ਸਮੱਗਰੀ 'ਤੇ ਜਾਓ

ਮਾਰਕਸਵਾਦੀ ਸਾਹਿਤ ਅਧਿਐਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮਾਰਕਸਵਾਦੀ ਸਾਹਿਤ ਅਧਿਐਨ ਲੇਖ ਸੁਰਜੀਤ ਸਿੰਘ ਭੱਟੀ ਦੁਆਰਾ ਰਚਿਤ ਹੈ। ਮਾਰਕਸਵਾਦੀ ਸਾਹਿਤ ਅਧਿਐਨ ਸਮਾਜਵਾਦੀ ਅਤੇ ਦਵੰਦਵਾਦੀ ਸਿਧਾਂਤਾਂ ਅਨੁਸਾਰ ਕੀਤੀ ਸਾਹਿਤ ਆਲੋਚਨਾ ਨੂੰ ਕਿਹਾ ਜਾਂਦਾ ਹੈ।ਉਹ ਸਾਹਿਤ ਦਾ ਅਧਿਐਨ ਇਸ ਦੇ ਪੈਦਾ ਹੋਣ ਦੀਆਂ ਇਤਿਹਾਸਕ ਹਾਲਤਾਂ ਵਿਚੋਂ ਕਰਦਾ ਹੈ।

ਜਾਣ-ਪਛਾਣ

ਮਾਰਕਸਵਾਦੀ ਦਰਸ਼ਨ ਉਨੀਵੀਂ ਸਦੀ ਵਿੱਚ ਕਾਰਲ ਮਾਰਕਸ (1818-1883) ਅਤੇ ਫ਼ਰੈਡਰਿਕ ਏਂਗਲਜ਼ (1820-1895),ਜੋ ਮਜ਼ਦੂਰ ਜਮਾਤ ਦੇ ਵਿਚਾਰਧਾਰਕ ਆਗੂਆਂ ਵਜੋਂ ਜਾਣੇ ਜਾਂਦੇ ਹਨ। ਉਹਨਾਂ ਦੀਆਂ ਸਿਧਾਂਤਕ ਸਥਾਪਨਾਵਾਂ ਦੇ ਫਲਸਰੂਪ ਹੋਂਦ ਵਿੱਚ ਆਇਆ।‌‌[1] ਮਾਰਕਸਵਾਦੀ ਦ੍ਰਿਸ਼ਟੀ ਦਾ ਬਹੁਤ ਹੀ ਗਹਿਰਾ ਸੰਬੰਧ ਕਾਰਲ ਮਾਰਕਸ ਦੇ ਰਾਜਨੀਤਿਕ, ਆਰਥਿਕ ਅਤੇ ਦਾਰਸ਼ਨਿਕ ਦ੍ਰਿਸ਼ਟੀਕੋਣ ਤੋਂ ਹੈ।ਇਸ ਲਈ ਇਹ ਮਾਰਕਸਵਾਦ ਦੇ ਦਰਸ਼ਨ ਦਾ ਹਿੱਸਾ ਹੈ।ਇਸ ਦਰਸ਼ਨ ਦਾ ਸੰਬੰਧ ਰਾਜਨੀਤਿਕ ਸਮਝ ਨਾਲ ਹੈ ਅਤੇ ਰਾਜਨੀਤਿਕ ਦਾ ਸੰਬੰਧ ਮਾਰਕਸ ਦੇ ਆਰਥਿਕ ਸਮਝ ਨਾਲ ਹੈ। ਮਾਰਕਸਵਾਦੀ ਦਰਸ਼ਨ ਅਤਿਅੰਤ ਵਿਵਾਦਪੂਰਨ ਹੈ।ਇਹ ਵਿਵਾਦ ਦੋ ਤਰ੍ਹਾਂ ਦਾ ਹੈ।ਮਾਰਕਸਵਾਦ ਦਾ ਸਮਰਥਨ ਕਰਨ ਵਾਲੇ ਵਿਅਕਤੀ।ਮਾਰਕਸਵਾਦ ਦਾ ਵਿਰੋਧ ਕਰਨ ਵਾਲੇ ਵਿਅਕਤੀ।

ਕੁਝ ਲੋਕ ਰਾਜਨੀਤੀ ਦੇ ਵਿਰੋਧੀ ਹਨ। ਕੁਝ ਆਰਥਿਕ ਵਿਰੋਧੀ ਹਨ ਅਤੇ ਕੁਝ ਸਾਹਿਤ ਦੇ ਵਿਰੋਧੀ ਹਨ।ਇਸ ਵਿਰੋਧ ਦੇ ਕਾਰਨ ਮਾਰਕਸਵਾਦ ਦਰਸ਼ਨ ਹਮੇਸ਼ਾ ਚਰਚਾ ਦੇ ਕੇਂਦਰ ਵਿੱਚ ਰਹਿੰਦਾ ਹੈ। ਮਾਰਕਸਵਾਦੀ ਦਰਸ਼ਨ ਨੂੰ ਲੈ ਕੇ ਮਾਰਕਸਵਾਦੀਆ ਵਿੱਚ ਵੀ ਕੋਈ ਆਪਸੀ ਸਮਝ ਨਹੀਂ ਹੈ।ਨਾ ਹੀ ਰਾਜਨੀਤਿਕ ਵਿੱਚ ਆਪਸੀ ਸਮਝ ਹੈ,ਨਾ ਹੀ ਹੀ ਅਰਥ ਸ਼ਾਸਤਰ ਵਿੱਚ ਆਪਸੀ ਸਮਝ ਹੈ ਅਤੇ ਨਾ ਹੀ ਸਾਹਿਤ ਵਿੱਚ ਆਪਸੀ ਸਮਝ ਹੈ।ਹਰ ਮੁੱਦੇ ਉਤੇ ਉਹਨਾਂ ਦੇ ਵੱਖ-ਵੱਖ ਵਿਚਾਰ ਹਨ। ਕੋਈ ਵੀ ਇੱਕ ਮਾਰਕਸਵਾਦੀ ਦ੍ਰਿਸ਼ਟੀ ਨਹੀਂ ਹੈ। ਮਾਰਕਸਵਾਦੀ ਦਰਸ਼ਨ ਤੋਂ ਪ੍ਰਭਾਵਿਤ ਅਨੇਕ ਤਰ੍ਹਾਂ ਦੀਆਂ ਦਿ੍ਸ਼ਟੀਆ ਹਨ।

ਕਾਰਲ ਮਾਰਕਸ

ਕਾਰਲ ਮਾਰਕਸ ਕੋਈ ਸਾਹਿਤ ਸਿਧਾਂਤਕਾਰ ਨਹੀਂ ਸੀ।ਉਹ ਰਾਜਨੀਤਿਕ ਅਤੇ ਆਰਥਿਕ ਸਿਧਾਂਤਕਾਰ ਸੀ।ਉਹ ਦੁਨੀਆ ਨੂੰ ਬਦਲਣਾ ਚਾਹੁੰਦਾ ਸੀ।ਇਸ ਕਾਰਨ ਉਸ ਨੇ ਦੁਨੀਆ ਦਾ ਵਿਸ਼ਲੇਸ਼ਣ ਕੀਤਾ ਸੀ। ਮਾਰਕਸਵਾਦ ਦਾ ਪ੍ਰਭਾਵ ਰਾਜਨੀਤਿਕ ਉਤੇ, ਆਰਥਿਕ ਉਤੇ ਅਤੇ ਸਾਹਿਤ ਉਤੇ ਪਿਆ।

ਲੈਨਿਨ ਅਨੁਸਾਰ

ਲੈਨਿਨ ਅਨੁਸਾਰ ਮਾਰਕਸਵਾਦਦ ਦਾ ਸਮੁੱਚਾ ਸਾਰ ਇਸਦਾ ਸਮੁੱਚਾ ਪ੍ਰਬੰਧ ਇਸ ਗੱਲ ਦੀ ਮੰਗ ਕਰਦਾ ਹੈ ਕਿ ਹਰ ਸਮੱਸਿਆ ਨੂੰ ਸਿਰਫ਼ ਇਤਿਹਾਸਕ ਦ੍ਰਿਸ਼ਟੀ ਤੋਂ, ਦੂਸਰਿਆਂ ਨਾਲ ਇਸ ਦੇ ਸੰਬੰਧਾਂ ਵਿੱਚ ਅਤੇ ਇਤਿਹਾਸ ਦੇ ਠੋਸ ਅਨੁਭਵ ਦੇ ਪ੍ਰਸੰਗ ਵਿੱਚ ਹੀ ਸਮਝਿਆ ਅਤੇ ਵਿਚਾਰਿਆ ਜਾਣਾ ਚਾਹੀਦਾ ਹੈ। ਇਤਿਹਾਸਕ ਦ੍ਰਿਸ਼ਟੀ ਤੋਂ ਵੇਖਿਆ ਮਾਰਕਸਵਾਦੀ ਦਰਸ਼ਨ 19ਵੀਂ ਸਦੀ ਦੀਆਂ ਵਿਸ਼ੇਸ਼ ਸਮਾਜਿਕ-ਇਤਿਹਾਸਿਕ ਪਰਿਸਥਿਤੀਆਂ ਦੀ ਹੀ ਉਪਜ ਵਜੋਂ ਵੇਖਿਆ ਜਾਣਾ ਚਾਹੀਦਾ ਹੈ। ਸਮੁੱਚੇ ਯੂਰਪ ਵਿਚ, ਫ਼ਰਾਂਸੀਸੀ ਇਨਕਲਾਬ ਅਤੇ ਉਦਯੋਗਿਕ ਕ੍ਰਾਂਤੀ ਦੇ ਨਤੀਜੇ ਵਜੋਂ, ਸਥਾਪਿਤ ਜਾਗੀਰਦਾਰੀ ਪ੍ਰਬੰਧ ਬੁਰੀ ਤਰ੍ਹਾਂ ਟੁੱਟਣ-ਭੱਜਣ ਲੱਗਾ।ਇਸ ਸਥਾਪਿਤ ਪ੍ਰਬੰਧ ਨੂੰ ਢਾਹ ਕੇ ਨਵੇਂ ਪ੍ਰਬੰਧ (ਪੂੰਜੀਵਾਦ)ਦੀ ਉਸਾਰੀ ਲਈ ਲੋਕ ਬੁਰਜੁਆਜੀ ਦੀ ਕਮਾਨ ਅਧੀਨ ਸੰਗਠਿਤ ਹੋ ਕੇ ਸੰਘਰਸ਼ ਕਰਨ ਲੱਗੇ। ਇਸ ਨਵੀਂ ਮੱਧ ਸ਼੍ਰੇਣੀ ਦੇ ਹੋਂਦ ਵਿੱਚ ਆਉਣ ਨਾਲ, ਜਾਗੀਰੂ ਪ੍ਰਬੰਧ ਵਿੱਚ ਵਾਹੀਕਾਰ ਕਾਮਿਆਂ ਦੀ ਥਾਂ ਪ੍ਰੋਲੇਤਾਰੀ ਜਮਾਤ ਪੈਦਾ ਹੋ ਗਈ। ਦੂਜੇ ਸ਼ਬਦਾਂ ਵਿੱਚ ਜਿਵੇਂ ਜਾਗੀਰੂ ਜਮਾਤ ਦਾ ਇੱਕ ਹਿੱਸਾ ਆਪਣੇ ਆਪ ਨੂੰ ਪੂੰਜੀਵਾਦੀ ਬਣਾ ਲੈਂਦਾ ਹੈ,ਇਸੇ ਤਰ੍ਹਾਂ ਲੁਟੀਂਦੀ ਜਮਾਤ ਦੇ ਕਿਸਾਨ ਅਤੇ ਕਾਮੇਂ ਆਪਣੇ ਆਪ ਪ੍ਰੋਲੇਤਾਰੀ ਜਮਾਤ ਵਿੱਚ ਸੰਗਠਿਤ ਹੋਣੇ ਆਰੰਭ ਹੋ ਜਾਂਦੇ ਹਨ।

ਉਨ੍ਹੀਵੀਂ ਸਦੀ ਦੇ ਤੀਸਰੇ ਅਤੇ ਚੌਥੇ ਦਹਾਕੇ ਵਿੱਚ ਜਰਮਨ ਅਤੇ ਫਰਾਂਸ ਵਿੱਚ ਮਜ਼ਦੂਰਾਂ ਨੇ ਸੰਗਠਿਤ ਹੋ ਕੇ ਪੂੰਜੀਵਾਦੀ ਪ੍ਰਬੰਧ, ਜੋ ਅਜੇ ਆਪਣੇ ਪੂਰਨ ਵਿਕਾਸ ਨੂੰ ਪ੍ਰਾਪਤ ਨਹੀਂ ਸੀ ਹੋਇਆ, ਦੇ ਵਿਰੁੱਧ ਬਗਾਵਤ ਆਰੰਭ ਕਰ ਦਿੱਤੀ। ਇਉਂ ਲੁੱਟ-ਖਸੁੱਟ ਉਤੇ ਆਧਾਰਿਤ, ਇਸ ਪ੍ਰਬੰਧ ਦੇ ਖਾਤਮੇ ਦੇ ਨਾਲ- ਨਾਲ ਨਵੇਂ ਦੀ ਉਸਾਰੀ ਲਈ, ਇਕ ਵਿਸ਼ੇਸ਼ ਪ੍ਰਕਾਰ ਦੇ ਵਿਚਾਰ-ਪ੍ਰਬੰਧ ਅਤੇ ਦ੍ਰਿਸ਼ਟੀਕੋਣ ਨੂੰ ਉਸਾਰੇ ਜਾਣ ਦੀ ਇਤਿਹਾਸਿਕ ਲੋੜ ਸੀ। ਇਹ ਇਤਿਹਾਸਿਕ ਲੋੜ ਹੀ ਪਦਾਰਥਵਾਦੀ ਦਰਸ਼ਨ ਦੇ ਹੋਂਦ ਵਿੱਚ ਆਉਣ ਦਾ ਮੂਲ ਕਾਰਣ ਸੀ। ਇੱਕ ਵਿਲੱਖਣ ਵਿਸ਼ਵ-ਦਿ੍ਸ਼ਟੀਕੋਣ, ਜੋ ਇੱਕ ਨਵੇਂ ਸਮਾਜ ਲਈ ਪ੍ਰੋਲੇਤਾਰੀ ਦੇ ਸੰਘਰਸ਼ ਲਈ ਪ੍ਰੋਲੇਤਾਰੀ ਦਾ ਮਾਰਗ-ਨਿਰਦੇਸ਼ਨ ਕਰ ਰਿਹਾ ਹੈ ਅਤੇ ਯਥਾਰਥ ਦੀ ਪੁਨਰ-ਸਿਰਜਣਾ ਲਈ, ਇਕ ਵਿਧੀ ਦਾ ਨਿਰਮਾਣ ਹੈ'।

ਮਾਰਕਸਵਾਦੀ ਦਰਸ਼ਨ ਦੇ ਹੋਂਦ ਵਿਚ ਆਉਣ ਲਈ ਪ੍ਰਕਿ੍ਤਿਕ ਅਤੇ ਵਿਗਿਆਨਕ ਪ੍ਰਸਥਿਤੀਆਂ ਦੀ ਦੇਣ ਵੀ ਮਹੱਤਵਪੂਰਨ ਹੈ। ਉਨ੍ਹੀਵੀਂ ਸਦੀ ਦੀਆਂ ਵਿਗਿਆਨਕ ਲੱਭਤਾਂ ਵਿਚ ਪਹਿਲੀ ਸਰੀਰ ਵਿਗਿਆਨ ਦੀ ਇਹ ਲੱਭਤ ਹੈ ਕਿ ਉਹ ਜਿਊਂਦੇ ਪ੍ਰਾਣੀਆਂ ਦੇ ਜੀਵਨ ਦਾ ਆਧਾਰ ਕੋਸ਼ਿਕਾਵਾਂ ਹਨ। ਇਹ ਲੱਭਤ ਨੇ ਸੰਸਾਰ ਦੀ ਅੰਗਿਕ ਏਕਤਾ ਅਤੇ ਇਸ ਦੇ ਖੁਦ ਆਪਣੇ ਅੰਦਰ ਨਿਹਿਤ ਵਿਕਾਸ ਦੇ ਨਿਯਮਾਂ ਨੂੰ ਸਥਾਪਿਤ ਕੀਤਾ। ਵਿਗਿਆਨ ਦੀ ਦੂਜੀ ਲੱਭਤ'ਊਰਜਾ ਦੇ ਰੂਪਾਂਤਰਣ ਅਤੇ ਸੰਭਾਲ'ਦੇ ਸਿਧਾਂਤ ਨੇ, ਪਦਾਰਥ ਦੀ ਗਤੀ ਵਿਚਲੇ ਵੱਖ-ਵੱਖ ਰੂਪਾਂ ਵਿਚਲੇ ਅੰਤਰ-ਸੰਬੰਧਾਂ ਨੂੰ ਉਜਾਗਰ ਕੀਤਾ ਹੈ। ਤੀਸਰਾ, ਅਤਿ ਮਹੱਤਵਪੂਰਨ ਸਿਧਾਂਤ, ਚਾਰਲਸ ਡਾਰਵਿਨ (1809-1882)ਦਾ ਵਿਕਾਸਵਾਦ ਦਾ ਸਿਧਾਂਤ ਸੀ। ਆਪਣੇ ਸਿਧਾਂਤ ਵਿਚ ਉਸ ਨੇ ਇਹ ਵਿਚਾਰ ਦ੍ਰਿੜ੍ਹ ਕਰਵਾਇਆ ਕਿ ਅੰਗਿਕ ਸੰਸਾਰ ਲਗਾਤਾਰ ਬਦਲ ਅਤੇ ਵਿਕਾਸ ਕਰ ਰਿਹਾ ਹੈ ਅਤੇ ਪਸ਼ੂਆਂ ਅਤੇ ਪੌਦਿਆਂ ਦੀਆਂ ਆਧੁਨਿਕ ਨਸਲਾਂ, ਚੌਗਿਰਦੇ ਨਾਲ ਇਹਨਾਂ ਦੀ ਲੰਮੀ ਜੱਦੋ-ਜਹਿਦ ਦਾ ਨਤੀਜਾ ਹਨ। ਇਹਨਾਂ ਵਿਗਿਆਨਕ ਖੋਜਾਂ ਦੇ ਪ੍ਰਸੰਗ ਵਿਚ ਹੀ, ਇਹਨਾਂ ਵਿੱਚ ਨਿਹਿਤ ਸਾਮਾਨਯ ਸਿਧਾਂਤਾਂ ਦਾ ਸਾਧਾਰਣੀਕਰਣ ਕਰਕੇ ਹੀ, ਇਹਨਾਂ ਨੂੰ ਇੱਕ ਵਿਸ਼ੇਸ਼ ਪ੍ਰਬੰਧ ਵਿਚ ਲੜੀ-ਬੱਧ ਕਰ ਕੇ ਡਾਇਲੈਕਟਿਕਸ ਦੇ ਨਿਯਮਾਂ ਨੂੰ ਪਦਾਰਥਵਾਦੀ ਆਧਾਰ ਉੱਪਰ ਨਿਯਮਬੱਧ ਕੀਤਾ ਗਿਆ। ਇਸ ਆਧਾਰ ਉੱਪਰ ਹੀ ਮਾਰਕਸਵਾਦੀ ਦਰਸ਼ਨ ਦੀ ਇੱਕ ਵਿਸ਼ਵ-ਦ੍ਰਿਸ਼ਟੀਕੋਣ ਵਜੋਂ ਉਸਾਰੀ ਸੰਭਵ ਹੋ ਸਕੀ। ਸਿਧਾਂਤਕ ਪ੍ਰਸਥਿਤੀਆਂ ਦੇ ਪਰਿਪੇਖ ਵਿੱਚ ਰੱਖ ਕੇ ਵੇਖਣ ਨਾਲ ਵੀ, ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਇਹ ਦਰਸ਼ਨ ਆਪਣੇ ਆਪ ਵਿਚ ਵੀ ਕੋਈ ਬਿਲਕੁਲ ਨਵਾਂ ਦਰਸ਼ਨ ਨਾ ਹੋ ਕੇ ਮਨੁੱਖ ਦੁਆਰਾ ਹੁਣ ਤੱਕ ਪ੍ਰਾਪਤ ਸਿਧਾਂਤਕ ਗਿਆਨ ਦਾ ਆਲੋਚਨਾਤਮਕ ਅਤੇ ਇਨਕਲਾਬੀ ਦ੍ਰਿਸ਼ਟੀ ਤੋਂ, ਇੱਕ ਸਿਰਜਣਾਤਮਕ ਪ੍ਰਬੰਧ ਵਿਚ ਨਿਰਮਾਣ ਹੀ ਹੈ। ਇਸ ਦਰਸ਼ਨ ਨੇ ਦਰਸ਼ਨ ਦੀ ਪੂਰਵ-ਪ੍ਰਚਲਿਤ ਪਰੰਪਰਾ ਦੇ ਸਜੀਵ ਤੱਤਾਂ ਦੀ ਸੰਭਾਲ ਅਤੇ ਮੁਦਰਾ ਤੱਤਾਂ ਦਾ ਨਿਖੇਧ ਕਰਕੇ ਹੀ ਆਪਣੇ ਮੌਜੂਦਾ ਰੂਪ ਨੂੰ ਪ੍ਰਾਪਤ ਕੀਤਾ। ਏਂਗਲਜ ਇਸ ਵਿਧੀ ਨੂੰ ਹੀ(sublimation)ਦਾ ਨਾਂ ਦਿੰਦਾ ਹੈ।ਪੂਰਵ-ਮਾਰਕਸਵਾਦੀ ਦਰਸ਼ਨ ਵਿੱਚ ਸਨਾਤਨੀ ਜਰਮਨ ਦਰਸ਼ਨ ਦੇ ਖੇਤਰ ਵਿੱਚ (G.W.F.Hegel1770-1830) ਇੱਕ ਬਾਹਰਮੁਖੀ ਆਦਰਸ਼ਵਾਦੀ ਅਤੇ ਲੁਡਵਿਗ ਫ਼ਿਊਰਬਾਖ਼ ਜੋ ਕਿ ਪਦਾਰਥਵਾਦੀ ਸੀ, ਦੋ ਚਿੰਤਕਾਂ ਦਾ ਨਾਂ ਬੜਾ ਅਹਿਮ ਹੈ। ਮਾਰਕਸ ਅਤੇ ਏਂਗਲਜ ਨੇ ਹੀਗਲ ਦੇ ਬਾਹਰਮੁਖੀ ਆਦਰਸ਼ਵਾਦੀ ਫ਼ਲਸਫ਼ੇ ਵਿੱਚੋਂ ਉਸਦੀ ਡਾਇਲੈਕਟਿਕਸ ਨੂੰ ਅਤੇ ਫ਼ਿਉਰਬਾਖ਼ ਦੇ ਸਿੱਧੜ ਪਦਾਰਥਵਾਦ ਵਿਚੋਂ ਉਸ ਦੇ ਪਦਾਰਥਵਾਦ ਨੂੰ ਲੈ ਕੇ ਨਾ ਕੇਵਲ ਦੋਹਾਂ ਨੂੰ'ਦਵੰਦਵਾਦੀ ਪਦਾਰਥਵਾਦ'ਵਜੋੰ ਦੋਹਾਂ ਦਾ ਦਵੰਦਾਤਮਕ ਸੰਬੰਧ ਸਥਾਪਿਤ ਕਰ ਕੇ ਦਰਸ਼ਨ ਦੇ ਖੇਤਰ ਵਿਚ ਇਕ ਬੇਜੋੜ ਇਨਕਲਾਬ ਦੀ ਸਥਾਪਨਾ ਕੀਤੀ। ਮਾਰਕਸ ਅਨੁਸਾਰ,'ਹੀਗਲ ਦੀ ਡਾਇਲੈਕਟਿਕਸ ਸਿਰ ਭਾਰ ਖੜ੍ਹੀ ਹੈ। ਇਸ ਨੂੰ ਮੁੜ ਇਸ ਦੇ ਪੈਰਾਂ 'ਤੇ ਖੜ੍ਹਾ ਕਰਨਾ ਜ਼ਰੂਰੀ ਹੈ।'ਏਂਗਲਜ਼ ਇਸ ਇਤਿਹਾਸਿਕ ਪ੍ਰਾਪਤੀ ਨੂੰ ਹੋਰ ਵੀ ਨਿਸ਼ਚਿਤ ਸ਼ਬਦਾਂ ਵਿਚ ਪੇਸ਼ ਕਰਦਿਆਂ ਬਿਆਨ ਕਰਦੇ ਹਨ ਕਿ,'ਇਉਂ ਦਰਸ਼ਨ ਦਾ ਸ਼ੁੱਧੀਕਰਣ ਹੋ ਗਿਆ ਹੈ, ਇਸ ਦੇ ਰੂਪ ਪੱਖੋਂ ਇਸ ਨੂੰ ਜਿੱਤ ਲਿਆ ਗਿਆ ਹੈ ਅਤੇ ਇਸ ਦੇ ਅਸਲ ਸਾਰ ਵਜੋਂ ਇਸ ਇਸ ਨੂੰ ਸੁਰੱਖਿਅਤ ਕਰ ਦਿੱਤਾ ਗਿਆ ਹੈ।'ਇੱਥੇ ਇਹ ਸਪਸ਼ਟ ਕਰਨਾ ਵੀ ਅਤਿ ਜਰੂਰੀ ਹੈ ਕਿ ਮਾਰਕਸਵਾਦੀ ਦਰਸ਼ਨ ਲਈ 'ਦਵੰਦਾਵਾਦੀ ਪਦਾਰਥਵਾਦ'ਦੀ ਵਰਤੋਂ ਕਰਨੀ ਕਿਉਂ ਜ਼ਰੂਰੀ ਹੈ ਇੱਕ ਮਾਰਕਸਵਾਦੀ ਚਿੰਤਕ ਅਫਾਨਾਸੀਏਵ ਅਨੁਸਾਰ,'ਮਾਰਕਸਵਾਦ ਦਾ ਦਰਸ਼ਨ ਦਵੰਦਾਵਾਦੀ ਪਦਾਰਥਵਾਦੀ ਹੈ। ਇਹ ਪਦਾਰਥਵਾਦੀ ਹੈ ਕਿਉਂਕਿ ਦਰਸ਼ਨ ਦੇ ਮੁੱਢਲੇ ਪ੍ਰਸ਼ਨ ਨੂੰ ਹੱਲ ਕਰਦੇ ਸਮੇਂ ਇਹ ਧਾਰਨਾ ਤੋਂ ਚਲਦਾ ਹੈ ਕਿ ਪਦਾਰਥ ਦੀ ਹੋਂਦ ਪ੍ਰਾਥਮਿਕ ਅਤੇ ਚੇਤਨਾ ਦਾ ਸਥਾਨ ਦੂਸਰਾ ਭਾਵ ਪਦਾਰਥ ਤੋਂ ਬਾਅਦ ਦਾ ਹੈ। ਇਹ ਸੰਸਾਰ ਦੀ ਪਦਾਰਥਕਤਾ ਅਤੇ ਇਸ ਨੂੰ ਜਾਣਨ ਯੋਗ ਸਮਝਦਾ ਹੈ ਅਤੇ ਸੰਸਾਰ ਦਾ ਅਧਿਐਨ ਜਿਵੇਂ ਹੈ ਉਵੇਂ ਕਰਦਾ ਹੈ। ਮਾਰਕਸਵਾਦੀ ਦਰਸ਼ਨ ਦਵੰਦਾਵਾਦੀ ਹੈ ਕਿਉਂਕਿ ਇਹ ਪਦਾਰਥਕ ਸੰਸਾਰ ਦੀ ਘੋਖ ਇੱਕ ਨਿਰੰਤਰ ਗਤੀ, ਵਿਕਾਸ ਅਤੇ ਪੁਨਰ -ਉਤਪੱਤੀ ਵਜੋਂ ਕਰਦਾ ਹੈ। ਇਉਂ ਦਵੰਦਾਵਾਦੀ ਪਦਾਰਥਵਾਦ ਦੇ ਸਿਧਾਂਤਾਂ ਦਾ ਅਧਿਐਨ ਕਰਨ ਤੋਂ ਬਾਅਦ ਜਦੋਂ ਅਸੀਂ ਸਮਾਜ ਅਤੇ ਸਮਾਜਿਕ ਵਿਕਾਸ ਦੇ ਨਿਯਮਾਂ ਦਾ ਅਧਿਐਨ ਇਨ੍ਹਾਂ ਨਿਯਮਾਂ ਦੇ ਪ੍ਰਸੰਗ ਵਿਚ ਰੱਖ ਕੇ ਕਰਨ ਦਾ ਉਪਰਾਲਾ ਕਰਦੇ ਹਾਂ ਤਾਂ ਇਹ'ਇਤਿਹਾਸਕ ਪਦਾਰਥਵਾਦ'ਬਣ ਜਾਂਦਾ ਹੈ। ਇਤਿਹਾਸਿਕ ਪਦਾਰਥਵਾਦ ਉਹ ਵਿਗਿਆਨ ਹੈ ਜੋ ਸਮਾਜਿਕ ਵਿਕਾਸ ਦੇ ਸਮਾਨਯ ਨਿਯਮਾਂ ਦਾ ਅਧਿਐਨ ਕਰਦਾ ਹੈ। ਇਹ ਦਵੰਦਾਵਾਦੀ ਪਦਾਰਥਵਾਦ ਦਾ ਇਕ ਅਨਿੱਖੜ ਅੰਗ ਹੈ। ਦਵੰਦਾਵਾਦੀ ਅਤੇ ਇਤਿਹਾਸਕ ਪਦਾਰਥਵਾਦ ਦੇ ਅਨਿੱਖੜ ਸੰਬੰਧਾਂ ਦਾ ਵਰਨਣ ਕਰਦਿਆਂ ਲੈਨਿਨ ਨੇ ਇਨ੍ਹਾਂ ਦੇ ਆਪਸੀ ਸਜੀਵ ਸੰਬੰਧਾਂ ਨੂੰ ਮਾਰਕਸਵਾਦੀ ਦਰਸ਼ਨ ਦੀ ਅਸਲ ਰੂਹ ਪ੍ਰਵਾਨ ਕੀਤਾ ਹੈ। ਲੈਨਿਨ ਅਨੁਸਾਰ'ਮਾਰਕਸਵਾਦੀ ਦਰਸ਼ਨ ਜੋ ਇਸਪਾਤ ਦੇ ਇਕੋ ਟੁਕੜੇ ਤੋਂ ਢਲ ਕੇ ਬਣਿਆ ਹੈ, ਤੁਸੀਂ ਇੱਕ ਮੁੱਢਲੀ ਸਥਾਪਨਾ,ਇਕ ਮਹੱਤਵਪੂਰਨ ਪੱਖ ਨੂੰ, ਬਾਹਰਮੁਖੀ ਸੱਚ ਤੋਂ ਮੁਨਕਰ ਹੋਇਆਂ ਬਗ਼ੈਰ ਅਤੇ ਬੁਰਜੂਆ-ਪਿਛਾਖੜੀ ਝੂਠ ਦਾ ਸ਼ਿਕਾਰ ਹੋਏ ਬਿਨਾਂ, ਨਜ਼ਰ-ਅੰਦਾਜ਼ ਨਹੀਂ ਕਰ ਸਕਦਾ। ਮਾਰਕਸਵਾਦੀ ਦਰਸ਼ਨ ਦੀ ਇਸ ਵਿਲੱਖਣਤਾ ਬਾਰੇ ਵਿਚਾਰ ਕਰਦਿਆਂ ਅਲਤਿਊਸਰ ਲਿਖਦੇ ਹਨ,'ਮਾਰਕਸ ਇਤਿਹਾਸ ਦੇ ਵਿਗਿਆਨ ਦੀ ਨੀਂਹ ਰੱਖਦਾ ਹੈ, ਜਦੋਂ ਕਿ ਪਹਿਲੇ ਇਤਿਹਾਸ ਦੇ ਕੇਵਲ ਦਰਸ਼ਨ ਹੀ ਹੁੰਦੇ ਸਨ। ਇਸ ਤੋਂ ਵੀ ਵੱਧ ਆਪ ਅਨੁਸਾਰ 'ਮਾਰਕਸਵਾਦੀ ਸਿਧਾਂਤ ਮਨੁੱਖੀ ਗਿਆਨ ਦੇ ਇਤਿਹਾਸ ਵਿਚ ਇਕ ਅਨੋਖੇ ਇਨਕਲਾਬ ਦੀ ਪ੍ਰਤਿਨਿਧਤਾ ਕਰਦਾ ਹੈ। ਆਪ ਇਤਿਹਾਸਿਕ ਪਦਾਰਥਵਾਦ ਨੂੰ ਵਿਗਿਆਨ ਅਤੇ ਦਵੰਦਾਵਾਦੀ ਪਦਾਰਥਵਾਦ ਨੂੰ ਦਰਸ਼ਨ ਸਮਝਦੇ ਸਨ।ਪਲੈਖਾਨੋਵ ਨੇ ਦਰਸ਼ਨ ਦੇ ਇਸ ਖੇਤਰ ਵਿਚ ਆਏ ਇਸ ਇਨਕਲਾਬ ਨੂੰ ਮੂਰਤੀਮਾਨ ਕਰਦਿਆਂ ਇਹ ਵਿਚਾਰ ਅੰਕਿਤ ਕੀਤੇ ਹਨ'ਮਾਰਕਸ ਦੇ ਪਦਾਰਥਵਾਦੀ ਦਰਸ਼ਨ ਦਾ ਪ੍ਰਗਟ ਹੋਣਾ ਇਕ ਉਚਿਤ ਇਨਕਲਾਬ ਸੀ,ਜੋ ਮਨੁੱਖੀ ਚਿੰਤਨ ਦੇ ਇਤਿਹਾਸ ਵਿਚ ਮਹਾਨਤਮ ਹੈ ‌। ਇਸ ਦਾ ਇਕੋ ਇਕ ਕਾਰਨ ਇਹ ਹੈ ਕਿ ਇਸ ਦਰਸ਼ਨ ਨੇ ਲੁੱਟ- ਖਸੁੱਟ ਦੇ ਵਿਰੁੱਧ ਜੂਝ ਰਹੀ ਮਜ਼ਦੂਰ ਜਮਾਤ ਦਾ ਵਿਸ਼ਵ-ਦ੍ਰਿਸ਼ਟੀਕੋਣ ਬਣ ਕੇ ਇੱਕ ਅਜਿਹੇ ਨਵੇਂ ਸਮਾਜ ਦੀ ਸਿਰਜਣਾ ਕਰਨੀ ਹੈ ਜੋ ਹਰ ਪ੍ਰਕਾਰ ਦੀ ਮਨੁੱਖੀ ਲੁੱਟ -ਖਸੁੱਟ ਤੋਂ ਮੁਕਤ ਅਤੇ ਸਮਾਜ-ਰਹਿਤ ਹੋਵੇ।

'ਇਤਿਹਾਸਕਦ੍ਰਿਸ਼ਟੀ ਵੇਖਿਆ ਜਾਵੇ, ਤਾਂ ਮਾਰਕਸ ਅਤੇ ਏਂਗਲਜ਼ ਤੋਂ ਬਾਅਦ,ਇਸ ਦਰਸ਼ਨ ਦੇ ਵਿਕਾਸ ਵਿੱਚ ਅਗਲਾ ਨਾਂ ਵੀ.ਆਈ.ਲੈਨਿਨ(1870-1924)ਦਾ ਹੈ। ਲੈਨਿਨਵਾਦ ਨੂੰ ਸਾਮਰਾਜ ਅਤੇ ਪ੍ਰੋਲੇਤਾਰੀ ਦੇ ਯੁੱਗ ਦਾ, ਪੂੰਜੀਵਾਦੀ ਤੋਂ ਸਮਾਜਵਾਦੀ ਤਬਦੀਲੀ ਅਤੇ ਕਮਿਊਨਿਸਟ ਸਮਾਜ ਦੀ ਉਸਾਰੀ ਦੇ ਯੁੱਗ ਦਾ ਮਾਰਕਸਵਾਦ ਪ੍ਰਵਾਨ ਕੀਤਾ ਜਾਂਦਾ ਹੈ। ਲੈਨਿਨ ਨੇ ਨਾ ਕੇਵਲ ਮਾਰਕਸਵਾਦੀ ਦਰਸ਼ਨ ਨੂੰ ਅਮੀਰ ਹੀ ਕੀਤਾ ਸਗੋਂ ਇਸ ਸਿਧਾਂਤ ਨੂੰ ਅਮਲ ਦੀ ਕਸਵੱਟੀ ਉਤੇ ਲਾ ਕੇ ਸੱਚਾ ਸਾਬਤ ਕੀਤਾ। ਲੈਨਿਨ ਨੇ ਨਵੀਆਂ ਵਿਗਿਆਨਿਕ ਲਭਤਾਂ ਦੇ ਪ੍ਰਸੰਗ ਵਿੱਚ, ਦਵੰਦਵਾਦੀ ਪਦਾਰਥਵਾਦ ਨੂੰ ਉਨ੍ਹਾਂ ਦੇ ਵਿਸ਼ਲੇਸ਼ਣ ਦਾ ਸਮਰੱਥ ਸਿੱਧ ਕੀਤਾ।[2]

ਚੀਨੀ ਇਨਕਲਾਬ

ਚੀਨੀ ਇਨਕਲਾਬ ਦੇ ਮੋਹਰੀ, ਮਾਉ-ਜੇ-ਤੁੰਗ ਨੇ ਸਟਾਲਿਨ ਦੇ ਨਾਲ ਨਾਲ ਮਾਰਕਸਵਾਦੀ ਦਰਸ਼ਨ ਨੂੰ ਹੋਰ ਵਿਕਸਿਤ ਕੀਤਾ। ਦਰਸ਼ਨ ਸੰਬੰਧੀ ਉਹਨਾਂ ਦੇ ਵਿਚਾਰ on practice ਅਤੇੇ on contradiction ਨਾਂ ਦੇ ਲੇਖਾਂ ਵਿੱਚ ਪ੍ਰਾਪਤ ਹੁੰਦੇ ਹਨ। ਮਾਉਂ ਦਾ ਵਿਚਾਰ ਸੀ ਕਿ ਕਿਸੇ ਗਿਆਨ ਜਾਂ ਸਿਧਾਂਤ ਦੀ ਸਚਾਈ, ਅੰਤਰਮੁਖੀ ਭਾਵਨਾਵਾਂ ਦੀ ਥਾਂ, ਸਮਾਜਿਕ ਅਮਲ ਤੇ ਬਾਹਰਮੁਖੀ ਨਤੀਜਿਆਂ ਰਾਹੀਂ ਨਿਸ਼ਚਿਤ ਹੁੰਦੀ ਹੈ। ਸਚ ਦੀ ਇੱਕੋ ਇੱਕ ਕਸਵੱਟੀ ਸਮਾਜਿਕ ਅਮਲ ਹੀ ਹੋ ਸਕਦੀ ਹੈ। ਮਾਉਂ ਨੇ ਡਾਇਲੈਕਟਿਕਸ ਦੇ ਨੇਮਾਂ ਦੀ ਥਾਂ ਆਪਣੇ ਚਿੰਤਨ ਵਿੱਚ ਕੇਂਦਰੀ ਮਹੱਤਵ ਵਿਰੋਧਤਾ ਨੂੰ ਦਿੱਤਾ।[3]

ਚੇਤਨਾ ਅਤੇ ਪਦਾਰਥ

ਮਨੁੱਖ ਦੀ ਚੇਤਨਾ ਪਦਾਰਥ ਵਿੱਚੋਂ ਉਤਪੰਨ ਹੁੰਦੀ ਹੈ ਅਤੇ ਨਾ ਕਿ ਪਦਾਰਥ ਵਿੱਚੋਂ ਚੇਤਨਾ ਉਤਪੰਨ ਹੁੰਦੀ ਹੈ।ਇਹ ਇੱਕ ਦਰਸ਼ਨ ਦਾ ਪ੍ਰਾਥਮਿਕ ਵਿਵਾਦ ਹੈ। ਜਿਵੇਂ ਪਲੈਟੋ ਕਹਿੰਦਾ ਹੈ ਕਿ ਕਿਸੇ ਦੇ ਮਨ ਵਿੱਚ ਟੇਬਲ ਦਾ ਵਿਚਾਰ ਆਇਆ ਤਾਂ ਉਸਨੇ ਟੇਬਲ ਬਣਾ ਦਿੱਤਾ।ਇਸੇ ਕਾਰਨ ਵਿਚਾਰ ਪਹਿਲਾਂ ਹੈ ਅਤੇ ਪਦਾਰਥ ਬਾਅਦ ਵਿੱਚ ਹੈ।ਪਰ ਮਾਰਕਸ ਕਹਿੰਦਾ ਹੈ ਕਿ ਪਹਿਲਾਂ ਪਦਾਰਥ ਹੁੰਦਾ ਹੈ। ਫਿਰ ਬਾਅਦ ਵਿੱਚ ਚੇਤਨਾ ਹੁੰਦੀ ਹੈ। ਫਿਰ ਉਹ ਕਹਿੰਦਾ ਹੈ ਕਿ ਚੇਤਨਾ ਅਤੇ ਪਦਾਰਥ ਦੇ ਦਵੰਦਾ ਵਿਚੋਂ ਚੀਜ਼ਾਂ ਉਤਪੰਨ ਹੁੰਦੀਆ ਹਨ।ਇਸ ਕਰਕੇ ਉਹਨਾਂ ਦਾ ਚਿੰਤਨ ਦਵੰਦ ਆਤਮਕ ਹੈ।ਇਹ ਪਦਾਰਥ ਨੂੰ ਪ੍ਰਾਥਮਿਕ ਮੰਨਦੇ ਹਨ। ਮਾਰਕਸਵਾਦੀ ਕਹਿੰਦੇ ਹਨ ਕਿ ਕਿਸੇ ਚੀਜ਼ ਨੂੰ ਜਾਣਨ ਲਈ ਉਸਦੇ ਅੰਦਰੋਂ ਜਾਣਨਾਂ ਜ਼ਰੂਰੀ ਹੈ ਸਿਰਫ ਵਿਚਾਰ ਤੇ ਚੇਤਨਾ ਤੋਂ ਚੀਜ਼ਾਂ ਨੂੰ ਨਹੀਂ ਸਮਝਿਆ ਜਾਂ ਸਕਦਾ। ਮਾਰਕਸਵਾਦ ਅਨੁਸਾਰ ਸਮਾਜ ਦੇ ਆਧਾਰ ਨੂੰ ਜਾਣਨ ਲਈ ਸਮਾਜਿਕ ਪ੍ਰਸਥਿਤੀਆਂ ਮਹੱਤਵਪੂਰਨ ਹਨ ਅਤੇ ਵਿਚਾਰ ਬਾਅਦ ਵਿੱਚ ਹਨ। ਰਾਜਨੀਤਿਕ ਤਾਕਤ ਮਹੱਤਵਪੂਰਨ ਹੈ, ਰਾਜਨੀਤਿਕ ਵਿਚਾਰ ਬਾਅਦ ਵਿੱਚ ਹਨ।ਇਹ ਮਾਰਕਸਵਾਦ ਦੇ ਦਰਸ਼ਨ ਦਾ ਪਹਿਲਾ ਸੂਤਰ ਹੈ।

ਦਵੰਦਵਾਦ

ਮਾਰਕਸਵਾਦ ਦਾ ਦਰਸ਼ਨ ਦਵੰਦਵਾਦੀ ਪਦਾਰਥਵਾਦ ਹੈ। ਪਦਾਰਥਵਾਦ ਅਤੇ ਦਵੰਦਵਾਦ ਇੱਕ ਦੂਸਰੇ ਨਾਲ ਦਵੰਦਾਤਮਕ ਸੰਬੰਧਾਂ ਵਿੱਚ ਜੁੜੇ ਹੋਏ ਹਨ। ਏਂਗਲਜ਼ ਨੇ ਦਵੰਦਵਾਦ ਦੀ ਵਿਆਖਿਆ ਕਰਦਿਆਂ ਇਸ ਨੂੰ ਪ੍ਰਕਿਰਤੀ ਮਨੁੱਖੀ ਸਮਾਜ ਅਤੇ ਚਿੰਤਨ ਦੀ ਗਤੀ ਅਤੇ ਵਿਕਾਸ ਦੇ ਸਾਮਾਨਯ ਨਿਯਮਾਂ ਦਾ ਵਿਗਿਆਨ ਕਿਹਾ ਜਾਂਦਾ ਹੈ। ਦਵੰਦਵਾਦੀ ਛਾਲ ਵਾਂਗ ਇਨਕਲਾਬੀ ਅਮਲ ਸਮਝਦਾ ਹੈ। ਸੰਸਾਰ ਦਾ ਇੱਕ ਅੰਤਰ ਸੰਬੰਧਿਤ ਸਮੁਚ ਵਜੋਂ ਅਧਿਐਨ, ਵਸਤਾਂ ਦੇ ਸਰਵ ਵਿਆਪਕ ਸੰਬੰਧਾਂ ਦਾ ਨਿਰੀਖਣ, ਦਵੰਦਵਾਦੀ ਪਦਾਰਥਵਾਦ ਦਾ ਇੱਕ ਮਹੱਤਵਪੂਰਨ ਕਾਰਜ ਹੈ।[4]

ਦਵੰਦਵਾਦੀ ਨਿਯਮ

ਦਵੰਦਵਾਦੀ ਦੀ ਪਦਾਰਥਵਾਦ ਵਿੱਚ ਨਿਯਮਾਂ ਦੀ ਜਾਣਕਾਰੀ।

1: ਵਿਰੋਧਾਂ ਦੀ ਏਕਤਾ ਅਤੇ ਸੰਘਰਸ਼ ਦਾ ਨਿਯਮ।

2:ਮਾਤ੍ਰਿਕ ਤਬਦੀਲੀਆਂ ਦੇ ਸਿਫਤੀ ਤਬਦੀਲੀਆਂ ਵਿੱਚ ਬਦਲਣ ਦਾ ਨਿਯਮ।

3:ਨਿਖੇਧ ਦੇ ਨਿਖੇਧ ਦਾ ਨਿਯਮ।

ਉਪਰੋਕਤ ਤਿੰਨ ਨਿਯਮ ਦਵੰਦਵਾਦੀ ਪਦਾਰਥਵਾਦ ਦੇ ਪ੍ਰਮੁੱਖ ਨਿਯਮ ਹਨ, ਜਿਹੜੇ ਸਮੁੱਚੇ ਰੂਪ ਵਿਚ, ਪ੍ਰਕਿਰਤੀ,ਸਮਾਜ ਅਤੇ ਚਿੰਤਨ ਦੀਆਂ ਸਮੱਸਿਆਂਵਾਂ ਨੂੰ ਸਮਝਣ ਅਤੇ ਹੱਲ‌ ਕਰਨ ਵਿੱਚ ਰਚਨਾਤਮਕ ਸਿਧਾਂਤਾਂ ਵਜੋਂ ਸਾਡੀ ਅਗਵਾਈ ਕਰਦੇ ਹਨ।[4]

ਦਵੰਦਵਾਦੀ ਪਦਾਰਥਵਾਦੀ ਦਰਸ਼ਨ ਵਿੱਚ ਦਵੰਦਵਾਦੀ ਨਿਯਮਾਂ ਦੇ ਨਾਲ ਨਾਲ ਹੇਠ ਲਿਖੇ ਪ੍ਰਵਰਗਾਂ ਨੂੰ ਪ੍ਰਵਾਨ ਕੀਤਾ ਗਿਆ ਹੈ।1)ਸਾਮਾਨਯ 2)ਰੂਪ ਅਤੇ ਵਸਤੂ 3)ਤੱਤ ਅਤੇ ਵਰਤਾਰਾ 4)ਕਾਰਣ ਅਤੇ ਕਾਰਜ 5)ਸਬੱਬ ਅਤੇ ਲੋੜ 6)ਸੰਭਾਵਨਾ ਅਤੇ ਯਥਾਰਥ

ਇਤਿਹਾਸਕ ਪਦਾਰਥਵਾਦ

ਮਾਰਕਸ ਅਤੇ ਏਂਗਲਜ਼ ਨੇ ਪ੍ਰਕਿਰਤੀ ਅਤੇ ਚਿੰਤਨ ਸੰਬੰਧੀ ਸਾਮਾਨਯ ਨਿਯਮਾਂ ਦੇ ਨਾਲ-ਨਾਲ ਮਨੁੱਖੀ ਸਮਾਜ ਦੇ ਵਿਕਾਸ ਨਾਲ ਸੰਬੰਧਿਤ ਪਦਾਰਥਵਾਦੀ ਸਿਧਾਂਤ ਦੀ ਸਥਾਪਨਾ ਵੀ ਕੀਤੀ। ਉਹਨਾਂ ਨੇ ਸਮਾਜਿਕ ਵਿਕਾਸ ਦੇ ਇੱਕ ਬਾਹਰਮੁਖੀ ਅਤੇ ਵਿਗਿਆਨਕ ਸਿਧਾਂਤ ਇਤਿਹਾਸਕ ਪਦਾਰਥਵਾਦ ਦੀ ਸਿਰਜਣਾ ਕਰਕੇ,ਸਮਾਜ ਸੰਬੰਧੀ ਪ੍ਰਚਲਿਤ ਆਦਰਸ਼ਵਾਦੀ ਧਾਰਨਾਵਾਂ ਦੇ ਵਿਰੋਧ ਵਿੱਚ ਇਨਕਲਾਬੀ ਸਿਧਾਂਤ ਦੀ ਸਥਾਪਨਾ ਕੀਤੀ। ਮਾਰਕਸਵਾਦੀ ਸਿਧਾਂਤਾਂ ਦੀ ਸਥਾਪਨਾ ਤੋਂ ਪਹਿਲਾਂ ਗੀਜੋ, ਥੀਏਰੀ,ਨਿਮੀਏ , ਸਮਿੱਥ, ਰਿਕਾਰਡੋ, ਸਾਈਮਨ ਆਦਿ ਚਿੰਤਕਾਂ ਦੇ ਨਾਂ ਅਗਵਾਨੂੰਆਂ ਵਜੋਂ ਗਿਣੇ ਜਾਂਦੇ ਹਨ ਦਰਸ਼ਨ ਦੇ ਬੁਨਿਆਦੀ ਪ੍ਰਸ਼ਨ ਵਾਂਗ ਮਾਰਕਸਵਾਦੀ ਦਰਸ਼ਨ ਇਸ ਸਿਧਾਂਤ ਦਾ ਧਾਰਨੀ ਹੈ ਕਿ'ਸਮਾਜਿਕ ਹੋਂਦ'ਹੀ ਸਮਾਜਿਕ ਚੇਤਨਾ ਨੂੰ ਨਿਰਧਾਰਿਤ ਕਰਦੀ ਹੈ। ਸਮਾਜਿਕ ਚੇਤਨਾ ਲੋਕਾਂ ਦਾ ਸਮਾਜਿਕ ਜੀਵਨ ਹ, ਉਹ ਜੋ ਕੁਝ ਕਰਦੇ ਹਨ, ਉਸ ਵਿਚ ਉਨ੍ਹਾਂ ਦੀ ਅਗਵਾਈ ਕਰਨ ਵਾਲੇ ਵਿਚਾਰ, ਸਿਧਾਂਤ ਅਤੇ ਦ੍ਰਿਸ਼ਟੀਕੋਣ ਸਮਾਜਿਕ ਚੇਤਨਾ ਵਿੱਚ ਸ਼ਾਮਲ ਕੀਤੇ ਜਾ ਸਕਦੇ ਹਨ। ਸਮੂਹ ਸਮਾਜਿਕ ਸੰਬੰਧਾਂ ਵਿੱਚੋਂ ਆਰਥਿਕ ਉਤਪਾਦਨ ਦੇ ਸੰਬੰਧਾਂ ਨੂੰ ਫ਼ੈਸਲਾਕੁਨ ਰੂਪ ਵਿਚ ਚੁਣਦਿਆਂ ਇਤਿਹਾਸਿਕ ਪਦਾਰਥਵਾਦ ਦੇ ਮੂਲ ਸੰਕਲਪ'ਸਮਾਜਿਕ ਆਰਥਿਕ ਬਣਤਰ'ਦੀ ਨੀਂਹ ਮਾਰਕਸ ਨੇ ਹੀ ਰੱਖੀ ਸੀ।'ਸਮਾਜਿਕ ਆਰਥਿਕ ਬਣਤਰ,ਇਕ ਨਿਸ਼ਚਿਤ ਅਤੇ ਇਤਿਹਾਸਕ ਤੌਰ ਤੇ ਉਤੇ ਠੋਸ ਸਮਾਜ ਹੁੰਦਾ ਹੈ,ਜੋ ਇੱਕ ਵਿਸ਼ੇਸ਼ ਉਤਪਾਦਨ ਵਿਧੀ ਦੇ ਆਧਾਰ ਉੱਤੇ ਸਮਾਜਿਕ ਵਰਤਾਰਿਆਂ ਅਤੇ ਸੰਬੰਧਾਂ ਦਾ ਉਨ੍ਹਾਂ ਦੀ ਅੰਗਿਕ ਏਕਤਾ ਅਤੇ ਅੰਤਰ-ਕ੍ਰਿਆ ਦੇ ਆਧਾਰ ਉੱਤੇ ਇੱਕ ਪ੍ਰਬੰਧ ਦਾ ਨਿਰਮਾਣ ਕਰਦੀ ਹੈ, ਜੋ ਆਪਣੇ ਹੀ ਵਿਸ਼ੇਸ਼ ਨਿਯਮਾਂ ਦੇ ਅਨੁਸਾਰ ਵਿਕਾਸ ਕਰਦੀ ਹੈ'ਸਮਾਜਿਕ ਆਰਥਿਕ ਬਣਤਰ ਦੇ ਸੰਕਲਪ ਨੂੰ ਇਤਿਹਾਸਿਕ ਪਦਾਰਥਵਾਦ ਦੀ ਆਧਾਰ-ਸਿਲਾ ਪ੍ਰਵਾਨ ਕੀਤਾ ਜਾਂਦਾ ਹੈ। ਇਤਿਹਾਸਕ ਪਦਾਰਥਵਾਦ ਦਾ ਵਸਤੂ ਸਮਾਜ ਅਤੇ ਇਸ ਦੇ ਵਿਕਾਸ ਨਿਯਮ ਹਨ। ਸਮਾਜਿਕ ਹੋਂਦ, ਸਮਾਜਿਕ ਚੇਤਨਾ, ਉਤਪਾਦਨ ਦੇ ਢੰਗ, ਆਧਾਰ, ਉਪਰਲੀ ਬਣਤਰ, ਸਮਾਜਿਕ ਉਨਤੀ ਆਦਿ ਸੰਕਲਪ, ਇਤਿਹਾਸਿਕ ਪਦਾਰਥਵਾਦ ਦੇ ਮੁੱਖ ਸੰਕਲਪ ਹਨ।

ਕਿਰਤ ਸਮਾਜਿਕ ਜੀਵਨ ਅਤੇ ਇਸ ਦੇ ਵਿਕਾਸ ਦਾ ਮੂਲ-ਆਧਾਰ ਹੈ। ਕਿਰਤ ਇੱਕ ਸਮਾਜਿਕ ਅਮਲ ਹੈ ਅਤੇ ਪਦਾਰਥਵਾਦ ਉਤਪਾਦਨ ਹੀ ਸਮਾਜਿਕ ਵਿਕਾਸ ਦਾ ਮੂਲ ਧੁਰਾ ਹੈ। ਉਨ੍ਹਾਂ ਵਸਤਾਂ, ਜਿਨ੍ਹਾਂ ਉੱਤੇ ਕਿਰਤ ਅਮਲ ਕਰਦੀ ਹੈ, ਨੂੰ ਕਿਰਤ ਦੀ ਵਸਤੂ ਕਿਹਾ ਜਾਂਦਾ ਹੈ। ਮਸ਼ੀਨਾਂ,ਸੰਦ, ਇਮਾਰਤਾਂ ਅਤੇ ਆਵਾਜਾਈ ਦੇ ਸਾਧਨ ਆਦਿ ਕਿਰਤ ਦੇ ਸਾਧਨ ਹਨ। ਕਿਰਤ ਦੀਆਂ ਵਸਤਾਂ ਅਤੇ ਕਿਰਤ ਦੇ ਸੰਦ ਮਿਲ ਕੇ ਉਤਪਾਦਨ ਦੇ ਸੋਮੇ ਬਣਦੇ ਹਨ। ਉਤਪਾਦਨ ਦੇ ਸੰਦ ਅਤੇ ਮਨੁੱਖ ਮਿਲ ਕੇ ਉਤਪਾਦਨ ਦੀਆਂ ਸ਼ਕਤੀਆਂ ਕਹਾਉਂਦੇ ਹਨ।

ਉਤਪਾਦਨ ਦੇ ਸੰਬੰਧ ਉਤਪਾਦਨ ਲਈ ਹਰ ਮਨੁੱਖ ਨੂੰ ਦੂਸਰੇ ਮਨੁੱਖ ਦੇ ਸਹਿਯੋਗ ਦੀ ਲੋੜ ਹੁੰਦੀ ਹੈ। ਇਉਂ ਉਤਪਾਦਨ ਦੌਰਾਨ ਵੀ ਮਨੁੱਖ ਅਤੇ ਮਨੁੱਖ ਵਿਚਕਾਰ ਸੰਬੰਧ ਸਥਾਪਿਤ ਹੁੰਦੇ ਹਨ। ਉਤਪਾਦਨ ਦੇ ਅਮਲ ਵਿੱਚ ਲੋਕਾਂ ਦਰਮਿਆਨ ਜਿਹੜੇ ਸੰਬੰਧ ਬਣਦੇ ਹਨ, ਉਨ੍ਹਾਂ ਨੂੰ ਉਤਪਾਦਨ ਦੇ ਸੰਬੰਧ ਪ੍ਰਵਾਨ ਕੀਤਾ ਜਾਂਦਾ ਹੈ। ਇਉਂ ਕਿਸੇ ਵੀ ਇਤਿਹਾਸਿਕ ਦੌਰ ਦੀ ਸਮਾਜਿਕ ਆਰਥਿਕ ਬਣਤਰ ਵਿਚ ਉਤਪਾਦਨ ਦੀ ਕੋਈ ਵੀ ਵਿਧੀ ਉਤਪਾਦਨ ਦੀਆਂ ਸ਼ਕਤੀਆਂ ਦੇ ਅਨੁਸਾਰੀ ਉਤਪਾਦਨ ਦੇ ਸੰਬੰਧਾਂ ਦੀ ਏਕਤਾ ਨੂੰ ਹੀ ਸਥਾਪਿਤ ਕਰਦੀਆਂ ਹਨ। ਉਤਪਾਦਨ ਦੇ ਸੰਬੰਧ ਵਿੱਚ ਉਤਪਾਦਨ ਦੇ ਸੋਮਿਆਂ ਦੀ ਮਾਲਕੀ ਉਪਰ ਹੀ ਨਿਰਭਰ ਕਰਦੇ ਹਨ। ਸਮਾਜ ਵਿਚ ਵੰਡ ਦਾ ਸਰੂਪ ਵੀ ਉਤਪਾਦਨ ਦੇ ਸੋਮਿਆਂ ਦੀ ਮਾਲਕੀ ਦੇ ਰੂਪ ਉਤੇ ਹੀ ਨਿਰਭਰ ਕਰਦਾ ਹੈ ‌ਉਤਪਾਦਨ ਦੇ ਸੰਬੰਧ ਲੋਕਾਂ ਦੀ ਚਾਹਤ ਅਤੇ ਇੱਛਾ ਤੋਂ ਸੁਤੰਤਰ ਉਤਪਾਦਨ ਸ਼ਕਤੀਆਂ ਦੇ ਵਿਕਾਸ ਦੇ ਆਧਾਰ ਉੱਤੇ ਆਪਣਾ ਬਾਹਰਮੁਖੀ ਰੂਪ ਇਖ਼ਤਿਆਰ ਕਰਦੇ ਹਨ। ਉਤਪਾਦਨ ਸਮਾਜ ਦੀਆਂ ਲੋੜਾਂ ਦੀ ਪੂਰਤੀ ਦੇ ਫਲਸਰੂਪ ਹਮੇਸ਼ਾ ਵਿਕਾਸ ਕਰਦਾ ਹੈ। ਇਹ ਵਿਕਾਸ ਸਭ ਤੋਂ ਪਹਿਲਾਂ ਉਤਪਾਦਨ ਦੇ ਸੰਦਾਂ ਵਿਚ ਵਾਪਰਦਾ ਹੈ।ਉਸ ਤੋਂ ਬਾਅਦ ਇਹ ਉਤਪਾਦਨ ਦੀਆਂ ਸ਼ਕਤੀਆਂ ਵਿੱਚ ਵਾਪਰਦਾ ਹੈ। ਉਤਪਾਦਨ ਦੀਆਂ ਸ਼ਕਤੀਆਂ ਅਤੇ ਉਤਪਾਦਨ ਦੇ ਸੰਬੰਧ ਦਵੰਦਾਤਮਕ ਹੁੰਦੇ ਹਨ।ਇਉਂ ਉਤਪਾਦਨ ਦੇ ਸੰਬੰਧ ਸਥਿਰ ਨਿਸ਼ਕ੍ਰਿਯ ਅਤੇ ਉਤਪਾਦਨ ਦੀਆਂ ਸ਼ਕਤੀਆਂ ਦਾ ਕੇਵਲ ਨਿਸ਼ਕ੍ਰਿਯ ਪ੍ਰਤਿਬਿੰਬ ਨਹੀਂ ਹੁੰਦੇ ਸਗੋਂ ਸਮੇਂ-ਸਮੇਂ ਇਹ ਸੰਬੰਧ ਉਤਪਾਦਨ ਦੀਆਂ ਸ਼ਕਤੀਆਂ ਨੂੰ ਡੂੰਘੀ ਤਰ੍ਹਾਂ ਪ੍ਰਭਾਵਿਤ ਕਰਨ ਦੇ ਸਮਰੱਥ ਹੁੰਦੇ ਹਨ। ਜਦੋਂ ਉਤਪਾਦਨ ਦੇ ਸੰਬੰਧ ਉਤਪਾਦਨ ਦੀਆਂ ਸ਼ਕਤੀਆਂ ਦੇ ਵਿਕਾਸ ਦੇ ਰਾਹ ਵਿਚ ਰੁਕਾਵਟ ਬਣ ਜਾਂਦੇ ਹਨ, ਉਦੋਂ ਅਜਿਹੀ ਇਤਿਹਾਸਿਕ ਪ੍ਰਸਥਿਤੀ ਵਿਚ ਸਮਾਜ ਵਿਚ ਇਨਕਲਾਬਾਂ ਦਾ ਦੌਰ ਆਰੰਭ ਹੁੰਦਾ ਹੈ। ਉਤਪਾਦਨ ਦੀਆਂ ਸ਼ਕਤੀਆਂ ਆਪਣੇ ਅਨੁਸਾਰੀ ਉਤਪਾਦਨ ਦੇ ਸੰਬੰਧਾਂ ਦਾ ਨਿਖੇਧ ਕਰਕੇ ਆਪ ਵੀ ਉਚੇਰੀ ਸਮਾਜਿਕ -ਆਰਥਿਕ ਬਣਤਰ ਲਈ ਰਾਹ ਸਾਫ਼ ਕਰ ਲੈਂਦੇ ਹਨ। ਉਸਾਰ/ਨੀਂਹ

ਕਿਸੇ ਸਮਾਜ ਦੇ ਉਤਪਾਦਨ ਸੰਬੰਧਾਂ ਦਾ ਕੁੱਲ ਜੋੜ ਹੀ ਕਿਸੇ ਸਮਾਜ ਦਾ ਆਰਥਿਕ ਢਾਂਚਾ, ਇਹਦਾ ਆਧਾਰ ਜਾਂ ਨੀਂਹ ਬਣਦਾ ਹੈ।ਇਹ ਨੀਂਹ ਹੀ ਸਮਾਜ ਦਾ ਬੁਨਿਆਦੀ ਢਾਂਚਾ ਹੁੰਦੀ ਹੈ, ਜਿਸ ਉਪਰ ਸਮਾਜ ਦਾ ਬਾਕੀ ਸਾਰਾ ਦਿਸਦਾ ਢਾਂਚਾ ਜਿਵੇਂ ਰਾਜ, ਕਾਨੂੰਨ, ਨੈਤਿਕਤਾ, ਰਾਜਨੀਤੀ, ਧਰਮ,ਕਲਾ ਆਦਿ ਉਸਰਿਆ ਹੁੰਦਾ ਹੈ। ਮਨੁੱਖੀ ਚੇਤਨਾ ਦੇ ਇਹਨਾਂ ਵੱਖ-ਵੱਖ ਰੂਪਾਂ ਦੇ ਸਮੁਚ ਨੂੰ ਹੀ ਅਸੀਂ ਕਿਸੇ ਸਮਾਜ ਦੇ ਉਸਾਰ ਜਾਂ ਉਪਰਲੀ ਬਣਤਰ ਵਜੋਂ ਗ੍ਰਹਿਣ ਕਰਦੇ ਹਾਂ। ਨਿਰਸੰਦੇਹ ਮਾਰਕਸਵਾਦੀ ਦਰਸ਼ਨ, ਨੀਂਹ ਦੇ ਫੈਸਲਾਕੁੰਨ ਅਤੇ ਪ੍ਰਾਥਮਿਕ ਰੋਲ ਨੂੰ ਪ੍ਰਵਾਨਗੀ ਦਿੰਦਾ ਹੈ। ਸਮਾਜਿਕ ਆਰਥਿਕ ਬਣਤਰਾਂ ਬਾਰੇ ਗਿਆਨ ਦੇ ਵਿਸਤਾਰ ਨੇ ਮਨੁੱਖੀ ਇਤਿਹਾਸ ਦੀ ਕਾਲ ਵੰਡ ਲਈ ਆਧਾਰ ਪ੍ਰਦਾਨ ਕੀਤਾ ਹੈ। ਹੁਣ ਤੱਕ ਦੀਆਂ ਪ੍ਰਾਪਤ ਸਮਾਜਿਕ ਆਰਥਿਕ ਬਣਤਰਾਂ ਦੇ ਪਰਿਪੇਖ ਵਿੱਚ ਇਹਨਾਂ ਨੂੰ ਇਸ ਪ੍ਰਕਾਰ ਸਮਝਿਆ ਜਾ ਸਕਦਾ ਹੈ।

1:ਆਦਿਮ ਸਾਮਵਾਦ

2: ਗ਼ੁਲਾਮਦਾਰੀ(slavery)

3: ਜਾਗੀਰਦਾਰੀ (feudalism)

4: ਸਰਮਾਏਦਾਰੀ (feudalism)

5: ਕਮਿਉਨਿਜ਼ਮ (communism)[5]

ਦਾਰਸ਼ਨਿਕ ਆਧਾਰ

ਸਾਹਿਤ ਵਿੱਚ ਮਾਰਕਸਵਾਦੀ ਆਲੋਚਨਾ ਤੋਂ ਭਾਵ ਉਸ ਆਲੋਚਨਾ ਤੋਂ ਹੈ,ਜੋ ਦਾਰਸ਼ਨਿਕ ਪੱਧਰ ਉੱਤੇ ਮਾਰਕਸਵਾਦ ਨੂੰ ਆਪਣੇ ਮੂਲ ਦਾਰਸ਼ਨਿਕ ਆਧਾਰ ਵਜੋਂ ਪ੍ਰਵਾਨ ਕਰਦੀ ਹੈ। ਦਵੰਦਵਾਦੀ ਪਦਾਰਥਵਾਦੀ ਦ੍ਰਿਸ਼ਟੀਕੋਣ, ਅਜਿਹਾ ਦ੍ਰਿਸ਼ਟੀਕੋਣ ਹੈ ਜੋ ਸਮਾਜ, ਪ੍ਰਕਿਰਤੀ ਅਤੇ ਚਿੰਤਨ ਦੀਆਂ ਸਮੁੱਚੀਆਂ ਸਮੱਸਿਆਵਾਂ ਨੂੰ ਮੂਲ ਰੂਪ ਵਿੱਚ ਪਦਾਰਥਵਾਦੀ ਦ੍ਰਿਸ਼ਟੀ ਤੋਂ ਦਵੰਦਵਾਦੀ ਵਿਧੀ ਨਾਲ ਵੇਖਣ ਅਤੇ ਸਮਝਣ ਦਾ ਯਤਨ ਕਰਦਾ ਹੈ।ਇਹ ਦਰਸ਼ਨ ਸੰਸਾਰ ਦੇ ਸਮੂਹ ਵਰਤਾਇਆ ਨੂੰ ਕਿਸੇ ਪੂਰਵ ਨਿਸ਼ਚਿਤ ਜਾਂ ਮਨ ਘੜਤ ਧਾਰਨਾਵਾਂ ਦੇ ਆਧਾਰ ਤੇ ਸਮਝੇ ਜਾਣ ਦੀ ਥਾਂ, ਸਮੂਹ ਵਰਤਾਇਆ ਨੂੰ ਜਿਵੇਂ ਉਹ ਵਾਪਰਦੇ ਹਨ,ਉਸੇ ਪ੍ਰਕਾਰ ਇੱਕ ਤਰਕਸ਼ੀਲ, ਵਿਗਿਆਨਕ ਅਤੇ ਬਾਹਰਮੁਖੀ ਦ੍ਰਿਸ਼ਟੀਕੋਣ ਤੋਂ ਸਮਝੇ ਜਾਣ ਦੀ ਜ਼ਰੂਰਤ ਨੂੰ ਨਿਰਧਾਰਤ ਕਰਦਾ ਹੈ।[6]

ਸਾਹਿਤ/ਕਲਾ ਉਸਾਰ ਦੇ ਇਕ ਅੰਗ ਵਜੋਂ

ਇਹ ਚਿੰਤਨ ਸਾਹਿਤ ਸਿਰਜਣਾ ਨੂੰ ਕਿਸੇ ਦੈਵੀ-ਪ੍ਰੇਰਣਾ ਜਾਂ ਰੱਬੀ ਦੇਣ ਸਮਝਣ ਦੀ ਥਾਂ, ਕਿਸੇ ਵਿਸ਼ੇਸ਼ ਸਮਾਜ ਦੀਆਂ ਇਤਿਹਾਸਕ ਪ੍ਰਸਿਥਤੀਆਂ ਦੀ ਉਪਜ ਵਜੋਂ ਹੀ ਪ੍ਰਵਾਨ ਕਰਦਾ ਹੈ।ਮਾਰਕਸ ਨੇ ਕਿਸੇ ਵੀ ਸਮਾਜ ਦੀ ਸਮਝ ਲਈ ਇਸਨੂੰ ਨੀਹ ਅਤੇ ਦ੍ਰਿਸ਼ਟਾਤ ਰਾਹੀਂ ਸਮਝਾਉਣ ਦਾ ਯਤਨ ਕੀਤਾ ਹੈ। ਸਮਾਜ ਦੀ ਨੀਂਹ ਵਿੱਚ ਕਿਸੇ ਸਮਾਜ ਦਾ ਸਮੁੱਚਾ ਆਰਥਿਕ ਢਾਂਚਾ ਸ਼ਾਮਿਲ ਹੁੰਦਾ ਹੈ। ਦੂਸਰਾ ਅੰਗ ਇਸਦਾ ਉਸਾਰ ਹੈ।[7]

ਸੁਹਜ ਚੇਤਨਾ ਸਮਾਜਿਕ ਹੈ ਜਮਾਂਦਰੂ ਨਹੀਂ

ਇਸ ਦ੍ਰਿਸ਼ਟੀਕੋਣ ਅਨੁਸਾਰ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਆਪਣੇ ਇਤਿਹਾਸਕ ਵਿਕਾਸ ਵਿੱਚ ਮਨੁੱਖ ਨੇ ਇਜੜ ਚੇਤਨਾ ਤੋਂ ਵਿਕਾਸ ਕਰਕੇ ਸਮਾਜਿਕ ਚੇਤਨਾ ਦਾ ਉਚੇਰਾ ਪੜਾਅ ਗ੍ਰਹਿਣ ਕੀਤਾ ਹੈ।ਜੋ ਮਨੁੱਖ ਦੇ ਵਿਕਾਸ ਦੇ ਇਤਿਹਾਸ ਵਿੱਚ ਇਹ ਅਹਿਮ ਪ੍ਰਾਪਤੀ ਹੈ।ਇਕ ਚਿੰਤਕ ਨੇ ਸੁਹਜ ਚੇਤਨਾ ਦੀ ਇਸ ਵਿਲੱਖਣਤਾ ਬਾਰੇ ਵਿਚਾਰ ਕਰਦਿਆਂ ਮਾਰਕਸ ਅਤੇ ਏਂਗਲਜ਼ ਦੇ ਹਵਾਲੇ ਨਾਲ ਇਹ ਧਾਰਨਾ ਸਥਾਪਿਤ ਕੀਤੀ ਹੈ ਕਿ ਮਨੁੱਖ ਦੀ ਸੁਹਜ ਚੇਤਨਾ ਜਮਾਂਦਰੂ ਨਹੀਂ ਹੁੰਦੀ ਸਗੋਂ ਇਹ ਸਮਾਜਿਕ ਤੌਰ ਤੇ ਗ੍ਰਹਿਣ ਕੀਤਾ ਗਿਆ ਇੱਕ ਵਿਸ਼ੇਸ਼ ਗੁਣ ਹੈ।[8]

ਵਿਚਾਰਧਾਰਕ ਸਾਧਨ:

ਸਾਹਿਤ ਉਸਾਰ ਦਾ ਅੰਗ ਹੋਣ ਕਾਰਨ ਕਿਸੇ ਸਮਾਜ ਵਿਚਲੀਆਂ ਵਿਰੋਧਤਾਵਾ ਨੂੰ ਹੀ ਇੱਕ ਵਿਚਾਰਧਾਰਕ ਰੂਪ ਵਜੋਂ ਪ੍ਰਗਟ ਕਰ ਰਿਹਾ ਹੁੰਦਾ ਹੈ। ਸਾਹਿਤ ਸਮਾਜ ਦੀ ਉਪਜ ਹੁੰਦਾ ਹੈ। ਇਉਂ ਜੋ ਸਾਹਿਤ ਅਤੇ ਸਮਾਜ ਦੇ ਦਵੰਦਾਤਮਕ ਸੰਬੰਧ ਹਨ ਤਾਂ ਨਿਰੰਸਦੇਹ ਸਾਹਿਤ ਸਮਾਜ ਵਿੱਚੋਂ ਪੈਦਾ ਹੋ ਕੇ ਸਮਾਜ ਨੂੰ ਵੀ ਪ੍ਰਭਾਵਿਤ ਕਰਨ ਦੀ ਸ਼ਕਤੀ ਰੱਖਦਾ ਹੈ। ਮਾਰਕਸਵਾਦੀ ਦਰਸ਼ਨ ਸਾਹਿਤ ਨੂੰ ਜਮਾਤਾਂ ਦੇ ਆਪਸੀ ਸੰਘਰਸ਼ ਵਿੱਚ ਇੱਕ ਵਿਚਾਰਧਾਰਕ ਯੋਗਦਾਨ ਦੀ ਜ਼ਰੂਰਤ ਅਤੇ ਮਹੱਤਵ ਨੂੰ ਇਹ ਆਲੋਚਨਾ ਪ੍ਰਣਾਲੀ ਬਹੁਤ ਹੀ ਮਹੱਤਵਪੂਰਨ ਸਮਝਦੀ ਹੈ। ਮਾਰਕਸ,ਏਂਗਲਿਜ਼ , ਲੈਨਿਨ ਅਤੇ ਮਾਓ ਆਦਿ ਚਿੰਤਕਾਂ ਨੇ ਲਾਜ਼ਮੀ ਰੂਪ ਵਿੱਚ ਸਾਹਿਤ ਨੂੰ ਰਾਜਨੀਤੀ ਦੇ ਅਧੀਨ ਪ੍ਰਵਾਨ ਕੀਤਾ ਹੈ। ਉਨ੍ਹਾਂ ਕਦੇ ਵੀ ਕਲਾਤਮਕ ਅਨਾੜੀਪੁਣੇ ਨੂੰ ਰਾਜਨੀਤਿਕ ਸ਼ਬਦਾਵਲੀ ਨਾਲ ਢੱਕੇ ਜਾਣ ਨੂੰ ਮਾਰਕਸਵਾਦੀ ਆਲੋਚਨਾ ਦਾ ਆਧਾਰ ਪ੍ਰਵਾਨ ਨਹੀਂ ਕੀਤਾ।

ਸਾਹਿਤ ਤੇੇ ਯਥਾਰਥ

ਮਾਰਕਸਵਾਦੀ ਸੁਹਜ ਸ਼ਾਸ਼ਤਰ ਵਿੱਚ ਯਥਾਰਥ ਦੀ ਪੇਸ਼ਕਾਰੀ ਦਾ ਅਰਥ ਬਾਹਰੀ ਯਥਾਰਥ ਦੀ ਹੂੂੂਬਹੂ ਅਤੇ ਬੇਜਾਨ ਨਕਲ ਨਹੀਂ ਹੈ ਇਹ ਯਥਾਰਥ ਨੂੰ ਇਸ ਦੀਆਂ ਸਮੁੱਚੀਆਂ ਅੰਦਰੂਨੀ ਵਿਰੋਧਤਾਵਾਂ ਅੰਤਰ ਸੰਬੰਧਾਂ ਅਤੇ ਇਸ ਦੀ ਗਤੀਸ਼ੀਲਤਾ ਵਿੱਚ ਪ੍ਰਸਤੁਤ ਕਰਨ ਨੂੰ ਸਿਧਾਂਤਿਕ ਅਤੇ ਵਿਹਾਰਿਕ ਦੋਹਾਂ ਰੂਪਾਂ ਵਿੱਚ ਪ੍ਰਵਾਨ ਕਰਦਾ ਹੈ ਇਹ ਯਥਾਰਥ ਦੀ ਡਾਇਲੈਕਟਿਕਸ ਨੂੰ ਬਾਹਰ ਮੁੱਖੀ ਵਿਧੀ ਨਾਲ ਸਮਝਦਿਆਂ ਬਾਹਰਮੁੱਖੀ ਰੂਪ ਵਿਚ ਪੇਸ਼ ਕੀਤੇ ਜਾਣ ਦੀ ਵਕਾਲਤ ਕਰਦਾ ਹੈ ਏਂਗਲਜ ਅਨੁਸਾਰ ਯਥਾਰਥਵਾਦ ਦਾ ਸਹੀ ਅਰਥ ਸੱਚੀ ਜਾਣਕਾਰੀ ਤੋਂ ਇਲਾਵਾ ਪ੍ਰਤੀਨਿਧ ਪ੍ਰਸਥਿਤੀਆਂ ਵਿਚ ਪ੍ਰਤੀਨਿਧ ਪਾਤਰਾਂ ਦਾ ਸੱਚਾ ਚਰਿੱਤਰਣ ਹੈ। ਮਾਓ ਨੇ ਜੀਵਨ ਦੇ ਯਥਾਰਥ ਦੇ ਟਾਕਰੇ ਤੇ ਸਾਹਿਤ ਕਿਰਤਾਂ ਵਿੱਚ ਪੇਸ਼ ਜੀਵਨ ਦੇ ਯਥਾਰਥ ਨੂੰ ਵਧੇਰੇ ਪ੍ਰਤੀਨਿਧ ਵਧੇਰੇ ਸ਼ਕਤੀਸ਼ਾਲੀ ਅਤੇ ਸਰਬ ਵਿਆਪੀ ਪ੍ਰਵਾਨ ਕੀਤਾ ਹੈ

ਰੂਪ ਪੱੱਖ ਦਾ ਸੁਭਾ

ਸਾਹਿਤ ਦੀ ਸਮੁੱਚਤਾ ਵਸਤੂ ਅਤੇ ਰੂਪ ਦੇ ਦਵੰਦਾਤਮਕ ਸੰਬੰਧਾਂ ਦੀ ਸਮੁੱਚਤਾ ਹੀ ਹੁੰਦੀ ਹੈ ਇਹ ਪ੍ਰਣਾਲੀ ਵਸਤੂ ਅਤੇ ਰੂਪ ਦੇ ਅਨਿੱਖੜ ਸੰਬੰਧਾਂ ਵਿਚ ਵਸਤੂ ਨੂੰ ਪ੍ਰਾਥਮਿਕ ਭਾਵ ਰੂਪ ਨੂੰ ਨਿਸ਼ਚਿਤ ਕਰਨ ਵਾਲਾ ਮੂਲ ਪ੍ਰਵਾਨ ਕਰਦੀ ਹੈ ਲੈਨਿਨ ਅਨੁਸਾਰ ਰੂਪ ਇਕ ਬਾਹਰੀ ਖੋਲ ਜਾਂ ਨਿਸ਼ਕ੍ਰਿਯ ਵਸਤੂ ਨਹੀਂ ਭਾਵ ਇਸ ਨੂੰ ਵਸਤੂ ਹੀ ਨਿਸ਼ਚਿਤ ਕਰਦੀ ਹੈ ਇਹ ਵਸਤੂ ਵਿਰੋਧੀ ਨਹੀਂ ਸਗੋਂ ਕਾਰਜ਼ਸ਼ੀਲ ਹੁੰਦਾ ਹੈ ਇਸੇ ਪ੍ਰਕਾਰ ਇਕ ਹੋਰ ਮਾਰਕਸੀ ਕਲਾ ਚਿੰਤਕ ਅਰਨਸਟ ਫਿਸਰ ਨੇ ਕਲਾ ਦੇ ਮੂਲ ਸੁਭਾ ਨੂੰ ਹੀ ਰੂਪ ਪ੍ਰਦਾਨ ਕਰਨ ਵਾਲਾ ਮੰਨਦਿਆਂ ਇਹ ਮਤ ਪੇਸ਼ ਕੀਤਾ ਕਿ ਕਲਾ ਦਾ ਭਾਵ ਰੂਪ ਪ੍ਰਦਾਨ ਕਰਨਾ ਹੈ ਅਤੇ ਰੂਪ ਹੀ ਕਿਸੇ ਸਿਰਜਨਾ ਨੂੰ ਕਲਾ ਕਿਰਤ ਬਣਾਉਂਦਾ ਹੈ ਰੂਪ ਸਮਾਜਿਕ ਉਦੇਸ਼ ਦਾ ਪ੍ਰਗਟਾਵਾ ਹੈ ਮਾਰਕਸਵਾਦੀ ਆਲੋਚਨਾ ਰੂਪ ਨੂੰ ਵਸਤੂ ਦੇ ਪ੍ਰਸੰਗ ਵਿਚ ਹੀ ਪਰਖੇ ਜਾਣ ਅਤੇ ਗ੍ਰਹਿਣ ਕਰਨ ਉਤੇ ਜ਼ੋਰ ਦਿੰਦੀ ਹੈ।

ਸਾਹਿਤ ਅਤੇ ਪ੍ਰਚਾਰ

ਸਮੂਹ ਮਾਰਕਸਵਾਦੀ ਚਿੰਤਕ ਸਾਹਿਤ ਨੂੰ ਉਸਾਰ ਦੇ ਇੱਕ ਅੰਗ ਵਜੋਂ ਜਮਾਤੀ ਸੰਘਰਸ਼ ਵਿਚ ਇੱਕ ਸ਼ਕਤੀਸ਼ਾਲੀ ਅਤੇ ਵਿਚਾਰਧਾਰਕ ਹਥਿਆਰ ਵਜੋਂ ਮਾਨਤਾ ਦਿੰਦੇ ਹਨ ਇਸ ਕਾਰਨ ਸਾਹਿਤ ਵਿਚ ਕੇਵਲ ਕਲਾਤਮਕ ਖੂਬਸੂਰਤੀ ਨੂੰ ‌ਹੀ ਪੇਸ਼ ਕਰਨਾ ਕਲਾਕਾਰ ਦਾ ਮੰਤਵ ਨਹੀਂ ਹੋਣਾ ਚਾਹੀਦਾ ਮਾਓ ਨੇ ਪ੍ਰਚਾਰ ਨੂੰ ਕਲਾਤਮਕਤਾ ਦੇ ਅਧੀਨ ਰੱਖੇ ਜਾਣ ਦਾ ਪ੍ਰਸਤਾਵ ਪੇਸ਼ ਕੀਤਾ ਹੈ ਭਾਵੇਂ ਉਹਨਾਂ ਦਾ ਇਹ ਵੀ ਵਿਚਾਰ ਸੀ ਕਿ ਮੂਲ ਰੂਪ ਵਿਚ ਜਮਾਤੀ ਦ੍ਰਿਸ਼ਟੀਕੋਣ ਤੋਂ ਵੇਖਿਆ ਹਰ ਜਮਾਤ ਰਾਜਨੀਤਿਕ ਮਾਪਦੰਡ ਨੂੰ ਪਹਿਲ ਅਤੇ ਕਲਾਤਮਕ ਮਾਪਦੰਡ ਨੂੰ ਦੂਸਰੀ ਥਾਂ ਰੱਖਦੀ ਹੈ ਉਹਨਾਂ ਸਾਹਿਤ ਦਾ ਆਧਾਰ ਰਾਜਨੀਤੀ ਅਤੇ ਕਲਾ ਵਸਤੂ ਅਤੇ ਰੂਪ ਇਨਕਲਾਬੀ ਰਾਜਨੀਤਿਕ ਵਿਸ਼ੇ ਵਸਤੂ ਅਤੇ ਕਲਾਤਮਕ ਰੂਪ ਦੀ ਸ੍ਰੇਸ਼ਟਤਮ ਅਤੇ ਸੰਭਵ ਸੰਪੂਰਨਤਾ ਦੀ ਆਪਸੀ ਏਕਤਾ ਨੂੰ ਪ੍ਰਵਾਨ ਕੀਤਾ ਹੈ ਚੀਨੀ ਸਾਹਿਤ ਚਿੰਤਕ ਲੂ-ਸੂਨ ਨੇ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਹੀ ਮਾਰਕਸਵਾਦੀ ਦ੍ਰਿਸ਼ਟੀ ਤੋਂ ਸਮਝਦਿਆਂ ਲਿਖਿਆ ਹੈ ਕਿ ਮੈਂ ਸਮਝਦਾ ਹਾਂ ਕਿ ਭਾਵੇਂ ਸਾਰਾ ਸਾਹਿਤ ਪ੍ਰਚਾਰ ਹੁੰਦਾ ਹੈ ਫਿਰ ਵੀ ਸਾਰਾ ਪ੍ਚਾਰ ਸਾਹਿਤ ਨਹੀਂ ਹੁੰਦਾ ਜਿਵੇਂ ਸਾਰੇ ਫੁੱਲਾਂ ਦਾ ਰੰਗ ਹੁੰਦਾ ਹੈ ਲੇਕਿਨ ਸਾਰੀਆਂ ਰੰਗੀਨ ਚੀਜ਼ਾਂ ਫੁੱਲ ਨਹੀਂ ਹੁੰਦੀਆਂ।




ਕਾਵਿ ਕਲਾ ਦਾ ਉਦੇੇੇਸ਼

ਮਾਰਕਸਵਾਦੀ ਦਰਸ਼਼ਨ ਇਸ ਦੇੇ ਜਮਾਤੀ ਸੁੁੁੁਭਾ ਅਤੇੇ ਜਮਾਤੀ ਤਰਫਦਾਾਰੀ ਦੇ ਨਾਲ-ਨਾਲ ਪੱਖਪਾਤ ਨੂੰ ਵੀ ਦਰਸ਼ਨ ਵਾਂਗ ਸਮਾਜਿਕ ਚੇਤਨਾ ਦੇ ਇੱਕ ਵਿਸੇਸ਼ ਰੂਪ ਵਜੋਂ ਉਸਾਰ ਦਾ ਇੱਕ ਮਹੱਤਵਪੂਰਨ ਅੰਗ ਹੈ। ਮਾਰਕਸ ਅਨੁਸਾਰ ਲੇਖਕ ਨੂੰ ਜਿਉਣ ਅਤੇ ਲਿਖਣ ਦੇ ਯੋਗ ਹੋਣ ਲਈ ਜ਼ਰੂਰ ਕਮਾਉਣਾ ਚਾਹੀਦਾ ਹੈ ਪਰੰਤੂ ਉਸ ਨੂੰ ਕਿਸੇ ਵੀ ਤਰ੍ਹਾਂ ਵੀ ਕਮਾਉਣ ਲਈ ਹੀ ਜਿਉਣਾ ਅਤੇ ਲਿਖਣਾ ਨਹੀਂ ਚਾਹੀਦਾ।

ਲੇਖਕ ਦਾ ਉਦੇੇੇੇਸ਼

ਉਹ ਲੇੇੇੇਖਕ ਮਹਾਨ ਹੈ ਜਿਹੜਾ ਕਿਸੇ ਜਟਿਲ ਅਤੇ ਕੀਮਤੀ ਸਮਾਜਿਕ ਵਿਚਾਰ ਨੂੰ ਬਹੁਤ ਹੀ ਸ਼ਕਤੀਸ਼ਾਲੀ ਕਲਾਤਮਕ ਵਿਧੀ ਅਤੇ ਸਰਲਤਾ ਨਾਲ ਪੇਸ਼ ਕਰਨ ਵਿਚ ਸਫ਼ਲ ਹੁੰਦਾ ਹੈ, ਜਿਸ ਨਾਲ ਉਹ ਵਿਚਾਰ ਲੱਖਾਂ ਹੀ ਲੋਕਾਂ ਦੇ ਦਿਲ ਵਿਚ ਉੱਤਰ ਜਾਂਦਾ ਹੈ । ਇਹ ਵਿਚਾਰ ਲੇਖਕ ਦੇ ਕਲਾਤਮਕ , ਸਮਾਜਿਕ ਦੋਹਾਂ ਉਦੇਸ਼ ਦੀ ਦਵੰਦਾਤਮਕਤਾ ਨੂੰ ਮੂਰਤੀਮਾਨ ਕਰਦਾ ਹੈ। ਮਾਰਕਸ ਅਨੁਸਾਰ ਵਿਚਾਰ ਦੀ ਆਲੋਚਨਾ , ਹਥਿਆਰਾਂ ਦੀ ਆਲੋਚਨਾ ਦੀ ਥਾਂ ਨਹੀਂ ਲੈ ਸਕਦੀ , ਪਦਾਰਥਕ ਸ਼ਕਤੀ ਨੂੰ ਪਦਾਰਥਕ ਸ਼ਕਤੀ ਨਾਲ ਹੀ ਨਜਿੱਠ ਆ ਜਾ ਸਕਦਾ ਹੈ , ਪਰੰਤੂ ਸਿਧਾਂਤ ਜਦੋਂ ਲੋਕਾਂ ਦੇ ਮਨ ਵਿਚ ਵਿਚ ਜਾਂਦਾ ਹੈ, ਉਦੋਂ ਇਹ ਇੱਕ ਪਦਾਰਥਕ ਸ਼ਕਤੀ ਦਾ ਹੀ ਰੂਪ ਧਾਰ ਲੈਂਦਾ ਹੈ ।




ਆਲੋਚਨਾ ਦਾ ਮੰਤਵ।[9]

ਮਾਰਕਸਵਾਦੀ ਦਰਸ਼਼ਨ ਮਨੁੱਖ ਦੇ ਕਿਿਸੇ ਸੂਖਮ ਤੋਂ ਸੂਖਮ ਵਿਚਾਰ ਨੂੰ ਜਮਾਤੀ ਦ੍ਰਿਸ਼ਟੀਕੋਣ ਅਤੇ ਵਿਸ਼ਲੇਸ਼ਣ ਕੀਤੇ ਜਾਣ ਦੀ ਧਾਰਨਾ ਨੂੰ ਆਧਾਰ ਬਣਾਉਂਦਾ ਹੈ । ਲੈਨਿਨ ਨੇ ਆਲੋਚਨਾ ਲਈ ਕਿਸੇ ਵਿਸ਼ੇਸ਼ ਜਮਾਤ ਦੇ ਦਿ੍ਰਸ਼ਟੀ ਹੋਣ ਅਤੇ ਹਿਤ ਨੂੰ ਹੀ ਮੂਲ ਆਧਾਰ ਪ੍ਰਵਾਨ ਕਰਦਿਆਂ ਸਪੱਸ਼ਟ ਕੀਤਾ ਕਿ ਕਿਸੇ ਵੀ ਘਟਨਾ ਦੇ ਮੁਲਾਂਕਣ ਲਈ ਕਿਸੇ ਨਿਸ਼ਚਿਤ ਸਮਾਜਿਕ ਗਰੁੱਪ ਦੇ ਦਿ੍ਸ਼ਟੀਕੋਣ ਨੂੰ ਸਿੱਧੇ ਅਤੇ ਖੁੱਲੇ ਰੂਪ ਵਿਚ ਅਪਣਾਉਣ ਆ ਹੈ । ੇੇ

ਮਾਰਕਸਵਾਦ

ਮਾਰਕਸਵਾਦ ਇੱਕ ਆਧੁਨਿਕਤਾਵਾਦੀ‌ ਦਰਸ਼ਨ ਹੈ। ਮਾਰਕਸਵਾਦੀ ਸੰਰਚਨਾਵਾਦੀ ਵੀ ਹੋਏ ਹਨ। ਉਹਨਾਂ ਨੇ ਸੰਰਚਨਾਵਾਦ ਅਤੇ ਮਾਰਕਸਵਾਦ ਨੂੰ ਮਿਲਾਇਆਂ। ਮਾਰਕਸਵਾਦੀ ਦ੍ਰਿਸ਼ਟੀ ਦਾ ਪ੍ਰਭਾਵ ਯੂਰਪ,ਰੂਸ,ਚੀਨ, ਏਸ਼ੀਆ, ਦੱਖਣੀ ਅਫ਼ਰੀਕਾ, ਅਮਰੀਕਾਂ ਅਤੇ ਇੰਗਲੈਂਡ ਆਦਿ ਸੰਸਾਰ ਵਿੱਚ ਹੈ। ਮਾਰਕਸ ਅਨੁਸਾਰ ਵਰਗ ਸੰਗਤ ਸਾਹਿਤ ਹਿਤ ਸੰਘਰਸ਼ ਜ਼ਰੂਰੀ ਹੈ। ਕੋਈ ਭਾਈਚਾਰਾ ਨਹੀਂ ਹੁੰਦਾ।ਸਭ ਮਨੁੱਖ ਬਰਾਬਰ ਹੈ।

ਮਾਰਕਸਵਾਦ ਇਸ ਨੁਕਤੇ ਨੂੰ ਅਹਿਮੀਅਤ ਦਿੰਦਾ ਹੈ।ਕਿ ਸਾਹਿਤ ਆਰਥਿਕ ਬਣਤਰਾਂ ਨਾਲ ਕਿਵੇਂ ਸੰਬੰਧਿਤ ਹੈ। ਮਾਰਕਸਵਾਦ ਅਨੁਸਾਰ ਸਾਹਿਤ ਦਾ ਕਾਰਜ ਬੜਾ ਜਟਿਲ ਹੈ। ਪੀਅਰੇ ਮਸੇ਼ਰੀ ਕਹਿੰਦਾ ਹੈ ਕਿ ਮਾਰਕਸਵਾਦ ਪਹਿਲਾਂ ਹੀ ਹੋਂਦ ਵਿੱਚ ਆਈਆਂ ਵਿਚਾਰਧਾਰਾਂ ਉਪਰ ਕਾਰਜ ਕਰਦਾ ਹੈ। ਇਹ ਵੀ ਸਪਸ਼ਟ ਕਰਦਾ ਹੈ ਕਿ ਉਹਨਾਂ ਦੀਆਂ ਸੀਮਾਵਾਂ ਕੀ ਹਨ।ਇਹ ਵਿਚਾਰ ਜਾਰਜ ਲੁਕਾਸ ਦਾ ਹੈ।ਉਸਦਾ ਮਤ ਹੈ ਕਿ ਮਾਰਕਸਵਾਦੀ ਸਾਹਿਤਕ ਆਲੋਚਨਾ ਨੂੰ ਵਿਚਾਰਧਾਰਕ ਬਣਤਰਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਜਿਨ੍ਹਾਂ ਦਾ ਕਿ ਸਾਹਿਤ ਇੱਕ ਭਾਗ ਹੈ ਜੋ ਇਸਨੂੰ ਕਲਾ ਵਿੱਚ ਰੂਪਾਂਤਰਣ ਕਰਦਾ ਹੈ।ਬਰਤੋਲਤ ਬਰੈਖ਼ਤ,ਬੋਲਟਰ ਬੈਂਜਾਮਿਨ, ਲੂਈ ਅਸਥੂਸਰ ਅਤੇ ਹੋਰ ਮਾਰਕਸਵਾਦੀਆਂ ਦਾ ਵਿਚਾਰ ਹੈ ਕਿ ਸਾਹਿਤ ਹੋਰ ਵਿਚਾਰਧਾਰਾਵਾਂ ਵਾਂਗ ਕਾਰਜ ਕਰਦਾ ਹੈ। ਸਾਹਿਤ ਅਤੇ ਆਰਥਿਕ ਆਧਾਰ ਵਿਚਕਾਰ ਕੋਈ ਸਾਂਝ ਵੀ ਜ਼ਰੂਰੀ ਨਹੀਂ। ਉਦਾਹਰਣ ਵਜੋਂ ਜਿਹੜਾ ਸਾਹਿਤ ਸਿਧੇ ਤੌਰ ਤੇ ਵਿਚਾਰਧਾਰਾ ਨਾਲ ਜੁੜਦਾ ਹੈ, ਉਸਨੂੰ ਪ੍ਰਾਪੇਗੰਡਾ ਸਾਹਿਤ ਅਧੀਨ ਵਿਚਰਨਾ ਪੈਂਦਾ ਹੈ।

ਟੈਰੀ ਈਗਲਟਨ

ਟੈਰੀ ਈਗਲਟਨ ਟਿੱਪਣੀ ਕਰਦਾ ਹੈ ਕਿ ਮਾਰਕਸਵਾਦੀ ਸਾਹਿਤ ਰਚਨਾ ਬਾਰੇ ਉਹ ਗੱਲਾਂ ਦਸਦਾ ਹੈ ਜੋ ਰਚਨਾ ਖੁਦ ਵੀ ਨਹੀਂ ਦਸ ਸਕਦੀ।ਉਹ ਉਸਦਾ ਨਿਰਮਾਣ ਕਰਨ ਵਾਲੀ ਉਹਨਾਂ ਪ੍ਰਸਥਿਤੀਆਂ ਬਾਰੇ ਦਸਦਾ ਹੈ ਜੋ ਰਚਨਾ ਦੇ ਹਰ ਪੱਖ ਵਿੱਚ ਮੌਜੂਦ ਹੋਣ ਦੇ ਬਾਵਜੂਦ ਸ਼ਾਂਤ ਬਣੀ ਰਹਿੰਦੀ ਹੈ। ਟੈਰੀ ਈਗਲਟਨ ਨੇ ਮਾਰਕਸਵਾਦੀ ਆਲੋਚਨਾ ਅਤੇ ਮਾਰਕਸਵਾਦੀ ਦਰਸ਼ਨ ਵਿਚਕਾਰਲੇ ਦਵੰਦਾਤਮਕ ਸੰਬੰਧਾਂ ਦਾ ਜ਼ਿਕਰ ਕਰਦਿਆ ਇਸ ਸਮੱਸਿਆ ਦਾ ਸਾਰ ਪੇਸ਼ ਕੀਤਾ ਹੈ। ਉਹਨਾਂ ਅਨੁਸਾਰ ਮਾਰਕਸਵਾਦੀ ਆਲੋਚਨਾ ਦੀ ਮੌਲਿਕਤਾ, ਸਾਹਿਤ ਸੰਬੰਧੀ ਇਸ ਦੀ ਇਤਿਹਾਸਕ ਪਹੁੰਚ ਵਿੱਚ ਨਹੀਂ ਸਗੋਂ ਇਤਿਹਾਸ ਦੀ ਇਨਕਲਾਬੀ ਸਮਝ ਵਿੱਚ ਹੈ।[10]

  1. ਸੈਣੀ, ਡਾ਼ ਜਸਵਿੰਦਰ ਸਿੰਘ. ਪੱਛਮੀ ਕਾਵਿ-ਸਿਧਾਂਤ. ਪੰਜਾਬੀ ਯੂਨੀਵਰਸਿਟੀ ਪਟਿਆਲਾ. p. 89. ISBN 978-81-302-0471-0.
  2. ਸੈਣੀ, ਡਾ਼ ਜਸਵਿੰਦਰ ਸਿੰਘ. ਪੱਛਮੀ ਕਾਵਿ-ਸਿਧਾਂਤ. ਪੰਜਾਬੀ ਯੂਨੀਵਰਸਿਟੀ ਪਟਿਆਲਾ. p. 94. ISBN 978-81-302-0471-0.
  3. ਸੈਣੀ, ਡਾ਼ ਜਸਵਿੰਦਰ ਸਿੰਘ. ਪੱਛਮੀ ਕਾਵਿ-ਸਿਧਾਂਤ. ਪੰਜਾਬੀ ਯੂਨੀਵਰਸਿਟੀ ਪਟਿਆਲਾ. p. 95. ISBN 978-81-302-0471-0.
  4. 4.0 4.1 ਸੈਣੀ, ਡਾ਼ ਜਸਵਿੰਦਰ ਸਿੰਘ. ਪੱਛਮੀ ਕਾਵਿ-ਸਿਧਾਂਤ. ਪੰਜਾਬੀ ਯੂਨੀਵਰਸਿਟੀ ਪਟਿਆਲਾ. p. 101. ISBN 978-81-302-0471-0.
  5. ਸੈਣੀ, ਡਾ਼ ਜਸਵਿੰਦਰ ਸਿੰਘ. ਪੱਛਮੀ ਕਾਵਿ-ਸਿਧਾਂਤ. ਪੰਜਾਬੀ ਯੂਨੀਵਰਸਿਟੀ ਪਟਿਆਲਾ. p. 105. ISBN 978-81-302-0471-0.
  6. ਸੈਣੀ, ਡਾ਼ ਜਸਵਿੰਦਰ ਸਿੰਘ. ਪੱਛਮੀ ਕਾਵਿ-ਸਿਧਾਂਤ. ਪੰਜਾਬੀ ਯੂਨੀਵਰਸਿਟੀ ਪਟਿਆਲਾ. p. 108. ISBN 978-81-302-0471-0.
  7. ਸੈਣੀ, ਡਾ਼ ਜਸਵਿੰਦਰ ਸਿੰਘ. ਪੱਛਮੀ ਕਾਵਿ-ਸਿਧਾਂਤ. ਪੰਜਾਬੀ ਯੂਨੀਵਰਸਿਟੀ ਪਟਿਆਲਾ. p. 109. ISBN 978-81-302-0471-0.
  8. ਸੈਣੀ, ਡਾ਼ ਜਸਵਿੰਦਰ ਸਿੰਘ. ਪੱਛਮੀ ਕਾਵਿ-ਸਿਧਾਂਤ. ਪੰਜਾਬੀ ਯੂਨੀਵਰਸਿਟੀ ਪਟਿਆਲਾ. p. 111. ISBN 978-81-302-0471-0.
  9. ਸੈਣੀ, ਡਾ਼ ਜਸਵਿੰਦਰ ਸਿੰਘ. ਪੱਛਮੀ ਕਾਵਿ-ਸਿਧਾਂਤ. ਪੰਜਾਬੀ ਯੂਨੀਵਰਸਿਟੀ ਪਟਿਆਲਾ. pp. 110 ਤੋਂ 117. ISBN 978-81-302-0471-0.
  10. ਸੈਣੀ, ਡਾ਼ ਜਸਵਿੰਦਰ ਸਿੰਘ. ਪੱਛਮੀ ਕਾਵਿ-ਸਿਧਾਂਤ. ਪੰਜਾਬੀ ਯੂਨੀਵਰਸਿਟੀ ਪਟਿਆਲਾ. p. 118. ISBN 978-81-302-0471-0.