਂ ਇਸਦਾ ਤਾਪਮਾਨ ਏਨਾ ਹੋ ਜਾਂਦਾ ਹੈ ਕਿ ਇਸ ’ਤੇ ਜੰਮੀ ਹੋਈ ਬਰਫ਼ ਸਿੱਧੀ ਵਾਸ਼ਪ ਕਣਾਂ ਵਿੱਚ ਬਦਲ ਜਾਂਦੀ ਹੈ ਜਿਸਦੇ ਨਾਲ ਹੀ ਧੂੜ ਦੇ ਕਣ ਵੀ ਆਜ਼ਾਦ ਹੋ ਜਾਂਦੇ ਹਨ। ਇਹ ਵਾਸ਼ਪ ਅਤੇ ਧੂੜ ਦੇ ਕਣ ਪੂਛਲ ਤਾਰੇ ਦੇ ਕੇਂਦਰਕ ਦੇ ਚਾਰੇ ਪਾਸੇ ਫੈਲ ਜਾਂਦੇ ਹਨ। ਇਹ ਧੂੜ ਦੇ ਬੱਦਲ ਸੂਰਜ ਦੀ ਰੋਸ਼ਨੀ ਨੂੰ ਪਰਾਵਰਤਿਤ ਕਰਦੇ ਹਨ ਜਿਸ ਕਾਰਨ ਪੂਛਲ ਤਾਰਾ ਵਿਖਾਈ ਦੇਣ ਲੱਗਦਾ ਹੈ। ਇਹ ਘੁੰਮਦੀ ਹੋਈ ਗੇਂਦ ਕਿਸੇ ‘ਵਾਲ ਦੀ ਜੜ੍ਹ’ ਵਾਂਗ ਦਿਸਦੀ ਹੈ ਜਿਸ ਕਰਕੇ ਇਸ ਨੂੰ ‘ਕੋਮਾ’ ਵੀ ਕਿਹਾ ਜਾਂਦਾ ਹੈ। ਪੂਛਲ ਤਾਰਿਆਂ ਦੀਆਂ ਪੂਛਾਂ ਆਕਾਰ ਵਿੱਚ ਬਹੁਤ ਵਿਸ਼ਾਲ ਹੋ ਸਕਦੀਆਂ ਹਨ। ਕਈ ਪੂਛਲ ਤਾਰਿਆਂ ਦੀਆਂ ਪੂਛਾਂ ਤਾਂ ਧਰਤੀ ਦੀ ਸੂਰਜ ਤੋਂ ਦੂਰੀ ਨਾਲੋਂ ਵੀ ਕਿਤੇ ਵੱਡੀਆਂ ਹਨ ਯਾਨੀ ਕਿ 15 ਕਰੋੜ ਕਿਲੋਮੀਟਰ ਤੋਂ ਵੀ ਜ਼ਿਆਦਾ। ਹਰੇਕ ਸਾਲ ਲਗਪਗ ਵੀਹ ਪੂਛਲ ਤਾਰੇ ਟੈਲੀਸਕੋਪ ਦੀ ਸਹਾਇਤਾ ਨਾਲ ਵੇਖਣ ਨੂੰ ਮਿਲ ਹੀ ਜਾਂਦੇ ਹਨ। ਇੱਕ ਸਾਲ ਦੌਰਾਨ ਪ੍ਰਗਟ ਹੋਣ ਵਾਲੇ ਇਨ੍ਹਾਂ ਪੂਛਲ ਤਾਰਿਆਂ ਵਿੱਚੋਂ ਕੇਵਲ ਇੱਕ-ਦੋ ਹੀ ਅਜਿਹੇ ਹੁੰਦੇ ਹਨ ਜਿਹਨਾਂ ਨੂੰ ਨੰਗੀ ਅੱਖ ਨਾਲ ਵੇਖਿਆ ਜਾ ਸਕਦਾ ਹੈ। ਪੁਲਾੜ ਸ਼ਾਸਤਰੀਆਂ ਦਾ ਅਨੁਮਾਨ ਹੈ ਕਿ ਸਾਡੇ ਸੂਰਜ ਮੰਡਲ ਦੇ ਬਾਹਰੀ ਖੇਤਰਾਂ ਵਿੱਚ ਲਗਪਗ ਇੱਕ ਟ੍ਰਿਲੀਅਨ ਭਾਵ ਇੱਕ ਖਰਬ ਪੂਛਲ ਤਾਰੇ ਹੋ ਸਕਦੇ ਹਨ। ਪੂਛਲ ਤਾਰਿਆਂ ਦੇ ਪਰਿਕਰਮਾ ਪੰਧਾਂ ਦਾ ਅਧਿਐਨ ਕਰਨ ਤੋਂ ਬਾਅਦ ਵਿਗਿਆਨੀ ਇਸ ਨਤੀਜੇ ’ਤੇ ਪੁੱਜੇ ਹਨ ਕਿ ਅਜਿਹੇ ਦੋ ਭੰਡਾਰ ਹਨ ਜਿੱਥੇ ਪੂਛਲ ਤਾਰਿਆਂ ਦੀ ਭਰਮਾਰ ਹੈ। ਪਲੂਟੋ ਤੋਂ ਪਰ੍ਹੇ ਕੁਇਪਰ ਬੈਲਟ ਇੱਕ ਅਜਿਹਾ ਸਥਾਨ ਹੈ ਜਿਸ ਤੋਂ ਛੋਟੀ ਅਵਧੀ ਵਾਲੇ ਪੂਛਲ ਤਾਰੇ ਆਉਂਦੇ ਹਨ। ਇਸ ਤੋਂ ਵੀ ਪਰ੍ਹੇ ਊਰਟ ਕਲਾਊਡ ਸਥਿਤ ਹੈ ਜੋ ਲੰਬੀ ਅਵਧੀ ਵਾਲੇ ਪੂਛਲ ਤਾਰਿਆਂ ਦਾ ਭੰਡਾਰ ਹੈ। ਊਰਟ ਕਲਾਊਡ ਨੇ ਸੂਰਜ ਮੰਡਲ ਨੂੰ ਸਾਰੇ ਪਾਸਿਓਂ ਘੇਰਿਆ ਹੋਇਆ ਹੈ ਅਤੇ ਇਹ ਸਭ ਤੋਂ ਨੇੜਲੇ ਤਾਰੇ ਤੋਂ ਲਗਪਗ ਇੱਕ-ਚੌਥਾਈ ਦੂਰੀ ਤਕ ਫੈਲਿਆ ਹੋਇਆ ਹੈ। ਵਿਗਿਆਨੀਆਂ ਅਨੁਸਾਰ ਸੂਰਜ ਮੰਡਲ ਦਾ ਨਿਰਮਾਣ ਸੂਰਜੀ ਨੈਬੁਲਾ ਤੋਂ ਹੋਇਆ ਸੀ। ਉਸ ਸਮੇਂ ਗ੍ਰਹਿ, ਉਪਗ੍ਰਹਿ ਅਤੇ ਬੌਣੇ ਗ੍ਰਹਿਆਂ ਦਾ ਨਿਰਮਾਣ ਹੋਇਆ ਅਤੇ ਕੁਝ ਮਾਦਾ ਰਹਿੰਦ-ਖੂੰਹਦ ਦੇ ਰੂਪ ਇੱਧਰ-ਉੱਧਰ ਖਿੱਲਰ ਗਿਆ। ਇਸ ਤੋਂ ਬਾਅਦ ਗ੍ਰਹਿ, ਉਪਗ੍ਰਹਿ, ਬੌਣੇ ਗ੍ਰਹਿ ਆਦਿ ਸੂਰਜ ਦੇ ਨੇੜੇ ਸਥਿਤ ਹੋਣ ਕਾਰਨ ਸੂਰਜ ਦੀ ਗਰਮੀ ਕਾਰਨ ਵਿਕਸਤ ਹੋਣੇ ਸ਼ੁਰੂ ਹੋਏ ਪਰ ਕੁਇਪਰ ਬੈਲਟ ਅਤੇ ਊਰਟ ਕਲਾਊਡ ਸੂਰਜ ਤੋਂ ਬਹੁਤ ਜ਼ਿਆਦਾ ਦੂਰ ਹੋਣ ਕਾਰਨ ਇਨ੍ਹਾਂ ਵਿੱਚ ਮੌਜੂਦ ਪੁਲਾੜੀ ਪਿੰਡ, ਜੋ ਕਿ ਅਸਲ ਵਿੱਚ ਪੂਛਲ ਤਾਰਿਆਂ ਦੇ ਕੇਂਦਰਕ ਹਨ, ਵਿਕਸਤ ਨਹੀਂ ਹੋਏ। ਇਸ ਤਰ੍ਹਾਂ ਇਹ ਸੂਰਜ ਮੰਡਲ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਘੱਟ ਵਿਕਸਿਤ ਰੂਪ ਵਿੱਚ ਹੀ ਹਨ ਅਤੇ ਸੂਰਜ ਮੰਡਲ ਦੀ ਉਤਪੱਤੀ ਅਤੇ ਮੁੱਢਲੇ ਵਿਕਾਸ ਬਾਰੇ ਅਨੋਖੀ ਜਾਣਕਾਰੀ ਦੇ ਸਰੋਤ ਹਨ। ਅਜਿਹੇ ਕਾਫ਼ੀ ਸਬੂਤ ਮਿਲੇ ਹਨ ਕਿ ਜੀਵਨ ਦੇ ਕੁਝ ਰਸਾਇਣਿਕ ਨਿਰਮਾਣ ਕਾਰਕ ਯਾਨੀ ਕਾਰਬਨਿਕ ਅਣੂ ਪੂਛਲ ਤਾਰਿਆਂ ਵਿੱਚ ਮੌਜੂਦ ਹਨ। ਵਿਗਿਆਨੀਆਂ ਦਾ ਵਿਸ਼ਵਾਸ ਹੈ ਕਿ ਧਰਤੀ ਉਪਰ ਜੀਵਨ ਦੇ ਵਿਕਾਸ ਤੋਂ ਬਹੁਤ ਪਹਿਲਾਂ ਪੂਛਲ ਤਾਰਿਆਂ ਨੇ ਜੀਵਨ ਦੀ ਉਤਪਤੀ ਵਿੱਚ ਵੱਡੀ ਭੂਮਿਕਾ ਨਿਭਾਈ ਹੋਵੇਗੀ।

ਨਿਊਕਲੀਅਸ

[ਸੋਧੋ]
Nucleus of Comet 103P/Hartley as imaged during a spacecraft flyby. The nucleus is about 2 km in length.
Comet Borrelly exhibits jets, but has no surface ice.
Comet Wild 2 exhibits jets on light side and dark side, stark relief, and is dry.

ਪੂਛਲ ਤਾਰੇ ਦੀ ਨਿਊਕਲੀਅਸ ਦਾ ਵਿਸਥਾਰ 100 ਮੀਟਰ ਤੋਂ ਲੈ ਕੇ 40 ਕਿਲੋਮੀਟਰ ਤੋਂ ਜਿਆਦਾ ਤੱਕ ਮੰਨਿਆ ਜਾਂਦਾ ਹੈ। ਇਹ ਚੱਟਾਨ, ਧੂੜ, ਬਰਫ ਅਤੇ ਜੰਮੀਆਂ ਹੋਈਆਂ ਗੈਸਾਂ, ਜਿਵੇਂ ਕਿ ਕਾਰਬਨ ਮੋਨੋਆਕਸਾਈਡ, ਕਾਰਬਨ ਡਾਈਆਕਸਾਈਡ, ਮੀਥੇਨ ਅਤੇ ਅਮੋਨੀਆ ਤੋਂ ਬਣੀ ਹੁੰਦੀ ਹੈ।[1]

ਹਵਾਲੇ

[ਸੋਧੋ]
  1. Greenberg, J. Mayo (1998). "Making a comet nucleus". Astronomy and Astrophysics. 330: 375. Bibcode:1998A&A...330..375G.