ਸਮੱਗਰੀ 'ਤੇ ਜਾਓ

ਪੰਜਾਬੀ ਲੋਕ-ਕਾਵਿ ਵਿਚ ਸਾਕਾਦਾਰੀ ਪ੍ਰਬੰਧ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੰਜਾਬੀ ਲੋਕ-ਕਾਵਿ ਵਿੱਚ ਸਾਕਾਦਾਰੀ ਪ੍ਰਬੰਧ:

[ਸੋਧੋ]

ਭੂਮਿਕਾ:

[ਸੋਧੋ]

ਲੋਕ-ਕਾਵਿ ਦਾ ਵਡੇਰਾ ਭਾਗ ਮਨੁੱਖ ਦੀਆ ਅਤ੍ਰਿਪਤ, ਅਸੰਤੁਸ਼ਟ ਲਾਲਸਾਵਾਂ ਅਤੇ ਅਕਾਂਖਿਆਵਾਂ ਦੇ ਪ੍ਰਗਟਾਵੇ ਵਜੋਂ ਹੀ ਹੋਂਦ ਵਿੱਚ ਆਇਆ ਹੈ। ਸਮਾਜਿਕ ਪ੍ਰਤੀਮਾਨ ਅਕਸਰ ਸਬੰਧਿਤ ਸਮਾਜ ਦੀ ਸਾਕਾਦਾਰੀ ਪ੍ਰਣਾਲੀ ਦੇ ਰੂਪ ਵਿੱਚ ਜਾਂ ਉਸ ਨਾਲ ਜੁੜੀ ਕਦਰ ਪ੍ਰਣਾਲੀ ਦੇ ਰੂਪ ਵਿੱਚ ਆਪਣੀ ਹੋਂਦ ਕਾਇਮ ਕਰਦੇ ਹਨ। ਇਸ ਦ੍ਰਿਸ਼ਟੀ ਤੋਂ ਪੰਜਾਬੀ ਲੋਕ-ਕਾਵਿ ਦਾ ਪੰਜਾਬੀ ਸਾਕਾਦਾਰੀ ਪ੍ਰਬੰਧ ਨਾਲ ਗਹਿਰਾ ਸਬੰਧ ਹੋਣ ਦਾ ਸੰਕੇਤ ਮਿਲ ਜਾਂਦਾ ਹੈ।

ਲੋਕ-ਕਾਵਿ ਦੀ ਪ੍ਰਕਿਰਤੀ:

[ਸੋਧੋ]

ਲੋਕ-ਕਾਵਿ ਦੇ ਵਿਲੱਖਣ ਗੁਣ ਲੱਛਣਾ ਦੀ ਦ੍ਰਿਸ਼ਟੀ ਤੋਂ ਲੋਕ-ਕਾਵਿ ਵਿਸ਼ਿਸ਼ਟ ਕਾਵਿ ਦੇ ਮੁਕਾਬਲੇ ਵਿਅਕਤੀ ਚੇਤਨਾ ਨਾਲੋਂ ਸਮੂਹਿਕ ਚੇਤਨਾ ਦਾ ਪ੍ਰਗਟਾਵਾ ਵਧੇਰੇ ਕਰਦਾ ਹੈ। ਪਰੰਪਰਾਗਤ ਰੂਪ ਵਿੱਚ ਵਾਰ-ਵਾਰ ਦੁਹਰਾਏ ਜਾਣ ਵਾਲੇ ਮੋਟਿਫ਼ਾਂ ਤੇ ਉਸਰਿਆ ਲੋਕ-ਕਾਵਿ ਅਕਸਰ ਲੋਕ-ਪ੍ਰਵਾਨਗੀ ਪ੍ਰਾਪਤ ਕਰ ਲੈਂਦਾ ਹੈ ਅਤੇ ਲੋਕ-ਮੁਹਾਵਰੇ ਦਾ ਅੰਗ ਬਣ ਜਾਣ ਕਾਰਨ ਇਹ ਵਧੇਰੇ ਮੰਨਣਯੋਗ ਅਤੇ ਪ੍ਰਭਾਵਸ਼ਾਲੀ ਕਲਾ ਰੂਪ ਹੋਣ ਦੇ ਗੁਣ ਧਾਰਨ ਕਰ ਲੈਂਦਾ ਹੈ। ਸਰਲਤਾ, ਸਹਿਜਤਾ, ਮਧੁਰਤਾ ਅਤੇ ਆਪ ਮੁਹਾਰਤਾ, ਲੋਕ-ਕਾਵਿ ਦੇ ਅਜਿਹੇ ਹੀ ਵਿਲੱਖਣ ਗੁਣ ਸਮਝੇ ਜਾਂਦੇ ਹਨ।

ਪੰਜਾਬੀ ਲੋਕ-ਕਾਵਿ ਤੇ ਸਾਕਾਦਾਰੀ ਪ੍ਰਬੰਧ(ਨਾਨਕੇ ਦਾਦਕੇ):

[ਸੋਧੋ]

ਸਾਕਾਦਾਰੀ ਪ੍ਰਬੰਧ ਦੇ ਸਬੰਧ ਵਿੱਚ ਪਹਿਲੀ ਗੱਲ ਤਾਂ ਇਹ ਸਮਝ ਲੈਣੀ ਚਾਹੀਦੀ ਹੈ ਕਿ ਹਰ ਇੱਕ ਸਮਾਜ ਅੰਦਰ ਪਰਿਵਾਰ ਹੀ ਸਾਕਾਦਾਰੀ ਦੀ ਬੁਨਿਆਦੀ ਇਕਾਈ ਹੁੰਦਾ ਹੈ। ਮੂਲ ਪਰਿਵਾਰ ਦਾ ਬੁਨਿਆਦੀ ਢਾਂਚਾ ਪਰਿਵਾਰ ਵਿੱਚ ਭੋਗ ਮਨਾਹੀਆਂ ਉੱਤੇ ਅਧਾਰਿਤ ਹੁੰਦਾ ਹੈ। ਇਸ ਲਈ ਛੋਟਾ ਪਰਿਵਾਰ ਬਹੁਤਾ ਚਿਰ ਨਹੀਂ ਚੱਲ ਸਕਦਾ ਤੇ ਇਸ ਦੀ ਉਮਰ ਕੇਵਲ ਦੋ ਪੋਚਾਂ ਤੱਕ ਸੀਮਤ ਹੁੰਦੀ ਹੈ। ਪਰਿਵਾਰਕ ਰਿਸ਼ਤੇ ਖ਼ੂਨ ਦੇ ਰਿਸ਼ਤੇ ਅਖਵਾਉਂਦੇ ਹਨ। ਇਸਤਰੀ-ਮਰਦ ਵਿਆਹ ਉਪਰੰਤ ਦੂਜੀ ਕਿਸਮ ਦੇ ਰਿਸ਼ਤੇ ਵੀ ਸਿਰਜਦੇ ਹਨ, ਜਿਨ੍ਹਾਂ ਤੋਂ ਕੁੜਮਾਚਾਰੀ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ। ਇਹ ਦੋਵੇਂ ਕਿਸਮ ਦੇ ਰਿਸ਼ਤੇ ਹੀ ‘ਪੇਕੇ’ ਜਾਂ ‘ਸਹੁਰੇ’, ‘ਨਾਨਕੇ’ ਜਾਂ ‘ਦਾਦਕੇ’ ਰੂਪ ਵਿੱਚ ਆਪਣਾ ਮਹੱਤਵ ਗ੍ਰਹਿਣ ਕਰਦੇ ਹਨ। “ਪੰਜਾਬੀ ਸਮਾਜ ਵਿੱਚ ‘ਨਾਨਕੇ’ ਧੀ ਵਾਲੀ ਧਿਰ ਹੁੰਦੇ ਹਨ ਤੇ ‘ਦਾਦਕੇ’ ਪੁੱਤਰ ਵਾਲੀ ਧਿਰ। ਮਰਦ ਪ੍ਰਧਾਨ ਸਾਕਾਦਾਰੀ ਢਾਂਚੇ ਵਿੱਚ ਇਸੇ ਕਾਰਨ ਦਾਦਕੇ ਧਿਰ ਦੀ ਸਰਦਾਰੀ ਵਧੇਰੇ ਹੁੰਦੀ ਹੈ।”[1] ਉਂਜ ਲੋਕ-ਕਾਵਿ ਅੰਦਰ ‘ਨਾਨਕਾ ਧਿਰ’ ਨੂੰ ਵੀ ਬਰਾਬਰ ਦਾ ਮਹੱਤਵ ਪ੍ਰਾਪਤ ਹੁੰਦਾ ਹੈ। ਅਸਲ ਵਿੱਚ ਨਾਨਕੇ ਅਤੇ ਦਾਦਕੇ ਮਿਲ ਕੇ ਹੀ ਸਮੁੱਚੀ ਸਾਕਾਦਾਰੀ ਦਾ ਸਰੂਪ ਸਾਕਾਰ ਕਰਦੇ ਹਨ। ਆਰਥਿਕ ਪੱਖੋਂ ਕਮਜ਼ੋਰ ਧਿਰ ਲਈ ਅਕਸਰ ‘ਲੋਕ’ ਸ਼ਬਦ ਕੱਸਦੇ ਹਨ-

ਆਪ ਨੰਗ, ਬਾਪ ਨੰਗ

ਤੀਜੇ ਨੰਗ ਨਾਨਕੇ

ਨੰਗੋ ਨੰਗ ਕੱਠੇ ਹੋਏ

ਵਿਆਹ ਕਰਵਾਇਆ ਜਾਂ ਕੇ।

ਪਤੀ-ਪਤਨੀ ਸੰਬੰਧ:

[ਸੋਧੋ]

ਲੋਕ-ਕਾਵਿ ਦਾ ਸਭ ਤੋਂ ਵੱਧ ਭਾਗ ‘ਕੰਤ’ ਦੀ ਪ੍ਰਾਪਤੀ, ‘ਕੰਤ ਦੇ ਵਿਯੋਗ’, ‘ਕੰਤ ਦੇ ਮਿਲਣ’, ‘ਲਾਈ ਲੱਗ ਹੋਣ’, ‘ਸੋਹਣਾ ਜਾਂ ਕੁ ਸੋਹਣਾ ਹੋਣ ਨਾਲ ਸਬੰਧ ਰੱਖਦਾ ਹੈ-

ਹਰਾ ਪੋਣਾ, ਖੱਟਾ ਪੋਣਾ

ਮੇਰੇ ਬਾਪ ਦਾ ਜਵਾਈ ਨੀ, ਬੜਾ ਸੋਹਣਾ।

         ਮਰਦ ਪ੍ਰਧਾਨ ਸਮਾਜਿਕ ਢਾਂਚੇ ਵਿੱਚ ਔਰਤ ਤੇ ਮਰਦ ਦਾ ਰਿਸ਼ਤਾ ਵਿਆਹ ਸੰਬੰਧ ਉੱਤੇ ਟਿਕਿਆ ਹੋਇਆ ਹੈ। ਵਿਆਹ ਦੀ ਕਠੋਰਤਾ ਦਾ ਮੂਲ ਇਸ ਗੱਲ ਵਿੱਚ ਹੈ ਕਿ ਮਰਦ ਉਪਜੀਵੀ ਹੈ ਅਤੇ ਔਰਤ ਪ੍ਰੋ-ਜੀਵੀ। ਪਤਨੀ ਦੇ ਬਿਨ੍ਹਾਂ ਪਤੀ ਦਾ ਕੰਮ ਚੱਲ ਜਾਂਦਾ ਹੈ, ਪ੍ਰੰਤੂ ਮੌਜੂਦਾ ਸਮਾਜਿਕ ਪ੍ਰਬੰਧ ਵਿੱਚ ਪਤੀ ਦੇ ਬਿਨ੍ਹਾਂ ਪਤਨੀ ਬੇਸਹਾਰਾ ਹੈ। ਨਾਰੀ, ਨਰ ਦੀ ਕਾਮਨਾ ਇਸ ਲਈ ਕਰਦੀ ਹੈ ਕਿ ਉਸ ਬਿਨ੍ਹਾਂ ਨਾਰੀ ਦੀ ਮਾਨਵੀ ਸ਼ਨਾਖ਼ਤ ਸਿੱਧ ਨਹੀਂ ਹੋ ਸਕਦੀ। ਸਮਾਜ ਵਿੱਚ ਉਸ ਨੂੰ ਸਥਾਈਪਣ ਅਤੇ ਗੌਰਵ ਪ੍ਰਾਪਤ ਨਹੀਂ ਹੁੰਦਾ। ਮਰਦ ਔਰਤ ਲਈ ਠੋਸ ਵਾਸਤਵਿਕਤਾ ਦਾ ਪ੍ਰਤੀਕ ਰਿਹਾ ਹੈ। ਉਹ ਉਸ ਤੋਂ ਭੋਜਨ, ਬਸਤਰ ਅਤੇ ਸਿਰ ਢੱਕਣ ਦਾ ਸਹਾਰਾ ਲੱਭਦੀ ਹੈ। ਇਹੋ ਕਾਰਨ ਹੈ ਕਿ ਔਰਤ ਲੰਬੇ ਸਮੇਂ ਤੱਕ ਮਰਦ ਦੀ ਜੁਦਾਈ ਬਰਦਾਸ਼ਤ ਨਹੀਂ ਕਰ ਸਕਦੀ। ਇਸੇ ਲਈ ਉਹ ਕੁਰਲਾ ਉਠਦੀ ਹੈ-

ਆਪ ਤਾਂ ਚੱਲਿਆ ਨੌਕਰੀ, ਇਥੇ ਵੱਸੂਗਾ ਕਿਹੜਾ

ਨੋਕਰਾ ਵੇ ਇਥੇ ਵੱਸੂਗਾ ਕਿਹੜਾ।

ਧਰਮੀ ਬਾਬਲ:

[ਸੋਧੋ]

ਜਦੋਂ ਇਹ ਕੰਤ ਪਿਓ ਬਣ ਜਾਂਦਾ ਹੈ ਤਾਂ ਲੋਕ-ਕਾਵਿ ਇਸ ਨੂੰ ‘ਬਾਬਲ’ ਖ਼ਾਸ ਕਰ ‘ਧਰਮੀ ਬਾਬਲ’ ਦੇ ਰੂਪ ਵਿੱਚ ਪੇਸ਼ ਕਰਦਾ ਰਿਹਾ ਹੈ। ਪੁੱਤਰ ਵੱਲੋਂ ‘ਬਾਬਲ’ ਨੂੰ ਸੰਬੋਧਨ ਕਰਦੇ ਕਾਵਿ-ਟੋਟੇ ਤਾਂ ਕਦੇ ਦ੍ਰਿਸ਼ਟੀਗੋਚਰ ਨਹੀਂ ਹੋਏ, ਪਰ ‘ਧੀ’ ਤੇ ਬਾਬਲ ਦਾ ਸੰਵਾਦ ਬਹੁਗਿਣਤੀ ਲੋਕ-ਕਾਵਿ ਰੂਪਾਂ ਵਿੱਚ ਮਿਲ ਜਾਂਦਾ ਹੈ। ਇਹ ਜ਼ਿਕਰ ‘ਬਾਬਲ ਮੇਰਾ ਕਦੇ ਨਾ ਨਿਵਿਆ ਧੀਆਂ ਆਣ ਨਿਵਾਇਆ’ ਤੋਂ ‘ਤੇਰੇ ਮਹਿਲਾਂ ਦੇ ਵਿੱਚ ਵਿਚ ਵੇ ਬਾਬਲ ਡੋਲਾ ਨਹੀਂ ਲੰਘਣਾ’ ਤੱਕ ਫ਼ੈਲਿਆ ਮਿਲਦਾ ਹੈ। ਸਮਾਜਿਕ ਮਰਿਯਾਦਾ ਅਨੁਸਾਰ ਬਾਬਲ ‘ਕੰਨਿਆ ਦਾਨ’ ਕਰਨ ਵਾਲਾ ਮਹਾਂਦਾਨੀ ਹੁੰਦਾ ਹੈ। ਪਰ ਫਿਰ ਵੀ ਕਦੇ ਕਦਾਈਂ ਉਸ ਨੂੰ ਧੀ ਦੇ ਸ਼ਿਕਵੇ ਦਾ ਸ਼ਿਕਾਰ ਹੋਣਾ ਹੀ ਪੈਂਦਾ ਹੈ। ਜਿਵੇਂ-

ਮੰਦਾ ਕੀਤਾ ਬਾਬਲ ਨਾਈਆਂ ਦੀ ਜੜ੍ਹ ਜਾਹ।

ਬਾਰਾਂ ਵਰ੍ਹਿਆ ਦਾ ਛੋਕਰਾ ਦਿੱਤੜਾ ਮੇਰੇ ਲੜ ਲਾ।

         ਉਂਜ ਤਾਂ ਧੀ ਬਾਬਲ ਕੋਲੋਂ ਅਕਸਰ ਕਨ੍ਹਈਆ ਵਰ ਦੀ ਹੀ ਲੋਚਾ ਕਰਦੀ ਹੈ ਪਰ ਕਦੇ ਕਦੇ ਆਰਥਿਕ ਪੱਖੋਂ ਖ਼ੁਸ਼ਹਾਲੀ ਲੋਚਦੀ ਇਹ ਵੀ ਆਖ ਦਿੰਦੀ ਹੈ-

ਉਹ ਘਰ ਭਾਲੀਂ ਬਾਬਲਾ

ਜਿੱਥੇ ਲਿੱਪਣੇ ਨਾ ਪੈਣ ਬਨੇਰੇ।

ਮਾਂ-ਧੀ:

[ਸੋਧੋ]

ਧੀ ਤੇ ਬਾਬਲ ਦਾ ਆਪਸੀ ਸੰਵਾਦ ਮੋਹ-ਭਿੱਜਾ, ਮਰਿਯਾਦਾ ਸੰਪੰਨ ਹੁੰਦਾ ਹੈ। ਜਦੋਂ ਕਿ ਮਾਂ-ਧੀ ਦੇ ਰਿਸ਼ਤੇ ਵਿੱਚ ਇੱਕ ਵੱਖਰੀ ਕਿਸਮ ਦੀ ਸਾਂਝ ਦਾ ਅਹਿਸਾਸ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਧੀ ਮਾਂ ਦੀ ਸਭ ਤੋਂ ਵੱਡੀ ਦੋਸਤ ਹੁੰਦੀ ਹੈ। ਮਾਂ-ਧੀ ਦਾ ਇਕੋ ਪਰਦਾ ਹੁੰਦਾ ਹੈ। ਧੀ ਲਈ ‘ਅੰਮੀ ਦਾ ਵਿਹੜਾ’ ਸਵਰਗ ਵਾਂਗ ਹੁੰਦਾ ਹੈ। ਪਰ ਕਦੇ-ਕਦਾਈਂ ਇਸ ਮੋਹ ਭਿੱਜੇ ਰਿਸ਼ਤੇ ਵਿੱਚ ਵੀ ਸਿਕਵੇ ਦਾ ਅੰਸ਼ ਮਿਲਿਆ ਦਿਸ ਪੈਂਦਾ ਹੈ। ਜਿਵੇਂ-

ਘਰ ਨਾ ਵੇਂਹਦੀਆਂ ਦਰ ਨਾਂ ਵੇਂਹਦੀਆਂ,

ਬਦਲੇ ਖੋਰੀਆਂ ਮਾਵਾਂ।

ਪਰ ਕੁੱਲ ਮਿਲਾ ਕੇ ਮਾਂ-ਧੀ ਦਾ ਰਿਸ਼ਤਾ ਵਧੇਰੇ ਨਿੱਘਾ, ਮੋਹ-ਭਿੱਜਾ ਤੇ ਅਪਣਤ ਵਾਲਾ ਰਿਸ਼ਤਾ ਹੈ। ਜਿਸ ਵਿੱਚ ਵਧੇਰੇ ਕਰਕੇ ਸਾਂਝੇ ਦਰਦ ਦਾ ਅਹਿਸਾਸ ਭਰਿਆ ਹੁੰਦਾ ਹੈ।

ਭੈਣ-ਭਰਾ:

[ਸੋਧੋ]

ਪੰਜਾਬੀ ਲੋਕ-ਕਾਵਿ ਵਿੱਚ ਭੈਣ-ਭਰਾ ਦਾ ਰਿਸ਼ਤਾ ਵੀ ਵਿਸ਼ੇਸ਼ ਮਹੱਤਵ ਰੱਖਦਾ ਹੈ। ਮੁਕੰਮਲ ਤੌਰ ’ਤੇ ਲਿੰਗ-ਮਨਾਹੀ ਤੇ ਅਧਾਰਿਤ ਸਮਾਜਿਕ ਪੱਖ ਤੋਂ ਇਹ ਅਤਿਅੰਤ ਅਹਿਮੀਅਤ ਰੱਖਦਾ ਰਿਸ਼ਤਾ ਹੈ। ਭਰਾ, ਭੈਣ ਦੇ ਬੱਚਿਆਂ ਦਾ ਮਾਮਾ ਬਣਦਾ ਹੈ। ਮਾਮਾ ਸਮਾਜ-ਵਿਗਿਆਨ ਦੀ ਦ੍ਰਿਸ਼ਟੀ ਤੋਂ ਮਰਦ-ਮਾਤਾ ਦਾ ਰੁਤਬਾ ਰੱਖਦਾ ਹੈ। ਭੈਣ, ਭਰਾ ਦੇ ਬੱਚਿਆਂ ਦੀ ਭੂਆ ਬਣਦੀ ਹੈ, ਜਿਸ ਨੂੰ ਇਸਤਰੀ-ਪਿਤਾ ਹੋਣ ਦਾ ਮਾਣ ਪ੍ਰਾਪਤ ਹੈ। ‘ਰਾਖੀ ਬੰਧਨ’ ਤੇ ‘ਟਿੱਕਾ ਭਾਈ ਦੂਜ’ ਵਰਗੇ ਤਿਉਹਾਰ ਇਸੇ ਪਾਵਨ ਰਿਸ਼ਤੇ ਨੂੰ ਸਮਰਪਿਤ ਤਿਉਹਾਰ ਹਨ। “ਪੁਰਾਣੇ ਸਮੇਂ ਵਿੱਚ ਜਦੋਂ ਕੁੜੀ ਸੰਪਤੀ ਦੀ ਅਧਿਕਾਰੀ ਨਹੀਂ ਸੀ ਉਸ ਸਮੇਂ ਤਕ ਇਹ ਰਿਸ਼ਤਾ ਪੂਰਨ ਰੂਪ ਵਿੱਚ ਸੁਆਰਥ-ਰਹਿਤ ਹੋਣ ਦਾ ਮਾਣ ਰੱਖਦਾ ਹੈ। ਭਾਵੇਂ ਜ਼ਮੀਨ-ਜਾਇਦਾਦ ਦੀ ਮਾਲਕੀ ਨੇ ਇਸ ਰਿਸ਼ਤੇ ਵਿਚਲੇ ਮਮਤਾ ਭਰੇ ਨਿਸ਼ਕਾਮ ਪਿਆਰ ਵਿੱਚ ਪਹਿਲਾਂ ਵਰਗੀ ਤੀਬਰ ਤਾਂਘ ਨਹੀਂ ਰਹਿਣ ਦਿੱਤੀ ਪਰ ਫਿਰ ਵੀ ਇਸ ਰਿਸ਼ਤੇ ਦਾ ਆਪਣਾ ਵਿਲੱਖਣ ਪ੍ਰਭਾਵ ਲੋਕ-ਕਾਵਿ ਵਿੱਚ ਪ੍ਰਗਟ ਹੁੰਦਾ ਰਿਹਾ ਹੈ।”[2] ਭੈਣ ਅਕਸਰ ਬਚਪਨ ਤੋਂ ਹੀ ਇਹ ਕਾਮਨਾ ਕਰਨੀ ਸ਼ੁਰੂ ਕਰ ਦਿੰਦੀ ਹੈ-

ਦੋ ਵੀਰ ਦੇਈਂ ਵੇ ਰੱਬਾ,

ਇਕ ਮੁਨਸ਼ੀ ਤੇ ਇੱਕ ਪਟਵਾਰੀ।

         ਵੀਰ ਦੇ ਜਨਮ ਦੀ ਭੈਣ ਨੂੰ ਅਥਾਹ ਖੁਸ਼ੀ ਹੁੰਦੀ ਹੈ। ਇੱਕ ਤਾਂ ਵੀਰ ਦੇ ਜਨਮ ਨਾਲ ਉਸਦੇ ‘ਵਰਤਨ ਵਾਲੀ ਧਿਰ’ ਪੈਦਾ ਹੁੰਦੀ ਹੈ, ਦੂਜਾ ਸਮਾਜ ਵਿੱਚ ਉਸ ਦੇ ਬਾਬਲ ਦਾ ਨਾਂ ਰਹਿ ਜਾਂਦਾ ਹੈ। ਭੈਣ ਦਾ ਚਰੋਕਾ ਸੁਪਨਾ ਪੂਰਾ ਹੁੰਦਾ ਹੈ। ਇਸ ਭਾਵਨਾ ਨੂੰ ਲੋਕ-ਕਾਵਿ ਵਿੱਚ ਇਉਂ ਪੇਸ਼ ਕੀਤਾ ਗਿਆ ਹੈ-

ਜਦੋਂ ਸੀ, ਤੂੰ ਜਨਮਿਆ ਵੀਰਾ, ਆਪਣੀ ਮਾਂ ਨੇ ਰਿੱਧੀ ਵੇ ਖੀਰ

ਕੰਧੀ ਚਾਨਣ ਹੋ ਗਿਆ, ਕੋਈ ਜੱਗ ਵਿੱਚ ਪੈ ਗਿਆ

ਵੇ ਅਨਤੋਂ ਪਿਆਰਿਆ, ਸੀਰ।

ਜੀਜਾ-ਸਾਲੀ:

[ਸੋਧੋ]

ਜੀਜਾ-ਸਾਲੀ, ਦਿਉਰ-ਭਰਜਾਈ, ਭਣੋਉ(ਭਣੋਈਏ ਦੀ ਭੈਣ) ਅਤੇ ਸਾਲੇਹਾਰ(ਸਾਲੇ ਦੀ ਵਹੁਟੀ) ਕੁਝ ਰੁਮਾਂਟਿਕ ਰਿਸ਼ਤੇ ਹਨ। ਇਨ੍ਹਾਂ ਵਿੱਚ ਕਾਮ-ਸੰਬੰਧਾਂ ਦੀ ਮਨਾਹੀ ਹੁੰਦੀ ਹੈ। ਪ੍ਰੰਤੂ ਹੱਸਣ-ਖੇਡਣ, ਠੱਠੇ-ਮਖੌਲ ਜਾਂ ਰੁਮਾਂਟਿਕ ਛੇੜਛਾੜ ਨੂੰ ਸਮਾਜਾ ਵਧੇਰੇ ਕਠੋਰਤਾ ਨਾਲ ਬੁਰਾ ਨਹੀਂ ਮਨਾਉਂਦਾ। ਅਸਲ ਵਿੱਚ ਇਹ ਸਮਾਜ ਵੱਲੋਂ ਮਾਨਤਾ ਪ੍ਰਾਪਤ ਕੁਝ ਮਾਨਸਿਕ ਹੁਲਾਸ ਦੇ ਰਿਸ਼ਤੇ ਮੰਨੇ ਜਾਂਦੇ ਹਨ। ਜੇ ਦੇਵਰ ਦੂਜੇ ਵਰ ਦੇ ਅਰਥ ਵਿੱਚ ਪ੍ਰਯੋਗ ਹੋਣ ਵਾਲਾ ਸ਼ਬਦ ਹੈ ਤਾਂ ਸਾਲੀ ਵੀ ‘ਅੱਧੇ ਅਰ ਵਾਲੀ’ ਕਹੀ ਜਾਂਦੀ ਹੈ। ਪਤਨੀ ਦੀ ਮ੍ਰਿਤੂ ਹੋ ਜਾਣ ਦੀ ਸੂਰਤ ਵਿੱਚ ਅਕਸਰ ਛੋਟੀ ਸਾਲੀ ਨੂੰ ਪ੍ਰਣਾ ਦਿੱਤਾ ਜਾਂਦਾ ਹੈ। ਇਉਂ ਇਹ ਸੰਭਾਵੀ ਖੁਲ੍ਹ ਦੇ ਰਿਸ਼ਤੇ ਪੰਜਾਬੀ ਲੋਕਧਾਰਾ ਵਿੱਚ ਰੁਮਾਂਟਿਕ ਸੁਭਾਅ ਕਾਰਨ ਵਧੇਰੇ ਚਰਚਾ ਦਾ ਵਿਸ਼ਾ ਰਹੇ ਹਨ। ਦਿਉਰ ਭਰਜਾਈ ਦੇ ਰਿਸ਼ਤੇ ਵਿੱਚ ਭਰਜਾਈ ਅਕਸਰ ਹੀ ਦੇਵਰ ਉਤੇ ਭਾਰੂ ਰਹਿੰਦੀ ਹੈ ਇਉਂ ਹੀ ਜੀਜਾ-ਸਾਲੀ ਦੇ ਰਿਸ਼ਤੇ ਵਿੱਚ ਜੀਜਾ, ਸਾਲੀ ਉਤੇ ਵਧੇਰੇ ਪ੍ਰਭਾਵ ਰੱਖਦਾ ਹੈ। ਪਰ ਇਨ੍ਹਾਂ ਰੁਮਾਂਟਿਕ ਸਬੰਧਾਂ ਨੂੰ ਜਿਸਮਾਨੀ ਸਬੰਧਾਂ ਵਿੱਚ ਤਬਦੀਲ ਕਰਨ ਸਮੇਂ ਸਾਲੀ ਹਮੇਸ਼ਾ ਨਿਸ਼ਕ੍ਰਿਆ ਨਹੀਂ ਰਹਿੰਦੀ। ਸਗੋਂ ਸੁਚੇਤ ਪੱਧਰ ਉਤੇ ਉਸਦੇ ਵਿਅਕਤਿਤਵ ਦਾ ਮੁਲਾਂਕਣ ਨੀ ਕਰਦੀ ਹੈ, ਜਿਵੇਂ-

ਤੂੰ ਗੱਜਿਆ, ਮੈਂ ਵਰ ਪਈ ਜੀਜਾ,

ਕੋਈ ਦੋਵਾਂ ਦੀ ਇਕੋ ਵੇ ਗੂੰਜ

ਮੈਂ ਬਾਗਾਂ ਦੀ ਮੋਰਨੀ, ਤੂੰ ਗਿੱਲੇ ਗੋਹੇ ਦਾ

ਵੇ ਭੋਂਦੂਆ ਕੰਨ ਕਰੀਂ, ਭੂੰਡ।

ਦਿਉਰ-ਭਰਜਾਈ:

[ਸੋਧੋ]

ਭਾਵੇਂ ਸਮਾਜਿਕ ਆਦਰਸ਼ ਵੱਡੀ ਭਰਜਾਈ ਨੂੰ ਮਾਂ ਬਰਾਬਰ ਤੇ ਛੋਟੀ ਨੂੰ ਧੀ ਬਰਾਬਰ ਸਮਝਣ ਦੀ ਨਸੀਹਤ ਕਰਦਾ  ਹੈ ਪਰ ਪਰ ਲੋਕ-ਕਾਵਿ ਨੇ ਇਸ ਆਦਰਸ਼ ਦੀ ਪ੍ਰਵਾਹ ਨਾ ਕਰਦੇ ਹੋਏ ਰਿਸ਼ਤੇ ਅੰਦਰਲੀ ਵਾਸਤਵਿਕਤਾ ਭਾਵਨਾ ਸਪਸ਼ਟ ਕਰਨ ਦਾ ਵਧੇਰੇ ਯਤਨ ਕੀਤਾ ਹੈ। ਭਾਬੀ ਕੁਆਰੇ ਦਿਉਰ ਨੂੰ ਜਾਨ ਤੋਂ ਪਿਆਰਾ ਰੱਖਦੀ ਹੈ। ਕਦੇ ਦਿਉਰ ਹੱਸਦੀ ਭਾਬੀ ਦੇ ਦੰਦ ਗਿਣਦਾ ਹੈ, ਕਦੇ ਸ਼ਿਕਵਾ ਕਰਦਾ ਹੈ ਕਿ ‘ਹੁਣ ਨਾ ਸਿਆਣ ਦੀਆਂ ਦਿਉਰਾਂ ਨੂੰ ਭਰਜਾਈਆਂ’, ਪਰ ਭਾਬੀ ਬੜੀ ਹੀ ਚਤੁਰਾਈ ਨਾਲ ਦਿਉਰ ਨੂੰ ਫਿਰ ਪਰੇਰੇ ਲੈਂਦੀ ਹੈ ਤੇ ਆਖਦੀ ਹੈ ਕਿ-

ਦਿਉਰਾ ਬੱਕਰੀ ਚਰਾ ਲਿਆ ਮੇਰੀ

ਮੈਂ ਨਾ ਤੇਰਾ ਹੱਕ ਰੱਖਦੀ

         ਭਾਵੇਂ ਦਿਉਰ ਵੀ ਜਾਣਦਾ ਹੈ ਕਿ-

ਭਾਬੀ ਬੱਕਰੀ ਚਰਾਉਣ ਦੀ ਮਾਰੀ

ਲਾਰਾ ਲੱਪਾ ਲਾਈ ਰੱਖਦੀ।

ਨੂੰਹ-ਸੱਸ:

[ਸੋਧੋ]

ਸੱਸ ਦਾ ਕਿਰਦਾਰ ਲੋਕ-ਕਾਵਿ ਵਿੱਚ ਬਹੁਤ ਬੁਰਾ ਦਰਸਾਇਆ ਗਿਆ ਹੈ। ਸੱਸ ਭਾਵੇਂ ਮੁੰਡੇ ਦੀ ਹੋਵੇ ਜਾਂ ਕੁੜੀ ਦੀ, ਦੰਪਤੀ ਜੀਵਨ ਵਿੱਚ ਹਮੇਸ਼ਾ ਰੁਕਾਵਟ ਬਣਦੀ ਹੈ। ਸੱਸ ਨੂੰ ਲੋਕ-ਕਾਵਿ ਅੰਦਰ ਬਘਿਆੜੀ, ਚੰਦਰੀ, ਬੁੱਢੜੀ ਆਦਿ ਨਾਵਾਂ ਨਾਲ ਸੱਦਿਆ ਗਿਆ ਹੈ। ਜਿਵੇਂ-

ਮਾਪਿਆਂ ਨੇ ਰੱਖੀ ਲਾਡਲੀ,

ਅੱਗੋਂ ਸੱਸ ਬਘਿਆੜੀ ਟੱਕਰੀ।

         ਲੋਕ-ਸੱਚ ਇਹ ਪ੍ਰਵਾਨ ਕਰਦਾ ਹੈ ਕਿ ਵਸਦੇ-ਰਸਦੇ ਦੰਪਤੀ ਜੀਵਨ ਨੂੰ ਨਰਕ ਬਣਾਉਣ ਲਈ ਸੱਸ ਦੀ ਭੂਮਿਕਾ ਵਧੇਰੇ ਹੁੰਦੀ ਹੈ। ਸੱਸ ਵਹੁਟੀ ਨੂੰ ਬੰਦਿਸ਼ਾਂ ਲਾਉਂਦੀ ਹੈ। ਗਾਲ੍ਹਾਂ ਦਿੰਦੀ ਹੈ, ਹਾਰ ਸ਼ਿੰਗਾਰ ਕਰਨ ਤੋਂ ਰੋਕਦੀ ਹੈ। ਮੌਜ ਮੇਲਾ ਕਰਨ ਤੋਂ ਵਰਜਦੀ ਹੈ, ਪਤੀ ਮਿਲਾਪ ਵਿੱਚ ਵਿਘਨ ਪਾਉਂਦੀ ਹੈ। ਇਹੋ ਕਾਰਨ ਹੈ ਕਿ ਕਦੇ ਨੂੰਹ-ਸੱਸ ਦੇ ਰਿਸ਼ਤੇ ਵਿਚਲਾ ‘ਤਨਾਉ’ ਵਿਰੋਧ ਵਿੱਚ ਬਦਲ ਜਾਂਦਾ ਹੈ। ਜਿਵੇਂ-

“ਸੁਣ ਨੀ ਸੱਸੇ ਐਤਵਾਰੀਏ, ਵਾਰ ਵਾਰ ਸਮਝਾਵਾਂ

ਜਿਹੜੀ ਤੇਰੀ ਸੇਰ ਪੰਜੀਰੀ, ਵਿਹੜੇ ਵਿੱਚ ਖਿੰਡਾਵਾਂ

ਜਿਹੜਾ ਤੇਰਾ ਲੀਰ ਪਰਾਂਦਾ, ਸਣੇ ਸੰਦੂਕ ਅੱਗ ਲਾਵਾਂ

ਗਾਲ੍ਹ ਭਰਾਵਾਂ ਦੀ, ਮੈਂ ਨਾ ਮੁੜ ਮੁੜ ਖਾਵਾਂ।”[3]

ਨਨਾਣ-ਭਰਜਾਈ:

[ਸੋਧੋ]

ਲੋਕ-ਜੀਵਨ ਵਿੱਚ ਜਿਵੇਂ ਇਸਤਰੀ ਖੁਦ ਇਸਤਰੀ ਲਈ ਸੰਕਟ ਖੜਾ ਕਰਦੀ ਹੈ, ਉਸ ਕਿਸਮ ਦਾ ਵਿਰੋਧ ਮਰਦ ਬਨਾਮ ਮਰਦਾ ਦੇ ਰਿਸ਼ਤੇ ਵਿੱਚ ਪੇਸ਼ ਹੋਇਆ ਨਹੀਂ ਮਿਲਦਾ। ਸਹੁਰੇ ਘਰ ਦੀ ਧੀ ਨਨਾਣ ਦੇ ਰੂਪ ਵਿੱਚ ਭਰਜਾਈ ਨੂੰ ਬੁਰੀ ਕਹਿੰਦੀ ਹੈ। ਉਹੀ ਨਨਾਣ ਸਹੁਰੇ ਜਾ ਕੇ ਸਹੁਰੇ ਘਰ ਦੀ ਧੀ(ਨਨਾਣ) ਦੀ ਕਰੋਪੀ ਦਾ ਸ਼ਿਕਾਰ ਬਣ ਜਾਂਦੀ ਹੈ। ਇਉਂ ਨਨਾਣ-ਭਰਜਾਈ ਇਕ-ਦੂਜੇ ਉਤੇ ਲੱਗਦੀ ਵਾਹ ਵਾਰ ਕਰਦੀਆਂ ਰਹਿੰਦੀ ਹਨ। ਜਿਵੇਂ-

ਮਾਏ ਨੀ ਮੈਨੂੰ ਜੁੱਤੀ ਸਵਾ ਦੇ

ਹੇਠ ਲੁਆ ਦੇ ਖੁਰੀਆਂ

ਇਹ ਦਿਨ ਖੇਡਣ ਦੇ

ਸੱਸਾਂ-ਨਨਾਣਾਂ ਬੁਰੀਆਂ।

ਸਾਰੰਸ਼:

[ਸੋਧੋ]

ਇਸ ਤਰ੍ਹਾਂ ਪੰਜਾਬੀ ਲੋਕ-ਕਾਵਿ ਅੰਦਰ ਪੰਜਾਬੀ ਸਾਕਾਦਾਰੀ ਦਾ ਵੇਰਵਾ ਇੱਕ ਗੱਲ ਸਪਸ਼ਟ ਕਰ ਦਿੰਦਾ ਹੈ ਕਿ ਲੋਕ-ਕਾਵਿ ਦੇ ਸਿਰਜਨਹਾਰਿਆਂ ਨੇ ਰਿਸ਼ਤਿਆਂ ਦੇ ਸੁਭਾਅ ਜਾਂ ਉਨ੍ਹਾਂ ਨਾਲ ਜੁੜੀ ਸਮਾਜਿਕ ਮਾਣ-ਮਰਿਯਾਦਾ ਨਾਲ ‘ਸੰਵਾਦ’ ਰਚਾਇਆ ਹੈ। ਲੋਕ-ਕਾਵਿ ਦੀ ਖੂਬਸੂਰਤੀ ਇਸ ਗੱਲ ਵਿੱਚ ਹੈ ਕਿ ਉਸ ਨੇ ਹਰ ਰਿਸ਼ਤੇ ਦੀ ਵਿਲੱਖਣ ਅਹਿਮੀਅਤ ਨੂੰ ਕਾਇਮ ਰੱਖਦੇ ਹੋਏ ਵੀ ਲੋਕ ਕਸਵੱਟੀ ਅਨੁਸਾਰ ਉਸ ਦਾ ਮੁਲਾਂਕਣ ਕੀਤਾ ਹੈ। ਰਿਸ਼ਤਿਆਂ ਦੀ ‘ਜਟਿਲਤਾ’ ਅਤੇ ‘ਸਰਲਤਾ’ ਦਾ ਠੀਕ ਅਹਿਸਾਸ ਲੋਕ-ਕਾਵਿ ਦੇ ਸੰਦਰਭ ਵਿੱਚ ਹੀ ਸੰਭਵ ਹੈ।

ਹਵਾਲੇ:

[ਸੋਧੋ]
  1. ਜੋਸ਼ੀ, ਡਾ. ਜੀਤ ਸਿੰਘ (2014). ਸਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ. ਲੁੂਧਿਆਣਾ: ਲਾਹੌਰ ਬੁੱਕ ਸ਼ਾਪ. ISBN 978-81-7647-367-5.
  2. ਜੋਸ਼ੀ, ਡਾ. ਜੀਤ ਸਿੰਘ (2014). ਸਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ. ਲੁਧਿਆਣਾ: ਲਾਹੌਰ ਬੁੱਕ ਸ਼ਾਪ. p. 261. ISBN 978-81-7647-367-5.
  3. ਖਹਿਰਾ, ਡਾ. ਭੁਪਿੰਦਰ ਸਿੰਘ (2015). ਲੋਕਧਾਰਾ ਦੀ ਭੂਮਿਕਾ. ਪਟਿਆਲਾ: ਪੰਜਾਬੀ ਯੂਨੀਵਰਸਿਟੀ. p. 43. ISBN 81-302-0207-7.