ਪੰਜਾਬੀ ਸਾਹਿਤ : ਸਮਕਾਲੀ ਦਿ੍ਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

==

ਪੰਜਾਬੀ ਸਾਹਿਤ: ਸਮਕਾਲੀ ਦਿ੍ਸ਼
ਲੇਖਕਸੰਪ: ਪ੍ਰੋ. ਰਵਿੰਦਰ ਭੱਠਲ ਅਤੇ ਡਾ. ਸੁਰਜੀਤ ਸਿੰਘ
ਭਾਸ਼ਾਪੰਜਾਬੀ
ਪ੍ਰਕਾਸ਼ਨ2005
ਪ੍ਰਕਾਸ਼ਕਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ
ਸਫ਼ੇ129

ਜਾਣ ਪਛਾਣ[ਸੋਧੋ]

ਸਾਲ ੨੦੦੫ ਵਿੱਚ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵਲੋਂ 'ਸਮਕਾਲੀ ਸਾਹਿਤਕ ਦਿ੍ਸ਼ ਵਿਸ਼ੇ ਉੱਤੇ ਦੋ ਰੋਜ਼ਾ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਦਾ ਮਕਸਦ ਸਮਕਾਲ ਵਿੱਚ ਰਚੇ ਜਾ ਰਹੇ ਪੰਜਾਬੀ ਸਾਹਿਤ ਦਾ ਸਰਵੇਖਣ ਅਤੇ ਮੁਲਾਂਕਣ ਕਰਨਾ ਸੀ।ਇਸ ਸੈਮੀਨਾਰ ਵਿੱਚ ਪੰਜਾਬੀ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਤੇ ਮਾਹਿਰਾਂ ਨੇ ਪੇਪਰ ਪੜ੍ਹੇ ਜਿੰਨਾ ਨੂੰ ਇਸ ਪੁਸਤਕ ਵਿੱਚ ਬੜੀ ਸੁਹਿਰਦਤਾ ਨਾਲ ਸੰਪਾਦਿਤ ਕੀਤਾ ਗਿਆ ਹੈ।

ਸਮਕਾਲੀ ਸਾਹਿਤਕ ਦ੍ਰਿਸ਼: ਪਛਾਣ ਦਾ ਸਵਾਲ[ਸੋਧੋ]

ਪੋ੍. ਰਵਿੰਦਰ ਭੱਠਲ ਲਿਖਦੇ ਹਨ ː ਸਮਕਾਲੀ ਦ੍ਰਿਸ਼ ਵਿੱਚ ਸਾਹਿਤ ਦੀਆਂ ਵਿਧਾਵਾਂਂ ਦੇ ਮੁਹਾਂਦਰੇ ਦੀ ਪਛਾਣ, ਸਮਕਾਲੀ ਸਮਾਜ ਵਿੱਚ ਉਸ ਦਾ ਯੋਗਦਾਨ, ਵਿਸ਼ਵੀ ਦਾਇਰੇ ਵਿੱਚ ਉਸਦੇ ਸਰੋਕਾਰ ਅਤੇ ਸਾਹਿਤ ਦੀ ਸੀਮਾ ਤੇ ਸੰਭਾਵਨਾ ਦੀ ਚਰਚਾ ਕੀਤੀ ਗਈ ਹੈ।

ਸਮਕਾਲੀ ਪੰਜਾਬੀ ਸਾਹਿਤ ː ਦ੍ਰਿਸ਼ ਅਤੇ ਦ੍ਰਿਸ਼ਟੀ[ਸੋਧੋ]

ਇਸ ਸੈਮੀਨਾਰ ਵਿੱਚ ਦਸ ਪੇਪਰ ਵੱਖ- ਵੱਖ ਵਿਦਵਾਨਾਂ ਵਲੋਂ ਪੜ੍ਹੇ ਗੲੇ। ਡਾ. ਸੁਰਜੀਤ ਸਿੰਘ ਨੇ ਇਹਨਾਂ ਪੇਪਰਾਂ ਦਾ ਸਾਰ ਤੱਤ ਆਪਣੀ ਭੂਮਿਕਾ ਵਿੱਚ ਲਿਖਿਆ ਹੈ।

ਪੰਜਾਬੀ ਸਾਹਿਤ: ਸਮਕਾਲੀ ਦਿ੍ਸ਼[ਸੋਧੋ]

ਡਾ. ਤੇਜਵੰਤ ਸਿੰਘ ਗਿੱਲ ਦੱਸਦੇ ਹਨ ਕਿ ਸਮਕਾਲੀ ਸਾਹਿਤਕ ਦਿ੍ਸ਼ ਨੇ ਵੀਹਵੀਂ ਸਦੀ ਦੇ ਅੰਤਲੇ ਦੋ ਤਿੰਨ ਸਾਲਾਂ ਤੋਂ ਆਪਣੀ ਪਹਿਚਾਣ ਬਣਾਉਣੀ ਸ਼ੁਰੂ ਕੀਤੀ। ਡਾ. ਗਿੱਲ ਅਨੁਸਾਰ ਆਤੰਕ ਤੋਂ ਪੈਦਾ ਹੋਣ ਵਾਲੀ ਹਿੰਸਾ ਤੇ ਤਲਖੀ ਦੇ ਰਾਜਸੀ, ਸਮਾਜੀ, ਸੱਭਿਆਚਾਰਕ, ਭਾਈਚਾਰਕ ਪੱਖ ਹੀ ਨਹੀਂ ਸਨ ਜਿਨ੍ਹਾਂ ਨੂੰ ਉਸ ਦੌਰ ਦੇ ਪੰਜਾਬੀ ਕਾਵਿ ਵਿੱਚ ਕੁੰਠਾਗ੍ਰਸਤ ਆਵਾਜ਼ ਪ੍ਰਾਪਤ ਹੋਈ। ਇਸ ਤੋਂ ਇਲਾਵਾ ਔਰਤ ਮਰਦ ਦੇ ਵਜੂਦ ਵਿੱਚ ਸਮਾ ਚੁੱਕੀ ਹਾਉਮੈ,ਹਾਉਮੈ ਤੇ ਪੈਦਾ ਹੋਣ ਵਾਲੀ ਟੱਕਰ ਕਾਮ ਤੇ ਦੇਹ ਦੇ ਮਸਲੇ ਵੀ ਨਾਰੀਵਾਦੀ ਕਾਵਿ ਦਾ ਰੂਪ ਧਾਰ ਕੇ ਸਾਹਮਣੇ ਆਏ। ਪਾਲ ਕੌਰ,ਮਨਜੀਤ ਟਿਵਾਣਾ ਤੇ ਮਨਜੀਤਪਾਲ ਦਿਆਂ ਲਿਖਤਾਂ ਨੂੰ ਇਸ ਦੌਰ ਵਿੱਚ ਸਹਿਜੇ ਹੀ ਪ੍ਰਵਾਨ ਕਰ ਲਿਆ ਗਿਆ। ਸਮਕਾਲੀ ਸਾਹਿਤਕ ਦਿ੍ਸ਼ ਜਿਸਨੇ ਉਪਰੋਕਤ ਘੁਟਣ ਦੇ ਜਮੂਦ ਨਾਲ ਭਰੇ ਦਿ੍ਸ਼ ਦੀ ਥਾਂ ਲੈ ਲਈ ਹੈ, ਪਿਛਲੇ 6-7 ਸਾਲਾਂ ਵਿੱਚ ਕਾਮਯਾਬ ਹੋਇਆ ਹੈ। ਇਹ ਉਹ ਇਤਿਹਾਸਕ ਪੜਾਅ ਸੀ ਜਿਸਤੋਂ ਪੰਜਾਬੀ ਸਾਹਿਤ ਦੇ ਸਮਕਾਲੀ ਦਿ੍ਸ਼ ਨੇ ਆਪਣੀ ਨਿਵੇਕਲੀ ਪਛਾਣ ਕਾਵਿ ਦੇ ਨਾਲ-ਨਾਲ, ਨਿੱਕੀ ਕਹਾਣੀ, ਨਾਵਲ ਤੇ ਨਾਟਕ ਰਾਹੀਂ ਕੀਤਾ। ਇਹਨਾਂ ਚਾਰੋ ਵਿਧਾਵਾਂ ਦਾ ਸਮਕਾਲੀ ਦਿ੍ਸ਼ ਦੇ ਨਿਰਮਾਣ ਖਾਤਰ ਪੰਜਾਬੀ ਮੁਹਾਜ਼ (ਪੰਜਾਬੀ,ਪਰਾ ਪੰਜਾਬੀ ਤੇ ਪਰਵਾਸੀ)ਸਾਹਿਤ ਸਿਰਜਣਾ ਦਾ ਕਰੱਤਵ ਜਨਜੀਵਨ ਨੂੰ ਢਾਹ ਲਗਾ ਰਹੇ ਬਹੁ - ਪਰਤੀ ਤੇ ਬਹੁ - ਦਿਸ਼ਾਵੀ ਵਿਸ਼ਾਦ ਦੀ ਬੇਪਰਦਗੀ ਕਰਨਾ ਹੈ।

ਸਮਕਾਲੀ ਪੰਜਾਬੀ ਕਾਵਿ-ਦਿ੍ਸ਼: ਸਥਿਤੀ, ਸੰਭਾਵਨਾ, ਤੇ ਵੰਗਾਰਾ[ਸੋਧੋ]

ਡਾ. ਜਸਵਿੰਦਰ ਸਿੰਘ ਆਪਣੇ ਇਸ ਪੇਪਰ ਵਿੱਚ ਦੱਸਦੇ ਹਨ ਕਿ ਤਾਰਕਿਕ, ਮਸ਼ੀਨੀ, ਤਕਨੀਕ ਅਤੇ ਅੰਨੀ ਆਰਥਿਕ ਦੌੜ ਦੀਆਂ ਤੇਜ਼ ਗਤੀਵਿਧੀਆਂ ਦੇ ਬਾਵਜੂਦ ਸਮਕਾਲੀ ਪੰਜਾਬੀ ਕਾਵਿ ਸਿਰਜਣਾ ਭਾਵ ਗਿਣਤੀ ਦੇ ਪੱਖੋਂ ਨਿਰੰਤਰ ਵਾਧੇ ਦਾ ਪ੍ਮਾਣ ਦੇ ਰਿਹਾ ਹੈ। ਸਮਕਾਲੀ ਦੌਰ ਦੇ ਵਿੱਚ ਅੰਦਾਜ਼ਨ 300 ਤੋਂ ਵੱਧ ਸ਼ਾਇਰ ਆਪਣੀ ਕਾਵਿ ਸਾਧਨਾ ਵਿੱਚ ਮਸ਼ਰੂਫ ਹਨ ਤੇ ਹਰ ਸਾਲ ਲਗਪਗ 80 ਦੇ ਕਰੀਬ ਕਾਵਿ-ਪੁਸਤਕਾਂ ਛਪਦੀਆਂ ਹਨ।1[1] ਕਹਿਣ ਤੋਂ ਭਾਵ ਹੈ ਕਿ ਪੰਜਾਬੀ ਸਾਹਿਤ ਵਿੱਚ ਭਰਪੂਰ ਮਾਤਰਾ ਵਿੱਚ ਕਾਵਿ ਸਿਰਜਣਾ ਹੋ ਰਹੀ ਹੈ। ਸਮਕਾਲੀ ਪੰਜਾਬੀ ਕਾਵਿ ਤੇ ਭਾਰੂ ਹਾਲਾਤਾਂ ਨੇ ਸਾਡੀ ਸਮਕਾਲੀ ਕਵਿਤਾ ਦਾ ਥੀਮ, ਪ੍ਰਸਤੁਤੀ, ਮੁਹਾਵਰੇ ਅਤੇ ਚਿੰਹਨ ਪ੍ਬੰਧ ਨੂੰ ਬਦਲ ਕੇ ਰੱਖ ਦਿੱਤਾ। ਪਰਾਲੌਕਿਕ ਸੰਸਾਰ ਤੋਂ ਲੌਕਿਕ ਸੰਸਾਰ ਵੱਲੋਂ ਮਨੁੱਖ ਅਤੇ ਮਨੁੱਖ ਵਜੋਂ ਵੀ ਨਿਜ ਵੱਲ ਤੇ ਨਿਜ ਤੋਂ ਵੀ ਦੇਹ ਵਲ ਦਾ ਦਿ੍ਸ਼ਟੀਮੂਲਕ ਸਫਰ ਅਜੋਕੇ ਦੌਰ ਦੀ ਪਛਾਣ ਬਣ ਰਿਹਾ ਹੈ।

ਆਖਰ ਤਾਂ ਮੈਂ ਅਗਨ ਸੀ ਪਾਣੀ ਅਤੇ ਪਵਨ ਸੀ,

ਕਿੰਨੀ ਕੁ ਦੇਰ ਰਹਿੰਦੀ ਜ਼ੰਜ਼ੀਰ ਪੈਰੀਂ ਮੇਰੇ।

- ਸੁਖਵਿੰਦਰ ਅੰਮਿ੍ਤ

ਸਮਕਾਲੀ ਪੰਜਾਬੀ ਸ਼ਾਇਰੀ ਵਿੱਚ ਲਗਪਗ ਚਾਰ ਪੀੜੀਆਂ ਇਕੋ ਵੇਲੇ ਕਾਵਿ ਸਾਧਨਾ ਵਿੱਚ ਸਰਗਰਮ ਹਨ। ਆਧੁਨਿਕ ਪੰਜਾਬੀ ਕਵਿਤਾ ਦਾ ਵਧੇਰੇ ਪ੍ਚਲਿਤ ਸਰੂਪ ਖੁੱਲੀ ਕਵਿਤਾ ਵਾਲਾ ਰਿਹਾ ਹੈ ਅਤੇ ਇਸ ਲਈ ਕਵਿਤਾ ਦੀ ਸਿਰਜਣਾ ਬਹੁਤੀ ਮਾਤਰਾ ਵਿੱਚ ਹੁੰਦੀ ਆ ਰਹੀ ਹੈ।ਸਮਕਾਲੀ ਪੰਜਾਬੀ ਸ਼ਾਇਰੀ ਵਿੱਚ ਅੰਮਿ੍ਤਾ ਪ੍ੀਤਮ, ਸੁਖਬੀਰ ਤੋਂ ਲੈ ਕੇ ਡਾ. ਜਗਤਾਰ, ਸੁਰਜੀਤ ਪਾਤਰ, ਪ੍ਮਿੰਦਰਜੀਤ, ਮੋਹਨਜੀਤ, ਰਵਿੰਦਰ ਭੱਠਲ, ਗੁਰਭਜਨ ਗਿੱਲ, ਰਵਿੰਦਰ ਰਵੀ, ਜਸਵੰਤ ਦੀਦ, ਵਨੀਤਾ, ਦਰਸ਼ਨ ਬੁੱਟਰ, ਅੰਬਰੀਸ਼, ਜਸਵੰਤ ਜ਼ਫਰ, ਅਮਰਜੀਤ ਕੌਂਕੇ, ਸੁਖਵਿੰਦਰ ਅੰਮਿ੍ਤ, ਸਵਰਨਜੀਤ ਸਵੀ, ਰਮਨ, ਪੋ੍. ਹਰਭਜਨ ਸਿੰਘ ਆਦਿ ਇਸ ਕਾਵਿ ਖੇਤਰ ਦੇ ਮਾਣਯੋਗ ਹਸਤਾਖਰ ਹਨ।

ਸਮਕਾਲੀ ਪੰਜਾਬੀ ਕਵਿਤਾ: ਰੂਪ ਪ੍ਰਕਾਰਜ ਵਿੱਚ ਆ ਰਹੇ ਬਦਲਾਅ[ਸੋਧੋ]

ਡਾ. ਯੋਗਰਾਜ ਅਨੁਸਾਰ ਨਵੀਂ ਕਵਿਤਾ ਦੀ ਟੈਕਸਟ ਹਰ ਤਰਾਂ ਦੇ ਨਿਸ਼ਚਤਾਵਾਦ ਅਤੇ ਮੈਥੇਮੈਟਿਕਲ, ਫਾਰਮੂਲਿਆਂ ਤੋਂ ਨਿਜਾਤ ਪ੍ਾਪਤ ਕਰਕੇ ਬਣ ਰਹੀਆਂ ਨਵੀਆਂ ਪਰਿਸਥਿਤੀਆਂ ਨਾਲ ਸੰਵਾਦ ਰਚਾ ਰਹੀ ਹੈ ਉਥੇ ਇਸ ਕਵਿਤਾ ਦੀ ਰਚਨਾ ਲਈ ਨਵੇਂ ਸੂਤਰਾਂ ਦੀ ਸੀਮਾਂ ਨਿਸ਼ਚਿਤ ਕਰਨ ਦੇ ਯਤਨ ਵੀ ਕੀਤੇ ਜਾ ਰਹੇ ਹਨ। ਇਸ ਨਵੀਂ ਪੰਜਾਬੀ ਕਵਿਤਾ ਬਾਰੇ ਇਸ ਪੱਖੋ ਸੁਚੇਤ ਰਹਿਣ ਦੀ ਜ਼ਰੂਰਤ ਹੈੇ। ਇਸੇ ਕਾਲ ਵਿੱਚ ਕੁਝ ਕੁ ਕਵੀਆਂ ਅਤੇ ਸਥਾਪਿਤ ਕੀਤੀ ਜਾ ਰਹੀ ਉੱਤਰ-ਆਧੁਨਿਕ ਕਵਿਤਾ ਨੂੰ ਭਾਰੂ ਟਰੈਂਡ ਦੇ ਤੌਰ ਤੇ ਨਵੀਂ ਕਵਿਤਾ ਨਾ ਸਮਝ ਲਿਆ ਜਾਵੇ। ਭਾਰੂ ਟਰੈਂਡ ਦੇ ਤੌਰ ਤੇ ਨਵੀਂ ਕਵਿਤਾ ਦੀ ਸੁਰ ਅੱਜ ਵੀ ਪ੍ਰਗਤੀਸ਼ੀਲ ਹੈ ਭਾਵੇਂ ਪਰੰਪਰਕ ਪ੍ਰਗਤੀਵਾਦ ਦੀਆਂ ਨਿਸ਼ਚਤ ਲਕੀਰੀ ਸੀਮਾਵਾਂ ਪ੍ਰਤੀ ਵੀ ਇਹ ਕਵਿਤਾ ਆਲੋਚਨਾਤਮਕ ਹੈ। ਇਸ ਪ੍ਰਕਾਰ ਸਮਕਾਲੀ ਪੰਜਾਬੀ ਕਵਿਤਾ ਉਸ ਨਿਸ਼ਚਤਾਵਾਦ ਤੋਂ ਇਨਕਾਰੀ ਹੈ ਜਿਹੜਾ ਸਿਰਜਣਾ ਲਈ ਨਿਸ਼ਚਤ ਸੂਤਰ ਤਿਆਰ ਕਰਦਾ ਹੈ। 90 ਤੋਂ ਬਾਅਦ ਚਿੰਤਕਾ ਅਤੇ ਸਾਹਿਤਕਾਰਾਂ ਸਾਹਮਣੇ ਨਵੇਂ ਚੈਲੰਜ ਪੇਸ਼ ਹੁੰਦੇ ਹਨ। ਇਸੇ ਸੰਦਰਭ ਵਿੱਚ ਪੰਜਾਬੀ ਕਵਿਤਾ ਦੀ ਟੈਕਸਟ ਵਿੱਚ ਕੁਝ ਮੂਲ ਪਰਿਵਰਤਨ ਵਾਪਰਦੇ ਹਨ। ਇਹਨਾਂ ਪਰਿਵਰਤਨਾਂ ਦੇ ਰੂਪ ਅਤੇ ਪ੍ਰਕਾਰਜ ਦੀ ਪਛਾਣ ਹੀ ਇਸ ਖੋਜ -ਪੱਤਰ ਦਾ ਮਕਸਦ ਹੈ। ਸੁਰਜੀਤ ਪਾਤਰ ਆਪਣੀ ਕਵਿਤਾ 'ਅੰਤਰ ਸੰਵਾਦ','ਮੈਂ ਛੁਹਣ ਲੱਗਾ ਤੈਨੂੰ ' ਰਾਹੀਂ ਕਾਮਨਾ ਅਤੇ ਮਰਿਆਦਾ ਦੇ ਜਿਸ ਦਵੰਦ ਨੂੰ ਪੇਸ਼ ਕਰਦਾ ਹੈ। ਉਸਦਾ ਸਬੰਧ ਉਸ ਸਮਾਜਕ /ਸੰਸਕਿ੍ਤਕ ਸੰਰਚਨਾ ਨਾਲ ਹੈ ਜਿਹੜੀ ਸਮਾਜਿਕ ਰਿਸ਼ਤਿਆਂ ਦੀ ਵਿਆਕਰਣ ਨੂੰ ਮੰਡੀ ਦੇ ਕਾਇਦੇ ਕਾਨੂੰਨਾਂ ਅਨੁਸਾਰ ਰੂਪਾਂਤਰਿਤ ਕਰ ਰਹੀ ਹੈ।

ਸਮਕਾਲੀ ਪੰਜਾਬੀ ਕਵਿਤਾ ਦੇ ਸੰਵਾਦ[ਸੋਧੋ]

ਡਾ. ਹਰਵਿੰਦਰ ਭੰਡਾਲ ਅਨੁਸਾਰ ਸਮਕਾਲੀ ਪੰਜਾਬੀ ਕਵਿਤਾ ਇੱਕ ਤਰ੍ਹਾਂ ਨਾਲ ਉੱਤਰ ਪੰਜਾਬ ਸੰਕਟ ਦੌਰ ਦੀ ਕਵਿਤਾ ਵੀ ਹੈ। ਪੰਜਾਬ ਸੰਕਟ ਤੋਂ ਬਾਅਦ ਸਮਕਾਲੀ ਪੰਜਾਬੀ ਕਵਿਤਾ ਵਿੱਚ ਪੂੰਜੀਵਾਦੀ ਰਿਸ਼ਤਿਆਂ ਦੇ ਬਿੰਬਾਂ ਪ੍ਰਤੀਬਿੰਬਾਂ ਦਾ ਤਿੱਖਾ ਵਿਸਫੋਟ ਹੁੰਦਾ ਹੈ। ਇਹ ਵਿਸਫੋਟ ਇਸ ਲਈ ਵੀ ਵਧੇਰੇ ਉੱਚੀ ਆਵਾਜ਼ ਵਿੱਚ ਹੁੰਦਾ - ਗੂੰਜਦਾ ਸੁਣ ਰਿਹਾ ਹੈ ਕਿਉਂਕਿ ਅਸੀਂ ਜਿਸ ਦੌਰ ਵਿੱਚ ਰਹਿ ਰਹੇ ਹਾਂ, ਉਹ ਉਤਰ- ਆਧੁਨਿਕਤਾਵਾਦ, ਪੂੰਜੀਵਾਦ ਦੇ ਇਸ ਨਵੇਂ ਸਰੂਪ ਨੂੰ ਸਭਿਆਚਾਰਕ ਤਰਕ ਪ੍ਰਦਾਨ ਕਰਦੀ ਵਿਚਾਰਧਾਰਾ ਬਣ ਕੇ ਸਮਕਾਲੀ ਪੰਜਾਬੀ ਸਾਹਿਤ ਤੇ ਵਿਸ਼ੇਸ਼ ਕਰ ਕਵਿਤਾ ਉੱਤੇ ਆਪਣਾ ਪ੍ਰਭਾਵ ਪਾਉਂਦੀ ਹੈ। ਸਮਕਾਲੀ ਪੰਜਾਬੀ ਕਵਿਤਾ ਕਿਸੇ ਸੰਗਠਿਤ ਲਹਿਰ ਨਾਲ ਸੰਬੰਧਿਤ ਨਹੀਂ ਹੁੰਦੀ। ਸਮਕਾਲੀ ਪੰਜਾਬੀ ਕਵਿਤਾ ਵਿੱਚ ਸਭ ਤੋਂ ਵੱਧ ਦੁਹਰਾਇਆ ਜਾਣ ਵਾਲਾ ਚਿਹਨ 'ਰੇਤ' ਹੈ। ਇਹ ਚਿਹਨ ਉਸ ਜੀਵਨ- ਯਥਾਰਥ ਨੂੰ ਚਿਹਨਤ ਕਰਨ ਵਾਲਾ ਹੈ ਜਿਸ ਬਾਰੇ ਕਵੀ ਪੰਜਾਬ ਸੰਕਟ ਤੋਂ ਬਾਅਦ ਸਭ ਤੋਂ ਵੱਧ ਸੰਵੇਦਨਸ਼ੀਲ ਹੋਇਆ ਹੈ। ਉਸ ਕਾਵਿ ਪਰੰਪਰਾ ਵਿੱਚ ਮਾਨਵ ਦੇ ਅਮਾਨਵੀ ਪਰਿਸਥਿਤੀ ਨਾਲ ਗੁੱਥਮ-ਗੁੱਥਾ ਹੋਣ ਦਾ ਜ਼ਿਕਰ ਤੇ ਫਿਕਰ ਹੈ। ਸਮਕਾਲੀ ਪੰਜਾਬੀ ਕਵਿਤਾ ਵਿੱਚ ਕੁਝ ਅਜਿਹੀ ਅਧਿਆਤਮਵਾਦੀ ਕਵਿਤਾ ਵੀ ਸ਼ਾਮਲ ਹੈ ਜੋ ਸਭਿਆਚਾਰਕ ਸੰਕਟ ਦੀ ਹੋਂਦ ਤੋਂ ਹੀ ਇਨਕਾਰ ਕਰਕੇ ਚਲਦੀ ਹੈ। ਸਮਕਾਲ ਸਮੇਂ ਮਾਰਕਸਵਾਦ ਦੀ ਸ਼ਬਦਾਵਲੀ ਵਿਚਲੀਆਂ ਜਮਾਤਾਂ ਦੇ ਨਾਲ ਨਾਲ ਲਿੰਗੀ, ਨਸਲੀ ਅਤੇ ਹੋਰ ਸਥਾਨਕ ਪਛਾਣਾਂ ਦੇ ਮਸਲਿਆਂ ਨੂੰ ਉਭਾਰਿਆ ਜਾ ਰਿਹਾ ਹੈ। ਪੂੰਜੀਵਾਦੀ ਮਹਾਂਬਿਰਤਾਂਤ ਦੇ ਖ਼ਾਤਮੇ ਦੇ ਬਾਵਜੂਦ ਮਾਨਵ ਦਾ ਬਰਾਬਰੀ ਅਤੇ ਅਜ਼ਾਦੀ ਦਾ ਸੁਪਨਾ ਅਜੇ ਤੱਕ ਸੰਪੂਰਨ ਨਹੀਂ ਹੋਇਆ। ਇਸ ਕਵਿਤਾ ਵਿੱਚ ਅਭਿਵਿਅਕਤ ਹੋ ਰਹੀ ਨਾਰੀ ਸੰਵੇਦਨਾ, ਨਾਰੀ ਹੋਂਦ ਦੇ ਉਹਨਾਂ ਪ੍ਰਸ਼ਨਾਂ ਨੂੰ ਸੰਬੋਧਿਤ ਹੁੰਦੀ ਹੈ ਜੋ ਇਸਦੇ ਪਿਤਰਕੀ ਸੱਤਾ ਦੀਆਂ ਸੰਰਚਨਾਵਾਂ ਨਾਲ ਸੰਵਾਦ ਵਿਚੋਂ ਉਪਜਦੇ ਹਨ। ਜਿਵੇਂ ਸੁਖਵਿੰਦਰ ਅੰਮਿ੍ਤ, ਭੁਪਿੰਦਰ ਕੌਰ, ਪਾਲ ਕੌਰ ਆਦਿ। ਸਮਕਾਲੀ ਪੰਜਾਬੀ ਕਵਿਤਾ ਦੇ ਪ੍ਰਸੰਗ ਵਿੱਚ ਮੁਕਤੀ ਦਾ ਦੂਸਰਾ ਪ੍ਰਵਚਨ ਦਲਿਤ-ਕਾਵਿ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ।

ਸਮਕਾਲੀ ਸਾਹਿਤਕ ਦਿ੍ਸ਼: ਸੰਕਟ ਤੇ ਸੰਭਾਵਨਾਵਾਂ[ਸੋਧੋ]

ਡਾ. ਸਤਿੰਦਰ ਸਿੰਘ ਨੂਰ ਇਸ ਵਿੱਚ ਦੱਸਦੇ ਹਨ ਕਿ ਨਵੀਂ ਪੀੜ੍ਹੀ ਜੇਕਰ ਸਾਹਿਤ ਵੱਲ ਆਪਣਾ ਰੁਝਾਨ ਘੱਟ ਕਰ ਰਹੀ ਹੈ ਤਾਂ ਇਸਦਾ ਇੱਕੋ ਇੱਕ ਕਾਰਨ ਮੀਡੀਆ ਨਹੀਂ ਹੈ। ਅਜਿਹੀ ਗੱਲ ਨਹੀਂ ਕਿ ਉਹ ਕਿਤਾਬਾਂ ਨਾ ਪੜ੍ਹਨੀਆਂ ਚਾਹੁੰਦੇ ਹੋਣ। ਉਦਾਹਰਣ ਦੇ ਤੌਰ ਤੇ 'ਹੈਰੀ ਪੋਟਰ' ਨੂੰ ਜੇਕਰ ਨਾਵਲ ਦੇ ਰੂਪ ਵਿੱਚ ਦੇਖਿਆ ਜਾਵੇ ਤਾਂ ਇਹ ਹਰ ਇੱਕ ਨੇ ਖ਼ਰੀਦਿਆ ਅਤੇ ਪੜ੍ਹਿਆ ਜਦਕਿ ਇਹ ਕੋਈ ਬਹੁਤਾ ਸਾਹਿਤਕ ਨਾਵਲ ਨਹੀਂ ਅਤੇ ਇਸਤੇ ਬਣੀ ਫ਼ਿਲਮ ਵੀ ਸਭ ਤੋਂ ਵੱਧ ਚਰਚਿਤ ਰਹੀ। ਇਹ ਇੱਕ ਕ੍ਰਾਈਸਿਜ਼ ਹੈ। ਇਸ ਕ੍ਰਾਈਸਿਜ਼ ਨਾਲ ਬਹੁਤ ਕੁਝ ਜੁੜਿਆ ਹੋਇਆ ਹੈ। ਇਹ ਦੇਖਿਆ ਜਾਵੇ ਕਿ ਸਾਹਿਤ ਦੇ ਰੂਪਾਂ/ ਵਿਧੀਆਂ ਵਿੱਚ ਕਿੰਨੀਆਂ ਕਿ ਤਬਦੀਲੀਆਂ ਲਿਆ ਰਹੇ ਹਾਂ। ਅੱਜ ਦਾ ਪਾਠਕ ਪੁਰਾਣੇ ਆਦਰਸ਼ਵਾਦੀ ਨਾਵਲ ਨਹੀਂ ਪੜ੍ਹਨਾ ਪਸੰਦ ਕਰਦਾ। ਜਿਵੇਂ ਜੇਕਰ ਕਵਿਤਾ ਦੀ ਗੱਲ ਕਰੀਏ ਤਾਂ ਅੱਜ ਕਵਿਤਾ ਦਾ ਦੌਰ ਘਟ ਚੁੱਕਿਆ ਹੈ। ਇੱਕ ਸਮਾਂ ਸੀ ਜਦੋਂ ਕਵਿਤਾ ਦਾ ਯੁਗ ਸੀ। ਪਰ ਅੱਜ ਦਾ ਯੁਗ ਨਾਵਲ ਦਾ ਯੁਗ ਹੈ। ਇਸਦਾ ਵੱਡਾ ਕਾਰਨ ਪੰਜਾਬੀ ਸਮਾਜ ਦੇ ਸਰੂਪ ਵਿੱਚ ਬਦਲਾਅ ਹੈ। ਅੱਜ ਬਹੁਤ ਕੁਝ ਵਿਸ਼ਾਲ ਹੋ ਗਿਆ। ਵਿਸਥਾਰ ਵੀ ਬਹੁਤ ਹੋਇਆ ਜਿਸ ਵਿੱਚ ਗਿਆਨ, ਚਿੰਤਨ, ਪਰਿਸਥਿਤੀਆਂ ਸ਼ਾਮਿਲ ਹਨ। ਨਾਵਲ ਪਹਿਲਾਂ ਵੀ ਲਿਖੇ ਜਾ ਰਹੇ ਸਨ ਪਰ ਅੱਜ ਇਹ ਵੱਖਰੀ ਸਪੇਸ ਨਾਲ ਸੰਬੰਧਿਤ ਹਨ। ਜਿਵੇਂ ਬਲਦੇਵ ਸਿੰਘ ਦਾ 'ਅੰਨਦਾਤਾ'। ਸਾਨੂੰ ਇਹ ਦੇਖਣ ਦੀ ਜ਼ਰੂਰਤ ਹੈ ਕਿ ਯਥਾਰਥ ਨੂੰ ਕਿਸ ਤਰ੍ਹਾਂ ਨਵੀਨਕਰਨ ਦੇ ਨਾਲ ਸੰਬੰਧਿਤ ਕਰ ਸਕਦੇ ਹਾਂ। ਸਾਹਿਤ ਜਾਂ ਵਿਸ਼ੇਸ਼ ਕਰ ਨਾਵਲ ਨੇ ਕਦੇ ਵੀ ਪ੍ਰਗਤੀਸ਼ੀਲ ਦਿ੍ਸ਼ਟੀ ਨਾਲੋਂ ਨਹੀਂ ਟੁੱਟਣਾ ਹੁੰਦਾ ਪਰ ਉਸ ਵਿੱਚ ਬਹੁਤ ਕੁਝ ਨਵੀਨੀਕਰਨ ਵਜੋਂ ਜੋੜਨ ਦੀ ਲੋੜ ਹੁੰਦੀ ਹੈ। ਸੋ ਸਾਨੂੰ ਇਹਨਾਂ ਸਮੱਸਿਆਵਾਂ ਨੂੰ ਸਮਝਣ ਤੇ ਹੱਲ ਕਰਨ ਦੀ ਲੋੜ ਹੈ।

ਪੰਜਾਬੀ ਕਹਾਣੀ ਦਾ ਸਮਕਾਲੀ ਦ੍ਰਿਸ਼: ਹਾਸ਼ੀਆਕ੍ਰਿਤਾਂ ਦਾ ਬਿਆਨ[ਸੋਧੋ]

ਡਾ.ਧਨਵੰਤ ਕੌਰ ਨੇ ਸਮਕਾਲੀ ਪੰਜਾਬੀ ਕਹਾਣੀ ਨੂੰ ਹਾਸ਼ੀਆਕ੍ਰਿਤਾਂ ਦੇ ਬਿਰਤਾਂਤ ਦੇ ਰੂਪ ਵਿੱਚ ਪਛਾਣਿਆ। ਉਨ੍ਹਾਂ ਅਨੁਸਾਰ ਅਜੋਕੀ ਕਹਾਣੀ ਵਿੱਚ ਔਰਤਾਂ, ਦਲਿਤਾਂ, ਪ੍ਰਵਾਸੀਆਂ ਅਤੇ ਸਿੱਖਾਂ ਦੀ ਸਥਿਤੀ ਹੋਣੀ ਨਾਲ ਜੁੜੇ ਹੋਏ ਸਰੋਕਾਰਾਂ ਦਾ ਬੋਲਬਾਲਾ ਹੈ। ਸੱਤਾ ਕੇਂਦਰਾਂ ਦਆਰਾ ਹਾਸ਼ੀਏ ਵੱਲ ਧੱਕੇ ਗਏ ਇਨ੍ਹਾਂ ਸਬਾਲਟਰਨ ਵਰਗਾਂ ਵਿੱਚ ਆਪਣੀ ਹੋਣੀ ਨੂੰ ਆਪ ਪਰਿਭਾਸ਼ਿਤ ਨਿਸ਼ਚਿਤ ਕਰਨ ਤੇ ਬਦਲਣ ਦੀ ਚੇਤਨਾ ਦੇ ਤਿੱਖੇ ਹੋਣ ਦਾ ਪ੍ਰਗਟਾਵਾ ਸਮਕਾਲੀ ਪੰਜਾਬੀ ਕਹਾਣੀ ਵਿੱਚ ਉਪਲਬਧ ਹੈ। ਡਾ. ਧਨਵੰਤ ਕੌਰ ਨੇ ਆਪਣੇ ਪੇਪਰ ਦਾ ਵਧੇਰੇ ਹਿੱਸਾ ਔਰਤ ਦੀ ਸਥਿਤੀ, ਉਸਦੇ ਸਰੋਕਾਰਾਂ ਅਤੇ ਔਰਤ ਮਰਦ ਸੰਬੰਧਾਂ ਬਾਰੇ ਲਿਖੀਆਂ ਕਹਾਣੀਆਂ ਦੀ ਚਰਚਾ ਨੂੰ ਸਮਰਪਿਤ ਕੀਤਾ ਹੈ ਅਤੇ ਇਨ੍ਹਾਂ ਕਹਾਣੀਆਂ ਨੂੰ ਔਰਤ ਦੇ ਮਾਣਯੋਗ ਅਸਤਿਤਵ ਦੀ ਸਥਾਪਤੀ ਦੇ ਮਾਨਵਵਾਦੀ ਨੁਕਤੇ ਤੋਂ ਨਿਖੇੜਨ ਦੀ ਕੋਸ਼ਿਸ਼ ਕੀਤੀ।

ਪੰਜਾਬੀ ਨਾਵਲ ਦਾ ਸਮਕਾਲੀ ਪਰਿਵੇਸ਼[ਸੋਧੋ]

ਡਾ. ਰਜਨੀਸ਼ ਬਹਾਦਰ ਸਿੰਘ ਨੇ ਸਮਕਾਲੀ ਪੰਜਾਬੀ ਨਾਵਲ ਦੇ ਰਚਨਾਤਮਿਕ ਦ੍ਰਿਸ਼ ਨੂੰ ਸਾਕਾਰ ਕਰਦਿਆਂ ਕਿਹਾ ਕਿ ਵਧੇਰੇ ਪੰਜਾਬੀ ਨਾਵਲ ਹਾਲੇ ਵੀ ਪ੍ਰਗਤੀਸ਼ੀਲਤਾ ਦੇ ਨੁਕਤੇ ਤੋਂ ਵਿਸ਼ਵੀਕਰਨ ਦੇ ਨਾਕਾਰਾਤਮਕ ਪ੍ਰਭਾਵਾਂ ਨੂੰ ਲੋਕ ਚੇਤਨਾ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਹੈ ਪਰ ਇਸ ਵਿੱਚ ਵਿਚਾਰਧਾਰਕ ਨਿਸ਼ਚੇਵਾਦ ਤੋਂ ਮੁਕਤ ਹੋਣ ਦੀ ਕੋਸ਼ਿਸ਼ ਵੀ ਸਪਸ਼ਟ ਰੂਪ ਵਿੱਚ ਦਿਸਦੀ ਹੈ। ਨਾਵਲ ਦੇ ਬਿਰਤਾਂਤਕ ਪਾਸਾਰ ਵਿੱਚ ਵਡੇਰੇ ਕਾਲ ਖੰਡ ਵਿੱਚ ਫੈਲੇ ਜੀਵਨ ਨੂੰ ਚਿਤਰਣ ਦੀ ਰੁਚੀ ਤੀਬਰ ਹੁੰਦੀ ਦਿਸਦੀ ਹੈ। ਪੰਜਾਬੀ ਨਾਵਲ ਵਿੱਚ ਖੋਜ ਮੂਲਕ ਦਸਤਾਵੇਜ਼ ਦੇ ਲੱਛਣ ਵੀ ਪ੍ਰਗਟ ਹੋ ਰਹੇ ਹਨ। ਜੀਵਨੀਆਤਮਕ ਨਾਵਲਾਂ ਦੇ ਉਭਾਰ, ਲੋਕ-ਤੰਤਰੀ ਵਿਵਸਥਾ ਦੇ ਵਿਭਿੰਨ ਅੰਗਾਂ - ਉਪਅੰਗਾਂ ਦੇ ਮਨੁੱਖ ਵਿਰੋਧੀ ਅਤੇ ਨਿੱਘਰੇ ਸਰੂਪ ਨੂੰ ਕਟਾਖਸ਼ੀ ਦੁਖਾਂਤ-ਸੁਖਾਂਤ ਵਿੱਚ ਢਾਲਣ ਵਾਲੇ ਬਿਰਤਾਂਤ ਦੀ ਸਿਰਜਣਾ, ਵਿਸ਼ਵੀਕਰਨ ਦੇ ਸਨਮੁਖ ਕਿਸਾਨੀ ਆਰਥਿਕਤਾ ਦੀ ਤਬਾਹੀ ਨੂੰ ਚਿਤਰਦੇ ਨਾਵਲ, ਆਦਿ ਕੁਝ ਅਜਿਹੀਆਂ ਪ੍ਰਵਿਰਤੀਆਂ ਹਨ ਜਿਹੜੀਆਂ ਸਮਕਾਲੀ ਪੰਜਾਬੀ ਨਾਵਲ ਦੇ ਰਚਨਾਤਮਿਕ ਦ੍ਰਿਸ਼ ਦਾ ਹਿੱਸਾ ਬਣਦੀਆਂ ਹਨ। ਇੰਝ ਪੰਜਾਬੀ ਨਾਵਲ ਆਪਣੀ ਪ੍ਰਗੀਤਕ ਸੰਖੇਪਤਾ ਤੋਂ ਮੁਕਤ ਹੋ ਕੇ ਵੱਡ ਆਕਾਰੀ ਅਤੇ ਮਹਾਂ-ਕਾਵਿਕ ਵਿਸਤਾਰ ਵਾਲੇ ਬਿਰਤਾਂਤ ਸਿਰਜਣ ਵੱਲ ਤੁਰਦਾ ਹੈ।

ਪੰਜਾਬੀ ਗਲਪ: ਵਿਧਾ ਸ਼ਾਸਤਰ ਤੇ ਵਿਹਾਰਕ ਅਧਿਐਨ ਦੇ ਮਸਲੇ[ਸੋਧੋ]

ਡਾ. ਜੋਗਿੰਦਰ ਸਿੰਘ ਰਾਹੀ ਨੇ ਕਿਸੇ ਵਿਧਾ ਦੇ ਸ਼ਾਸਤਰੀ ਪ੍ਰਤਿਮਾਨਾ ਨੂੰ ਵਿਹਾਰਕ ਅਧਿਐਨ ਉੱਪਰ ਇੰਨ ਬਿੰਨ ਲਾਗੂ ਕਰਨ ਦੀਆਂ ਸੀਮਾਵਾਂ ਵੱਲ ਧਿਆਨ ਦਿਵਾਇਆ। ਵਿਧਾਵਾਂ ਨੂੰ ਨਿਰੰਤਰ ਵਿਕਾਸ ਕਰਦੇ ਹੋਏ ਅਤੇ ਬਦਲਦੇ ਹੋਏ ਵਰਤਾਰੇ ਦੇ ਤੌਰ ਤੇ ਦੇਖਣਾ-ਗ੍ਰਹਿਣ ਕਰਨਾ ਚਾਹੀਦਾ ਹੈ। ਉਨ੍ਹਾਂ ਅਨੁਸਾਰ ਨਾਵਲ ਵਿਰੋਧੀ ਯਥਾਰਥ ਨਾਲ ਸੰਘਰਸ਼ ਕਰਨ ਵਾਲੇ ਉਸ ਵਿਅਕਤੀ ਦੀ ਹੋਣੀ ਦਾ ਬਿਰਤਾਂਤ ਹੈ ਜੋ ਕੁਝ ਤਾਂ ਆਪਣੀ ਚੇਤਨਾ ਦੀਆਂ ਸੀਮਾਵਾਂ ਕਾਰਨ ਅਤੇ ਕੁਝ ਵਿਰੋਧੀ ਯਥਾਰਥ ਦੀਆਂ ਸ਼ਕਤੀਆਂ ਨੂੰ ਪ੍ਰਾਪਤ ਹੁੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਨਾਵਲ ਵਿੱਚ ਨਾਇਕ ਦੀ ਹਾਰ ਦੇ ਬਾਵਜੂਦ ਇਹ ਸ਼ੁੱਧ ਦੁਖਾਂਤਕ ਵਿਧਾ ਨਹੀਂ ਹੈ ਕਿਉਂਕਿ ਇਸ ਵਿੱਚ ਨਾਇਕ ਦੀ ਹਾਰ ਦੇ ਸਮੁੱਚੇ ਸੰਦਰਭ ਨੂੰ ਸਾਕਾਰ ਕਰਦਿਆਂ ਉਨ੍ਹਾਂ ਸਥਿਤੀਆਂ ਦੀ ਸੋਝੀ ਵੀ ਹਾਸਲ ਹੁੰਦੀ ਹੈ ਜਿੰਨ੍ਹਾਂ ਕਾਰਣ ਕਿ ਨਾਇਕ ਦੁਖਾਂਤ ਨੂੰ ਪੁੱਜਦਾ ਹੈ। ਉਨ੍ਹਾਂ ਕਿਹਾ ਕਿ ਕਹਾਣੀ ਵੀ ਭਾਵੇਂ ਵਿਅਕਤੀ ਅਤੇ ਪਰਸਥਿਤੀਆਂ ਦੇ ਟਕਰਾਓ ਨੂੰ ਪੇਸ਼ ਕਰਦੀ ਹੈ ਪਰ ਇਸ ਵਿੱਚ ਇਹ ਟਕਰਾਓ ਕਾਲਿਕ ਵਕਫ਼ੇ ਜਾਂ ਵਿਸਤਾਰ ਵਿੱਚ ਨਹੀਂ ਫੈਲਦਾ।

ਸਮਕਾਲੀ ਪੰਜਾਬੀ ਨਾਟਕ ਅਤੇ ਰੰਗਮੰਚ: ਸਰੋਕਾਰ ਤੇ ਚੁਣੌਤੀਆਂ[ਸੋਧੋ]

ਡਾ. ਸਤੀਸ਼ ਕੁਮਾਰ ਵਰਮਾ ਨੇ ਆਪਣੇ ਪੇਪਰ ਵਿੱਚ ਸਮੁੱਚੇ ਪੰਜਾਬੀ ਨਾਟਕ ਅਤੇ ਰੰਗਮੰਚ ਦਾ ਜਾਇਜਾ ਲੈਦਿਆਂ ਸਮਕਾਲ ਵਿੱਚ ਇਸ ਨੂੰ ਪੇਸ਼ ਚੁਣੌਤੀਆਂ ਅਤੇ ਭਵਿੱਖਤ ਸਰੋਕਾਰਾਂ ਬਾਰੇ ਜਾਣ ਪਛਾਣ ਕਰਵਾਈ। ਉਨ੍ਹਾਂ ਦਾ ਮਤ ਹੈ ਕਿ ਪੰਜਾਬੀ ਨਾਟਕ ਦੀ ਸਿਰਜਣਾ ਅਤੇ ਰੰਗਮੰਚੀ ਸਰਗਰਮੀ ਦੀ ਘਾਟ ਦਾ ਜੋ ਬਿੰਬ ਸਥਾਪਿਤ ਹੈ ਉਹ ਨਿਆਂ ਉਚਿਤ ਨਹੀਂ ਕਿਉਂਕਿ ਔਖੇ ਤੋਂ ਔਖੇ ਸਮੇਂ ਵੀ ਰਿਹਾ ਸਾਰਥਕ ਭੂਮਿਕਾ ਨਿਭਾਉਂਦੇ ਰਹੇ ਹਨ। ਉਨ੍ਹਾਂ ਨਵੇਂ ਸੰਚਾਰ ਮਾਧਿਅਮਾਂ ਖ਼ਾਸ ਕਰਕੇ ਕੇਬਲ ਨੈਟਵਰਕ, ਸੈਟੇਲਾਈਟ ਚੈਨਲਾਂ ਅਤੇ ਸੁਨੇਹਾ ਦੇ ਵਿਸਤਾਰ ਦੇ ਸਨਮੁਖ ਰੰਗਮੰਚ ਅੱਗੇ ਪੇਸ਼ ਚੁਣੌਤੀਆਂ ਬਾਰੇ ਗੱਲ ਕਰਦਿਆਂ ਅਜਿਹੇ ਪ੍ਰਬੰਧ ਕਰਨ ਦੀ ਤਜਵੀਜ਼ ਪੇਸ਼ ਕੀਤੀ ਜਿਸ ਵਿੱਚ ਰੰਗਮੰਚ ਨੂੰ ਸਰਕਾਰੀ ਸਰਪ੍ਰਸਤੀ ਮਿਲ ਸਕੇ, ਰੰਗਮੰਚੀ ਪੇਸ਼ਕਾਰੀਆਂ ਦੇ ਕਲਾਤਮਕ ਪੱਧਰ ਨੂੰ ਉੱਚਾ ਚੁੱਕਣ ਲਈ ਨਵੀਆਂ ਜੁਗਤਾਂ ਦੀ ਵਰਤੋਂ ਹੋਵੇ ਅਤੇ ਪੰਜਾਬੀ ਵਿੱਚ ਕਸਬੀ ਰੰਗਮੰਚ ਦਾ ਵਿਸਤਾਰ ਹੋ ਸਕੇ।

ਸਮਕਾਲੀ ਪੰਜਾਬੀ ਕਹਾਣੀ ਦੀ ਰਚਨਾ ਦ੍ਰਿਸ਼ਟੀ- ਬਦਲਦੇ ਪ੍ਰਤੀਮਾਨ[ਸੋਧੋ]

ਡਾ. ਬਲਦੇਵ ਸਿੰਘ ਧਾਲੀਵਾਲ ਨੇ ਪੰਜਾਬੀ ਕਹਾਣੀ ਦੀ ਰਚਨਾ ਦ੍ਰਿਸ਼ਟੀ ਦੇ ਬਦਲਦੇ ਪ੍ਰਤਿਮਾਨਾਂ ਨੂੰ ਪਛਾਣਿਆ। ਉਨ੍ਹਾਂ ਅਨੁਸਾਰ ਸਮਕਾਲੀ ਦੌਰ ਮੱਧ ਵਰਗ ਦੇ ਉਭਾਰ ਦਾ ਦੌਰ ਹੈ ਸੋ ਸਮਕਾਲੀ ਪੰਜਾਬੀ ਕਹਾਣੀ ਵਿੱਚ ਮੱਧ ਵਰਗੀ ਦ੍ਰਿਸ਼ਟੀ ਅਤੇ ਸਰੋਕਾਰ ਵਧੇਰੇ ਪ੍ਰਬਲ ਰੂਪ ਵਿੱਚ ਕਾਰਜਸ਼ੀਲ ਹੁੰਦੇ ਨਜ਼ਰ ਆਉਂਦੇ ਹਨ। ਉਨ੍ਹਾਂ ਅਨੁਸਾਰ ਸਮਕਾਲੀ ਪੰਜਾਬੀ ਕਹਾਣੀਕਾਰਾਂ ਦੀ ਮੱਧ ਵਰਗੀ ਰਚਨਾ ਦ੍ਰਿਸ਼ਟੀ ਨੇ ਸਮਾਜਵਾਦ ਦੇ ਸੰਕਲਪ ਤੋਂ ਪਾਸਾ ਵੱਟ ਕੇ ਉਦਾਰਵਾਦੀ ਲੋਕ-ਤੰਤਰ ਵੱਲ ਮੂੰਹ ਕਰ ਲਿਆ ਹੈ। ਇਸੇ ਪਿਛੋਕੜ ਵਿੱਚ ਵਿਰਾਸਤ ਦੀਆਂ ਦਮਨਕਾਰੀ ਸੰਸਕ੍ਰਿਤਕ ਮਰਿਯਾਦਾਵਾਂ ਨੂੰ ਵਿਅਕਤੀ ਦੀ ਬਹੁ-ਵਿਧ ਸੁਤੰਤਰਤਾ ਦੇ ਨੁਕਤੇ ਤੋਂ ਵਿਸਥਾਪਿਤ ਕਰਨ ਦੀ ਬਿਰਤੀ ਕਹਾਣੀਕਾਰਾਂ ਵਿੱਚ ਪ੍ਰਬਲ ਹੋਈ ਹੈ। ਉਨ੍ਹਾ ਮੁਤਾਿਬਕ ਸਮਕਾਲੀ ਪੰਜਾਬੀ ਕਹਾਣੀ ਦੀ ਬਿਰਤਾਂਤਕ ਸੰਰਚਨਾ ਦਾ ਸਭ ਤੋਂ ਉਭਰਵਾਂ ਪੱਖ ਸਵੈ ਮੰਥਨ ਵਿੱਚ ਪਏ ਬਿਰਤਾਂਤਕਾਰ ਦੀ ਮੌਜੂਦਗੀ ਹੈ ਜਿਸ ਦੇ ਨਤੀਜੇ ਵਜੋਂ ਹਰੇਕ ਸਮੱਸਿਆ ਪ੍ਰਤੀ ਵਸਤੂਮੁਖੀ ਪਹੁੰਚ ਰੱਖਣ ਲਈ ਆਧਾਰ ਬਣ ਜਾਂਦਾ ਹੈ।

ਸਮਕਾਲੀ ਪੰਜਾਬੀ ਵਾਰਤਕ: ਇੱਕ ਸਾਹਿਤਕ ਦ੍ਰਿਸ਼[ਸੋਧੋ]

ਡਾ. ਜਗਦੀਸ਼ ਕੌਰ ਨੇ ਸਮਕਾਲੀ ਪੰਜਾਬੀ ਵਾਰਤਕ ਦੀਆਂ ਵੰਨਗੀਆਂ ਨਾਲ ਜਾਣ ਪਛਾਣ ਕਰਵਾਈ ਉਨ੍ਹਾਂ ਵਿੱਚ ਜੀਵਨੀ, ਸ੍ਵੈਜੀਵਨੀ, ਲਲਿਤ ਨਿਬੰਧ, ਲੇਖ, ਸਫ਼ਰਨਾਮਾ, ਰੇਖਾ ਚਿੱਤਰ, ਸੰਸਮਰਣ, ਡਾਇਰੀ, ਮੁਲਾਕਾਤਾਂ ਅਤੇ ਮਿਡਲ ਆਦਿ ਪ੍ਰਮੁੱਖ ਹਨ। ਉਨ੍ਹਾਂ ਅਨੁਸਾਰ ਸਮਕਾਲ ਦਾ ਬਦਲਿਆ ਸੰਸਾਰ ਜਿੰਨੀਆਂ ਗੰਭੀਰ ਵੰਗਾਰਾਂ ਅਤੇ ਸੰਕਟ ਲੈ ਕੇ ਹਾਜ਼ਰ ਹੋਇਆ ਹੈ, ਸਾਹਿਤਕ ਖੇਤਰ ਵਿੱਚ ਇਨ੍ਹਾਂ ਦੇ ਸਨਮੁਖ ਰਣਨੀਤੀ ਤਿਆਰ ਕਰਨ ਵਿੱਚ ਮਦਦਗਾਰ ਹੁੰਦੀਆਂ ਵਾਰਤਕ ਰਚਨਾਵਾਂ ਕੋਈ ਬਹੁਤ ਜਿਆਦਾ ਮਾਤਰਾ ਵਿੱਚ ਉਪਲਬਧ ਨਹੀਂ ਹਨ। ਜੀਵਨਆਂ ਵੀ ਵਧੇਰੇ ਅਕਾਦਮਿਕ ਲੋੜਾਂ ਦੀ ਪੂਰਤੀ ਹਿੱਤ ਲਿਖਵਾਈਆਂ ਜਾ ਰਹੀਆਂ ਹਨ। ਿੲੰਝ ਹੀ ਸਾਹਿਤਕ ਸ੍ਵੈਜੀਵਨੀ ਦੀ ਨਵੀਂ ਵਿਧਾ ਉਭਰ ਕੇ ਸਾਹਮਣੇ ਆਈ ਹੈ ਜੋ ਸਾਹਿਤਕ ਅਦਾਰਿਆਂ ਦੀ ਮੰਗ ਤੇ ਲਿਖੀ ਜਾਂਦੀ ਹੈ। ਪੰਜਾਬੀ ਸਾਹਿਤਕਾਰਾਂ ਲਈ ਸੰਸਾਰ ਭ੍ਰਮਣ ਦੇ ਪੈਦਾ ਹੋਏ ਮੌਕਿਆਂ ਸਦਕਾ ਸਫ਼ਰਨਾਮਾ ਿੲੱਕ ਉਭਰਵੀਂ ਵਿਧਾ ਵਜੋਂ ਸਾਹਮਣੇ ਆਇਆ ਹੈ।

ਸਮਕਾਲੀ ਨਾਟਕ: ਕੁਝ ਪ੍ਰਭਾਵ[ਸੋਧੋ]

ਡਾ. ਤੇਜਵੰਤ ਗਿੱਲ ਨੇ ਕਿਹਾ ਕਿ ਵਿਧਾਵਾਂ ਦਾ ਉਭਾਰ ਜਾਂ ਨਿਘਾਰ ਦਾ ਸੰਬੰਧ ਸਿਰਫ ਵਿਧਾਵਾਂ ਦੀਆਂ ਅੰਦਰਲੀਆਂ ਸੰਭਾਵਨਾਵਾਂ ਅਤੇ ਸੀਮਾਵਾਂ ਨਾਲ ਹੀ ਨਹੀਂ ਹੁੰਦਾ ਸਗੋਂ ਸਮੇਂ ਦੀਪਾਂ ਸਮਾਜਿਕ-ਇਤਿਹਾਸਕ ਅਤੇ ਰਾਜਸੀ-ਆਰਥਿਕ ਪਰਸਥਿਤੀਆਂ ਨਾਲ ਵੀ ਹੁੰਦਾ ਹੈ ਜਿਸ ਵਿੱਚ ਰਿਹਾ ਉਭਰਦੀਆਂ ਜਾਂ ਨਿਘਰਦੀਆਂ ਹਨ। ਸਮਕਾਲ ਤੱਕ ਪਹੁੰਚਦਿਆਂ ਪੰਜਾਬੀ ਵਿੱਚ ਕਵਿਤਾ ਤੇ ਕਹਾਣੀ ਦੀਆਂ ਵਿਧਾਵਾਂ ਤਾਂ ਪ੍ਰਫੁੱਲਿਤ ਹੋਈਆਂ ਹਨ ਪਰ ਨਾਟਕ ਤੇ ਵਾਰਤਕ ਵਿੱਚ ਨਿਘਾਰ ਵਾਪਰਦਾ ਹੈ। ਉਨ੍ਹਾਂ ਨਾਟਕ ਦੀ ਅਜੋਕੀ ਸਥਿਤੀ ਅਤੇ ਵਿਸ਼ੇਸ਼ਕਰ ਸਿੱਖ ਇਤਿਹਾਸ ਨੂੰ ਰੰਗਮੰਚ ਉੱਤੇ ਪੇਸ਼ ਕਰਨ ਸੰਬੰਧੀ ਲੱਗੀਆਂ ਪਾਬੰਦੀਆਂ ਕਾਰਨ ਪੰਜਾਬੀ ਨਾਟਕ ਅਤੇ ਰੰਗਮੰਚ ਦੇ ਆਪਣੀ ਵਿਰਾਸਤ ਤੋਂ ਵਿਰਵੇ ਰਹਿਣ ਦੀ ਸਥਿਤੀ ਬਾਰੇ ਬੋਲਦਿਆਂ ੳਨ੍ਹਾਂ ਕਿਹਾ ਕਿ ਇਸਦਾ ਕਾਰਣ ਕੇਵਲ ਬਾਹਰੋਂ ਆਇਦ ਰੋਕਾਂ ਹੀ ਨਹੀਂ ਹਨ ਸਗੋਂ ਕੁਝ ਰੋਕਾਂ ਅਸੀਂ ਆਪਣੇ ਮਨ ਵਿੱਚੋਂ ਵੀ ਲਾ ਲਈਆਂ ਹਨ। ਇੰਨ੍ਹਾਂ ਰੋਕਾਂ ਤੋਂ ਪਾਰ ਜਾਣ ਲਈ ਕੁਝ ਪ੍ਰਾਪਤ ਜੁਗਤਾਂ ਨੂੰ ਵਰਤਣ ਤੇ ਕੁਝ ਨਵੀਆਂ ਜੁਗਤਾਂ ਦੀ ਤਲਾਸ਼ ਦੀ ਜ਼ਰੂਰਤ ਹੈ। ਸੰਚਾਰ ਦੇ ਨਵੇਂ ਵਿਕਸਿਤ ਹੋ ਰਹੇ ਸਾਧਨਾਂ ਦੇ ਸਨਮੁਖ ਪੰਜਾਬੀ ਨਾਟਕ ਤੇ ਰੰਗਮੰਚ ਨੂੰ ਪੇਸ਼ ਚੁਣੌਤੀਆਂ ਦੇ ਸੰਦਰਭ ਵਿੱਚ ੳਨ੍ਹਾਂ ਕਿਹਾ ਕਿ ਇਹਨਾਂ ਸਾਧਨਾਂ ਤੋਂ ਪ੍ਰੇਰਨਾ ਲੈ ਕੇ ਇਨ੍ਹਾਂ ਦੀਆਂ ਸਮਰੱਥਾਵਾਂ ਨੂੰ ਨਿਵੇਕਲੇ ਸੁਹਜਾਤਮਕ ਤੇ ਰਚਨਾਤਮਕ ਸੰਗਠਨ ਵਿੱਚ ਸੰਯੋਜਿਤ ਕਰਨ ਵੱਲ ਤੁਰਨਾ ਚਾਹੀਦਾ ਹੈ।

ਹਵਾਲੇ[ਸੋਧੋ]

  1. ਪੰਜਾਬੀ ਸਾਹਿਤ: ਸਮਕਾਲੀ ਦਿ੍ਸ਼. ਪੰਜਾਬੀ ਸਾਹਿਤ ਅਕਾਦਮੀ, ਪੰਜਾਬੀ ਭਵਨ, ਲੁਧਿਆਣਾ. 2005.