ਬਦੀਆ ਕਬੀਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਦੀਆ ਕਬੀਲਾ[ਸੋਧੋ]

ਬਦੀਏ ਕਬੀਲੇ ਦਾ ਇਤਿਹਾਸ[ਸੋਧੋ]

ਇਬੈਟਸਨ ਨੇ ‘ਬਦੀਏ’ ਨੂੰ ਅੰਮ੍ਰਿਤਸਰ ਦਾ ਇੱਕ ਕਿਸਾਨ ਕਬੀਲਾ ਦੱਸਿਆ ਹੈ, ਜੋ ਠੀਕ ਨਹੀਂ। ਵਾਸਤਵ ਵਿੱਚ ‘ਬਦੀਏ’ ਪੰਜਾਬ ਦੀ ਇੱਕ ਪ੍ਰਤੀਨਿਧ ਪੱਖੀਵਾਸ ਜਾਤੀ ਹੈ, ਜੋ ਆਪਣੇ ਆਪ ਨੂੰ ਬੰਗਾਲੀ, ਸਪੇਰੇ ਜਾਂ ਸਪਾਧੇ ਦੱਸਦੀ ਹੈ। ਜ਼ਿਲ੍ਹਾ ਫਿਰੋਜ਼ਪੁਰ ਦੇ ਕੋਟ ਈਸਾ ਖਾਂ ਅਤੇ ਕਪੂਰਥਲਾ ਸ਼ਹਿਰ ਵਿੱਚ ਇਨ੍ਹਾਂ ਦੇ ਪੱਕੇ ਟਿਕਾਣਿਆਂ ਤੋਂ ਛੁੱਟ, ਪੰਜਾਬ ਵਿੱਚ ਕਈ ਥਾਈਂ ਇਨ੍ਹਾਂ ਦੇ ਡੇਰੇ ਘੁੰਮਦੇ ਫਿਰਦੇ ਨਜ਼ਰ ਆਉਂਦੇ ਹਨ।[1]

ਬਦੀਏ ਪੱਖੀਵਾਸਾਂ ਦਾ ਸ੍ਹਾਂਸੀ ਕਬੀਲੇ ਨਾਲ ਬਹੁਤ ਨੇੜੇ ਦਾ ਸਬੰਧ ਹੈ। ਬਦੀਆਂ ਦੇ ਕਹਿਣ ਅਨੁਸਾਰ ਸ੍ਹਾਂਸੀਆਂ ਦੇ ਬਜ਼ੁਰਗ ਸ੍ਹਾਂਸ ਅਤੇ ਮੱਲ ਦੋ ਭਾਈ ਸਨ। ਉਨ੍ਹਾਂ ਦਾ ਚਚੇਰਾ ਭਰਾ ਬੁੱਧੂ ਸੀ। ਬੁੱਧੂ ਦਾ ਪੁੱਤਰ ਚਾਂਦੀ ਨਾਥ ਸੀ ਅਤੇ ਚਾਂਦੀ ਨਾਥ ਦੀ ਔਲਾਦ ਬਦੀਏ ਹਨ। ਇੱਕ ਦੰਤ ਕਥਾ ਅਨੁਸਾਰ ਤੱਖੀ ਨਾਗ ਦੇ ਚੇਲੇ ਆਲਮ ਨਾਥ ਦਾ ਬਦੀਆਂ ਨੂੰ ਇਹ ਵਰ ਹੈ ਕਿ “ਤੁਸੀਂ ਸੱਪਾਂ ਦੀ ਕਮਾਈ ਖਾਉਂਗੇ”। ਇਸ ਲਈ ਇਹ ਸੱਪ ਵਿਖਾ ਕੇ, ਬੀਨ ਵਜਾ ਕੇ ਰੋਜ਼ੀ-ਰੋਟੀ ਕਮਾਉਂਦੇ ਹਨ।

ਬਦੀਏ ਕਬੀਲੇ ਦਾ ਕਾਰ-ਵਿਹਾਰ[ਸੋਧੋ]

ਇਹ ਕਬੀਲਾ ਜੋਗੀਆ ਭੇਖ ਵਿੱਚ ਸੱਪ-ਕੱਢਣ, ਤੇ ਬੀਨ ਵਜਾਉਣ ਦਾ ਕੰਮ ਕਰਦਾ ਹੈ। ਅਰਥਾਤ ਇਹ ਸੱਪਾਂ ਦੀ ਕਮਾਈ ਖਾਂਦੇ ਹਨ।[2] ਇਨ੍ਹਾਂ ਦਾ ਕਾਰ-ਵਿਹਾਰ ਸੱਪ ਫੜਨੇ, ਉਨ੍ਹਾਂ ਦੇ ਦੰਦ ਕੱਢਣੇ, ਉਨ੍ਹਾਂ ਨੂੰ ਪਟਾਰੀਆਂ ਕੁੱਜਿਆਂ ਵਿੱਚ ਪਾ ਕੇ ਪਿੰਡਾਂ ਤੇ ਸ਼ਹਿਰਾਂ ਵਿੱਚ ਜਾਣਾ, ਬੀਨ ਵਜਾ ਕੇ ਲੋਕਾਂ ਨੂੰ ਸੱਪ ਵਿਖਾਉਣੇ ਅਤੇ ਲੋਕਾਂ ਪਾਸੋਂ ਆਟਾ, ਦਾਣੇ, ਪੈਸੇ ਆਦਿ ਲੈ ਕੇ ਝਟ ਲੰਘਾਉਣਾ ਹੈ। ਕਈ ਵਾਰ ਇਹ ਛੀਂਬੇ ਸੱਪ ਨੂੰ ਗਲ ਵਿੱਚ ਪਾ ਕੇ ਚੱਕਰ ਵੀ ਕੱਢਦੇ ਹਨ। ਇਹ ਦਾਅਵਾ ਕਰਦੇ ਹਨ ਕਿ ਇਨ੍ਹਾਂ ਪਾਸ ਸੱਪ ਦਾ ਮਣਕਾ(ਮਣੀ), ਗਿੱਦੜ ਸਿੰਙੀ ਅਤੇ ਅਰਨਾ ਬੂਟੀ ਹੈ, ਜਿਨ੍ਹਾਂ ਰਾਹੀਂ ਇਹ ਸੱਪ ਦੇ ਡੰਗੇ ਦਾ ਇਲਾਜ ਬੜੀ ਅਸਾਨੀ ਨਾਲ ਕਰ ਲੈਂਦੇ ਹਨ। ਇਨ੍ਹਾਂ ਨੂੁੰ ਸੱਪਾਂ ਦੀਆਂ ਕਿਸਮਾਂ ਦਾ ਪੂਰਾ ਗਿਆਨ ਹੁੰਦਾ ਹੈ ਅਤੇ ਸੱਪ ਫੜਨ ਲੱਗਿਆਂ ਇਹ ਜਾਨ ਤੇ ਵੀ ਖੇਡ ਜਾਂਦੇ ਹਨ। ਪੰਜਾਬ ਵਿੱਚ ਬਦੀਏ ਕਬੀਲਿਆਂ ਦਾ ਕਾਰ-ਵਿਹਾਰ ਬਹੁਤ ਹੱਦ ਤਕ ਨਾਥ-ਜੋਗੀਆਂ ਨਾਲ ਮਿਲਦਾ ਜੁਲਦਾ ਹੈ। ਪਰੰਤੂ ਇਨ੍ਹਾਂ ਦੋਹਾਂ ਕਬੀਲਿਆਂ ਵਿੱਚ ਰੋਟੀ-ਬੋਟੀ ਦੀ ਸਾਂਝ ਨਹੀਂ ਹੈ।

ਬਦੀਏ ਕਬੀਲੇ ਦਾ ਪਹਿਰਾਵਾ[ਸੋਧੋ]

ਇਨ੍ਹਾਂ ਪੱਖੀਵਾਸਾਂ ਦਾ ਪਹਿਰਾਵਾ ਜੋਗੀਆਂ ਵਾਲਾ ਹੁੰਦਾ ਹੈ: ਗਲ ਵਿੱਚ ਗੇਰੂੰ ਰੰਗੇ ਮੋਟੇ ਦੋਹਰੇ ਕੱਪੜੇ ਦਾ ਹੱਥ-ਸੂਈ ਨਾਲ ਸੀਤਾ ਬਿਨ ਬਾਹਾਂ ਦੇ ਚੋਲਾ, ਲੱਕ ਗੇਰੂ ਰੰਗੀ ਚਾਦਰ ਅਤੇ ਕਈਆਂ ਦੇ ਸਿਰ ਤੇ ਇਸ ਰੰਗ ਦੀ ਪੱਗੜੀ ਜਾਂ ਪਟਕਾ, ਕੰਨਾਂ ਵਿੱਚ ਕੱਚ, ਪੱਥਰ, ਚਾਂਦੀ ਜਾਂ ਸੋਨੇ ਦੀਆਂ ਮੁੰਦਰਾਂ ਅਤੇ ਗਲ ਵਿੱਚ ਮੋਟੇ ਮਣਕਿਆਂ ਦੀ ਮਾਲਾ। ਬਦੀਆਣੀਆਂ ਹੁਣ ਵਲਾਂ ਵਾਲੇ ਖੁਲ੍ਹੇ ਘੱਗਰਿਆਂ ਦੀ ਥਾਂ ਸਲਵਾਰਾਂ ਪਾਉਣ ਲੱਗ ਪਈਆਂ ਹਨ।

ਬਦੀਏ ਕਬੀਲੇ ਦੇ ਹੁਨਰ ਤੇ ਸੌਂਕ[ਸੋਧੋ]

ਬਦੀਆਂ ਪਾਸ ਬੀਨ ਵਜਾਉਣ ਦਾ ਸੋਹਣਾ ਹੁਨਰ ਹੈ। ਸੱਪ ਭਾਵੇਂ ਇਨ੍ਹਾਂ ਦੀ ਬੀਨ ਤੇ ਮੋਹਿਤ ਹੋਣ ਜਾਂ ਨਾ, ਬਦੀਆ ਆਪਣੀ ਬੀਨ ਦੀ ਹੁਨਰੀ ਕਾਰੀਗਰੀ ਤੇ ਲੋਕਾਂ ਨੂੰ ਜ਼ਰੂਰ ਮਸਤ ਕਰ ਲੈਂਦਾ ਹੈ। ਇਹ ਪੱਖੀਵਾਸ ਸ਼ਿਕਾਰ ਦੇ ਵੀ ਬਹੁਤ ਸ਼ੌਕੀਨ ਹਨ। ਖੰਡੇ ਕੁਤਿਆਂ ਰਾਹੀਂ ਹਰ ਪ੍ਰਕਾਰ ਦਾ ਸ਼ਿਕਾਰ ਕਰਦੇ ਹਨ: ਗਿੱਦੜ, ਹਿਰਨ, ਬਿੱਲਾ, ਲੂੰਬੜ, ਸਾਨ੍ਹ, ਕੰਡਿਆਲਾ, ਗੋਹ ਆਦਿ। ਪ੍ਰੇਤਾਂ, ਕੱਛੂ-ਕੁੰਮੇ, ਤਿੱਤਰ, ਬਟੇਰ ਫੜ ਲੈਂਦੇ ਹਨ। ਬਦੀਏ ਆਮ ਆਖੀਦੇ ਸੁਣੀਂਦੇ ਹਨ ਕਿ “ਸਾਡੀ ਖਲ ਨੂੰ ਤਰੀ ਲੱਗੀ ਹੋਈ ਹੈ।ਭਾਵ ਅਸੀਂ ਮਾਸ ਬਿਨਾਂ ਰਹਿ ਕੇ ਜੀਊ ਨਹੀਂ ਸਕਦੇ।”

ਬਦੀਏ ਕਬੀਲੇ ਦੀਆਂ ਮੰਗਣੀ/ ਵਿਆਹ ਨਾਲ ਸਬੰਧਿਤ ਰੀਤਾਂ-ਰਸਮਾਂ[ਸੋਧੋ]

ਮੰਗਣੀ ਵਿਆਹ ਦੀਆਂ ਰੀਤਾਂ ਵਧੇਰੇ ਕਰਕੇ ਸ੍ਹਾਂਸੀਆਂ ਨਾਲ ਮਿਲਦੀਆਂ ਹਨ। ਪਰੰਤੂ, ਵਿਆਹ ਤੋਂ ਪਿੱਛੋਂ ਲੜਕਾ ਛੇ ਮਹੀਨਿਆਂ ਲਈ ਕੁੜੀ ਦੇ ਮਾਂ ਬਾਪ ਕੋਲ ਚਲਾ ਜਾਂਦਾ ਹੈ। ਸਹੁਰੇ ਘਰ ਵੱਖਰਾ ਰਹਿੰਦਾ ਹੈ ਤੇ ਕਮਾਈ ਕਰਕੇ ਖਾਂਦਾ ਹੈ। ਛਿਮਾਹੀਂ ਪਿੱਛੋਂ ਮੁੰਡਾ ਆਪਣੀ ਵਹੁਟੀ ਨਾਲ ਲੈ ਕੇ ਮਾਪਿਆਂ ਕੋਲ ਆ ਜਾਂਦਾ ਹੈ। ਇਹ ਸਿਲਸਿਲਾ ਉਸ ਸਮੇਂ ਤਕ ਜਾਰੀ ਰਹਿੰਦਾ ਹੈ, ਜਦ ਤਕ ਨਵੀਂ ਵਿਆਹੀ ਜੋੜੀ ਦੇ ਤਿੰਨ ਬੱਚੇ ਨਹੀਂ ਹੋ ਜਾਂਦੇ। ਪਿੱਛੋਂ ਇਹ ਬੰਦਿਸ਼ ਖ਼ਤਮ ਹੋ ਜਾਂਦੀ ਹੈ ਤੇ ਮੀਆਂ ਬੀਵੀ ਆਪਣੀ ਮਨ ਮਰਜ਼ੀ ਨਾਲ ਕਿਤੇ ਵੀ ਰਹਿ ਸਕਦੇ ਹਨ। ਸਹੁਰੇ ਰਹਿੰਦਿਆਂ ਜੇ ਮੁੰਡਾ ਆਪਣੀ ਸੱਸ ਨਾਲ ਕਬੋਲ ਕਰੇ ਤਾਂ ਉਸ ਨੂੰ ਸ਼ਰਾਬ ਦੀ ਇੱਕ ਬੋਤਲ ਸਜਾ ਵਜੋਂ ਦੇਣੀ ਪੈਂਦੀ ਹੈ। ਦੂਜੀ ਵਾਰ ਗਲਤੀ ਕਰਨ ਤੇ ਪੰਜਾਹ ਰੁਪਏ ਤੇ ਤੀਜੀ ਵਾਰ ਸੌ ਰੁਪਏ ਜਰਮਾਨਾ ਦੇਣਾ ਪੈਂਦਾ ਹੈ।

ਬਦੀਏ ਤੰਬੂ ਲਾ ਕੇ ਬੈਠਦੇ ਹਨ ਅਤੇ ਆਪਣਾ ਸਮਾਨ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਲਈ ਇਨ੍ਹਾਂ ਨੇ ਘੋੜੀਆਂ ਤੇ ਖੋਤੀਆਂ ਰੱਖੀਆਂ ਹੁੰਦੀਆਂ ਹਨ। ਵੱਡੇ ਡੇਰੇ ਵਿੱਚ 35-40 ਦੇ ਲਗਪਗ ਤੰਬੂ ਹੁੰਦੇ ਹਨ।[3]

ਬਦੀਏ ਕਬੀਲੇ ਦੀਆਂ ਧਾਰਮਿਕ ਮਾਨਤਾਵਾਂ[ਸੋਧੋ]

ਬਦੀਏ ਭਾਵੇਂ ਹਿੰਦੂ ਧਰਮ ਨੂੰ ਮੰਨਦੇ ਹਨ ਪਰ ਇਹ ਮੁਰਦੇ ਦਫ਼ਨ ਕਰਦੇ ਹਨ। ਕਈ ਵਾਰ ਮੁਰਦੇ ਦੀ ਕਬਰ ਪੱਕੀ ਬਣਾ ਦਿੰਦੇ ਹਨ। ਇਹ ਗੁੱਗੇ ਨੂੰ ਬਹੁਤ ਮੰਨਦੇ ਹਨ। ਗੁੱਗੇ ਦੀ ਮੜ੍ਹੀ ਤੇ ਮੱਥਾ ਟੇਕਣ ਲਈ ਜਾਂਦੇ ਹਨ ਅਤੇ ਗੁੱਗਾ ਨੌਮੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਉਂਦੇ ਹਨ। ਸਖੀ ਸਰਵਰ ਨੂੰ ਦੀਵਾ ਬਾਲਦੇ ਹਨ। ਜਾਦੂ-ਟੂਣਿਆਂ ਤੇ ਭੂਤਾਂ ਪ੍ਰੇਤਾਂ ਵਿੱਚ ਇਨ੍ਹਾਂ ਨੂੰ ਬੜਾ ਵਿਸ਼ਵਾਸ ਹੈ।

ਹਵਾਲੇ[ਸੋਧੋ]

  1. ਥਿੰਦ, ਕਰਨੈਲ ਸਿੰਘ (1996). ਪੰਜਾਬ ਦਾ ਲੋਕ ਵਿਰਸਾ. ਪਟਿਆਲਾ: ਪੰਜਾਬੀ ਯੂਨੀਵਰਸਿਟੀ. p. 27. ISBN 81-7380-223-8.
  2. ਜੋਸ਼ੀ, ਡਾ. ਜੀਤ ਸਿੰਘ (1988). ਪੰਜਾਬੀ ਸਭਿਆਚਾਰ ਬਾਰੇ. ਲੁਧਿਆਣਾ: ਦੀ ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ. p. 112.
  3. ਥਿੰਦ, ਕਰਨੈਲ ਸਿੰਘ (1996). ਪੰਜਾਬ ਦਾ ਲੋਕ ਵਿਰਸਾ. ਪਟਿਆਲਾ: ਪੰਜਾਬੀ ਯੂਨੀਵਰਸਿਟੀ. p. 28. ISBN 81-7380-223-8.