ਪੰਜਾਬੀ ਜੰਗਨਾਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜੰਗਨਾਮਾ ਕਵਿਤਾ ਦੇ ਨੇੜੇ ਦੀ ਇੱਕ ਵਿਧਾ ਹੈ। ਜਿਸ ਵਿੱਚ ਯੁੱਧ ਦਾ ਬਿਰਤਾਂਤ ਹੁੰਦਾ ਹੈ। ਇਸ ਦਾ ਅਸਲ ਮੰਤਵ ਤਾਰੀਖ਼ੀ ਘਟਨਾ ਦਾ ਬਿਆਨ ਕਰਨਾ ਹੈ ਅਤੇ ਇਸ ਦੇ ਪਾਤਰ ਲਹੂ-ਮਾਸ ਦੇ ਵਾਸਤਵਿਕ ਮਨੁੱਖ ਹੁੰਦੇ ਹਨ।

ਜੰਗਨਾਮਾਂ ਦਾ ਸ਼ਾਬਦਿਕ ਅਰਥ[ਸੋਧੋ]

ਜਿਵੇਂ ਕਿ ਜੰਗਨਾਮਾ ਸ਼ਬਦ ਤੋਂ ਹੀ ਪਤਾ ਚਲਦਾ ਹੈ ਕਿ ਇਸ ਵਿੱਚ ਕਿਸੇ ‘ਜੰਗ` ਜਾਂ ਯੁੱਧ ਦਾ ਵਰਣਨ ਹੋਵੇਗਾ ਉਸੇ ਤਰ੍ਹਾਂ ਵੱਖ-ਵੱਖ ਵਿਦਵਾਨਾਂ ਨੇ ਇਸ ਦੇ ਸ਼ਾਬਦਿਕ ਅਰਥ ਪੇਸ਼ ਕੀਤੇ ਹਨ, ਗੁਰਦੇਵ ਸਿੰਘ ਅਨੁਸਾਰ, “ਨਾਮਾ" ਫ਼ਾਰਸੀ ਦਾ ਸ਼ਬਦ ਹੈ, ਜਿਸ ਦਾ ਅਰਥ ਹੈ- ‘ਖਤ`, ‘ਚਿੱਠੀ ਜਾਂ ਪੱਤਰ”।(1) ਭਾਵ ਯੁੱਧ ਦਾ ਬ੍ਰਿਤਾਂਤ ਜਾਂ ਲੜਾਈ ਦਾ ਹਾਲ ਇਸੇ ਤਰ੍ਹਾਂ ਡਾ. ਦਿਲਬਾਰਾ ਸਿੰਘ ਬਾਜਵਾ ‘ਜੰਗ` ਅਤੇ ‘ਨਾਮਾ` ਨੂੰ ਸੰਯੁਕਤ ਰੂਪ ਦੱਸਦੇ ਹੋਏ ਇਨ੍ਹਾਂ ਸ਼ਬਦਾਂ ਨੂੰ ਫ਼ਾਰਸੀ ਦੇ ਦਸੱਦੇ ਹਨ ਅਤੇ ਇਨ੍ਹਾਂ ਸ਼ਬਦਾਂ ਦੇ ਅਰਥ ਉਹੀ ਗੁਰਦੇਵ ਸਿੰਘ ਵਾਲੇ ਹੀ ਲੈਂਦੇ ਹਨ।(2) ‘ਜੰਗਨਾਮੇ` ਦੇ ਸ਼ਾਬਦਿਕ ਅਰਥ ਜਾਨਣ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਜੰਗਨਾਮਾ, ਫ਼ਾਰਸੀ ਜੰਗਨਾਮਾ ਦੇ ਪ੍ਰਭਾਵ ਅਧੀਨ ਪੈਂਦਾ ਹੋਇਆ ਹੋਵੇਗਾ।

ਪਰਿਭਾਸ਼ਾ[ਸੋਧੋ]

ਜੰਗਨਾਮੇ ਦੀ ਪਰਿਭਾਸ਼ਾ ਦੋ ਤਰ੍ਹਾਂ ਨਾਲ ਦਿੱਤੀ ਗਈ ਹੈ। ਕੁਝ ਵਿਦਵਾਨ ਇਸ ਨੂੰ ਪੰਜਾਬੀ ਸਾਹਿਤ ਰੂਪ ਦੱਸਦੇ ਹਨ ਅਤੇ ਕੁਝ ਫ਼ਾਰਸੀ ਕਾਵਿ ਰੂਪ। ਪੰਜਾਬੀ ਸਾਹਿਤ ਕੋਸ਼ ਵਿੱਚ ਜੰਗਨਾਮੇ ਨੂੰ ਫ਼ਾਰਸੀ ਕਾਵਿ ਰੂਪ ਸਵੀਕਾਰ ਕੀਤਾ ਗਿਆ ਹੈ ਜਿਵੇਂ:- “ਜੰਗਨਾਮਾ ਫ਼ਾਰਸੀ ਦਾ ਪ੍ਰਸਿੱਧ ਕਾਵਿ ਰੂਪ ਹੈ। ਇਸ ਵਿੱਚ ਕਿਸੇ ਲੜਾਈ ਅਥਵਾ ਜੰਗ ਦਾ ਵਿਸਤ੍ਰਿਤ ਵਰਣਨ ਕੀਤਾ ਜਾਂਦਾ ਹੈ।”(3) ਇਸ ਦੇ ਉਲਟ ਹਾਫਿ਼ਜ ਮਹਿਮੂਦ ਸ਼ੀਰਾਨੀ ਅਨੁਸਾਰ ਜੰਗਨਾਮਾ ਪੰਜਾਬੀ ਸਾਹਿਤ ਰੂਪ ਹੈ। ਉਹ ਕਹਿੰਦੇ ਹਨ, “ਜੰਗਨਾਮੇ ਪੰਜਾਬੀ ਸਾਹਿਤ ਦਾ ਇੱਕ ਸਾਹਿਤਕ ਰੂਪ ਹਨ। ਜਿਹਨਾਂ ਵਿੱਚ ਕਰਵਾਲਾ ਦੇ ਸ਼ਹੀਦਾਂ ਅਤੇ ਉਹਨਾਂ ਦੀਆਂ ਲੜਾਈਆਂ ਦਾ ਜ਼ਿਕਰ ਮਿਲਦਾ ਹੈ।”(4) ਇਹ ਸਹੀ ਹੈ ਕਿ ਪੰਜਾਬੀ ਜੰਗਨਾਮੇ ਦੀ ਆਪਣੀ ਵੱਖਰੀ ਵਿਧਾ ਹੈ, ਪਰ ਇਸ ਤੋਂ ਵੀ ਬੇਮੁਖ ਨਹੀਂ ਹੋਣਾ ਚਾਹੀਦਾ ਕਿ ਇਹ ਫ਼ਾਰਸੀ ਜੰਗਨਾਮੇ ਦੇ ਪ੍ਰਭਾਵ ਅਧੀਨ ਪੈਦਾ ਹੋਇਆ ਹੈ।

ਇਤਿਹਾਸਕ ਪਿਛੋਕੜ[ਸੋਧੋ]

“ਸਤਾਰਵੀਂ ਸਦੀ ਵਿੱਚ ਪੀਰ ਮੁਹੰਮਦ ਕਾਸਬੀ ਨਾਲ ਜੰਗਨਾਮਾ ਕਾਵਿ ਦੀ ਵੱਖਰੀ ਪ੍ਰਥਾ ਸ਼ੁਰੂ ਹੁੰਦੀ ਹੈ। ਇਸ ਨੇ 1092 ਹਿਜਰੀ ਅਰਥਾਤ ਅੋਰੰਗਜ਼ੇਬ ਦੇ ਸਮੇਂ ਜੰਗਨਾਮਾ ਇਮਾਮ ਹੁਸੈਨ ਲਿਖਿਆ, ਇਸ ਪਿਛੋ ਅਠਾਰਵੀਂ ਸਦੀ ਵਿੱਚ ਇਹ ਪ੍ਰਣਾਲੀ ਮੁਸਲਮਾਨ ਪੰਜਾਬੀਆਂ ਵਿੱਚ ਚੱਲਦੀ ਰਹੀਂ।”(5) ਜਿਸ ਕਰ ਕੇ ਹੋਰ ਵੀ ਬਹੁਤ ਸਾਰੇ ਜੰਗਨਾਮਿਆਂ ਦੀ ਰਚਨਾ ਹੋਈ ਜੋ ਇਸ ਤਰ੍ਹਾਂ ਹਨ:- i) ਜੰਗਨਾਮਾ ਕਰਬਲਾ, ਪੀਰ ਮੁਹੰਮਦ ਕਾਸਬੀ ii) ਜੰਗਨਾਮਾ ਇਮਾਮ ਹੁਸੈਨ, ਹਾਫਿ਼ਜ਼ ਬਰਖੁਰਦਾਰ ਰਾਂਝਾਂ iii) ਜੰਗਨਾਮਾ ਮੁਹੰਮਦ ਬਿਨ ਹਨੀਫ਼, ਹਾਫਿਜ਼ ਬਰਖੁਰਦਾਰ ਰਾਂਝਾ iv) ਜੰਗ ਇਮਾਮ ਹਨੀਫ਼, ਉਹੀ v) ਜੰਗਿ ਕਲਾਂ, ਹਾਮਿਦ ਸ਼ਾਹ ਅੱਬਾਸੀ।”(6)

ਇਸ ਤਰ੍ਹਾਂ ਪੰਜਾਬੀ ਜੰਗਨਾਮਾ ਇਸਲਾਮੀ ਇਤਿਹਾਸ ਦੀ ਇੱਕ ਮਹੱਤਵਪੂਰਨ ਘਟਨਾ ਹੈ, ਜੋ ਜੰਗੇ ਕਰਬਲਾ ਨਾਲ ਸ਼ੁਰੂ ਹੋਇਆ। ਸ਼ੁਰੂ ਤੋਂ ਹੀ ਇਹ ਕਾਵਿ-ਰੂਪ ਵਾਰਾਂ ਤੋਂ ਵੱਖਰਾ ਪਛਾਣਿਆ ਗਿਆ, ਕਿੳਂਕਿ ਇਹਦੇ ਛੰਦ ਅਤੇ ਧੁਨਾਂ ਵਾਰਾਂ ਤੋਂ ਵੱਖਰਾ ਪਛਾਣਿਆ ਗਿਆ, ਕਿੳਂਕਿ ਇਹਦੇ ਛੰਦ ਅਤੇ ਧੁਨਾਂ ਵਾਰਾਂ ਵਾਲੀਆਂ ਨਹੀਂ ਹਨ ਜਿਵੇਂ ਕਿ ਬਿਕਰਮ ਸਿੰਘ ਘੁੰਮਣ ਕਹਿੰਦੇ ਹਨ ਕਿ “ਜੰਗਨਾਮੇ ਵਿੱਚ ਕਿਸੇ ਵਿਸ਼ੇਸ਼ ਛੰਦ ਦੀ ਬੰਦਸ਼ ਨਹੀਂ ਹੁੰਦੀ। ਇਸ ਦਾ ਛੰਦ ਪ੍ਰਬੰਧ ਫ਼ਾਰਸੀ ਮਸਨਵੀ ਨਾਲ ਮਿਲਦਾ ਜੁਲਦਾ ਹੈ ਅਤੇ ਪੰਜਾਬੀ ਜੰਗਨਾਮਾ ਲੇਖਕਾਂ ਨੇ ਆਪਣੇ ਜੰਗਨਾਮਿਆਂ ਵਿੱਚ ਵਧੇਰੇ ਦਵੱਈਏ ਅਤੇ ਬੈਂਤ ਛੰਦ ਦੀ ਵਰਤੋਂ ਕੀਤੀ ਹੈ।”(7)

ਕੀ ਜੰਗਨਾਮਾ ਅਤੇ ਵਾਰ ਇਕੋ ਹਨ[ਸੋਧੋ]

ਇਹ ਤਾਂ ਸਿੱਧ ਹੋ ਗਿਆ ਹੈ ਕਿ ਪੰਜਾਬੀ ਜੰਗਨਾਮਾ ਫ਼ਾਰਸੀ ਜੰਗਨਾਮੇ ਦੇ ਪ੍ਰਭਾਵ ਅਧੀਨ ਪੈਂਦਾ ਹੋਇਆ ਅਤੇ ਇਹ ਇੱਕ ਵੱਖਰੀ ਵਿਧਾ ਸਥਾਪਿਤ ਕਰਦਾ ਹੈ। ਪੰਜਾਬੀ ਜੰਗਨਾਮਾ ਵੱਖਰੀ ਵਿਧਾ ਕਿਵੇਂ ਸਥਾਪਿਤ ਕਰਦਾ ਹੈ? ਬਹੁਤ ਸਾਰੇ ਵਿਦਵਾਨ ਜੰਗਨਾਮੇ ਨੂੰ ਪਰਿਭਾਸ਼ਤ ਕਰਦਿਆ ਜੰਗਨਾਮੇ ਅਤੇ ਵਾਰ ਨੂੰ ਇਕੋ ਦੱਸਦੇ ਹਨ ਜਿਵੇਂ:- ਸੁਰਿੰਦਰ ਸਿੰਘ ਕੋਹਲੀ ਅਨੁਸਾਰ, “ਯੁੱਧ ਕਾਵਯ ਦਾ ਨਾਂ ਹੈ ‘ਵਾਰ` ਜਾਂ ਜੰਗਨਾਮਾ, ‘ਵਾਰ` ਜਾਂ ਜੰਗਨਾਮਾ ਪਹਿਲੇ ਚਾਰਣ, ਢਾਡੀ, ਬੰਦੀ ਜਨ ਜਾਂ ਭੱਟ ਜਾਂ ਕਵੀ ਲੋਕ ਖ਼ਾਸ ਤੌਰ `ਤੇ ਰਾਜ ਦਰਬਾਰਾਂ ਵਿੱਚ ਉਹਨਾਂ ਦੀਆਂ ਫੋਜਾਂ ਨੂੰ ਯੋਧਿਆ ਦੀਆਂ ਬਹਾਦਰੀਆਂ ਸੁਣਾ ਕੇ ਜੰਗ ਦਾ ਜੋਸ਼ ਜਾਂ ਉਤਸ਼ਾਹ ਦੇਣ ਲਈ ਗਾਇਆ ਕਰਦੇ ਸਨ।”(8) ਉਸੇ ਤਰ੍ਹਾਂ ਸ਼ਮਸ਼ੇਰ ਸਿੰਘ ‘ਅਸ਼ੋਕ` ਕਹਿੰਦੇ ਹਨ ਕਿ “ਸਾਹਿਤ ਵਿੱਚ ਜੰਗਨਾਮਾ ਅਥਵਾ ‘ਵਾਰ` ਇਕੋ ਹੀ ਅਰਥ ਰੱਖਣ ਵਾਲੇ ਦੋ ਸ਼ਬਦ ਹਨ।”(9) ਉਹ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ‘ਚੰਡੀ ਦੀ ਵਾਰ` ਨੂੰ ਵੀ ਜੰਗਨਾਮਾ ਅਥਵਾ ਵਾਰ ਕਹਿੰਦੇ ਹਨ। ਜਦਕਿ ਜੰਗਨਾਮੇ ਵਿੱਚ ਕੋਈ ਵਾਸਤਵਿਕ ਘਟਨਾ ਦਾ ਹੀ ਬਿਆਨ ਹੁੰਦਾ ਹੈ। ਪਰ ਵਾਰ ਕਲਪਨਿਕ ਘਟਨਾਵਾਂ ਉੱਤੇ ਵੀ ਲਿਖੀ ਜਾਂ ਸਕਦੀ ਹੈ ਅਤੇ ਚੰਡੀ ਦੀ ਵਾਰ ਵਿੱਚ ਸਿਰਫ਼ ਕਲਪਨਿਕ ਅਤੇ ਮਿਥਿਹਾਸਕ ਪਾਤਰ ਹੀ ਹਨ। ਜਿਸ ਕਰ ਕੇ ਇਸਨੂੰ ਵਾਰ ਹੀ ਕਿਹਾ ਜਾ ਸਕਦਾ ਹੈ ਜੰਗਨਾਮਾ ਨਹੀਂ।
“ਜੰਗਨਾਮੇ ਵਿੱਚ ਇਤਿਹਾਸਕ ਪੱਖ ਦਾ ਖ਼ਾਸ ਧਿਆਨ ਰੱਖਿਆ ਜਾਂਦਾ ਹੈ। ਜਿਵੇਂ-ਲੜਾਈ ਦਾ ਸਥਾਨ, ਹਥਿਆਰਾਂ ਦਾ ਵਰਣਨ, ਹਾਣ-ਲਾਭ ਦਾ ਅਨੁਮਾਨ, ਅੰਤਿਮ, ਜਿੱਤ ਤੇ ਉਸ ਦੇ ਸਿੱਟੇ ਆਦਿ। ਇੱਥੇ ਕਵੀ ਵਾਸਤਵਿਕਤਾ ਦੇ ਨੇੜੇ ਰਹਿਣ ਦਾ ਜਤਨ ਕਰਦਾ ਹੈ। ਪਰ ਵਾਰ ਇਨ੍ਹਾਂ ਗੱਲਾਂ ਵੱਲ ਧਿਆਨ ਰੱਖਣ ਦੀ ਕੋਈ ਪਾਬੰਧੀ ਨਹੀਂ।”(10) ਇਸ ਤੋਂ ਇਲਾਵਾ ਜੰਗਨਾਮੇ ਦਾ ਨਾਇਕ ਆਮ ਤੋਰ ਤੇ ਗਰਦਾ ਹੈ ਅਤੇ ਵਾਰ ਦਾ ਨਾਇਕ ਵਧੇਰੇ ਤੌਰ 'ਤੇ ਜਿੱਤਦਾ ਹੈ। ਇਸ ਤਰ੍ਹਾਂ ਪੰਜਾਬੀ ਜੰਗਨਾਮਾ ਆਪਣੀ ਵੱਖਰੀ ਵਿਧਾ ਸਥਾਪਿਤ ਕਰਦਾ ਹੈ ਅਤੇ ਇਹ ਵਾਰ ਤੋਂ ਬਿਲਕੁਲ ਵੱਖਰਾ ਹੈ।

ਪੰਜਾਬੀ ਜੰਗਨਾਮੇਂ[ਸੋਧੋ]

“ਪੰਜਾਬੀ ਵਿੱਚ ਸਭ ਤੋਂ ਪੁਰਾਣਾ ਜੰਗਨਾਮਾ, ਕੋਸ਼ਕਾਰ ਅਨੁਸਾਰ, ਗੁਰੁ ਗੋਬਿੰਦ ਸਿੰਘ ਨਾਲ ਸੰਬੰਧਿਤ ਕਵੀ ਅਣੀ ਰਾਏ ਦਾ ਮਿਲਦਾ ਹੈ। (ਜੰਗਨਾਮਾ-ਗੁਰੂ ਗੋਬਿੰਦ ਸਿੰਘ), ਜਿਸ ਦੀ ਲਿਪੀ ਗੁਰਮੁਖੀ ਤੇ ਬੋਲੀ ਬ੍ਰਜ ਦੀ ਰੰਗਣ ਵਾਲੀ ਹੈ। ਨਿਰੋਲ ਪੰਜਾਬੀ ਦਾ ਜੰਗਨਾਮਾ ਜੋ ਸਾਰਿਆ ਨਾਲੋਂ ਪੁਰਾਣਾ ਹੈ, ਉਹ ਲਾਹੌਰੀ ਰਚਿਤ ਜੰਗਨਾਮਾ ਇਮਾਮ ਹੁਸੈਨ ਦਾ “ਰੋਜ਼ਾਤਲ ਸ਼ੁਹਦਾ” ਮੰਨਿਆ ਜਾਂਦਾ ਹੈ, ਜੋ 1724 ਈ. ਵਿੱਚ ਲਿਖਿਆ ਗਿਆ।11 ਇਨ੍ਹਾਂ ਤੋਂ ਇਲਾਵਾ ਪੰਜਾਬੀ ਦੇ ਚਰਚਿਤ ਜੰਗਨਾਮੇ ਹਨ:-
1.ਕਵੀ ਮੁਕਬਲ ਦਾ ਜੰਗਨਾਮਾ(1747)<br 2.ਕਾਨ ਸਿੰਘ ਭੰਗਾ ਦਾ ਜੰਗਨਾਮਾ ਲਾਹੌਰ 3.ਮਟਕ ਦਾ ਜੰਗਨਾਮਾ ਸਿੰਘਾਂ ਤੇ ਫਰੰਗੀਆਂ 4.ਖਜਾਨ ਸਿੰਘ ਦਾ ਜੰਗਨਾਮਾ ਦਿੱਲੀ 5.ਮੀਆਂ ਕਰੀਮ ਬਖ਼ਸ਼ ਬਦਰ ਦਾ ਜੰਗਨਾਮਾ ਹਜ਼ਰਤ ਅਲੀ 6.ਸ਼ਿਆਮ ਸਿੰਘ ਜੰਗਨਾਮਾ ਕਾਬਲ ਕੰਧਾਰ ਦਾ 7.ਕਰਮ ਸਿੰਘ ਜੰਗਨਾਮਾ ਕਾਵਲ 8.ਗੋਪਾਲ ਸਿੰਘ ਮਿਸਤਰੀ ਜੰਗਨਾਮਾ ਮਾਲਾਕੰਧ 9.ਚੂਹੜ ਸਿੰਘ ਦਾ ਖਾਲਸਾ ਬਹਾਦਰ ਜੰਗ ਸਾਰਾਗੜ੍ਹੀ 10.ਮੇਹਰ ਸਿੰਘ ਖਾਲਸਾ ਦਾ ਬਹਾਦਰ ਜੰਗ ਸਾਰਾਗੜ੍ਹੀ ਨੰਬਰ2 11.ਕਾਦਰਯਾਰ ਦਾ ਜੰਗਨਾਮਾ ਹਰੀ ਸਿੰਘ ਨਲੂਆ 12. ਜੰਗਨਾਮਾ ਸ਼ਾਹ ਮੁੰਹਮਦ,
13. ਕਵੀ ਨਿਹਾਲ ਸਿੰਘ ਦਾ ਜੰਗਨਾਮਾ ਲਾਹੌਰ 14. ਮਟਕ ਦਾ ਜੰਗਨਾਮਾ,
15. ਖੋਜੀ ਕਾਫ਼ਿਰ ਦਾ ਜੰਗਨਾਮਾ ਹਿੰਦ ਪੰਜਾਬ 16.ਰਾਮ ਦਿਆਲ ਮਾਣਕ ਦਾ ਹਰੀ ਸਿੰਘ ਨਲੂਆ 17.ਮੁਕਾਬਲੇ ਦਾ ਪੀਰ ਅਬਦੁਲ ਕਾਦਰ ਜੀਲਾਨੀ 18.ਅਹਿਮਦ ਯਾਰ ਜੰਗਬਦਰ ਇਸ ਤਰ੍ਹਾਂ ਇਹ ਸਾਰੇ ਜੰਗਨਾਮੇ, ਪੰਜਾਬੀ ਜੰਗਨਾਮਿਆਂ ਵਿੱਚ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ ਸਾਰਿਆਂ ਵਿਚੋਂ ‘ਜੰਗਨਾਮਾ ਸ਼ਾਹ-ਮੁਹੰਮਦ` ਸਭ ਤੋਂ ਜ਼ਿਆਦਾ ਚਰਚਿਤ ਰਿਹਾ ਹੈ।

ਹਵਾਲੇ[ਸੋਧੋ]

1. ਗੁਰਦੇਵ ਸਿੰਘ, ‘ਜੰਗਨਾਮਾ-ਸਰੂਪ: ਸਿਧਾਤ ਤੇ ਵਿਕਾਸ`, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1995, ਪੰਨਾ-10
2. ਦਿਲਬਾਰਾ ਸਿੰਘ ਬਾਜਵਾ (ਡਾ.), ‘ਪੰਜਾਬੀ ਜੰਗਨਾਮੇ` ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2012, ਪੰਨਾ-24
3. ਗੁਰਦੇਵ ਸਿੰਘ, ‘ਜੰਗਨਾਮਾ- ਸਰੂਪ ਸਿੰਧਾਤ ਤੇ ਵਿਕਾਸ`, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1995, ਪੰਨਾ-10-11
4. ਜੀਤ ਸਿੰਘ ਸੀਤਲ, ‘ਪੰਜਾਬੀ ਸਾਹਿਤ ਦਾ ਅੋਚਨਾਤਮਕ ਇਤਿਹਾਸ (ਆਦਿ ਕਾਲ ਤੋਂ 1900 ਈ. ਤੱਕ)`, ਪੈਪਸੂ ਬੁੱਕ ਡਿਪੋ, ਪਟਿਆਲਾ, 1974, ਪੰਨਾ- 219
5. ਜੀਤ ਸਿੰਘ ਸੀਤਲ, ‘ਪੰਜਾਬੀ ਸਾਹਿਤ ਦਾ ਅੋਚਨਾਤਮਕ ਇਤਿਹਾਸ (ਆਦਿ ਕਾਲ ਤੋਂ 1900 ਈ. ਤੱਕ)`, ਪੈਪਸੂ ਬੁੱਕ ਡਿਪੋ, ਪਟਿਆਲਾ, 1974, ਪੰਨਾ- 219
6. ਸੰਪਾ. ਡਾ. ਗੁਰਦੇਵ ਸਿੰਘ, ‘ਪੰਜਾਬੀ ਜੰਗਨਾਮੇ`, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2003, ਪੰਨਾ- 8
7. ਬਿਕਰਮ ਸਿੰਘ ਘੁੰਮਣ, ਚਰਨਜੀਤ ਸਿੰਘ ਗੁਮਟਾਲਾ, ‘ਚੰਡੀ ਦੀ ਵਾਰ ਚਿੰਤਨ ਤੇ ਕਲਾਂ`, ਪੰਜਾਬੀ ਰਾਈਟਰਜ਼ ਕੋਆਪਰੋਟਿਵ ਸੋਸਾਇਟੀ ਲਿਮਟਿਡ ਲੁਧਿਆਣਾ, 200, ਪੰਨਾ- 13-14
8. ਦਿਲਬਾਰਾ ਸਿੰਘ ਬਾਜਵਾ (ਡਾ.), ‘ਪੰਜਾਬੀ ਜੰਗਨਾਮੇ`, ਉਹੀ ਪੰਨਾ- 25
9. ਸੰਪਾ. ਸ਼ਮਸ਼ੇਰ ਸਿੰਘ ‘ਅਸ਼ੋਕ`, ‘ਪ੍ਰਾਚੀਨ ਵਾਰਾਂ ਤੇ ਜੰਗਨਾਮੇਂ`, ਸ਼੍ਰੋਮਾਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, 1983, ਪੰਨਾ- ੳ-ੲ
10. ਸੁਤਿੰਦਰ ਸਿੰਘ ਨੂਰ, ‘ਪੰਜਾਬੀ ਵਾਰ-ਕਾਵਿ ਦਾ ਇਤਿਹਾਸ`, ਪੰਜਾਬੀ ਅਦਾਮੀ, ਦਿੱਲੀ, 2005, ਪੰਨਾ- 194-195
11. ਗੁਰਦੇਵ ਸਿੰਘ, ‘ਜੰਗਨਾਮਾ-ਸਰੂਪ`, ਸਿਧਾਂਤ ਤੇ ਵਿਕਾਸ: ਉਹੀ ਪੰਨਾ-11
12. ਸੁਤਿੰਦਰ ਸਿੰਘ ਨੂਰ ਉਹੀ ਪੰਨਾ-195-207