ਸਮੱਗਰੀ 'ਤੇ ਜਾਓ

ਬਲਬੀਰ ਪਰਵਾਨਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਲਬੀਰ ਪਰਵਾਨਾ
ਬਲਬੀਰ ਪਰਵਾਨਾ
ਬਲਬੀਰ ਪਰਵਾਨਾ
ਜਨਮਬਲਵੀਰ ਸਿੰਘ
(1955-07-07) 7 ਜੁਲਾਈ 1955 (ਉਮਰ 69)
ਪੰਜਾਬ, ਭਾਰਤ
ਕਿੱਤਾਨਵਾਂ ਜ਼ਮਾਨਾ ਦੇ ਸਾਹਿਤ ਸੰਪਾਦਕ

ਬਲਵੀਰ ਪਰਵਾਨਾ (ਜਨਮ 7 ਜੁਲਾਈ 1955) ਪੰਜਾਬੀ ਦਾ ਨਾਵਲਕਾਰ, ਕਹਾਣੀਕਾਰ ਅਤੇ ਰੋਜ਼ਾਨਾ ਨਵਾਂ ਜ਼ਮਾਨਾ, ਜਲੰਧਰ ਦਾ ਸਾਹਿਤ ਸੰਪਾਦਕ ਹੈ।

ਸ਼ੁਰੂਆਤੀ ਜੀਵਨ

[ਸੋਧੋ]

ਬਚਵਈ ਇਲਾਕੇ ਦੇ ਵਿਚ ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਚਨੌਰ, ਪਿਤਾ ਧਰਮ ਸਿੰਘ ਮਾਤਾ ਸੀਤਾ ਦੀ ਕੁੱਖੋਂ ਪੈਦਾ ਹੋਇਆ ਪਰਵਾਨਾ। ਪਿਛੋਕੜ: ਬਲਵੀਰ ਪਰਵਾਜ ਦਾ ਪਿਛੋਕੜ ਪੇਂਡੂ ਜੀਵਨ ਦੀ ਛੋਟੀ ਕਿਸਾਨੀ ਨਾਲ ਸੰਬੰਧਿਤ ਹੈ। ਪਰਵਾਨੇ ਦੇ ਪਿਤਾ ਨੂੰ ਸ਼ਰਾਬ ਦੀ ਆਦਤ ਹੋਣ ਕਰਕੇ ਅਤੇ ਘਰ ਪ੍ਰਤੀ ਲਾਪਰਵਾਹੀ ਵਰਤਣ ਕਰਕੇ ਬਚਪਨ ਵਿਚ ਹੀ ਗਰੀਬੀ ਹੰਢਾਉਣੀ ਪਈ। ਜਿਸ ਬਾਰੇ ਬਲਵੀਰ ਪਰਵਾਨਾ ਖੁਦ ਕਹਿੰਦਾ ਹੈ "ਬਾਪ ਦੀ ਸ਼ਰਾਬ ਤੇ ਘਰ ਵੱਲੋਂ ਲਾਪਰਵਾਹੀ ਵਧਦੀ ਗਈ ਇਉਂ ਘਰ ਬਰਬਾਦੀ ਦੇ ਰਾਹ ਤੁਰਨ ਲੱਗਾ ਫਿਰ ਤਾਂ ਬੜੇ ਸਰਾਪੇ ਤੇ ਸਹਿਮੇ ਹੋਏ ਦਿਨ ਦੇਖਣੇ ਪਏ[1] ਘਰ ਵਿਚ ਸਾਰੇ ਅਨਪੜ੍ਹ ਸਨ ਸਿਰਫ਼ ਦਾਦਾ ਹੀ ਚਾਰ ਜਮਾਤਾਂ ਪੜ੍ਹਿਆ ਸੀ। ਬਲਵੀਰ ਪਰਵਾਨਾ ਨੂੰ ਸਾਹਿਤ ਨਾਲ ਜੋੜਣ ਵਿਚ ਦਾਦੇ ਦਾ ਵਿਸ਼ੇਸ ਹੱਥ ਸੀ। ਪਰਵਾਨੇ ਦਾ ਦਾਦਾ ਅਖ਼ਬਾਰਾਂ ਤੇ ਰਸਾਲੇ ਲੈ ਆਉਂਦਾ ਜਿਸ ਤੋਂ ਕਹਾਣੀਆਂ ਤੇ ਕਵਿਤਾਵਾਂ ਪੜਨ ਦੀ ਚੇਟਕ ਪਰਵਾਨਾ ਨੂੰ ਲੱਗੀ। ਦਸਵੀਂ ਕਲਾਸ ਵਿਚ ਪਰਵਾਨਾ ਨੇ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ। ਇਸੇ ਸਮੇਂ ਮਨਪਸੰਦ ਲੇਖਕ ਜਸਵੰਤ ਕੰਵਲ, ਅੰਮ੍ਰਿਤਾ ਪ੍ਰੀਤਮ ਸਨ। ਇਸ ਸਮੇਂ ਹੀ 100 ਕੁ ਪੰਨਿਆਂ ਦਾ ਨਾਵਲ ਵੀ ਲਿਖ ਦਿੱਤਾ। ਪਰ ਖੁਦ ਹੀ ਪਾੜ ਸੁੱਟਿਆ। ਬਲਵੀਰ ਪਰਵਾਨਾ ਨੇ ਬੀ. ਏ. ਦੀ ਡਿਗਰੀ 1978 ਵਿਚ ਐਸ.ਪੀ.ਐਸ ਕਾਲਜ ਮੁਕੇਰੀਆ ਤੋਂ ਲਈ। ਸਭ ਤੋਂ ਪਹਿਲੀ ਮਿੰਨੀ ਕਹਾਣੀ ਕਾਲਜ ਦੇ ਮੈਗਜੀਨ 'ਚ ਛਪੀ ਪਿਛੋਂ ਪ੍ਰੀਤਲੜੀ ਦੇ ਜਨਵਰੀ 1974 ਦੇ ਅੰਕ ਵਿਚ ਛਪੀ। ਇਸਦੇ ਛਪਣ ਤੇ ਕਹਾਣੀਕਾਰ ਨਵਤੇਜ ਸਿੰਘ ਵੱਲੋਂ ਹੌਸਲਾ ਵਧਾਊ ਖ਼ਤ ਵੀ ਲਿਖਿਆ ਗਿਆ।

ਵਿਚਾਰਧਾਰਾ

[ਸੋਧੋ]

ਬਲਵੀਰ ਪਰਵਾਨਾ ਨੂੰ ਬਚਪਨ ਵਿਚ ਹੀ ਮਾਰਕਸਵਾਦੀ ਪਾਰਟੀਆਂ ਦਾ ਮਹੌਲ ਮਿਲਿਆ ਜਿਸ ਕਾਰਨ ਪਰਵਾਨਾ ਮਾਰਕਸਵਾਦੀ ਵਿਚਾਰਧਾਰਾ ਨਾਲ ਜੁੜਿਆ। ਬਲਵੀਰ ਪਰਵਾਨਾ ਤੇ ਸਮਾਕਾਲੀ ਇਨਕਲਾਬੀ ਲਹਿਰਾਂ ਦਾ ਪ੍ਰਭਾਵ ਪਿਆ। ਇਸ ਵਿਚਾਰਧਾਰਾ ਨਾਲ ਜੁੜਨ ਬਾਰੇ ਪਰਵਾਨਾ ਖੁਦ ਲਿਖਦਾ ਹੈ "ਇਉਂ ਮੈਨੂੰ ਮਾਰਕਸ ਦੇ ਫਲਸਫੇ ਨਾਲ ਮੁਢਲੇ ਰੂਪ ਵਿਚ ਜੋੜਨ ਵਾਲਾ ਕਾਮਰੇਡ ਭਾਗ ਸਿੰਘ ਸੱਜਣ ਹੈ। ਸਾਹਿਤ ਦੇ ਖੇਤਰ ਵਿਚ ਇਹ ਭੂਮਿਕਾ ਜਸਵੰਤ ਕੰਵਲ ਤੇ ਟਾਲਸਟਾਇ ਦੀ ਹੈ।[2] ਬਲਵੀਰ ਪਰਵਾਨਾ ਨੇ ਜਥੇਬੰਦਕ ਤੌਰ 'ਤੇ ਕਿਸੇ ਪਾਰਟੀ ਨਾਲ ਸੰਬੰਧ ਸਥਾਪਿਤ ਨਹੀਂ ਕੀਤਾ। ਪਰ ਇਸਦੀਆਂ ਸੱਭਿਆਚਾਰਕ ਖੇਤਰ ਵਿਚ ਕਾਫ਼ੀ ਸਰਗਰਮ ਰੋਲ ਨਿਭਾਇਆ। ਆਪਣੀ ਮਾਰਕਸਵਾਦੀ ਵਿਚਾਰਧਾਰਾ ਦੇ ਅਧਾਰ ਦੀ ਗੱਲ ਕਰਦਿਆਂ ਇਹਨਾ ਲਿਖਿਆ ਹੈ "ਮਾਰਕਸਵਾਦੀ ਵਿਚਾਰਧਾਰਾ ਨਾਲ ਮੇਰੀ ਪਹੁੰਚ ਦਾ ਆਧਾਰ ਰਾਜਨੀਤਿਕ ਹੈ ਕਿਉਂਕਿ ਰਾਜਨੀਤੀ ਹੀ ਹੈ ਜਿਹੜੀ ਅੰਤਿਮ ਰੂਪ ਵਿਚ ਕਿਸੇ ਨਾ ਕਿਸੇ ਦੌਰ ਦੀ ਹੋਣੀ ਨੂੰ ਨਿਸ਼ਚਿਤ ਕਰਦੀ ਹੈ।[3]

ਸਾਹਿਤ ਸਿਰਜਣ ਪ੍ਰਕਿਰਿਆ

[ਸੋਧੋ]

ਬਲਵੀਰ ਪਰਵਾਨਾ ਨੇ ਆਪਣਾ ਸਿਰਜਨਾਤਮਕ ਕਾਰਜ ਕਵਿਤਾ ਤੋਂ ਸ਼ੁਰੂ ਕੀਤਾ ਅਤੇ ਨਾਵਲਿਟ ਤੇ ਨਾਵਲ ਜਗਤ ਵਿਚ ਪ੍ਰਵੇਸ਼ ਹੋਇਆ। ਪਹਿਲਾ ਕਾਵਿ ਸੰਗ੍ਰਹਿ 'ਉਹਨਾਂ ਨੇ ਆਖਿਆ ਸੀ' 1984 ਵਿਚ ਛਪਿਆ ਫਿਰ 1996 ਵਿਚ ਗਲਪ ਦੇ ਖੇਤਰ 'ਗਾਥਾ ਇਕ ਪਿੰਡ ਦੀ' ਪਹਿਲਾ ਕਹਾਣੀ ਛਪਿਆ ਅਤੇ ਨਾਵਲ 'ਸੁਪਨੇ ਤੇ ਪਰਛਾਵੇਂ' 2001 ਵਿਚ ਛਪਦਾ ਹੈ। ਉਸ ਦੇ ਨਾਵਲਾਂ ਤੇ ਕਹਾਣੀ ਸੰਗ੍ਰਹਿ ਵਿਚ ਕੰਢੀ ਦੇ ਪੇਂਡੂ ਇਲਾਕੇ ਦੇ ਜੀਵਨ ਬਰੀਕੀ ਨਾਲ ਚਿਤਰਿਆ ਹੈ। ਬਲਵੀਰ ਪਰਵਾਨਾ ਸਮਾਜਿਕ ਤੌਰ ਤੇ ਸੂਖਮ ਤੇ ਡੰਘੀ ਨੀਝ ਵਾਲਾ ਬਹੁਪੱਖੀ ਸਿਰਜਕ ਹੈ। ਉਸਦੀਆਂ ਲਿਖਤਾਂ ਵਿਚੋਂ ਦਰੜੇ ਤੇ ਸੰਤਾਪੀ ਮਨੁੱਖ ਦੀ ਜਿੰਦਗੀ ਦਾ ਬਿੰਬ ਵਾਰ-2 ਉਭਰਦਾ ਹੈ। ਬਲਵੀਰ ਪਰਵਾਨਾ ਦਾ ਬਿਰਤਾਂਤਕ ਮੂੜ ਉਸਦੇ ਜੀਵਨ ਅਨੁਭਵ ਸਮਕਾਲੀ ਪਰਸਥਿਤੀਆਂ, ਉਸਦੀ ਤੀਖਣ ਬੁੱਧੀ ਤੇ ਸੋਹਜੀ ਵਿਚੋਂ ਪੈਦਾ ਹੁੰਦਾ ਹੈ। ਪਰਵਾਨਾ ਨੇ ਗਲਪ ਰਚਨਾਵਾਂ ਵਿਚ ਬਾਹਰੀ ਤੇ ਅੰਤਰਿਕ ਫੋਕਸੀਕਰਨ ਦੀਆਂ ਜੁਗਤਾਂ ਵਰਤੀਆਂ। ਬਲਵੀਰ ਪਰਵਾਨਾ ਦਾ ਬਿਰਤਾਂਤਕ ਪ੍ਰਬੰਧ ਸਰਲ ਤੇ ਇਕਹਿਰਾ ਹੈ। ਮਨੋ-ਵਿਸ਼ਲੇਸਣ ਵਿਧੀ ਰਾਹੀਂ ਉਹ ਪਾਤਰਾਂ ਦੇ ਧੁਰ ਅੰਦਰ ਹੋ ਰਹੀ ਉਥਲ-ਪੁੱਥਲ ਨੂੰ ਬਿਰਤਾਂਤਕ ਚਿਤਰਪਟ ਪੇਸ਼ ਕਰਦਾ ਹੈ। ਮੱਧਵਰਗੀ ਕਿਸਾਨੀ ਦਾ ਜੰਮਪਾਲ ਹੋਣ ਕਰਕੇ ਉਸਦੀਆਂ ਰਚਨਾਵਾਂ ਵਿਚਲੇ ਪਾਤਰ ਕਾਮਰੇਡ, ਬੇਰੁਜ਼ਗਾਰ, ਨੌਜਵਾਨ, ਕਿਸਾਨੀ ਜੀਵਨ ਨਾਲ ਸੰਬੰਧਿਤ ਭ੍ਰਿਸ਼ਟ ਤੇ ਪੂੰਜੀ ਦੀ ਲਪੇਟ 'ਚ ਆਏ ਪੱਤਰਕਾਰ ਹਨ। ਪਰਵਾਨਾ ਦੇ ਪਾਤਰ ਗੋਲ ਹਨ ਜੋ ਲੇਖਕ ਦੀਆਂ ਹੱਥਾਂ ਕਠਪੁਤਲੀਆਂ ਨਹੀਂ ਬਣਦੇ। ਬਲਵੀਰ ਪਰਵਾਨਾ ਨੇ ਆਪਣੀਆਂ ਰਚਨਾਵਾਂ ਵਿਚ ਸ਼ੁੱਧ ਟਕਸਾਲੀ ਬੋਲੀ ਦੀ ਵਰਤੋਂ ਕੀਤੀ। ਇਸ ਤੋਂ ਇਲਾਵਾ ਵਰਣਨੀ ਕਾਰਜਾਂ ਅਤੇ ਵਾਰਤਾਲਾਪ ਵਿਚ ਵੀ ਵਧੇਰੇ ਇਸ ਭਾਸ਼ਾ ਦਾ ਪ੍ਰਯੋਗ ਕੀਤਾ ਹੈ। ਜਿਵੇਂ "ਮੈਂ…ਮੈਂ…ਕੀ…? ਪਰਮਪਾਲ ਜੀ, ਤਹਾਨੂੰ ਕੀ ਲੱਗਦਾ ਹੈ ਮੈਂ ਗਸ਼ਤੀ ਹਾਂ। ਜਿਸ ਕੋਲ ਕੋਈ ਵੀ ਕਿਸੇ ਵੀ ਵੇਲੇ ਆ ਸਕਦਾ ਹੈ, ਆਪਣੇ ਉਫਨਦੇ ਅੰਦਰ ਨੂੰ ਖਲਾਸ ਕਰਨ ਵਾਸਤੇ। ਮੈਂਨੂੰ ਨਹੀਂ ਪਤਾ ਤੁਸੀਂ ਜਾਂ ਤੁਹਾਡੇ ਵਰਗੇ ਲੋਕ ਔਰਤਾਂ ਨੂੰ ਕੀ ਸਮਝਦੇ ਹਨ? ਚਿਊਇੰਗਮ… ਕਿ ਜਦੋਂ ਜੀਅ ਕੀਤਾ, ਸ਼ੌਕ ਲਈ ਜਾਂ ਆਦਤ ਵਜੋਂ ਚੂਸੀ ਜਾਉ ਤੇ ਫਿਰ ਥੁੱਕ ਦਿੱਤਾ"[4]

ਵਿਸ਼ੇ

[ਸੋਧੋ]

ਹਰੇ ਇਨਕਲਾਬ ਤੋਂ ਬਾਅਦ ਪੰਜਾਬ ਦੇ ਪੇਂਡੂ ਰਹਿਤਲ 'ਚ ਵਾਪਰਦੀਆਂ ਤਬਦੀਲੀਆਂ

[ਸੋਧੋ]

ਬਲਵੀਰ ਪਰਵਾਨਾ ਨੇ ਹਰੇ ਇਨਕਲਾਬ ਤੋਂ ਬਾਅਦ ਪੇਂਡੂ ਜੀਵਨ ਵਿਚ ਵਾਪਰੀਆਂ ਤਬਦੀਲੀਆਂ ਨੂੰ ਬਾਖੂਬੀ ਪੇਸ਼ ਕੀਤਾ। ਤਕਸੀਨ ਅਨੁਸਾਰ "ਗਹਿਰ ਚੜੀ ਅਸਮਾਨ, ਨਿੱਕੇ-ਨਿੱਕੇ ਯੁੱਧ, ਆਪਣੇ-ਆਪਣੇ ਮੋਰਚੇ ਅਤੇ ਕਥਾ ਇਸ ਯੁੱਗ ਦੀ ਚਾਰ ਨਾਵਲਾਂ ਦੀ ਲੜੀ ਵਿਚ ਉਸਨੇ ਅਜ਼ਾਦੀ ਦੇ ਬਾਅਦ ਦੇ ਸਮਾਜਿਕ, ਆਰਥਿਕ ਪਰਿਵਰਤਨਾਂ ਨੂੰ ਪੇਸ਼ ਕੀਤਾ। ਇਸ ਲੜੀ ਰਾਹੀ ਉਹ ਦੁਆਬੇ ਦੇ ਅਣਗੋਲੇ ਖਿੱਤੇ ਬਚਵਾਈ ਇਲਾਕੇ ਨੂੰ ਬਿਰਤਾਂਤ ਰਾਹੀ ਇਤਿਹਾਸ ਨਾਲ ਜੋੜਦਾ ਹੈ।[5]

ਕਮਿਊਨਿਸਟ ਰਾਜਨੀਤੀ

[ਸੋਧੋ]

ਬਲਬੀਰ ਪਰਵਾਨਾ ਨੇ ਕਮਿਊਨਿਸਟ ਲਹਿਰਾਂ ਅਤੇ ਕਮਿਊਨਿਸਟ ਆਗੂਆਂ ਦੇ ਫੇਰ ਬਦਲ ਤੇ ਉਤਰਾਅ-ਚੜਾਅ ਬਾਰੇ ਅਧਿਐਨ ਕਰਕੇ ਆਪਣੀਆਂ ਰਚਨਾਵਾਂ ਦਾ ਹਿੱਸਾ ਬਣਾਇਆ। ਡਾ. ਭੀਮਇੰਦਰ ਸਿੰਘ ਅਨੁਸਾਰ ਪਰਵਾਨਾ ਮੌਜੂਦਾ ਜਮਾਤੀ ਸਮਾਜ, ਤਸੱਵਰ ਕਰਦਾ ਹੋਇਆ ਇਹ ਮੰਨ ਕੇ ਚੱਲਦਾ ਹੈ ਕਿ ਹਰ ਵਰਗ ਦਾ ਆਪਣਾ-2 ਸੱਚ ਹੁੰਦਾ ਹੈ। ਉਸਦੀ ਅਜਿਹੀ ਸੋਚ ਵਿਚੋਂ ਹੀ 'ਜੰਗ ਜਾਰੀ ਹੈ' ਵਰਗੇ ਨਾਵਲਿਟ ਦੀ ਸਿਰਜਣਾ ਹੋਈ।[6] ਇਹਨਾਂ ਵਿਸ਼ਿਆ ਤੋਂ ਬਿਨ੍ਹਾਂ ਔਰਤ ਮਰਦ ਸੰਬੰਧਾਂ, ਪਤੀ ਪਤਨੀ ਸੰਬੰਧਾਂ ਦਾ ਮਾਨਸਿਕ ਤਣਾਅ, ਕਾਮ ਲਾਲਸਾਵਾਂ, ਉਦਾਸੀਨਤਾ, ਨੋਜਵਾਨਾਂ ਦਾ ਪਿਆਰ, ਸੁਪਨੇ, ਵਲਵਲੇ ਤੇ ਕਾਮ ਭਾਵਨਾਵਾਂ ਵਰਗੇ ਵਿਸ਼ਿਆਂ ਨੂੰ ਰਚਨਾ ਦਾ ਆਧਾਰ ਬਣਾਇਆ।

ਲਿਖ਼ਤਾਂ

[ਸੋਧੋ]

ਨਾਵਲ

[ਸੋਧੋ]
  1. ਸੁਪਨੇ ਤੇ ਪ੍ਰਛਾਵੇਂ (2001)
  2. ਨਿੱਕੇ-ਨਿੱਕੇ ਯੁੱਧ (2008)
  3. ਆਪਣੇ-ਆਪਣੇ ਮੋਰਚੇ (2009)
  4. ਗਹਿਰ ਚਡ਼੍ਹੀ ਆਸਮਾਨ (2010)
  5. ਕਥਾ ਇਸ ਯੁੱਗ ਦੀ (2011)
  6. ਅੰਬਰ ਵੱਲ ਉਡਾਣ (2012)
  7. ਖੇਤਾਂ ਦਾ ਰੁਦਨ (2013)
  8. ਬਹੁਤ ਸਾਰੇ ਚੁਰੱਸਤੇ (2014)
  9. ਸਿਮਟਦਾ ਆਕਾਸ਼ (2016)

ਨਾਵਲੈੱਟ-ਸੰਗ੍ਰਹਿ

[ਸੋਧੋ]
  1. ਜੰਗ ਜਾਰੀ ਹੈ (1982)
  2. ਜੰਗਲ ਕਦੇ ਸੌਂਦਾ ਨਹੀਂ (1996)
  3. ਬੇਗਾਨੇ ਪਿੰਡ ਦੀ ਜੂਹ (1998,2006)
  4. ਭੂਰਿਆਂ ਵਾਲੇ (2000)

ਕਹਾਣੀ-ਸੰਗ੍ਰਿਹ

[ਸੋਧੋ]
  1. ਗਾਥਾ ਇੱਕ ਪਿੰਡ ਦੀ (1996)
  2. ਧੂੰਆਂ (2004)
  3. ਅਚਾਨਕ ਸਾਹਮਣੇ (2007)
  4. ਸਰਗਮ ਵਿਹੂਣੇ ਸਾਜ਼ (2012)
  5. ਸਾਈਨ ਵੈਲਯੂ ਦਾ ਜਲੌਅ (2017)
  6. ਥੈਂਕਯੂ ਬਾਪੂ (2021)

ਮਿੰਨੀ-ਕਹਾਣੀਆਂ

[ਸੋਧੋ]
  1. ਜ਼ਮੀਨ ਤੇ ਜਵਾਨੀ (1996)

ਕਵਿਤਾ-ਸੰਗ੍ਰਿਹ

[ਸੋਧੋ]
  1. ਉਹਨਾਂ ਨੇ ਆਖਿਆ ਸੀ (1984)
  2. ਧੁੱਪ ਦੀਆਂ ਪੈੜਾਂ (1988)
  3. ਪਲਕਾਂ 'ਚ ਤੈਰਦੇ ਪਲ (1992)
  4. ਇੰਤਹਾ ਤੋਂ ਪਹਿਲਾਂ (1997)
  5. ਵਰਜਣਾਂ ਤੋਂ ਪਾਰ (2002)
  6. ਵਾ-ਵਰੋਲਿਆਂ 'ਚ ਘਿਰੀ ਹੋਂਦ (2006)

ਖੋਜ-ਕਾਰਜ

[ਸੋਧੋ]
  • ਪੰਜਾਬ ਦੀ ਨਕਸਲਬਾੜੀ ਲਹਿਰ (2003,2006)

ਮੁਲਾਕਾਤਾਂ

[ਸੋਧੋ]
  • ਕਲਾ, ਜ਼ਿੰਦਗੀ ਤੇ ਨਕਸਲੀ ਸਰੋਕਾਰ (2004)

ਚੋਣਵਾਂ ਸਾਹਿਤ

[ਸੋਧੋ]
  1. ਸਰਗਮ ਵਿਹੂਣੇ ਸਾਜ਼ (ਮਾਰਕਸਵਾਦੀ ਲਹਿਰ ਬਾਰੇ ਕਹਾਣੀਆਂ: ਸੰਪਾਦਕ ਤਸਕੀਨ)
  2. ਪਰਤਾਂ 'ਚ ਜ਼ਿਊਂਦਾ ਆਦਮੀ (ਚੋਣਵੀਂ ਕਵਿਤਾ: ਸੰਪਾਦਕ ਰਾਜਪਾਲ ਸਿੰਘ)

ਅਨੁਵਾਦ

[ਸੋਧੋ]
  1. ਮਨੋਜ ਦਾਸ ਦੀਆਂ ਕਹਾਣੀਆਂ
  2. ਰਾਜੇਂਦਰ ਯਾਦਵ ਦੀਆਂ ਚੋਣਵੀਆਂ ਕਹਾਣੀਆਂ
  3. ਤਪਦੇ ਦਿਨ ਲੰਮੀਆਂ ਰਾਤਾਂ (ਅਫ਼ਰੀਕੀ ਕਹਾਣੀਆਂ)
  4. ਮੈਥਿਲੀ ਕਥਾ ਝਰੋਖਾ
  5. ਸਮਕਾਲੀਨ ਗੁਜਰਾਤੀ ਕਹਾਣੀਆਂ
  6. ਰਵੀ ਕਹਾਣੀ
  7. ਨਕਸਲਬਾਡ਼ੀ ਕਹਾਣੀਆਂ
  8. ਯੁੱਧ ਦਾ ਗੀਤ

ਸੰਪਾਦਿਤ

[ਸੋਧੋ]
  1. ਪੰਜਾਬ ਦੀ ਕਮਿਊਨਿਸਟ ਲਹਿਰ ਦਾ ਭਵਿੱਖ
  2. ਗਦਰ ਲਹਿਰ ਦੇ ਸਰੋਕਾਰ
  3. ਕਾਰਪੋਰੇਟ ਵਿਕਾਸ ਮਾਡਲ ਤੇ ਖਪਤ ਸੱਭਿਆਚਾਰ
  4. ਸ਼ਹੀਦ ਭਗਤ ਸਿੰਘ ਵਿਚਾਰਧਾਰਾ
  5. ਲਿਖ਼ਤਾਂ ਗਦਰੀ ਬਾਬਾ ਜਵਾਲਾ ਸਿੰਘ
  6. ਨਵੇਂ ਦਿਸਹੱਦਿਆਂ ਦੀ ਤਲਾਸ਼
  7. ਜਾਗਦੇ ਸ਼ਬਦ
  8. ਨਕਸਲੀ ਯੋਧਾ (ਸੁਖਦਰਸ਼ਨ ਨੱਤ ਨਾਲ)
  9. ਪਾਸ਼ ਪਾਸ਼ ਤੇ ਪਾਸ਼
  10. ਰੁਬਰੂ ਹਾਸ਼ਮੀ
  11. ਦਸਤਾਵੇਜ਼

ਮਾਣ-ਸਨਮਾਨ

[ਸੋਧੋ]

ਬਲਬੀਰ ਪਰਵਾਨਾ ਨੂੰ ਗਿਆਨੀ ਰਣਜੀਤ ਸਿੰਘ ਦਿਲਸ਼ਾਦ, ਹੇਮ ਜਯੋਤੀ ਐਵਾਰਡ, ਪੰਜਾਬੀ ਅਕਾਦਮੀ ਦਿੱਲੀ ਵੱਲੋਂ ਪੱਤਰਕਾਰਤਾ ਪੁਰਸਕਾਰ, ਸੁਰ ਸ਼ਬਦ ਸੰਗਮ ਵੱਲੋਂ ਐਡਮਿੰਟਨ, ਵਰਿਸ਼ ਸ਼ਾਹ ਪੁਰਸਕਾਰ ਨਾਲ ਸਨਮਾਨਿਤ ਕੀਤਾ।ਗਲਪ, ਕਵਿਤਾ ਤੋਂ ਇਲਾਵਾ ਖੋਜ ਕਾਰਜ, ਅਨੁਵਾਦ ਤੇ ਸੰਪਾਦਨ ਦਾ ਕੰਮ ਵੀ ਕੀਤਾ। ਮਈ 1989 ਵਿਚ ਨਵਾਂ ਜ਼ਮਾਨਾ ਵਿਚ ਕੰਮ ਸ਼ੁਰੂ ਕੀਤਾ। ਅੱਜ ਵੀ ਬਲਬੀਰ ਪਰਵਾਨਾ ਬਤੌਰ ਸਾਹਿਤ ਸੰਪਾਦਕ ਨਵਾਂ ਜ਼ਮਾਨਾ ਵਿਚ ਕੰਮ ਕਰ ਰਿਹਾ ਹੈ।

ਹਵਾਲੇ

[ਸੋਧੋ]
  1. ਡਾ. ਰਜਿੰਦਰ ਸਿੰਘ ਕੰਬੋਜ, ਪੰਜਾਬੀ ਕਹਾਣੀ ਕਿਸਾਨੀ ਦੇ ਹੋਂਦਮੂਲਕ ਸਰੋਕਾਰ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2006, ਪੰਨਾ 50.
  2. ਬਲਵੀਰ ਪਰਵਾਨਾ, ਨਿੱਕੇ-ਨਿੱਕੇ ਗੀਤ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2008.
  3. ਬਲਵੀਰ ਪਰਵਾਨਾ, ਆਪਣੇ-2 ਮੋਰਚੇ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2009, ਪੰਨਾ 10
  4. ਬਲਵੀਰ ਪਰਵਾਨਾ, ਕਥਾ ਇਸ ਯੁੱਗ ਦੀ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2011, ਪੰਨਾ 99
  5. . ਤਸਕੀਨ, ਕਮਿਊਨਿਸਟ ਸਿਆਸਤ, ਸੈਕਸ ਤੇ ਬਲਵੀਰ ਪਰਵਾਨਾ ਦੇ ਨਾਵਲ, ਫ਼ਿਲਹਾਲ, ਮਈ-ਅਗਸਤ 2012, ਪੰਨਾ 149
  6. ਡਾ. ਭੀਮਇੰਦਰ ਸਿੰਘ, ਖੋਜ ਪੱਤ੍ਰਿਕਾ, ਅੰਕ 64, ਪੰਨਾ 220