ਪੰਜਾਬ ਦੇ ਮੇਲੇ ਅਤੇ ਤਿਓੁਹਾਰ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਪੰਜਾਬ ਦੇ ਮੇਲੇ
[ਸੋਧੋ]ਪੰਜਾਬ ਖੇਤੀ ਅਤੇ ਵਿਰਾਸਤ ਦੇ ਪੱਖੋਂ ਬਹੁਤ ਹੀ ਖੁਸ਼ਹਾਲ ਹੈ ਪਰ ਮੇਲੇ ਇਸ ਦੇਸ਼ ਦੇ ਲੋਕਾਂ ਦੇ ਰੀਤੀ ਰਿਵਾਜਾਂ ਅਤੇ ਅਮੀਰ ਸਭਿਆਚਾਰ ਦੀ ਗਵਾਹੀ ਭਰਦੇ ਹਨ।
ਮੇਲਾ ਕੀ ਹੈ ?
ਡਾ.ਭੁਪਿੰਦਰ ਸਿੰਘ ਖਹਿਰਾ ਅਨੁਸਾਰ “ ਮੇਲਾ ਕਿਸੇ ਤਿਓਹਾਰ, ਰੀਤ ਜਾਂ ਕਥਾ ਦਾ ਤੋੜਾ ਹੁੰਦਾ ਹੈ ਜਿਸ ਵਿੱਚ ਲੋਕ ਇਕੱਠੇ ਹੁੰਦੇ ਹਨ ਅਤੇ ਵਸਤੂਆਂ ਦਾ ਅਦਾਨ ਪ੍ਰਦਾਨ ਕਰਦੇ ਹਨ।
ਸੁਖਦੇਵ ਮਾਦਪੁਰੀ ਅਨੁਸਾਰ, “ ਇਹ ਉਹ ਅਖਾੜੇ ਹਨ ਜਿੱਥੇ ਪੰਜਾਬੀ ਆਪਣੀ ਕਠੋਰ ਅਤੇ ਹੱਡ ਭੰਨਵੀਂ ਜ਼ਿੰਦਗੀ ਨੂੰ ਭੁੱਲਕੇ ਖਿੜਵੇਂ ਰੌਂ ਵਿੱਚ ਪ੍ਰਗਟ ਹੁੰਦੇ ਹਨ। ਇਹ ਲੋਕ ਮਾਨਸਿਕਤਾ ਦਾ ਆਪ ਮੁਹਾਰਾ ਪ੍ਰਵਾਹ ਹਨ ਜਿੱਥੇ ਪੰਜਾਬ ਦੀ ਨੱਚਦੀ ਗਾਉੰਦੀ ਸੰਸਕ੍ਰਿਤੀ ਸਾਫ਼ ਦਿਸ ਆਉਂਦੀ ਹੈ।
ਡਾ. ਵਣਜਾਰਾ ਬੇਦੀ ਅਨੁਸਾਰ, “ਮੇਲੇ, ਕਿਸੇ ਜਾਤੀ ਦੇ ਲੋਕਾਂ ਦੀਆਂ ਨਿੱਜੀ ਤੇ ਸਮੂਹਿਕ ਸਧਰਾਂ, ਭਾਵਨਾਵਾਂ ਤੇ ਚੇਸ਼ਟਾਵਾਂ ਦੀ ਸਹਿਜ ਪ੍ਰਵਾਹਮਈ ਇਕਸੁਰਤਾ ਹਨ। ਮੇਲਿਆਂ ਵਿੱਚ ਜਾਤੀ ਖੁੱਲ ਕੇ ਸਾਹ ਲੈਂਦੀ, ਲੋਕ ਪ੍ਰਤਿਭਾ ਨਿਖਰਦੀ ਤੇ ਚਰਿਤਰ ਦਾ ਨਿਰਮਾਣ ਹੁੰਦਾ ਹੈ। ” [1]
1. ਛਪਾਰ ਦਾ ਮੇਲਾ:-
[ਸੋਧੋ]ਇਹ ਮੇਲਾ ਲੁਧਿਆਣੇ ਦੇ ਪਿੰਡ ਛਪਾਰ ਵਿਚ, ਭਾਦੋਂ ਮਹੀਨੇ ਦੀ ਚੌਧਵੀਂ ਦੀ ਚਾਨਣੀ ਰਾਤ ਵਾਲੇ ਦਿਨ ਲੱਗਦਾ ਹੈ। ਮੇਲੇ ਵਿਚ ਗੁੱਗੇ ਦੇ ਭਗਤ ਮਾੜੀ ਦੇ ਆਸ ਪਾਸ ਬੈਠ ਕੇ ਧਰਤੀ ਵਿਚੋਂ ਸੱਤ ਵਾਰੀ ਮਿੱਟੀ ਕੱਢਦੇ ਹਨ। ਲੋਕ ਵਿਸ਼ਵਾਸ ਹੈ ਕਿ ਮਿੱਟੀ ਕੱਢਣ ਨਾਲ ਗੁੱਗੇ ਦੀ ਮਿਹਰ ਹੋ ਜਾਂਦੀ ਹੈ ਤੇ ਫਿਰ ਸੱਪ ਲਾਗੇ ਨਹੀਂ ਆਉਂਦਾ। ਸੱਪਾਂ ਦੇ ਕੱਟੇ ਹੋਏ ਕਈ ਰੋਗੀ ਛਪਾਰ ਆਕੇ, ਮਾੜੀ ਦੀ ਮਿੱਟੀ ਨੂੰ ਜ਼ਖਮਾਂ ਉੱਪਰ ਲਗਾਉਂਦੇ ਹਨ। ਇਹ ਵੀ ਵਿਸ਼ਵਾਸ ਹੈ ਕਿ ਜੇ ਕਿਸੇ ਵਿਅਕਤੀ ਨੂੰ ਸੱਪ ਲੜ ਗਿਆ ਹੋਵੇ ਤਾਂ ਗੁੱਗੇ ਦੀ ਮੜ੍ਹੀ ਕੋਲ ਲਿਟਾ ਦੇਣ ਨਾਲ, ਓਹ ਪਲਾਂ ਵਿਚ ਨਵਾਂ ਨਰੋਆ ਹੋ ਜਾਂਦਾ ਹੈ। [2]
ਮੇਲਾ ਅਤੇ ਬੋਲੀ
ਇਸ ਮੇਲੇ ਦੀ ਪ੍ਰਸਿੱਧੀ ਲੋਕ ਮਾਨਸਿਕਤਾ ਵਿੱਚ ਘਰ ਕਰ ਚੁੱਕੀ ਹੈ। ਇਸ ਦਾ ਜ਼ਿਕਰ ਲੋਕ-ਬੋਲੀਆਂ ਵਿੱਚ ਹੋਇਆ ਵੇਖਿਆ ਜਾ ਸਕਦਾ ਹੈ। ਆਮ ਪ੍ਰਚਲਤ ਬੋਲੀ ਹੈ:
ਆਰੀ ਆਰੀ ਆਰੀ, ਮੇਲਾ ਤਾਂ ਛਪਾਰ ਲੱਗਦਾ, ਜਿਹੜਾ ਲੱਗਦਾ ਜਗਤ ਤੋਂ ਭਾਰੀ [3]
ਇਹ ਮੇਲਾ ਸਰਵ ਸਾਂਝਾ ਹੈ। ਇਥੇ ਹਿੰਦੂ, ਮੁਸਲਮਾਨ, ਸਿੱਖ ਸਾਰੇ ਹੀ ਆਉਂਦੇ ਹਨ। ਗੁੱਗੇ ਦੀ ਮਾੜੀ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਦੀਆਂ ਭੇਟਾ ਛੋਟੀਆਂ ਸਮਝੀਆਂ ਜਾਣ ਵਾਲੀਆਂ ਜਾਤਾਂ ਵਾਲੇ ਮਜ਼ਹਬੀ ਆਦਿ ਲੈਂਦੇ ਹਨ, ਬ੍ਰਾਹਮਣ ਨਹੀਂ। ਇਸ ਤੋਂ ਸਾਬਤ ਹੁੰਦਾ ਹੈ ਕਿ ਗੁੱਗਾ ਵੈਦਿਕ ਪਰੰਪਰਾ ਦੇ ਵਿਕਾਸ ਵਿਚੋਂ ਨਹੀਂ ਸਗੋਂ ਪੁਰਾਤਨ ਪੰਜਾਬੀ ਸੱਭਿਆਚਾਰ ਤੇ ਪਰੰਪਰਾ ਦਾ ਲਖਾਇਕ ਹੈ। [4]
ਇਤਿਹਾਸ ਗੁੱਗਾ ਜਿਸ ਦਾ ਪਹਿਲਾ ਨਾਂ ਗੁੱਗਲ ਸੀ, ਬੀਕਾਨੇਰ ਦੇ ਰਾਜਪੂਤ ਰਾਜਾ ਜੈਮਲ ਦੇ ਘਰ ਰਾਣੀ ਬਾਂਛਲ ਦੀ ਕੁੱਖੋਂ ਗੁਰੂ ਗੋਰਖ ਨਾਥ ਦੇ ਵਰ ਨਾਲ ਪੈਦਾ ਹੋਇਆ। ਇਹ ਸਮਾਂ ਦਸਵੀਂ ਈਸਵੀ ਦਾ ਹੈ। ਰਾਜਾ ਜੈਮਲ ਨੂੰ ਰਾਣੀ ਬਾਂਛਲ, ਜੋ ਗੁਰੂ ਗੋਰਖ ਨਾਥ ਦੀ ਤਪੱਸਿਆ ਕਰਦੀ ਸੀ, ਉੱਤੇ ਇਖ਼ਲਾਕੀ ਸ਼ੱਕ ਹੋ ਗਿਆ, ਜਿਸ ਦੇ ਸਿੱਟੇ ਵਜੋਂ ਰਾਜੇ ਨੇ ਰਾਣੀ ਅਤੇ ਪੁੱਤ ਗੁੱਗੇ ਨੂੰ ਰਾਜ ਮਹਿਲ ਤੋਂ ਬਾਹਰ ਕੱਢ ਦਿੱਤਾ। ਜਵਾਨ ਹੋਣ ਉੱਪਰੰਤ ਗੁੱਗੇ ਨੇ ਮੁੜ ਰਾਜ ਮਹੱਲ ’ਤੇ ਕਬਜ਼ਾ ਕਰ ਲਿਆ ਅਤੇ ਉਸ ਦੀ ਮੰਗਣੀ ਸਿਲੀਅਰ ਨਾਂ ਦੀ ਸੁੰਦਰ ਯੁਵਤੀ ਨਾਲ ਤੈਅ ਹੋ ਗਈ। ਦੂਜੇ ਪਾਸੇ ਗੁੱਗੇ ਦੀ ਮਾਸੀ ਦੇ ਪੁੱਤ ਅਰਜਨ ਅਤੇ ਸੁਰਜਨ ਜੋ ਸਿਲੀਅਰ ਨੂੰ ਖ਼ੁਦ ਵਿਆਹੁਣਾ ਚਾਹੁੰਦੇ ਸਨ, ਗੁੱਗੇ ਨਾਲ ਈਰਖਾ ਕਰਨ ਲੱਗੇ। ਉਨ੍ਹਾਂ ਜ਼ੋਰ ਪਾ ਕੇ ਗੁੱਗੇ ਦੀ ਮੰਗ ਤੁੜਵਾ ਦਿੱਤੀ, ਜਿਸ ’ਤੇ ਗੁੱਗਾ ਬਹੁਤ ਦੁਖੀ ਹੋਇਆ। ਇਸ ਹਾਲਤ ਵਿੱਚ ਉਸ ਨੇ ਆਪਣੇ ਇਸ਼ਟ ਦੀ ਅਰਾਧਨਾ ਕੀਤੀ ਤੇ ਸਿੱਟੇ ਵਜੋਂ ਉਸ ਦੀ ਸਹਾਇਤਾ ਲਈ ਨਾਗ ਆ ਪਹੁੰਚੇ। ਇੱਕ ਨਾਗ ਨੇ ਸਹੇਲੀਆਂ ਵਿੱਚ ਖੇਡਦੀ ਸਿਲੀਅਰ ਨੂੰ ਗੁੱਗੇ ਦੀ ਮੰਗ ਪਛਾਣ ਕੇ ਡੰਗ ਨਾ ਮਾਰਿਆ ਪਰ ਬਾਕੀ ਸਾਰੀਆਂ ਸਹੇਲੀਆਂ ਨੂੰ ਡੰਗ ਮਾਰ ਦਿੱਤਾ, ਜਿਸ ਸਦਕਾ ਉਹ ਸਭ ਬੇਹੋਸ਼ ਹੋ ਗਈਆਂ। ਸਿਲੀਅਰ ਆਪਣੀਆਂ ਸਹੇਲੀਆਂ ਨੂੰ ਬੇਹੋਸ਼ ਹੋਈਆਂ ਵੇਖ ਕੇ ਆਪ ਵੀ ਬੇਹੋਸ਼ ਹੋ ਗਈ। ਓਧਰ ਗੁੱਗਾ ਸਿਲੀਅਰ ਕੋਲ ਬੈਠ ਗਿਆ ਅਤੇ ਕਹਿਣ ਲੱਗਿਆ ਕਿ ਉਹ ਨਾਗਾਂ ਦੇ ਡੰਗੇ ਮਰੀਜ਼ਾਂ ਨੂੰ ਠੀਕ ਕਰ ਲੈਂਦਾ ਹੈ। ਇਹ ਸੁਣ ਕੇ ਗੁੱਗੇ ਦੀ ਮੰਗੇਤਰ ਦੀ ਮਾਂ ਨੇ ਸਿਲੀਅਰ ਦੀ ਸ਼ਾਦੀ ਗੁੱਗੇ ਨਾਲ ਹੀ ਕਰਨ ਦਾ ਫ਼ੈਸਲਾ ਕਰ ਲਿਆ। ਦੂਜੇ ਪਾਸੇ ਗੁੱਗੇ ਦੀ ਮਾਸੀ ਦੇ ਦੋਹਾਂ ਪੁੱਤਾਂ ਨੇ ਗੁੱਗੇ ਨੂੰ ਮਾਰਨ ਦੀ ਵਿਉਂਤ ਬਣਾਈ, ਲੜਾਈ ਹੋਈ ਅਤੇ ਇਸ ਵਿੱਚ ਉਹ ਦੋਵੇਂ ਭਰਾ ਮਾਰੇ ਗਏ। ਭੈਣ ਦੀ ਸੁੱਖਾਂ ਲੱਦੀ ਸੰਤਾਨ ਮਾਰਨ ’ਤੇ ਗੁੱਗੇ ਦੀ ਮਾਂ ਬਾਂਛਲ ਨੂੰ ਬਹੁਤ ਸਦਮਾ ਲੱਗਾ। ਮਾਂ ਦੇ ਵੈਣ ਅਤੇ ਕੀਰਨੇ ਪੁੱਤ ਗੁੱਗੇ ਕੋਲੋਂ ਸਹਾਰੇ ਨਾ ਗਏ। ਉਸ ਨੇ ਧਰਤੀ ਵਿੱਚ ਹੀ ਗਰਕ ਜਾਣ ਦੀ ਪੱਕੀ ਧਾਰ ਲਈ। ਹਿੰਦੂ ਰਾਜਪੂਤ ਹੋਣ ਸਦਕਾ ਗੁੱਗਾ ਧਰਤੀ ਵਿੱਚ ਸਮਾ ਨਹੀਂ ਸੀ ਸਕਦਾ। ਇਹ ਮਕਸਦ ਪੂਰਾ ਕਰਨ ਲਈ ਉਹ ਹਾਜੀਰਤਨ ਤੋਂ ਰਾਜਪੂਤ ਤੋਂ ਮੁਸਲਮਾਨ ਬਣ ਆਇਆ। ਮਿਥਿਹਾਸ ਅਨੁਸਾਰ ਉਸ ਨੇ ਆਪਣੇ ਇਸ਼ਟ ਅੱਗੇ ਫਰਿਆਦ ਕੀਤੀ। ਉਸ ਦੀ ਫਰਿਆਦ ਕਬੂਲ ਹੋਈ, ਧਰਤੀ ਨੇ ਵਿਹਲ ਦਿੱਤੀ ਅਤੇ ਘੋੜੇ ਸਮੇਤ ਗੁੱਗਾ ਧਰਤੀ ਵਿੱਚ ਸਮਾਅ ਗਿਆ।
ਮੇਲੇ ਜਾਂਦੀਆਂ ਤੀਵੀਆਂ ਐਨਾ ਕਮਾਲ ਗਾਉਂਦੀਆਂ ਹਨ ਕਿ ਸੁਣਨ ਵਾਲੇ ਨੂੰ ਕੀਲ ਕੇ ਰੱਖ ਦਿੰਦੀਆਂ ਹਨ:
ਪੱਲੇ ਮੇਰੇ ਛੱਲੀਆਂ, ਮੈਂ ਗੁੱਗਾ ਮਨਾਵਣ ਚੱਲੀ ਆਂ। ਨੀਂ ਮੈਂ ਵਾਰੀ ਗੁੱਗਾ ਜੀ! ਰੋਹੀ ਵਾਲਿਆ ਗੁੱਗਿਆ ਵੇ, ਭਰਿਆ ਕਟੋਰਾ ਦੁੱਧ ਦਾ, ਮੇਰਾ ਗੁੱਗਾ ਮਾੜੀ ਵਿੱਚ ਕੁੱਦਦਾ, ਨੀਂ ਮੈਂ ਵਾਰੀ ਗੁੱਗੇ ਤੋਂ।
ਹਰ ਵਰਗ ਦੇ ਲੋਕ
ਇਨ੍ਹਾਂ ਔਰਤਾਂ ਦੀਆਂ ਟੋਲੀਆਂ ਤੋਂ ਛੁੱਟ ਨੌਜਵਾਨਾਂ ਦੀਆਂ ਢਾਣੀਆਂ ਦੀਆਂ ਢਾਣੀਆਂ, ਗੱਲ ਕੀ ਹਰ ਉਮਰ ਵਰਗ ਦੇ ਲੋਕ, ਕਈ ਥਾਈਂ ਤਾਂ ਬੁੱਢੜੇ ਨੌਜਵਾਨਾਂ ਨੂੰ ਵੀ ਗਾਇਕੀ ਅਤੇ ਹੋਰ ਕਈ ਪ੍ਰਕਾਰ ਦੇ ਸ਼ੁਗਲ ਪ੍ਰਦਰਸ਼ਨ ਦੇ ਪੱਖਾਂ ਤੋਂ ਪਿੱਛੇ ਛੱਡ ਜਾਂਦੇ ਹਨ। ਇਹ ਸਾਰੇ ਮਰਦ ਲੋਕ ਚਾਦਰੇ ਬੰਨ੍ਹ ਕੇ, ਖੁੱਲ੍ਹੇ ਕੁੜਤੇ ਪਾ ਕੇ, ਤੁਰਲੇ ਵਾਲੀਆਂ ਮਾਇਆ ਲੱਗੀਆਂ ਪੰਗਾਂ ਬੰਨ੍ਹ ਕੇ ਮੇਲੇ ਵਿੱਚ ਤੁਰਦੇ-ਫਿਰਦੇ ਵੇਖੇ ਜਾ ਸਕਦੇ ਹਨ। ਕੁਝ ਮਾੜੇ ਅਨਸਰਾਂ ਵੱਲੋਂ ਮੇਲੇ ਦੌਰਾਨ ਸ਼ਰਾਬਾਂ ਪੀਣੀਆਂ, ਬੱਕਰੇ ਬੁਲਾਉਣੇ, ਲੜਾਈਆਂ ਮੁੱਲ ਲੈਣੀਆਂ ਅਤੇ ਲੁੱਟ-ਖਸੁੱਟ ਜਿਹੀਆਂ ਪ੍ਰਵਿਰਤੀਆਂ ਵੀ ਇਸੇ ਮੇਲੇ ਵਿੱਚ ਕਦੀ-ਕਦੀ ਵੇਖੀਆਂ ਜਾ ਸਕਦੀਆਂ ਹਨ। ਇਸ ਗੱਲ ਦੀ ਸ਼ਾਹਦੀ ਭਰਦੀ ਇੱਕ ਲੋਕ-ਬੋਲੀ ਵੀ ਪੇਸ਼ ਕੀਤੀ ਜਾ ਸਕਦੀ ਹੈ:
ਆਰੀ ਆਰੀ ਆਰੀ, ਮੇਲਾ ਤਾਂ ਛਪਾਰ ਲੱਗਦਾ, ਜਿਹੜਾ ਲੱਗਦਾ ਜਗਤ ਤੋਂ ਭਾਰੀ। ਕੱਠ ਮੁਸ਼ਟੰਡਿਆਂ ਦਾ, ਉੱਥੇ ਬੋਤਲਾਂ ਮੰਗਾ ’ਲੀਆਂ ਚਾਲੀ, ਤਿੰਨ ਸੇਰ ਸੋਨਾ ਚੁੱਕਿਆ, ਭਾਨ ਚੁੱਕ ਲੀ ਹੱਟੀ ਦੀ ਸਾਰੀ, ਰਤਨ ਸਿੰਘ ਰੱਕੜਾਂ ਦਾ, ਜੀਹਤੇ ਚੱਲਦੇ ਮੁਕੱਦਮੇ ਚਾਲੀ, ਠਾਣੇਦਾਰ ਤਿੰਨ ਚੜ੍ਹਗੇ, ਨਾਲੇ ਪੁਲੀਸ ਚੜ੍ਹੀ ਸਰਕਾਰੀ, ਈਸੂ ਧੂਰੀ ਦਾ, ਜਿਹੜਾ ਡਾਂਗ ਦਾ ਬਹਾਦਰ ਭਾਰੀ, ਮੰਗੂ ਖੇੜੀ ਦਾ, ਪੁੱਠੇ ਹੱਥ ਦੀ ਗੰਡਾਸੀ ਉਹਨੇ ਮਾਰੀ, ਠਾਣੇਦਾਰ ਇਉਂ ਡਿੱਗਿਆ, ਜਿਵੇਂ ਹੱਲ ’ਚੋਂ ਡਿੱਗੇ ਪੰਜਾਲੀ, ਕਾਹਨੂੰ ਛੇੜੀ ਸੀ ਨਾਗਾਂ ਦੀ ਪਟਾਰੀ… ਮੇਲਾ ਤਾਂ ਛਪਾਰ ਲੱਗਦਾ, ਜਿਹੜਾ ਲੱਗਦਾ ਜਗਤ ਤੋਂ ਭਾਰੀ।
2. ਗੁਰਦੁਆਰਾ ਫਤਿਹਗੜ੍ਹ ਸਾਹਿਬ ਜੋੜ ਮੇਲਾ:-
[ਸੋਧੋ]ਪੰਜਾਬ ਦੇ ਜ਼ਿਲੇ ਫ਼ਤਹਿਗੜ੍ਹ ਸਾਹਿਬ ਵਿੱਚ, ਗੁਰੂਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਜੀ ਅਤੇ ਫ਼ਤਿਹ ਸਿੰਘ ਜੀ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ, ਸ਼ਹੀਦੀ ਜ਼ੋੜ ਮੇਲਾ ਦਸੰਬਰ ਦੇ ਮਹੀਨੇ ਵਿੱਚ ਕਰਵਾਇਆ ਜਾਂਦਾ ਹੈ|
ਸਿਰਹਿੰਦ ਦੇ ਰਾਜਪਾਲ ਵਜ਼ੀਰ ਖਾਨ ਨੇ ਸਾਹਿਬਜ਼ਾਦੇ ਜ਼ੋਰਾਵਾਰ ਸਿੰਘ ਅਤੇ ਫਤਿਹ ਸਿੰਘ ਜੀ ਨੂੰ ਇਸਲਾਮ ਧਰਮ ਵਿੱਚ ਤਬਦੀਲ ਕਰਨ ਲਈ ਕੈਦ ਕਰ ਲਿਆ ਸੀ। ਉਹਨਾਂ ਨੇ ਉਨ੍ਹਾਂ ਨੂੰ ਖਜਾਨਾ ਅਤੇ ਆਸਾਨ ਜੀਵਨ ਪ੍ਰਦਾਨ ਕਰਨ ਦੀ ਪੇਸ਼ਕਸ਼ ਕੀਤੀ ਜੇ ਉਹ ਕੇਵਲ ਆਪਣੇ ਧਰਮ ਨੂੰ ਬਦਲ ਦੇਣਗੇ, ਪਰ ਸਾਹਿਬਜ਼ਾਦਿਆ ਦੇ ਇਨਕਾਰ ਕਰਨ ਤੇ ਓਹਨਾ ਨੂੰ ਜਿਉਂਦੇ ਇੱਟਾਂ ਦੀ ਦਿਵਾਰ ਵਿੱਚ ਚਿਣਵਾ ਦਿੱਤਾ ਗਿਆ ਅਤੇ ਉਹ ਕੰਧ ਢਹਿ ਗਈ | 26 ਦਸੰਬਰ 1705 ਨੂੰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆ ਨੇ ਸ਼ਹਾਦਤ ਪ੍ਰਾਪਤ ਕੀਤੀ | ਸਿਰਹਿੰਦ ਦੇ ਉੱਤਰ ਵੱਲ 5 ਕਿਲੋਮੀਟਰ ਦੀ ਦੂਰੀ ਤੇ ਸਥਿਤ ਗੁਰੂਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਤਿੰਨ ਦਿਨਾਂ ਸ਼ਹੀਦੀ ਜ਼ੋਰ ਮੇਲਾ ਕਰਵਾਇਆ ਜਾਂਦਾ ਹੈ | ਮੇਲੇ ਦੇ ਦੌਰਾਨ, ਪੰਜ ਪਿਆਰਿਆਂ ਤੇ ਇੱਕ ਵੱਡਾ ਪਾਲਕ ਸਜ਼ਾ ਕੇ ਗੁਰੂਦੁਆਰੇ ਫਤਿਹਗੜ੍ਹ ਸਾਹਿਬ ਤੋਂ ਜੋਤੀ ਸਵਰੂਪ ਗੁਰਦੁਆਰੇ ਤੱਕ ਨਗਰ ਕੀਰਤਨ ਕੱਢਿਆ ਜਾਂਦਾ ਹੈ |
3. ਹਰਬੱਲਭ ਸੰਗੀਤ ਸੰਮੇਲਨ:-
[ਸੋਧੋ]ਸਾਲ 2011 ਵਿੱਚ, ਹਰਬੱਲਭ ਸੰਗੀਤ ਸੰਮੇਲਨ ਦੀ 135 ਵੀਂ ਵਰ੍ਹੇਗੰਢ ਆਯੋਜਿਤ ਕੀਤੀ ਗਈ. ਇਹ ਸੰਮੇਲਨ ਗੁਰੂ ਸਵਾਮੀ ਤਲਜਾ ਗਿਰੀ ਦੀ ਯਾਦ ਵਿੱਚ ਓਹਨਾ ਦੇ ਚੇਲੇ ਬਾਬਾ ਹਰਬੱਲਭ ਵਲੋਂ ਸ਼ੁਰੂ ਕੀਤਾ ਗਿਆ ਸੀ | ਉਹ ਬਹੁਤ ਹੀ ਪ੍ਰਭਾਵਸ਼ਾਲੀ ਤੇ ਕਲਾਸੀਕਲ ਗੀਤਕਾਰ ਸਨ | ਪੂਰੇ ਦੇਸ਼ ਭਰ ਵਿੱਚੋ ਨਾਮਵਰ ਗਾਇਕ ਤੇ ਸੰਗੀਤਕਾਰ ਇਹ ਮੇਲੇ ਦਾ ਹਿੱਸਾ ਬਣਦੇ ਹਨ ਤੇ ਇਹ ਮੇਲਾ ਜਲੰਧਰ ਵਿੱਚ ਦੇਵੀ ਤਾਲਾਬ ਤੇ ਸੰਗਠਿਤ ਕੀਤਾ ਜਾਂਦਾ ਹੈ | ਪੰਜਾਬ ਦੀ ਸਰਕਾਰ ਨੇ ਇਸ ਪ੍ਰੋਗਰਾਮ ਨੂੰ ਸੰਗੀਤ ਦੇ ਰਾਸ਼ਟਰੀ ਤਿਉਹਾਰ ਮਾਨਤਾ ਦਿੱਤੀ ਹੈ | ਇਹ ਸੰਮੇਲਨ ਸੂਬੇ ਵਿੱਚ ਬਹੁਤ ਹੀ ਸ਼ਾਨਦਾਰ ਮੌਕਿਆਂ ਵਿੱਚੋਂ ਇੱਕ ਹੈ ਜਿਸ ਵਿੱਚ ਸੂਬੇ ਦੇ ਗਾਇਕ ਆਪਣੀ ਪ੍ਰਤਿਭਾ ਤੇ ਸ਼ਾਸ਼ਤਰੀ ਸੰਗੀਤ ਦਾ ਪ੍ਰਦਰਸ਼ਨ ਕਰਦੇ ਹਨ |
4. ਜਰਗ ਦਾ ਮੇਲਾ:-
[ਸੋਧੋ]ਜਰਗ ਦਾ ਮੇਲਾ ਚੇਤਰ ਦੇ ਮਹੀਨੇ ਪਹਿਲੇ ਮੰਗਲਵਾਰ ਨੂੰ ਪਿੰਡ ਜਰਗ ਵਿਚ ਸੀਤਲਾ ਦੇਵੀ ਨੂੰ ਖੁਸ਼ ਕਰਨ ਲਈ ਲਗਦਾ ਹੈ ਜਿਨ੍ਹਾਂ ਬੱਚਿਆਂ ਨੂੰ ਮਾਤਾ ਨਿਕਲ ਆਉਂਦੀ ਹੈ ਉਨ੍ਹਾਂ ਦੇ ਮਾਪਿਆਂ ਨੇ ਕੋਈ ਨਾ ਕੋਈ ਸੁਖਣਾ ਸੁਖੀ ਹੁੰਦੀ ਹੈ ਅਤੇ ਬਾਕੀ ਦੇ ਆਪਣੇ ਬੱਚਿਆਂ ਤੇ ਮਾਤਾ ਦੀ ਮਿਹਰ ਦੀ ਨਿਗਾਹ ਰੱਖਣ ਲਈ ਪੂਜਾ ਕਰਦੇ ਹਨ ਅਤੇ ਸੁਖਣਾ ਚੜ੍ਹਾਉਂਦੇ ਹਨ। ਇਸ ਨੂੰ 'ਬਹਿੜੀਏ' ਦਾ ਮੇਲਾ ਵੀ ਆਖਦੇ ਹਨ। [5]
ਜਰਗ ਦਾ ਮੇਲਾ ਇੱਕ ਟੋਭੇ ਦੁਆਲੇ ਲਗਦਾ ਹੈ। ਮਾਤਾ ਦੀ ਪੂਜਾ ਕਰਨ ਵਾਲੇ, ਟੋਭੇ ਵਿੱਚੋਂ ਮਿੱਟੀ ਕੱਢ ਕੇ, ਇਕ ਮਟੀਲਾ ਜਿਹਾ ਖੜਾ ਕਰ ਲੈਂਦੇ ਹਨ। ਇਸ ਮਟੀਲੇ ਨੂੰ ਮਾਤਾ ਦਾ ਰੂਪ ਮੰਨ ਕੇ ਪੂਜਿਆ ਜਾਂਦਾ ਹੈ ਤੇ ਭੇਟਾ ਚਾੜ੍ਹੀਆਂ ਜਾਂਦੀਆਂ ਹਨ। ਇਸ ਮੇਲੇ ਵਿੱਚ, ਦੇਵੀ ਮਾਤਾ ਨੂੰ ਬਹਿੜੀਏ ਅਥਵੇ ਬੇਹੇ ਗੁਲਗੁਲੇ ਭੇਟ ਕੀਤੇ ਜਾਂਦੇ ਹਨ। ਇਸੇ ਤੋਂ, ਇਸ ਮੇਲੇ ਨੂੰ ‘ਬਹਿੜੀਏ ਦਾ ਮੇਲਾ ‘ ਵੀ ਕਿਹਾ ਜਾਣ ਲਗ ਪਿਆ ਹੈ। ਜਿੰਨ੍ਹਾਂ ਲੋਕਾਂ ਨੇ ਸੁੱਖਾਂ ਸੁੱਖੀਆਂ ਹੁੰਦੀਆਂ ਹਨ, ਉਹਨਾਂ ਦੁਆਰਾ ਮੇਲੇ ਦੀ ਪੂਰਬ ਸੰਧਿਆ ਨੂੰ, ਮਾਈ ਦੀ ਭੇਟਾ ਲਈ ਗੁਲਗੁਲੇ ਪਕਾ ਕੇ, ਪਹਿਲਾਂ ਸੀਤਲਾ ਦੇਵੀ ਦੇ ਵਾਹਨ, ਖੋਤੇ ਨੂੰ, ਗੁਲਗੁਲੇ ਖਵਾਏ ਜਾਂਦੇ ਹਨ ਤੇ ਫਿਰ ਕੁਝ ਵੰਡੇ ਤੇ ਕੁਝ ਆਪ ਖਾਧੇ ਜਾਂਦੇ ਹਨ। [6]
ਇਸ ਮੇਲੇ ਵਿੱਚ ਖੋਤਿਆਂ ਦੀ ਬੜੀ ਕਦਰ ਕੀਤੀ ਜਾਂਦੀ ਹੈ। ਲੋਕੀ ਇਹਨਾਂ ਨੂੰ ਸੀਤਲਾ ਮਾਈ ਦਾ ਵਾਹਨ ਹੋਣ ਕਰਕੇ ਪੂਜਦੇ ਅਤੇ ਗੁਲਗੁਲੇ ਤੇ ਛੋਲੇ ਆਦਿ ਭੇਟ ਕਰਦੇ ਹਨ। ਘੁਮਿਆਰ ਆਪੋ - ਆਪਣੇ ਖੋਤਿਆਂ ਨੂੰ, ਉਚੇਚੇ ਤੌਰ ਤੇ, ਸਜਾ - ਸ਼ਿੰਗਾਰ ਕੇ ਲਿਆਉਂਦੇ ਹਨ। ਕਈਆਂ ਨੇ ਖੋਤਿਆਂ ਉੱਪਰ ਘੋਗਿਆਂ, ਕੋਡੀਆਂ ਤੇ ਮੋਤੀਆਂ ਨਾਲ ਜੜੀਆਂ ਵੰਨ-ਸਵੰਨੀਆਂ ਝੁੱਲਾਂ ਪਾਈਆਂ ਹੁੰਦੀਆਂ ਹਨ। ਪੰਜਾਬੀ ਲੋਕਗੀਤਾਂ ਵਿਚ ਵੀ ਇਸ ਮੇਲੇ ਦਾ ਵਰਣਨ ਮਿਲਦਾ ਹੈ:
1. ਜੇਹਾ ਦੇਖਿਆ ਜਰਗ ਦਾ ਮੇਲਾ,
ਜੇਹੀ ਤੇਰੀ ਗੁੱਤ ਦੇਖ ਲੀ।
2. ਚੱਲ ਚੱਲੀਏ ਜਰਗ ਦੇ ਮੇਲੇ,
ਮੁੰਡਾ ਤੇਰਾ ਮੈੰ ਚੱਕ ਲੂੰ। [7]
ਇਤਿਹਾਸ
ਜ਼ਿਲ੍ਹਾ ਲੁਧਿਆਣੇ ਵਿੱਚ ਪੈਂਦਾ ਪਿੰਡ ਜਰਗ ਘੁੱਗ ਵਸਦਾ ਹੈ ਜਿਸ ਨੂੰ ਅੱਜ ਤੋਂ ਲਗਪਗ ਢਾਈ ਹਜ਼ਾਰ ਸਾਲ ਪਹਿਲਾਂ ਸੀਸ ਦਾਨੀ ਰਾਜਾ ਜਗਦੇਵ ਨੇ ਵਸਾਇਆ ਸੀ। ਜਾਣਕਾਰੀ ਅਨੁਸਾਰ ਲਗਪਗ 6 ਸਦੀਆਂ ਤੋਂ ਇਹ ਮੇਲਾ ਚੇਤ ਦੇ ਮਹੀਨੇ ਦੇ ਦੂਜੇ ਮੰਗਲਵਾਰ ਨੂੰ ਮਾਤਾ ਰਾਣੀ ਦੇ ਪਵਿੱਤਰ ਅਸਥਾਨ ’ਤੇ ਲੱਗਦਾ ਹੈ। ਇੱਕ ਮਹੀਨਾ ਪਹਿਲਾਂ ਹੀ ਇਸ ਪਿੰਡ ਦੇ ਸਾਰੇ ਘਰਾਂ ਵਿੱਚ ਮੇਲੇ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ ਜੋ ਦੇਖਣ ਵਾਲੀਆਂ ਹੁੰਦੀਆਂ ਹਨ। ਪਿੰਡ ਦੀਆਂ ਦੂਰ-ਦੁਰਾਡੇ ਵਿਆਹੀਆਂ ਧੀਆਂ ਆਪਣੇ ਪਰਿਵਾਰਾਂ ਸਮੇਤ ਪੇਕੇ ਘਰ ਪੁੱਜ ਕੇ ਮੇਲੇ ਵਿੱਚ ਸ਼ਾਮਲ ਹੁੰਦੀਆਂ ਹਨ। ਪਿੰਡ ਵਾਸੀ ਵੀ ਵੱਖ-ਵੱਖ ਪਕਵਾਨ ਤਿਆਰ ਕਰ ਕੇ ਆਏ ਮਹਿਮਾਨਾਂ ਦੀ ਆਓ ਭਗਤ ਕਰਦੇ ਹਨ।
ਇੱਥੇ ਮੁੱਖ ਤੌਰ ’ਤੇ ਚਾਰ ਮੰਦਰ ਹਨ, ਜੋ ਸ਼ੀਤਲਾ ਮਸਾਣੀ ਜਾਂ ਵੱਡੀ ਮਾਤਾ, ਬਸੰਤੀ ਜਾਂ ਨਿੱਕੀ ਮਾਤਾ, ਮਾਤਾ ਮਦਾਨਦ-ਮਾਤਾ ਕਾਲੀ ਅਤੇ ਬਾਬਾ ਫ਼ਰੀਦ ਸ਼ੱਕਰਗੰਜ ਦੇ ਹਨ।
ਪ੍ਰਸ਼ਾਦ
ਮੇਲੇ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਸ਼ਰਧਾਲੂ ਸੋਮਵਾਰ ਨੂੰ ਮਿੱਠੇ ਗੁਲਗੁਲੇ ਪਕਾਉਂਦੇ ਹਨ, ਜਿਸ ਨੂੰ ‘ਬੇਹਾ ਅੰਨ੍ਹ’ ਵੀ ਕਿਹਾ ਜਾਂਦਾ ਹੈ। ਇਨ੍ਹਾਂ ਗੁਲਗੁਲਿਆਂ ਨੂੰ ਸੁੱਚੇ ਰੱਖ ਕੇ ਦੂਜੇ ਦਿਨ ਸਾਰੇ ਮੰਦਰਾਂ ਵਿੱਚ ਪੂਜਾ ਕਰ ਕੇ ਅਤੇ ਮਿੱਟੀ ਕੱਢ ਕੇ ਪ੍ਰਸ਼ਾਦ ਦੇ ਰੂਪ ਵਿੱਚ ਵੰਡਿਆ ਅਤੇ ਛਕਿਆ ਜਾਂਦਾ ਹੈ। ਸੋਮਵਾਰ ਨੂੰ ਦੁਪਹਿਰ ਤੋਂ ਹੀ ਇਲਾਕੇ ਅਤੇ ਦੂਰ-ਦੁਰਾਡੇ ਤੋਂ ਲੋਕ ਮੰਦਰਾਂ ਦੇ ਦਰਸ਼ਨਾਂ ਲਈ ਪੁੱਜਣੇ ਸ਼ੁਰੂ ਹੋ ਜਾਂਦੇ ਹਨ।
ਸੋਮਵਾਰ ਸ਼ਰਧਾਲੂ ਜ਼ਮੀਨ ’ਤੇ ਆਸਣ ਲਾ ਕੇ ਮਾਤਾ ਦੀ ਚੌਂਕੀ ਭਰਦੇ ਹਨ ਅਤੇ ਸਾਰੀ ਰਾਤ ਜਗਰਾਤਿਆਂ ਰਾਹੀਂ ਮਾਤਾ ਦਾ ਜਸ ਗਾਇਨ ਕਰਦੇ ਹਨ। ਕਈ ਨੌਜਵਾਨ ਬੈਂਡ ਵਾਜਿਆਂ ਅਤੇ ਢੋਲਾਂ ਦੀ ਤਾਲ ਨਾਲ ਬੋਲੀਆਂ ਅਤੇ ਭੰਗੜਾ ਵੀ ਪਾਉਂਦੇ ਹਨ। ਰਾਤ ਸਮੇਂ ਮੇਲੇ ਵਾਲੀ ਥਾਂ ’ਤੇ ਬਹੁਤ ਹੀ ਰੌਣਕ ਹੁੰਦੀ ਹੈ। ਜਿਸ ਘਰ ਦੇ ਕਿਸੇ ਜੀਅ ਦੇ ਮਾਤਾ ਨਿਕਲੀ ਹੋਈ ਹੋਵੇ ਤਾਂ ਮਾਤਾ ਨੂੰ ਖ਼ੁਸ਼ ਕਰਨ ਲਈ ਅਤੇ ਪਰਿਵਾਰ ਨੂੰ ਬਿਮਾਰੀ ਤੋਂ ਬਚਾਉਣ ਲਈ ਮੰਗਲਵਾਰ ਨੂੰ ਮਾਤਾ ਰਾਣੀ ਦੀ ‘ਸੁੱਖਣਾ’ ਦਿੱਤੀ ਜਾਂਦੀ ਹੈ ਅਤੇ ਮਾਤਾ ਦੇ ‘ਥਾਨ’ ਲਾਏ ਜਾਂਦੇ ਹਨ।
ਇਸ ਮੇਲੇ ਵਿੱਚ ਸਾਰੇ ਧਰਮਾਂ ਦੇ ਲੋਕ ਬਿਨਾਂ ਕਿਸੇ ਭੇਦ-ਭਾਵ ਤੋਂ ਮੰਦਰਾਂ ’ਚ ਮੱਥਾ ਟੇਕਦੇ ਹਨ। ਮਾਤਾ ਦੇ ਭਗਤ ਆਪਣੀਆਂ ਭੇਟਾਂ ਰਾਹੀਂ ‘ਜਰਗ ਵਾਲੀ ਮਾਈ, ਦੁਖੀ ਭਗਤਾਂ ਨੂੰ ਚਰਨੀਂ ਲਾਈ’ ਦੀ ਦੁਆ ਕਰਦੇ ਹਨ।
ਖੇਡਾਂ ਅਤੇ ਗਾਇਕ ਇਸ ਮੇਲੇ ਵਿੱਚ ਨੁਮਾਇਸ਼ਾਂ, ਜਾਦੂਗਰ ਦੇ ਤਮਾਸ਼ੇ, ਗੀਤ-ਸੰਗੀਤ ਦੇ ਪ੍ਰੋਗਰਾਮ ਅਤੇ ਭਲਵਾਨਾਂ ਦੇ ਜੌਹਰ ਦੇਖਣ ਨੂੰ ਮਿਲਦੇ ਹਨ। ਮੇਲੇ ਵਿੱਚ ਪੂਰੇ ਪੰਜਾਬੀ ਸੱਭਿਆਚਾਰ ਦੀ ਸੰਪੂਰਨ ਤਸਵੀਰ ਦੇਖਣ ਨੂੰ ਮਿਲਦੀ ਹੈ। ਜਿਸ ਕਿਸੇ ਨੂੰ ਪੰਜਾਬੀਆਂ ਦੀ ਏਕਤਾ ਅਤੇ ਧਰਮ ਨਿਰਪੱਖਤਾ ’ਤੇ ਸ਼ੱਕ ਹੋਵੇ ਤਾਂ ਉਸ ਦਾ ਇਹ ਸ਼ੱਕ ਜਰਗ ਦੇ ਮੇਲੇ ਵਿੱਚ ਆ ਕੇ ਦੂਰ ਹੋ ਜਾਂਦਾ ਹੈ। ਸ਼ਾਮ ਤਕ ਮੇਲਾ ਵਿਛੜਨਾ ਸ਼ੁਰੂ ਹੋ ਜਾਂਦਾ ਹੈ। ਇਹ ਮੇਲਾ ਲੋਕਾਂ ਵਿੱਚ ਗਿਆਨ ਵਧਾਉਂਦਾ ਹੈ। ਇਹ ਲੋਕਾਂ ਨੂੰ ਆਪਸ ਵਿੱਚ ਏਕਤਾ ਬਣਾਏ ਰੱਖਣ ਲਈ ਪ੍ਰੇਰਤ ਕਰਦਾ ਹੈ।
5. ਮੁਕਤਸਰ ਮਾਘੀ ਮੇਲਾ :-
[ਸੋਧੋ]ਮੁਕਤਸਰ ਦੀ ਮਾਘੀ ਦੇ ਨਾਂ ਨਾਲ ਜਾਣਿਆ ਜਾਂਦਾ ਮਾਘੀ ਦਾ ਮੇਲਾ ਪੰਜਾਬੀਆਂ ਲਈ ਖਾਸ ਇਤਿਹਾਸਕ ਅਤੇ ਧਾਰਮਿਕ ਮਹੱਤਵ ਰੱਖਦਾ ਹੈ | ਜਿਸ ਨੂੰ ਪੰਜਾਬ ਵਿੱਚ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਹ ਮੇਲਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਮਾਘ ਦੇ ਮਹੀਨੇ ਦੀ ਪਹਿਲੀ ਤਾਰੀਖ਼ ਅਥਵਾ ਮਾਘ ਦੀ ਸੰਗਰਾਂਦ ਨੂੰ ਲੱਗਦਾ ਹੈ। 13 ਫਰਵਰੀ ਨੂੰ ਮਾਘ ਦੇ ਸਮੇਂ, ਖਿਦਰਾਣਾ ਦੇ ਤਬੇਲੇ ਵਿੱਚ ਇਹਨਾਂ ਸ਼ਹੀਦਾਂ ਦਾ ਸਸਕਾਰ ਕੀਤਾ ਗਿਆ ਇਸ ਲਈ ਇਹ ਤਿਓਹਾਰ ਉਸ ਦਿਨ ਹੀ ਮਨਾਇਆ ਜਾਂਦਾ ਹੈ ਅਤੇ ਮੇਨ ਸ਼ੇਰੇਨ ਤੋਂ ਪਵਿੱਤਰ ਤਿੱਬੀ ਸਾਹਿਬ ਤੱਕ ਜਲੂਸ ਕੱਢਿਆ ਜਾਂਦਾ ਹੈ | ਇਸ ਮੇਲੇ ਨੂੰ ਚਾਲੀ ਮੁਕਤਿਆਂ ਦੀ ਸ਼ਹੀਦੀ ਨੂੰ ਯਾਦ ਕਰਨ ਦੇ ਪ੍ਰਯੋਜਨ ਵਜੋਂ ਵੀ ਮਨਾਇਆ ਜਾਂਦਾ ਹੈ| ਮੁਕਤਸਰ ਦੇ ਮੇਲੇ ਦਾ ਜ਼ਿਕਰ ਕਈ ਲੋਕ ਗੀਤਾਂ ਵਿੱਚ ਆਉਂਦਾ ਹੈ ਜਿਵੇਂ ਹੇਠਾਂ ਲਿਖੇ ਲੋਕ-ਗੀਤ ਅਤੇ ਬੋਲੀ ਵਿੱਚ ਦੇਖਿਆ ਜਾ ਸਕਦਾ ਹੈ।
1.ਲੈ ਚੱਲ ਵੇ ਨਣਦ ਦਿਆ ਵੀਰਾ ਮੇਲੇ ਮੁਕਸਰ ਦੇ.......
2.ਪਿੰਡਾਂ ਵਿਚੋਂ ਪਿੰਡ ਸੁਣੀਂਦਾ ਪਿੰਡ ਸੁਣੀਦਾ ਮੱਲੀਆਂ,
ਮੱਲੀਆਂ ਦੇ ਦੋ ਬਲਦ ਸੁਣੀਦੇ ਗਲ ਪਿੱਤਲ ਦੀਆਂ ਟੱਲੀਆਂ
ਮੇਲੇ ਮੁਕਸਰ ਦੇ ਦੋ ਮੁਟਿਆਰਾਂ ਚੱਲੀਆਂ...
ਮੇਲੇ ਮੁਕਸਰ ਦੇ ਦੋ ਮੁਟਿਆਰਾਂ ਚੱਲੀਆਂ...
ਮੁਕਤਸਰ ਦੀ ਮਾਘੀ ਦਾ ਮੇਲਾ ਪੁਰਾਤਨ ਸਮੇਂ ਤੋਂ ਹੀ ਖਿੱਚ ਦਾ ਕੇਂਦਰ ਰਿਹਾ ਹੈ। ਉਹ ਵੰਨ ਸੁਵੰਨੀ ਸੁੰਦਰ ਵੇਸ ਭੂਸ਼ਾ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮੁਕਤਸਰ ਦੇ ਮੇਲੇ ਵਿੱਚ ਪਹੁੰਚਦੇ ਹਨ।
ਧਾਰਮਿਕ ਤੇ ਇਤਿਹਾਸਿਕ ਮਹੱਤਵ
ਮੁਕਤਸਰ ਦੀ ਮਾਘੀ ਦਾ ਪੰਜਾਬ ਦੇ ਲੋਕਾਂ ਦੇ ਜੀਵਨ ਵਿੱਚ ਖਾਸ ਮਹੱਤਵ ਹੈ। ਮੁਕਤਸਰ ਦਾ ਪੁਰਾਣਾ ਨਾਂ ਖਿਦਰਾਣੇ ਦੀ ਢਾਬ ਸੀ| ਸਿੱਖਾਂ ਦੇ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੂੰ ਮੁਗਲਾਂ ਨਾਲ ਅਨੇਕਾਂ ਲੜਾਈਆਂ ਲੜਨੀਆਂ ਪਈਆਂ| ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਿਦਰਾਣੇ ਦੀ ਢਾਬ ਵਿੱਚ ਡੇਰੇ ਲਾਏ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਮੁਗ਼ਲ ਫੌਜਾਂ ਨੇ ਖਿਦਰਾਣੇ ਦੀ ਢਾਬ ਨੂੰ ਆ ਘੇਰਿਆ ਅਤੇ ਇੱਥੇ ਸਿੱਖਾਂ ਮੁਗਲਾਂ ਵਿਚਕਾਰ ਭਿਅੰਕਰ ਲੜਾਈ ਹੋਈ | ਇਸ ਲੜਾਈ ਵਿੱਚ ਮਾਝੇ ਦੇ ਉਹ ਚਾਲੀ ਸਿੱਖ ਜਿਹੜੇ ਆਨੰਦਪੁਰ ਦੇ ਕਿਲ੍ਹੇਬੰਦੀ ਦੀ ਘੇਰਾ ਬੰਦੀ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਦੇ ਕੇ ਉਹਨਾਂ ਦਾ ਸਾਥ ਛੱਡ ਕੇ ਆਏ ਸਨ। ਇਸ ਲੜਾਈ ਵਿੱਚ ਲੜਦੇ ਹੋਏ ਸ਼ਹੀਦ ਹੋ ਗਏ| ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੀ ਲਾਸਾਨੀ ਸ਼ਹੀਦੀ ਤੋਂ ਪ੍ਰਭਾਵਿਤ ਹੋ ਕੇ ਓਹਨਾਂ ਨੂੰ ਮੁਕਤੀ ਦਾ ਵਰ ਦਿਤਾ ਜਿਸ ਕਾਰਨ ਖਿਦਰਾਣੇ ਦੀ ਢਾਬ ਦਾ ਨਾਂ ਮੁਕਤਸਰ ਪੈ ਗਿਆ| ਇਨ੍ਹਾਂ ਚਾਲੀ ਸਿੱਖਾਂ ਦੀ ਸ਼ਹੀਦੀ ਦੀ ਯਾਦ ਵਿੱਚ ਇੱਥੇ ਗੁਰਦੁਵਾਰਾ ਸ਼ਹੀਦ ਗੰਜ ਸਾਹਿਬ ਸ਼ਸੋਭਿਤ ਹੈ। ਇਨ੍ਹਾਂ ਦੀ ਯਾਦ ਵਿੱਚ ਹੀ ਇੱਥੇ ਮਾਘ ਦੀ ਸੰਗਰਾਂਦ ਦਾ ਮੇਲਾ ਭਰਦਾ ਹੈ ਜਿਥੇ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਦੇ ਲੋਕ ਆਉਂਦੇ ਹਨ ਅਤੇ ਮਾਘੀ ਦਾ ਮੇਲਾ ਧੂਮ ਧਾਮ ਨਾਲ ਮਨਾਉਂਦੇ ਹਨ।
6. ਪ੍ਰੋਫੈਸਰ ਮੋਹਨ ਸਿੰਘ ਮੇਲਾ:-
[ਸੋਧੋ]ਪ੍ਰੋਫੈਸਰ ਮੋਹਨ ਸਿੰਘ ਮੇਲਾ ਮੁੱਖ ਰੂਪ ਵਿੱਚ ਮਹਾਨ ਪ੍ਰੋਫੈਸਰ ਮੋਹਨ ਸਿੰਘ ਮੇਲਾ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਜੋ ਕਿ ਪੰਜਾਬ ਦੇ ਇੱਕ ਜਾਣੇ-ਪਛਾਣੇ ਸ਼ਖਸੀਅਤ ਸਨ ਅਤੇ ਇੱਕ ਮਹਾਨ ਲੇਖਕ ਸਨ ਜਿਨ੍ਹਾਂ ਨੇ ਸੈਂਕੜੇ ਦਿਲ ਤੋਲਣ ਵਾਲੀਆਂ ਕਵਿਤਾਵਾਂ ਲਿਖੀਆਂ ਸਨ | ਇਸ ਮੇਲੇ ਵਿੱਚ ਬਹੁਤ ਸਾਰੇ ਲੇਖਕ, ਕਵੀ ਤੇ ਕਾਮਯਾਬ ਲੋਕ ਹਿੱਸਾ ਲੈਂਦੇ ਹਨ ਅਤੇ ਦੋ ਲੇਖਕਾਂ ਨੂੰ ਪ੍ਰੋ. ਮੋਹਨ ਸਿੰਘ ਅਵਾਰਡ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਹਨ |
7. ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ:-
[ਸੋਧੋ]ਹਰ ਸਾਲ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦ ਵਿੱਚ ਸ਼ਹੀਦੀ ਮੇਲਾ ਲਗਾਇਆ ਜਾਂਦਾ ਹੈ |
ਫ਼ਾਂਸੀ ਤੇ ਜਾਂਦੇ ਸਮਾਂ ਉਹ ਤਿੰਨੋਂ ਗਾ ਰਹੇ ਸਨ –
‘ਦਿਲੋਂ ਨਿੱਕਲੇਗੀ ਨਹੀਂ ਮਰਕੇ ਵੀ ਵਤਨ ਦੀ ਉਲਫ਼ਤ’
‘ਮੇਰੀ ਮਿੱਟੀ ਤੋਂ ਵੀ ਖੁਸ਼ਬੂ-ਏ-ਵਤਨ ਆਏਗੀ………….’
8. ਬਾਬਾ ਸੌਡਲ ਦਾ ਮੇਲਾ:-
[ਸੋਧੋ]ਬਾਬਾ ਸੌਡਲ ਮੇਲਾ, ਪੰਜਾਬ ਵਿੱਚ ਸਭ ਤੋਂ ਮਹੱਤਵਪੂਰਨ ਮੇਲਿਆਂ ਵਿਚੋਂ ਹੈ, ਜੋ ਬਾਬਾ ਸੌਡਲ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਆਯੋਜਿਤ ਕੀਤਾ ਜਾਂਦਾ ਹੈ | | ਇਹ ਸੁੱਕਲਾ ਪਾਕ ਦੇ 14 ਵੇਂ ਦਿਨ, ਭਾਦੋਂ ਮਹੀਨੇ ਵਿੱਚ ਆਯੋਜਿਤ ਕੀਤਾ ਜਾਂਦਾ ਹੈ ਅਤੇ ਹਜ਼ਾਰਾਂ ਸ਼ਰਧਾਲੂ ਬਾਬਾ ਸੌਡਲ ਦਾ ਮੇਲਾ ਮਨਾਉਣ ਆਉਂਦੇ ਹਨ | ਬਾਬਾ ਸੌਡਲ ਜਲੰਧਰ ਦੇ ਖੱਤਰੀ ਜਾਤੀ ਵਿੱਚ ਪੈਦਾ ਹੋਏ ਅਤੇ ਇੱਕ ਪ੍ਰਸਿੱਧ ਸੰਤ ਬਣ ਗਏ | ਲੋਕ ਜਲੰਧਰ ਦੇ ਤਾਲਾਬ ਦੀ ਯਾਤਰਾ ਕਰਦੇ ਹਨ ਜੋ ਕਿ ਬਾਬਾ ਸੌਡਲ ਦੀ ਸਮਾਧੀ ਦਾ ਸਥਾਨ ਹੈ |
ਪੰਜਾਬ ਦੇ ਤਿਓੁਹਾਰ
[ਸੋਧੋ]1. ਲੋਹੜੀ – ਜਨਵਰੀ ਦਾ ਤਿਓੁਹਾਰ:-
[ਸੋਧੋ]ਸਰਦੀਆਂ ਦੇ ਆਖਰੀ ਦਿਨਾਂ ਨੂੰ ਦਰਸਾਉਂਦਾ ਇਹ ਤਿਓੁਹਾਰ, ਪੰਜਾਬੀ ਤਿਓੁਹਾਰਾਂ ਵਿੱਚ ਸਭ ਤੋਂ ਮਹੱਤਵਪੂਰਨ ਤਿਓੁਹਾਰ ਹੈ |
ਇਸ ਤਿਓੁਹਾਰ ਤੇ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਛੋਟੇ- ਛੋਟੇ ਬੱਚੇ ਲੋਹੜੀ ਦੇ ਗੀਤ ਗਾ ਕੇ ਘਰ ਘਰ ਲੋਹੜੀ ਮੰਗਣਾ ਸ਼ੁਰੂ ਕਰ ਦਿੰਦੇ ਹਨ |
ਪਿੰਡਾਂ ਵਿੱਚ ਕੁੜੀਆਂ ਤੇ ਮੁੰਡੇ ਵੱਖੋ-ਵੱਖ ਗਰੁੱਪ ਬਣਾ ਕੇ ਘਰ ਘਰ ਗਿੱਧਾ – ਭੰਗੜਾ ਅਤੇ ਲੋਹੜੀ ਦੇ ਗੀਤ ਗਾ ਕੇ ਘਰ ਘਰ ਲੋਹੜੀ ਮੰਗਦੇ ਹਨ |
ਜਿਹਨਾਂ ਘਰਾਂ ਵਿੱਚ ਨਵਾਂ ਵਿਆਹ ਹੋਇਆ ਹੋਵੇ ਜਾਂ ਮੁੰਡੇ ਦਾ ਜਨਮ ਹੋਇਆ ਹੋਵੇ ਉਹ ਮੂੰਗਫਲੀ, ਰਿਓੜੀਆਂ, ਗੁੜ, ਦਾਣੇ ਪਾ ਕੇ ਲੋਹੜੀ ਦਿੰਦੇ ਹਨ |
ਹੁਣ ਦੇ ਪੰਜਾਬ ਵਿੱਚ ਕੁੜੀਆਂ ਦੇ ਜਨਮ ਤੇ ਵੀ ਕਈ ਪਰਿਵਾਰਾਂ ਨੇ ਲੋਹੜੀ ਵੰਡਣੀ ਸ਼ੁਰੂ ਕਰ ਦਿੱਤੀ ਹੈ | ਰਾਤ ਦੇ ਸਮੇਂ ਲੋਕੀ ਧੂਣੀ ਵਾਲਦੇ ਹਨ ਜਿਸ
ਵਿੱਚ ਤਿਲ ਅਤੇ ਰਿਓੜੀਆਂ ਪਾਈਆਂ ਜਾਂਦੀਆਂ ਹਨ | ਪੰਜਾਬ ਦੇ ਹਰ ਘਰ ਵਿੱਚ ਉਸ ਦਿਨ ਸਰੋਂ ਦਾ ਸਾਗ ਤੇ ਖੀਰ ਜਰੂਰ ਬਣਾਈ ਜਾਂਦੀ ਹੈ, ਇਸਨੂੰ ਚੰਗਾ ਸ਼ਗੁਨ ਮੰਨਿਆ ਜਾਂਦਾ ਹੈ |
2. ਬਸੰਤ ਪੰਚਮੀ – ਫਰਵਰੀ ਦਾ ਤਿਓੁਹਾਰ :-
[ਸੋਧੋ]ਇਤਿਹਾਸਿਕ ਤੌਰ ਤੇ 19 ਵੀਂ ਸਦੀ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਲਾਨਾ ਬਸੰਤ ਮੇਲੇ ਦਾ ਆਯੋਜਨ ਸ਼ੁਰੂ ਕਰਵਾਇਆ ਸੀ | ਮਹਾਰਾਜਾ ਰਣਜੀਤ ਸਿੰਘ ਜੀ ਅਤੇ ਉਹਨਾਂ ਦੀ ਰਾਣੀ ਮੋਰਾਨ ਬਸੰਤ ਦੇ ਮੌਕੇ ਤੇ ਪੀਲੇ ਰੰਗ ਦੇ ਪੋਸ਼ਾਕ ਪਹਿਨਦੇ ਸਨ ਅਤੇ ਪਤੰਗ ਉਡਾਉਂਦੇ ਸਨ | ਸਮੇਂ ਦੇ ਲੰਘਣ ਨਾਲ ਛੇਤੀ ਹੀ ਇਹ ਇੱਕ ਪੰਜਾਬੀ ਪਰੰਪਰਾ ਬਣ ਗਈ | ਦਰਅਸਲ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਲਾਹੌਰ ਵਿੱਚ ਬਸੰਤ ਵਿਖੇ ਇੱਕ ਦਰਬਾਰ ਲਗਾਇਆ ਸੀ ਜੋ ਦਸ ਦਿਨ ਤਕ ਚਲਿਆ ਸੀ ਜਿਸ ਸਮੇਂ ਦੌਰਾਨ ਫ਼ੌਜੀਆਂ ਨੇ ਪੀਲਾ ਰੰਗ ਦੇ ਪੋਸ਼ਾਕ ਪਹਿਨ ਕੇ ਆਪਣੀ ਬਹਾਦਰੀ ਦੇ ਕਰਤੱਵ ਵਿਖਉਣੇ ਸਨ |
ਅੱਜ ਇਹ ਤਿਓੁਹਾਰ ਦੇਸ਼ ਭਰ ਵਿੱਚ ਮਨਾਇਆ ਜਾਂਦਾ ਹੈ, ਲੋਕੀ ਪੀਲੇ ਰੰਗ ਦੇ ਕੱਪੜੇ ਪਹਿਨਦੇ ਹਨ ਤੇ ਪਤੰਗ ਅੰਬਰਾਂ ਵਿੱਚ ਉਡਾਏ ਜਾਂਦੇ ਹਨ | ਤਰਾਂ – ਤਰਾਂ ਦੇ ਪੰਜਾਬੀ ਪਕਵਾਨ ਬਣਾਏ ਜਾਂਦੇ ਹਨ |
3. ਵਿਸਾਖੀ ਦਾ ਤਿਓੁਹਾਰ:-
[ਸੋਧੋ]ਵਿਸਾਖੀ ਦਾ ਤਿਓੁਹਾਰ ਇੱਕ ਧਾਰਮਿਕ ਤਿਓੁਹਾਰ ਹੈ ਜੋ ਕਿ ਸਿੱਖਾਂ ਅਤੇ ਹਿੰਦੂਆਂ ਦੋਵਾਂ ਧਰਮਾਂ ਲਈ ਬਹੁਤ ਅਹਿਮੀਅਤ ਰੱਖਦਾ ਏ | ਇਸ ਦਿਨ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 13 ਅਪ੍ਰੈਲ, 1699 ਈਸਵੀ ਵਿੱਚ ਪੰਜ ਪਿਆਰਿਆ ਨੂੰ ਅੰਮ੍ਰਿਤ ਛੱਕਾ ਕੇ ਗੁਰੂ ਦੇ ਸਿੰਘ ਸਜਾਏ ਅਤੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ | ਵਿਸਾਖੀ ਦਾ ਤਿਓੁਹਾਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬਹੁਤ ਹੀ ਧੂਮ- ਧਾਮ ਨਾਲ ਮਨਾਇਆ ਜਾਂਦਾ ਹੈ | ਇਸ ਤਿਓੁਹਾਰ ਦਾ ਦੂਸਰਾ ਸਬੰਧ ਪੰਜਾਬ ਵਿੱਚ ਵਸਦੇ ਕਿਸਾਨਾਂ ਨਾਲ ਹੈ | ਵਿਸਾਖੀ ਕਣਕ ਫ਼ਸਲ ਦੀ ਵਾਢੀ ਦੀ ਖੁਸ਼ੀ ਵਿੱਚ ਵੀ ਮਨਾਈ ਜਾਂਦੀ ਹੈ |
4. ਤੀਆਂ ਦਾ ਤਿਓੁਹਾਰ:-
[ਸੋਧੋ]ਤੀਜ ਤਿਓੁਹਾਰ ਦਾ ਪੰਜਾਬੀ ਨਾਮ ਹੈ ਤੀਆਂ ਜੋ ਕਿ ਪੰਜਾਬ ਤੇ ਹਰਿਆਣਾ ਖੇਤਰ ਵਿੱਚ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ | ਇਹ ਤਿਓੁਹਾਰ ਮੌਨਸੂਨ ਦੇ ਸ਼ੁਰੂਆਤੀ ਦੀਨਾ ਵਿੱਚ ਆਰੰਭ ਹੁੰਦਾ ਹੈ | ਪਿੰਡ ਦੀਆ ਧੀਆਂ ਤੇ ਭੈਣਾਂ ਇਸ ਤਿਓੁਹਾਰ ਨੂੰ ਸ਼ਾਨਦਾਰ ਤਰੀਕੇ ਨਾਲ ਗਿੱਧਾ ਤੇ ਗੀਤ ਗਾ ਕੇ ਮਨਾਉਂਦੀਆ ਹਨ | ਵਿਆਹਿਆ ਹੋਇਆ ਔਰਤਾਂ ਇਹ ਤਿਓੁਹਾਰ ਮਨਾਓਣ ਲਈ ਆਪਣੇ ਪੇਕੇ ਘਰ ਜਾਂਦੀਆਂ ਸਨ ਤੇ ਪੁਰਾਣੇ ਸਮੇਂ ਵਿੱਚ ਉਹ ਸਾਉਣ ਦਾ ਪੂਰਾ ਮਹੀਨਾ ਆਪਣੇ ਮਾਪਿਆਂ ਘਰ ਹੀ ਰਹਿ ਕੇ ਆਉਂਦੀਆ ਸਨ | ਅੱਜ ਵੀ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਵਿੱਚ ਇਹ ਰਿਵਾਜ ਚਲਿਆ ਆ ਰਿਹਾ ਹੈ |
5. ਰੱਥ ਯਾਤਰਾ ਨਾਭਾ:-
[ਸੋਧੋ]ਰੱਥ ਯਾਤਰਾ ਇੱਕ ਹਿੰਦੂ ਤਿਉਹਾਰ ਪੰਜਾਬ ਦੇ ਸ਼ਹਿਰ ਨਾਭਾ ਵਿੱਚ ਮੰਦਿਰ ਠਾਕੁਰ ਸ਼੍ਰੀ ਸਤਿਆ ਨਰਾਇਣ ਜੀ ਵਿਖੇ ਮਨਾਇਆ ਜਾਂਦਾ ਹੈ ਜੋ ਭਗਵਾਨ ਜਗਨਨਾਥ ਨਾਲ ਸੰਬੰਧਿਤ ਹੈ |
ਰੱਥ ਯਾਤਰਾ ਦੇ ਵਿੱਚ ਜਗਨਨਾਥ, ਬਾਲਭੱਦਰ ਅਤੇ ਸੁਭਦਰਾ ਦੇ ਦੇਵਤਿਆਂ ਦੀਆਂ ਝਾਕੀਆਂ ਕੱਢ ਕੇ ਦੇਵੀ ਚੌਂਕ ਤੱਕ ਲਿਆਇਆ ਜਾਂਦਾ ਹੈ ਅਤੇ ਫੇਰ ਰੱਥ ਯਾਤਰਾ ਦੀ ਸ਼ੁਰੂਆਤ ਹੁੰਦੀ ਹੈ | ਇਸ ਰੱਥ ਯਾਤਰਾ ਵਿੱਚ ਸਾਰੇ ਨਾਭਾ ਸ਼ਹਿਰ ਦੀ ਚੱਕਰ ਲਗਾਇਆ ਜਾਂਦਾ ਹੈ | ਪੁਰੀ ਜਗਨਨਾਥ ਰੱਥ ਯਾਤਰਾ ਦੇ ਵਾਪਸੀ ਦੀ ਯਾਤਰਾ ਨੂੰ ਬਹੂਦਾ ਯਾਤਰਾ ਕਿਹਾ ਜਾਂਦਾ ਹੈ |
ਪੰਜਾਬ ਵਿੱਚ ਹੋਰ ਵੀ ਬਹੁਤ ਸਾਰੇ ਤਿਓੁਹਾਰ ਬੜੇ ਸ਼ਾਨਦਾਰ ਤਰੀਕੇ ਨਾਲ ਮਨਾਏ ਜਾਂਦੇ
ਹਨ ਜਿਵੇਂ ਕਿ ਹੋਲੀ – ਰੰਗਾਂ ਦਾ ਤਿਓੁਹਾਰ, ਰੱਖੜੀ – ਭੈਣ-ਭਰਾ ਦੇ ਪਿਆਰੇ ਰਿਸ਼ਤੇ ਦਾ
ਪ੍ਰਤੀਕ, ਦੀਵਾਲੀ -ਹਨੇਰਿਆਂ ਨੂੰ ਰੋਸ਼ਨ ਕਰਨ ਦੀ ਇੱਕ ਰਾਹ ਦੁਸਹਿਰਾ – ਬੁਰਾਈ ਤੇ
ਸਚਾਈ ਦੀ ਜਿੱਤ ਦਾ ਪ੍ਰਤੀਕ |