ਰਸ ਸੰਪ੍ਦਾਇ (ਸਥਾਈ ਅਤੇ ਸੰਚਾਰੀ ਭਾਵ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਸ ਦੀਆਂ ਕਿਸਮਾਂ ਬਾਰੇ ਸਭ ਤੋਂ ਪਹਿਲਾਂ ਆਚਾਰੀਆ ਭਰਤਮੁਨੀ ਨੇ ਆਪਣੇ ਗ੍ਰੰਥ 'ਨਾਟ੍ਯਸ਼ਾਸਤ੍' ਵਿਚ ਜ਼ਿਕਰ ਕੀਤਾ ਹੈ । ਭਰਤਮੁਨੀ ਅਨੁਸਾਰ ਰਸ ਅੱਠ ਪ੍ਰਕਾਰ ਦੇ ਹੁੰਦੇ ਹਨ । ਅੱਗੇ ਚੱਲ ਕ ਮੰਮਟ , ਵਿਸ਼ਵਨਾਥ ਆਦਿ ਵਿਦਵਾਨਾਂ ਨੇ ਰਸਾਂ ਦੀ ਗਿਣਤੀ ਜਿਆਦਾ ਦੱਸੀ ਹੈ। ਪਰੰਤੂ ਵੀਹਵੀਂ ਸਦੀ ਵਿਚ ਵੱਖ ਵੱਖ ਕਵੀਆਂ ਤੇ ਆਲੋਚਕਾਂ ਨੇ ਰਸਾਂ ਵਿਚ ਇਕ ਵਾਤਸਲ ਰਸ ਵੀ ਸ਼ਾਮਲ ਕਰ ਦਿੱਤਾ। ਸਾਰੇ ਵਿਚਾਰਾਂ ਦੇ ਆਧਾਰ ਤੇ ਰਸ ਦੀਆ ਗਿਆਰਾਂ ਕਿਸਮਾਂ ਨਿਰਧਾਰਿਤ ਕੀਤੀਆਂ ਜਾ ਸਕਦੀਆਂ ਹਨ । ਰਸ ਦੀ ਪਰਿਭਾਸ਼ਾ ਇਸ ਪ੍ਰਕਾਰ ਹੈ, " ਰਸ ਕਾਵਿ ਦਾ ਸਭ ਤੋਂ ਉੱਚਾ ਕਾਵਿ ਤੱਤ ਹੈ; ਇਸ ਲਈ ਕਾਵਿ ਦੀ ਰਚਨਾ ਕਰਦੇ ਹੋਏ ਕਵੀ ਨੂੰ ਰਸ ਦੇ ਆਸਰੇ ਰਹਿਣਾ ਚਾਹੀਦਾ ਹੈ।"[1] ਸਥਾਈ ਭਾਵ: ਮਨ ਦੀ ਸਥਿਰ ਦਸ਼ਾ ਅਤੇ ਟਿਕਾਊ ਭਾਵਨਾ ਸਥਾਈ ਭਾਵ ਹੈ। ਸੰਚਾਰੀ ਭਾਵ: ਸਥਾਈ ਭਾਵਾਂ ਨੂੰ ਜਗਾਉਣ ਵਾਲੇ ਭਾਵ, ਸੰਚਾਰੀ ਭਾਵ ਅਖਵਾਉਂਦੇ ਹਨ। ਇਹ ਪਲ ਦੀ ਪਲ ਪੈਦਾ ਹੁੰਦੇ ਹਨ ਅਤੇ ਛੇੇਤੀ ਹੀ ਸਮਾਪਤ ਹੋ ਜਾਦੇ ਹਨ।

ਰਸ ਦੀਆਂ ਕਿਸਮਾਂ[ਸੋਧੋ]

1.ਸ਼ਿੰਗਾਰ ਰਸ:-[ਸੋਧੋ]

ਸ਼ਿੰਗਾਰ ਰਸ ਨੂੰ ਤਮਾਮ ਰਸਾਂ ਦਾ ਬਾਦਸ਼ਾਹ ਮੰਨਿਆ ਜਾਂਦਾ ਹੈ। ਇਸ ਦਾ ਸਥਾਈ ਭਾਵ ਰਤੀ ਅਰਥਾਤ ਪ੍ਰੇਮ ਹੈ। ਆਲੰਬਨ ਵਿਭਾਵ ਵਿੱਚ ਨਾਇਕ-ਨਾਇਕਾ ਆਦਿ ਉਦੀਪਨ ਵਿੱਚ ਚੰਦ੍ਮਾ ਦੀ ਚਾਂਦਨੀ,ਯਾਦ ਆਦਿ ,ਅਨੁਭਵ ਵਿੱਚ ਮੁੁਖ ਦੀ ਲਾਲੀ, ਮੁਸਕਰਾਹਟ, ਰੋੋੋਣਾ ਆਦਿ, ਸੰਚਾਰੀ ਭਾਵ ਵਿੱਚ ਆਪਸ ਚ ਮਿਲਣ ਦੀ ਬੇਚੈਨੀ ਆਦਿ ਆ ਸਕਦੇ ਹਨ। ਮਿਸਾਲ ਵਜੋਂ:-ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ 'ਸ਼ਿਕਾਰ' ਲਈ ਜਾ ਸਕਦੀ ਹੈ । ਜੋ ਕਿ ਸ਼ਿੰਗਾਰ ਰਸ ਨਾਲ ਭਰਪੂਰ ਹੈ ।"ਭਾਰਤ ਨੇ ਨਾਇਕ-ਨਾਇਕਾ ਦੇ ਸੰਬੰਧਾਂ ਦੀ ਕਲਪਨਾ ਦੇ ਆਧਾਰ ਤੇ ਸ਼ਿੰਗਾਰ ਰਸ ਦੇ ਸੰਯੋਗ ਤੇ ਵਿਯੋਗ ਦੋ ਭੇਦ ਮੰਨੇ ਹਨ।"[2]

ਜਦੋਂ ਰਤੀ ਇਸਤਰੀ-ਪੁਰਸ਼ ਦੇ ਨਿੱਤ ਇੱਕਠੇ ਰਹਿਣ ਦੇ ਦੌੌਰਾਨ ਤਿਰਪਤ ਹੁੰਦੀ ਰਹਿੰਦੀ ਹੈ, ਤਾਂ ਸੰੰਯੋਗ ਸ਼ਿੰਗਾਰ ਰਸ ਹੁੰਦਾ ਹੈ ਅਤੇ ਜਦੋਂ ਰਤੀ ਇਸਤਰੀ- ਪੁਰਸ਼ ਦੇ ਵਿਯੋਗ ਸਮੇਂ ਦੇ ਦੌਰਾਨ ਤਿਰਪਤ ਨਹੀਂ ਹੁੁੰਦੀ, ਉਸ ਸਥਿਤੀ ਵਿੱਚ ਵਿਯੋਗ ਸ਼ਿੰਗਾਰ ਰਸ ਹੁੰਦਾ ਹੈ।

2.ਕਰੁਣਾ ਰਸ:-[ਸੋਧੋ]

ਸ਼ਿੰਗਾਰ ਰਸ ਤੋਂ ਅਗਲਾ ਰਸ ਕਰੁਣਾ ਰਸ ਹੈ। ਜਿਸਦਾ ਸਥਾਈ ਭਾਵ ਸ਼ੋਕ ਹੈ। ਆਲੰਬਨ ਵਿਭਾਵ ਵਿੱਚ ਕੋਈ ਗਰੀਬ, ਲੋੜਵੰਦ ਵਿਅਕਤੀ, ਆਪਣੀ ਪਿਆਰੀ ਵਸਤੂ ਦੇ ਗੁਣਾਂ ਨੂੰ ਬਾਰ ਬਾਰ ਕਹਿਣਾ ਆਦਿ, ਉਦੀਪਨ ਵਿੱਚ ਫੱਟੇ ਹੋਏ ਕੱਪੜੇ, ਅੱਖਾਂ ਦਿਖਾਉਣ, ਦੰੰਦ ਪੀਸਣਾ, ਲਲਕਾਰਨਾ ਆਦਿ, ਅਨੁਭਵ ਵਿੱਚ ਈਰਖਾ, ਨਿੰਦਾ, ਅੱੱਖਾਂ ਚ ਅੱਥਰੂ ਆਉਣਾ ਆਦਿ, ਸੰਚਾਰੀ ਭਾਵ ਵਿੱਚ ਉਦਾਸੀ, ਗੁੱਸਾ, ਦਇਆ ਆਦਿ ਆ ਸਕਦੇ ਹਨ। ਕਰੁਣਾ ਰਸ ਪ੍ਰਤੀ ਵਿਦਵਾਨਾਂ ਚ ਮਤਭੇਦ ਹੈ ਕਿ ਕਰੁਣਾ ਦਾ ਸੰਬੰਧ ਸ਼ੋਕ ਨਾਲ ਹੈ, ਆਨੰਦ ਨਾਲ ਹੈ, ਜਾਂ ਦੋਨਾਂ ਨਾਲ ਹੈ। ਮਿਸਾਲ ਵਜੋਂ:- ਅੰਮ੍ਰਿਤਾ ਪ੍ਰੀਤਮ ਦੀ ਕਵਿਤਾ 'ਅੱਜ ਆਖਾ ਵਾਰਿਸ ਸ਼ਾਹ ਨੂੰ' ਲਈ ਜਾ ਸਕਦੀ ਹੈ। "ਭਰਤਮੁਨੀ ਨੇ ਕਰੁਣਾ ਰਸ ਦੀ ਵੰਡ ਤਿੰਨ ਹਿੱਸਿਆਂ ਵਿੱਚ ਕੀਤੀ ਹੈ:-

  1. ਧਰ੍ਮੋਪਘਾਤਜ: ਧਰਮ ਦੇ ਨਾਸ਼ ਤੋਂ ਪੈਦਾ ਹੋਇਆ।
  2. ਅਰਥਾਪਚਯੋਦ੍ਭਵ: ਅਰਥ(ਧਨ ਦੌਲਤ) ਦੇ ਨਾਸ਼ ਤੋਂ ਪੈਦਾ ਹੋਇਆ।

3. ਸ਼ੋਕਕਿਰਤ: ਸਕੇ ਸੰਬੰਧੀਆਂ ਜਾਂ ਮਿੱਤਰਾਂ ਦੀ ਮੌਤ ਦੇ ਸ਼ੌਕ ਤੋਂ ਪੈਦਾ ਹੋਇਆ।

3.ਹਾਸ ਰਸ:-[ਸੋਧੋ]

ਜਿਵੇਂ ਕਿ ਨਾਮ ਤੋਂ ਸਪੱਸ਼ਟ ਹੈ ਕਿ ਇਸ ਰਸ ਦਾ ਸੰਬੰਧ ਹਾਸ ਨਾਲ ਹੈ। ਇਸ ਦਾ ਸਥਾਈ ਭਾਵ ਹਾਸਾ ਹੈ। "ਆਚਾਰੀਆ ਭਰਤ ਨੇ ਹਾਸ ਰਸ ਦੀ ਉਤਪਤੀ ਸ਼ਿੰਗਾਰ ਰਸ ਤੋਂ ਮੰੰਨੀ ਹੈ ।"[3]ਆਲੰਬਨ ਵਿਭਾਵ ਵਿੱਚ ਚਿਹਰੇ ਦਾ ਲਾਲ ਹੋੋਣਾ, ਹੱੱਸਣਾ, ਤਾੜੀ ਮਾਰਨਾ ਆਦਿ, ਉਦੀਪਨ ਵਿਭਾਵ ਵਿੱਚ ਸਰੀਰ ਦੇ ਅੰਗਾਂ ਦੀਆਂ ਉਟਪਟਾਂਗ ਅਤੇ ਅਨੋਖੀਆ ਚੇਸ਼ਟਾਵਾਂ ਆਦਿ, ਅਨੁਭਵ ਵਿੱਚ ਅੱਖਾਂ ਨੂੰ ਬੰਦ ਕਰਨਾ, ਮੁਸਕਰਾਹਟ ਆਦਿ, ਸੰਚਾਰੀ ਭਾਵ ਵਿੱਚ ਨੀਂਦ ਦਾ ਆਉਣਾ, ਆਲਸੀ ਹੋਣਾ, ਖੁਸ਼ੀ, ਪਖੰਡ ਕਰਨਾ ਆਦਿ ਆ ਜਾਂਦੇ ਹਨ। ਮਿਸਾਲ ਵਜੋਂ:- ਅਨਵਰ ਮਸੂਦ ਦੀ ਕਵਿਤਾ "ਅੱਜ ਕੀ ਪਕਾਈਏ" ਦੇਖੀ ਜਾ ਸਕਦੀ ਹੈ।" ਹਾਸ ਰਸ ਦੇ ਆਤਮ ਸਥਿਤ ਅਤੇ ਪਰ ਸਥਿਤ ਦੋ ਭੇਦ ਮੰਨੇ ਜਾਂਦੇ ਹਨ।"[4]

ਆਤਮ-ਸਥਿਤ ਹਾਸ ਰਸ ਉਸ ਨੂੰ ਆਖਦੇ ਹਨ ਜੋ ਵਿਭਾਵ ਨੂੰ ਵੇਖਦਿਆਂ ਸਾਰ ਹੀ ਵੇਖਣ ਵਾਲੇ ਦੇ ਮਨ ਵਿਚ ਆਪਣੇ ਆਪ ਹੀ ਫੁੱਟ ਪਵੇ। ਜੋ ਹਾਸਾ ਦੂਜਿਆਂ ਨੂੰ ਹਸਦਿਆਂ ਵੇਖ ਕੇ ਉਤਪੰਨ ਹੁੰਦਾ ਹੈ ਅਤੇ ਜਿਸ ਦਾ ਕਾਰਨ ਵੀ ਹਾਸਾ ਹੀ ਹੋਵੇ, ਉਸ ਨੂੰ ਹਾਸ ਰਸ ਦੇ ਵਿਦਵਾਨ ਪਰ-ਸਥਿਤ ਹਾਸ ਰਸ ਆਖਦੇ ਹਨ।

4.ਵੀਰ ਰਸ:-[ਸੋਧੋ]

ਵੀਰ ਰਸ ਦਾ ਸਥਾਈ ਭਾਵ ਉਤਸ਼ਾਹ ਹੈ। ਇਸ ਦਾ ਸੰਬੰਧ ਤੀਬਰਤਾ ਨਾਲ ਹੈ, ਪਰ ਇਸ ਤੀਬਰ ਭਾਵ ਦਾ ਲੋਕ ਹਿਤ ਭਲਾਈ ਚ ਵਰਤੇ ਜਾਣਾ ਇਸ ਨੂੰ ਰੋਦ੍ ਰਸ ਤੋਂ ਨਿਖੇੜਦਾ ਹੈ। ਆਲੰਬਨ ਵਿਭਾਵ ਵਿੱਚ ਕਿਸੇ ਨਾਇਕ ਦੀ ਕਥਾ, ਦੁੁੁਸ਼ਟ ਵਿਅਕਤੀ, ਭਿਖਾਰੀ, ਦੁਸ਼ਮਣ, ਗਰੀਬ ਆਦਿ, ਉਦੀਪਨ ਵਿੱਚ ਜ਼ੁਲਮ, ਕਿਸੇ ਦੀ ਤਰਸਯੋਗ ਹਾਲਤ, ਦੁਸ਼ਮਣ ਦੇ ਸਹਾਇਕ ਆਦਿ, ਅਨੁਭਵ ਵਿੱਚ ਮੁੁੱਠੀਆ ਮੀਚਣਾ, ਚਿਹਰਾ ਲਾਲ ਹੋਣਾ, ਸਰੀਰਕ ਕਿਰਿਆਵਾਂ ਚ ਗਤੀ ਆਦਿ, ਸੰਚਾਰੀ ਭਾਵ ਵਿੱਚ ਜੋਸ਼, ਉਤਸ਼ਾਹ, ਗਰਵ, ਤਰਕ, ਬੁੁੱਧੀ ਆਦਿ ਆ ਸਕਦੇ ਹਨ। ਮਿਸਾਲ ਵਜੋਂ:-ਗੁਰੂ ਗੋਬਿੰਦ ਸਿੰਘ ਜੀ ਦੀ ਕਵਿਤਾ 'ਚੰਡੀ ਦੀ ਵਾਰ ' ਲਈ ਜਾ ਸਕਦੀ ਹੈ। "ਵੀਰ ਰਸ ਦੇ ਚਾਰ ਭੇੇਦ ਹਨ- ਦਾਨ, ਦਇਆ, ਯੁੱਧ, ਧਰਮ "[5]

5. ਬੀਭਤਸ ਰਸ:-[ਸੋਧੋ]

ਘਿਰਣਤਾ ਵਸਤੂ ਨੂੰ ਵੇਖਣ ਜਾਂ ਸੁਣਨ ਕਰਕੇ ਜਿੱਥੇ ਘਿਰਣਾ ਦਾ ਭਾਵ ਪੈਦਾ ਹੋਵੇ, ਉਥੇ ਬੀਭਤਸ ਰਸ ਹੁੰਦਾ ਹੈ। ਇਹ ਸਟੇਜ ਉੱਤੇ ਘਿਨੌਣੀਆਂ ਵਸਤੂਆਂ ਦੇ ਸਟੇਜ ਉੱਤੇ ਵਿਖਾਈਆਂ ਜਾਣ ਕਰਕੇ ਹੁੰਦਾ ਹੈ।ਇਹ ਘਿਰਣਾ ਹੋਰਨਾਂ ਭਾਵਾਂ ਵਿੱਚ ਬਦਲ ਕੇ ਬੀਭਤਸ ਰਸ ਹੋ ਜਾਂਦਾ ਹੈ। ਬੀਭਤਸ ਰਸ ਦਾ ਸਥਾਈ ਭਾਵ ਘਿਰਣਾ ਹੈ। ਇਸ ਦਾ ਸੰੰਬੰਧ ਗਿਲਾਨੀ ਨਾਲ ਹੈ। ਆਲੰਬਨ ਵਿਭਾਵ ਵਿੱਚ ਕੋਈ ਜਾਨਵਰ/ਵਿਅਕਤੀ ਦੇ ਜਖ਼ਮ, ਬਦਬੋ, ਉਲਟੀ ਆਦਿ, ਉਦੀਪਨ ਵਿੱਚ ਆਂਦਰਾਂ ਦਾ ਬਾਹਰ ਨਿਕਲਣਾ, ਖੂਨ ਵਹਿਣਾ, ਮੱਖੀ ਦਾ ਵਿਭਿਵਾਉਣਾ, ਕੀੜੇ ਆਦਿ, ਅਨੁਭਵ ਵਿੱਚ ਉਲਟੀ ਆਉਣਾ, ਅੱਖਾਂ-ਨੱਕ ਸਿਕੌੜਨਾ ਆਦਿ,ਸੰਚਾਰੀ ਭਾਵ ਵਿੱਚ ਗਲਾਨੀ, ਚਿੰਤਾ, ਦੀਨਤਾ ਆਦਿ ਆ ਸਕਦੇ ਹਨ। "ਭਰਤਮੁਨੀ ਨੇ ਬੀਭਤਸ ਰਸ ਦੇ ਦੋ ਭੇਦ ਮੰਨੇ ਹਨ।"[6] 1.ਖੂੂਨ ਆਦਿ ਤੋਂ ਪੈਦਾ ਹੋੋਣ ਵਾਲਾ-ਸ਼ੁੁੱਧ

2.ਕੀੜਿਆਂ ਆਦਿ ਤੋਂ ਪੈਦਾ ਹੋਣ ਵਾਲਾ-ਅਸ਼ੁੱਧ

6.ਭਿਆਨਕ ਰਸ:-[ਸੋਧੋ]

ਕਿਸੇ ਭਿਆਨਕ ਵਸਤੂ ਨੂੰ ਵੇਖਣਾ ਜਾਂ ਕਿਸੇ ਭਿਆਨਕ ਕਿੱਸੇ ਬਾਰੇ ਸੁਣ ਕੇ ਮਨੁੱਖ ਭੈਅ-ਭੀਤ ਹੋ ਜਾਂਦਾ ਹੈ। ਇਸ ਤਰ੍ਹਾਂ ਭਿਆਨਕ ਰਸ ਦੀ ਉਤਪਤੀ ਹੁੰਦੀ ਹੈ। ਇਸ ਦਾ ਸਥਾਈ ਭਾਵ ਡਰ/ ਭੈਅ ਹੈ। ਆਲੰਬਨ ਵਿਭਾਵ ਵਿੱਚ ਹਨੇਰਾ, ਜ਼ਾਲਮ ਮਨੁੱਖ, ਸਮਸ਼ਾਨ ਘਾਟ ਆਦਿ, ਉਦੀਪਨ ਵਿੱਚ ਅੱਖਾਂ ਦਾ ਚਮਕਣਾ, ਭੈ-ਭੀਤ ਕਰਨ ਵਾਲਾ ਵਾਤਾਵਰਨ, ਚੀਕ ਆਦਿ, ਅਨੁਭਵ ਵਿੱਚ ਰੋਮਾਂਚ, ਕੰਬਣੀ, ਪਸੀਨਾ, ਰੰਗ ਬਿਰੰਗਾ ਹੋਣਾ, ਦਿਲ ਜ਼ੋਰ ਨਾਲ ਧੜਕਣਾ ਆਦਿ,ਸੰਚਾਰੀ ਭਾਵ ਵਿੱਚ ਡਰ,ਸ਼ੋਕ, ਭੈਅ,ਆਦਿ ਆ ਸਕਦੇ ਹਨ। "ਭਰਤਮੁਨੀ ਨੇ ਭਿਆਨਕ ਰਸ ਦੇ ਤਿੰਨ ਭੇਦ ਮੰਨੇ ਹਨ"[7]

  1. 'ਵਯਾਜ-ਜਨਯ' ਅਰਥਾਤ ਨਕਲੀ
  2. 'ਅਪਰਾਧ-ਜਨਯ' ਅਰਥਾਤ ਜੁਰਮ ਤੋਂ ਪੈਦਾ ਹੋਇਆ

3.'ਵਿਤ੍ਸਿਤਕ' ਅਰਥਾਤ ਖਤਰੇ ਦੀ ਸ਼ੰਕਾ ਆਦਿ ਤੋਂ ਪੈਦਾ ਹੋਇਆ

7.ਰੋਦ੍ ਰਸ:[ਸੋਧੋ]

ਜਿੱਥੇ ਦੁਸ਼ਮਣਾਂ ਅਤੇ ਵਿਰੋਧੀਆਂ ਦੁਆਰਾ ਅਪਮਾਨ, ਵੱਡਿਆਂ ਦੀ ਨਿੰਦਾ, ਦੇਸ਼ ਅਤੇ ਧਰਮ ਦੇ ਅਪਮਾਨ ਕਾਰਨ ਬਦਲੇ ਦੀ ਭਾਵਨਾ ਪੈਦਾ ਹੁੰਦੀ ਹੈ, ਉਥੇ ਰੋਦ੍ ਰਸ ਹੁੰਦਾ ਹੈ। ਇਸਦਾ ਸਥਾਈ ਭਾਵ ਗੁੱਸਾ/ਕ੍ਰੋਧ ਹੈ। ਆਲੰਬਨ ਵਿਭਾਵ ਵਿੱਚ ਦੁਸ਼ਮਣ,ਜਾਲਮ,ਵਿਰੋਧੀ ਆਦਿ, ਉਦੀਪਨ ਵਿੱਚ ਕਿਸੇ ਦਾ ਗਾਲਾਂ ਕੱਢਣਾ, ਅਪਮਾਨ,ਨਿੰਦਾ, ਚੁਗਲੀ ਆਦਿ, ਅਨੁਭਵ ਵਿੱਚ ਦੰਦ ਕਰੀਚਣਾ,ਅੱਖਾਂ ਲਾਲ ਹੋਣਾ ਆਦਿ, ਸੰਚਾਰੀ ਭਾਵ ਵਿੱਚ ਈਰਖਾ, ਨਿੰੰਦਾ ਆਦਿ ਆ ਸਕਦੇ ਹਨ। " ਭਰਤਮੁਨੀ ਅਨੁਸਾਰ ਰੋਦ੍ ਰਸ ਦੇ ਤਿੰਨ ਭੇਦ ਹਨ।"[8]

  1. ਆਂਂਗਿਕ
  2. ਵਸ਼ਾਤਮਕ

3.ਵਚਨਾਤਮਕ

8. ਅਦਭੁੱਤ ਰਸ:-ਅਦਭੁੱਤ ਰਸ ਦਾ ਸਥਾਈ ਭਾਵ ਹੈਰਾਨੀ/ਅਸਚਰਜਤਾ ਹੈ।ਕਿਸੇ ਵਚਿੱਤਰ ਵਸਤੂ ਨੂੰ ਵੇਖ ਕੇ ਹੈਰਾਨ ਹੋ ਜਾਣਾ ਅਦਭੁੱਤ ਰਸ ਹੈ। ਆਲੰਬਨ ਵਿਭਾਵ ਵਿੱਚ ਅਨੋਖੇ ਕੰਮ, ਹੈਰਾਨ ਕਰਨ ਵਾਲੀਆਂ ਘਟਨਾਵਾਂ ਆਦਿ, ਉਦੀਪਨ ਵਿੱਚ ਉਨ੍ਹਾਂ ਘਟਨਾਵਾਂ ਆਦਿ ਦਾ ਵਰਨਣ/ ਦਰਸ਼ਨ ,ਅਨੁਭਵ ਵਿੱਚ ਅੱਖਾਂ ਫਾੜ ਕੇ ਵੇਖਣਾ, ਪਸੀਨਾ-ਪਸੀਨਾ ਹੋ ਜਾਣਾ, ਪਰੇਸ਼ਾਨ ਹੋਣਾ, ਕੰਬਣੀ ਆਦਿ, ਸੰਚਾਰੀ ਭਾਵ ਵਿੱਚ ਸ਼ੰਕਾ, ਚਿੰਤਾ,ਚੰਚਲਤਾ, ਉਤਸੁਕਤਾ, ਖੁਸ਼ੀ ਆਦਿ ਆ ਸਕਦੇ ਹਨ। "ਭਰਤਮੁਨੀ ਦੇ ਅਨੁਸਾਰ ਰਸ ਦੋ ਪ੍ਰਕਾਰ ਦਾ ਹੁੰਦਾ ਹੈ।"[9]

  1. ਦਿਵਯ (ਦੈਵਿਕ ਚਮਤਕਾਰ ਤੋਂ ਪੈਦਾ ਹੋਇਆ)
  2. ਆਨੰਦਜ ( ਮਨੋਰਥ ਪੂਰਨ ਕਰਨ ਵਾਲੀਆਂ ਉਮੀਦ ਤੋਂ ਬਾਹਰਲੀਆਂ ਘਟਨਾਵਾਂ ਕਾਰਨ ਪੈਦਾ ਹੋਇਆ)

9.ਸ਼ਾਂਤ ਰਸ:-[ਸੋਧੋ]

ਜਿੱਥੇ ਦੁੱਖ-ਸੁੱਖ, ਚਿੰਤਾ ਪ੍ਰੇਮ, ਨਫ਼ਰਤ ਕੁਝ ਵੀ ਨਹੀਂ ਰਹਿੰਦਾ, ਉਸ ਨੂੰ ਸ਼ਾਂਤ ਰਸਕਹਿੰਦੇ ਹਨ। ਇਸ ਦਾ ਸਥਾਈ ਭਾਵ ਨਿਰਵੇਦ/ਸਮਾਜ ਹੈ। ਆਲੰਬਨ ਵਿੱਚ ਪ੍ਰਮਾਤਮਾ ਦਾ ਗਿਆਨ, ਉਦੀਪਨ ਵਿੱਚ ਤੀਰਥ,ਪੂਜਾ, ਵਰਤ,ਸਾਧੂ-ਸੰਗ ਆਦਿ, ਅਨੁਭਵ ਵਿੱਚ ਘਰ-ਬਾਰ ਤਿਆਗ ਕੇ ਸੰਤ ਬਣਨਾ, ਸਮਾਧੀ ਲਗਾਉਣਾ ਆਦਿ,ਸੰਚਾਰੀ ਭਾਵ ਵਿੱਚ ਧੀਰਜ, ਸਿਮ੍ਤੀ, ਦਯਾਭਾਵ, ਹਰ- ਸਿਮਰਨ ਆਦਿ ਆ ਸਕਦੇ ਹਨ।

10.ਭਕਤੀ ਰਸ:-[ਸੋਧੋ]

ਭਕਤੀ ਰਸ ਦਾ ਸਥਾਈ ਭਾਵ ਰੱਬੀ ਪ੍ਰੇਮ ਹੈ। ਆਲੰਬਨ ਵਿਭਾਵ ਵਿੱਚ ਰੱਬ ਪ੍ਰਤੀ ਭਕਤੀ, ਪੂਜਾ-ਪਾਠ,ਹਵਨ ਆਦਿ, ਉਦੀਪਨ ਵਿੱਚ ਤੁਲਸੀ,ਚੰਦਨ, ਸੂਰਜ, ਮੂਰਤੀਆ(ਦੇਵਤਿਆਂ ਦੀਆਂ), ਵਰਤ ਰੱਖਣਾ ਆਦਿ, ਅਨੁਭਵ ਵਿੱਚ ਮਗਨ ਹੋ ਕੇ ਨੱਚਣਾ, ਭੇਟਾ ਗਾਉਣੀਆਂ, ਪ੍ਰਮਾਤਮਾ ਨੂੰ ਖੁਸ਼ ਕਰਨ ਲਈ ਕਸ਼ਟ ਸਹਿਣ ਕਰਨੇ(ਭਾਵ ਕੱਚ ਵਗੈਰਾ ਤੇ ਤੁਰਨਾ) ਆਦਿ, ਸੰਚਾਰੀ ਭਾਵ ਵਿੱਚ ਸੰਸਾਰ ਤੋਂ ਮੂੰਹ ਮੋੜ ਲੈਣਾ, ਯੋਗ ਧਾਰ ਲੈਣਾ, ਪ੍ਰੇਮ-ਪਿਆਰ ਦਾ ਤਿਆਗ ਕਰ ਦੇਣਾ ਆਦਿ ਆ ਸਕਦੇ ਹਨ।





  1. ਭਾਰਤੀ ਕਾਵਿ-ਸ਼ਾਸਤਰ (ਪ੍ਰੋ.ਸ਼ੁਕਦੇਵ ਸ਼ਰਮਾ). p. 157.
  2. ਰਸ ਗੰਗਾਧਰ(ਡਾ .ਓਮ ਪ੍ਰਕਾਸ਼ ਭਰਦਵਾਜ). p. 63.
  3. ਭਾਰਤੀ ਕਾਵਿ-ਸ਼ਾਸਤਰ (ਪ੍ਰੋ.ਸ਼ੁਕਦੇਵ ਸ਼ਰਮਾ). p. 171.
  4. ਰਸ ਗੰਗਾਧਰ (ਡਾ .ਓਮ ਪ੍ਰਕਾਸ਼ ਭਾਰਦਵਾਜ). p. 82.
  5. ਰਸ ਗੰਗਾਧਰ (ਡਾ ਓਮ ਪ੍ਰਕਾਸ਼ ਭਰਦਵਾਜ). p. 70.
  6. ਰਸ ਸਿਧਾਂਤ (ਲੇਖਕ ਡਾ .ਨਗੇਂਦ੍). p. 365.
  7. ਰਸ ਸਿਧਾਂਤ (ਲੇਖਕ ਡਾ. ਨਗੇਂਦ੍). p. 364.
  8. ਰਸ ਸਿਧਾਂਤ (ਲੇਖਕ ਡਾ ਨਗੇਂਦ੍). p. 367.
  9. ਰਸ ਸਿਧਾਂਤ (ਲੇਖਕ ਡਾ ਨਗੇਂਦ੍). p. 366.