ਪੰਜਾਬੀ ਲੋਕਗੀਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲੋਕ ਕਾਵਿ ਹਰਮਨ ਪਿਆਰਾ ਸਾਹਿਤ ਹੁੰਦਾ ਹੈ। ਇਸ ਦਾ ਸਥਾਨ ਲੋਕਧਾਰਾ ਅਤੇ ਵਿਸ਼ਿਸ਼ਟ ਸਾਹਿਤ ਦੇ ਵਿਚਕਾਰ ਜਿਹੇ ਆ ਜਾਂਦਾ ਹੈ। ਇਸ ਦਾ ਪ੍ਰਮੁੱਖ ਕਾਰਨ ਇਹ ਹੈ ਕਿ ਇਸ ਕਾਵਿ ਦੇ ਰੂਪ ਵਿਧਾਨ ਦੀ ਜੁਗਤ ਤਾਂ ਪਰੰਪਰਾ ਦੇ ਨਿਯਮਾਂ ਦਾ ਪਾਲਣਾ ਕਰਦੀ ਹੈ, ਪਰ ਇਸ ਦੀ ਸਾਰ ਜੁਗਤ ਸਮੂਹਕ ਨਾ ਹੋ ਕੇ, ਲੋਕ ਗੀਤ ਲੋਕਧਾਰਾ ਦੀ ਇੱਕ ਪਰਪੱਕ ਅਤੇ ਸ੍ਰੇਸ਼ਟ ਰਚਨਾ ਹੈ। ਲੋਕ ਗੀਤ ਲੋਕਧਾਰਾ ਦੇ ਸਮੁੱਚੇ ਬੁਨਿਆਦੀ ਅਮੁਲਾਂ ਦੀ ਪਾਲਣਾ ਕਰਦਾ ਹੈ।

ਪਰਿਭਾਸ਼ਾ[ਸੋਧੋ]

'ਲੋਕ' ਸ਼ਬਦ ਦੀ ਵਰਤੋਂ ਕਦੇ ਅਨਪੜ੍ਹ, ਗੰਵਾਰ, ਅਸਭਿਅਕ ਲੋਕਾਂ ਲਈ ਕੀਤੀ ਜਾਂਦੀ ਰਹੀ ਹੈ ਪਰੰਤੂ ਅੱਜ ਇਹ ਧਾਰਣਾ ਬਦਲ ਗਈ ਹੈ। ਲੋਕਧਾਰਾ ਸ਼ਾਸਤਰੀਆਂ ਅਨੁਸਾਰ ਕਿਸੇ ਇੱਕ ਭਾਸ਼ਾ ਨਾਲ਼ ਜੁੜੇ ਹੋਏ ਲੋਕਾਂ ਦੇ ਸਮੂਹ ਨੂੰ ਲੋਕ ਕਿਹਾ ਜਾਂਦਾ ਹੈ। ਇਸ ਦੇ ਅੰਤਰਗਤ ਨਸਲ, ਧਰਮ ਜਾਤ, ਕਿੱਤਾ ਆਦਿ ਨਾਲ਼ ਜੁੜੇ ਸਮੂਹ ਵੀ ਸ਼ਾਮਲ ਹੁੰਦੇ ਹਨ। ਇਹ ਸਮੂਹ ਅਨਪੜ੍ਹ ਵੀ ਹੋ ਸਕਦਾ ਹੈ ਤੇ ਪੜ੍ਹਿਆ ਲਿਖਿਆ ਵੀ। ਇਹ ਪੇਂਡੂ ਵੀ ਹੋ ਸਕਦਾ ਹੈ, ਸ਼ਹਿਰੀ ਵੀ ਜਾਂ ਫਿਰ ਇਹ ਭੂਤਕਾਲੀ ਵੀ ਹੋ ਸਕਦਾ ਹੈ ਤੇ ਸਮਕਾਲੀ ਵੀ। ਸਮੁੱਚੇ ਤੌਰ ਤੇ ਜਿਵੇਂ ਇੱਕ ਭਾਸ਼ਾ ਨਾਲ ਹਰ ਵਰਗ, ਹਰ ਧਰਮ, ਜਾਤ ਦੇ ਲੋਕ ਜੁੜੇ ਹੋਏ ਹੁੰਦੇ ਹਨ ਉਸੇ ਤਰ੍ਹਾਂ ਹੀ ਲੋਕਧਾਰਾ ਨਾਲ਼ ਵੀ ਇਹ ਸਾਰੇ ਸਮੂਹ ਜੁੜੇ ਹੁੰਦੇ ਹਨ। ਇਸ ਲਈ ਅਸੀਂ 'ਲੋਕ' ਨੂੰ ਇੱਕ ਭਾਸ਼ਾਈ ਸਮੂਹ ਦਾ ਨਾਮ ਦਿੱਤਾ ਹੈ।

ਵਿਸ਼ੇਸ਼ਤਾਵਾਂ[ਸੋਧੋ]

ਇਸ ਸਮੂਹ ਵਲੋਂ ਰਚੀ ਜਾਂਦੀ ਕਵਿਤਾ ਨੂੰ ਹੀ ਲੋਕ-ਕਾਵਿ ਦਾ ਨਾਂ ਦਿੱਤਾ ਗਿਆ ਹੈ। ਇਸ ਲੋਕ-ਕਾਵਿ ਦੀਆਂ ਆਪਣੀਆਂ ਕੁਝ ਵਿਸ਼ੇਸ਼ਤਾਵਾਂ ਹਨ।

  1. ਇਹ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤਕ ਮੌਖਿਕ ਤੌਰ ਤੇ ਪਹੁੰਚਦਾ ਹੈ। ਇਸੇ ਲਈ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤਕ ਪਹੁੰਚਦਿਆਂ ਪਹੁੰਚਦਿਆਂ ਬਹੁਤ ਕੁਝ ਗੁੰਮ ਗੁਆਚ ਵੀ ਜਾਂਦਾ ਹੈ। ਇਸੇ ਲਈ ਅੱਜ ਸਾਨੂੰ ਲੋਕ ਸਾਹਿਤ ਨੂੰ ਲਿਪੀਬੱਧ ਕਰਨ ਦੀ ਲੋੜ ਪੈ ਰਹੀ ਹੈ। ਇਸ ਤਰ੍ਹਾਂ ਕੁਝ ਤਾਂ ਬਚ ਗਿਆ ਹੈ ਜਾਂ ਬਚਾਇਆ ਜਾ ਰਿਹਾ ਹੈ ਪਰੰਤੂ ਸੈਂਕੜੇ ਗੀਤ, ਕਹਾਣੀਆਂ ਅਤੇ ਹੋਰ ਦੂਸਰੇ ਸਾਹਿਤ ਰੂਪ ਸਾਡੇ ਕੋਲ਼ੋਂ ਖੁੱਸ ਗਏ ਹਨ।
  2. ਇਹ ਲੋਕ ਮਨ ਵਿਚੋਂ ਦੱਬੀਆਂ ਭਾਵਨਾਵਾਂ ਨੂੰ ਬਾਹਰ ਕੱਢਣ ਦਾ ਬਹੁਤ ਹੀ ਮਹੱਤਵਪੂਰਣ ਕੰਮ ਕਰਦਾ ਹੈ। ਜ਼ਿੰਦਗੀ ਦੇ ਬਾਹਰੀ ਦਬਾਵਾਂ ਤੋਂ ਇਹ ਇੱਕ ਤਰ੍ਹਾਂ ਦੀ ਰਾਹਤ ਦਿੰਦਾ ਹੈ ਅਤੇ ਦਬਾਵਾਂ ਨੂੰ ਝੱਲਣ ਦੀ ਹਿੰਮਤ ਪ੍ਰਦਾਨ ਕਰਦਾ ਹੈ। ਹਰੇਕ ਸਮੂਹ ਕੋਲ਼ ਕੋਈ ਨਾ ਕੋਈ ਲੋਕ-ਕਾਵਿ ਦਾ ਇਹ ਸਾਧਨ ਜ਼ਰੂਰ ਹੁੰਦਾ ਹੈ। ਜਿਵੇਂ ਪੰਜਾਬੀ ਔਰਤਾਂ ਕੋਲ਼ ਲੋਕ ਗੀਤਾਂ ਦਾ ਅਥਾਹ ਖਜ਼ਾਨਾ ਹੈ। ਇਨ੍ਹਾਂ ਗੀਤਾਂ ਰਾਹੀਂ ਔਰਤਾਂ ਮਖੌਲ ਉਡਾ ਕੇ, ਗੰਭੀਰ ਸੁਰਾਂ ਅਲਾਪ ਕੇ ਅਤੇ ਅਲਾਹੁਣੀਆਂ ਪਾ ਕੇ ਆਪਣਾ ਮਨ ਹਲਕਾ ਕਰਦੀਆਂ ਹਨ ਅਤੇ ਆਪਣੀਆਂ ਅਗਲੀਆਂ ਜ਼ੁਮੇਵਾਰੀਆਂ ਨਿਭਾਉਣ ਲਈ ਆਪਣੇ ਆਪ ਨੂੰ ਤਿਆਰ ਕਰਦੀਆਂ ਹਨ। ਨੌਜਵਾਨ ਮੁੰਡੇ- ਕੁੜੀਆਂ ਨ੍ਰਿਤ-ਗੀਤਾ ਰਾਹੀਂ ਆਪਣੀਆ ਪਿਆਰ ਭਾਵਨਾਵਾਂ ਅਤੇ ਜਿਨਸੀ ਭਾਵਨਾਵਾਂ ਨੂੰ ਨਿਕਾਸ ਦਿੰਦੇ ਹਨ ਤੇ ਇਉਂ ਸਮਾਜਿਕ ਕੰਮਾਂ ਵਿੱਚ ਮੁੜ ਜੁੱਟ ਜਾਂਦੇ ਹਨ। ਕਹਿਣ ਦਾ ਭਾਵ ਇਹ ਹੈ ਕਿ ਸਮਾਜ ਦਾ ਹਰ ਵਰਗ ਲੋਕ ਕਾਵਿ ਨੂੰ ਭਾਵਨਾਵਾਂ ਪ੍ਰਗਟਾਉਣ ਦਾ ਸਾਧਨ ਬਣਾਉਂਦਾ ਹੈ।

ਲੋਕ ਕਾਵਿ ਆਪਣੇ ਵਿੱਚ ਆਦਿ ਕਾਲ ਦੀਆਂ ਪੈੜਾਂ ਸਾਂਭੀ ਬੈਠਾ ਹੈ। ਕਈ ਕਾਵਿ ਪੰਗਤੀਆਂ ਦੀ ਵਰਤੋਂ ਜਾਦੂਈ ਪ੍ਰਭਾਵ ਲਈ ਕੀਤੀ ਜਾਂਦੀ ਹੈ। ਜਿਵੇਂ ਪੰਜਾਬੀ ਵਿੱਚ ਗ੍ਰਹਿ ਸ਼ਾਂਤ ਕਰਨ ਲਈ ਗਾਏ ਜਾਂਦੇ ਗੀਤ, ਗਾਨਾ ਬੰਨ੍ਹਣ ਦੇ ਗੀਤ ਅਤੇ ਵਟਣੇ ਜਾਂ ਮਾਈਏਂ ਦੇ ਗੀਤ ਇਸ ਦੀ ਉਦਾਹਰਣ ਹਨ।

ਕਈ ਵਿਦਵਾਨ ਭਾਵੁਕਤਾ ਵੱਸ ਲੋਕ ਕਾਵਿ ਨੂੰ ਹੱਦੋਂ ਵੱਧ ਵਡਿਆ ਕੇ ਪੇਸ਼ ਕਰਦੇ ਹਨ। ਜਿਵੇਂ ਇੱਕ ਥਾਂ ਮਹਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਲੋਕ ਗੀਤ ਦੀ ਕਿਸੇ ਇੱਕ ਪੰਗਤੀ ਦੀ ਬਰਾਬਰੀ ਵੱਡੀ ਤੋਂ ਵੱਡੀ ਕਵਿਤਾ ਵੀ ਨਹੀਂ ਕਰ ਸਕਦੀ। ਦੇਵੇਂਦ੍ਰ ਸਤਿਆਰਥੀ ਇਸ ਦ੍ਰਿਸ਼ਟੀ ਤੋਂ ਵਧੇਰੇ ਸੁਚੇਤ ਹੈ। ਉਸ ਅਨੁਸਾਰ ਸਾਰੇ ਦਾ ਸਾਰਾ ਲੋਕ ਕਾਵਿ ਉੱਚੀ ਪੱਧਰ ਦਾ ਨਹੀਂ ਹੁੰਦਾ। ਇਹੀ ਨਹੀਂ ਸਗੋਂ ਇਹ ਵੀ ਸੱਚ ਨਹੀਂ ਕਿ ਸਾਰੇ ਦਾ ਸਾਰਾ ਲੋਕ ਕਾਵਿ ਜਾਂ ਸਾਹਿਤ ਜਾਂ ਲੋਕ ਧਾਰਾ ਵਿਦਰੋਹੀ ਹੁੰਦੇ ਹਨ ਜਾਂ ਇਸ ਵਿੱਚ ਕਿਸੇ ਤਰ੍ਹਾਂ ਦਾ ਕੋਈ ਖੋਟ ਨਹੀਂ ਹੁੰਦਾ। ਸੱਚ ਤਾਂ ਇਹ ਹੈ ਕਿ ਸਮਾਜ ਵਿੱਚ ਮਿਲ਼ਦੀਆਂ ਬੁਰਾਈਆ ਕਿਸੇ ਨਾ ਕਿਸੇ ਰੂਪ ਵਿੱਚ ਭਾਵੁਕ ਪੱਧਰ ਤੇ ਵੀ ਪਰਿਵਰਤਿਤ ਰੂਪ ਵਿੱਚ ਲੋਕ ਕਾਵਿ ਵਿੱਚ ਆ ਸ਼ਾਮਿਲ ਹੁੰਦੀਆਂ ਹਨ। ਸਮਾਜ ਦੇ ਟਕਰਾਉ, ਸਮਾਜ ਦੇ ਵਿਰੋਧੀ ਵਿਚਾਰ ਇਕੋ ਵੇਲੇ ਲੋਕ ਕਾਵਿ ਵਿੱਚ ਦੇਖੇ ਜਾ ਸਕਦੇ ਹਨ। ਇੱਕ ਬੋਲੀ ਨੂੰ ਆਧਾਰ ਬਣਾ ਕੇ ਇਹ ਗੱਲ ਸਮਝੀ ਜਾ ਸਕਦੀ ਹੈ।

'ਡੂੰਘਾ ਵਾਹ ਲੈ ਹਲ਼ ਵੇ ਤੇਰੀ ਘਰੇ ਨੌਕਰੀ'

ਬੋਲੀ ਇੱਕ ਕਿਸਾਨ ਔਰਤ ਦੀ ਸਿਰਜਣਾ ਹੀ ਹੋ ਸਕਦੀ ਹੈ।

'ਵੱਸਣਾ ਫੌਜੀ ਦੇ ਭਾਵੇਂ ਬੂਟ ਸਣੇ ਲੱਤ ਮਾਰੇ'

ਜਾਇਦਾਦ ਵਿਹੀਣ ਘਰ ਦੀ ਔਰਤ ਦੇ ਭਾਵਾ ਨੂੰ ਪੇਸ਼ ਕਰਦੀ ਬੋਲੀ ਹੈ।

ਇਉਂ ਹੀ ਲੋਕ ਕਾਵਿ ਵਿੱਚ ਜਾਤੀ ਟਕਰਾਅ, ਵਰਗ-ਟਕਰਾਅ, ਖੇਤਰੀ ਟਕਰਾਅ ਕਿਸੇ ਨਾ ਕਿਸੇ ਰੂਪ ਵਿੱਚ ਹਾਜ਼ਰ ਰਹਿੰਦੇ ਹਨ। ਪੰਜਾਬੀ ਵਿੱਚ ਸਤੀ ਮਾਤਾ ਨਾਲ਼ ਜੁੜੇ ਗੀਤ ਵੀ ਮਿਲ਼ ਜਾਂਦੇ ਹਨ।

ਕਈ ਵਾਰ ਤਾਂ ਔਰਤ ਸਿੱਧੇ ਰੂਪ ਵਿੱਚ ਸਮਾਜ ਦੇ ਉਨ੍ਹਾਂ ਸਦਾਚਾਰਕ ਮਾਪਦੰਡਾਂ ਨੂੰ ਅਪਣਾ ਲੈਂਦੀ ਹੈ ਜਿਹੜੇ ਅਸਲ ਵਿੱਚ ਉਸਦੇ ਆਪਣੇ ਹੱਕਾਂ ਦੇ ਖਿਲਾਫ਼ ਜਾਂਦੇ ਹਨ। ਜਿਵੇਂ ਕਿ ਹੇਠ ਲਿਖੀ ਬੋਲੀ ਵਿੱਚ ਮਰਦ ਨੂੰ ਮੰਨਾਉਣ ਦਾ ਇਕੋ ਇੱਕ ਸਾਧਨ ਸਿਰ ਦੀ ਚੁੰਨੀ ਲਾਹ ਕੇ ਉਸਦੇ ਪੈਰੀਂ ਧਰਨਾ ਹੈ; ਭਾਵ ਆਪਣੇ ਆਪ ਨੂੰ ਨੀਵਾਂ ਸਮਝਣਾ ਹੈ। ਜਿਵੇਂ

ਕੜ੍ਹੀਏ ਕੜ੍ਹੀਏ ਕੜ੍ਹੀਏ

ਤੈਨੂੰ ਚੱਕ ਬਨੇਰੇ ਧਰੀਏ

ਰੁੱਸੇ ਮਾਹੀ ਦਾ ਕੀ ਕਰੀਏ

ਅੰਦਰ ਵੜੇ ਤਾਂ ਮਗਰੇ ਵੜੀਏ

ਚੁੰਨੀ ਲਾਹ ਪੈਰਾਂ ਤੇ ਧਰੀਏ

ਇਕ ਬਾਰ ਬੋਲੋ ਜੀ ਆਪਾਂ ਫੇਰ ਕਦੇ ਨਾ ਲੜੀਏ।

ਲੋਕ ਕਾਵਿ ਆਪਣੇ ਆਪ ਵਿੱਚ ਕਿਸੇ ਵੀ ਸਮੂਹ ਦੇ ਸਮੁੱਚੇ ਸਭਿਆਚਾਰ ਨੂੰ ਸਮੋਈ ਬੈਠਾ ਹੁੰਦਾ ਹੈ। ਬੋਆਜ (ਭੋਅਸ)æ ਕਹਿੰਦਾ ਹੈ ਕਿ ਤੁਸੀਂ ਮੈਨੂੰ ਕਿਸੇ ਇੱਕ ਜਾਤੀ ਦੇ ਲੋਕਗੀਤ ਦੇ ਦਿਉ ਮੈਂ ਤੁਹਾਨੂੰ ਉਸ ਜਾਤੀ ਦਾ ਸਮੁੱਚਾ ਸਭਿਆਚਾਰ ਉਸਾਰ ਦੇਵਾਂਗਾ। ਬੋਆਜ਼ ਦੇ ਕਥਨ ਦਾ ਅਰਥ ਵੀ ਇਹੋ ਹੈ ਕਿ ਲੋਕ ਕਾਵਿ ਵਿੱਚ ਸਭਿਆਚਾਰ ਸਮੁੱਚਤਾ ਵਿੱਚ ਪ੍ਰਗਟ ਹੁੰਦਾ ਹੈ। ਲੋਕ ਕਾਵਿ ਵਿੱਚ ਲੋਕਾਂ ਦੇ ਖਾਣ ਪੀਣ, ਪਹਿਨਣ, ਸਦਾਚਾਰ, ਟੈਬੂ, ਟੋਟਮ, ਹਾਰ ਸ਼ਿੰਗਾਰ, ਰਾਜਨੀਤੀ, ਦਰਸ਼ਨ ਭਾਵ ਕਿ ਹਰ ਉਹ ਮਾਨਸਿਕ ਸਿਰਜਣਾ ਸ਼ਾਮਿਲ ਹੋ ਜਾਂਦੀ ਹੈ ਜੋ ਸਭਿਆਚਾਰ ਦਾ ਅੰਗ ਹੈ। ਲੋਕ ਕਾਵਿ ਵਿੱਚ ਪੇਸ਼ਕਾਰੀ ਦਾ ਇੱਕ ਮਹੱਤਵਪੂਰਣ ਪੱਖ ਇਹ ਹੈ ਕਿ ਸਭਿਆਚਾਰ ਇਸ ਲੋਕ ਕਾਵਿ ਵਿੱਚ ਸੁਹਜ ਜਾਂ ਸੁੰਦਰਤਾ ਦੀ ਉਚੇਰੀ ਪੱਧਰ ਤੇ ਜਾ ਪਹੁੰਚਦਾ ਹੈ। ਇਥੇ ਖਾਣ, ਪੀਣ, ਪਹਿਨਣ ਆਦਿ ਦੀਆਂ ਵਸਤਾਂ, ਵਸਤਾਂ ਨਾ ਰਹਿ ਕੇ ਸੁਹਜਾਤਮਿਕ ਸਿਰਜਣਾਵਾਂ ਬਣ ਜਾਂਦੀਆਂ ਹਨ। ਉਹ ਬਿੰਬ ਬਣਦੀਆਂ ਹਨ, ਪ੍ਰਤੀਕ ਬਣਦੀਆਂ ਹਨ ਜਾਂ ਕਲਪਣਾ ਦੇ ਘੋੜੇ ਤੇ ਸਵਾਰ ਹੋ ਕੇ ਨਵਾਂ ਸੁਹਜ ਗ੍ਰਹਿਣ ਕਰ ਲੈਂਦੀਆਂ ਹਨ। ਕੁਝ ਕੁ ਉਦਾਹਰਣਾਂ ਦੇਖੀਆਂ ਜਾ ਸਕਦੀਆ ਹਨ।

ਲੀੜਾ ਉੱਡਿਆ ਬਿਸ਼ਨੀਏਂ ਤੇਰਾ

ਨੀ ਸਾਡੇ ਭਾਣੇ ਮੋਰ ਉੱਡਿਆ।

ਮਾਏ ਰਿੰਨ੍ਹ ਚੁਲ਼ਾਈ ਦਾ ਸਾਗ ਨਿੱਕਾ ਤੇ ਨਿੱਕਾ ਚੀਰ ਕੇ ਨੀ।

ਮਾਏ ਸੇਰ ਕੁ ਮਖਣੀ ਪਾ ਜਦ ਮੈਂ ਆਉਂਨੀਆ ਪੀਹ ਕੇ ਨੀ।

ਮਾਏ ਤੂੰ ਬੁੱਢੀ ਮੈਂ ਮੁਟਿਆਰ ਤੇਰਾ ਮੇਰਾ ਤਿੰਜਣਾਂ ਨਾ ਰਲ਼ੇ ਨੀ।

ਸਿਰ ਗੁੰਦ ਦੇ ਕਪੱਤੀਏ ਨੈਣੇ

ਨੀ ਉੱਤੇ ਪਾਦੇ ਡਾਕ ਬੰਗਲਾ

ਸਭਿਆਚਾਰਕ ਪੈੜ੍ਹਾਂ ਵਾਂਗ ਲੋਕ ਕਾਵਿ ਨੇ ਆਪਣੇ ਵਿੱਚ ਇਤਿਹਾਸਕ ਪੈੜਾਂ ਨੂੰ ਵੀ ਸਾਂਭਿਆ ਹੁੰਦਾ ਹੈ। ਇਤਿਹਾਸ ਲੋਕ ਭਾਵਨਾਵਾ ਦਾ ਹਿੱਸਾ ਬਣ ਕੇ ਕਦੇ ਗਾਉਣਾਂ ਦਾ ਰੂਪ ਧਾਰਣ ਕਰਦਾ ਹੈ ਤੇ ਕਦੇ ਨ੍ਰਿਤ ਗੀਤਾਂ ਦਾ। ਭਾਈ ਵੀਰ ਸਿੰਘ ਨੇ ਜਿਸ ਗੀਤ ਨੂੰ ਆਧਾਰ ਬਣਾ ਕੇ ਸੁੰਦਰੀ ਨਾਵਲ ਲਿਖਿਆ ਹੈ ਉਹ ਮੁਗਲ ਕਾਲ ਦੀ ਸਿਰਜਣਾ ਹੈ। ਇਸੇ ਤਰ੍ਹਾਂ ਪੰਜਾਬੀ ਲੋਕ ਕਾਵਿ ਵਿੱਚ ਦੋ ਵੱਡੇ ਵਿਸ਼ਵ ਯੁੱਧ, ਅੰਗਰੇਜ਼ ਵਿਰੋਧੀ ਸੰਘਰਸ਼, ਸਿੰਘ ਸਭਾ ਅਤੇ ਆਰੀਆ ਸਮਾਜੀ ਲਹਿਰ ਦੇ ਪ੍ਰਭਾਵ ਕਿਸੇ ਨਾ ਕਿਸੇ ਰੂਪ ਵਿੱਚ ਸਾਂਭੇ ਹੋਏ ਹਨ। ਜਿਵੇਂ,

  • ਬਸਰੇ ਦੀ ਲਾਮ ਟੁੱਟ ਜਾਏ

ਨੀ ਮੈਂ ਰੰਡੀਉਂ ਸੁਹਾਗਣ ਹੋਵਾਂ

  • ਕਿਨ ਸੋ ਲਾਈਆਂ ਲੜਾਈਆਂ ਕਿਨ ਸੋ ਮਾਰੇ ਜਵਾਨ

ਕਿ ਮੁਲਕ ਬਰਾਨ ਹੋਏ। ਅੰਗ੍ਰੇਜਾਂ ਨੇ ਲਾਈਆ ਲੜਾਈਆਂ ਜਰਮਨ ਨੇ ਮਾਰੇ ਜਵਾਨ ਕਿ ਮੁਲਕ ਬਰਾਨ ਹੋਏ।

  • ਟੋæਲੀਂ ਮਾਏ ਸਿੰਘ ਸਭੀਏ

ਮੈਨੂੰ ਮੰਨਣੇ ਨਾ ਪੈਣ ਜਠੇਰੇ।

  • ਮਰ ਜਾਣ ਸਿੰਘ ਸਭੀਏ

ਜਿਹੜੇ ਗਿੱਧਾ ਪਾਉਣ ਨਹੀਂ ਦਿੰਦੇ।

  • ਆਰੀਆਂ ਨੇ ਅੱਤ ਚੁੱਕ ਲਈ

ਸਾਰੇ ਪਿੰਡ ਦੇ ਸ਼ਰਾਧ ਬੰਦ ਕੀਤੇ।

ਉਪਰੋਕਤ ਪੰਗਤੀਆਂ ਵਿੱਚ ਲੋਕਮਨ ਵਲੋਂ ਜੰਗ ਦਾ ਵਿਰੋਧ ਹੈ, ਭਾਵਨਾਵਾਂ ਨੂੰ ਦਬਾਏ ਜਾਣ ਦਾ ਤਿੱਖਾ ਪ੍ਰਤਿਕਰਮ ਹੈ। ਇਸੇ ਸੰਦਰਭ ਵਿੱਚ ਭਗਤ ਸਿੰਘ ਅਤੇ ਗਾਂਧੀ ਦਾ ਜ਼ਿਕਰ ਵੀ ਬਾਰ ਬਾਰ ਆਇਆ ਹੈ। ਮਹਾਤਮਾ ਗਾਂਧੀ ਤੋਂ ਵੀ ਭਗਤ ਸਿੰਘ ਨੇ ਲੋਕਮਨ ਨੂੰ ਵਧੇਰੇ ਪ੍ਰਭਾਵਿਤ ਕੀਤਾ ਹੈ। ਇਸੇ ਲਈ ਬਹੁਤ ਸਾਰੀਆ ਬੋਲੀਆਂ ਭਗਤ ਸਿੰਘ ਨਾਲ਼ ਜੁੜੀਆ ਹੋਈਆਂ ਹਨ। ਅਤੇ ਕੁਝ ਗੀਤ ਮਹਾਤਮਾ ਗਾਂਧੀ ਨਾਲ਼ ਜੁੜੇ ਹੋਏ ਵੀ ਮਿਲ਼ਦੇ ਹਨ। ਸਮਾਜ ਤੇ ਸਭਿਆਚਾਰ ਦੇ ਪਰਿਵਰਤਨਾਂ ਦੇ ਨਾਲ਼ ਨਾਲ਼ ਲੋਕ ਕਾਵਿ ਵਿੱਚ ਵੀ ਪਰਿਵਰਤਨ ਆਉਂਦਾ ਰਹਿੰਦਾ ਹੈ। ਇਹ ਪਰਿਵਰਤਨ ਕਈ ਵਾਰ ਓਪਰਾ ਹੀ ਹੁੰਦਾ ਹੈ ਤੇ ਕਈ ਵਾਰ ਕਾਫ਼ੀ ਡੂੰਘਾ। ਅਜੋਕੇ ਲੋਕ ਕਾਵਿ ਵਿੱਚ ਗੱਡੀਆਂ, ਡਾਕਘਰਾਂ, ਕਾਲਜਾਂ ਸਾਈਕਲਾਂ, ਜਹਾਜ਼ਾਂ ਆਦਿ ਦਾ ਵਰਣਨ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਲੋਕ ਗੀਤ ਪਰਿਵਰਤਨਸ਼ੀਲ ਹੋਣ ਕਾਰਣ ਦੇਰ ਤਕ ਆਪਣੀ ਹੋਂਦ ਬਣਾਈ ਰੱਖਣ ਦੇ ਸਮਰੱਥ ਹੁੰਦੇ ਹਨ। ਕੁਝ ਗੀਤ ਸਿੱਧੇ ਅਨੁਸ਼ਠਾਨਾਂ, ਰੀਤਾਂ ਅਤੇ ਰਿਵਾਜ਼ਾਂ ਆਦਿ ਨਾਲ਼ ਜੁੜੇ ਹੁੰਦੇ ਹਨ। ਇਨ੍ਹਾਂ ਅਨੁਸ਼ਠਾਨਾਂ, ਰੀਤਾਂ ਅਤੇ ਰਸਮਾਂ ਦੇ ਗਾਇਬ ਹੋਣ ਨਾਲ਼ ਇਹ ਗੀਤ ਵੀ ਗਾਇਬ ਹੋ ਜਾਂਦੇ ਹਨ। ਬਿਆ੍ਹਈਆਂ (ਜਨਮ ਦੇ ਗੀਤ) ਹੁਣ ਸ਼ਾਇਦ ਹੀ ਕਿਤੇ ਗਾਏ ਜਾਂਦੇ ਹੋਣ। ਗੀਤ ਸਮਕਾਲੀ ਵਸਤੂਆਂ ਨੂੰ ਹੇਠ ਲਿਖੇ ਅਨੁਸਾਰ ਸਾਂਭ ਕੇ ਰੱਖਦੇ ਹਨ,

  • ਗੱਡੀ ਆਉਂਦੀ ਨੂੰ ਲੁੱਕ ਲਾਵਾਂ।

ਮਾਹੀਏ ਆਉਂਦੇ ਨੂੰ ਬੋਦਾ ਪ੍ਹਾਰ ਕੇ ਕਲਿੱਪ ਲਾਵਾਂ।

  • ਸਾਨੂੰ ਕਾਲਜ ਇੱਕ ਪੁਆ ਦਿਉ ਵਗਦੀ ਨਹਿਰ ਦੇ ਕੰਢੇ,

ਪੜ੍ਹਨਗੀਆਂ ਕੁੜੀਆ ਕਿਤਾਬਾਂ ਚੱਕਣਗੇ ਮੁੰਡੇ। ਸਾਨੂੰ ਹੋਟਲ ਇੱਕ ਪੁਆ ਦਿਉ ਵਗਦੀ ਨਹਿਰ ਦੇ ਕੰਢੇ। ਖਾਣਾ ਖਾਣਗੀਆਂ ਕੁੜੀਆਂ ਪਲੇਟਾਂ ਚੱਟਣਗੇ ਮੁੰਡੇ।

ਲੋਕ ਕਾਵਿ, ਲੋਕ ਮਨ ਦੀਆਂ ਇੱਛਾਵਾਂ, ਕਲਪਨਾਵਾਂ ਤੇ ਰਿਸ਼ਤੇ ਨਾਤਿਆਂ ਨਾਲ਼ ਸੰਬੰਧਿਤ ਭਾਵਨਾਵਾਂ ਆਦਿ ਨੂੰ ਬੜੇ ਸੂਖਮ ਤਰੀਕੇ ਨਾਲ਼ ਪੇਸ ਕਰਦਾ ਹੈ। ਕੁਝ ਕੁ ਵਿਦਵਾਨਾਂ ਨੇ ਲੋਕ ਕਾਵਿ ਵਿੱਚ ਕਲਪਨਾ ਦੀ ਘਾਟ ਮਹਿਸੂਸ ਕੀਤੀ ਹੈ ਜੋ ਕਿ ਸਹੀ ਨਹੀਂ ਕਹੀ ਜਾ ਸਕਦੀ। ਹੇਠ ਲਿਖੀਆ ਪੰਗਤੀਆਂ ਤੋਂ ਇਹ ਗੱਲ ਸਪਸ਼ਟ ਹੋ ਜਾਵੇਗੀ। ਜਿਵੇਂ,

  • ਚੁਣ ਚੁਣ ਮੋਤੀ ਦਾਲ਼ ਰਿੰਨ੍ਹਾਂ ਨੀ ਮੈਂ

ਲੌਂਗਾਂ ਦਾ ਤੜਕਾ ਮੈਂ ਲਾਵਾਂ ਬਾਰੀਂ ਵਰੀਏਂ ਸ਼ਾਮ ਆਇਆ। ਕੱਢ ਕਲ਼ੇਜਾ ਆਟਾ ਗੁਨ੍ਹਾਂ ਨੀ ਮੈਂ ਦਿਲ ਦਾ ਤੰਦੂਰ ਤਪਾਵਾਂ ਬਾਰੀਂ ਵਰੀ੍ਹਂਏਂ ਸ਼ਾਮ ਆਇਆ। ਆੜੂਆਂ ਜਿੰਨੇ ਜਿੰਨੇ ਪੇੜੇ ਕਰਾਂ ਨੀ ਮੈਂ ਪਿਪਲ਼ ਪੱਤ ਪਕਾਵਾਂ ਬਾਰੀਂ ਵਰੀ੍ਹਏਂ ਸ਼ਾਮ ਆਇਆ।

  • ਗੀਗਾ ਜਰਮਿਆਂ ਨੀ ਜੋ ਕੁਛ ਮੰਗਣਾ ਸੋ ਮੰਗ ਗੀਗਾ ਜਰਮਿਆਂ ਨੀ।

ਮੈਂ ਕੀ ਮੰਗਣਾ ਵੇ ਮੈਂ ਕੀ ਮੰਗਣਾ ਵੇ ਲੈਣਾ ਮੂਸਲ ਜਿੱਡਾ ਚੌਕ ... ਮੈਂ ਕੀ ਮੰਗਣਾ ਵੇ ਲੈਣੀ ਖੂਹੇ ਜਿੱਡੀ ਨੱਥ। ... ਮੈਂ ਕੀ ਮੰਗਣਾ ਵੇ ਲੈਣਾ ਤਾਰਿਆਂ ਦਾ ਹਾਰ ... ਮੈਂ ਕੀ ਮੰਗਣਾ ਵੇ ਲੈਣਾ ਚਿੜੀਆਂ ਦਾ ਦੁੱਧ। ...

ਇਸ ਤਰ੍ਹਾਂ ਦੀਆਂ ਅਣਗਿਣਤ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ। ਇਹ ਕਲਪਨਾ ਆਪਣੇ ਆਪ ਵਿੱਚ ਸੁਹਜਮਈ ਹੈ। ਕਈ ਡਵਾਰ ਸਮਾਜ ਵਿੱਚ ਅਪ੍ਰਾਪਤ ਦੀ ਕਲਪਨਾ ਕਰਕੇ ਸੁਖ ਲੈਣ ਦੀ ਪ੍ਰਵਿਰਤੀ ਮਨੱਖ ਦੀ ਉਦੋਂ ਦੀ ਹੈ ਜਦੋਂ ਤੋਂ ਸਮਾਜ ਵਿੱਚ ਨਾਬਰਾਬਰੀ ਸ਼ੁਰੂ ਹੋਈ ਜਾਂ ਅਜਿਹਾ ਕੁਝ ਕਰਨ ਦੀ ਇੱਛਾ ਕਲਪਨਾ ਵਿੱਚ ਹੀ ਹੋ ਸਕਦੀ ਹੈ ਜਿਸਦੀ ਇਜਾਜ਼ਤ ਸਮਾਜ-ਸਭਿਆਚਾਰ ਵਿੱਚ ਨਾਂ ਹੋਵੇ। ਜਿਵੇਂ ਲੁੱਚੀਆਂ ਬੋਲੀਆਂ ਪਾਉਣ ਦੀ ਇਜਾਜ਼ਤ ਸਮਾਜ ਨਹੀਂ ਦਿੰਦਾ ਜਿਹੜੀਆਂ ਖਾਸ ਤੌਰ ਤੇ ਜਿਨਸੀ ਸੰਬੰਧਾਂ ਜਾਂ ਅੰਗਾਂ ਬਾਰੇ ਪ੍ਰਚਲਿਤ ਹੁੰਦੀਆਂ ਹਨ। ਇਨ੍ਹਾਂ ਭਾਵਨਾਵਾਂ ਨਾਲ਼ ਜੁੜਿਆ ਕਾਵਿ ਇਕੋ ਤਰ੍ਹਾਂ ਦੇ ਸਮੂਹ ਵਿੱਚ ਹੀ ਉਚਾਰਿਆ ਜਾ ਸਕਦਾ ਹੈ। ਮਰਦ ਆਪਣੀਆ ਟੋਲੀਆਂ ਵਿੱਚ ਅਤੇ ਔਰਤਾਂ ਆਪਣੇ ਗਿੱਧੇ ਵਿੱਚ ਨਿਸੰਗ ਹੋ ਕੇ ਅਜਿਹਾ ਕਾਵਿ ਉਚਾਰਣ ਕਰਦੇ ਹਨ ਅਤੇ ਅਸਮਾਜਿਕ ਰਿਸ਼ਤੇ ਇੱਕ ਦੂਜੇ ਨਾਲ਼ ਜੋੜ ਕੇ ਸੁਆਦ ਲਿਆ ਜਾਂਦਾ ਹੈ। ਜਿਨ੍ਹਾਂ ਰਿਸ਼ਤਿਆਂ ਬਾਰੇ ਵਿਅਕਤੀ ਸਮਾਜਿਕ ਸੰਦਰਭਾਂ ਵਿੱਚ ਨੈਤਿਕ ਦਬਾਅ ਹੇਠ ਕੁਝ ਕਹਿ ਨਹੀਂ ਸਕਦਾ, ਲੋਕ ਕਾਵਿ ਉਚਾਰਣ ਸਮੇਂ ਉਹ ਨਿਸੰਗ ਕਹਿ ਜਾਂਦਾ ਹੈ। ਜਿਵੇਂ ਔਰਤ ਸੱਸ-ਸਹੁਰੇ, ਜੇਠ-ਜਿਠਾਣੀ, ਨਣਾਨ, ਸੌਕਣ ਆਦਿ ਰਿਸ਼ਤਿਆਂ ਬਾਰੇ ਆਪਣੇ ਦੱਬੇ ਭਾਵ ਲੋਕ ਕਾਵਿ ਰਾਹੀਂ ਪ੍ਰਗਟਾਉਂਦੀ ਹੈ। ਇਉਂ ਹੀ ਮਰਦ ਆਪਣੀਆਂ ਵਰਜਿਤ ਪ੍ਰੇਮ ਭਾਵਨਾਵਾਂ ਦਾ ਪ੍ਰਗਟਾਵਾ ਸਰੀਰਕ ਇਸ਼ਾਰਿਆਂ ਤਕ ਨਾਲ਼ ਆਪਣੇ ਸਮੂਹ ਵਿੱਚ ਪ੍ਰਗਟਾਉਂਦਾ ਹੈ। ਇਉਂ ਸਮਾਜਿਕ ਰਿਸ਼ਤਿਆਂ ਦਾ ਤਾਣਾ ਬਾਣਾ ਲੋਕ ਕਾਵਿ ਵਿੱਚ ਸਾਨੂੰ ਬੁਣਿਆਂ ਮਿਲ਼ਦਾ ਹੈ। ਇਸ ਤਰ੍ਹਾਂ ਦੇ ਲੋਕ ਕਾਵਿ ਵਿੱਚ ਵਿਅੰਗ ਦੀ ਸੁਰ ਪ੍ਰਧਾਨ ਹੁੰਦੀ ਹੈ ਜਿਵੇਂ,

  • ਸੱਸ ਮੇਰੀ ਨੂੰ ਮੁੰਡਾ ਜੰਮਿਆਂ ਨਾਂ ਰੱਖਿਆ ਗੁਰਦਿੱਤਾ

ਪੰਜੀਰੀ ਖਾਵਾਂਗੇ ਵਾਹਿਗੁਰੂ ਨੇ ਦਿੱਤਾ।

  • ਉੱਚੇ ਟਿੱਲੇ ਮੈਂ ਮਿਰਚਾਂ ਰਗੜਾਂ

ਸਹੁਰੇ ਦੀ ਅੱਖ ਵਿੱਚ ਪਾ ਆਈਆਂ ਘੁੰਡ ਕਢਣੇ ਦੀ ਅਲਖ ਮੁਕਾ ਆਈਆਂ।

  • ਮੇਰੇ ਜੇਠ ਦੇ ਬੁਰੇ ਦਿਨ ਆਏ

ਕਿੱਕਰਾਂ ਨੂੰ ਪਾਵੇ ਜੱਫੀਆਂ

  • ਮੇਰਾ ਦਿਉਰ ਬੜਾ ਟੁੱਟ ਪੈਣਾ

ਹੱਸਦੀ ਦੇ ਦੰਦ ਗਿਣਦਾ।

  • ਨਣਦੇ ਜਾਏ ਖਾਣੀਏਂ

ਤੈਂ ਵੀ ਜਾਣਾ ਕਿਸੇ ਅੱਗੇ ਨਿੰਬੂ ਮੇਰੇ ਮਨ ਵਸੀਆ।

  • ਸੌਕਣ ਸੌਕਣ ਦਾ ਮੁਕਾਬਲਾ ਅਹਮੋ ਸਾਹਮਣੇ

ਤੇਰੀ ਦਿੱਲੀ ਮੇਰਾ ਆਗਰਾ ਆਹਮੋ ਸਾਹਮਣੇ ਸਾਰੇ ਭਾਂਡੇ ਤੇਰੇ ਵਲ ਟੁੱਟੀ ਹੋਈ ਕੌਲੀ ਮੇਰੇ ਵਲ ਅਜੇ ਵੀ ਸੌਕਣੇ ਲੜਦੀ ਐਂ ਲੜ ਲੜ ਗੱਲਾਂ ਕਰਦੀ ਐਂ ਓਹਦੇ ਨਾਲ਼ ਤੂੰ ਲੜਿਆ ਕਰ ਓਹਦੀ ਦਾਹੜੀ ਫੜਿਆ ਕਰ ਗਿੱਠ ਗਿੱਠ ਲੰਮੀ ਕਰਿਆ ਕਰ ਅਜੇ ਵੀ ਸੌਕਣੇ ਲੜਦੀਐਂ ਲੜ ਲੜ ਗੱਲਾਂ ਕਰਦੀ ਐਂ ਹੁਣ ਲੜ ਸੌਕਣੇਂ ਮੈਂ ਤੇਰੇ ਜਿੱਡੀ ਹੋਈ। ਇਥੇ ਧਿਆਨ ਰੱਖਣਯੋਗ ਗੱਲ ਇਹ ਹੈ ਕਿ ਰਚਨਾਕਾਰ ਆਪਣੇ ਸਮੂਹ ਜਾਂ ਵਰਗ ਦੀ ਗੱæਲ ਕਰਦਾ ਹੈ। ਇਸ ਸਮੂਹ ਵਿੱਚ ਉਹ ਆਪ ਵੀ ਸ਼ਾਮਿਲ ਹੁੰਦਾ ਹੈ। ਦੂਜੇ ਸ਼ਬਦਾਂ ਵਿੱਚ ਨਿੱਜੀ ਤੇ ਵਿਅਕਤੀਗਤ ਭਾਵਨਾਵਾਂ ਨੂੰ ਵਿਸਤਾਰ ਕੇ ਸਾਮੂਹਿਕ ਬਣਾ ਦਿੱਤਾ ਜਾਂਦਾ ਹੈ। ਜਦੋਂ ਕੋਈ ਔਰਤ ਇਹ ਕਹਿੰਦੀ ਹੈ ਕਿ 'ਸਾਰਿਆਂ ਵਿਚੋਂ ਮੈਂ ਵੇ ਚੰਗੀ ਜਿਹੜੀ ਸੁਣ ਸੁਣ ਕਰਦੀ ਗੁਜਾਰਾ' ਤਾਂ ਅਸਲ ਵਿੱਚ ਉਹ ਆਪਣਾ ਅਤੇ ਆਪਣੇ ਵਰਗੀਆਂ ਹੋਰ ਔਰਤਾਂ ਦਾ ਪੱਖ ਪੂਰ ਰਹੀ ਹੁੰਦੀ ਹੈ। ਇਸੇ ਕਰਕੇ ਹੀ ਉਹ ਆਪਣੇ ਮਾਪਿਆਂ ਪ੍ਰਤਿ ਸੁਹਿਰਦ ਦਿਖਾਈ ਦਿੰਦੀ ਹੈ ਅਤੇ ਉਨ੍ਹਾਂ ਪ੍ਰਤਿ ਉਦਰੇਵੇਂ ਦੇ ਗੀਤਾਂ ਦੀ ਸਿਰਜਣਾ ਕਰਦੀ ਹੈ ਪਰੰਤੂ ਸਹੁਰੇ ਘਰ ਦੇ ਪ੍ਰਤੀ ਉਸ ਦਾ ਰਵੱਈਆ ਵਿਰੋਧੀ ਧਿਰ ਵਾਲਾ ਤੇ ਵਿਅੰਗਆਤਮਕ ਹੂੰਦਾ ਹੈ। ਮਰਦ ਜਦੋਂ ਇਹ ਬੋਲੀ ਪਾਉਂਦਾ ਹੈ;

  • ਲਿਆ ਮੈ ਤੇਰੇ ਕੇਸ ਬੰਨ ਦਿਆਂ

ਮੇਰੇ ਨਿੱਤ ਦੇ ਸ਼ਰਾਬੀਆ ਯਾਰਾ।

ਤਾਂ ਅਸਲ ਵਿੱਚ ਇਹ ਵੈਲੀ ਮਨ ਦੀ ਇੱਛਾ ਬੋਲ ਰਹੀ ਹੁੰਦੀ ਹੈ ਨਾ ਕਿ ਔਰਤ ਦੀ ਭਾਵਨਾ। ਸ਼ਾਇਦ ਔਰਤ ਇਹ ਕਹਿਣ ਦੀ ਬਜਾਏ ਕਹੇ 'ਮੇਰੇ ਨਿੱਤ ਦੇ ਸ਼ਰਾਬੀਆ ਯਾਰਾ ਆ ਮੈਂ ਤੇਰੇ ਕੇਸ ਪੱਟਦਿਆ।' ਇਉਂ ਔਰਤ ਦਾ ਆਪਣੇ ਪਤੀ ਪ੍ਰਤੀ ਰਵੱਈਆ ਭਾਵੇਂ ਮੋਹ-ਭਿੰਨਾ ਹੈ ਪੰ੍ਰਤੁ ਸ਼ਰੀਕੇ ਭਾਈਚਾਰੇ ਦੀਆਂ ਲੜਾਈਆਂ ਵਿੱਚ ਔਰਤ ਉਸ ਨੂੰ ਕੋਸਦੀ ਵੀ ਹੈ। ਸਮਾਜ ਸਭਿਆਚਾਰਕ ਪ੍ਰਸੰਗ ਵਿੱਚ ਭਾਵੇਂ ਕਿ ਉਹ ਆਪਣੇ ਅਨਜੋੜ ਰਿਸ਼ਤੇ ਬਾਰੇ ਖੁੱਲ੍ਹ ਕੇ ਨਹੀਂ ਬੋਲ ਸਕਦੀ ਪ੍ਰੰਤੂ ਲੋਕ ਕਾਵਿ ਉਸ ਨੂੰ ਅਜਿਹਾ ਕਰਨ ਦੀ ਇਜਾਜ਼ਤ ਦਿੰਦਾ ਹੈ। ਔਰਤ ਕਾਲ਼ੇ, ਲੰਮੇ, ਅਫ਼ੀਮਚੀ, ਮਧਰੇ ਅਤੇ ਬੁੱਢੇ ਪਤੀ ਨੂੰ ਲੋਕ ਗੀਤਾਂ ਵਿੱਚ ਰੱਜ ਕੇ ਕੋਸਦੀ ਹੈ। ਸ਼æਾਇਦ ਆਮ ਜੀਵਨ ਵਿੱਚ ਉਹ ਇੰਨਾਂ ਕੁਝ ਨਾ ਕਹਿ ਸਕੇ।

  • ਕਾਲੇ ਕੌਂਤ ਬਿਨਾਂ ਵੇ ਰੱਬਾ ਮੌਤ ਚੰਗੀ

ਅੰਦਰ ਵੜਿਆ ਤਾਂ ਡੰਗਰ ਵੱਛਾ ਡਰਿਆ ਨੀ ਮਾਏ ਮਧਰੇ ਕੌਤ ਤੋਂ ਬਿਨਾ ਵੇ ਰੱਬਾ ਮੌਤ ਚੰਗੀ ਅੰਦਰ ਵੜਿਆ ਤਾਂ ਖਿੱਦੋ ਵਾਗੂੰ ਰਿੜ੍ਹਿਆ ਨੀ ਮਾਏ ਲੰਬੇ ਕੌਂਤ ਬਿਨਾਂ ਵੇ ਰੱਬਾ ਮੌਤ ਚੰਗੀ ਅੰਦਰ ਵੜਿਆ ਤਾਂ ਥੰਮੇ ਵਾਗੂੰ ਅੜਿਆ ਨੀ ਮਾਏ। ਸੋਹਣਾ ਕੌਤ ਹੋਵੇ ਦਿਲ ਦਾ ਸੌਕ ਹੋਵੇ ਅੰਦਰ ਵੜਿਆ ਤਾ ਗੈਸ ਵਾਗੂੰ ਜਗਿਆ ਨੀ ਮਾਏ।

  • ਨੰਦ ਵੇ ਤੂੰ ਮੋਟਾ ਵੇ ਸੁਣੀਂਦਾ

ਮੈਂ ਪਤਲੀ ਪਤੰਗ ਵੇ।

  • ਮਾਏ ਨੀ ਮਾਏ ਬੁੱਢਾ ਤੇਰੇ ਹਾਣ ਦਾ

ਤੂੰ ਹੀ ਲਾਵਾਂ ਲੈ ਲੈ ਬੁੱਢਾ ਤੇਰੇ ਹਾਣ ਦਾ। ਧੀਏ ਨੀ ਧੀਏ ਐੱਡੇ ਬੋਲ ਬੋਲਦੀ ਬੁੱਢੇ ਨਾਲ਼ ਸੰਜੋਗ ਮੂੰਡਾ ਕਿੱਥੋਂ ਟੋਲਦੀ।

  • ਕੀ ਵਰ ਟੋਲਿਆ ਮਾਏ ਨੀ ਕੀ ਵਰ ਟੋਲ਼ਿਆ

ਪੋਸਤ ਪੀਵਦਾ ਮਾਏ ਨੀ ਵੱਟੀ ਰੋਜ ਦਾ। ਨੱਥਵੀ ਮੰਗਦਾ ਮਾਏ ਨੱਥ ਵੀ ਮੰਗਦਾ, ਨਾਲੇ ਮੰਗਦਾ ਮਾਏ ਨੀ ਅਧੀਆ ਸ਼ਰਾਬ ਦਾ ਇਕ ਚਿਤ ਆਖਦਾ ਮਾਏ ਨੀ ਡੂੰਘੇ ਪੈ ਮਰਾਂ ਇਕ ਚਿਤ ਆਖਦਾ ਮਾਏ ਪੁੱਤ ਗਰੀਬ ਦਾ ਨੱਥ ਵੀ ਦੇ ਦੇ ਧੀਏ, ਨੱਥ ਵੀ ਦੇ ਦੇ ਨਾਲੇ ਦੇ ਦੇ ਧੀਏ ਅਧੀਆ ਸ਼ਰਾਬ ਦਾ।

ਸਮਾਜਿਕ ਸੰਦਰਭਾਂ ਵਿੱਚ ਆਪਣੇ ਮਨਮਰਜ਼ੀ ਦੇ ਰਿਸ਼ਤੇ ਲੱਭਣ ਨੂੰ ਗੁਨਾਹ ਸਮਝਿਆ ਜਾਂਦਾ ਹੈ। ਔਰਤ ਮਰਦ ਦੀਆਂ ਦੱਬੀਆਂ ਭਾਵਨਾਵਾਂ ਜੇਕਰ ਯਥਾਰਥ ਪੱਧਰ ਤੇ ਅਧੂਰੀਆਂ ਰਹਿੰਦੀਆਂ ਹਨ ਤਾਂ ਜ਼ਰੂਰ ਹੀ ਉਹ ਕਵਿਤਾ ਜਾਂ ਗੀਤ ਦਾ ਰੂਪ ਧਾਰਨ ਕਰਕੇ ਕਲਪਨਾ ਦੀ ਸੂਖਮ ਪੱਧਰ ਤੇ ਸੂਖਮ ਰੂਪ ਵਿੱਚ ਉਜਾਗਰ ਹੁੰਦੀਆਂ ਹਨ। ਸ਼ਾਇਦ ਇਸੇ ਕਰਕੇ ਲੋਕ-ਕਾਵਿ ਪ੍ਰੇਮ ਪ੍ਰਸੰਗਾਂ ਨਾਲ ਭਰਿਆ ਹੋਇਆ ਹੈ ਪਰੰਤੂ ਇੱਕ ਗੱਲ ਜੋ ਲੋਕ ਕਾਵਿ ਵਿੱਚ ਦੇਖੀ ਜਾ ਸਕਦੀ ਹੈ ਉਹ ਇਹ ਹੈ ਕਿ ਜਿੱਥੇ ਮਰਦਾਂ ਦੇ ਲੋਕ ਕਾਵਿ ਵਿੱਚ ਇਹ ਭਾਵਨਾਵਾਂ ਨਿਸੰਗ ਅਤੇ ਫੂਹੜ ਰੂਪ ਵੀ ਧਾਰਨ ਕਰ ਲੈਂਦੀਆਂ ਹਨ ਉੱਥੇ ਔਰਤਾਂ ਦੁਆਰਾ ਰਚਿਤ ਕਾਵਿ ਰੂਪ ਵਿੱਚ ਇਹ ਕਿਸੇ ਨਾ ਕਿਸੇ ਉਹਲੇ ਵਿੱਚ ਰੂਪਮਾਨ ਹੁੰਦੀਆਂ ਹਨ। ਕਦੇ ਇਹ ਧਾਰਮਿਕ ਪਾਤਰ ਰਾਧਾ ਕ੍ਰਿਸ਼ਨ ਦੇ ਉਹਲੇ ਵਿੱਚ ਪ੍ਰਗਟ ਹੂੰਦੀਆਂ ਹਨ ਅਤੇ ਕਦੇ ਦੰਤ ਕਥਾਵਾਂ ਦੇ ਉਹਲੇ ਵਿਚ। ਜਿਵੇਂ ਹੀਰ-ਰਾਂਝਾ, ਮਿਰਜ਼ਾ- ਸਾਹਿਬਾਂ, ਸੱਸੀ-ਪੁੰਨੂੰ ਤੇ ਸੋਹਣੀ-ਮਹੀਂਵਾਲ ਆਦਿ ਦੰਤ ਕਥਾਵਾਂ ਦੇ ਰੂਪ ਵਿਚ। ਇਥੋਂ ਤੱਕ ਕਿ ਪ੍ਰਦੇਸ਼ੀ ਪਤੀ ਲਈ ਵੀ 'ਸ਼ਾਮ' ਦਾ ਸੰਬੋਧਨ ਕੀਤਾ ਜਾਂਦਾ ਹੈ। ਮਹਿੰਦਰ ਸਿੰਘ ਰੰਧਾਵਾ ਤੇ ਦੂਸਰੇ ਵਿਦਵਾਨ ਇਹ ਸਵੀਕਾਰ ਕਰਦੇ ਹਨ ਕਿ ਲੋਕ ਗੀਤ ਜਾਂ ਲੋਕ ਕਾਵਿ ਨੂੰ ਗਾਉਣ ਵਾਲੇæ ਰੂਪ ਵਿੱਚ ਹੀ ਪੂਰੇ ਜਲੋਅ ਵਿੱਚ ਮਾਣਿਆ ਜਾ ਸਕਦਾ ਹੈ ਤੇ ਇਸ ਦੇ ਬੋਲਾਂ ਦੀ ਮਿਠਾਸ ਨੂੰ ਅਤੇ ਤਾਲ ਦੀ ਲੈਅ ਨੂੰ ਮਾਣਿਆਂ ਜਾ ਸਕਦਾ ਹੈ। ਲੋਕ ਕਾਵਿ ਬਿਨਾਂ ਸਾਜ਼ ਤੋਂ ਵੀ ਗਾਇਆ ਜਾ ਸਕਦਾ ਹੈ। ਢੋਲਕੀ ਜਾਂ ਢੋਲਕ ਦੇ ਤਾਲ ਤੇ ਵੀ ਅਤੇ ਲੋਕ ਸਾਜ਼ਾਂ ਦੀ ਸੰਗਤ ਨਾਲ ਵੀ। ਬਿਨਾਂ ਕਿਸੇ ਸਾਜ਼ ਤੋਂ ਗਾਏ ਜਾਣ ਵਾਲੇ ਪੰਜਾਬੀ ਵਿੱਚ ਲੰਮੇ ਗਾਉਣ ਹਨ ਜਿਨ੍ਹਾਂ ਵਿੱਚ ਲੋਕ ਮਨ ਦਾ ਦੁਖਾਂਤ-ਭਾਵ ਕੀਰਨੇ ਵਰਗੀਆਂ ਲੈਆਂ ਵਿੱਚ ਪ੍ਰਵਾਹਮਾਨ ਹੁੰਦਾ ਹੈ। ਲੋਕ ਗੀਤ ਇੱਕ ਟੇਕ ਤੇ ਚਲਦਾ ਹੈ, ਇੱਕ ਟੇਕ ਦਾ ਵਾਰ ਵਾਰ ਦਹਰਾਉ ਭਾਵ ਨੂੰ ਸੰਘਣਾ ਕਰਦਾ ਹੈ। ਇਸ ਤੋਂ ਇਲਾਵਾ ਘੋੜੀਆਂ ਵਿੱਚ ਲਾੜੇ ਦੇ ਪਹਿਰਾਵੇ ਦੀਆਂ ਚੀਜ਼ਾਂ ਦਾ ਦੁਹਰਾਉ ਅਤੇ ਸੁਹਾਗਾਂ ਵਿੱਚ ਰਿਸ਼ਤਿਆਂ ਦਾ ਦੁਹਰਾਉ ਹੁੰਦਾ ਹੈ। ਇਹ ਦੁਹਰਾਉ ਕਾਰਣ ਹੀ ਕੁਝ ਗੀਤ ਖੁੱਲੇ ਰੂਪ ਬਣ ਜਾਂਦੇ ਹਨ। ਗਾਉਣਾਂ ਵਿੱਚ ਕੁਝ ਸ਼ਾਮਿਲ ਕਰਨ ਦੀ ਗੁੰਜ਼ਾਇਸ਼ ਘੱਟ ਹੁੰਦੀ ਹੈ। ਇਸ ਲਈ ਇਸ ਨੂੰ ਬੰਦ ਰੂਪ ਵਿੱਚ ਰੱਖਿਆ ਗਿਆ ਹੈ। ਲੋਕ ਗੀਤਾਂ ਦਾ ਬਿੰਬ ਵਿਧਾਨ ਲੋਕ ਜੀਵਨ ਜਿੰਨਾਂ ਹੀ ਰੰਗ ਬਰੰਗਾ ਹੈ। ਜੀਵਨ ਨਾਲ ਜੁੜੀ ਹਰ ਚੀਜ਼ ਨੂੰ ਲੋਕ ਕਾਵਿ ਬਿੰਬ ਵਿੱਚ ਢਾਲਣ ਦੀ ਸ਼ਕਤੀ ਰੱਖਦਾ ਹੈ। ਘਰੇਲੂ ਵਸਤਾਂ ਤੋਂ ਲੈ ਕੇ ਪ੍ਰਕਿਰਤੀ ਦੀ ਹਰ ਵਸਤੂ ਬਿੰਬ ਵਿੱਚ ਪਰਿਵਰਤਿਤ ਹੋ ਸਕਦੀ ਹੈ। ਇਹੀ ਗੱਲ ਪ੍ਰਤੀਕਾਂ ਬਾਰੇ ਵੀ ਕਹੀ ਜਾ ਸਕਦੀ ਹੈ। ਜਿਹੜੀਆਂ ਭਾਵਨਾਵਾਂ ਸਿੱਧੇ ਰੂਪ ਵਿੱਚ ਨਹੀਂ ਪ੍ਰਗਟਾਈਆਂ ਜਾ ਸਕਦੀਆਂ ਉਹ ਪ੍ਰਤੀਕਾਂ ਦਾ ਉਹਲਾ ਲੱਭ ਲੈਂਦੀਆਂ ਹਨ। ਜਿਵੇਂ,

  • ਰਸੀਆ ਨਿੰਬੂ ਲਿਆਦੇ ਵੇ ਮੇਰੇ ਉੱਠੀ ਕਲੇਜੇ ਪੀੜ।
  • ਉੱਡ ਜਾਈਂ ਵੇ ਰਾਅ ਤੋਤਿਆ,

ਸਾਡੀ ਨਿੰਮ ਦੇ ਡਾਅਲ਼ੇ ਪਤਲੇ ਵੇ ਰਾਅ ਤੋਤਿਆ।

ਲੋਕ ਕਾਵਿ ਰੂਪ, ਲੋਕ ਛੰਦ, ਲੋਕ ਨਾਟਕ, ਲੋਕ ਸੰਗੀਤ ਆਦਿ ਵਿਕਸਤ ਹੋ ਕੇ ਬਾਦ ਵਿੱਚ ਵਿਸ਼ਿਸ਼ਟ ਛੰਦ, ਵਿਸ਼ਿਸ਼ਟ ਨਾਟਕ, ਵਿਸ਼ਸ਼ਟ ਸੰਗੀਤ ਅਤੇ ਵਿਸ਼ਿਸ਼ਟ ਕਾਵਿ ਰੂਪ ਦਾ ਰੂਪ ਧਾਰਨ ਕਰਦੇ ਹਨ। ਲੋਕ ਛੰਦ, ਸੰਗੀਤ ਨਾਲ਼ ਜੁੜੇ ਹੁੰਦੇ ਹਨ ਇਸੇ ਲਈ ਇੰਨ੍ਹਾਂ ਵਿੱਚ ਵਰਣਾਂ ਜਾਂ ਮਾਤਰਾਵਾਂ ਦੀ ਕੱਟੜਤਾ ਨਾਲ ਪਾਲਣਾ ਨਹੀਂ ਹੋ ਸਕਦੀ। ਫਿਰ ਵੀ ਸੰਤ ਸਿੰਘ ਸੇਖੋਂ ਦੇ ਕਹਿਣ ਅਨੁਸਾਰ ਦੋਹਰਾ, ਚੌਪਈ ਤੇ ਦਵੱਈਆ ਆਦਿ ਲੋਕ ਛੰਦ ਹੀ ਹਨ ਜਿਸ ਉਪਰ ਕਲਾਸੀਕਲ ਛੰਦਾਂ ਦਾ ਮਹਿਲ ਉਸਰਿਆ ਹੋਇਆ ਹੈ। ਜੇਕਰ ਲੋਕ ਭਾਸ਼ਾ ਦਾ ਨਮੂਨਾ ਠੇਠ ਤੇ ਸਹੀ ਰੂਪ ਵਿੱਚ ਦੇਖਣਾ ਹੋਵੇ ਤਾਂ ਲੋਕਗੀਤਾਂ ਦਾ ਅਧਿਐਨ ਸਭ ਤੋਂ ਮਹੱਤਵਪੂਰਣ ਹੋਵੇਗਾ। ਇਸ ਭਾਸ਼ਾ ਵਿੱਚ ਵਿਗਾੜ ਨੂੰ ਵੀ ਲੋਕਾਂ ਦੀ ਮਨਜ਼ੂਰੀ ਮਿਲੀ ਹੋਈ ਹੁੰਦੀ ਹੈ। ਲਗਾਮ ਨੂੰ ਗਲਾਮ ਆਦਿ ਗਾਉਣਾ ਲੋਕ ਕਾਵਿ ਵਿੱਚ ਆਮ ਹੈ। ਕੁਝ ਸ਼ਬਦਾਂ ਦਾ ਅਰਥ ਲੱਭਣ ਵਿੱਚ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਜਿਵੇਂ ਸ਼ਬਦ ਇੰਜੜਾ, ਆਂਚਲ ਦਾ ਵਿਗੜਿਆ ਹੋਇਆ ਰੂਪ ਹੈ ਇਸ ਤਰ੍ਹਾਂ ਦੇ ਹੋਰ ਵੀ ਅਨੇਕਾਂ ਉਦਾਹਰਣ ਮਿਲ ਸਕਦੇ ਹਨ। ਹਰ ਭਾਸ਼ਾ ਦੇ ਲੋਕ ਕਾਵਿ ਵਾਂਗ ਪੰਜਾਬੀ ਲੋਕ ਕਾਵਿ ਦੇ ਵੀ ਅਨੇਕਾਂ ਰੂਪ ਹਨ ਜਿਵੇਂ ਬਿਅ੍ਹਾਈਆਂ (ਜਨਮ ਸਮੇਂ ਦੇ ਗੀਤ), ਸੁਹਾਗ, ਘੋੜੀਆਂ, ਸਿੱਠਣੀਆਂ, ਅਲਾਹੁਣੀਆਂ, ਬਾਰਾਂਮਾਹਾਂ, ਪੈਂਤੀ ਅੱਖਰੀ, ਬਾਵਨ ਅੱਖਰੀ, ਰੁੱਤਾਂ, ਅਠਵਾਰਾ, ਸਤਵਾਰਾ, ਗੰਢਾਂ ਆਦਿ। ਕੁਝ ਵਿਦਵਾਨਾਂ ਨੇ ਲੋਕ ਕਾਵਿ ਰੂਪ ਵਿੱਚ ਬੁਝਾਰਤਾਂ, ਅਖਾਣ, ਮੁਹਾਵਰੇ ਤੇ ਸਿਆਣਪ ਦੇ ਟੋਟੇ ਨੂੰ ਵੀ ਸ਼ਾਮਿਲ ਕਰ ਲਿਆ ਹੈ। ਉਨ੍ਹਾਂ ਦਾ ਅਜਿਹਾ ਕਰਨ ਦਾ ਆਧਾਰ ਸਿਰਫ਼ ਤੁੱਕਬੰਦੀ ਹੈ ਜਿਸ ਨੂੰ ਆਧਾਰ ਨਹੀਂ ਬਣਾਇਆ ਜਾ ਸਕਦਾ। ਇਹ ਲੋਕ ਸਾਹਿਤ ਦਾ ਬੜਾ ਮਹੱਤਵਪੂਰਨ ਹਿੱਸਾ ਹਨ ਪਰੰਤੂ ਇੰਨਾਂ ਨੂੰ ਲੋਕ ਕਾਵਿ ਵਿੱਚ ਸ਼ਾਮਿਲ ਕਰਨਾ ਲੋਕ ਕਾਵਿ ਦਾ ਮਖੌਲ ਉਡਾਉਣਾ ਹੈ।

ਮੁੰਦਾਵਣੀ

ਮੁੰਦਾਵਣੀ ਸ਼ਬਦ 'ਮੁੰਦਣ' ਤੋਂ ਬਣਿਆਂ ਹੈ ਜਿਸ ਦੇ ਅਰਥ ਹਨ ਬੰਦ ਕਰਨਾ। ਇਸ ਤੋਂ ਅਗਾਂਹ ਇਸ ਦੇ ਅਰਥ ਕੀਤੇ ਜਾਂਦੇ ਹਨ ਰੋਕਣਾ, ਬੱਸ ਕਰਨੀ, ਹੱਦ ਬੰਨ੍ਹਣੀ ਜਾਂ ਸੌਂਹ ਪਾਉਣੀ। ਪੰਡਿਤ ਤਾਰਾ ਸਿੰਘ ਨਰੋਤਮ ਨੇ ਮੁੰਦਾਵਣੀ ਨੂੰ ਜੰਜ ਬੰਨ੍ਹਣ ਦੇ ਗੀਤ ਕਿਹਾ ਹੈ। ਉਪਰੋਕਤ ਦਿੱਤੇ ਅਰਥਾਂ ਤੋਂ ਸੌਂਹ ਪਾਉਣੀ ਜਾਂ ਹੱਦ ਬੰਨ੍ਹਣੀ ਦਾ ਅਰਥ ਵੀ ਜੰਜ ਬੰਨਣ ਦੇ ਗੀਤ ਹੀ ਬਣਦਾ ਹੈ। ਪੰਡਿਤ ਤਾਰਾ ਸਿੰਘ ਨਰੋਤਮ ਦਾ ਕਥਨ ਹੈ, "ਅਰਜਨ ਸਾਹਿਬ ਜੀ ਕੇ ਵਿਬਾਹ ਸਮੇਂ ਇਸਤਰੀਓਂ ਨੇ ਜਨੇਤ ਕੀ ਥਾਲੀਆਂ ਬੰਧੀ। ਉਸ ਬੰਨਣੇ ਕਾ ਨਾਮ ਮੁੰਦਾਵਣੀ ਬਨਾ ਹੈ।"(ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ, ਮੁੰਦਾਵਣੀ, ਗਿਆਨੀ ਗੁਰਦਿੱਤ ਸਿੰਘ, ਪੰਨਾ 90) ਭਾਈ ਕਾਹਨ ਸਿੰਘ ਨਾਭਾ ਨੇ ਮੁੰਦਾਵਣੀ ਦਾ ਅਰਥ ਮੁੰਦਣ ਜਾਂ ਮੋਹਰ ਛਾਪ ਲਾਉਣਾ ਕਰਦਿਆ ਲਿਖਿਆ ਹੈ ਕਿ, "ਭਾਰਤ ਵਿੱਚ ਰੀਤੀ ਹੈ ਕਿ ਮਹਾਰਾਜਿਆਂ ਦੇ ਖਾਣ ਪਾਨ ਦਾ ਪ੍ਰਬੰਧ ਕਰਨ ਵਾਲਾ ਸਰਦਾਰ ਆਪਣੇ ਆਪਣੇ ਭੋਜਨ ਤਿਆਰ ਕਰਵਾ ਕਿ ਦੇਗਚੇ ਆਦਿ ਬਰਤਨਾਂ ਪੁਰ ਮੋਹਰ ਲਾ ਦਿੰਦਾ ਹੈ ਤਾਂ ਕਿ ਅਸੁæੱਭ ਜ਼ਹਿਰ ਆਦਿ ਭੋਜਨ ਵਿੱਚ ਨਾ ਮਿਲਾ ਸਕੇ, ਫਿਰ ਜਦ ਥਾਲ ਪਰੋਸਦਾ ਹੈ ਤਦ ਵੀ ਥਾਲ ਪਰ ਸਰਪੋਸ਼ ਦੇ ਕੇ ਮੋਹਰ ਲਾ ਦਿੰਦਾ ਹੈ। ਉਹ ਮੋਹਰ ਜ਼ੁੰਮੇਵਾਰ ਸਰਦਾਰ ਦੇ ਰੂਬਰੂ ਮਹਾਰਾਜਾ ਦੇ ਸੰਮੁਖ ਖੋਲ੍ਹੀ ਜਾਂਦੀ ਹੈ।" ਭਾਈ ਕਾਹਨ ਸਿੰਘ ਨਾਭਾ ਨੇ ਗੁਰਬਾਣੀ ਦੀ ਜਿਸ ਪੰਗਤੀ ਦਾ ਜ਼ਿਕਰ ਕੀਤਾ ਹੈ ਉਸ ਦਾ ਅਰਥ ਬੁਝਾਰਤ ਵੀ ਬਣਦਾ ਹੈ। 'ਇਹ ਮੁੰਦਾਵਣੀ ਸਤਿਗੁਰ ਪਾਈ, ਗੁਰਸਿੱਖਾਂ ਲੱਧੀ ਭਾਲਿ" (ਮਹਲਾ ਤੀਜਾ, ਵਾਰ ਸੋਰਠ)। ਜੇਕਰ ਉਪਰੋਕਤ ਅਰਥਾਂ ਤਕ ਆਪਣੇ ਆਪ ਨੂੰ ਸੀਮਤ ਰੱਖੀਏ ਤਾਂ ਬੁਝਾਰਤ ਜਾਂ ਜੰਜ ਬੰਨ੍ਹਣ ਦੇ ਗੀਤਾਂ ਨੂੰ ਮੁੰਦਾਵਣੀ ਕਿਹਾ ਜਾਣਾ ਚਾਹੀਦਾ ਹੈ। ਪਰ ਅਸੀਂ ਇਹ ਮੰਨਦੇ ਹਾਂ ਕਿ 'ਲੋਕ' ਜਦੋਂ ਗੀਤ ਗਾਉਂਦਾ ਹੈ ਤਾਂ ਅੰਤ ਉਪਰ ਜਾ ਕੇ ਕੋਈ ਪਰੰਪਰਾਗਤ ਪੰਗਤੀਆਂ ਉਚਾਰਦਾ ਹੈ। ਉਨ੍ਹਾਂ ਪਰੰਪਰਾਗਤ ਪੰਗਤੀਆਂ ਨੂੰ ਹੀ ਮੁੰਦਾਵਣੀ ਕਹਿਣਾ ਚਾਹੀਦਾ ਹੈ। ਔਰਤਾਂ ਸਿੱਠਣੀਆਂ ਤੋਂ ਬਾਦ ਅਖੀਰ ਤੇ ਮਾਫ਼ੀ ਮੰਗਣ ਦੇ ਬੋਲ ਉਚਾਰਦੀਆਂ ਹਨ ਤਾਂ ਕਿ ਕੋਈ ਗੁੱਸਾ ਨਾ ਕਰੇ। ਜਿਵੇਂ,

-ਵਿਆਹ ਦੀਆਂ ਸਿੱਠਣੀਆਂ, ਲੜਾਈ ਦੇ ਮਿਹਣੇ ਅਸੀਂ ਨਿੱਤ ਨਿੱਤ ਨਹੀਂ ਦੇਣੇ।

-ਸਲ਼ਾਈਆਂ ਸਲ਼ਾਈਆਂ, ਹੁਣ ਸਾਨੂੰ ਮਾਫ ਕਰੋ ਬਹੁਤ ਬੋਲੀਆਂ ਪਾਈਆਂ

ਮਰਦਾਂ ਦੇ ਭੰਗੜੇ ਦੇ ਅਖੀਰ ਦੇ ਬੋਲ ਆਮ ਤੌਰ ਤੇ ਇਹ ਹੁੰਦੇ ਹਨ;

-ਰੰਗਲੀ ਦੁਨੀਆ ਤੋਂ ਜੀਅ ਨੀ ਜਾਣ ਨੂੰ ਕਰਦਾ।

ਇਸੇ ਤਰ੍ਹਾ ਕਵੀਸ਼ਰ ਵੀ ਅਖੀਰਲੀਆਂ ਪੰਗਤੀਆਂ ਇਉਂ ਉਚਾਰਦਾ ਹੈ;

-ਕੁਝ ਦਿਨ ਖੇਡ ਲੈ, ਮੌਜਾਂ ਮਾਣ ਲੈ,

ਤੈਂ ਭੱਜ ਜਾਵਣਾ ਉਏ ਕੰਗਣਾ ਕੱਚ ਦਿਆ।

ਨਾਨਕੀਆਂ ਜਦੋਂ ਵਿਆਹ ਖਤਮ ਹੋਣ ਤੋਂ ਬਾਦ ਖੜਕਾ-ਦੜਕਾ ਕਰਦੀਆਂ ਵਾਪਸ ਪਰਤਦੀਆਂ ਹਨ ਤਾਂ ਉੱਥੇ ਵੀ ਉਹ ਸਿੱਠ ਕਰਨੋਂ ਨਹੀਂ ਟਲ਼ਦੀਆਂ;

-ਕੋਠੇ ਉਤੇ ਘੁੱਗੀਆਂ ਬਨੇਰੇ ਉਤੇ ਕਾਂ ਲੋਕੋ, ਅਸੀਂ ਚੱਲੇ ਚੱਲੇ ਅਸੀਂ ਚੱਲੇ ਚੱਲੇ ...'ਚ ਲੈ ਲਓ ਥਾਂ ਲੋਕੋ, ਅਸੀਂ ਚੱਲੇ ਚੱਲੇ।

ਇਉਂ ਗੀਤਾਂ ਦੀ ਸੁਰੂਆਤ ਨੂੰ ਮੰਗਲਾਚਰਨ ਤੇ ਅੰਤਿਮ ਪੰਗਤੀਆਂ ਨੂੰ ਮੁੰਦਾਵਣੀ ਕਹਿਣਾ ਚਾਹੀਦਾ ਹੈ। ਕੀਰਨਾ

ਅਲਾਹੁਣੀ ਤੇ ਕੀਰਨੇ ਨੂੰ ਸੋæਕਗੀਤ ਕਹਿਣਾ ਵਧੇਰੇ ਉੱਚਿਤ ਹੋਵੇਗਾ। ਕੁਝ ਵਿਦਵਾਨਾਂ ਨੇ ਕੀਰਨੇ ਨੂੰ ਅਲਾਹੁਣੀ ਦੇ ਅੰਤਰਗਤ ਹੀ ਵਿਚਾਰਿਆ ਹੈ। ਡਾæ ਵਣਜਾਰਾ ਬੇਦੀ ਨੇ ਕੀਰਨੇ ਨੂੰ ਇਸ ਕਰਕੇ ਅਲਾਹੁਣੀ ਨਾਲੋ ਕੁਝ ਵੱਖਰਾ ਮੰਨਿਆ ਹੈ ਕਿ ਇਹ ਇੱਕ ਵਿਅਕਤੀਗਤ ਰਚਨਾ ਹੁੰਦੀ ਹੈ ਜਦੋਂ ਕਿ ਅਲਾਹੁਣੀ ਸਾਮੂਹਿਕ ਸੋæਕਗੀਤ ਮੰਨਿਆਂ ਜਾਣਾ ਚਾਹੀਦਾ ਹੈ। ਡਾæ ਕਰਨੈਲ ਸਿੰਘ ਥਿੰਦ ਤੇ ਮਹਿੰਦਰ ਸਿੰਘ ਰੰਧਾਵਾ ਅਲਾਹੁਣੀ ਤੇ ਕੀਰਨੇ ਨੂੰ ਇੱਕ ਹੀ ਰੂਪ ਮੰਨ ਕੇ ਇਸ ਤੇ ਚਰਚਾ ਕਰਦੇ ਹਨ। ਡਾæ ਨਾਹਰ ਸਿੰਘ ਪੰਜਾਬੀ ਦਾ ਇੱਕ ਅਜਿਹਾ ਵਿਦਵਾਨ ਹੈ ਜੋ ਇਨ੍ਹਾਂ ਦੋਹਾਂ ਰੂਪਾਂ ਨੂੰ ਵੱਖਰਾ ਕਰਕੇ ਕੀਰਨੇ ਉੱਤੇ ਵਿਸਤਾਰ ਸਹਿਤ ਚਰਚਾ ਕਰਦਾ ਹੈ। ਇਸ ਨੂੰ ਪਰਿਭਾਸ਼ਤ ਕਰਦਿਆ ਉਹ ਲਿਖਦਾ ਹੈ, "ਕੀਰਨਾ ਹੌਕੇ ਤੇ ਲੇਰ ਦੇ ਅੰਤਰਗਤ ਸ਼ਿਕਾਇਤ ਦੇ ਲਹਿਜ਼ੇ ਵਿੱਚ ਉਚਰਿਤ ਅਜਿਹਾ ਪ੍ਰਗੀਤਾਤਮਕ ਗੀਤ ਰੂਪ ਹੈ ਜੋ ਕਿ ਥੀਮਿਕ ਟਕਰਾਉ ਦੀ ਕਾਵਿਕ ਜੁਗਤ ਉਤੇ ਆਧਾਰਿਤ ਮੈਂ ਤੇ ਤੂੰ ਦੇ ਇਕਾਗਰ ਸੰਬੰਧ ਪਰ ਸਵੈ ਸੰਬੋਧਨ ਰਾਹੀਂ ਥੀਮਿਕ ਟਕਰਾਉ ਨੂੰ ਸਿਰਫ ਟਕਰਾਉ/ਤਨਾਉ ਦੀ ਸਥਿਤੀ ਵਿੱਚ ਹੀ ਪੇਸ਼ ਕਰਦਾ ਹੈ। ਇਸ ਦੀ ਭਾਸ਼ਾ ਦਾ ਰੁਖ਼ ਮੁਹਾਵਰੇ ਵਲ ਹੁੰਦਾ ਹੈ। ਇਸ ਵਿੱਚ ਬਹੁਤ ਵਾਰ ਰੂਪਕ ਸਿਰਜਣਾ ਤੇ ਮਾਨਵੀਕਰਨ ਦੀਆਂ ਕਾਵਿ ਵਿਧੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਡਾæ ਨਾਹਰ ਸਿੰਘ ਕਿਉਂਕਿ ਲੋਕਗੀਤ ਦੀਆਂ ਰੂਪਗਤ ਵਿਸੇæਸ਼ਤਾਈਆਂ ਨੂੰ ਹੀ ਆਪਣੇ ਸਾਹਮਣੇ ਰੱਖਦਾ ਹੈ ਇਸ ਲਈ ਉਪਰੋਕਤ ਪਰਿਭਾਸ਼ਾ ਦਿੰਦਿਆ ਇਸ ਦੇ ਰੂਪ ਨੂੰ ਹੀ ਵਧੇਰੇ ਧਿਆਨ ਵਿੱਚ ਰੱਖਦਾ ਹੈ। ਸਾਡੇ ਵਿਚਾਰ ਵਿੱਚ ਕੀਰਨੇ ਨੂੰ ਸੋæਕਗੀਤ ਵੀ ਕਹਿਣਾ ਠੀਕ ਨਹੀਂ ਲਗਦਾ। ਇਸਦੇ ਦੋ ਕਾਰਣ ਹਨ; ਪਹਿਲਾ ਇਹ ਕਿ ਕੀਰਨਾ ਵਿਅਕਤੀਗਤ ਭਾਵਨਾਵਾਂ ਨੂੰ ਹੀ ਉਜਾਗਰ ਨਹੀਂ ਕਰਦਾ ਸਗੋਂ ਇਹ ਵਿਅਕਤੀਗਤ ਤੌਰ ਤੇ ਹੀ ਭਾਵਨਾਵਾਂ ਦਾ ਪ੍ਰਗਟਾ ਹੈ। ਮਰੇ ਬੰਦੇ ਪ੍ਰਤੀ ਸ਼ਬਦਾਂ ਨੂੰ ਲੈਆਤਮਕ ਰੂਪ ਦੇ ਦੇਣਾ ਹੀ ਗੀਤ ਨਹੀਂ ਕਿਹਾ ਜਾ ਸਕਦਾ। ਬੱਚੇ ਤੇ ਔਰਤ ਜਦੋਂ ਪਿਉ ਜਾਂ ਮਰਦ ਦੀ ਬੇਵਜ੍ਹਾ ਕੁੱਟ ਦਾ ਸ਼ਿਕਾਰ ਹੁੰਦੇ ਹਨ ਤਾਂ ਰੋਂਦੇ ਸਮੇਂ ਕੀਰਨਿਆਂ ਵਰਗਾ ਹੀ ਰੋਣ ਰੋਂਦੇ ਹਨ ਕੀ ਅਸੀਂ ਉਸਨੂੰ ਵੀ 'ਲੋਕਗੀਤ' ਦਾ ਨਾਮ ਦੇਵਾਂਗੇ?! ਇੱਕ ਪਾਸੇ ਤਾਂ ਵਿਦਵਾਨਾਂ ਨੇ ਤੁਕਾਂਤ ਮਿਲਣ ਕਾਰਨ ਬੁਝਾਰਤ, ਅਖਾਣਾਂ ਤੇ ਮੁਹਾਵਰਿਆਂ ਨੂੰ ਵੀ ਲੋਕ ਕਾਵਿ ਵਿੱਚ ਸਾਮਿਲ ਕਰ ਲਿਆ ਹੈ ਤਾਂ ਦੂਜੇ ਪਾਸੇ ਕੀਰਨੇ ਵਰਗੇ ਤੁਕਾਂਤ ਰਹਿਤ ਉਚਾਰਣ ਨੂੰ ਵੀ ਕਾਵਿ ਦੇ ਅੰਤਰਗਤ ਮੰਨ ਲਿਆ ਹੈ। ਜੇ ਪਾਏ ਗਏ ਕੀਰਨਿਆਂ ਨੂੰ ਧਿਆਨ ਵਿੱਚ ਰੱਖੀਏ ਤਾਂ ਇਹ ਇੱਕ ਵਾਰਤਕ ਰਚਨਾ ਦਿਖਾਈ ਦਿੰਦੀ ਹੈ। ਜਿਸ ਦੇ ਉਚਾਰਣ ਸਮੇਂ ਲੇਰਾਂ ਵਿੱਚ ਪੇਸ਼ ਕਰਨ ਕਾਰਣ ਇੱਕ ਲੈਅ ਦਾ ਅਹਿਸਾਸ ਹੁੰਦਾ ਹੈ ਪਰੰਤੂ ਇਹ ਲੋਕ ਕਾਵਿ ਨਹੀਂ ਅਖਵਾ ਸਕਦਾ।

ਅਲਾਹੁਣੀ

ਪੰਜਾਬੀ ਦੇ ਜਿੰਨੇ ਵੀ ਕਾਵਿ ਰੂਪ ਹਨ ਉਨ੍ਹਾਂ ਦੇ ਮੌਲਿਕ ਨਾਮ ਹਨ ਜੋ ਇਨ੍ਹਾਂ ਕਾਵਿ ਰੂਪਾਂ ਦੀ ਮੌਲਿਕਤਾ ਦੀ ਜਾਮਨੀ ਵੀ ਬਣਦੇ ਹਨ। ਇਹ ਕਾਵਿ ਰੂਪ ਸਦੀਆਂ ਤੋਂ ਪੰਜਾਬੀ ਜੀਵਨ ਵਿੱਚ ਕੋਈ ਨਾ ਕੋਈ ਸਭਿਆਚਾਰਕ ਕਾਰਜ ਨਿਭਾਉਂਦੇ ਆ ਰਹੇ ਹਨ। ਗੁਰੂ ਨਾਨਕ ਦੇਵ ਜੀ ਵਲੋਂ ਵਡਹੰਸ ਰਾਗ ਵਿੱਚ ਪੰਜ ਅਲਾਹੁਣੀਆਂ ਦੀ ਰਚਨਾ ਅਤੇ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਅਲਾਹੁਣੀ ਦਾ ਜ਼ਿਕਰ ਇਹ ਗੱਲ ਤਾਂ ਸਪਸ਼ਟ ਕਰ ਹੀ ਦਿੰਦਾ ਹੈ ਕਿ ਇਹ ਸ਼ੋਕ ਗੀਤ ਦਾ ਰੂਪ ਸਦੀਆਂ ਪੁਰਾਣਾ ਹੈ। ਬਾਬੇ ਨਾਨਕ ਨੇ ਅਲਾਹੁਣੀ ਦੇ ਵਿਸ਼ੇ ਨੂੰ ਧਿਆਨ ਵਿੱਚ ਰਖਦਿਆਂ ਹੋਇਆਂ ਦੁਨੀਆ ਦੀ ਨਾਸ਼ਮਾਨਤਾ ਅਤੇ ਸੰਸਾਰ ਛੱਡ ਗਏ ਬੰਦੇ ਪ੍ਰਤਿ ਝੂਠੇ ਰੁਦਨ ਨੂੰ ਨਕਾਰ ਕੇ ਪ੍ਰਭੂ ਪ੍ਰੇਮ ਵਲ ਧਿਆਨ ਕਰਨ ਉਪਰ ਬਲ ਦਿੱਤਾ ਹੈ। ਜਿਵੇਂ,

ਧੰਨੁ ਸਿਰੰਦਾ ਸਚਾ ਪਤਿਸਾਹੁ, ਜਿਨਿ ਜਗੁ ਧੰਦੇ ਲਾਇਆ। ਮੁਹਲਤਿ ਪੁਨੀ ਪਾਈ ਭਰੀ ਜਾਨੀਅੜਾ ਘਤਿ ਚਲਾਇਆ। ਜਾਨੀ ਘਤਿ ਚਲਾਇਆ ਲਿਖਿਆ ਆਇਆ ਰੁਨੇ ਵੀਰ ਸਬਾਏ। ਕਾਇਆ ਹੰਸ ਥੀਆ ਵੇਛੋੜਾ ਜਾ ਦਿਨ ਪੁੰਨੇ ਮੇਰੀ ਮਾਏ। ਜੇਹਾ ਲਿæਿਖਆ ਤੇਹਾ ਪਾਇਆ ਜੇਹਾ ਪੁਰਬਿ ਕਮਾਇਆ। ਧੰਨ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਦੇ ਲਾਇਆ।1।

 (ਰਾਗੁ ਵਡਹੰਸ ਮਹਲਾ 1, ਅਲਾਹੁਣੀਆ)

ਲੋਕ ਸ਼ੋਕਗੀਤ ਸਮੁੱਚੇ ਤੌਰ ਤੇ ਅਜਿਹਾ ਸ਼ੋਕਗੀਤ ਹੈ ਜੋ ਮੌਤ ਤੋਂ ਉਪਜੇ ਦੁੱਖ ਕਾਰਣ ਅਤੇ ਸੰਸਾਰ ਛੱਡ ਗਏ ਬੰਦੇ ਪ੍ਰਤਿ ਨਾ ਕੇਵਲ ਸ਼ਰਧਾਂਜਲੀ ਹੀ ਪੇਸ਼ ਕਰਦਾ ਹੈ ਸਗੋਂ ਉਸਦਾ ਗੁਣ ਗਾਣ ਕਰਕੇ ਹਰ ਮਨ ਨੂੰ ਪਿਘਲਾਉਣ ਦੀ ਸ਼ਕਤੀ ਵੀ ਰੱਖਦਾ ਹੈ। ਇਹੀ ਉਹ ਸ਼ਕਤੀ ਹੈ ਜਿਸ ਰਾਹੀਂ ਸਾਮੂਹਿਕ ਦੱਬੀਆਂ ਭਾਵਨਾਵਾਂ ਬਾਹਰ ਨਿਕਲ ਕੇ ਮਨ ਨੂੰ ਸੰਤੁਲਿਤ ਕਰਦੀਆ ਹਨ। ਫਰਾਇਡ ਨੇ ਵੀਹਵੀਂ ਸਦੀ ਵਿੱਚ ਆ ਕੇ ਦੱਬੀਆਂ ਭਾਵਨਾਵਾਂ ਦਾ ਸਿਧਾਂਤ ਦਿੱਤਾ ਹੈ ਪਰ ਲੋਕ ਮਨ ਸਦੀਆਂ ਤੋਂ ਦੱਬੀਆਂ ਭਾਵਨਾਵਾਂ ਨੂੰ ਬਾਹਰ ਕੱਢਣ ਦਾ ਮਹੱਤਵ ਸਮਝਦੇ ਰਹੇ ਹਨ। ਸੰਸਾਰ ਛੱਡ ਕੇ ਚਲੇ ਗਏ ਵਿਅਕਤੀ ਦੇ ਨਿਕਟਵਰਤੀ ਨੂੰ ਇਸੇ ਲਈ ਰੋਣ ਲਈ ਮਜਬੂਰ ਕੀਤਾ ਜਾਂਦਾ ਹੈ ਕਿ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਉਸਦੇ ਦਿਲ ਵਿੱਚ ਗੁੰਮ ਬਣਨ ਦੀਆਂ ਸੰਭਾਵਨਾਵਾਂ ਹੁੰਦੀਆਂ ਹਨ ਭਾਵ ਉਹ ਅਸੰਤੁਲਿਤ ਹੋ ਸਕਦਾ ਹੈ ਜਾਂ ਫਿਰ ਜਮ੍ਹਾਂ ਪਾਗਲ ਹੋ ਸਕਦਾ ਹੈ। ਸਾæਇਦ ਇਹ ਕੰਮ ਸੰਸਾਰ ਛੱਡ ਗਏ ਬੰਦੇ ਦੇ ਨਜ਼ਦੀਕੀ ਇੰਨੀ ਖੂਬੀ ਨਾਲ਼ ਨਹੀਂ ਕਰ ਸਕਦੇ ਜਿੰਨੀ ਖੂਬੀ ਨਾਲ਼ ਪੇਸ਼ੇਵਰ ਸਿਆਪਾਕਾਰ ਨੈਣ ਜਾਂ ਮਰਾਸਣ ਕਰ ਸਕਦੀ ਹੈ। ਸੰਸਾਰ ਛੱਡ ਗਏ ਬੰਦੇ ਦੇ ਸਾਰੇ ਰਿਸ਼ਤੇਦਾਰ ਆਪ ਹੀ ਸੋæਕਗ੍ਰਸਤ ਹੁੰਦੇ ਹਨ ਅਤੇ ਉਨ੍ਹਾਂ ਨੂੰ ਦੂਸਰਿਆਂ ਦੀ ਸਹਾਇਤਾ ਦੀ ਲੋੜ ਰਹਿੰਦੀ ਹੈ। ਸਿਆਪਾਕਾਰ ਨੈਣ ਜਾਂ ਮਰਾਸਣ ਭਾਵੇਂ ਕਿ ਆਪ ਭਾਵੁਕ ਨਹੀਂ ਹੁੰਦੀਆਂ ਪਰ ਉਹ ਦੂਸਰਿਆਂ ਨੂੰ ਰੁਆ ਸਕਣ ਦੀ ਸਮਰੱਥਾ ਰੱਖਦੀਆਂ ਹਨ। ਅਲਾਹੁਣੀਆਂ ਉਮਰ ਦੇ ਹਿਸਾਬ ਨਾਲ ਵੱਖ ਵੱਖ ਹੋ ਜਾਂਦੀਆਂ ਹਨ। ਜੁਆਨ ਜਹਾਨ ਵਿਅਕਤੀ ਦਾ ਜਹਾਨ ਤੋਂ ਤੁਰ ਜਾਣਾ ਸਭ ਤੋਂ ਦੁਖਦਾਈ ਵਰਤਾਰਾ ਹੈ। ਇਸੇ ਲਈ ਉਸਦੇ ਜਹਾਨੋਂ ਤੁਰ ਜਾਣ ਉਪਰੰਤ ਪਾਈਆਂ ਜਾਣ ਵਾਲ਼ੀਆਂ ਅਲਾਹੁਣੀਆਂ ਸਭ ਤੋਂ ਵਧੇਰੇ ਹਿਰਦੇ-ਵੇਧਕ ਹੁੰਦੀਆਂ ਹਨ। ਜਵਾਨੀ ਨਾਲ਼ ਜੁੜੇ ਸਮੁੱਚੇ ਕਾਰਜਾਂ ਨੂੰ ਯਾਦ ਕਰ ਕਰ ਕੇ ਵਰਤਮਾਨ ਤੇ ਭੱਵਿਖ ਵਿੱਚ ਜੋ ਜਵਾਨ ਵਿਅਕਤੀ ਨੇ ਕਰਨਾ ਸੀ ਉਸ ਦੀ ਤੁਲਨਾ ਕਰਕੇ ਸਮੇਂ ਨੂੰ ਹੋਰ ਵੀ ਗ਼ਮਗੀਨ ਬਣਾ ਦਿੱਤਾ ਜਾਂਦਾ ਹੈ। ਜਦੋਂ ਭਵਿੱਖ ਹਨੇਰਾ ਨਜ਼ਰ ਆਉਣ ਲੱਗ ਪਵੇ ਤਾਂ ਦੁਖਾਂਤ ਹੋਰ ਵੀ ਗਹਿਰਾ ਹੋ ਜਾਂਦਾ ਹੈ। ਇਉਂ ਹੀ ਧੀ, ਬਜ਼ੁਰਗ ਆਦਿ ਦੇ ਸੰਸਾਰ ਛੱਡ ਜਾਣ ਤੋਂ ਉਪਰੰਤ ਪਾਈਆਂ ਜਾਣ ਵਾਲ਼ੀਆਂ ਅਲਾਹੁਣੀਆਂ ਵੱਖ ਵੱਖ ਹਨ। ਉਦਾਹਰਣ ਲਈ, -ਹੈ ਸੀ ਖੇਡਦਿਆਂ ਪੋਤਿਆਂ ਵਾਲ਼ਾ-ਵਾਹ ਰਾਜਾ ਹੈ ਸੀ ਹੁੰਦਿਆਂ ਹੁਕਮਾਂ ਵਾਲ਼ਾ-ਵਾਹ ਰਾਜਾ ਹੈ ਸੀ ਡੱਠੀ ਚੌਕੀਵਾਲ਼ਾ-ਵਾਹ ਰਾਜਾ ਹੈ ਸੀ ਖੁਲ੍ਹਿਆਂ ਦਫ਼ਤਰਾਂ ਵਾਲ਼ਾ-ਵਾਹ ਰਾਜਾ

-ਤੈਨੂੰ ਕੀ ਹੋਇਆ ਕੀ ਹੋਇਆ, ਬੀਬੀ ਮੋਰਨੀਏ---ਹਾਇਆ ਧੀਏ ਮੋਰਨੀਏ ਤੈਨੂੰ ਕੀ ਹੋਇਆ ਹੈਰਾਨ ਹਾਂ ਧੀਏ ਮੋਰਨੀਏ---ਹਾਇਆ ਧੀਏ ਮੋਰਨੀਏ ਤੈਨੂੰ ਮਾਰੂ ਝੋਲਾ ਵੱਗਿਆ ਬੀਬੀ ਮੋਰਨੀਏ---ਹਾਇਆ ਧੀਏ ਮੋਰਨੀਏੇ

-ਤੈਨੂੰ ਕੀ ਹੋਇਆ ਕੀ ਹੋਇਆ ਮਾਂ ਦੇ ਬੱਚੜੇ ਨੂੰ---ਹਾਇਆ ਮਾਂ ਦੇ ਬੱਚੜੇ ਨੂੰ ਤੈਨੂੰ ਮੌਤ ਪੁਛੇਂਦੀ ਆਈ ਮਾਂ ਦੇ ਬੱਚੜੇ ਨੂੰ---ਹਾਇਆ ਮਾਂ ਦੇ ਬੱਚੜੇ ਨੂੰ

ਡਾæ ਨਾਹਰ ਸਿੰਘ ਨੇ ਰੂਪਗਤ ਦ੍ਰਿਸ਼ਟੀ ਤੋਂ ਅਲਾਹੁਣੀ ਦੀ ਪਰਿਭਾਸ਼ਾ ਕਰਦਿਆਂ ਲਿਖਿਆ ਹੈ ਕਿ, "ਅਲਾਹੁਣੀ ਪੇਸ਼ਾਵਰ ਸਿਆਪਾਪਾਕਾਰ ਵਲੋਂ ਉਚਾਰਿਆ ਜਾਂਦਾ 'ਸਿਆਪੇ' ਨਾਲ਼ ਸੰਬੰਧਿਤ ਅਜਿਹਾ ਗੀਤ ਰੂਪ ਹੈ ਜੋ ਮੌਤ ਦੇ ਸ਼ੋਕ ਭਾਵ ਨੂੰ ਥੀਮਕ ਟਕਰਾਉ ਵਿੱਚ ਪੇਸ਼ ਕਰਕੇ ਸੁਲਝਾਉ ਵਲ ਲੈ ਜਾਂਦਾ ਹੈ। ਇਸਦਾ ਥੀਮ ਵਿਛੜ ਗਏ ਜੀਅ ਦੇ ਗੁਣਾਂ ਦਾ ਗਾਣ ਅਤੇ ਪਿੱਛੇ ਰਹਿ ਗਿਆਂ ਨੂੰ ਧਰਵਾਸ ਦੇਣਾ ਹੁੰਦਾ ਹੈ।" ਜਿਵੇਂ ਅਸੀਂ ਉੱਪਰ ਦੇਖਿਆ ਹੈ ਅਲਾਹੁਣੀ ਦਾ ਪ੍ਰਮੁੱਖ ਕਾਰਜ ਸਮੁੱਚੇ ਭਾਈਚਾਰੇ ਦੀਆਂ ਭਾਵਨਾਵਾਂ ਦਾ ਵਿਰੇਚਨ ਕਰਨਾ ਹੁੰਦਾ ਹੈ। ਜਿੱਥੇ ਦੂਸਰੇ ਕਾਵਿ ਰੂਪ ਗੰਭੀਰ ਭਾਵਨਾਵਾਂ ਜਾਂ ਖੁਸ਼ੀ ਦੀਆਂ ਭਾਵਨਾਵਾਂ ਦਾ ਵਿਰੇਚਨ ਕਰਦੇ ਹਨ ਉੱਥੇ ਅਲਾਹੁਣੀ ਦੁੱਖ ਨੂੰ ਘਟਾਕੇ ਭਾਈਚਾਰੇ ਨੂੰ ਦੁਬਾਰਾ ਕਾਰ-ਵਿਹਾਰ ਵਿੱਚ ਲੱਗਣ ਦੇ ਸਮਰੱਥ ਬਣਾਉਂਦੀ ਹੈ।

ਸਿੱਠਣੀ

ਸਿੱਠਣੀ ਦਾ ਅਰਥ ਨਾ ਤਾਂ ਸਟਾਇਰ (ੰਅਟਰਿe) ਹੈ ਤੇ ਸ਼ਾਇਦ ਨਾ ਹੀ ਕਿਸੇ ਹੋਰ ਸ਼ਬਦ ਤੋਂ ਇਸ ਦੀ ਵਿਉਤਪੱਤੀ ਲੱਭੀ ਜਾ ਸਕਦੀ ਹੈ। ਸਿੱਠਣੀ ਕਾਵਿ ਰੂਪ ਵਿਚੋਂ ਹੀ ਇਸ ਦੇ ਅਰਥ ਮੋਟੇ ਠੁੱਲੇ ਹਾਸੇ ਦੇ ਨਿਕਲ਼ਦੇ ਹਨ ਜੋ ਕਿਸੇ ਮਜ਼ਾਕ ਵਿੱਚ ਕੱਢੀ ਗਾਲੀæ ਤੋਂ ਪੈਦਾ ਹੁੰਦਾ ਹੈ। ਯੂæਪੀ ਵਿੱਚ ਇਸ ਕਾਵਿ ਰੂਪ ਨੂੰ ਕਿਹਾ ਹੀ ਗਾਲੀæ ਜਾਂਦਾ ਹੈ। ਹਰਿਆਣੇ ਵਿੱਚ ਇਸ ਨੂੰ ਸੀਟਣੇ ਕਿਹਾ ਜਾਂਦਾ ਹੈ। ਪੰਜਾਬੀ ਵਿੱਚ ਵਿਦਵਾਨਾਂ ਨੇ ਇਸ ਨੂੰ ਕੁੜੀ ਵਾਲਿਆਂ ਦੀ ਔਰਤਾਂ ਦੀ ਧਿਰ ਵੱਲੋਂ ਦਿੱਤੀਆਂ ਗਾਲੀæਆਂ ਦੇ ਰੂਪ ਵਿੱਚ ਹੀ ਪਛਾਣਿਆ ਹ। ਪਰ ਡਾæ ਰਾਜਵੰਤ ਕੌਰ ਪੰਜਾਬੀ ਨੇ ਸਿੱਠਣੀਆਂ ਦਾ ਸਹੀ ਸੰਦਰਭ ਲੱਭਿਆ ਹੈ। ਉਸ ਅਨੁਸਾਰ, "ਸਿੱਠਣੀਆਂ ਜਨਮ, ਕੁੜਮਾਈ, ਸ਼ਗਨ, ਵਿਆਹੁਲੀ ਤੇ ਵਿਆਹੁਲੇ ਦੋਨਾਂ ਦੇ ਘਰਾਂ ਤੇ ਬਹੁਤੀ ਉਮਰ ਭੋਗ ਕੇ ਮਰਨ ਵਾਲੇ ਬਜ਼ੁਰਗ ਦੀ ਮੌਤ ਤੇ ਪੈਣ ਵਾਲੇ ਭੋਗ ਦੇ ਸਮੇਂ ਦਿੱਤੀਆਂ ਜਾਂਦੀਆਂ ਹਨ।" ਡਾæ ਨਾਹਰ ਸਿੰਘ ਨੇ ਸਿੱਠਣੀਆਂ ਨੂੰ ਵੀ ਬਾਕੀ ਕਾਵਿ ਰੂਪਾਂ ਵਾਂਗ, ਰੂਪ ਦੀ ਦ੍ਰਿਸ਼ਟੀ ਤੋਂ ਹੀ ਵਿਚਾਰਿਆ ਹੈ। ਬਿੰਬ ਦੀ ਆਲੋਕਾਰਤਾ, ਨਾਟਕੀ ਸਥਿਤੀਆਂ ਆਦਿ ਦਾ ਜ਼ਿਕਰ ਉਸਨੇ ਬੜੇ ਵਿਸਤਾਰ ਵਿੱਚ ਕੀਤਾ ਹੈ। ਸਿੱਠਣੀਆਂ ਮੁੰਡੇ ਤੇ ਕੁੜੀ ਦੋਹਾਂ ਦੇ ਨਾਨਕੇ ਮੇਲ ਵੱਲੋਂ ਦਿੱਤੀਆਂ ਜਾਂਦੀਆਂ ਹਨ। ਵਿਆਹ ਦੌਰਾਨ ਜੀਜਿਆਂ, ਵਿਚੋਲੇ-ਵਿਚੋਲਣ ਨੂੰ ਵੀ ਸਿੱਠਣੀਆਂ ਦਾ ਸੁਆਦ ਚੱਖਣਾ ਪੈਂਦਾ ਹੈ। ਜੰਜ ਸਮੇਂ ਤਾਂ ਕੁੜੀਆਂ ਤੇ ਔਰਤਾਂ ਪੂਰੇ ਜਲੌਅ ਵਿੱਚ ਆ ਕੇ ਸਿੱਠਣੀਆਂ ਦਿੰਦੀਆਂ ਹੀ ਹਨ ਪਰੰਤੂ ਲਾੜੀ ਦੇ ਸਹੁਰੇ ਘਰ ਪ੍ਰਵੇਸ਼ ਸਮੇਂ ਵੀ ਸਿੱਠਣੀਆਂ ਦੀ ਕੋਈ ਘਾਟ ਨਹੀਂ। ਲਾੜੀ-ਲਾੜੇ ਨੂੰ ਧਾਰਮਿਕ ਸਥਾਨਾਂ ਤੇ ਲਿਜਾਣ ਸਮੇਂ ਵਿਸੇਸ਼ ਕਰ ਜਠੇਰਿਆਂ ਦੀ ਪੂਜਾ ਸਮੇਂ ਸਿੱਠਣੀਆਂ ਦਾ ਰੰਗ ਵੇਖਣ ਵਾਲਾ ਹੁੰਦਾ ਹੈ। ਜਾਗੋ ਵਿੱਚ ਸਿਰਫ਼ ਗਿੱਧਾ ਹੀ ਨਹੀਂ ਹੁੰਦਾ ਸਗੋ ਸਿੱਠਣੀਆਂ ਦਾ ਸਿਲਸਲਾ ਵੀ ਨਾਲ ਨਾਲ ਚਲਦਾ ਰਹਿੰਦਾ ਹੈ। ਇਥੋ ਤੱਕ ਕਿ ਗਿੱਧੇ ਵਿੱਚ ਵੀ ਸਿੱਠਣੀਆਂ ਨਾਚ ਗੀਤਾਂ ਦਾ ਹਿੱਸਾ ਬਣ ਜਾਂਦੀਆਂ ਹਨ। ਇੰਨ੍ਹਾਂ ਸਿੱਠਣੀਆਂ ਦੇ ਭਾਗੀ ਬਣਦੇ ਪਾਤਰ ਹਨ-ਕੁੜਮ-ਕੁੜਮਣੀ, ਲਾੜਾ-ਲਾੜੀ, ਜੀਜਾ, ਵਿਚੋਲਾ, ਸਮੁੱਚਾ ਕੁੜਮ ਦਾ ਪਰਿਵਾਰ ਤੇ ਕੁੜਮ ਦੇ ਘਰ ਦੀਆਂ ਔਰਤਾਂ ਆਦਿ। ਮਲਵਈ ਲੋਕਗੀਤਾਂ ਉੱਪਰ ਕੰਮ ਕਰਨ ਵਾਲੇ ਵਿਦਵਾਨਾਂ ਨੇ ਸਿੱਠਣੀਆਂ ਦੀ ਇੱਕ ਵਿਸੇæਸ਼ ਗੀਤ ਸ਼ੈਲੀ ਵੱਲ ਸਾਡਾ ਧਿਆਨ ਖਿੱਚਿਆ ਹੈ। ਇੰਨਾਂ ਸਿੱਠਣੀਆਂ ਵਿੱਚ ਅਖੀਰ ਤੇ ਆਕੇ ਇੱਕ ਲਮਕਾ ਹੈ ਪਰ ਮਾਝੇ ਜਾਂ ਦੁਆਬੇ ਵਿੱਚ ਸਿੱਠਣੀਆਂ ਦੀ ਲੈਅ ਵਿੱਚ ਦੂਸਰੇ ਕਾਵਿ ਰੂਪਾਂ ਵਾਂਗ ਕਾਫ਼ੀ ਵੰਨਗੀ ਦੇਖੀ ਜਾ ਸਕਦੀ ਹੈ। ਕਈ ਵਾਰ ਇਨ੍ਹਾਂ ਖਿੱਤਿਆਂ ਵਿੱਚ ਇਹ ਸਿੱਠਣੀਆਂ ਢੋਲਕ ਗੀਤਾਂ ਦੀ ਤਾਲ ਵਾਂਗ ਚਲਦੀਆਂ ਹਨ ਤੇ ਕਦੇ ਲੰਮੇ ਗੀਤਾਂ ਦੇ ਰੂਪ ਵਿਚ। ਡਾæ ਵਣਜਾਰਾ ਬੇਦੀ ਨੇ ਸਿੱਠਣੀਆਂ ਦਾ ਪਿਛੋਕੜ ਕਬੀਲੇ ਦੇ ਉਧਾਲੇ ਨਾਲ ਜਾ ਜੋੜਿਆ ਹੈ ਪਰ ਇਸ ਉੱਪਰ ਅਜੇ ਹੋਰ ਵਿਚਾਰ ਕਰਨ ਦੀ ਲੋੜ ਹੈ। ਮਰਦ ਪ੍ਰਧਾਨ ਸਮਾਜ ਵਿੱਚ ਮਰਦ ਦੀ ਹਉਂ ਭਾਰੂ ਹੈ। ਪੰਜਾਬ ਦੇ ਖਿੱਤੇ ਵਿੱਚ ਵਿਆਹ ਦੀਆਂ ਰਸਮਾਂ ਸਮੇਂ ਇਸ ਦਾ ਬੋਲਬਾਲਾ ਦੇਖਿਆ ਜਾ ਸਕਦਾ ਹੈ। ਇਉਂ ਲਗਦਾ ਹੈ ਕਿ ਥੋੜ੍ਹੀ ਦੇਰ ਲਈ ਲਾੜੀ ਦੇ ਪੱਖ ਦੀਆਂ ਔਰਤਾਂ ਮਖੌਲਾਂ ਰਾਹੀ ਕੁੜਮਾਂ ਦੀ ਹੇਠੀ ਕਰਕੇ ਉਨ੍ਹਾਂ ਨੂੰ ਇਹ ਜਤਾਉਣਾ ਚਾਹੁੰਦੀਆਂ ਹਨ ਕਿ ਉਹ ਵੀ ਕਿਸੇ ਤੋਂ ਘੱਟ ਨਹੀਂ ਹਨ ਪਰ ਅਸਲੀਅਤ ਨੂੰ ਉਘੜਦਿਆਂ ਬਹੁਤੀ ਦੇਰ ਨਹੀਂ ਲੱਗਦੀ। ਘਰ ਪਹੁੰਚਦਿਆਂ ਹੀ ਫੇਰ ਪਹਿਲਾਂ ਵਾਲ਼ੀ ਸਥਿਤੀ ਨਾਲ਼ ਸਾਹਮਣਾ ਕਰਨਾ ਪੈਂਦਾ ਹੈ। ਇਥੇ ਸਿੱਠਣੀਆਂ ਦੀਆਂ ਕੁਝ ਉਦਾਹਰਣਾਂ ਵੇਖੀਆਂ ਜਾ ਸਕਦੀਆਂ ਹਨ।

-ਨਿੱਕੀ ਜਿਹੀ ਕੋਠੜੀਏ ਤੇਰੇ ਵਿੱਚ ਮੇਰਾ ਆਟਾ… ਲਾੜੇ ਦੀ ਅੰਮਾਂ ਨਿਕਲ਼ ਗਈਉ ਲੈ ਕੇ ਧੋਲ਼ਾ ਝਾਟਾ। ਨਿੱਕੀ ਜਿਹੀ ਕੋਠੜੀਏ ਤੇਰੇ ਵਿੱਚ ਮੇਰੇ ਦਾਣੇ… ਲਾੜੇ ਦੀ ਅੰਮਾਂ ਨਿਕਲ਼ ਗਈਉ ਲੈ ਕੇ ਨਿੱਕੇ ਨਿਆਣੇ।

-ਲਾੜਾ ਓਸ ਦੇਸੋਂ ਆਇਆ ਜਿੱਥੇ ਤੂਤ ਵੀ ਨਾ, ਲਾੜੇ ਦੀ ਬਾਂਦਰ ਵਰਗੀ ਬੂਥੀ ਉਤੇ ਰੂਪ ਵੀ ਨਾ।

-ਸੁਆਂਝਣੇ ਦੀ ਜੜ੍ਹ ਗਿੱਲੀ ਕੁੜੇ, ਸਆਂਝਣੇ ਦੀ ਜੜ੍ਹ … ਹੋਰਨਾਂ ਦੇ ਘਰ ਦੋ ਦੋ ਰੰਨਾਂ, ਕੁੜਮੇ ਦੇ ਘਰ ਬਿੱਲੀ ਕੁੜੇ, ਸੁਆਂਝਣੇ ਦੀ.....

-ਹਰੀ ਡਾਲ੍ਹੀ ਤੇ ਤੋਤਾ ਬੈਠਾ, ਟੁੱਕ ਟੁੱਕ ਸੁੱਟੇ ਬਾਦਾਮ ਅੱਜ ਕੋਈ ਲੈ ਜਾਵੇ ਲਾੜੇ ਦੀ ਚਾਚੀ ਹੋਵੇ ਨਿਲਾਮ ਅੱਜ ਕੋਈ ... ਕੰਜਰੀ ਹੋਵੇ ਨਿਲਾਮ ਅੱਜ ਕੋਈ ਲੈ ਜਾਵੇ।

ਨਾਚ ਗੀਤ

ਆਦਿ ਮਾਨਵ ਦੀ ਕਲਾ ਮਿਸ਼ਰਤ ਕਲਾ ਸੀ। ਉਹ ਇਕੋ ਵੇਲੇ ਨੱਚਦਾ ਵੀ ਸੀ ਤੇ ਗਾਉਂਦਾ ਵੀ ਸੀ। ਗਾਉਣ ਦਾ ਆਧਾਰ ਕਵਿਤਾ ਦੇ ਬੋਲ ਸਨ ਤੇ ਨਾਲ ਨਾਲ ਤਾਲ ਵੀ ਸੀ; ਭਾਵ ਸੰਗੀਤ ਤੇ ਅਭਿਨੈ ਵੀ ਇਸਦਾ ਪ੍ਰਮੁੱਖ ਅੰਗ ਸੀ। ਇਹ ਸਾਰੀਆਂ ਕਲਾਵਾਂ ਬਾਦ ਵਿੱਚ ਨ੍ਰਿਤ, ਸੰਗੀਤ, ਕਵਿਤਾ ਅਤੇ ਅਭਿਨੈ ਵਿੱਚ ਵਿਕਸਤ ਹੋਈਆਂ ਪਰ ਲੋਕ ਨਾਚ ਨੇ ਆਪਣੀ ਮੂਲ ਭਾਵਨਾ ਨਹੀਂ ਛੱਡੀ। ਜਿਵੇਂ ਪੰਜਾਬੀ ਨਾਚ ਵਿੱਚ ਨਾਚ ਦੇ ਨਾਲ ਨਾਲ ਕਵਿਤਾ ਤੇ ਸੰਗੀਤ ਨਾਲੋ ਨਾਲ ਚਲਦਾ ਹੈ ਅਤੇ ਅਭਿਨੈ ਇਸ ਦਾ ਅਨਿੱਖੜਵਾ ਅੰਗ ਹੈ। ਇਥੇ ਸਾਡਾ ਵਿਸ਼ਾ ਨਾਚ ਗੀਤ ਹੈ। ਪੰਜਾਬੀ ਦੇ ਸੰਦਰਭ ਵਿੱਚ ਬੋਲੀਆਂ-ਛੋਟੀਆਂ, ਵੱਡੀਆਂ, ਦੋ ਤੁਕੀਆਂ ਸਾਰੀਆਂ ਇਸ ਵਿੱਚ ਸਾਮਿਲ ਹੋ ਜਾਂਦੀਆਂ ਹਨ। ਨਾਚ ਦੀ ਗਤੀ ਅਨੁਸਾਰ ਪੰਜਾਬੀ ਦੇ ਖਿੱਤਿਆਂ ਵਿੱਚ ਛੋਟੇ ਛੋਟੇ ਨਾਚ ਗੀਤ ਵੀ ਮਿਲਦੇ ਹਨ। ਨਾਚ ਗੀਤ ਨੂੰ ਡਾæ ਨਾਹਰ ਸਿੰਘ ਨੇ ਕਿੱਕਲੀ ਤੇ ਸਾਂਗ ਗੀਤਾਂ ਤਕ ਹੀ ਸੀਮਤ ਕਰ ਦਿੱਤਾ ਹੈ ਜਦ ਕਿ ਗਿੱਧੇ ਭੰਗੜੇ, ਸੰਮੀ, ਬਾਬਿਆਂ ਦੇ ਗਿੱਧੇ ਅਤੇ ਝੁੰਮਰ ਆਦਿ ਨਾਲ਼ ਜੁੜੀਆਂ ਤੇ ਪਾਈਆਂ ਜਾਂਦੀਆਂ ਹਰ ਤਰ੍ਹਾਂ ਦੀਆਂ ਇੱਕ ਤੁਕੀਆਂ, ਦੋ ਤੁਕੀਆਂ ਜਾਂ ਲੰਮੀਆਂ ਬੋਲੀਆਂ ਵੀ ਨਾਚ ਗੀਤਾਂ ਵਿੱਚ ਹੀ ਸ਼ਾਮਿਲ ਹਨ। ਨਾਚ ਗੀਤ ਦੀ ਵਿਸੇæਸਤਾ ਇਹ ਹੈ ਕਿ ਇਹ ਨਾਚ ਦੇ ਤਾਲ ਅਨੁਸਾਰ ਆਪਣੀ ਲੈਅ ਨਿਸ਼ਚਿਤ ਕਰਦਾ ਹੈ। ਲੰਮੀਆਂ ਬੋਲੀਆਂ ਖੜ੍ਹੇ ਹੋ ਕੇ ਪਾਈਆਂ ਜਾਂਦੀਆਂ ਹਨ ਇਸ ਲਈ ਇਸ ਦੀ ਲੈਅ ਉਚਾਰਣ ਅਨੁਸਾਰ ਹੁੰਦੀ ਹੈ ਪਰੰਤੂ ਤੋੜੇ ਤੇ ਨਾਚ ਨੇ ਤੇਜ਼ ਹੋ ਜਾਣਾ ਹੁੰਦਾ ਹੈ ਇਸ ਲਈ ਪੰਗਤੀ ਛੋਟੀ ਹੋ ਜਾਂਦੀ ਹੈ ਤੇ ਲੈਅ ਤਿੱਖੀ ਜਿਵੇਂ;

ਆਰੀ ਆਰੀ ਆਰੀ ਹੇਠ ਬਰੋਟੇ ਦੇ ਦਾਤਣ ਕਰੇ ਕੁਆਰੀ ਦਾਤਣ ਕਿਉਂ ਕਰਦੀ ਸੁਹਣੀ ਬਣਨ ਦੀ ਮਾਰੀ ਸੁਹਣੀ ਕਿਉਂ ਬਣਦੀ ਵਿਆਹ ਕਰਾਉਣ ਦੀ ਮਾਰੀ ਬਾਬਲਾ ਵਿਆਹ ਦੇ ਵੇ ਨਹੀਂ ਤਾਂ ਚੜ੍ਹ ਜਾਊ ਰੇਲ ਕੁਆਰੀ।

ਨਾਚ ਦੀ ਵਿਸੇਸ਼æਤਾ ਇਹ ਹੈ ਕਿ ਇਹ ਖੁਸ਼ੀ ਸਮੇਂ ਹੀ ਨੱਚਿਆ ਜਾਂਦਾ ਹੈ। ਆਦਿ ਮਾਨਵ ਦਾ ਨਾਚ ਦੇਵੀ ਦੇਵਤਿਆਂ ਨੂੰ ਰਿਝਾਉਣ ਹਿੱਤ ਹੁੰਦਾ ਹੈ ਇਸ ਲਈ ਇਸ ਵਿੱਚ ਜਾਦੂਈ ਤਾਕਤ ਵੀ ਪ੍ਰਵਾਣ ਕੀਤੀ ਜਾਂਦੀ ਹੈ ਪਰ ਬਾਦ ਵਿੱਚ ਇਹ ਧਾਰਮਿਕਤਾ ਦੇ ਖੇਤਰ ਦੇ ਨਾਲ ਹੀ ਸਮਾਜਿਕ ਜਾਣ ਪਛਾਣ ਵਾਲਾ ਵੱਖਰਾ ਰੂਪ ਬਣ ਗਿਆ। ਖੁਸ਼ੀ ਜ਼ਾਹਿਰ ਕਰਦਾ ਮਨੁੱਖ ਅਭਿਨੇਤਾ ਵੀ ਬਣ ਜਾਂਦਾ ਹੈ, ਅੰਗਾਂ ਦਾ ਅਭਿਨੈ ਆਪਣੇ ਆਪ ਤਾਲ ਨਾਲ ਆ ਮਿਲਦਾ ਹੈ। ਚਿਹਰਾ, ਅੱਖਾਂ, ਹੱਥ ਬਾਹਾਂ, ਲੱਕ, ਲੱਤਾਂ ਸਾਰੇ ਅੰਗ ਅਭਿਨੈ ਵਿੱਚ ਸ਼ਾਮਿਲ ਹੁੰਦੇ ਹਨ। ਇੱਕ ਤਾਲ ਵਿੱਚ ਹੀ ਥਿਰਕਦੇ ਹਨ। ਕਈ ਵਾਰੀ ਇਨ੍ਹਾਂ ਵਿੱਚ ਦੰਤ ਕਥਾਵਾਂ ਵੀ ਅਭਿਨੈ ਦਾ ਅੰਗ ਬਣ ਜਾਂਦੀਆਂ ਹਨ। ਸੱਸੀ-ਪੁੰਨੂ, ਹੀਰ-ਰਾਝਾਂ, ਸੋਹਣੀ-ਮਹੀਂਵਾਲ, ਕੀਮਾ-ਮਲਕੀ ਦੀਆਂ ਦੰਤ ਕਥਾਵਾਂ ਦੇ ਟੋਟੇ ਲੈਅ ਦੇ ਅੰਦਰ ਅੰਦਰ ਖੂਬਸੂਰਤ ਅਦਾਕਾਰੀ ਦਾ ਨਮੂਨਾ ਬਣ ਜਾਂਦੇ ਹਨ ਅਤੇ ਨਾਚ ਆਪਣੀ ਗਤੀ ਵਿੱਚ ਤੁਰਿਆ ਜਾਂਦਾ ਹੈ। ਔਰਤਾਂ ਦੇ ਗਿੱਧੇ ਵਿੱਚ ਪਾਏ ਜਾਂਦੇ ਛੋਟੇ ਛੋਟੇ ਸਾਂਗ ਵੀ ਅਭਿਨੈ ਕਲਾ ਦਾ ਨਮੂਨਾ ਹਨ ਜੋ ਸਹੁਰੇ ਪਰਿਵਾਰ, ਪਤੀ ਤੇ ਹੋਰ ਸਭਿਆਚਾਰਕ ਮਹੱਤਵ ਦੇ ਪਾਤਰਾਂ ਦਾ ਮੌਜੂ ਉਡਾਉਂਦੇ ਹਨ। ਇAੁਂ ਅਭਿਨੈ ਤੇ ਨਾਚ ਗੀਤ ਇੱਕ ਨਿਰੰਤਰਤਾ ਵਿੱਚ ਬੱਝੇ ਹੋਏ ਹਨ। ਨਾਚ ਖੁਸ਼ੀ ਦਾ ਆਪ ਮੁਹਾਰਾ ਪ੍ਰਗਟਾ ਹੈ ਤਾਂ ਨਾਚ ਗੀਤ ਇਨ੍ਹਾਂ ਖੁਸ਼ੀਆਂ ਨਾਲ ਹਲਕੇ ਫੁਲਕੇ ਵਿਸ਼ੇ ਵਸਤੂ ਲੈ ਸ਼ਾਮਿਲ ਹੁੰਦੇ ਹਨ। ਨਾਚ ਦੇ ਇਸ਼ਾਰੇ ਇੱਕ ਨੈਤਿਕ ਖੇਤਰ ਤੋਂ ਬਾਹਰ ਨਹੀਂ ਜਾਂਦੇ। ਨਾਚ ਗੀਤ ਸਮੁੱਚੇ ਸਮਾਜ ਸਭਿਆਚਾਰ ਨਾਲ ਜੁੜੇ ਹੋਏ ਹਨ। ਇਸ ਲਈ ਇੰਨ੍ਹਾਂ ਵਿੱਚ ਉਹ ਸਾਰੇ ਗੁਣ ਹੁੰਦੇ ਹਨ ਜੋ ਲੋਕ ਕਾਵਿ ਵਿੱਚ ਸਾਨੂੰ ਮਿਲਦੇ ਹਨ (ਦੇਖੋ, ਲੋਕ ਨਾਚ) ਜਿਵੇਂ, ਇਹ ਭਾਵਾਂ ਦਾ ਕਥਾਰਸਿਸ ਕਰਦੇ ਹਨ, ਇਹ ਦਬਾਵਾਂ ਦੇ ਕਾਰਣਾਂ ਨਾਲ਼ ਜੁੜੇ ਪਾਤਰਾਂ ਦਾ ਮਖੌਲ ਉਡਾਉਂਦੇ ਹਨ, ਖਾਣ-ਪੀਣ, ਪਹਿਰਾਵੇ, ਹਾਰ-ਸ਼ਿੰਗਾਰ, ਰੀਤੀ ਰਿਵਾਜ ਆਦਿ ਦੇ ਸੁਹਜਾਤਮਕ ਪ੍ਰਗਟਾਅ ਰਾਹੀਂ ਇਹ ਲੋਕ ਸਭਿਆਚਾਰ ਨੂੰ ਨਵੇਂ ਪਾਸਾਰ ਦਿੰਦੇ ਹਨ ਜਿਵੇਂ, ਗਨੇਰੀਆ, ਗਨੇਰੀਆਂ, ਗਨੇਰੀਆ, ਕਾਲ਼ੀ ਪੱਗ ਨਾ ਬੰਨ੍ਹ ਵੇ ਕਿਤੇ ਨਜ਼ਰਾਂ ਨਾਂ ਲੱਗ ਜਾਣ ਮੇਰੀਆਂ।

ਗਨੇਰੀਆਂ ਗਨੇਰੀਆਂ ਗਨੇਰੀਆਂ, ਕਾਲ਼ੀ ਪੱਗ ਬੰਨ੍ਹ ਲੈਣ ਦੇ ਸਾਡੇ ਬਾਗ ਵਿੱਚ ਮਿਰਚਾਂ ਬਥੇਰੀਆਂ।

ਨਾਚ ਗੀਤ ਆਪਣੇ ਵਿੱਚ ਇਤਿਹਾਸ ਦਾ ਸੁਹਜਾਤਮਕ ਤੇ ਪ੍ਰੇਰਣਾ ਸ੍ਰੋਤ ਵਾਲ਼ਾ ਪੱਖ ਸਾਂਭੀ ਬੈਠੇ ਹਨ।

ਬੱਲੇ ਬੱਲੇ ਨੀ ਭਗਤ ਸਿੰਘ ਵੀਰ ਕੁੜੀਉ ਫਾਂਸੀ ਦੇਸ਼ ਦੀ ਖਾਤਿਰ ਚੜ੍ਹਿਆ।

ਇੱਥੇ ਭਗਤ ਸਿੰਘ ਲਈ ਵੀਰ ਸ਼ਬਦ ਦਾ ਸਭਿਆਚਾਰਕ ਮਹੱਤਵ ਦੇਖਣਾ ਬਣਦਾ ਹੈ। ਛੋਟੇ ਛੋਟੇ ਕਥਾ ਗੀਤਾਂ ਵਿੱਚ ਨਣਾਨ ਭਰਜਾਈ ਦੀਆਂ ਲੜਾਈਆਂ, ਸੌਕਣ ਪਾਤਰ ਦਾ ਮਜ਼ਾਕ, ਜਾਤ-ਬਾਹਰੇ ਰਿਸ਼ਤਿਆਂ ਨੂੰ ਮੇਲ਼ ਕੇ ਸਵਾਦ ਲੈਣ ਦੀ ਪ੍ਰਵਿਰਤੀ ਭਾਰੂ ਹੈ। ਇੱਥੇ ਇੱਕ ਨਾਚ ਗੀਤ ਨਾਲ਼ ਅਸੀਂ ਆਪਣੇ ਵਿਚਾਰਾਂ ਨੂੰ ਸਮੇਟਣ ਦਾ ਯਤਨ ਕਰਦੇ ਹਾਂ।

ਵੇ ਖੱਤਰੀ, ਵੇ ਖੱਤਰੀ, ਚਿੱਤ ਲੱਡੂਆਂ ਨੂੰ ਕਰਦਾ। ਨੀ ਜੱਟੀਏ ਨੀ ਜੱਟੀਏ ਭਾਵੇਂ ਧੜੀ ਜਖਾ ਲੈ। ਵੇ ਖੱਤਰੀ ਵੇ ਖੱਤਰੀ ਹੁਣ ਲੇਖਾ ਕਰ ਲੈ। ਨੀ ਜੱਟੀਏ ਨੀ ਜੱਟੀਏ ਹੁਣ ਪੂਰਾ ਪੰਜ ਸੌ। ਵੇ ਖੱਤਰੀ ਵੇ ਖੱਤਰੀ ਮੇਰੀ ਸੱਸ ਨੂੰ ਕਰ ਲੈ। ਨੀ ਜੱਟੀਏ ਨੀ ਜੱਟੀਏ ਤੇਰੀ ਸੱਸ ਸਿਆਣੀ। ਵੇ ਖੱਤਰੀ ਵੇ ਖੱਤਰੀ ਮੇਰੀ ਨਣਦ ਨੂੰ ਕਰ ਲੈ। ਨੀ ਜੱਟੀਏ ਨੀ ਜੱਟੀਏ ਤੇਰੀ ਨਣਦ ਨਿਆਣੀ। ਵੇ ਖੱਤਰੀ ਵੇ ਖੱਤਰੀ ਤੂੰ ਮੈਨੂੰ ਈ ਕਰਲੈ। ਨੀ ਜੱਟੀਏ ਨੀ ਜੱਟੀਏ ਮੈਂ ਇਹੋ ਗੱਲ ਚਾਹੁੰਦਾ ਨੀ ਜੱਟੀਏ।

ਪੰਜਾਬੀ ਲੋਕ ਜੀਵਨ ਵਿੱਚ ਨਾਚ ਹਰ ਖੁਸ਼ੀ ਦੇ ਮੌਕੇ ਤੇ ਆ ਸ਼ਾਮਿਲ ਹੁੰਦਾ ਹੈ ਤੇ ਉਸਦੇ ਨਾਲ਼ ਹੀ ਆ ਸ਼ਮਿਲ ਹੁੰਦਾ ਹੈ ਨਾਚ ਗੀਤ। ਮੁੰਡਾ ਜਮੰਣ ਤੇ, ਵਿਆਹ ਸਮੇਂ, ਖੁਸ਼ੀ ਵਿੱਚ ਕੀਤੇ ਧਾਰਮਿਕ ਕਾਰਜਾਂ ਤੋਂ ਬਾਦ, ਸਭਿਆਚਾਰਕ ਸਮਾਗਮਾਂ ਉੱਤੇ ਨਾਚ ਨਾ ਹੋਵੇ ਤਾਂ ਜਿਵੇਂ ਖੁਸ਼ੀ ਅਧੂਰੀ ਅਧੂਰੀ ਲੱਗਦੀ ਹੈ। ਇਸੇ ਲਈ ਭੰਗੜਾ ਤੇ ਗਿੱਧਾ ਪੰਜਾਬੀ ਲੋਕ ਸਭਿਆਚਾਰ ਦਾ ਵਿਸ਼ਵ ਪੱਧਰ ਤੇ ਪ੍ਰਤੀਕ ਬਣ ਕੇ ਉਭਰੇ ਹਨ ਤੇ ਨਾਲ਼ ਹੀ ਉਨ੍ਹਾਂ ਦੇ ਗਾਏ ਹਨ ਨਾਚ ਗੀਤ। ਇੱਕ ਪੱਧਰ ਤੇ ਆ ਕੇ ਨਾਚ ਗੀਤ ਬਾਸੀ ਲੱਗਣ ਲੱਗ ਜਾਂਦੇ ਹਨ ਭਾਵੇਂ ਕਿ ਕੁਝ ਨਾ ਕੁਝ ਨਵਾਂ ਜੋੜਨ ਦੀ ਪ੍ਰਵਿਰਤੀ ਆਮ ਹੈ। ਇਸ ਪਾਸੇ ਵਲ ਸਮੂਹ ਪੰਜਾਬੀਆ ਨੂੰ ਮਿਲ਼ ਕੇ ਸੋਚਣਾ ਪਵੇਗਾ।

ਜੁਗਨੀ

ਡਾæਵਣਜਾਰਾ ਬੇਦੀ ਅਨੁਸਾਰ ਜੁਗਨੀ, "ਪੰਜਾਬ ਦਾ ਇੱਕ ਪ੍ਰਸਿਧ ਕਾਵਿ ਰੂਪ (ਹੈ) ਜਿਸ ਵਿੱਚ ਜੁਗਨੀ ਦਾ ਜੱਸ ਗਾਇਆ ਜਾਂਦਾ ਹੈ: ਇਸ ਕਾਵਿ ਰੂਪ ਵਿੱਚ ਜੁਗਨੀ ਇੱਕ ਰੋਮਾਂਚਕ ਮੁਟਿਆਰ ਦੀ ਪ੍ਰਤੀਕ ਹੈ ਜੋ ਜਿਥੇ ਵੀ ਜਾਂਦੀ ਹੈ ਆਪਣੇ ਹੁਸਨ ਨਾਲ ਤਰਥੱਲੀ ਲੈ ਆਉਂਦੀ ਹੈ।" ਜਿਸ ਸਮਾਜ ਵਿੱਚ ਔਰਤ ਪੈਰ ਘਰੋਂ ਬਾਹਰ ਨਾ ਰੱਖ ਸਕੇ ਉੱਥੇ ਜੁਗਨੀ ਜਦੋਂ ਹਿੰਦੁਸਤਾਨ ਦੇ ਵੱਖ ਵੱਖ ਸ਼ਹਿਰਾਂ ਵਿੱਚ ਜਾਂਦੀ ਹੈ ਤਾਂ ਰੁਮਾਂਟਿਕਤਾ ਦਾ ਅੰਸ਼ ਆ ਜਾਣਾ ਸੁਭਾਵਿਕ ਹੈ। ਜੁਗਨੀ ਨਾਲ ਵਾਪਰਦੀਆਂ ਘਟਨਾਵਾਂ ਹਾਸ ਰਸ ਪੈਦਾ ਕਰਦੀਆਂ ਹਨ। ਕਈ ਵਾਰ ਨਗਰ ਵਿਸੇæਸ਼ ਦੀ ਵਿਸੇæਸ਼ਤਾ ਜੁਗਨੀ ਦਾ ਅੰਗ ਬਣ ਜਾਂਦੀ ਹੈ। ਜੁਗਨੀ ਕਾਵਿ ਰੂਪ ਬਿਲਕੁਲ ਸੀਮਿਤ ਹੋ ਕੇ ਰਹਿ ਗਿਆ ਹੈ ਕਿਉਂ ਕਿ ਸ਼ਹਿਰਾਂ ਨਾਲ ਜੁੜ ਕੇ ਬਹੁਤੀ ਲੰਬੀ ਚੌੜੀ ਸਿਰਜਣਾ ਨਹੀਂ ਹੋ ਸਕਦੀ,ੇ ਨਾਂ ਹੀ ਉਸ ਵਿੱਚ ਭਾਵੁਕ ਵਿਸਤਾਰ ਆ ਸਕਦਾ ਹੈ ਅਤੇ ਨਾ ਹੀ ਲੋਕਗੀਤਾਂ ਵਾਲਾ ਸਭਿਆਚਾਰਕ ਵਿਸਤਾਰ ਆਉਣ ਦੀ ਸੰਭਾਵਨਾ ਰਹਿੰਦੀ ਹੈ। ਇਥੇ ਹੇਠ ਲਿਖੀਆਂ ਪੰਕਤੀਆਂ ਵਿਚਾਰੀਆਂ ਜਾ ਸਕਦੀਆਂ ਹਨ;

-ਜੁਗਨੀ ਜਾ ਵੜੀ ਪਟਿਆਲੇ,
ਉੱਥੇ ਵਿਕਦੇ ਰੇਸ਼ਮੀ ਨਾਲੇæ,
ਅੱਧੇ ਲਾਲ ਤੇ ਅੱਧੇ ਕਾਲੇæ,
ਵੀਰ ਮੇਰਿਆ ਵੇ ਜੁਗਨੀ ਕਹਿੰਦੀ ਐ,
ਉਹ ਨਾਮ ਸਾਈਂ ਦਾ ਲੈਂਦੀ ਐ।

-ਜੁਗਨੀ ਜਾ ਵੜੀ ਬੰਬਈ,
ਉਸ ਦੀ ਭੱਜ ਪੱਸਲੀ ਗਈ,
ਉਹਨੂੰ ਨਵੀਂ ਪੁਆਉਣੀ ਪਈ
ਵੀਰ ਮੇਰਿਆ ਜੁਗਨੀ ਪਿੱਤਲ ਦੀ
ਮੈਂ ਦੇਖੀ ਸ਼ਹਿਰੋਂ ਨਿਕਲ ਦੀ।

ਬਾਰਾਂਮਾਹਾਂ

ਪੰਜਾਬੀ ਦੇ ਸਾਰੇ ਵਿਦਵਾਨ ਇਹ ਮੰਨਦੇ ਹਨ ਕਿ ਬਾਰਾਂਮਾਹਾਂ ਦਾ ਕਾਵਿ ਰੂਪ ਗੁਰੂ ਕਵੀਆਂ ਨੇ ਲੋਕਗੀਤਾਂ ਵਿਚੋਂ ਅਪਣਾਇਆ ਪਰੰਤੂ ਇਹ ਹੈਰਾਨੀ ਦੀ ਗੱਲ ਹੈ ਕਿ ਲੋਕ ਬਾਰਾਂਮਾਹਾਂ ਉਪਰ ਕਿਸੇ ਵੀ ਪੰਜਾਬੀ ਲੋਕਧਾਰਾ ਸ਼ਾਸਤਰੀ ਨੇ ਬਹੁਤਾ ਕੰਮ ਨਹੀਂ ਕੀਤਾ। ਜੇਕਰ ਵਣਜਾਰਾ ਬੇਦੀ ਜਿਹੇ ਵਿਦਵਾਨਾਂ ਨੇ ਇਸ ਨੂੰ ਆਪਣੇ ਅਧਿਐਨ ਦਾ ਵਿਸ਼ਾ ਬਣਾਇਆ ਵੀ ਹੈ ਤਾਂ ਉਹ ਸਾਹਿਤਿਕ ਬਾਰਾਂਮਾਹਿਆਂ ਤੱਕ ਸੀਮਿਤ ਹੋ ਕੇ ਰਹਿ ਗਿਆ ਹੈ। ਰਿਤੂ ਵਰਣਨ ਤੋਂ ਬਾਰਾਂਮਾਹਾਂ ਦਾ ਵਿਕਾਸ, ਬਾਰਾਂਮਾਹਾਂ ਤੁਖਾਰੀ ਤੋਂ ਲੈ ਕੇ ਉਨੀਵੀਂ ਸਦੀ ਤੱਕ ਦੇ ਬਾਰਾਂਮਾਹਿਆਂ ਉੱਪਰ ਚਰਚਾ ਕੀਤੀ ਗਈ ਹੈ। ਪਰੰਤੂ ਲੋਕ ਬਾਰਾਂਮਾਹਾਂ ਨੂੰ ਧਿਆਨ ਗੋਚਰੇ ਨਹੀਂ ਕੀਤਾ ਗਿਆ। ਲੋਕ ਬਾਰਾਂਮਾਹਾਂ ਦੀ ਪਿਰਤ ਬਾਬਾ ਫ਼ਰੀਦ ਤੋਂ ਵੀ ਪਹਿਲਾਂ ਤੱਕ ਜਾਂਦੀ ਹੈ। ਲੋਕ ਬਾਰਾਂਮਾਹੇਂ ਸਾਹਤਿਕ ਬਾਰਾਂਮਾਹਿਆਂ ਦੇ ਸਮਾਨੰਤਰ ਸਿਰਜੇ ਜਾਂਦੇ ਰਹੇ ਹਨ ਤੇ ਪੀੜ੍ਹੀ ਦਰ ਪੀੜ੍ਹੀ ਸਾਡੇ ਤੱਕ ਪਹੁੰਚੇ ਹਨ। ਇਨ੍ਹਾਂ ਲੋਕ ਬਾਰਾਂਮਾਹਿਆਂ ਦੀਆਂ ਕੁਝ ਖਾਸ ਵਿਸ਼ੇਸ਼ਤਾਵਾਂ ਹਨ। ਇੰਨ੍ਹਾਂ ਬਾਰਾਮਾਹਿਆਂ ਵਿੱਚ ਔਰਤ ਬਿਰਹਾ ਦੀ ਸਥਿਤੀ ਵਿਚੋਂ ਗੁਜ਼ਰਦੀ ਹੈ। ਉਸਦੀਆਂ ਬਿਰਹਾ ਭਾਵਨਾਵਾਂ ਹੀ ਬਾਰਾਂਮਾਹਾਂ ਦਾ ਵਸਤੂ ਬਣਦੀਆਂ ਹਨ। ਅਧਿਆਤਮਕ ਸਾਹਿਤ ਵਿੱਚ ਜਾ ਕੇ ਇਹੋ ਔਰਤ ਆਦਰਸ਼ਕ ਰੂਪ ਵਿੱਚ ਆਤਮਾ ਬਣ ਬਹਿੰਦੀ ਹੈ ਜੋ ਪ੍ਰਮਾਤਮਾ ਪ੍ਰਤੀ ਬਿਰਹਾ ਭੋਗਦੀ ਹੈ। ਬਾਰਾਂਮਾਹਾਂ ਵਿੱਚ ਮਰਦ ਪਾਤਰ ਅਸਲੋਂ ਗਾਇਬ ਹੈ, ਉਸ ਦਾ ਕਿਸੇ ਵੀ ਤਰ੍ਹਾਂ ਦਾ ਹੁੰਗਾਰਾ ਸਾਨੂੰ ਦਿਖਾਈ ਨਹੀਂ ਦਿੰਦਾ। ਜੇਕਰ ਇੱਕ ਅੱਧ ਥਾਂ ਤੇ ਅਜਿਹਾ ਹੋਇਆ ਵੀ ਹੈ ਤਾਂ ਉਹ ਇਸ ਰੂਪ ਵਿੱਚ ਕਿ, "ਪਿਛਲਾ ਭੁੱਲਾ ਨੀ ਖਿਆਲ ਮੁਸਾਫਰ ਰਮ ਰਹੇ।" ਲੋਕ ਬਾਰਾਂਮਾਹੇਂ ਦੀ ਦੂਸਰੀ ਵਿਸ਼ੇਸ਼ਤਾ ਇਹ ਹੈ ਕਿ ਔਰਤ ਆਪਣੀਆਂ ਭਾਵਨਾਵਾਂ ਧਾਰਮਿਕ ਨਾਇਕ ਦੇ ਓਹਲੇ ਨਾਲ਼ ਪ੍ਰਗਟ ਕਰਦੀ ਹੈ। ਵਿਸ਼ੇਸ਼ ਤੌਰ ਤੇ ਰਾਧਾ ਅਤੇ ਕ੍ਰਿਸ਼ਨ ਦੇ ਪ੍ਰੇਮ ਦੇ ਓਹਲੇ ਵਿਚ। ਜਿਸ ਸਮਾਜ ਵਿੱਚ ਔਰਤ ਲਈ ਮਨ ਦੀ ਸਿੱਧੀ ਗੱਲ ਕਹਣੀ ਸੰਭਵ ਨਾ ਹੋਵੇ ਉਥੇ ਅਜਿਹਾ ਓਹਲਾ ਲੈਣ ਦੀ ਲੋੜ ਪੈਂਦੀ ਹੈ।

ਲੋਕ ਬਾਰਾਂਮਾਹੇਂ ਦੀ ਅਗਲੀ ਵਿਸ਼ੇਸ਼ਤਾ ਇਹ ਹੈ ਕਿ ਕਿਉਂਕਿ ਇਹ ਔਰਤ ਦੀ ਰਚਨਾ ਹੈ ਇਸ ਲਈ ਇਸ ਵਿੱਚ ਕੇਵਲ ਬਿਰਹਾ ਦੀ ਸਥਿਤੀ ਦਾ ਹੀ ਵਰਣਨ ਹੈ ਮਿਲਾਪ ਦੀ ਸਥਿਤੀ ਦਾ ਨਹੀਂ। ਕਾਲਪਨਿਕ ਪੱਧਰ ਤੇ ਅਧਿਆਤਮਿਕ ਖੇਤਰ ਵਿੱਚ ਇਹ ਭਾਵੇਂ ਸੰਭਵ ਹੋਵੇ ਪਰੰਤੂ ਯਥਾਰਥਕ ਜੀਵਨ ਵਿੱਚ ਇਹ ਸੰਭਵ ਨਹੀਂ ਹੈ।

ਲੋਕ ਬਰਾਂਮਾਹਾਂ ਵਿੱਚ ਬਿਰਹਾ ਦਾ ਕਾਰਣ ਪਤੀ ਦਾ ਪਰਵਾਸ ਗਮਨ ਹੈ। ਪਤੀ ਆਰਥਿਕ ਲੋੜਾਂ ਦੀ ਪੂਰਤੀ ਕਰਨ ਦੀ ਖਾਤਰ ਸਾਲਾਂ ਬੱਧੀ ਘਰ ਤੋਂ ਦੂਰ ਰਹਿੰਦਾ ਹੈ ਜਿਸ ਕਾਰਣ ਬਾਰਾਂਮਾਹਾਂ ਵਿੱਚ ਬਿਰਹਾ ਦੀ ਤੀਬਰਤਾ ਨੂੰ ਪਛਾਣਿਆਂ ਜਾ ਸਕਦਾ ਹੈ। ਲੋਕ ਬਰਾਂਮਾਹੇਂ ਵਿੱਚ ਹਰ ਮਹੀਨੇ ਦੇ ਸਮਾਜਿਕ, ਸਭਿਆਚਾਰਕ ਤੇ ਕੁਦਰਤੀ ਸੰਦਰਭ ਹਨ। ਇਥੇ ਜੇਠ-ਜਠਾਣੀਆਂ ਹਨ, ਦੁਪੱਟਿਆਂ ਦਾ ਜ਼ਿਕਰ ਹੈ, ਸੌਣ ਦੀਆਂ ਪੀਂਘਾਂ ਹਨ, ਉਡਦੀਆਂ ਭੰਬੀਰੀਆਂ ਹਨ ਅਤੇ ਬਾਗੀਂ ਪਪੀਹਾ ਬੋਲਦਾ ਹੈ। ਸੱਸੂ ਨੂੰ ਤਾਹਨੇ ਦੇਣ ਦੇ ਦ੍ਰਿਸ਼ ਹਨ, ਸਿਆਲ਼ ਵਿੱਚ ਲੇਫ਼-ਤਲ਼ਾਈਆਂ ਭਰਾਉਣ ਦੇ ਕਾਰਜਾਂ ਦਾ ਜ਼ਿਕਰ ਹੈ ਅਤੇ ਫੱਗਣ ਦੀ ਹੋਲੀ ਦੇ ਤਿਉਹਾਰ ਦੇ ਰੰਗ ਹਨ। ਇੱਥੇ ਉਦਾਹਣ ਲਈ ਕੁਝ ਪੰਗਤੀਆਂ ਦੇਖੀਆਂ ਜਾ ਸਕਦੀਆਂ ਹਨ।

-ਚੜ੍ਹਿਆ ਮਹੀਨਾ ਅੱਸੂ ਨੀ ਸੁਣ ਮੇਰੀ ਸੱਸੂ, ਨੀ ਸੱਸੂ ਬੜਬੋਲੀਏ। ਤੇਰਾ ਪੁੱਤ ਵੱਸੇ ਪਰਦੇਸ ਨੀ ਕੀਹਦੇ ਨਾਲ਼ ਬੋਲੀਏ।

-ਚੜ੍ਹਿਆ ਮਹੀਨਾ ਵਸਾਖ, ਚਿੱਤ ਨੀ ਉਦਾਸ ਸਹੀਉ ਨੀ ਮੈਂ ਕੀ ਕਰਾਂ? ਮੇਰਾ ਸ਼ਾਮ ਵੱਸੇ ਪਰਦੇਸ ਕੁਝ ਨੀ ਮੈਂ ਖਾਏ ਮਰਾਂ।

-ਕੱਤਕ ਕਹਿਰ ਜੋ ਕੀਤਾ, ਪਿਆਲਾ ਜਹਿਰ ਦਾ ਪੀਤਾ ਹੋਰ ਨਸ਼ਾ ਵੀ ਨਾ ਕੀਤਾ ਅਬ ਤੋ ਮਿਲ਼ ਜਾ ਮਿਲ਼ ਜਾ ਜੀ ਸਾਨੂੰ ਕ੍ਰਿਸ਼ਨ ਮੁਰਾਰ।

ਟੱਪਾ

ਟੱਪਾ ਤੇ ਮਾਹੀਆ ਇਕੋ ਕਾਵਿ ਰੂਪ ਦੇ ਦੋ ਨਾਂ ਹਨ। ਦੋ ਪੰਗਤੀਆਂ ਦਾ ਛੰਦ-ਬੱਧ ਕਾਵਿ ਰੂਪ ਟੱਪਾ ਜਾਂ ਮਾਹੀਆ ਹੈ। ਜਿਸਦੀ ਭਾਵ ਵਸਤੂ ਬਿਰਹਾ ਦਾ ਚਿੱਤਰਣ ਕਰਨਾ ਹੈ। ਇਸ ਦਾ ਇਹ ਭਾਵ ਵੀ ਨਹੀਂ ਕਿ ਇਸ ਵਿੱਚ ਕਿਸੇ ਹੋਰ ਤਰ੍ਹਾਂ ਦੀ ਵਸਤੂ ਲਈ ਕੋਈ ਥਾਂ ਨਹੀਂ ਹੈ। ਕਿਉਂਕਿ ਇਸ ਵਿੱਚ ਸਿੱਧਾ ਸੰਬੋਧਨ ਮਾਹੀਏ ਲਈ ਹੋਇਆ ਹੈ ਇਸੇ ਲਈ ਇਸਨੂੰ ਮਾਹੀਏ ਦਾ ਨਾਮ ਦਿੱਤਾ ਗਿਆ ਹੈ। ਡਾæ ਨਾਹਰ ਸਿੰਘ ਨੇ ਟੱਪੇ ਨੂੰ ਨਾਚ ਗੀਤ ਮੰਨ ਕੇ ਇਸ ਦੀ ਚਰਚਾ ਕੀਤੀ ਹੈ। ਅਸਲ ਵਿੱਚ ਜਿਸਨੂੰ ਨਾਹਰ ਸਿੰਘ ਟੱਪਾ ਕਹਿੰਦਾ ਹੈ ਉਹ ਇੱਕ ਤੁਕੀ ਬੋਲੀ ਹੀ ਹੈ। ਨਾਚ ਗੀਤ ਦੇ ਅਨੁਸਾਰ ਹੀ ਨਾਹਰ ਸਿੰਘ ਨੇ ਇਸ ਨੂੰ ਮੁਕਤ ਨਿਭਾਉ ਸੰਦਰਭ ਨਾਲ਼ ਜੋੜਿਆ ਹੈ। ਇਸ ਨੂੰ ਨਾਟਕੀ ਹੋਂਦ ਵਿਧੀ ਵਾਲ਼ਾ ਕਾਵਿ ਰੂਪ ਮੰਨਿਆ ਹੈ। ਨਾਚ ਗੀਤ ਹੋਣ ਕਾਰਣ ਕੁਦਰਤੀ ਹੈ ਕਿ ਇਸ ਦੀ ਲੈਅ ਵਿੱਚ ਇੱਕ ਤਿੱਖੇਰਾਪਣ ਹੋਵੇਗਾ ਅਤੇ ਦੁਹਰਾ ਵੀ। ਇਸ ਵਿੱਚ ਇਕਾਗਰ ਸਮੂਰਤ ਬਿੰਬ ਵੀ ਹੈ ਤੇ ਇਹ ਭਾਵ ਦੀ ਸੰਪੂਰਣ ਇਕਾਈ ਵੀ ਹੈ। ਪਰੰਤੂ ਜਿਸ ਟੱਪੇ ਜਾਂ ਮਾਹੀਏ ਦਾ ਜ਼ਿਕਰ ਅਸੀਂ ਕਰ ਰਹੇ ਹਾਂ ਉਹ ਦੋ ਤੁਕੀ ਬੋਲੀ ਤੋਂ ਬਿਲਕੁਲ ਭਿੰਨ ਹੈ। ਕਿਉਂਕਿ ਇਸ ਦੇ ਗਾਉਣ ਦੇ ਸੰਦਰਭ ਵੱਖ ਹਨ ਤੇ ਇਸ ਦੀ ਭਾਵ ਵਸਤੂ ਵੀ ਭਿੰਨ ਹੈ। ਇਸ ਦੀ ਗਾਉਣ ਸ਼ੈਲੀ ਵਿੱਚ ਇੱਕ ਵੱਖਰਾ ਸੋਜ਼ ਤੇ ਸੁਹਜ ਹੈ। ਇੱਥੇ ਅਸੀਂ ਉਨ੍ਹਾਂ ਟੱਪਿਆਂ ਦਾ ਜ਼ਿਕਰ ਕਰ ਰਹੇ ਹਾਂ ਜੋ ਵਿਆਹਾਂ ਵਿੱਚ ਬੈਠ ਕੇ ਸਮੂਹ ਵਲੋਂ ਗਾਏ ਜਾਂਦੇ ਹਨ। ਇਹ ਕਦੇ ਵੀ ਕਿਸੇ ਹੋਰ ਮੌਕਿਆਂ ਤੇ ਮਨ ਦੀਆਂ ਭਾਵਨਾਵਾਂ ਨੂੰ ਰਾਹਤ ਦੇਣ ਲਈ ਵੀ ਗਾ ਲਏ ਜਾਂਦੇ ਹਨ। ਇਨ੍ਹਾਂ ਟੱਪਿਆਂ ਦੀ ਸ਼ੁਰੂਆਤ ਕੁਝ ਇਸ ਤਰ੍ਹਾਂ ਹੁੰਦੀ ਹੈ।

ਟੱਪੇ ਟੱਪਿਆਂ ਦੀ ਆਈ ਵਾਰੀ ਮੈਂ ਕੁੜੀ ਨਵੇਂ ਸ਼ਹਿਰ ਦੀ ਟੱਪਿਆਂ ਤੋਂ ਕਦੇ ਨਾ ਹਾਰੀ।

ਇਸਦੇ ਨਾਲ਼ ਹੀ ਟੱਪਿਆਂ ਦੀ ਲੰਬੀ ਲੜੀ ਦਾ ਆਰੰਭ ਹੋ ਜਾਂਦਾ ਹੈ। ਇੱਕ ਤੋਂ ਬਾਦ ਦੂਜੀ ਕੁੜੀ ਜਾਂ ਕੋਈ ਵੀ ਗਾਇਕ ਜ਼ਿਦ ਕੇ ਟੱਪੇ ਗਾਉਂਦਾ ਹੈ ਅਤੇ ਪੂਰਾ ਸਮੂਹ ਉਨ੍ਹਾਂ ਦਾ ਸਾਥ ਦਿੰਦਾ ਹੈ। ਡਾæ ਵਣਜਾਰਾ ਬੇਦੀ ਨੇ ਟੱਪੇ ਨੂੰ ਕੇਵਲ ਧੰਨੀ-ਪੋਠੋਹਾਰ ਦਾ ਕਾਵਿ ਰੂਪ ਮੰਨਿਆਂ ਹੈ ਜੋ 1947 ਦੀ ਵੰਡ ਤੋਂ ਬਾਦ ਪੰਜਾਬ ਦੇ ਹੋਰਨਾਂ ਖਿੱਤਿਆਂ ਵਿੱਚ ਪ੍ਰਚਲਿਤ ਹੋਇਆ। ਕਾਵਿ ਰੂਪਾਂ ਲਈ ਇਸ ਤਰ੍ਹਾਂ ਦੀ ਵੰਡ ਕਰਨਾ ਕਦੇ ਵੀ ਸੰਭਵ ਨਹੀਂ ਹੋਇਆ ਕਰਦਾ। ਹਾਂ ਕੋਈ ਇੱਕ ਕਾਵਿ ਰੂਪ ਕਿਸੇ ਇੱਕ ਖਿੱਤੇ ਵਿੱਚ ਵਧੇਰੇ ਪ੍ਰਚਲਿਤ ਹੋਣ ਦੀ ਸੰਭਾਵਨਾ ਰਹਿੰਦੀ ਹੈ। ਟੱਪੇ ਨਾਲ਼ ਵੀ ਕੁਝ ਇਸੇ ਤਰ੍ਹਾਂ ਵਾਪਰਿਆ ਹੈ। ਲੰਮੀ ਬੋਲੀ ਮਾਲਵੇ ਵਿੱਚ ਵਧਰੇ ਪ੍ਰਚਲਿਤ ਹੈ ਤੇ ਇਸੇ ਤਰ੍ਹਾਂ ਇੱਕ ਤੁਕੀ ਬੋਲੀ ਪੱਛਮੀ ਪੰਜਾਬ ਵਿੱਚ ਵਧੇਰੇ ਮਹੱਤਵ ਦੀ ਧਾਰਣੀ ਹੈ। ਇਸ ਦ੍ਰਿਸ਼ਟੀ ਤੋਂ ਸੁਖਦੇਵ ਮਾਦਪੁਰੀ ਵਧੇਰੇ ਸੰਤੁਲਿਤ ਪਹੁੰਚ ਅਪਣਾਉਂਦਾ ਹੈ। ਉਸ ਅਨੁਸਾਰ, "ਮਾਹੀਆ ਪੰਜਾਬੀਆਂ ਦਾ ਹਰਮਨ ਪਿਆਰਾ ਛੋਟੇ ਆਕਾਰ ਦਾ ਕਾਵਿ ਰੂਪ ਹੈ। ਇਹ ਪੰਜਾਬੀ ਦੀਆਂ ਸਾਰੀਆ ਉਪ-ਭਾਸ਼ਾਵਾਂ ਵਿੱਚ ਰਚਿਆ ਹੋਇਆ ਮਿਲ਼ਦਾ ਹੈ। ਮੁਲਤਾਨ, ਸਿਆਲਕੋਟ, ਪੋਠੋਹਾਰ ਅਤੇ ਜੰਮੂ ਦੇ ਪਹਾੜੀ ਖੇਤਰਾਂ ਵਿੱਚ ਇਹ ਪੁਰਾਤਨ ਕਾਲ ਤੋਂ ਲੋਕ ਪ੍ਰਿਆ ਰਿਹਾ ਹੈ। ਇਨ੍ਹਾਂ ਸਾਰੇ ਖੇਤਰਾ ਵਿੱਚ ਇਸਦਾ ਰੂਪ ਵਿਧਾਨ ਤੇ ਗਾਉਣ ਦੀ ਪ੍ਰਥਾ ਇਕਸਾਰ ਹੈ।" (ਨੈਣੀਂ ਨੀਂਦ ਨਾ ਆਵੇ, ਪੰਨਾ-51æ) ਕੰਵਲ ਮੁਸ਼ਤਾਕ ਨੇ ਟੱਪੇ ਜਾਂ ਮਾਹੀਏ ਨੂੰ ਇੱਕ ਤੁਕੀ ਬੋਲੀ ਨਾਲ਼ ਤੁਲਨਾਇਆ ਹੈ। ਉਸ ਅਨੁਸਾਰ ਮਾਹੀਆ ਕਾਫ਼ੀਏ ਜਾਂ ਤੁਕਾਂਤ ਦਾ ਪਾਬੰਦ ਹੈ ਜਦ ਕਿ ਇੱਕ ਤੁਕੀ ਬੋਲੀ ਇਸ ਕਾਫ਼ੀਏ ਤੋਂ ਆਜ਼ਾਦ ਹੈ। (ਲੋਕ ਵਿਰਸਾ, ਪੰਨਾ-89æ) ਜਿਵੇਂ ਅਸੀਂ ਉਪਰ ਵੀ ਕਹਿ ਚੁੱਕੇ ਹਾਂ ਕਿ ਟੱਪੇ ਦੀ ਮੁੱਖ ਵਸਤੂ ਬਿਰਹਾ ਹੈ। ਪਰ ਇਨ੍ਹਾਂ ਟੱਪਿਆਂ ਵਿੱਚ ਦੂਸਰੇ ਹੋਰ ਵਿਸ਼ੇ ਪੂਰੀ ਤਰ੍ਹਾਂ ਵਿਵਰਜਿਤ ਨਹੀਂ ਹਨ। ਇਨ੍ਹਾਂ ਟੱੱਪਿਆਂ ਵਿੱਚ ਮਾਪਿਆਂ ਨੂੰ ਵੱਡੀਆਂ ਹੋ ਰਹੀਆਂ ਧੀਆਂ ਨੂੰ ਵਿਆਹੁਣ ਦੀ ਨਸੀਹਤ ਹੈ; ਅਣਜੋੜ ਵਰ ਅਤੇ ਭੈੜੇ ਸਹੁਰੇ ਘਰ ਮਿਲਣ ਦੇ ਰੋਣੇ ਹਨ; ਵੀਰ ਮਾਪਿਆਂ ਅਤੇ ਪ੍ਰੇਮੀ ਨਾਲ਼ ਜੁੜੀਆਂ ਯਾਦਾਂ ਹਨ; ਪ੍ਰੇਮੀ ਨੂੰ ਮਿਲਣ ਦੀ ਤਾਂਘ ਹੈ; ਸੱਜਣ ਦੀਆਂ ਅਦਾਵਾਂ ਦਾ ਪ੍ਰਗਟਾਵਾ ਹੈ। ਪ੍ਰੇਮੀ ਨੂੰ ਮਿਲਣ ਦੀ ਤੜਫ਼ ਹੈ; ਧਾਰਮਿਕ ਪ੍ਰਸੰਗ ਹਨ; ਨੌਕਰ ਅਤੇ ਨੌਕਰ ਦੀ ਨੌਕਰੀ ਬਾਰੇ ਵਿਅੰਗਾਤਮਿਕ ਟਿੱਪਣੀਆਂ ਹਨ; ਤਾਅਨੇ-ਮਿਹਣੇ ਹਨ; ਰੁਸੇਵੇਂ-ਮੰਨੇਵੇਂ ਹਨ, ਜੰਗ ਦੀ ਵਿਰੋਧਤਾ ਹੈ, ਸੌਕਣਾਂ ਲਈ ਵਿਅੰਗ ਹਨ ਅਤੇ ਸ਼ਰੀਕੇ ਭਾਈਚਾਰੇ ਦੀਆਂ ਈਰਖਾਵਾਂ ਹਨ। ਕਈ ਵਾਰੀ ਟੱਪੇ ਦੀ ਪਹਿਲੀ ਪੰਗਤੀ ਰਿਦਮ ਨੂੰ ਪੂਰਾ ਕਰਨ ਲਈ ਹੀ ਭਰਤੀ ਕੀਤੀ ਗਈ ਹੁੰਦੀ ਹੈ। ਇਸਦਾ ਦੂਜੀ ਪੰਗਤੀ ਦੇæ ਭਾਵ ਨਾਲ਼ ਕੋਈ ਤਰਕਸੰਗਤ ਮੇਲ਼ ਨਹੀਂ ਹੁੰਦਾ। ਦੂਜੀ ਪੰਗਤੀ ਆਪਣੇ ਆਪ ਵਿੱਚ ਮਹੱਤਵਪੂਰਣ ਅਤੇ ਸੰਪੂਰਣ ਹੋਂਦ ਦੀ ਧਾਰਣੀ ਹੁੰਦੀ ਹੈ। ਜਿਵੇਂ,

ਅੰਬ ਪੈਸੇ ਦੇ ਪਾ ਹੋ ਗਏ, ਲੱਗੀਆਂ ਟੱਟ ਵੇਟ ਗਈਆਂ ਰੰਗ ਕਾਲ਼ੇ ਸ਼ਾਹ ਹੋ ਗਏ। ਕਈ ਟੱਪਿਆਂ ਦੀ ਦੂਜੀ ਪੰਗਤੀ ਪਹਿਲੀ ਦੇ ਸੰਦਰਭ ਵਿੱਚ ਹੀ ਆਪਣੇ ਸੰਪੂਰਣ ਅਰਥਾਂ ਨੂੰ ਪਹੁੰਚਦੀ ਹੈ। ਦੋਨੋਂ ਪੰਗਤੀਆਂ ਮਿਲ਼ ਕੇ ਹੀ ਟੱਪੇ ਦੀ ਇੱਕ ਇਕਾਈ ਬਣਾਉਦੀਆਂ ਹਨ।

ਪਛਵਾੜੇ ਖੂਹ ਮਾਹੀਆ, ਘੜਾ ਸਾਡਾ ਡੁੱਬਦਾ ਨਹੀਉਂ, ਸਾਡਾ ਤਰਸਦਾ ਰੂਹ ਮਾਹੀਆ।

ਛੋਟਾ ਕਾਵਿ ਰੂਪ ਹੋਣ ਦੇ ਬਾਵਜੂਦ ਟੱਪਿਆਂ ਵਿੱਚ ਲੋਕ ਸਭਿਆਚਾਰ ਦੀਆਂ ਝਾਕੀਆਂ ਹਨ। ਪਿਛੋਕੜ ਵਿੱਚ ਸ਼ਹਿਰ ਤੇ ਪਿੰਡ ਹਨ; ਗੱਡੀਆਂ, ਖੂਹ ਤੇ ਮਧਾਣੀਆਂ ਹਨ। ਹਾਰ ਸ਼ਿੰਗਾਰ ਤੇ ਪਹਿਨ-ਪਹਿਰਾਵਾ ਹੈ; ਸਭਿਆਚਾਰ ਦਾ ਸੰਕੇਤਕ ਰੂਪ ਇਨ੍ਹਾਂ ਵਿੱਚ ਮਿਲ਼ ਜਾਂਦਾ ਹੈ। ਟੱਪਾ ਆਪਣੇ ਆਪ ਵਿੱਚ ਇੱਕ ਇਕਾਈ ਹੈ। ਪਰ ਜਦੋਂ ਇਹ ਬਾਲੋ ਮਾਹੀਆ ਦਾ ਰੂਪ ਧਾਰਣ ਕਰਦਾ ਹੈ ਤਾਂ ਦੋ ਟੱਪਿਆਂ ਦੀ ਇੱਕ ਇਕਾਈ ਬਣਦੀ ਹੈ। ਇੱਕ ਟੱਪੇ ਵਿੱਚ ਔਰਤ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਦੀ ਹੈ ਤਾਂ ਦੂਸਰੇ ਵਿੱਚ ਮਰਦ ਆਪਣੇ ਭਾਵਾਂ ਨੂੰ ਪ੍ਰਗਟਾਵਾ ਦਿੰਦਾ ਹੈ। ਕਈ ਵਾਰ ਇਹ ਸਵਾਲ-ਜਵਾਬ ਦਾ ਰੂਪ ਧਾਰਣ ਕਰ ਲੈਂਦੇ ਹਨ। ਟੱਪਿਆਂ ਦੀ ਪ੍ਰਕਿਰਤੀ ਨੂੰ ਸਮਝਣ ਲਈ ਹੇਠ ਲਿਖੇ ਕੁਝ ਟੱਪੇ ਸਾਡੀ ਮਦਦ ਕਰਨਗੇ।

-ਡੱਬੀ ਭਰੀ ਹੋਈ ਲੁੱਕ ਦੀ ਏ, ਸ੍ਹੋਣੇ ਮਾਹੀ ਬਾਝੋਂ ਰਾਤ ਗ਼ਮਾਂ ਵਿੱਚ ਮੁੱਕਦੀ ਏ।

-ਰਾਵੀ ਹੌਲ਼ੀ ਵਹਿੰਦੀ ਏ, ਆਸ਼ਕਾਂ ਦੀ ਜਾਨ ਲੈਣ ਲਈ ਲਾਈ ਹੱਥਾਂ ਉੱਤੇ ਮਹਿੰਦੀ ਏ।

-ਦੋ ਪੱਤਰ ਸ਼ਤੂਤਾਂ ਦੇ, ਸੀਨੇ 'ਚੋਂ ਨਿਕਲ਼ਦੇ ਨਹੀਂ, ਤੀਰ ਲੱਗੇ ਮਾਸ਼ੂਕਾਂ ਦੇ।

-ਬਾਗਾਂ ਵਿੱਚ ਚੰਦ ਚੜ੍ਹਿਆ, ਗਈ ਸਾਂ ਕਪਾਹ ਚੁੱਗਣੇ, ਇਸ਼ਕ ਦਾ ਨਾਗ ਲੜਿਆ।

ਬੋਲੀ'

ਬੋਲੀ ਅਸਲ ਵਿੱਚ ਇੱਕ ਨਾਚ-ਗੀਤ ਹੈ। (ਵਿਸਤਾਰ ਲਈ ਦੇਖੋ, ਨਾਚ-ਗੀਤæ) ਪੱਛਮੀ ਪੰਜਾਬ ਵਿੱਚ ਇਕ-ਤੁਕੀ ਬੋਲੀ ਦਾ ਪ੍ਰਚਲਨ ਵਧੇਰੇ ਰਿਹਾ ਹੈ। ਇਸੇ ਲਈ ਕੰਵਲ ਮੁਸ਼ਤਾਕ ਜਦੋਂ ਬੋਲੀਆਂ ਦੀ ਗੱਲ ਕਰਦਾ ਹੈ ਤਾਂ ਉਸਦੇ ਸਾਹਮਣੇ ਇਹੋ ਇਕ-ਤੁਕੀਆਂ ਬੋਲੀਆਂ ਹੀ ਹੁੰਦੀਆਂ ਹਨ। ਉਹ ਲਿਖਦਾ ਹੈ, "ਬੋਲੀ ਇੱਕ ਮਿਸਰਾ ਤਕ ਨੂੰ ਆਖਦੇ ਹਨ। ਇਸ ਪੱਖੋਂ ਬੋਲੀਆਂ ਨੂੰ ਤੁਕਾਂ ਵੀ ਕਿਹਾ ਜਾਂਦਾ ਹੈ। ਇਸ ਵੰਨਗੀ ਵਿੱਚ ਇੱਕ ਮਿਸਰੇ ਵਿੱਚ ਪੂਰਾ ਮਜ਼ਮੂਨ ਬੰਨ੍ਹਿਆਂ ਜਾਂਦਾ ਹੈ। ਮਾਹੀਆ ਵੀ ਆਪਣੀ ਹੈਸੀਅਤ ਨਾਲ਼ ਸੰਖੇਪ ਵੰਨਗੀ ਏ ਪਰ ਇਹ ਕਾਫ਼ੀਆ ਦੀ ਪਾਬੰਦ ਏ।" (ਲੋਕ ਵਿਰਸਾ, ਪੰਨਾ-89æ) ਡਾæ ਨਾਹਰ ਸਿੰਘ ਨੇ ਬੋਲੀਆਂ ਉਪਰ ਸਭ ਤੋਂ ਵਧੇਰੇ ਕੰਮ ਕੀਤਾ ਹੈ। ਲੋਕ ਕਾਵਿ ਦੀ ਸਿਰਜਣ ਪ੍ਰਕਿਰਿਆ ਪੁਸਤਕ ਵਿੱਚ ਉਸਨੇ ਵਧੇਰੇ ਹਿੱਸਾ ਮਲਵਈ ਬੋਲੀਆਂ ਉਪਰ ਹੀ ਲਾਇਆ ਹੈ। ਉਸਦਾ ਇਹ ਕਥਨ ਸਹੀ ਹੈ ਕਿ, "ਲੰਮੀ ਬੋਲੀ ਮਲਵਈ ਲੋਕ ਕਾਵਿ ਦੀ ਵਿਲੱਖਣ ਪਛਾਣ ਹੈ।" ਡਾæ ਨਾਹਰ ਸਿੰਘ ਨੇ ਦੋ ਤੁਕੀਆਂ ਬੋਲੀਆਂ ਅਤੇ ਲੰਮੀ ਬੋਲੀ ਉਪਰ ਵਧੇਰੇ ਜ਼ੋਰ ਦਿੱਤਾ ਹੈ। ਇੱਕ ਤੁਕੀ ਬੋਲੀ ਨੂੰ ਉਸਨੇ ਟੱਪਿਆਂ ਦੇ ਸਿਰਲੇਖ ਹੇਠ ਵਿਚਾਰਿਆ ਹੈ। ਸਮੁੱਚੇ ਤੌਰ ਤੇ ਬੋਲੀ ਦਾ ਅਧਿਐਨ ਕਰਨ ਲਈ ਸਾਨੂੰ ਇੱਕ ਤੁਕੀ ਬੋਲੀ, ਦੋ ਤੁਕੀ ਬੋਲੀ ਅਤੇ ਲੰਮੀ ਬੋਲੀ ਨੂੰ ਇਕੋ ਸਮੇਂ ਸਾਹਮਣੇ ਰੱਖ ਕੇ ਹੀ ਨਿਰਣੇ ਕਰਨ ਦੀ ਲੋੜ ਹੈ। ਇਕ ਤੁਕੀ ਬੋਲੀ ਆਪਣੇ ਆਪ ਵਿੱਚ ਸੰਪੂਰਣ ਇਕਾਈ ਹੈ। ਇਸ ਵਿਚਲੀ ਭਾਵ-ਵਸਤੂ ਵੀ ਆਪਣੇ ਆਪ ਵਿੱਚ ਸੰਪੂਰਣ ਹੁੰਦੀ ਹੈ। ਜਿਵੇਂ, 'ਤੈਨੂੰ ਦੇਖ ਕੇ ਦਹੀਂ ਸ਼ਰਮਾਵੇ ਨੀ ਦੁੱਧ ਵਾਂਗੂੰ ਲਿਸ਼ਕਦੀਏ'

ਇਹ ਇਕ-ਤੁਕੀ ਬੋਲੀ ਆਪਣੇ ਆਪ ਵਿੱਚ ਸੰਪੂਰਣ ਇਕਾਈ ਹੈ ਜਿਸ ਵਿੱਚ ਇੱਕ ਮੁਟਿਆਰ ਦੀ ਸੁੰਦਰਤਾ ਨੂੰ ਅਤੇ ਉਸਦੇ ਗੋਰੇ ਰੰਗ ਨੂੰ ਚਿੱਟੇ ਦਹੀਂ ਅਤੇ ਧੁੱਪ ਨਾਲ਼ ਉਪਮਾ ਦਿੱਤੀ ਗਈ ਹੈ। ਇਹ ਉਪਮਾਵਾਂ ਇਸ ਇੱਕ ਤੁਕੀ ਬੋਲੀ ਦੇ ਸੁਹਜ ਨੂੰ ਵਧਾਉਣ ਦਾ ਕਾਰਣ ਬਣਦੀਆਂ ਹਨ। ਛੋਟੀ ਦੋ ਸਤਰਾਂ ਦੀ ਬੋਲੀ ਦੀ ਪਹਿਲੀ ਤੁਕ ਵਿੱਚ ਪੂਰਵ-ਨਿਰਧਾਰਿਤ ਤੁਕ ਨੂੰ ਹੀ ਵਰਤ ਲਿਆ ਜਾਂਦਾ ਹੈ। ਦੂਜੀ ਤੁਕ ਵਿੱਚ ਤੋੜਾ ਆਉਂਦਾ ਹੈ। ਇਨ੍ਹਾਂ ਦੋਨਾਂ ਸਤਰਾਂ ਦੀ ਥੀਮਕ ਇਕਾਗਰਤਾ ਕਾਰਣ ਇਸ ਵਿੱਚ ਭਾਵ ਦੀ ਇਕਾਗਰਤਾ ਬਣੀ ਰਹਿੰਦੀ ਹੈ। ਪਰੰਤੁ ਜੇ ਪਹਿਲੀ ਤੁਕ ਸੁਤੰਤਰ ਹੋਵੇ ਤਾਂ ਇਹ ਇਕਾਗਰਤਾ ਭੰਗ ਹੋ ਜਾਂਦੀ ਹੈ। ਲੰਮੀਆਂ ਬੋਲੀਆ ਵਿੱਚ ਤੁਕਾਂ ਦੀ ਗਿਣਤੀ ਨਿਰਧਾਰਤ ਨਹੀਂ ਹੁੰਦੀ ਪਰੰਤੂ ਹਰ ਤੁਕ ਦਾ ਤੁਕਾਂਤ ਮਿਲ਼ਦਾ ਹੈ।ਅੰਤ ਉਪਰ ਤੋੜਾ ਝਾੜਿਆ ਜਾਂਦਾ ਹੈ ਤੇ ਇਉਂ ਨਾਚ ਵਿੱਚ ਵੀ ਤੇਜ਼ੀ ਆ ਜਾਂਦੀ ਹੈ। ਮਰਦਾਂ ਦੀਆਂ ਬੋਲੀਆਂ ਵਿੱਚ ਤੋੜੇ ਤੋਂ ਪਹਿਲਾਂ ਦਾ ਹਿੱਸਾ ਕੋਈ ਇੱਕ ਵਿਅਕਤੀ ਉਚਾਰਦਾ ਹੈ ਪਰ ਤੋੜੇ ਉਪਰ ਜਾ ਕੇ ਸਾਰਾ ਸਮੂਹ ਬੋਲੀ ਚੁੱਕਦਾ ਹੈ ਤੇ ਨਾਲ਼ ਹੀ ਨਾਚ ਵੀ ਆਪਣਾ ਤੇਜ਼ੀ ਦਾ ਰੰਗ ਦਿਖਾਉਂਦਾ ਹੈ। ਔਰਤਾਂ ਦੀਆਂ ਲੰਮੀਆਂ ਬੋਲੀਆਂ ਵਿੱਚ ਕਦੇ ਤਾਂ ਤੋੜੇ ਤੋਂ ਪਹਿਲਾ ਹਿੱਸਾ ਇਕੱਲੀ ਕੁੜੀ ਉਚਾਰਦੀ ਹੈ ਪਰੰਤੂ ਕਈ ਵਾਰ ਸਾਰੀ ਦੀ ਸਾਰੀ ਬੋਲੀ ਸਮੂਹਿਕ ਤੌਰ ਤੇ ਹੀ ਪਾਈ ਜਾਂਦੀ ਹੈ। ਇਕੱਲੇ ਵਿਅਕਤੀ ਵਲੋਂ ਬੋਲੀ ਪਾਏ ਜਾਣ ਤੇ ਸਮੂਹ ਬਿਲਕੁਲ ਚੁੱਪ ਨਹੀਂ ਰਹਿੰਦਾ ਸਗੋਂ ਵਿੱਚ ਵਿਚ ਹਲਾਸ਼ੇਰੀ ਦੇਣ ਦੀ ਸੁਰ ਵਿੱਚ ਹੁੰਗਾਰਾ ਭਰਦਾ ਰਹਿੰਦਾ ਹੈ। ਲੰਮੀ ਬੋਲੀ ਦੀਆਂ ਤੁਕਾਂ ਵਿੱਚ ਭਾਵ ਦੀ ਭਿੰਨਤਾ ਹੋ ਸਕਦੀ ਹੈ ਅਤੇ ਇਕਾਗਰਤਾ ਵੀ। ਬੋਲੀਆਂ ਵਿੱਚ ਸਮੁੱਚਾ ਪੰਜਾਬੀ ਸਭਿਆਚਾਰ ਸੁਹਜਾਤਮਕ ਪੱਧਰ ਤੇ ਨਾਚ ਦੀ ਲੈਅ ਅਨੁਕੂਲ ਪ੍ਰਸਤੁਤ ਹੁੰਦਾ ਹੈ। (ਵਿਸਤਾਰ ਲਈ ਦੇਖੋ, ਲੋਕ ਨਾਚ) ਲੰਮੀਆਂ ਬੋਲੀਆਂ ਵਿਸ਼ੇਸ਼ ਤੌਰ ਤੇ ਮਰਦਾਂ ਦੁਆਰਾ ਸਿਰਜੀਆਂ ਜਾਂਦੀਆਂ ਹਨ, ਜੇ ਕਰ ਇਹ ਬੋਲੀਆ ਲੋਕ ਸਿਰਜਤ ਹੋਣ ਭਾਵ ਜਿਹੜੀਆ ਕਿਸੇ ਇੱਕ ਵਿਅਕਤੀ ਦੁਆਰਾ ਸਿਰਜੀਆਂ ਜਾ ਕੇ ਸਦੀਆਂ ਤੋਂ ਪੁਨਰ ਸਿਰਜਿਤ ਹੁੰਦੀਆਂ ਰਹਿੰਦੀਆ ਹਨ ਉਨ੍ਹਾਂ ਦੀ ਪੱਧਰ ਉਚੇਰੀ ਸਿਰਜਣਾ ਦਾ ਨਮੂਨਾ ਬਣਦੀ ਹੈ ਪਰੰਤੂ ਜਿੱਥੇ ਇਹ ਬੋਲੀਆਂ ਤੱਤਫੱਟ ਉਚਾਰਣ ਤੋਂ ਸਿਰਜਿਤ ਹੁੰਦੀਆਂ ਹਨ ਉੱਥੇ ਇਨ੍ਹਾਂ ਦੀ ਪੱਧਰ ਤੁਕਾਂਤ ਮੇਲਣ ਤਕ ਹੀ ਰਹਿ ਜਾਂਦੀ ਹੈ। ਹੇਠਾਂ ਅਸੀਂ ਤਿੰਨੋਂ ਤਰ੍ਹਾਂ ਦੀਆਂ ਬੋਲੀਆਂ ਦੀਆਂ ਕੁਝ ਉਦਾਹਣਾਂ ਦੇ ਰਹੇ ਹਾਂ।

ਇਕ ਤੁਕੀ ਬੋਲੀਆਂ:

-ਐਵੇਂ ਭਰਮ ਰੰਨਾਂ ਨੂੰ ਮਾਰੇ ਹਲਕੇ ਨੇ ਛੜੇ ਫਿਰਦੇ।

- ਅੰਦਰੋਂ ਫੜਾ ਬਰਛੀ ਨੀ ਕੁੜੀਏ ਬਦਾਮ ਰੰਗੀਏ।

-ਅੱਖਾਂ ਵਿੱਚ ਪਾ ਲੈ ਆਲ੍ਹਣਾ, ਤੈਨੂੰ ਦਿਲ ਦੀ ਆਖ ਸੁਣਾਵਾਂ।

-ਭੁੱਲ ਗਈ ਯਾਰ ਦੀ ਗਲ਼ੀ, ਜਦ ਚੰਨ ਬਦਲੀ ਵਿੱਚ ਆਇਆ।

ਦੋ ਤੁਕੀ ਬੋਲੀਆਂ:

-ਘਰਾਂ ਘਰਾਂ ਤੋਂ ਲੱਸੀ ਲਿਆਂਦੀ, ਉਸਦੀ ਪਾਈ ਕਾਂਜੀ, ਨਾਲ਼ਾ ਰੇਸ਼ਮ ਦਾ ਸੁੱਥਣ ਯਾਰ ਨੇ ਲਿਆਂਦੀ।

-ਤਰ ਵੇ ਤਰ ਵੇ ਤਰ ਵੇ, ਤੂੰ ਖੇਡ ਕੌਡੀਆਂ ਮੈਂ ਮਾਪਿਆਂ ਦੇ ਘਰ ਵੇ।

-ਜੋਗੀ ਆ ਨੀ ਗਿਆ ਫੇਰਾ ਪਾ ਨੀ ਗਿਆ, ਸਾਨੂੰ ਬਿਸੀਅਰ ਨਾਗ ਲੜਾ ਨੀ ਗਿਆ।

ਲੰਮੀਆਂ ਬੋਲੀਆਂ:

-ਪਿੰਡਾਂ ਵਿਚੋਂ ਪਿੰਡ ਸੁਣੀਦਾ ਪਿੰਡ ਸੁਣੀਂਦਾ ਮੋਗਾ, ਮੋਗੇ ਦਾ ਇੱਕ ਸਾਧ ਸੁਣੀਂਦਾ ਬੜੀ ਸੁਣੀਂਦੀ ਸੋਭਾ। ਆਉਂਦੀ ਜਾਂਦੀ ਨੂੰ ਘੜਾ ਚਕਾਉਂਦਾ ਮਗਰੋਂ ਮਾਰਦਾ ਗੋਡਾ। ਲੱਕ ਮੇਰਾ ਪਤਲਾ ਜਿਹਾ ਭਾਰ ਸਹਿਣ ਨਾ ਜੋਗਾ।

-ਸੋਟੀ ਸੋਟੀ ਸੋਟੀ, ਬੀਨ ਬਜਾ ਜੋਗੀਆ ਤੈਨੂੰ ਦਿਊਂਗੀ ਮੱਕੀ ਦੀ ਰੋਟੀ। ਪਤਲੇ ਜਿਹੇ ਲੱਕ ਵਾਲ਼ਿਆ, ਤੈਨੂੰ ਆਦਤ ਪੈ ਗਈ ਖੋਟੀ। ਮੋਹਰੇ ਘੋੜਾ ਮਿੱਤਰਾਂ ਦਾ ਮਗਰ ਫੁੱਲਾਂ ਆਲ਼ੀ ਬੋਤੀ। ਮੇਲਣ ਮੁੰਡਿਆਂ ਨੇ ਡਿਗਦੀ ਚੁਬਾਰਿਉਂ ਬੋਚੀ ... ...

- ਪਿੰਡਾਂ ਵਿਚੋਂ ਪਿੰਡ ਸੁਣੀਂਦਾ ਪਿੰਡ ਸੁਣੀਂਦਾ ਖਿਆਲ਼ਾ।

ਉੱਥੋਂ ਦੇ ਦੋ ਘੱਭਰੂ ਸੁਣੀਂਦੇ ਇੱਕ ਗੋਰਾ ਇੱਕ ਕਾਲ਼ਾ।
ਕਾਲ਼ੇ ਦਾ ਮੈਂ ਕੱਛਾ ਸੁਆ ਲਿਆ,ਗੋਰੇ ਦਾ ਪਾ ਲਿਆ ਨਾਲ਼ਾ।
ਰੂਪ ਹੰਢਾਲੈ ਨੀ ਯਾਰ ਹੌਂਸਲੇ ਵਾਲ਼ਾ.....

ਸਹਾਇਕ ਪੁਸਤਕ ਸੂਚੀ:

-ਮਨਜੀਤ ਸਿੰਘ ਰੱਤੂ (ਸੰæ) ਲੋਕ ਵਿਰਸਾ, ਸਵੇਰਾ ਪ੍ਰਕਾਸ਼ਨ, ਜਲੰਧਰ, 1998.

-ਡਾ.ਵਣਜਾਰਾ ਬੇਦੀ:ਪੰਜਾਬੀ ਲੋਕ ਧਾਰਾ ਵਿਸ਼ਵ ਕੋਸ਼, (ਅੱਠ ਜਿਲਦਾਂ ਵਿਚ)

-ਡਾ. ਰਾਜਵੰਤ ਕੌਰ ਪੰਜਾਬੀ: ਵਿਆਹ ਦੇ ਲੋਕਗੀਤ ਵਿਭਿੰਨ ਪਰਿਪੇਖ, ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ,

-ਡਾ.ਨਾਹਰ ਸਿੰਘ: ਲੋਕ ਕਾਵਿ ਦੀ ਸਿਰਜਣ ਪ੍ਰਕਿਰਿਆ, ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ, 1993.

-ਡਾ.ਕਰਮਜੀਤ ਸਿੰਘ: ਧਰਤ ਦੁਆਬੇ ਦੀ, ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 1985.

-ਡਾ. ਕਰਨੈਲ ਸਿੰਘ ਥਿੰਦ, ਲੋਕਯਾਨ ਅਤੇ ਮੱਧਕਾਲੀਨ ਪੰਜਾਬੀ ਸਾਹਿਤ, ਨਾਨਕ ਸਿੰਘ ਪੁਸਤਕ ਮਾਲ਼ਾ, 1973.

-ਦੇਵੇਂਦ੍ਰ ਸਤਿਆਰਥੀ ਤੇ ਮਹਿੰਦਰ ਸਿੰਘ ਰੰਧਾਵਾ, ਪੰਜਾਬੀ ਲੋਕਗੀਤ

-ਸੁਖਦੇਵ ਮਾਦਪੁਰੀ, ਨੈਣੀਂ ਨੀਂਦ ਨਾ ਆਵੇ, ਲੁਧਿਆਣਾ, 2004.

-ਡਾ. ਕਰਮਜੀਤ ਸਿੰਘ, ਕੂੰਜਾਂ ਪਰਦੇਸਣਾਂ, ਰਵੀ ਸਾਹਿਤ ਪ੍ਰਕਾਸ਼ਨ, 2004.

ਲੋਕ-ਕਾਵਿ ਦਾ ਸਭਿਆਚਾਰਕ ਪ੍ਰਕਾਰਜ[ਸੋਧੋ]

ਪੰਜਾਬੀ ਲੋਕ-ਕਾਵਿ ਪੰਜਾਬੀ ਸਭਿਆਚਾਰ ਦੀ ਹੂ-ਬ-ਹੂ ਤਸਵੀਰ ਪੇਸ਼ ਕਰਦਾ ਹੈ, ਪੰਜਾਬ ਦੇ ਲੋਕ ਜੀਵਨ ਦੀ ਅਸਲੀ ਝਲਕ ਇਹਨਾਂ ਲੋਕ-ਗੀਤਾਂ ਵਿੱਚੋਂ ਦਿਸ ਪੈਂਦੀ ਹੈ। ਲੋਕਾਂ ਦੀ ਰਹਿਣੀ ਬਹਿਣੀ, ਕਾਰ-ਵਿਹਾਰ, ਰੀਤੀ-ਰਿਵਾਜ਼, ਸਭ ਕੁਝ ਗੀਤਾਂ ਵਿੱਚ ਚਿਤਰਿਆ ਮਿਲਦਾ ਹੈ। ‘ਗਿੱਧੇ ਤੇ ਭੱਗੜੇ ਦੇ ਨਾਚ ਬੋਲੀਆਂ ਬਿਨਾਂ ਅਧੂਰੇ ਸਮਝੇ ਜਾਂਦੇ ਹਨ। ਮੇਲਿਆ ਅਤੇ ਖੁਸ਼ੀਆਂ ਦੇ ਹੋਰ ਮੌਕਿਆਂ ਤੇ ਵੀ ਬੋਲੀਆਂ ਪਾਈਆਂ ਜਾਂਦੀਆਂ ਹਨ, ਵਧੇਰੇ ਕਰਕੇ ਇਹ ਟੋਲੀਆਂ ਵਿੱਚ ਗਾਈਆਂ ਜਾਂਦੀਆਂ ਹਨ। ਪੰਜਾਬੀ ਲੋਕ ਗੀਤਾਂ ਪਿਆਰ, ਮੁਹੱਬਤ ਦੇ ਨਾਲ ਘਰੇਲੂ ਮਾਮਲੇ, ਕਾਰੋਬਾਰੀ ਗੱਲਾਂ, ਹਾਰ ਸ਼ਿੰਗਾਰ, ਗਹਿਣਿਆਂ, ਮੇਲੇ ਤੇ ਤਿਉਹਾਰ ਬਾਰੇ, ਜੀਵਨ ਦੀਆਂ ਸਮੱਸਿਆਵਾਂ, ਦੁਨੀਆ ਵਿੱਚ ਵਾਪਰ ਰਿਹਾ ਅੰਧੇਰ, ਸ਼ਰੀਕੇ ਦਾ ਵਤੀਰਾ, ਪਸ਼ੂ-ਪੰਛੀ, ਬਨਸਪਤੀ, ਅਤੇ ਸਮਾਜ ਦੇ ਕਈ ਪੱਖਾਂ ਦੀ ਟੋਹ ਦਿੰਦੇ ਹਨ।’ਡ ਵਧੇਰੇ ਗੀਤ ਵਿਛੋੜੇ ਦੇ ਹਨ ਜਿਹਨਾਂ ਵਿੱਚ ਮਿਲਾਪ ਦੀ ਥਾਂ ਅਧੂਰੀਆਂ ਸਧਰਾਂ, ਮਿਲਣ ਦੀ ਤਾਂਘ ਤੇ ਬ੍ਰਿਹਾ ਤੇ ਜ਼ਜਬਿਆਂ ਦੀ ਪ੍ਰਧਾਨਤਾ ਹੈ। ਉਪਰੋਕਤ ਵਿਚਾਰਾਂ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਲੋਕ ਗੀਤਾਂ ਵਿੱਚ ਪੰਜਾਬੀਆਂ ਦਾ ਸਮੁੱਚਾ ਜੀਵਨ ਸਮੋਇਆ ਹੋਇਆ ਹੈ ਤੇ ਇਹ ਗੀਤ ਪੰਜਾਬੀ ਜਨ-ਜੀਵਨ ਦੀ ਸਮੁੱਚੀ ਤਸਵੀਰ ਨੂੰ ਪੇਸ਼ ਕਰਦੇ ਹਨ।

ਸੰਖੇਪ ਵਿੱਚ ਕਿਹਾ ਜਾ ਸਕਦਾ ਹੈ ਕਿ ਲੋਕਧਾਰਾ ਸਭਿਆਚਾਰਕ ਪਰੰਪਰਾ ਦਾ ਪਾਲਣ ਕਰਦੀ ਹੈ। ਲੋਕ ਕਾਵਿ ਦਾ ਪਰੰਪਰਾਗਤ ਹੋਣਾ ਜਰੂਰੀ ਨਹੀਂ। ਲੋਕਧਾਰਾ ਦੀ ਤਰ੍ਹਾਂ ਲੋਕ ਕਾਵਿ ਕੋਈ ਪਰਬੀਨ ਰਚਨਾਵਾਂ ਨਹੀਂ ਹੰੁਦੀਆਂ। ਲੋਕ ਕਾਵਿ ਵਿਅਕਤੀ ਵੱਲ ਕੇਂਦਰਤ ਹੰੁਦਾ ਹੈ। ਇਸ ਵਿੱਚ ਵਿਅਕਤੀਗਤ ਵਿਰਲਾਪ ਪ੍ਰਧਾਨ ਰਹਿੰਦਾ ਹੈ। ਲੋਕ ਕਾਵਿ ਦਾ ਪ੍ਰਬੰਧ ਪਰਪੱਕ ਨਹੀਂ ਹੁੰਦਾ। ਲੋਕ ਕਾਵਿ ਬਹੁਤ ਲਚਕੀਲਾ ਹੁੰਦਾ ਹੈ। ਲੋਕ ਕਾਵਿ ਸਮੂਹ ਵਿੱਚ ਜਾਦੂਮਈ ਭਰਮ ਪੈਦਾ ਕਰਦੇ, ਸਮੂਹ ਦੀ ਇੱਛਾ ਪੂਰਤੀ ਦਾ ਢਾਰਸ ਨਹੀਂ ਦਿੰਦਾ। ਲੋਕ ਕਾਵਿ ਆਪਣੇ ਆਪ ਵਿੱਚ ਸੰਪੂਰਨ ਨਹੀਂ ਹੁੰਦਾ, ਸਗੋਂ ਹਰ ਵਿਅਕਤੀ ਆਪਣੀ ਰੁਚੀ ਅਨੁਸਾਰ ਇਸ ਨੂੰ ਸੰਪੂਰਨ ਬਣਾਉਣ ਦਾ ਅਭਿਆਸ ਕਰਦਾ ਰਹਿੰਦਾ ਹੈ। ਪੰਜਾਬੀ ਲੋਕ ਕਾਵਿ ਦੀ ਪਰੰਪਰਾ ਕੋਈ ਬਹੁਤੀ ਪੁਰਾਣੀ ਨਹੀਂ। ਲੋਕ ਕਾਵਿ ਛੰਦ ਪ੍ਰਧਾਨ ਰਚਨਾ ਹੈ। ਲੋਕ ਕਾਵਿ ਨੂੰ ਪ੍ਰਤਿਭਾ ਵਾਲਾ ਵਿਅਕਤੀ ਰਚ ਸਕਦਾ ਹੈ। ਲੋਕ ਕਾਵਿ ਜ਼ਜਬਾ ਪ੍ਰਧਾਨ ਕਾਵਿ ਹੈ। ਪੰਜਾਬੀ ਲੋਕ ਕਾਵਿ ਦੀ ਪਰੰਪਰਾ ਬਹੁਤ ਅਮੀਰ ਹੈ।