ਪੰਜਾਬੀ ਸਾਹਿਤ ਦਾ ਲੋਕਧਾਰਾਈ ਪਿਛੋਕੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੰਜਾਬੀ ਸਾਹਿਤ ਦਾ ਲੋਕਧਾਰਾਈ ਪਿਛੋਕੜ
ਲੇਖਕਡਾ. ਜੋਗਿੰਦਰ ਸਿੰਘ ਕੈਰੋਂ
ਪ੍ਰਕਾਸ਼ਨ2006
ਪ੍ਰਕਾਸ਼ਕਪੰਜਾਬੀ ਅਕਾਦਮੀ ਦਿੱਲੀ,ਡੀ ਡੀ ਏ ਕਮਿਊਨਿਟੀ ਸੈਂਟਰ, ਮੋਤੀਆ ਖਾਸ,ਪਹਾੜ ਗੰਜ ਨਵੀਂ ਦਿੱਲੀ-55 printer = ਬੀ ਕੇ ਆਫ ਸੈੱਟ ਐਫ-93 ਨਵੀਨ ਸ਼ਾਹਦਾਰਾ ਦਿੱਲੀ

ਜਾਣ-ਪਛਾਣ

ਇੱਕ ਸਮਾਂ ਸੀ ਜਦੋਂ ਸਾਹਿਤ,ਦਰਸ਼ਨ,ਵਿਗਿਆਨ ਆਦਿ ਜੋ ਅੱਜ ਸੁਤੰਤਰ ਅਨੁਸ਼ਾਸਨ ਹਨ ਲੋਕ-ਮਨ ਦੀਆਂ ਅਨੁਭੂਤੀਆਂ ਦੀ ਉਸ ਸੰਰਚਨਾ ਦਾ ਅੰਗ ਸਨ ਜਿਸ ਨੂੰ ਅੱਜ ਲੋਕਧਾਰਾ ਆਖਿਆ ਜਾਂਦਾ ਹੈ।ਫਿਰ ਮਨੁੱਖੀ ਵਿਕਾਸ ਦਾ ਉਹ ਸਮਾਂ ਆਇਆ ਜਦੋਂ ਚਿੰਤਨ ਦੀਆਂ ਇਹ ਸ਼ਾਖ਼ਾਵਾਂ ਆਪਣਾ ਵੱਖਰਾ ਰੂਪ ਧਾਰਨ ਕਰ ਗਈਆਂ।ਪਰ ਇਸ ਦੇ ਬਾਵਜੂਦ ਅੱਜ ਤਕ ਦੀਆਂ ਸਾਹਿਤਿਕ ਤੇ ਕਲਾਤਮਕ ਪ੍ਰਾਪਤੀਆਂ ਦੇ ਪਿਛੋਕੜ ਵਿੱਚ ਉਹ ਲੋਕਧਾਰਾਈ ਰੂੜ੍ਹੀਆਂ ਹੀ ਨਹੀਂ ਸਗੋਂ ਰੂਪ-ਸਰੂਪ ਵੀ ਕਾਰਜਸ਼ੀਲ ਰਹੇ ਹਨ।ਬੇਸ਼ਕ ਮੱਧਕਾਲੀਨ ਸਾਹਿਤ ਉਤੇ ਇਹ ਗੱਲ ਬਹੁਤ ਜ਼ਿਆਦਾ ਢੁਕਦੀ ਹੈ ਪਰ ਤਾਂ ਵੀ ਸਮੁੱਚਾ ਸਾਹਿਤ ਮਾਨਵੀ ਮਨ ਦਾ ਅਨੁਭਵ ਤੇ ਅਨੁਭੂਤੀ ਹੋਣ ਕਾਰਨ ਸਦਾ ਹੀ ਲੋਕਧਾਰਾਈ ਰੂੜ੍ਹੀਆਂ ਦੀ ਟੇਕ ਲੈਂਦਾ ਰਿਹਾ ਹੈ।ਆਧੁਨਿਕ ਸਾਹਿਤ ਦੇ ਪਿਛੋਕੜ ਵਿੱਚ ਵੀ ਲੋਕਧਾਰਾ ਦਾ ਸਾਰਾ ਪਰਪੰਚ ਕਾਰਜਸ਼ੀਲ ਵੇਖਿਆ ਜਾ ਸਕਦਾ ਹੈ।ਪਰ ਹੁਣ ਤਕ ਜਿੰਨੇ ਵੀ ਪੰਜਾਬੀ ਸਾਹਿਤ ਦੇ ਇਤਿਹਾਸ ਲਿਖੇ ਗਏ ਹਨ,ਉਹਨਾਂ ਵਿੱਚ ਵਧੇਰੇ ਕਰਕੇ ਲੋਕਧਾਰਾ ਅਤੇ ਲੋਕ ਸਾਹਿਤ ਰੂੜ੍ਹੀਆਂ ਤੇ ਰੂਪਾਂ ਦੀ ਪਛਾਣ ਕਰਨਾ ਅੱਖੋਂ ਪਰੋਖੇ ਹੀ ਕੀਤਾ ਜਾਂਦਾ ਰਿਹਾ ਹੈ।ਇਸ ਦਾ ਸਭ ਤੋਂ ਵੱਡਾ ਕਾਰਨ ਸ਼ਾਇਦ ਲੋਕਧਾਰਾ ਦੇ ਵਿਸ਼ੇ ਦਾ ਪਛੜ ਕੇ ਅਧਿਐਨ ਦੇ ਖੇਤਰ ਵਿੱਚ ਆਉਣਾ ਹੈ।ਲੋਕਧਾਰਾ ਦੇ ਅਧਿਐਨ ਦੀ ਚੇਤਨਾ ਪੱਛਮ ਵਿੱਚ ਤਾਂ ਭਾਵੇਂ ਕਾਫ਼ੀ ਸਮਾਂ ਪਹਿਲਾਂ ਆ ਚੁੱਕੀ ਸੀ ਅਤੇ ਭਾਰਤ ਅਤੇ ਪੰਜਾਬ ਵਿੱਚ ਲੋਕਧਾਰਾ ਦੀ ਸਮੱਗਰੀ ਦੇ ਇਕਤਰੀਕਰਣ ਵੱਲ ਵੀ ਵਿਦਵਾਨਾਂ ਦਾ ਧਿਆਨ ਕਾਫ਼ੀ ਸਮਾਂ ਪਹਿਲਾਂ ਹੋ ਗਿਆ ਸੀ,ਪਰੰਤੂ ਲੋਕਧਾਰਾ ਦੀ ਸਮਾਜਿਕ ਅਤੇ ਸੱਭਿਆਚਾਰਕ ਮਹੱਤਤਾ ਦੀ ਵਿਦਵਾਨਾਂ ਨੂੰ ਕਾਫ਼ੀ ਦੇਰ ਬਾਅਦ ਸਮਝ ਲੱਗੀ।

ਲੋਕਧਾਰਾ:ਨਿਰੰਤਰ ਸਜੀਵ ਪ੍ਰਕ੍ਰਿਆ

ਸੱਭਿਆਚਾਰ ਦੀ ਲੋਕਧਾਰਾ ਉਸ ਸੱਭਿਆਚਾਰ ਦੇ ਆਰ-ਪਾਰ ਫੈਲਿਆ ਐਸਾ ਅਨੁਸ਼ਾਸਨ ਹੈ ਜਿਸ ਤੋਂ ਸੰਬੰਧਿਤ ਸੱਭਿਆਚਾਰ ਨਾਲ ਜੁੜੇ ਵਿਅਕਤੀ ਜੀਵਨ ਲਈ ਸੇਧ ਵੀ ਲੈਂਦੇ ਹਨ ਅਤੇ ਨਾਲ ਦੀ ਨਾਲ ਸਮੇਂ ਦੀ ਲੋੜ ਮੁਤਾਬਕ ਲੋਕਧਾਰਾ ਦੀ ਸਿਰਜਣਾ ਵੀ ਕਰਦੇ ਰਹਿੰਦੇ ਹਨ।ਇੰਜ ਲੋਕਧਾਰਾ ਜਿਥੇ ਇੱਕ ਸਥਿਰ ਸਮੱਗਰੀ ਹੈ ਉਥੇ ਇੱਕ ਜੀਵੰਤ ਪ੍ਰਕ੍ਰਿਆ ਵੀ ਬਣ ਜਾਂਦੀ ਹੈ,ਜਿਸ ਤੋਂ ਕੋਈ ਸੱਭਿਆਚਾਰਕ ਸਮੂਹ ਜੀਵਨ ਲਈ ਸੇਧ ਦੀ ਸਿੱਖਿਆ ਵੀ ਪ੍ਰਾਪਤ ਕਰਦਾ ਹੈ ਅਤੇ ਮਨੋਰੰਜਨ ਵੀ।ਇਸੇ ਲਈ ਇਹ ਕਾਰਜ ਦੁਵੱਲੀ ਭੂਮਿਕਾ ਨਿਭਾਉਂਦਾ ਹੋਇਆ ਜਿਥੇ ਸੱਭਿਆਚਾਰ ਦੀ ਅਗਵਾਈ ਕਰਦਾ ਹੈ ਉਥੇ ਕਈ ਵਾਰ ਸੱਭਿਆਚਾਰਕ ਸਮੂਹ ਉਹਨਾਂ ਰੂਪਾਂ ਅਤੇ ਵੰਨਗੀਆਂ ਨੂੰ ਆਪਣੀ ਲੋਕਧਾਰਾ ਵਿਚੋਂ ਖਾਰਜ ਕਰਦੇ ਰਹਿੰਦੇ ਹਨ ਜਿਹੜੇ ਉਹਨਾਂ ਦੀ ਜੀਵਨ-ਜਾਂਚ,ਵਿਹਾਰ,ਮਨੋਭਾਵ ਅਤੇ ਹੋਂਦ ਲਈ ਅਨੁਕੂਲ ਨਹੀਂ ਰਹਿ ਜਾਂਦੇ।
ਸੱਭਿਆਚਾਰ ਆਪਣੇ ਇਤਿਹਾਸਕ ਕਾਲ-ਕ੍ਰਮ ਵਿੱਚ ਬਹੁਤ ਸਾਰੀਆਂ ਪ੍ਰਸਥਿਤੀਆਂ ਵਿਚੋਂ ਲੰਘਦਾ ਹੋਇਆ ਮਨੁੱਖੀ ਮਾਨਸਿਕ ਵਿਕਾਸ ਅਤੇ ਮਨੁੱਖੀ ਹੋਂਦ ਦੇ ਸੰਘਰਸ਼ਾਂ ਦੀ ਪ੍ਰਕ੍ਰਿਆ ਨਾਲ ਪ੍ਰਭਾਵਿਤ ਹੁੰਦਾ,ਨਾਲ-ਨਾਲ ਬਦਲਦਾ ਅਤੇ ਬਹੁਤ ਸਾਰੀ ਸਮੱਗਰੀ ਨੂੰ ਆਪਣੇ ਅੰਦਰ ਸ਼ਾਮਿਲ ਕਰਦਾ ਅਤੇ ਬਹੁਤ ਕੁਝ ਨੂੰ ਵਹਾ ਕੇ ਆਪਣੇ ਕੰਢਿਆਂ ਉੱਪਰ ਛੱਡਦਾ ਰਹਿੰਦਾ ਹੈ।ਸਿਰਜਣਹਾਰ ਲੋਕਧਾਰਾ ਦੀ ਸਮੱਗਰੀ ਨੂੰ ਪਹਿਲਾਂ ਕਿਵੇਂ ਇਸਤੇਮਾਲ ਕਰਦੇ ਸਨ ਅਤੇ ਇਤਿਹਾਸਕ ਵਿਕਾਸ ਦੇ ਨਾਲ ਨਾਲ ਜਿਵੇਂ-ਜਿਵੇਂ ਮਨੁੱਖ ਨੂੰ ਬਾਹਰੀ ਸੰਸਾਰ ਦੀ ਸੋਝੀ ਹੁੰਦੀ ਗਈ,ਕਿਵੇਂ ਲੋਕਧਾਰਾ ਦੀ ਉਸੇ ਹੀ ਸਮੱਗਰੀ ਨੂੰ ਨਵੇਂ-ਨਵੇਂ ਅਰਥਾਂ ਵਿੱਚ ਵਰਤ ਕੇ ਆਪਣੇ ਆਪਣੇ ਵਿਚਾਰਾਂ ਤੇ ਅਨੁਭਵਾਂ ਦੇ ਪ੍ਰਗਟਾਂ ਲਈ ਵਰਤ ਰਹੇ ਹਨ। ਸੱਭਿਆਚਾਰ ਦੀ ਭਾਸ਼ਾ ਵਾਂਗ ਇੱਕ ਗਰਾਮਰ ਹੁੰਦੀ ਹੈ,ਤਰਕ ਅਤੇ ਨਿਯਮ ਹੁੰਦੇ ਹਨ,ਸੱਭਿਆਚਾਰ ਦਾ ਇਤਿਹਾਸ ਅਤੇ ਸੱਭਿਆਚਾਰ ਦੀ ਵਿਅਕਤੀਗਤ ਸਿਰਜਣਾ ਸਾਹਿਤ ਅਤੇ ਸਮੂਹਿਕ ਸਿਰਜਣਾ ਲੋਕ-ਸਾਹਿਤ,ਉਸ ਦੀਆਂ ਕਲਾਤਮਕ ਜੁਗਤਾਂ ਅਤੇ ਪਰੰਪਰਾ,ਸੱਭਿਆਚਾਰ ਨਾਲ ਸੰਬੰਧਿਤ ਲੋਕਾਂ ਦੀ ਸਾਂਝੀ ਅਤੇ ਨਿੱਜੀ ਸੋਚ ਉਪਰ ਹੀ ਆਧਾਰਿਤ ਹੁੰਦੀਆਂ ਹਨ।ਇਸ ਵਿੱਚ ਕਲਪਨਾ ਦਾ ਬੜਾ ਵੱਡਾ ਹੱਥ ਹੁੰਦਾ ਹੈ।ਜਿਵੇਂ ਲੋਕ ਬਹੁਤ ਸਾਰੇ ਇਤਿਹਾਸਕ ਨਾਇਕਾਂ ਦੇ ਜੀਵਨ ਦੀਆਂ ਘਟਨਾਵਾਂ ਵਿੱਚ ਮਿਥਿਹਾਸਕ ਅਤੇ ਕਾਲਪਨਿਕ ਘਟਨਾਵਾਂ ਨੂੰ ਭਰਨ ਦਾ ਯਤਨ ਕਰਦੇ ਰਹਿੰਦੇ ਹਨ ਕਿਉਂਕਿ ਇਹਨਾਂ ਨਾਇਕਾਂ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਇਆਂ ਹੁੰਦੀਆਂ ਹਨ।ਬਹੁਤ ਸਾਰੀਆਂ ਲੋਕ ਰੂੜ੍ਹੀਆਂ ਨੂੰ ਇਤਿਹਾਸਕ ਨਾਇਕਾਂ ਨਾਲ ਜੋੜ ਕੇ ਉਹਨਾਂ ਨੂੰ ਵਡਿਆਇਆ ਜਾਂਦਾ ਹੈ ਅਤੇ ਕਈ ਵਾਰ ਤਾਂ ਉਹਨਾਂ ਨੂੰ ਪਰਾਭੌਤਿਕ ਸ਼ਕਤੀਆਂ ਦੇ ਮਾਲਕ ਵਜੋਂ ਵੀ ਪੇਸ਼ ਕੀਤਾ ਜਾਂਦਾ ਹੈ ਜੋ ਆਪਣੀਆਂ ਬਹੁਤ ਸਾਰੀਆਂ ਕਰਾਮਾਤਾਂ ਨਾਲ ਦੁਸ਼ਮਣਾਂ ਦਾ ਕਰਦਾ ਹੈ ਅਤੇ ਬਹੁਤ ਸਾਰੀਆਂ ਬਿਖੜੀਆਂ ਮੁਸ਼ਕਲਾਂ ਨੂੰ ਹੱਲ ਵੀ ਕਰਦਾ ਹੈ।ਲੋਕ ਆਪਣੇ ਨਾਇਕ ਪ੍ਰਤੀ ਸ਼ਰਧਾਵਾਨ ਹੁੰਦਿਆਂ,ਉਸ ਬਾਰੇ ਲੋਕ-ਸਾਹਿਤ ਦੀ ਸਿਰਜਣਾ ਕਰਦੇ ਹਨ।ਲੋਕ-ਸਾਹਿਤ ਦੀ ਸਿਰਜਣਾ ਦਾ ਮੂਲ ਆਧਾਰ ਲੋਕ-ਰੂੜ੍ਹੀਆਂ ਅਤੇ ਰੂੜ੍ਹ-ਕਥਾਵਾਂ ਨੂੰ ਹੀ ਮੰਨਿਆ ਜਾਂਦਾ ਹੈ।
ਲੋਕਧਾਰਾ ਦਾ ਇੱਕ ਕਾਰਜ ਸੱਭਿਆਚਾਰ ਸਮੂਹ ਦੀ ਪਹਿਲੀ ਪੀੜ੍ਹੀ ਵਲੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਆਪਣੀ ਸਿਆਣਪ,ਖੁਸ਼ੀ ਅਤੇ ਮਨੋਭਾਵਾਂ ਦੇ ਪ੍ਰਗਟਾਅ ਦਾ ਸਦਮਾ ਦੇਣਾ ਵੀ ਹੈ,ਤਾਂ ਕਿ ਆਉਣ ਵਾਲੀ ਪੀੜ੍ਹੀ ਆਪਣੇ ਪੁਰਖਿਆਂ ਦੀ ਸੋਚ,ਸਿਆਣਪ ਅਤੇ ਮਨੋਰੰਜਨ ਦੀ ਗਾਡੀ ਰਾਹ ਉਪਰ ਸਹਿਜ ਭਾਵ ਨਾਲ ਗ਼ਾਮਜ਼ਨ ਹੋ ਸਕੇ।
ਲੋਕਧਾਰਾ ਅਤੇ ਸਾਹਿਤ:ਅੰਤਰ ਸੰਬੰਧ
ਤਕਰੀਬਨ ਸੰਸਾਰ ਦੀਆਂ ਸਾਰੀਆਂ ਸਮਰੱਥ ਭਾਸ਼ਾਵਾਂ ਦਾ ਸਾਹਿਤ ਲੋਕਧਾਰਾਈ ਤੱਤਾਂ ਤੇ ਰੂੜ੍ਹੀਆਂ ਦੀਆਂ ਵੰਨਗੀਆਂ ਉਪਰ ਹੀ ਆਧਾਰਿਤ ਕਰਕੇ ਸਿਰਜਿਆ ਗਿਆ ਹੈ।ਸੰਸਾਰ ਦੇ ਪੁਰਾਤਨ ਅਤੇ ਵੱਡੇ ਲੇਖਕਾਂ ਨੇ ਸਭ ਤੋਂ ਪਹਿਲਾਂ ਲੋਕਾਂ ਵਿੱਚ ਮੌਖਿਕ ਰੂਪ ਵਿੱਚ ਪ੍ਰਚਲਿਤ ਲੋਕ ਸਾਹਿਤ ਰੂਪਾਂ ਨੂੰ ਹੀ ਆਪਣੀਆਂ ਰਚਨਾਵਾਂ ਦਾ ਆਧਾਰ ਬਣਾਇਆ।ਬਹੁਤ ਸਾਰੀਆਂ ਮਹੱਤਵਪੂਰਨ ਰਚਨਾਵਾਂ ਜਿਹਨਾਂ ਦੀ ਅਜੋਕੇ ਯੁਗ ਵਿੱਚ ਵੀ ਬੜੀ ਇਤਿਹਾਸਕ ਮਹਤੱਤਾ ਹੈ ਉਸ ਸਮੇਂ ਲੋਕਾਂ ਵਿੱਚ ਪ੍ਰਚਲਿਤ ਮਿਥਾਂ,ਦੰਦ ਕਥਾਵਾਂ ਜਾਂ ਲੋਕ-ਕਹਾਣੀਆਂ ਨੂੰ ਆਧਾਰ ਬਣਾ ਕੇ ਹੀ ਲਿਖਿਆ ਗਈਆਂ ਸਨ।ਇਸ ਅਧਿਆਏ ਵਿੱਚ ਲੋਕਧਾਰਾ ਅਤੇ ਵਿਸ਼ਿਸ਼ਟ ਸਾਹਿਤ ਦੇ ਅੰਤਰ ਸੰਬੰਧਾਂ ਨੂੰ ਵਿਚਾਰਿਆ ਗਿਆ ਹੈ।
ਲੋਕ-ਸਾਹਿਤ ਦੇ ਰੂਪ
ਲੋਕ ਸਾਹਿਤ ਰੂਪਾਂ ਦੇ ਅੰਤਰਗਤ,ਲੋਕਗੀਤ,ਅਖਾਣ,ਮੁਹਾਵਰੇ,ਬੁਝਾਰਤਾਂ ਆਦਿ ਕਾਵਿ ਰੂਪਾਂ ਦੀ ਸਾਹਿਤ ਵਿੱਚ ਆਦਾਨ-ਪ੍ਰਦਾਨ ਦੀ ਪ੍ਰਕ੍ਰਿਆ ਨੂੰ ਜਾਣਨ ਅਤੇ ਪਛਾਣਨ ਦੀ ਕੋਸ਼ਿਸ਼ ਕਰਦਿਆਂ,ਗੁਰਬਾਣੀ,ਸੂਫ਼ੀ ਕਾਵਿ ਅਤੇ ਕਿੱਸਾ ਕਾਵਿ ਵਿਚੋਂ ਲੋਕ ਸਾਹਿਤ ਰੂਪਾਂ ਦੀਆਂ ਕੁਝ ਉਦਾਹਰਨਾਂ ਦਿਤੀਆਂ ਗਈਆਂ ਹਨ।ਪੰਜਾਬੀ ਸਾਹਿਤ ਦੇ ਇਤਿਹਾਸ ਨੂੰ ਧਿਆਨ ਵਿੱਚ ਰੱਖਦਿਆਂ ਲੋਕਧਾਰਾ ਦੀ ਸਮੱਗਰੀ ਦੀ ਸਾਹਿਤਕਾਰਾਂ ਵਲੋਂ ਕੀਤੀ ਗਈ ਵਰਤੋਂ ਬਾਰੇ ਵਿਚਾਰ ਕਰਦਿਆਂ ਬਾਬਾ ਫ਼ਰੀਦ ਤੋਂ ਲੈ ਕੇ ਅੱਜ ਦੇ ਨਵੀਨ ਕਵੀਆਂ ਅਤੇ ਸਾਹਿਤਕਾਰਾਂ ਬਾਰੇ ਵੀ ਗੱਲ ਕੀਤੀ ਗਈ ਹੈ।ਲੋਕਧਾਰਾ ਦੀ ਵਰਗਵੰਡ ਅਨੁਸਾਰ ਇਸ ਪੁਸਤਕ ਦੇ ਮੁਖ ਚਾਰ ਭਾਗ ਬਣਾਏ ਗਏ ਹਨ:ਸਭ ਤੋਂ ਪਹਿਲਾਂ ਲੋਕ ਸਾਹਿਤ ਵਾਲੇ ਭਾਗ ਵਿੱਚ ਲੋਕ ਕਾਵਿ ਰੂਪਾਂ,ਛੰਦਾਂ ਅਤੇ ਲੋਕਧਾਰਾਈ ਮਾਡਲਾਂ ਦੀ ਚਰਚਾ ਕੀਤੀ ਗਈ ਹੈ।ਇਸੇ ਹਿਸੈ ਵਿੱਚ ਸਾਹਿਤਕਾਰਾਂ ਵਲੋਂ ਆਪਣੀਆਂ ਰਚਨਾਵਾਂ ਵਿੱਚ ਵਰਤੇ ਗਏ ਅਖਾਣ,ਮੁਹਾਵਰੇ ਅਤੇ ਬੁਝਾਰਤਾਂ ਬਾਰੇ ਚਰਚਾ ਹੈ।
ਲੋਕ ਸਾਹਿਤ ਦੇ ਵਾਰਤਕ ਬਿਰਤਾਂਤ ਰੂਪ
ਇਸ ਵਿੱਚ ਮਿਥਾਂ,ਦੰਦ ਕਥਾਵਾਂ ਅਤੇ ਲੋਕ-ਕਹਾਣੀਆਂ ਉਪਰ ਆਧਾਰਿਤ ਸਾਹਿਤ ਨੂੰ ਵੇਖਣ-ਪਰਖਣ ਦਾ ਯਤਨ ਕੀਤਾ ਗਿਆ ਹੈ,ਉਸ ਤੋਂ ਬਾਅਦ ਅਜਿਹੇ ਸਾਹਿਤ ਬਾਰੇ ਗੱਲ ਹੈ ਕਿ ਜਿਸ ਵਿੱਚ ਇਹਨਾਂ ਵਾਰਤਕ ਬਿਰਤਾਂਤ ਰੂਪਾਂ ਦੇ ਹਵਾਲੇ,ਪ੍ਰਤੀਕਾਂ,ਬਿੰਬਾਂ ਜਾਂ ਪਾਤਰਾਂ ਦੇ ਰੂਪ ਵਿੱਚ ਸਾਹਿਤ ਦੀ ਸਿਰਜਣਾ ਵਿੱਚ ਸ਼ਾਮਿਲ ਹੋਏ ਹਨ।
ਲੋਕ ਮਨੋਵਿਗਿਆਨ
ਲੋਕ ਮਨੋਵਿਗਿਆਨ ਲੋਕਧਾਰਾ ਦਾ ਮਹੱਤਵਪੂਰਨ ਅੰਗ ਹੈ।ਲੋਕ ਮਨੋਵਿਗਿਆਨ ਵਿੱਚ ਲੋਕ ਧਰਮ,ਲੋਕ-ਵਿਸ਼ਵਾਸ,ਰੀਤੀ-ਰਿਵਾਜ,ਅਨੁਸ਼ਠਾਨ ਅਤੇ ਲੋਕ-ਚਿਕਿਤਸਾ ਨੂੰ ਲਿਆ ਹੈ।ਇਸ ਵਿੱਚ ਇਹ ਜਾਨਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਹਿਤ ਸਿਰਜਣਾ ਅਤੇ ਖ਼ਾਸ ਕਰਕੇ ਕਾਵਿ ਸਿਰਜਣਾ ਵਿੱਚ ਸਿਰਜਕਾਂ ਨੇ ਆਪਣੀ ਵਿਚਾਰਧਾਰਾ ਨੂੰ ਪ੍ਰਗਟ ਕਰਨ ਲਈ ਜਾਂ ਆਪਣੇ ਕਥਨ ਉਪਰ ਜ਼ੋਰ ਦੇਣ ਲਈ ਕਿਨ੍ਹਾਂ ਲੋਕ ਵਿਸ਼ਵਾਸਾਂ,ਰਹੁ-ਰੀਤਾਂ,ਅਨੁਸ਼ਠਾਨਾਂ ਜਾਂ ਜਾਦੂ-ਮੰਤਰਾਂ ਦਾ ਪ੍ਰਯੋਗ ਕੀਤਾ ਹੈ।ਇਸ ਪ੍ਰਸੰਗ ਵਿੱਚ ਵੀ ਵਿਧੀ ਉਹੋ ਹੀ ਅਪਣਾਈ ਗਈ ਹੈ।ਪਹਿਲਾਂ ਗੁਰਬਾਣੀ ਵਿਚੋਂ,ਫਿਰ ਸੂਫ਼ੀ-ਕਾਵਿ ਵਿਚੋਂ ਅਤੇ ਕਿੱਸਾ-ਕਾਵਿ ਵਿਚੋਂ ਕੁਝ ਉਦਾਹਰਨਾਂ ਦੇ ਕੇ ਗੱਲ ਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਸੇ ਵਿਧੀ ਨਾਲ ਆਧੁਨਿਕ ਕਾਵਿ ਅਤੇ ਨਵੀਨ ਕਾਵਿ ਵਿਚੋਂ ਵੀ ਅਜਿਹੀ ਸਮਗਰੀ ਦੀ ਨਿਸ਼ਾਨਦੇਹੀ ਕੀਤੀ ਹੈ।
ਲੋਕ ਵਸਤੂ ਸਮੱਗਰੀ
ਲੋਕਧਾਰਾ ਦੀ ਇੱਕ ਹੋਰ ਮਹੱਤਵਪੂਰਨ ਵੰਨਗੀ ਲੋਕ ਵਸਤੂ ਸਮੱਗਰੀ ਹੈ।ਜਿਸ ਵਿੱਚ ਗਹਿਣੇ,ਹਾਰ-ਸ਼ਿੰਗਾਰ,ਬਰਤਨ,ਸੰਦ-ਹਥਿਆਰ,ਆਦਿ ਸਮੱਗਰੀ ਅਤੇ ਖੇਡ ਸਮੱਗਰੀ ਆਉਂਦੀ ਹੈ।ਲੋਕਧਾਰਾ ਦੇ ਖੇਤਰ ਵਿੱਚ ਵੀ ਇਹਨਾਂ ਸੱਭਿਆਚਾਰਕ ਸੰਦਾਂ ਦੀ ਮਹੱਤਵਪੂਰਨ ਸੰਦਾਂ ਦੀ ਬੜੀ ਮਹੱਤਵਪੂਰਨ ਭੂਮਿਕਾ ਰਹੀ ਹੈ।ਲੋਕਧਾਰਾ ਦੀਆਂ ਵੱਖ-ਵੱਖ ਵੰਨਗੀਆਂ ਦੇ ਚਿਹਨ-ਵਿਗਿਆਨਕ ਅਧਿਐਨ ਤੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਕਿਸੇ ਵੀ ਸੱਭਿਆਚਾਰਕ ਸਮੂਹ ਨਾਲ ਸੰਬੰਧਿਤ ਵਿਅਕਤੀ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਇਹਨਾਂ ਲੋਕ-ਸੰਦਾਂ ਦੀ ਹੀ ਸਹਾਇਤਾ ਲੈਂਦੇ ਹਨ।ਇਹਨਾਂ ਹਥਿਆਰਾਂ ਅਤੇ ਸੰਦਾਂ ਵਿਚੋਂ ਉਹ ਸੰਦ ਅਤੇ ਹਥਿਆਰ ਸ਼ਕਤੀਸ਼ਾਲੀ ਮੰਨੇ ਜਾਂਦੇ ਹਨ ਜਿਹਨਾਂ ਦੀ ਸਮਰੱਥਾ ਪ੍ਰਕ੍ਰਿਤੀ ਨੂੰ ਸੱਭਿਆਚਾਰ ਵਿੱਚ ਤਬਦੀਲ ਕਰਨ ਦੀ ਹੋਵੇ। ਜਿੰਨੀ ਵੱਧ ਸਮਰੱਥਾ ਪ੍ਰਕ੍ਰਿਤੀ ਨੂੰ ਸੱਭਿਆਚਾਰ ਵਿੱਚ ਬਦਲਣ ਦੀ ਕਿਸੇ ਸੰਦ ਵਿੱਚ ਹੁੰਦੀ ਹੈ।ਓਨਾ ਹੀ ਉਹ ਸੰਦ ਵੱਧ ਕਾਰਗਰ ਸਾਬਤ ਹੁੰਦਾ ਹੈ। ਇਸ ਤਰ੍ਹਾਂ ਜਿਸ ਲੋਕ ਨਾਇਕ ਕੋਲ ਪ੍ਰਕ੍ਰਿਤੀ ਨੂੰ ਸੱਭਿਆਚਾਰ ਵਿੱਚ ਬਦਲਣ ਯੋਗ ਸੰਦ ਹੋਵੇਗਾ,ਓਨਾ ਹੀ ਉਹ ਨਾਇਕ ਸ਼ਕਤੀਸ਼ਾਲੀ ਹੋਵੇਗਾ।
ਲੋਕ-ਕਲਾਵਾਂ
ਲੋਕਧਾਰਾ ਦੀ ਇੱਕ ਹੋਰ ਵੰਨਗੀ ਲੋਕ-ਕਲਾਵਾਂ ਦੀ ਹੇ,ਜਿਹਨਾਂ ਦੀ ਵਰਤੋਂ ਸਾਹਿਤ ਰੂਪ ਸਿਰਜਣਾ ਵਿੱਚ ਵਿਸ਼ੇਸ਼ ਤੌਰ 'ਤੇ ਹੋਈ ਮਿਲਦੀ ਹੈ।ਇਹਨਾਂ ਵਿੱਚ ਲੋਕ-ਨਾਚ,ਲੋਕ-ਨਾਟ,ਲੋਕ-ਚਿਤਰਕਾਰੀ ਅਤੇ ਲੋਕ-ਖੇਡਾਂ ਨੂੰ ਲਿਆ ਗਿਆ ਹੈ।
ਸਾਹਿਤ ਸਿਰਜਣਾ ਦੇ ਪਿਛੋਕੜ ਵਿੱਚ ਕਾਰਜਸ਼ੀਲ ਲੋਕਧਾਰਾਈ ਸਮੱਗਰੀ ਦੇ ਖੇਤਰ ਵਿੱਚ ਬੜੀ ਘੱਟ ਖੋਜ ਹੋਈ ਹੈ।ਨਾਟਕ ਅਤੇ ਗਲਪ ਸਾਹਿਤ ਵੱਲ ਉਚੇਚਾ ਧਿਆਨ ਨਹੀਂ ਦਿਤਾ ਗਿਆ। ਕਾਰਨ ਇਹ ਹੈ ਕਿ ਪੰਜਾਬੀ ਸਾਹਿਤ ਦਾ ਆਰੰਭ ਹੀ ਕਾਵਿ-ਸਿਰਜਣਾ ਨਾਲ ਹੋਇਆ ਹੈ।ਉਸ ਤੋਂ ਬਾਅਦ ਪੰਜਾਬੀ ਸਾਹਿਤ ਸਿਰਜਣਾ ਦੇ ਇਤਿਹਾਸ ਵਿੱਚ ਤਿੰਨ ਧਾਰਾ,ਸੂਫ਼ੀ,ਗੁਰਬਾਣੀ ਅਤੇ ਕਿੱਸਾ ਕਾਵਿ ਧਾਰਾਵਾਂ ਹੀ ਮਿਲਦੀਆਂ ਹਨ। ਫਿਰ ਵੀ ਪੰਜਾਬੀ ਨਾਟਕਾਂ ਵਿੱਚ ਮਿਥਾਂ ਅਤੇ ਦੰਦ-ਕਥਾਵਾਂ ਦੇ ਪ੍ਰਯੋਗ ਨੂੰ ਲੋਕ ਨਾਟ ਦੇ ਸਿਰਲੇਖ ਹੇਠ ਹੀ ਦਿਤਾ ਗਿਆ ਹੈ।
ਕਿੱਸਾ ਕਾਵਿ ਤੋਂ ਬਾਅਦ ਪੰਜਾਬੀ ਸਾਹਿਤ ਦੀ ਆਧੁਨਿਕ ਕਾਵਿ ਧਾਰਾ ਨੂੰ ਲੈ ਕੇ ਭਾਈ ਵੀਰ ਸਿੰਘ,ਪ੍ਰੋ:ਪੂਰਨ ਸਿੰਘ,ਧਨੀ ਰਾਮ ਚਾਤ੍ਰਿਕ,ਮੋਹਨ ਸਿੰਘ,ਅੰਮ੍ਰਿਤਾ ਪ੍ਰੀਤਮ,ਬਾਵਾ ਬਲਵੰਤ,ਡਾ:ਹਰਿਭਜਨ ਸਿੰਘ,ਸ਼ਿਵ ਕੁਮਾਰ ਬਟਾਲਵੀ ਆਦਿ ਦੀਆਂ ਉਦਾਹਰਨਾਂ ਦਿਤੀਆਂ ਗਈਆਂ ਹਨ।ਪੰਜਾਬੀ ਗਲਪ ਦੀ ਮੌਲਿਕ ਰਚਨਾ ਨਾਵਲ ਸੁੰਦਰੀ ਕਰਤਾ ਭਾਈ ਵੀਰ ਸਿੰਘ ਵੀ ਇੱਕ ਲੋਕਗੀਤ ਉਪਰ ਹੀ ਆਧਾਰਿਤ ਹੈ ਜਿਸ ਬਾਰੇ ਭਾਈ ਵੀਰ ਸਿੰਘ ਤੋਂ ਬਾਅਦ ਪੰਜਾਬੀ ਦੇ ਸਿਰਮੌਰ ਨਾਵਲਕਾਰ ਨਾਨਕ ਸਿੰਘ ਹਨ,ਜਿਹਨਾਂ ਦੀਆਂ ਰਚਨਾਵਾਂ ਵਿੱਚ ਥਾਂ-ਪਰ-ਥਾਂ ਲੋਕਧਾਰਾ ਸਮੱਗਰੀ ਦੇ ਹਵਾਲੇ ਮਿਲਦੇ ਹਨ।ਜਸਵੰਤ ਸਿੰਘ ਕੰਵਲ,ਗੁਰਦਿਆਲ ਸਿੰਘ ਦੇ ਨਾਵਲਾਂ ਵਿੱਚ ਵੀ ਲੋਕਧਾਰਾ ਦੀ ਸਮੱਗਰੀ ਮਿਲਦੀ ਹੈ।ਪੰਜਾਬੀ ਕਹਾਣੀਆਂ ਵਿੱਚ ਵੀ ਪੰਜਾਬੀ ਲੋਕਧਾਰਾ ਦੀ ਭਰਪੂਰਤਾ ਹੈ।ਭਾਰਤੀ ਮਿੱਥ ਨੂੰ ਲੈ ਕੇ ਕਹਾਣੀ ਰਚਨਾ ਦੀ ਵਿਧੀ ਜੋ ਮਨਮੋਹਨ ਬਾਵਾ ਨੇ ਅਪਣਾਈ ਹੈ,ਉਹ ਵਿਸ਼ੇਸ਼ ਧਿਆਨ ਦੀ ਮੰਗ ਕਰਦੀ ਹੈ।ਉਸ ਨੇ ਜਾਤਕ-ਕਥਾਵਾਂ ਉਪਰ ਆਧਾਰਿਤ ਪ੍ਰਭਾਵਤੀ,ਮੰਦਾਲਿਕਾ,ਉਦਾਂਬਰਾ ਅਤੇ ਨਾਗ ਮੁੰਡਾ ਆਦਿ ਕਹਾਣੀਆਂ ਲਿਖੀਆਂ।ਲੋਕ ਕਥਾਵਾਂ ਤੇ ਆਧਾਰਿਤ ਅਜਾਤ ਸੁੰਦਰੀ,ਨਰ ਬਲੀ ਕਹਾਣੀਆਂ,ਮਹਾਂਭਾਰਤ ਅਤੇ ਬੋਧਕਥਾਵਾਂ ਉਪਰ ਆਧਾਰਿਤ ਕਹਾਣੀਆਂ ਵੀ ਲਿਖੀਆਂ ਹਨ।
ਇਸੇ ਤਰ੍ਹਾਂ ਸੰਗੀਤ,ਨਾਚ,ਪੇਂਟਿੰਗਜ਼ ਤੇ ਬੁੱਤਕਾਰੀ ਵੀ ਰਿਚੂਅਲ ਨਾਲ ਜਾ ਜੁੜਦੇ ਹਨ।ਕਲਾਵਾਂ ਵਿਚੋਂ ਸੰਗੀਤ ਅਤੇ ਨਾਚ ਦਾ ਨਾਟਕ ਨਾਲ ਗੂੜ੍ਹਾ ਸੰਬੰਧ ਹੈ।ਸਾਹਿਤ ਰੂਪ ਨਾਟਕ ਦੀ ਰਚਨਾ ਕਰਦਿਆਂ ਕਈ ਲੇਖਕ ਇਤਿਹਾਸ ਨੂੰ ਮਿਥਿਹਾਸ ਵਿੱਚ ਰੂਪਾਂਤਰਣ ਕਰ ਰਹੇ ਹੁੰਦੇ ਹਨ ਅਤੇ ਕਈ ਮਿੱਥਾਂ ਨੂੰ ਲੈ ਕੇ ਨਾਟਕ ਰਚਨਾ ਕਰਦੇ ਹਨ।
ਸਮੁੱਚੇ ਰੂਪ ਵਿੱਚ ਇਸ ਪੁਸਤਕ ਵਿੱਚ ਜੋ ਅਧਿਐਨ ਪੇਸ਼ ਕੀਤਾ ਗਿਆ ਉਸ ਤੋਂ ਇਹ ਗੱਲ ਭਲੀ ਭਾਂਤ ਸਾਹਮਣੇ ਆਉਂਦੀ ਹੈ ਕਿ ਪੰਜਾਬੀ ਸਾਹਿਤ ਸਿਰਜਣਾ ਵਿੱਚ ਪੰਜਾਬੀ ਲੋਕਧਾਰਾ ਦੀਆਂ ਤਕਰੀਬਨ ਸਾਰੀਆਂ ਵੰਨਗੀਆਂ ਨੂੰ ਵਰਤੋਂ ਵਿੱਚ ਲਿਆਉਂਦਾ ਹੈ,ਜਿਹਨਾਂ ਦੀ ਸਹਾਇਤਾ ਨਾਲ ਸਾਹਿਤ ਸਿਰਜਕਾਂ ਨੇ ਆਪਣੀਆਂ ਰਚਨਾਵਾਂ ਦੀਆਂ ਸੰਰਚਨਾਵਾਂ ਖੜ੍ਹੀਆਂ ਕੀਤੀਆਂ ਹਨ।