ਪੰਜਾਬੀ ਪਰਿਵਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੰਜਾਬੀ ਪਰਿਵਾਰ ਪੰਜਾਬੀ ਸੱਭਿਆਚਾਰ ਦੀ ਇੱਕ ਮਹੱਤਵਪੂਰਨ ਸੰਸਥਾ ਹੈ। ਇਹ ਸਮਾਜ ਅਤੇ ਸੱਭਿਆਚਾਰ ਵਿਚਲੀ ਰਿਸ਼ਤਾ ਪ੍ਰਣਾਲੀ ਦੀ ਬੁਨਿਆਦੀ ਧਰਾਤਲ ਭੂਮੀ ਹੈ।

ਲੋਕ ਮਨ ਪੰਜਾਬੀ ਪਰਿਵਾਰ ਨੂੰ ਇੱਕ ਬਾਗ ਦੀ ਨਿਆਈ ਸਮਝਦਾ ਹੈ ਜਿਸ ਦੇ ਹਰੇ ਰਹਿਣ ਦਾ ਅਸ਼ੀਰਵਾਦ ਹਰ ਬਜ਼ੁਰਗ ਔਰਤ ਆਪਣੇ ਮਹੱਲੇ ਦੀਆਂ ਨੂੰਹਾਂ ਧੀਆਂ ਨੂੰ ਦੇਂਦੀ ਹੈ। “ਪਰਿਵਾਰ ਵਿਆਹ, ਖੂਨ ਦੇ ਜਾਂ ਮੁਤੱਬਨਿਆਂ ਦੇ ਸਮੂਹ ਹੈ ਜਿਸ ਵਿੱਚ ਇੱਕ ਘਰ ਵਿੱਚ ਪਤੀ, ਪਤਨੀ, ਮਾਤਾ ਪਿਤਾ, ਲੜਕੇ ਲੜਕੀਆਂ ਤੇ ਭੈਣ ਭਰਾ ਆਪਣੇ-ਆਪਣੇ ਸਮਾਜਿਕ ਕਾਰਜਾਂ ਦੇ ਰੂਪ ਵਿੱਚ ਇੱਕ ਦੂਸਰੇ ਨਾਲ ਅੰਤਰ ਕਾਰਜ ਅਤੇ ਅੰਤਰ-ਸੰਚਾਰ ਕਰਦੇ ਹਨ ਅਤੇ ਮੇਲ-ਮਿਲਾਪ ਨਾਲ ਇੱਕ ਸਾਂਝੇ ਕਲਚਰ ਨੂੰ ਉਪਜਾਂਦੇ ਹਨ ਅਤੇ ਉਹਨਾਂ ਦੀ ਸੰਭਾਲ ਵੀ ਕਰਦੇ ਹਨ।"[1]

ਪੰਜਾਬੀ ਪਰਿਵਾਰ ਦੇ ਰੂਪ[ਸੋਧੋ]

ਪੰਜਾਬੀ ਪਰਿਵਾਰ ਦਾ ਵਰਗੀਕਰਨ ਦੋ ਰੂਪਾਂ ਵਿੱਚ ਕੀਤਾ ਜਾਂਦਾ ਹੈ।

ਸੰਯੁਕਤ ਪਰਿਵਾਰ[ਸੋਧੋ]

ਵੈਦਿਕ ਕਾਲ ਤੋਂ ਹੀ ਪੰਜਾਬੀ ਸਮਾਜ ਵਿੱਚ ਸੰਯੁਕਤ ਪਰਿਵਾਰ ਦੀ ਪ੍ਰਥਾ ਚੱਲੀ ਆ ਰਹੀ ਹੈ। ਇਹ ਪਰਿਵਾਰ ਪਿਤਾ ਪੁਰਖੀ ਧਾਰਨਾ ਤੇ ਚੱਲਦਾ ਹੈ। ਇਸ ਵਿੱਚ ਘਰ ਦਾ ਸਭ ਤੋਂ ਸਿਆਣਾ ਵਿਅਕਤੀ ਪਰਿਵਾਰ ਦਾ ਮੁੱਖੀ ਹੁੰਦਾ ਹੈ ਜਿਸ ਨੂੰ ‘ਲਾਣੇਦਾਰ` ਵੀ ਕਿਹਾ ਜਾਂਦਾ ਹੈ ਉਸ ਦੀ ਅਗਵਾਈ ਹੇਠ ਸਾਰਾ ਪਰਿਵਾਰ ਕੰਮ ਕਰਦਾ ਹੈ। ਇਹ ਸਾਂਝ ਤਿੰਨ ਪੀੜੀਆਂ ਤੱਕ ਵੀ ਚੱਲਦੀ ਹੈ। ਇਹ ਉਹਨਾਂ ਵਿਅਕਤੀਆਂ ਦਾ ਸਮੂਹ ਹੈ ਜੋ ਆਮ ਕਰ ਕੇ ਇੱਕ ਹੀ ਮਕਾਨ ਵਿੱਚ ਰਹਿੰਦੇ ਹਨ। ਇੱਕ ਰਸੋਈ ਦਾ ਪੱਕਿਆਂ ਭੋਜਨ ਖਾਂਦੇ ਹਨ, ਸੰਪਤੀ ਦੇ ਮਾਲਕ ਸਾਰੇ ਮੈਂਬਰ ਹੁੰਦੇ ਹਨ, ਅਤੇ ਉਹਨਾਂ ਦਾ ਰਿਸ਼ਤਾ ਰਕਤ ਸੰਬੰਧੀ ਹੁੰਦਾ ਹੈ, ਇਸ ਵਿੱਚ ਬੱਚੇ ਦੀ ਮਾਂ, ਪਿਉ ਉਸ ਦੇ ਵਿਆਹੇ, ਅਣਵਿਆਹੇ ਭੈਣ ਭਰਾ, ਚਾਚੇ ਤਾਏ ਆਦਿ ਇਕੱਠੇ ਰਹਿੰਦੇ ਹਨ।

ਇਕਹਿਰਾ ਪਰਿਵਾਰ[ਸੋਧੋ]

ਜਿਸ ਤਰ੍ਹਾਂ ਉਪਜੀਵਿਕਾ ਦੇ ਸਾਧਨ ਵੱਧ ਰਹੇ ਹਨ ਉਸ ਤਰ੍ਹਾਂ ਇਕਹਿਰੇ ਪਰਿਵਾਰ ਹੋਂਦ ਵਿੱਚ ਆ ਰਹੇ ਹਨ। ਇਕਹਰੇ ਪਰਿਵਾਰ ਵਿੱਚ ਮਾਤਾ ਪਿਤਾ ਅਤੇ ਬੱਚੇ ਸ਼ਾਮਲ ਹੁੰਦੇ ਹਨ। ਪੰਜਾਬੀ ਸਮਾਜ ਵਿੱਚ ਅੱਜ ਇਕਹਿਰੇ ਪਰਿਵਾਰ ਦੀ ਪ੍ਰਵਿਰਤੀ ਭਾਰੂ ਹੋ ਗਈ ਹੈ।

ਸਮਾਜੀਕਰਨ ਦੇ ਅਦਾਰੇ ਵਜੋਂ ਪਰਿਵਾਰ ਦੀ ਭੂਮਿਕਾ[ਸੋਧੋ]

ਸਮਾਜ ਵਿੱਚ ਪਰਿਵਾਰ ਬੱਚਿਆਂ ਦੇ ਸਮਾਜੀਕਰਨ ਦਾ ਸਭ ਤੋਂ ਮੁੱਖ ਅਦਾਰਾ ਹੁੰਦਾ ਹੈ। ਪਰਿਵਾਰ ਤੋਂ ਹੀ ਵਿਅਕਤੀ ਸਮਾਜੀ ਕਦਰ ਪ੍ਰਣਾਲੀ ਤੋਂ ਜਾਣੂ ਹੋ ਕੇ ਵਿਅਕਤੀ ਸਮੂਹ ਦੀਆਂ ਇੱਛਾਵਾਂ - ਭਾਵਨਾਵਾਂ ਆਦਿ ਨੂੰ ਸਮਝਣ ਦੇ ਸਮਰੱਥ ਹੋ ਸਕਦਾ ਹੈ ਅਤੇ ਉਹ ਨਵ-ਉਸਾਰੀ ਅਤੇ ਉਪਜਾਇਕਤਾ ਦੀ ਸ਼ਕਤੀ ਨੂੰ ਆਪਣੇ ਆਪ ਵਿੱਚ ਪ੍ਰਫੁਲਿਤ ਕਰਨ ਦੇ ਹਿਤ ਯਤਨਸ਼ੀਲ ਰਹਿੰਦਾ ਹੈ ਇਥੋਂ ਹੀ ਉਹ ਗੁੱਲੀ, ਜੁੱਲੀ ਅਤੇ ਕੁੱਲੀ ਆਦਿ ਜਿਹੀਆਂ ਬੁਨਿਆਦੀ ਲੋੜਾਂ ਦੇ ਯਥਾਰਥ ਤੋਂ ਜਾਣੂ ਹੋ ਕੇ ਆਪਣੇ ਉਪਜਾਊ ਅਤੇ ਸਿਰਜਨਾਤਮਕ ਸ਼ਕਤੀ ਦੇ ਬਲਬੂਤੇ ਸਦਕਾ ਆਪਣੀ ਜੈਵਿਕ ਹੋਂਦ ਸਥਿਤੀ ਨੂੰ ਪ੍ਰਵਾਹਮਾਨ ਕਰਦਾ ਰਹਿੰਦਾ ਹੈ।

ਅਜੋਕਾ ਪੰਜਾਬੀ ਪਰਿਵਾਰ[ਸੋਧੋ]

ਵਿਦਿਆ ਦੇ ਪਸਾਰ ਸਦਕਾ, ਪੂੰਜੀਵਾਦ ਪ੍ਰਬੰਧ ਦੇ ਹੋਂਦ ਵਿੱਚ ਆਉਣ ਨਾਲ ਪੰਜਾਬੀ ਪਰਿਵਾਰ ਬਦਲ ਰਿਹਾ ਹੈ। ਇਕਹਿਰਾ ਪਰਿਵਾਰ ਹੋਂਦ ਵਿੱਚ ਆ ਰਿਹਾ ਹੈ। ਹੁਣ ਤਾਂ ਪਿੰਡਾਂ ਵਿੱਚ ਬਹੁਤ ਘੱਟ ਸੰਯੁਕਤ ਪਰਿਵਾਰ ਹਨ। ਨਹੀਂ ਤਾਂ ਹੁਣ ਆਉਣ ਪਰਾਈਆਂ ਜਾਈਆਂ, ਨਿਖੇੜਨ ਸਕਿਆ ਭਾਈਆਂ ਵਾਲੀ ਅਖਾਉਤ ਅਨੁਸਾਰ ਵਿਆਹ ਹੁੰਦੇ ਸਾਰ ਹੀ ਮੁੰਡਾ ਵੱਖਰਾ ਹੋ ਜਾਂਦਾ ਹੈ ਤੇ ਆਪਣਾ ਪਰਿਵਾਰ ਸਿਰਜ ਲੈਂਦਾ ਹੈ। ਅਜੋਕਾ ਜੀਵਨ ਪਰਿਵਾਰ ਦੇ ਸੰਬੰਧ `ਚ ਕਵੀ ਮੋਹਨ ਸਿੰਘ ਕਹਿੰਦਾ ਹੈ।

“ਵਾਹ ਰਲ ਬਹਿਣਾ ਪੰਜਾਬੀਆ ਦਾ

ਵਾਹ ਝਗੜਾ ਦਿਉਰਾ ਭਾਬੀਆਂ ਦਾ

ਜਦ ਚੁੱਲੇ ਵੱਖਰੇ ਹੋ ਜਾਂਦੇ

ਉਹ ਬਾਤ ਨਾ ਰਹਿੰਦੀ ਵਿਹੜੇ ਦੀ।"[2]

ਅੰਤ ਵਿੱਚ ਕਹਿ ਸਕਦੇ ਹਾਂ ਕਿ

ਪਰਿਵਾਰਕ ਸਬੰਧਾਂ ਵਿੱਚ ਮੂਲ ਪਰਵਰਤਨਾਂ ਨਾਲ ਸਾਂਝ ਦੀਆਂ ਤੰਦਾਂ ਟੁੱਟਦੀਆਂ ਜਾ ਰਹੀਆਂ ਹਨ। ਪਰ ਪਰੰਪਰਾ ਦਾ ਪ੍ਰਭਾਵ ਏਨਾ ਪ੍ਰਬਲ ਹੈ ਕਿ ਪਰਿਵਰਤਨਾਂ ਦੇ ਬਾਵਜੂਦ ਰਸਮਾਂ ਰਿਵਾਜਾਂ ਸਮੇਂ ਪ੍ਰਾਚੀਨ ਪਰਿਵਾਰਕ ਸਬੰਧਾਂ ਦੀ ਨਿੱਘ ਤੇ ਨੁਹਾਰ ਆਪਣਾ ਜਲੋ ਅਵੱਸ਼ ਦਿਖਾਉਂਦੀ ਹੈ।

ਹਵਾਲਾ ਪੁਸਤਕਾਂ[ਸੋਧੋ]

  1. ਕਰਨਜੀਤ ਸਿੰਘ, ਪੰਜਾਬ ਦੀ ਲੋਕਧਾਰਾ ਤੇ ਪੰਜਾਬੀ ਜੀਵਨ, ਨਵਯੁੱਗ ਪਬਲਿਸ਼ਰਜ਼, ਦਿੱਲੀ।
  2. ਡਾ. ਜੀਤ ਸਿੰਘ ਜੋਸ਼ੀ, ਲੋਕ ਕਲਾ ਅਤੇ ਸੱਭਿਆਚਾਰ: ਮੁੱਢਲੀ ਜਾਣ ਪਛਾਣ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
  3. ਡਾ. ਸੁਖਦੇਵ ਸਿੰਘ, ਪੇਂਡੂ ਸਮਾਜ ਅਤੇ ਪੇਂਡੂ ਵਿਕਾਸ, ਪਬਲੀਕੇਸ਼ਨ ਬਿਊਰੋ

ਹਵਾਲੇ[ਸੋਧੋ]

  1. ਡਾ. ਸੁਖਦੇਵ ਸਿੰਘ, ਪੇਂਡੂ ਸਮਾਜ ਅਤੇ ਪੇਂਡੂ ਵਿਕਾਸ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ ਪੇਜ ਨੰ: 23
  2. ਕਰਨਜੀਤ ਸਿੰਘ, ਪੰਜਾਬ ਦੀ ਲੋਕਧਾਰਾ ਤੇ ਪੰਜਾਬੀ ਜੀਵਨ, ਨਵਯੁੱਗ ਪਬਲਿਸ਼ਰਜ਼, ਦਿੱਲੀ, ਪੇਜ ਨੰ: 78