ਸਮੱਗਰੀ 'ਤੇ ਜਾਓ

ਰੀਤੀ ਰਿਵਾਜ :ਜਨਮ ਵਿਆਹ ਅਤੇ ਮੌਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

[1]ਰੀਤੀ ਰਿਵਾਜਾਂ ਦਾ ਬਹੁਤ ਵਿਸਾਲ ਘੇਰਾ ਹੈ ਇਸ ਵਿੱਚ ਜਨਮ, ਵਿਆਹ ਅਤੇ ਮਰਨ ਸੰਬੰਧੀ ਰੀਤੀ-ਰਿਵਾਜਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਤੱਕ ਹੀ ਸੀਮਤ ਰਖਿਆ ਗਿਆ ਹੈ । ਰੀਤੀ ਰਿਵਾਜ ਸਮਾਜਕ ਅਤੇ ਸਭਿਆਚਾਾਰਕ ਤੌਰ ਤੇ ਹੀ ਭੂਮਿਕਾ ਨਿਭਾਉਂਦੇ ਹਨ । ਇਹ ਰਸਮਾਂ ਜਨਮ ਸਮੇਂ ਤੋਂ ਮਰਨ ਸਮੇਂ ਤੱਕ ਤਕਰੀਬਨ ਇੱਕੋ ਜਿਹੀ ਹੁੰਦੀਆਂ ਹਨ ਇਲਾਕੇ ਅਨੁਸਾਰ ਇਨ੍ਹਾਂ ਵਿੱਚ ਭਿੰਨਤਾ ਹੋ ਸਕਦੀ ਹੈ । ਇਸ ਤੋਂ ਬਾਅਦ ਵਿਆਹ ਸਮੇਂ ਦੀਆ ਰਸਮਾਂ ਦਾ ਉਲੇਖ ਕੀਤਾ ਗਿਆ ਹੈ । ਵਿਆਹ ਸਮੇਂ ਦੀਆ ਰਸਮਾਂ ਵੀ ਖ਼ਿੱਤੇ ਅਨੁਸਾਰ ਬਦਲਦੀਆਂ ਹਨ । ਅੰਤ ਵਿੱਚ ਮਰਨ ਸਮੇਂ ਦੀਆ ਰਸਮਾਂ ਦਾ ਉਲੇਖ ਕੀਤਾ ਗਿਆ ਹੈ ਅਤੇ ਇਹਨਾਂ ਰਸਮਾਂ  ਦਾ ਸਮਾਜਿਕ ਅਤੇ ਸੱਭਿਆਚਾਰਿਕ ਮਹੱਤਵ ਵੀ ਦਰਸਾਇਆ ਗਿਆ ਹੈ । ਪੰਜਾਬੀ ਰੀਤਾਂ ਵਿੱਚ ਹੀ ਜੰਮਦਾ , ਪ੍ਰਵਾਨ ਚੜ੍ਹਦਾ ਤੇ ਆਪਣੇ ਅੰਤਿਮ ਸੁਆਸ ਪੂਰੇ ਕਰਦਾ ਹੈ । ਸਾਡਾ ਜੀਵਨ ਹੀ ਰਹੁ- ਰੀਤਾਂ ਦੀ ਮਰਯਾਦਾ ਵਿੱਚ ਬੱਝਾ ਹੋਇਆਂ ਹੈ । ਇਹ ਮਰਯਾਦਾਵਾਂ ਪੰਜਾਬੀ ਭਾਈਚਾਰੇ ਦੇ ਨੱਕ ਨਾਲ ਗਹਿਰੇ ਤੌਰ ਤੇ ਜੁੜੀਆਂ ਹੋਈਆ ਹਨ । ਇਨਾਂ ਉੱਪਰ ਪਹਿਰਾ ਦੇਣ ਜਾਂ ਇੰਨਾਂ ਦੇ ਪਾਲਣ ਨਾਲ ਹੀ ਬੰਦੇ ਦੇ ਨੱਕ ਨਾਲ ਗਹਿਰੇ ਤੌਰ ਤੇ ਜੁੜਿਆਂ ਹੋਇਆਂ ਹਨ । ਇਨਾਂ ਉੱਪਰ ਪਹਿਰਾ ਦੇਣ ਜਾਂ ਇੰਨਾਂ ਦੇ ਪਾਲਣ ਨਾਲ ਹੀ ਬੰਦੇ ਦਾ ਨੱਕ ਰਹਿੰਦਾ ਕਿਹਾ ਜਾਂਦਾ ਹੈ । ਕੋਈ ਬੰਦਾ ਸਹਿਜੇ ਕੀਤੇ ਆਪਣਾ ਨੱਕ ਵਢਾਉਣ ਨਹੀਂ ਚਾਹੁੰਦਾ । ਇਸ ਲਈ ਉਹ ਔਖਾ ਸੌਖਾ ਆਪਣੇ ਵਿੱਤ ਤੋਂ ਬਾਹਰ ਜਾ ਕੇ ਇਸ ਲੋਕਾਚਾਰੀ ਦੀ ਪਾਲਣਾ ਕਰਦਾ ਹੈ।

ਹਰ ਭਾਈਚਾਰੇ ਦੇ ਆਪਣੇ ਵੱਖਰੇ ਰੀਤੀ-ਰਿਵਾਜ ਤੇ ਮਨੌਤਾਂ ਹਨ ਜੋ ਉਨਾਂ ਦੇ ਜੀਵਨ-ਪ੍ਰਵਾਹ ਵਿੱਚੋਂ ਮੱਥ ਕੇ ਨਿੱਤਰ ਆਉਂਦੀਆਂ ਹਨ । ਰੀਤੀ ਰਿਵਾਜ ਜਾਤੀ ਦੇ ਵਿਸ਼ਵਾਸ ਸੰਕਲਪ ਤੇ ਨਿਸਚਿਆਂ ਵਿੱਚੋਂ ਸਹਿਜ ਭਾਵ ਨਿਮਦੇ ਹਨ ਤੇ ਪੁਰਖੀ ਅਨੁਭਵ ਦੇ ਰੂਪ ਵਿੱਚ , ਸਮੇਂ ਨਾਲ ਅੱਗੇ ਤੁਰਦੇ ਜਾਂਦੇ ਹਨ ।

ਸਾਡੇ ਰੀਤੀ ਰਿਵਾਜ ਕੇਵਲ ਜਨਮ ਤੇ ਮੌਤ ਤੱਕ ਦੇ ਪ੍ਰਮੁੱਖ ਪੜਾਵਾਂ ਨਾਲ ਹੀ ਸੰਬੰਧਤ ਨਹੀ । ਸਗੋਂ ਇਹ ਜਨਮ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਹਨ ਅਤੇ ਬੰਦੇ ਦੇ ਮਰਨ ਮਗਰੋਂ ਉਹਦੀ ਗਤੀ ਲਈ ਮਰਨ ਉਪਰੰਤ ਬੜੀ ਚੱਲਦੇ ਰਹਿੰਦੇ ਹਨ ।

ਜਨਮ ਸਮੇਂ ਦੀਆ ਰਸਮਾਂ

ਇਹ ਰੀਤਾਂ ਬੱਚੇ ਦੇ ਜਨਮ ਤੋਂ ਪਹਿਲਾਂ ਉਹਦੇ ਨਿੰਮਣ ਸਮੇਂ ਤੌ ਹੀ ਸ਼ੁਰੂ ਹੋ ਜਾਂਦੀਆਂ ਹਨ । ਸਭ ਤੋਂ ਪਹਿਲੀ ਰੀਤ ਨੂੰ ਗਰਭ- ਸੰਸਕਾਰ ਆਖਿਆਂ ਜਾਂਦਾ ਹੈ । ਗੁਲਜ਼ਾਰ ਸਿੰਘ ਸੰਧੂ ਦੇ ਸ਼ਬਦਾਂ ਵਿੱਚ ਪ੍ਰੇਤ ਰੂਹਾਂ ਤੋਂ ਬਚਣ ਲਈ ਗਰਭ ਦੇ ਤੀਜੇ, ਪੰਜਵੇਂ ਅਤੇ ਸੱਤਵੇ ਮਹੀਨੇ ਵਿੱਚ ਇਸਤਰੀ ਦੇ ਪੱਲੇ ਨਾਲ ਅਨਾਜ ਬੰਨਿਆਂ ਜਾਂਦਾ ਹੈ ਜਾਂ ਉਸਦੇ ਪੱਲੇ ਪਾਇਆ ਜਾਂਦਾ ਹੈ । ਜੇ ਕੁੜੀ ਸਹੁਰੀ ਹੋਵੇ ਤਾਂ ਇਹ ਅਨਾਜ ਮਾਪੇ ਭੇਜਦੇ ਹਨ । ਉਹ ਇਸ ਨੂੰ ਪੱਲੇ ਵਿੱਚ ਪਾਉਂਦੀ ਹੈ , ਰਿਨ ਕੇ ਖਾਦੀ ਹੈ ਤੇ ਭਾਈਚਾਰੇ ਵਿੱਚ ਵੰਡਦੀ ਹੈ । ਲੋਕਾਂ ਵਿੱਚ ਆਮ ਵਿਸ਼ਵਾਸ ਹੈ ਕਿ ਗਰਭਵਤੀ ਇਸਤਰੀ ਦੇ ਲੜ ਬੱਬਿਆਂ ਕੱਚਾ ਅਨਾਜ ਕੱਚ- ਸੂਤਕੇ ਬਾਲ ਦੀ ਮਾਂ ਦੇ ਉਦਰ ਵਿੱਚ ਪ੍ਰੇਤ ਰੂਹਾਂ ਤੋਂ ਰਾਖੀ ਕਰਦਾ ਹੈ।

ਕੁੱਝ ਥਾਂ ਕੁੜੀ ਦੇ ਮਾਪੇ ਉਹਦੇ ਸਹੁਰੀ ਸੰਧਾਰਾ ਭੇਜਦੇ ਹਨ ,ਇਸ ਨੂੰ ‘ਮਿੱਠਾ ਬੋਹੀਆ ਕਿਹਾ ਜਾਂਦਾ ਹੈ । ਕੁਝ ਥਾਂਈਂ ਗਰਭ ਦੇ ਤੀਜੇ ਮਹੀਨੇ ਕੁੜੀ ਦੀ ਨਣਾਨ ਆਪਣੀ ਗਰਭਵਤੀ ਭਰਜਾਈ ਦੇ ਅੱਖੀ ਸੁਰਮਾ ਪਾਉਂਦੀ ਹੈ । ਇਸ ਨੂੰ ‘ਅੱਖ ਸਿਲਾਈ’ ਦੀ ਰਸਮ ਕਿਹਾ ਜਾਂਦਾ ਹੈ । ਇਸ ਰਸਮ ਤੋਂ ਬਾਅਦ ਜਣੇਪੇ ਤੱਕ ਗਰਭਵਤੀ ਲਈ ਹੋਰ ਸੁਰਮਾ ਪਾਉਣਾ ਵਰਜਿਤ ਹੁੰਦਾ ਹੈ । ਗਰਭਵਤੀ ਔਰਤ ਦੇ ਸਿਲ਼ੇ ਤੇ ਅਫ਼ਸੋਸ ਵਾਲੇ ਘਰੀ ਜਾਣ ਅਤੇ ਕਿਸੇ ਦਾ ਸਿਰ ਆਦਿ ਫੋਲਣ ਦੀ ਮਨਾਹੀ ਹੁੰਦੀ ਹੈ । ਉਸਨੂੰ ਹੋਰ ਵੀ ਕਈ ‘ਸਖ਼ਤ ਥਾਂਈਂ ਜਾਣਾ ਬੰਦ ਹੁੰਦਾ ਹੈ ।

ਪੰਜਾਬ ਵਿੱਚ ਆਮ ਤੌਰ ਤੇ ਪਹਿਲਾਂ ਜਣੇਪਾ ਕੁੜੀ ਦੇ ਪੇਕੇ ਕਰਾਉਣ ਦਾ ਰਿਵਾਜ ਹੈ । ਜਿੱਥੇ ਜਣੇਪਾ ਕਰਵਾਇਆਂ ਜਾਵੇ , ਉਸ ਕਮਰੇ ਨੂੰ ਛਿਲੇ ਵਾਲਾ ਕਮਰਾ ਕਿਹਾ ਜਾਂਦਾ ਹੈ । ਇੱਥੇ ਅਨਾਜ , ਲੋਹੇ ਦਾ ਕੜਾ ਜਾਂ ਦਾਤੀ ਆਦਿ ਰੱਖੇ ਜਾਂਦੇ ਹਨ । ਕੁੱਝ ਲੋਕ ਇਹ ਚੀਜ਼ਾਂ ਜਣੇਪੇ ਵਾਲੀ ਔਰਤ ਦੇ ਮੰਜੇ ਨਾਲ ਬੰਨ੍ਹ ਦਿੰਦੇ ਹਨ । ਕਮਰੇ ਵਿੱਚ ਅਨਪਹਿਰੀ ਜੋਤ ਜਗਦੀ ਰੱਖੀ ਜਾਂਦੀ ਹੈ । ਬੱਚੇ ਦੇ ਜਨਮ ਦਾ ਐਲਾਨ ਘਰ ਦੀ ਡਿਉਡੀ ਦੇ ਦਰਵਾਜ਼ੇ ਤੇ ਸ਼ਰੀਂਹ ਆਦਿ ਦੇ ਪੱਤੇ ਬੰਨ ਕੇ ਕੀਤਾ ਜਾਂਦਾ ਹੈ । ਦਾਈ ਬੱਚੇ ਨੂੰ ਪਹਿਲਾ ਇਸ਼ਨਾਨ ਕਰਵਾਉਂਦੀ ਹੈ । ਨਵ-ਜਨਮੇ ਬਾਲ ਦੇ ਨਾੜੂਏ ਨੂੰ ਕੱਟਣ ਦੀ ਰਸਮ ‘ਨਾੜੂਆ ਸੰਘਰਨਾ’ ਕਿਹਾ ਜਾਂਦਾ ਹੈ ।

ਜਨਮ ਤੋਂ ਬਾਅਦ ਕਿਸੇ ਠੰਡੇ ਸੁਭਾੳ ਵਾਲੇ ਵਿਅਕਤੀ ਤੋਂ ਉਸ ਨੂੰ ਗੁੜ੍ਹਤੀ ਦੁਆਈ ਜਾਂਦੀ ਹੈ । ਇਸ ਪਿੱਛੇ ਇਹ ਵਿਸ਼ਵਾਸ ਕੰਮ ਕਰਦਾ ਹੈ ਕਿ ਬੱਚੇ ਦਾ ਸੁਭਾੳ ਵੀ ਉਸਨੂੰ ਗੁੜ੍ਹਤੀ ਦੇਣ ਵਾਲੇ ਸੁਭਾੳ ਦੇ ਉੱਪਰ ਵੀ ਨਿਰਭਰ ਕਰਦਾ ਹੈ ।

ਜਨਮ ਦੀ ਖ਼ਬਰ ਸੁਣਨ ਤੋਂ ਬਾਅਦ ਭਾਈਚਾਰੇ ਦੇ ਲੋਕ ਤੇ ਲਾਗੀ ਆਦਿ ਵਧਾਈਆਂ ਦੇਣ ਆਉਂਦੇ ਹਨ । ਇਸ ਸਮੇਂ ਆਪੋ ਆਪਣੀ ਵਿੱਤ ਅਨੁਸਾਰ ਗੁੜ , ਪਤਾਸੇ ਜਾਂ ਲੱਡੂ ਆਦਿ ਦੇ ਵੰਡੇ ਜਾਂਦੇ ਹਨ । ਪੰਜਾਬ ਵਿੱਚ ਬਹੁਤੇ ਚਾਓ ਮਲ੍ਹਾਰ ਮੁੰਡੇ ਦੇ ਜਨਮ ਨਾਲ ਹੀ ਜੁੜੇ ਹੋਏ ਹਨ । ਬਹੁਤ ਲੋਕਾਂ ਦੇ ਘਰੀ ਕੁੜੀ ਦੇ ਜਨਮ ਸਮੇਂ ਤਾਂ ਸੋਗ ਦਾ ਵਾਤਾਵਰਣ ਛਾ ਜਾਂਦਾ ਹੈ । ਪਰੰਤੂ ਅੱਜ ਕੱਲ੍ਹ ਨਵੇਂ ਵਿਚਾਰਾਂ ਵਾਲੇ ਲੋਕਾਂ ਦੇ ਘਰਾਂ ਵਿੱਚ ਭਿੰਨ ਭੇਦ ਮਿਟਦਾ ਜਾ ਰਿਹਾ ਹੈ ।

ਬੱਚੇ ਨੂੰ ਪਹਿਲੀ ਵਾਰ ਦੁੱਧ ਪਿਆਉਣ ਤੋਂ ਪਹਿਲਾਂ ਬੱਚੇ ਦੀ ਭੂਆ ਕੋਲੋਂ ਜ਼ੱਚਾ ਦੀਆਂ ਦੁੱਧੀਆਂ ਨੂੰ ਉਚੇਰੇ ਤੋਰ ਤੇ ਤਿਆਗ ਕੀਤੀ ਸਮੱਗਰੀ ਨਾਲ ਧੁਆਇਆ ਜਾਂਦਾ ਹੈ । ਇਸ ਕਾਰਜ ਲਈ ਕਈ ਥਾਂਈ ਕੁਸ਼ਾਂ ਦੀ ਕੂਚੀ ਵਰਤਣ ਦਾ ਰਿਵਾਜ ਹੈ । ਸਰਦੇ ਘਰਾਂ ਵਿੱਚ ਦੁੱਧ-ਧੁਆਈ ਦੀ ਰਸਮ ਲਈ ਨਵ-ਜਨਮੇ ਬਾਲ ਦੀ ਭੂਆ ਨੂੰ ਮਹਿੰਗੇ ਤੋਹਫ਼ੇ ਦਿੱਤੇ ਜਾਂਦੇ ਹਨ ।

ਪੰਜਾਬ ਵਿੱਚ ਪੰਜਵਾਂ ਨਹਾਉਣ ਦੀ ਰੀਤ ਵੜੀ ਆਮ ਪਾਈ ਜਾਂਦੀ ਹੈ । ਬੱਚੇ ਦੇ ਜਨਮ ਤੋਂ ਪੰਜਵੇਂ ਦਿਨ ਬਾਅਦ ਮਾਂ ਨੂੰ ਨਵਾਇਆ ਜਾਂਦਾ ਹੈ । ਤੋਹਫ਼ੇ ਦਿਨ ਰਹੁ- ਰੀਤਾਂ ਦਾ ਪਾਲਣ ਕਰਕੇ ਜ਼ੱਚਾ ਨੂੰ ਨਵੇਂ ਕੱਪੜੇ ਆਦਿ ਪੁਆ ਕੇ ਬਾਹਰ ਵਧਾਇਆ ਜਾਂਦਾ ਹੈ । ਬਾਹਰ ਵਧਣ ਤੋਂ ਬਾਅਦ ਇਸਤਰੀ ਨੂੰ ਛਿੱਲੇ ਵਾਲੇ ਕਮਰੇ ਚੋ ਬਾਹਰ ਆਉਣ ਜਾਣ ਦੀ ਖੁੱਲ ਹੁੰਦੀ ਹੈ ।

ਪਰ ਉਹਨੂੰ ਸਵਾ ਮਹੀਨਾ ਕਾਫ਼ੀ ਸਾਰੇ ਰੱਖ-ਪਰਹੇਜ਼ ਕਰਨੇ ਪੈਂਦੇ ਹਨ । ਕੁੜੀ ਦੇ ਸਹੁਰੀ ਮਿੱਠਾ ਭੇਜ ਕੇ ਬੱਚੇ ਦੇ ਜਨਮ ਦੀ ਖ਼ਬਰ ਭੇਜੀ ਜਾਂਦੀ ਹੈ ਬਦਲੇ ਵਿੱਚ ਉਸ ਦੀ ਸੱਸ ਘਿਉ ਲੈ ਕੇ ਆਉਦੀ ਹੈ । ਘਿਉ ਜਿਸਦਾ ਜ਼ੱਚਾ ਲਈ ਦਾਬੜਾ ਬਣਾਇਆ ਜਾਂਦਾ ਹੈ , ਇਸ ਤੋਂ ਬਿਨਾ ਬੱਚੇ ਤੇ ਉਹਦੀ ਮਾਂ ਲਈ ਕੱਪੜੇ- ਲੀੜੇ ਤੇ ਗਹਿਣਿਆਂ ਆਦਿ ਦੀ ਸੂਰਤ ਵਿੱਚ ਕਰੜੀ ਹੋਰ ਸੁਗਾਤਾਂ ਵੀ ਲਿਆਂਦੀਆਂ ਜਾਂਦੀਆਂ ਹਨ ।

ਚਾਲੀਵੇ ਦਿਨ ਛਿੱਲੇ ਦੀ ਹਰ ਪ੍ਰਕਾਰ ਦੀ ਅਸ਼ੁੱਧਤਾ ਖਤਮ ਹੋਈ ਸਮਝੀ ਜਾਂਦੀ ਹੈ । ਸਜਦੇ ਪੁੱਜਦੇ ਘਰ ਨਵ- ਜਨਮੇ ਬਾਲ ਦੀ ਛਟੀ ਦੀ ਰਸਮ ਕਰਦੇ ਹਨ । ਇਹ ਇਕ ਤਰਾਂ ਨਾਲ ਖੁਸ਼ੀਆਂ ਦਾ ਤਿਉਹਾਰ ਹੁੰਦਾ ਹੈ । ਪ੍ਰੀਤੀ ਭੋਜ ਹੁੰਦੇ ਹਨ ਤੇ ਦਾਰੂ ਦੇ ਖੁੱਲੇ ਦੌਰ ਚੱਲਦੇ ਹਨ । ਖ਼ੁਸ਼ੀ ਦੇ ਗੀਤ ਗਾਏ ਜਾਂਦੇ ਹਨ ।ਇਸ ਵੇਲੇ ਨਿਕਟ- ਵਰਤੀ ਰਿਸ਼ਤੇਦਾਰਾਂ ਵਿਚਕਾਰ ਦੇਣ ਲੈਣ ਦਾ ਕਾਫ਼ੀ ਲੰਮਾ ਚੌੜਾ ਖਲਜਗਣ ਪਾਇਆ ਜਾਂਦਾ ਹੈ ।

ਪੰਜਾਬ ਵਿੱਚ ਮੁੰਡੇ ਦੀ ਲੋਹੜੀ ਵੰਡਣ ਦਾ ਰਿਵਾਜ ਸਾਰੇ ਹੀ ਵਰਗਾਂ ਵਿੱਚ ਪ੍ਰਚਲਿਤ ਹੈ । ਇਸ ਦਿਨ ਢਾਣੀ ਬੰਨ੍ਹ ਕੇ ਘਰੋਂ - ਘਰੀ ਗੀਤ ਗਾਉਂਦੇ ਫਿਰਦੇ ਮੁੰਡਿਆ ਕੁੜੀਆਂ ਦੀਆ ਟੋਲੀਆ ਨੂੰ ਘਰ ਵਾਲ਼ਿਆਂ ਵੱਲੋਂ ਖੁਲੇ ਦਿਲ ਨਾਲ ਗੁੜ , ਪਤਾਸੇ ਆਦਿ ਦਿੱਤੇ ਜਾਂਦੇ ਹਨ ।

ਬੱਚੇ ਦਾ ਨਾਉਂ ਰੱਖਣ ਦੀ ਰੀਤ ਨੂੰ ਨਾਮ ਸੰਸਕਾਰ ਕਹਿੰਦੇ ਹਨ । ਇਹ ਰੀਤੀ ਵੱਖੋ ਵੱਖ ਧਰਮਾਂ ਨੂੰ ਮੰਨਣ ਵਾਲੇ ਲੋਕ ਆਪੋ ਆਪਣੇ ਇਸਟ ਦੀ ਹਾਜ਼ਰੀ- ਹੂਜਰੀ ਵਿੱਚ ਥੋੜ੍ਹੇ ਬਹੁਤ ਅੰਤਰ ਨਾਲ ਨੇਪਰੇ ਚਾੜ੍ਹਦੇ ਹਨ।

ਹਿੰਦੂ ਵੱਸੋ ਵਿੱਚ ਤੀਜੇ ਜਾਂ ਪੰਜਵੇਂ ਵਰ੍ਹੇ ਬੱਚੇ ਦਾ ਮੁੰਡਨ ਕਰਵਾਇਆਂ ਜਾਂਦਾ ਹੈ । ਕੁਝ ਲੋਕ ਦੇਵੀ ਦੇ ਸਥਾਨ ਤੇ ਜਾ ਕੇ ਬੱਚੇ ਦੇ ਭੱਦਣ ਕਰਵਾਉਦੇ ਹਨ । ਇਨਾਂ ਵਿਚਕਾਰ ਬੱਚੇ ਦੇ ਜਨੇਊ ਪਹਿਨਣ ਦੀ ਰੀਤੀ ਨੂੰ ਜਨੇਊ ਸੰਸਕਾਰ ਕਿਹਾ ਜਾਂਦਾ ਹੈ । ਸਿੱਖ ਤੇ ਮੁਸਲਮਾਨ ਇਹ ਦੋਨੋ ਰੀਤਾਂ ਨਹੀਂ ਕਰਵਾਉਂਦੇ । ਮੁਸਲਮਾਨ ਮੁੰਡ ਦੀ ਸੁੰਨਤ ਕਰਵਾਉਂਦੇ ਹਨ ਤੇ ਸਿੱਖ ਉਹਨੂੰ ਵਿਸ਼ੇਸ਼ ਮਰਯਾਦਾ ਦਾ ਪਾਲਣਾ ਕਰਦੇ ਹੋਏ ਅੰਮਿ੍ਰਤ ਛਕਾਉਂਦੇ ਹਨ ।

ਕੁੜੀਆਂ ਦੀ ਸੂਰਤ ਵਿੱਚ ਕੰਨ- ਵਿਨ੍ਹਾਈ ਵੇਲੇ ਸਾਦਾ ਜਿਹੀਆਂ ਰਸਮਾਂ ਕੀਤੀਆ ਜਾਦੀਆ ਹਨ । ਇਹ ਗੱਲ ਵਿਸ਼ੇਸ਼ ਤੌਰ ਤੇ ਨੋਟ ਕਰਨ ਵਾਲੀ ਹੈ ਕਿ ਜਨਮ ਤੋਂ ਮਗਰੋਂ ਗਭਰੀਟ ਅਵਸਥਾ ਤੀਕ ਬਹੁਤੀਆਂ ਰਹੁ-ਰੀਤਾਂ ਮੁੰਡੇ ਦੇ ਸੰਦਰਭ ਵਿੱਚ ਹੀ ਕੀਤੀਆ ਜਾਂਦਿਆਂ ਹਨ।

ਪੰਜਾਬ ਵਿੱਚ ਮੁੰਡੇ ਦੇ ਜਨਮ ਵੇਲੇ ਖੁਸਰੇ ਨਚਾਉਣ ਦਾ ਆਮ ਰਿਵਾਜ ਹੈ । ਖੁਸਰੇ ਮੁੰਡੇ ਦੇ ਜਨਮ ਦੀ ਭਿਣਕ ਰੱਖਦੇ ਹਨ । ਇਸ ਖ਼ਬਰ ਦੀ ਭਿਣਕ ਪੈਣ ਸਾਰ ਹੀ ਉਹ ਮੁੰਡੇ ਵਾਲ਼ਿਆਂ ਦੇ ਘਰ ਆ ਕੇ ਢੋਲਕ ਤੇ ਘਸਰੇ ਮਾਰਨ ਅਤੇ ਆਪਣੇ ਵਿਸ਼ੇਸ਼ ਸੁਰ ਵਿੱਚ ਵਧਾਇਆ ਦੇ ਗੀਤ ਗਾਉਣੇ ਸ਼ੁਰੂ ਕਰ ਦਿੰਦੇ ਹਨ ਤੇ ਮੂੰਹ ਮੰਗਵੀ ਨਕਦੀ ਤੇ ਕੱਪੜਾ ਲੈ ਕੇ ਹੀ ਘਰ ਵਾਲ਼ਿਆਂ ਦਾ ਪਿੱਛਾ ਛੱਡਦੇ ਹਨ । ਬਹੁਤੀ ਵਾਰ ਤਾਂ ਘਰ ਵਾਲੇ ਇਹ ਸਭ ਕੁਝ ਆਪਣੀ ਮਰਜ਼ੀ ਦੇ ਸ਼ੌਕ ਵੱਸ ਹੀ ਦਿੰਦੇ ਹਨ ਪਰ ਜੇ ਲੋੜ ਪਵੇ ਤਾਂ ਖੁਸਰੇ ਆਪਣਾ ‘ਅੜੋਦਾਨ ‘ ਲੈਣ ਵਿੱਚ ਵੀ ਕੋਈ ਕਸਰ ਬਾਕੀ ਨਹੀ ਛੱਡਦੇ ।

ਵਿਆਹ ਸਮੇਂ ਦੀਆ ਰਸਮਾਂ

ਕੁੜਮਾਈ

            ਪੰਜਾਬ ਵਿੱਚ ਵਿਆਹ ਦਾ ਮੁੱਢ ਕੁੜਮਾਈ , ਮੰਗਣੇ ਜਾ ਸ਼ਗਨ ਦੀ ਰਸਮ ਨਾਲ ਬੱਝਦਾ ਹੈ । ਅੱਜ ਕੱਲ੍ਹ ਤਾਂ ਕੁਝ ਕੁੜੀਆਂ ਤੇ ਮੁੰਡੇ ਆਪੋ ਆਪਣੀ ਮਰਜ਼ੀ ਦਾ ਪ੍ਰੇਮ- ਵਿਆਹ ਰਚਾ ਕੇ ਝੱਟ ਮੰਗਣੀ ਤੇ ਪਟ ਵਿਆਹ ਵਾਲਾ ਕੰਮ ਵੀ ਕਰ ਲੈਂਦੇ ਹਨ । ‘ਵਰ ਦੀ ਲੋੜ’ ਪੂਰੀ ਕਰਨ ਲਈ ਅਖ਼ਬਾਰੀ ਇਸ਼ਤਿਹਾਰਾਂ ਰਾਹੀ ਵੀ ਕੰਮ ਹੋਣ ਲੱਗ ਗਿਆ ਹੈ ਪਰ ਹਾਲੇ ਵੀ ਬਹੁਤੇ ਵਿਆਹ ਵਿਚੋਲੇ ਰਾਹੀ ਹੀ ਸਿਰੇ ਚੜਦੇ ਹਨ। ਪਹਿਲਿਆਂ ਸਮਿਆਂ ਵਿੱਚ ਮੰਗਣੇ ਦਾ ਕੰਮ ‘ਰਾਜਿਆ’ਤੇ ਪ੍ਰੋਹਿਤਾਂ , ਪਡਿਤਾਂ ਰਾਹੀ ਸਿਰੇ ਚੜਦਾ ਸੀ ।

ਮੰਗਣੇ ਵੇਲੇ ਵਰ ਤੇ ਘਰ ਦੋਹਾਂ ਦੇ ਹੀ ਹਾਣ- ਮੇਚ ਦਾ ਖਿਆਲ ਰਖਿਆ ਜਾਂਦਾ ਹੈ ਪਰ ਬਹੁਤੀਆਂ ਸੂਰਤਾਂ ਵਿੱਚ ‘ਵਰ’ ਉੱਪਰ ਘਰ ਹੀ ਹਾਵੀ ਹੋ ਜਾਂਦਾ ਸੀ ਤਾਂ ਹੀ ਸਾਇਦ ਪੰਜਾਬ ਵਿੱਚ ਇਹ ਕਹਾਵਤ ਮਸਹੂਰ ਹੈ ਕਿ ‘ ਜੋੜੀਆਂ ਜੱਗ ਥੋੜ੍ਹੀਆਂ ਨਰੜ ਬਥੇਰੇ ।’

ਕੁੜਮਾਈ ਵੇਲੇ ਜਾਤ ਗੋਤ ਦਾ ਵਿਸ਼ੇਸ਼ ਖਿਆਲ ਰਖਿਆ ਜਾਂਦਾ ਹੈ ਭਾਵੇਂ ਅੱਜ ਕੱਲ੍ਹ ਅੰਤਰ ਜਾਤੀ ਵਿਆਹ ਵੜੀ ਹੋਣ ਲੱਗ ਪਏ ਹਨ ਪਰੰਤੂ ਬਹੁਤੇ ਵਿਆਹ ਆਪੋ ਆਪਣੀ ਜਾਤ ਦੇ ਘੇਰੇ ਅੰਦਰ ਹੀ ਨੇਪਰੇ ਚੜਦੇ ਹਨ । ਬ੍ਰਾਹਮਣ ਖਤਰੀਆਂ ਵਿਚਕਾਰ ਬਾਹਰੀ , ਬਜਾਹੀ , ਅੱਠਵੰਸੇ ਜਾਂ ਢਾਈ ਘਰੇ ਵਿਸ਼ੇਸ਼ ਗੋਤਾਂ ਦੀ ਲਛਮਣ ਰੇਖਾ ਅੰਦਰ ਹੀ ਆਪਣੇ ਮੁੰਡੇ ਕੁੜੀਆਂ ਦੇ ਵਿਆਹ/ ਕੁੜਮਾਈਆਂ ਕਰਦੇ ਹਨ ।ਪਰ ਅੱਜ ਕੱਲ੍ਹ ਭਾਵੇਂ ਇਨੀਆ ਪੀੜੀਆਂ ਬੰਦਸ਼ਾਂ ਸੜੀ ਪਕੜ ਤਾਂ ਢਿੱਲੀ ਪੈਣੀ ਸ਼ੁਰੂ ਹੋ ਗਈ ਹੈ ਪਰ ਹਾਲੇ ਵੀ ਇਸ ਨੇਮ ਸੜੀ ਜ਼ਰੂਰ ਜੜੀ ਪਾਲਣਾ ਕੀਤੀ ਜਾਦੀ ਹੈ ਕਿ ਵਿਆਹ ਆਪਣੀ ਜਾਤ ਅੰਦਰ ਹੀ ਹੋਵੇ ਤੇ ਮੁੰਡੇ ਕੁੜੀ ਦੇ ਨਾਨਕਿਆਂ ਤੇ ਦਾਦਕਿਆਂ ਦਾ ਗੋਤ ਨਾ ਰਲਦਾ ਹੋਵੇ । ਸ਼ਰਧਾ ਰਾਮ ਫਿਲੌਰੀ ਅਨੁਸਾਰ , ‘ਪੰਜਾਬ ਵਿੱਚ ਕੁੜਮਾਈ ਦੀ ਇਹ ਰੀਤ ਹੈ ਕਿ ਜੋ ਧੀ ਵਾਲਾ ਨਾਈ ਦੇ ਹੱਥ ਸੱਤ ਛੁਹਾਰੇ ਤੇ ਇਕ ਰੁਪਈਏ ਦੇ ਕੇ ਮੁੰਡੇ ਵਾਲੇ ਘਰ ਭੇਜਦਾ ਹੈ । ਜਦੋਂ ਨਾਈ ਪੁੱਤ ਵਾਲ਼ਿਆਂ ਦੇ ਘਰ ਪਹੁੰਚੇ ਤਾਂ ਘਰ ਵਾਲੇ ਆਪਣੇ ਬੂਹੇ ਦੀਆ ਦੋਹਾਂ ਮੁੱਖ ਪੁਰ ਤੇਲ ਚੋਂ ਕੇ ਨਾਈ ਨੂੰ ਅੰਦਰ ਲੈ ਆਦੇ ਹਨ । ਉਹਦੀ ਪਾਤਰਦਾਰੀ ਪਿੱਛੋਂ ਨਗਰ ਦੇ ਪੰਚ ਅਰ ਭਾਈਚਾਰੇ ਦੇ ਲੋਕ ਕੱਠੇ ਹੋ ਕੇ ਘਰ ਦੇ ਪਾਂਧੇ ਤੇ ਆਟੇ ਚੌਕ ਚੁਕਾਉਂਦੇ ਹਨ ਜਦੋਂ ਪਾਂਧਾ ਵੇਦ ਦੀ ਰੀਤ ਅਨੁਸਾਰ ਬਾਲਕ ਤੇ ਚੌਕ ਦੀ ਪੂਜਾ ਕਰ ਚੁੱਕਦਾ ਹੈ ਤਾਂ ਨਾਈ ਉਹ ਛੁਆਰੇ ਤੇ ਰੁਪਈਆ ਮੁੰਡੇ ਦੀ ਝੋਲੀ ਪਾ ਕੇ ਮੱਥੇ ਤੇ ਟਿੱਕਾ ਲਾ ਦਿੰਦਾ ਹੈ । ਅਰ ਮੁੱਖ ਤੋਂ ਇਹ ਬਚਨ ਮੁੰਡੇ ਦੇ ਪਿਓ ਨੂੰ ਆਖਦਾ ਹੈ ਕਿ ਵਧਾਈਆਂ ਮਹਾਰਾਜਾ ਫੇਰ ਮੁੰਡੇ ਦਾ ਪਿਉ ਆਪਣੀ ਸਰਧਾ ਅਨੁਸਾਰ ਬ੍ਰਾਹਮਣਾਂ ਤੇ ਨਾਈਆਂ ਨੂੰ ਰਪਏ ਪੈਸੇ ਦੇ ਕੇ ਭਾਈਚਾਰੇ ਨੂੰ ਸੱਕਰ ਵੰਡਦਾ ਹੈ। ਫੇਰ ਸਭ ਲੋਕ ਮੁੰਡੇ ਦੇ ਪਿਉ ਨੂੰ ਵਧਾਈਆਂ ਦੇ ਕੇ ਆਪੋ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ । ਇਸ ਰੀਤ ਦਾ ਨਾਉਂ ਸਗਨ ਆਖਦੇ ਹਨ । ਇਸ ਮੌਕੇ ਤੇ ਸ਼ਰੀਕੇ ਭਾਈਚਾਰੇ ਦੇ ਲੋਕ ਆਪੋ ਆਪਣੇ ਲੈਣ - ਦੇਣ ਦੇ ਰਿਵਾਜ ਅਨੁਸਾਰ ਮੁੰਡੇ ਦੀ ਝੋਲੀ ਸਗਨ ਪਾਉਂਦੇ ਹਨ ।

ਪਰ ਅੱਜ ਕੱਲ੍ਹ ਲੈਣ ਦੇਣ ਦੀ ਪਰੰਪਰਾ ਦਾ ਕੋਈ ਹੱਦ -ਬੰਨਾ ਨਹੀ ਰਿਹਾ । ਵਿੱਦਿਆ ਦਾ ਚਾਨਣ ਫੈਲਣ ਦੇ ਬਾਵਜੂਦ ਵੀ ਇਹ ਰਸਮਾਂ ਘਟਣ ਦੀ ਥਾਂ ਹੋਰ ਵਧੇਰੇ ਵੱਧ ਕੇ ਗੁਝਲਦਾਰ ਹੋ ਰਹੀਆਂ ਹਨ । ਇਸ ਮੌਕੇ ਮੁੰਡੇ ਨੂੰ ਤੇ ਕਈ ਵਾਰ ਤਾਂ ਉਹਦੇ ਮਾਂ - ਬਾਪ ਨੂੰ ਵੀ ਸੋਨੇ ਦੇ ਕੜੇ- ਮੁੰਦਰੀਆਂ ਪਾਏ ਜਾਂਦੇ ਹਨ ।ਝੋਲੀ ਵਿੱਚ ਪੈਣ ਵਾਲੇ ਰੁਪਈਆ ਦੀ ਗਿਣਤੀ ਵਿੱਚ ਬੇ-ਮੇਚਾ ਵਾਧਾ ਹੋ ਗਿਆ । ਸਿੱਖਾਂ ਦਾ ਹਿੰਦੂਆਂ ਨਾਲ਼ੋਂ ਫਰਕ ਸਿਰਫ ਇਸ ਗੱਲ ਦਾ ਹੈ ਕਿ ਉਹ ਸਾਰਾ ‘ਹਿਸਾਬ-ਕਿਤਾਬ’ ਵੇਦ-ਰੀਤੀ ਦੀ ਥਾਂ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਦੀ ਹਜ਼ੂਰੀ ਵਿੱਚ ਕਰਦੇ ਹਨ । ਬਹੁਤੇ ਲੋਕ ਤਾਂ ਕੁੜਮਾਈ ਤੋਂ ਪਹਿਲਾਂ ‘ਰੋਕ’ ਜਾਂ ਠਾਕੇ ਦੀ ਰਸਮ ਵੀ ਕਰਨ ਲੱਗ ਪਏ ਹਨ । ਇਸ ਵੇਲੇ ਕਾਫ਼ੀ ਦੇਣ-ਲੈਣ ਹੁੰਦਾ ਵੇਖਣ ਵਿੱਚ ਆਇਆ ਹੈ । ਇਸ ਤਰਾਂ ਅਸੀਂ ਦੇਖਦੇ ਹਾਂ ਕਿ ਲੈਣ - ਦੇਣ ਦੇ ਢਕਵੰਜ ਘਟਣ ਦੀ ਥਾਂ ਸਗੋਂ ਹੋਰ ਵੀ ਵੱਧ ਗਏ ਹਨ ।

ਕੁੜਮਾਈ ਇਕ ਤਰਾਂ ਨਾਲ ਵਿਆਹ ਦਾ ਪੱਕ ਠੱਕ ਹੁੰਦੀ ਹੈ । ਭਾਵੇਂ ‘ਭਾਨੀ-ਮਾਰਾ’ ਦੀ ਬਦੌਲਤ ਜਾਂ ਹੋਰ ਕਿਸੇ ਕਾਰਨ ਕਰਕੇ ਕੁਝ ਕੁੜਮਾਈਆਂ ਟੁੱਟਣ ਵੀ ਲੱਗ ਪਈਆਂ ਹਨ , ਪਰ ਹਾਲੇ ਵੀ ਪੰਜਾਬ ਵਿੱਚ ਕੁੜਮਾਈ ਤੋੜਨ ਜਾਂ ਕਿਸੇ ਹੋਰ ਦੀ ਮੰਗ ਵਿਆਹੁਣ ਦੇ ਕੰਮ ਨੂੰ ਕਾਫ਼ੀ ਮਾੜਾ ਹੀ ਗਿਣਿਆ ਜਾਂਦਾ ਹੈ ।

ਬਹੁਤ ਸਾਰੇ ਹਿੰਦੂ ਪਰਿਵਾਰ ਕੁੜਮਈ ਵੇਲੇ ਮੁੰਡੇ ਕੁੜੀਆਂ ਦੀਆਂ ਕੁੰਡਲ਼ੀਆ ਵੀ ਮੇਲਕੇ ਵੇਖਦੇ ਹਨ । ਮਗਲੀਕ ਬੱਚੇ - ਬੱਚੀਆਂ ਦੀ ਸੂਰਤ ਵਿੱਚ , ਵਾਹ ਲਗਦੀ ਦੋਹਾਂ ਧਿਰਾਂ ਦਾ ਮਗਲੀਕ ਹੋਣਾ ਜ਼ਰੂਰੀ  ਸਮਝਿਆਂ ਜਾਂਦਾ ਹੈ ।

ਕੁੜਮਈ ਤੇ ਵਿਆਹ ਦੇ ਵਿਚਕਾਰ ਮੁੰਡੇ ਕੁੜੀ ਦੇ ਵਰ-ਪਰਵਾਨ ਆਯੂ ਤੀਕ ਅੱਪੜਨ ਦੀ ਸਥਿਤੀ ਨੂੰ ਮੁੱਖ ਰੱਖ ਕੇ ਲੋੜੀਦੀ ਵਿੱਥ ਪਾਈ ਜਾਂਦੀ ਹੈ । ਪੰਜਾਬ ਵਿੱਚ ਬਹੁਤੇ ਵਿਆਹ ਜੇਠ ਹਾੜ੍ਹ ਦੇ ਮਹੀਨੇ ਵਿੱਚ ਹੁੰਦੇ ਹਨ । ਰੁੱਤ ਦੇ ਲਿਹਾਜ਼ ਨਾਲ ਭਾਵੇਂ ਇਹ ਮਹੀਨੇ ਬਹੁਤ ਸੁਖਾਵੇਂ ਨਹੀਂ ਹੁੰਦੇ ਪਰ ਇਨਾਂ ਦਿਨਾਂ ਵਿੱਚ ਕਿਸਾਨ ਆਪਣੀ ਹਾੜ੍ਹੀ ਦੀ ਫਸਲ ਸਾਂਭਣ ਮਗਰੋਂ ਮੁਕਾਬਲਤਨ ਵਿਹਲੇ ਹੁੰਦੇ ਹਨ ਤੇ ਉਹਨਾਂ ਨੇ ਆਪਣੀ ਹਾੜ੍ਹੀ ਦੀ ਮੁੱਖ ਫਸਲ , ਕਣਕ ਵੇਚ ਕੇ ਵਿਆਹ ਉੱਪਰ ਖ਼ਰਚਣ ਲਈ ਲੋੜੀਦੇ ਪੈਸੇ ਵੀ ਵਟੇ ਹੋਏ ਹੁੰਦੇ ਹਨ ।

ਸਾਹਾ

         ਧੀ ਵਾਲੇ ਆਪਣੇ ਘਰ ਪਾਂਧੇ ਨੂੰ ਸੱਦ ਕੇ ਗ੍ਰਹਿਆਂ  ਦੀ ਗਤੀ ਅਨੁਸਾਰ ਵਿਆਹ ਲਈ ਉਚਿਤ ਦਿਨ ਨੀਅਤ ਕਰਵਾਉਂਦੇ ਹਨ । ਇਸ ਰਸਮ ਨੂੰ ਸਾਹਾ ਕਢਾਉਣਾ ਜਾਂ ‘ਸਾਹਾ ਸੁਧਾਉਣਾ’ ਕਿਹਾ ਜਾਂਦਾ ਹੈ । ਸਾਹਾ ਸੁਧਾਉਣ ਤੋਂ ਮਗਰੋਂ ਧੀ ਦੇ ਮਾਪੇ ਆਪਣੇ ਵੱਲੌ ਜਾਂ ਪਿੰਡ ਦੀ ਪੰਚਾਇਤ ਵੱਲੋਂ ਨਾਈ ਦੇ ਹੱਥ ‘ਸਾਹੇ ਦੀ ਚਿੱਠੀ ‘ ਭੇਜਦੇ ਹਨ । ਇਸ ਸਗਨਾਂ ਦੀ ਚਿੱਠੀ ਤੇ ਕੇਸਰੀ ਜਲ ਦੇ ਤਰੋਕੇ ਛਿੜਕੇ ਹੋਏ ਹੁੰਦੇ ਹਨ ਜਾਂ ਫਿਰ ਇਹ ਚਿੱਠੀ ਲਿਖੀ ਹੀ ਕੇਸਰੀ ਸਿਆਹੀ ਵਿੱਚ ਹੁੰਦੀ ਹੈ । ਨਾਈ ਆਪਣੀ ਹਾਜ਼ਰੀ ਵਿੱਚ ਇਹ ਚਿੱਠੀ ਘਰ ਵਾਲ਼ਿਆਂ ਨੂੰ ਪੜਾਉਂਦਾ ਹੈ ਤੇ ਆਪਣਾ ਲਾਗ ਲੈ ਕੇ ਪਰਤ ਆਉਂਦਾ ਹੈ ਇਸ ਤਰਾਂ ਵਿਆਹ ਦਾ ਦਿਨ ਪੱਕਾ ਹੋ ਜਾਂਦਾ ਹੈ ।

ਦੋਨੋਂ ਧਿਰਾਂ ਵਿਆਹ ਦੀ ਤਿਆਰੀ ਪੂਰੇ ਜ਼ੋਰ-ਸ਼ੋਰ ਨਾਲ ਸ਼ੁਰੂ ਕਰ ਦਿੰਦੀਆਂ ਹਨ । ਮੁੰਡੇ ਵਾਲੇ ਵਰੀ ਤੇ ਗਹਿਣੇ ਆਦਿ ਬਣਾਉਣ ਵਿੱਚ ਰੁੱਝ ਜਾਂਦੇ ਹਨ ਤੇ ਕੁੜੀ ਵਾਲੇ ਖੱਟ ਤਿਆਰ ਕਰਨ ਤੇ ਜੰਜ ਤੇ ਮੇਲੀਆਂ ਦੀ ਆਓ ਭਗਤ ਲਈ ਲੋੜੀਦੀ ਸਮੱਗਰੀ ਖਰੀਦਣ ਵਿੱਚ ਮਸਰੂਫ ਹੋ ਜਾਂਦੇ ਹਨ । ਦੋਹਾਂ ਧਿਰਾਂ ਵੱਲੋਂ ਆਪੋ ਆਪਣੀ ਸਾਕ-ਸਰੀਕੀ ਤੇ ਹੋਰ ਮਿਲਣ ਵਰਤਣ ਵਾਲ਼ਿਆਂ ਵਿਚਕਾਰ ਮਿਠਾਈ ਦੀ ‘ਗੰਢ’ ਭੇਜ ਕੇ ਵਿਆਹ ਸੜੀ ਖ਼ਬਰ ਕੀਤੀ ਜਾਂਦੀ ਹੈ । ਅੱਜ ਕੱਲ੍ਹ ਇਹ ਕੰਮ ਛਪੇ ਹੋਏ ਕਾਰਡ ਡਾਕ ਰਾਹੀਂ ਭੇਜ ਕੇ ਜਾਂ ਟੈਲੀਫ਼ੋਨ ਰਾਹੀ ਵੀ ਪੂਰਾ ਕਰ ਲਿਆ ਜਾਂਦਾ ਹੈ । ਬਹੁਤ ਨੇੜੇ ਦੇ ਬੰਦਿਆਂ ਨੂੰ ਇਹ ਸੁਨੇਹਾ ਜਾਤੀ ਤੌਰ ਤੇ ਜਾ ਕੇ ਵੀ ਦਿੱਤਾ ਜਾਂਦਾ ਹੈ ।

ਸਾਹਾ ਬੱਝਣ ਮਗਰੋਂ ਵਿਆਹੰਦੜ ਮੁੰਡੇ ਕੁੜੀ ਨੂੰ ਕੁਝ ਜ਼ਰੂਰੀ ਬੰਧੇਜ ਪਾਲਣੇ ਪੈਂਦੇ ਹਨ । ਸਾਹੇ- ਬੱਝੇ ਗੱਭਰੂ - ਮੁਟਿਆਰਾਂ ਲਈ ਪਿੰਡਾਂ ਦਾ ਵਸੀਮਾ ਟੱਪਣਾ ਮਨ੍ਹਾ ਹੁੰਦਾ ਹੈ ।

ਵਿਆਹ ਦੀ ਤਿਆਰੀ ਵਿੱਚ ‘ਸੱਤ ਸੁਹਾਗਣਾਂ ਦੀ ਰਸਮ ਦਾ ਵਿਸ਼ੇਸ਼ ਸਥਾਨ ਹੁੰਦਾ ਹੈ । ਆਂਢੋ-ਗੁਆਂਢੋਂ ਸੱਤ -ਸੁਹਾਗਣਾਂ ਹੋ ਕੇ ਚੱਕੀਆਂ ਝੋਂਦੀਆਂ ਹਨ ਤੇ ਸੱਤ ਸੱਤ ਗ਼ੱਲੇ ਦਾਣਿਆਂ ਦੇ ਪੀਹਣ ਦੀ ਰਸਮ ਅਦਾ ਕਰਦੀਆਂ ਹਨ। ਇਹ ਰਸਮ ਵਿਆਹ ਦੇ ਕਾਰਜ ਵਿੱਚ ਆਂਢੀਆਂ - ਗੁਆਂਢੀਆਂ ਤੇ ਸ਼ਰੀਕੇ ਭਾਈਚਾਰੇ ਦੇ ਸਹਿਯੋਗ ਦਾ ਪ੍ਰਤੀਕ ਹੈ । ਇਹ ਸੱਤ ਸੁਹਾਗਣਾਂ ਧੀ ਵਾਲ਼ਿਆਂ ਦੀ ਕੋਠੀ ਵਿੱਚ ਸੱਤ ਸੱਤ ਮੁੱਠਾ ਆਟੇ ਦੀਆ ਪਾਉਂਦੀਆਂ ਹਨ ।

ਇਸ ਰਸਮ ਨੂੰ ‘ਕੋਠੀ ਆਟਾ ਪਾਉਣਾ’ ਕਿਹਾ ਜਾਂਦਾ ਹੈ । ਇਸ ਦਿਨ ਕਣਕ ਦੀਆ ਬੱਕਲ਼ੀਆਂ ਵਿੱਚ ਸ਼ੱਕਰ ਪਾ ਕੇ ਵੰਡਣ ਦਾ ਰਿਵਾਜ ਹੈ ।ਇਸ ਦਿਨ ਤੋਂ ਮਗਰੋਂ ਵਿਆਹ ਲਈ ਲੋੜੀਦੀ ਰਸਦ ਤਿਆਰ ਕਰਨ ਦਾ ਕੰਮ ਪੂਰੇ ਜ਼ੋਰਾਂ ਨਾਲ ਸ਼ੁਰੂ ਹੋ ਜਾਂਦਾ ਹੈ । ਮੁੰਡੇ ਤੇ ਕੁੜੀ ਵਾਲ਼ਿਆਂ ਦੇ ਘਰੀ ‘ਗੋਣ ਬਿਠਾਉਣ ‘ ਦੀਆ ਰਸਮਾਂ ਕੀਤੀਆਂ ਜਾਂਦੀਆਂ ਹਨ । ਕੁੜੀ ਵਾਲ਼ਿਆਂ ਦੇ ਘਰੀ ‘ਸੁਹਾਗ’ ਗਾਏ ਜਾਂਦੇ ਹਨ ਤੇ ਮੁੰਡੇ ਵਾਲ਼ਿਆਂ ਦੇ ਘਰ ‘ਘੋੜੀਆਂ ‘ ਦੇ ਗੀਤਾਂ ਦੀ ਗੂੰਜ ਸ਼ੁਰੂ ਹੋ ਜਾਂਦੀ ਹੈ । ਵਿਆਹ ਤੋਂ ਦੋ ਤਿੰਨ ਦਿਨ ਪਹਿਲਾਂ ‘ਕੜਾਹੀ ਚੜਾਉਣ’ ਦੀ ਰਸਮ ਸ਼ੁਰੂ ਹੋ ਜਾਂਦੀ ਹੈ । ਗੋਗਲੇ, ਪਕੌੜੇ , ਲੱਡੂ ਤੇ ਸੀਰਨੀ ਆਦਿ ਹੋਰ ਪਕਵਾਨ ਪੱਕਣੇ ਸ਼ੁਰੂ ਹੋ ਜਾਂਦੇ ਹਨ । ਇੰਨ੍ਹੀ ਦਿਨੀ ਸਰਬਾਲ੍ਹਾ ਤੇ ਸਰਬਾਲੀ ਕ੍ਰਮਵਾਰ ਮੁੰਡੇ ਕੁੜੀ ਦੇ ਅੰਗ - ਸੰਗ ਰਹਿੰਦੇ ਹਨ ਪਰ ਹੁਣ ਇਹ ਰਸਮਾਂ ਦਿਨੋ ਦਿਨ ਘੱਟ ਰਹੀਆਂ ਹਨ ਤੇ ਇਨਾਂ ਦੀ ਥਾਂ ‘ਮੈਰਿਜ ਪੈਲੇਸ ਕਲਚਰ’ ਲੈ ਰਿਹਾ ਹੈ ।

ਮਾਈਆ

ਵਿਆਹ ਤੋਂ ਤਿੰਨ ਕੁ ਦਿਨ ਪਹਿਲਾਂ ‘ਮਾਈਆ’ ਦੀ ਰਸਮ ਸ਼ੁਰੂ ਹੁੰਦੀ ਹੈ । ਦੋਨੀ ਪਾਸੀ ਬੜੇ ਚਾਰ-ਮਲ੍ਹਾਰ ਨਾਲ ਆਰੀ ਚੰਦੋਏ  ਤਾਣ ਕੇ ਗੀਤਾਂ ਦੀ ਛਹਿਬਰ ਵਿੱਚ ਵਿਆਹੰਦੜਾਂ ਨੂੰ ਵੱਟਣਾ ਮੱਲਿਆ ਜਾਂਦਾ ਹੈ । ਇਨ੍ਹੀ ਦਿਨੀਂ ਕੁਝ ਤਾਂ ਵਿਆਹ ਦੇ ਚਾਅ ਨਾਲ ਤੇ ਕੁਝ ਤੇਲ-ਗੁੱਧੇ ਵੇਸਣ ਦਾ ਵੱਟਣਾ ਮਲਣ ਕਾਰਨ ਮੁੰਡੇ ਕੁੜੀ ਦੇ ਰੰਗ ਰੂਪ ਤੇ ਖ਼ਾਸ ਕਿਸਮ ਦਾ ਨਿਖਾਰ ਆ ਜਾਂਦਾ ਹੈ । ਵਿਆਹ ਤੋਂ ਪਹਿਲੇ ਦਿਨ ਦੀਆਂ ਤਿ੍ਰਕਾਲਾਂ ਵੇਲੇ ਕੁੜੀ ਨੂੰ ਮਹਿੰਦੀ ਲਾਈ ਜਾਂਦੀ ਹੈ ।

ਮਾਮੇ ਵੱਲ ਸ਼ਾਂਤ ਦੀ ਰਸਮ ਅਦਾ ਕੀਤੀ ਜਾਂਦੀ ਹੈ । ਨਾਨਕਿਆਂ ਵੱਲੋਂ ਕੁੜੀ ਨੂੰ ਸੁੱਭਰ ਤੇ ਕਲੀਰੇ ਠੂਠੀਆਂ ਪਹਿਨਾਏ ਜਾਂਦੇ ਹਨ । ਮੁੰਡੇ ਕੁੜੀ ਤੇ ਉਨਾਂ ਦੀਆ ਮਾਂਵਾਂ ਨੇ ਲਗਨ ਵੇਲੇ ਇਸ ਅਵਸਰ ਲਈ ਨਾਨਕਿਆਂ ਵੱਲੋਂ ਲਿਆਂਦੇ ਖ਼ਾਸ ਕੱਪੜੇ ਹੀ ਪਹਿਨੇ ਹੋਏ ਹੁੰਦੇ ਹਨ ।

ਸਿਹਰਾ

ਮੁੰਡੇ ਵਾਲ਼ਿਆਂ ਦੇ ਘਰ ‘ਸਿਹਰਾ ਬੰਦੀ ‘ ਦੀ ਰਸਮ ਹੁੰਦੀ ਹੈ ਤੇ ਮਗਰੋਂ ‘ਘੋੜੀ’ ਦੀ । ਇਸ ਸਮੇਂ ‘ਘੋੜੀ’ ਤੇ ਚੜਿ੍ਹਆ ਲਾੜਾ ਆਪਣੀ ਪੂਰੀ ਸਜ- ਧਜ ਨਾਲ ਜਠੇਰਿਆਂ ਤੇ ਹੋਰ ਪੂਜਾ ਸਥਾਨਾਂ ਤੇ ਬੈਂਡ ਵਾਜਿਆਂ ਨਾਲ ਮੱਥਾ ਟਿਕਾਈ’ ਲਈ ਜਾਂਦਾ ਹੈ । ਜੰਝ ਦੀ ਚੜ੍ਹਾਈ ਵੇਖਣ ਵਾਲੀ ਹੁੰਦੀ ਹੈ । ਅੱਗੇ ਅੱਗੇ ਵਾਜੇ ਵੱਜਦੇ ਹਨ ਮਗਰ ਵਿਆਂਹਦੜ ਮੁੰਡੇ ਦੀ ਘੋੜੀ ਦੀ ਵਾਰਾ ਫੜੀਂ ਉਹਦੀਆਂ ਭੈਣਾਂ ਤੇ ਹੋਰ ਮੇਲਣਾਂ ਆਦਿ ਦਾ ਚਾਅ ਠੱਲਿਆ ਨਹੀ ਜਾਂਦਾ । ਤੁਰਨ ਵੇਲੇ ਮੁੰਡਾ ਆਪਣੀਆ ਭੈਣਾਂ ਨੂੰ ‘ਵਾਗ ਫੜਾਈ’ ਦੇ ਸ਼ਗਨ ਵਜੋਂ ਪੈਸੇ ਦਿੰਦਾ ਹੈ ਤੇ ਮਿੱਠੀਆਂ ਮਿੱਠੀਆਂ ਮਸ਼ਕਰੀਆਂ ਦੇ ਮਹੌਲ ਵਿੱਚ ਭਰਜਾਈ ਲਾੜੇ ਦੇ ਅੱਖੀਂ ਸੁਰਮਚੂ ਫੇਰ ਕੇ ‘ਸੁਰਮਾ ਪੁਆਈ ‘ ਵਸੂਲ ਕਰਦੀ ਹੈ ।ਪੁਰਾਣੇ ਸਮਿਆਂ ਵਿੱਚ ਜਨੌਤ ਨੂੰ ਲਿਜਾਣ ਵਾਲੇ ਗੱਡੇ-ਗੱਡੀਆਂ ਤੇ ਰੱਥਾਂ ਅੱਗੇ ਜੁੜੇ ਸੁੰਦਰ ਸਜੀਲੇ ਬਲਦਾਂ ਦੀ ਸ਼ਾਨ ਦੇਖਣ ਵਾਲੀ ਹੁੰਦੀ ਸੀ । ਅੱਜ ਕਲ ਤਾਂ ਆਵਾਜਾਈ ਦੇ ਵਧੇਰੇ ਸੁਵਿਧਾਜਨਕ ਤੇ ਤੇਜ਼ ਰਫ਼ਤਾਰ ਵਾਲੇ ਸਾਧਨ ਪ੍ਰਚਲਿਤ ਹੋ ਗਏ ਹਨ ।

ਸ਼ਾਮ ਵੇਲੇ ਜਾਂ ਕਈ ਵਾਰੀ ਘੁਸਮੁਸਾ ਜੇਹੇ ਹੋਏ ਕੁੜੀ ਵਾਲ਼ਿਆਂ ਦੇ ਪਿੰਡ ਜੰਝ ਦਾ ਢੁਕਾਅ ਹੁੰਦਾ ਸੀ । ਲਗਭਗ ਸਾਰਾ ਹੀ ਪਿੰਡ ਜਨੇਤ ਵੇਖਣ ਲਈ ਢੁੱਕਾ ਹੁੰਦਾ ਸੀ । ਇਸ ਵੇਲੇ ਬੈਡ ਬਾਜੇ ਦੀ ਵਿਸ਼ੇਸ਼ ਧੁਨੀ ਨਾਲ ਵਡੇਰਿਆਂ ਦੀ ਮਿਲਣੀ ਦਾ ਠੱਠ ਬੱਝਦਾ ਸੀ ।

ਹਿੰਦੂਆਂ ਵਿੱਚ ਲਗਨ ਦਾ ਮਹੂਰਤ ਰਾਤ ਦਾ ਹੁੰਦਾ ਹੈ ।ਫੇਰੇ ਤਾਰਿਆ ਦੀ ਛਾਵੇ ਹੋਣੇ ਜਰੂਰੀ ਸਮਝੇ ਜਾਂਦੇ ਹਨ । ਘਰ ਵਿੱਚ ਹੀ ਕਿਸੇ ਗੁੱਠੇ ਚਾਰ ਬਾਂਸ ਗੱਡ ਕੇ ਵੇਦੀ ਰਚਾ ਲਈ ਜਾਦੀ ਹੈ । ਕੁਲ-ਪ੍ਰੋਹਿਤ ਆਟੇ ਨਾਲ ਚੌਕ ਪੂਰਦਾ ਹੈ । ਵਰ ਤੇ ਕੰਨਿਆਂ ਨੂੰ ਚੱਕ ਦੇ ਕੋਲ ਪੂਰਬ ਦਿਸ਼ਾ ਵੱਲ ਮੂੰਹ ਕਰਕੇ ਖਾਰਿਆ ਤੇ ਬਿਠਾ ਦਿੱਤਾ ਜਾਂਦਾ ਹੈ। ਫੇਰਿਆਂ ਤੋਂ ਪਹਿਲਾਂ ਬ੍ਰਾਹਮਣ ਹਵਨ ਕਰਦਾ ਹੈ । ਦੋਹਾਂ ਧਿਰਾਂ ਦੇ ਕੁਲ- ਪ੍ਰੋਹਿਤ ਆਪਣੀ ਸਿਰ ਦਾ ਗੋਤ੍ਰਾਚਾਰ ਪੜਦੇ ਹਨ । ਇਸ ਪਿੱਛੋਂ ਕੰਨਿਆਂ ਦਾਨ ਦੀ ਰੀਤ ਕੀਤੀ ਜਾਦੀ ਹੈ । ਕੰਨਿਆਂ ਦਾ ਪਿਉ ਮੰਤਰਾਂ ਦਾ ਉਚਾਰਨ ਕਰਦਿਆਂ ਕੰਨਿਆਂ ਦਾ ਹੱਥ ਵਰ ਦੇ ਹੱਥ ਵਿੱਚ ਫੜਾਉਂਦਾ ਹੈ । ਫਿਰ ਵਰ ਤੇ ਕੰਨਿਆਂ ਅੱਗੇ ਪਿੱਛੇ ਹੋ ਕੇ ਅਗਨੀ ਦੁਆਲੇ ਫੇਰੇ ਲੈਂਦੇ ਹਨ । ਕਿਧਰੇ ਚਾਰ ਫੇਰਿਆਂ ਦੀ ਪ੍ਰਥਾ ਹੈ ਤੇ ਕਿਧਰੇ ਸੱਤ ਦੀ ਹੈ । ਕੁਝ ਫੇਰੀਆਂ ਵਿੱਚ ਵਰ ਅੱਗੇ ਹੁੰਦਾ ਹੈ ਤੇ ਕੁਝ ਵਿੱਚ ਕੰਨਿਆਂ ।ਫੇਰਿਆਂ ਪਿੱਛੋਂ ਕੁੜੀ ਦਾ ਮਾਮਾ ਕੁੜੀ ਨੂੰ ਖਾਰਿਆਂ ਤੋਂ ਚੁੱਕ ਕੇ ਅੰਦਰ ਲੈ ਜਾਂਦਾ ਹੈ ।

ਫੇਰੇ

ਸਿੱਖਾਂ ਵਿੱਚ ਪਹਿਲਾਂ ਸਨਾਤਨੀ ਢੰਗ ਨਾਲ ਵੇਦੀ ਦੁਆਲੇ ਫੇਰੇ ਲਏ ਜਾਣ ਦੀ ਪ੍ਰਥਾ ਸੀ । ਪਰ ਸਿੰਘ ਸਭਾ ਲਹਿਰ ਵੇਲੇ ਅਨੰਦ ਕਾਰਜ ਦੀ ਰੀਤ ਪ੍ਰਚਲਿਤ ਹੋ ਗਈ । ਸਿੱਖਾਂ ਵਿੱਚ ਫੇਰੇ ਅੰਮਿ੍ਰਤ ਵੇਲੇ ਹੁੰਦੇ ਹਨ । ਵਰ ਤੇ ਕੰਨਿਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਬੈਠ ਜਾਂਦੇ ਹਨ । ‘ਆਸ਼ਾ ਦੀ ਵਾਰ’ ਦੇ ਕੀਰਤਨ ਪਿੱਛੇ ਰਾਗੀ ‘ਪੱਲੇ ਮੈਂ ਤੋਡੇ ਲਾਗੀ’ ਦਾ ਸ਼ਬਦ ਪੜਦੇ ਹਨ ਤੇ ਕੰਨਿਆਂ ਦਾ ਪਿਉ ਕੰਨਿਆਂ ਦਾ ਪੱਲਾ ਵਰ ਦੇ ਹੱਥ ਫੜਾਉਂਦਾ । ਇਹੋ ਕੰਨਿਆਂ - ਦਾਨ ਹੈ । ਇਸ ਪਿੱਛੋਂ ਗ੍ਰੰਥੀ , ਗੁਰੂ ਸਾਹਿਬ ਵਿੱਚੋਂ ਪਹਿਲੀ ਲਾਂਵ ਦਾ ਪਾਠ ਕਰਦਾ ਹੈ । ਫਿਰ ਲਾਂਵ ਦੇ ਪਾਠ ਨੂੰ ਕੀਰਤਨੀਏ ਗਾ ਕੇ ਪੜ੍ਹਦੇ ਹਨ ਤੇ ਇਸ ਵਕਫੇ ਵਿੱਚ ਵਰ ਤੇ ਕੰਨਿਆਂ ਗੁਰੂ ਗ੍ਰੰਥ ਸਾਹਿਬ ਦੀ ਪਰਕਰਮਾਂ ਪੂਰੀ ਕਰਦੇ ਹਨ । ਇਸੇ ਤਰਾਂ ਚਾਰ ਲਾਵਾਂ ਪੜ੍ਹੀਆਂ ਜਾਂਦੀਆਂ ਹਨ ਤੇ ਹਰ ਵਾਰ ਵਰ ਤੇ ਕੰਨਿਆਂ ਗੁਰੂ ਗ੍ਰੰਥ ਸਾਹਿਬ ਦੀ ਪਰਕਰਮਾਂ ਕਰਦੇ ਹਨ - ਤੇ ਹਜੂਰੀ ਵਿੱਚ ਮੱਥਾ ਟੇਕਦੇ ਹਨ ।

ਲਾਵਾਂ ਤੋਂ ਮਗਰੋਂ ਕੁੜੀ ਵਾਲ਼ਿਆਂ ਵੱਲੋਂ ਸਿਹਰਾ ਪੜਨ ਦਾ ਵੀ ਰਿਵਾਜ ਹੈ । ਇਸ ਦੌਰਾਨ ਦੋਹਾਂ ਧਿਰਾਂ ਦੇ ਲੋਕ ਮੁੰਡੇ ਕੁੜੀ ਦੀ ਝੋਲੀ ਵਿੱਚ ਆਪੇ ਆਪਣੀ ਵਿੱਤ ਅਨੁਸਾਰ ਸ਼ਗਨ ਪਾਉਂਦੇ ਹਨ ।

ਇਸ ਦਿਨ ਦੁਪਹਿਰ ਵੇਲੇ ਜਨੇਤ ਦੀ ਰੋਟੀ ਕੁੜੀ ਦੇ ਨਾਨਕਿਆਂ ਵੱਲੋਂ ਹੁੰਦੀ ਹੈ । ਇਸ ਨੂੰ ‘ਧਾਮ ਦੇਣਾ’ ਆਖਦੇ ਹਨ ।

ਕੁਝ ਥਾਈ ‘  ਜੰਝ ਬੰਨਣ ‘ ਦਾ ਰਿਵਾਜ ਵੀ ਵੀ ਪਾਇਆ ਜਾਂਦਾ ਹੈ । ਇਹ ਰਿਵਾਜ ਦੁਆਬੇ,ਮਾਝੇ,ਜਾਂ ਪੋਠੋਹਾਰ ਦੇ ਇਲਾਕੇ ਵੱਲ ਨਹੀਂ , ਕੇਵਲ ਮਾਲਵੇ ਵਿੱਚ ਹੀ ਕਿਸ ਦਾ ਜ਼ੋਰ ਰਿਹਾ ਹੈ ,ਖ਼ਾਸ ਕਰਕੇ ਬਠਿੰਡੇ ਤੇ ਫ਼ਿਰੋਜ਼ਪੁਰ ਦੇ ਇਲਾਕੇ ਵੱਲ । ਧੋਤਿਆਂ ਵੱਲ ਕਿਸੇ ‘ਛੰਦ’ ਦੁਆਰਾ ਬੱਝੀ ਜੰਝ ਨੂੰ ਪੁਤੇਤਿਆਂ ਵੱਲ ਮੋੜਵੇ ਛੰਦ ਦੁਆਰਾ ‘ਖੋਲ੍ਹਣ’ ਮਗਰੋਂ ਹੀ ਰੋਟੀ ਖਾਣ ਦਾ ਰਿਵਾਜ ਹੈ ।

ਦੁਪਹਿਰ ਵੇਲੇ ਕੁੜੀਆਂ ਤੇਜ਼ ਤਰਾਰ ਸਿੱਠਣੀਆਂ ਗਾ ਕੇ ਲਾੜੇ , ਕੁੜਮ, ਕੁੜਮਣੀਆਂ ਤੇ ਉਨਾਂ ਦੇ ਸਾਕ ਸੰਬੰਧੀਆਂ ਦੀ ਖ਼ੂਬ ਖ਼ਬਰ ਲੈਦੀਆ ਹਨ ।

ਖੱਟ

ਦੁਪਹਿਰ ਦੀ ਰੋਟੀ ਮਗਰੋਂ ‘ਖੱਟ’ ਤੇ ਵਰੀ ਦਿਖਾਈ ਦੀਆ ਰਸਮਾਂ ਹੁੰਦੀਆਂ ਹਨ । ਅੱਜ ਕੱਲ੍ਹ ‘ਵਖਾਲਾ ਪਾਉਣ’ ਨੂੰ ਤਾਂ ਚੰਗਾ ਨਹੀਂ ਸਮਝਿਆਂ ਜਾਂਦਾ ਪਰ ਸਾਰਾ ਲੈਣ ਦੇਣ ਅੰਦਰ ਖਾਤੇ ਕਰ ਲਿਆ ਜਾਂਦਾ ਹੈ ।

ਪੰਜਾਬ ਵਿੱਚ ਕੁੜੀ ਦੀ ‘ਵਿਦਾਈ’ ਦੀ ਰਸਮ ਬੜੀ ਹਿਰਦੇ ਵੇਧਕ ਹੁੰਦੀ ਹੈ । ਇਸ ਵਿਛੋੜੇ ਦੀ ਘੜੀ ਵੇਲੇ ਸਾਇਦ ਹੀ ਕੋਈ ਅੱਖ ਅਜਿਹੀ ਹੋਵੇ ਜੋ ਤਰ ਨਾ ਹੁੰਦੀ ਹੋਵੇ । ਸਭ ਸ਼ਗਨ ਪੂਰੇ ਕਰਕੇ ਰੋਦੀ- ਧੋਂਦੀ ਕੁੜੀ ਨੂੰ ਡੋਲੀ ਚਾੜ੍ਹ ਦਿੱਤਾ ਜਾਂਦਾ ਹੈ ।

ਮੁੰਡੇ ਦਾ ਪਿਉ ਡੋਲੀ ਉਪਰ ਦੀ ਹੁੱਬ ਹੁੱਬ ਕੇ ਪੈਸੇ ਸੁੱਟ ਰਿਹਾ ਹੁੰਦਾ ਹੈ ਤੇ ਲਾਗੀਆ ਨੂੰ ਲਾਗ ਵਿਹਾਰ ਕਰਦਾ ਹੈ । ਇੰਜ ਬਰਾਤੀ ਵਿਦਾ ਹੋ ਜਾਂਦੇ ਹਨ । ਕੁੜੀ ਵਾਲੇ ਆਪਣੇ ਆਪ ਨੂੰ ਜਿਮੇਵਾਰੀ ਦੇ ਭਾਰ ਤੋਂ ਤਾਂ ਸੁਰਖ਼ਰੂ ਮਹਿਸੂਸ ਕਰਦੇ ਹਨ ਪਰ ਵਿਛੋੜੇ ਦੇ ਦੁੱਖ ਵਿੱਚ ਉਹਨਾਂ ਦੇ ਚਿਹਰੇ ਸੋਗਵਾਰ ਹੁੰਦੇ ਹਨ ।

ਮੂੰਹ ਵਿਖਾਈ

ਉਧਰ ਮੁੰਡੇ ਵਾਲ਼ਿਆਂ ਵੱਲ ਖੁਸ਼ੀਆਂ ਦੀ ਛਹਿਬਰ ਹੁੰਦੀ ਹੈ ਗੀਤ ਗਾਉਂਦੀਆਂ ਕੁੜੀਆਂ  ਨਵ- ਵਿਆਹੁਤਾ ਨੂੰ ਬੜੇ ਚਾਅ ਮਲਾਰਾਂ ਨਾਲ ਘਰ ਲੈ ਕੇ ਜਾਦੀਆ ਹਨ । ਮਾਂ ਉਨਾਂ ਦੇ ਸਿਰ ਤੋਂ ਪਾਣੀ ਵਰਦੀ ਹੈ ਦਿਉਰ ਤੇ ਹੋਰਾਂ ਨੂੰ ‘ਮੂੰਹ- ਦਿਖਾਈ’ ਦਾ ਚਾਅ ਹੁੰਦਾ ਹੈ ਅਗਲੇ ਦਿਨ ਕੁੜੀ ਦੀ ‘ਗੋਦ ਭਰਾਈ ਦੀ ਰਸਮ ਹੁੰਦੀ ਹੈ ।ਕੰਗਣੇ ਖੇਲਣੇ , ਗੋਤ ਕਨਾਲੇ ਤੇ ਛੁਛਕਾਂ ਖੋਲ੍ਹਣ ਦੀਆ ਰੀਤਾਂ ਦੁਆਰਾਂ ਮੁੰਡੇ ਤੇ ਕੁੜੀ ਦੀ ਸੰਗ ਲਾਹੀ ਜਾਂਦੀ ਹੈ । ਅਗਲੀ ਭਲ਼ਕ ਜਠੇਰੀ ਮੱਥੇ ਟਿਕਾ ਕੇ ਮੁੰਡੇ ਕੁੜੀ ਨੂੰ ਪੇਕਿਆਂ ਦੇ ਪਿੰਡ ਫੇਰਾ ਪਾਉਣ ਲਈ ਭੇਜ ਦਿੱਤਾ ਜਾਂਦਾ ਹੈ ।

ਪਹਿਲੇ ਸਮਿਆਂ ਵਿੱਚ ਮੁੰਡੇ ਕੁੜੀਆਂ ਦਾ ਵਿਆਹ ਮੁਕਾਬਲਤਨ ਛੋਟੀ ਉਮਰੇ ਕਰ ਦਿੱਤਾ ਜਾਂਦਾ ਸੀ । ਇਸ ਲਈ ਵਿਆਹ ਤੋਂ ਕਾਫ਼ੀ ਸਮਾਂ ਮਗਰੋਂ ਜਦੋਂ ਮੁੰਡੇ ਕੁੜੀ ਨੂੰ ਗ੍ਰਹਿਸਥ ਧਰਮ ਨਿਭਾਉਣ ਦੇ ਯੋਗ ਹੋਏ ਸਮਝਿਆਂ ਜਾਂਦਾ ਸੀ ਤਾਂ ਕੁੜੀ ਨੂੰ ਮੁਕਲਾਵੇ ਤੋਰਿਆ ਜਾਂਦਾ ਸੀ । ਤੀਂਜੀ ਵਾਰ ਕੁੜੀ ਦੇ ਸਹੁਰੇ ਜਾਣ ਨੂੰ ਤਰੌਜਾ ਕਿਹਾ ਜਾਂਦਾ ਸੀ ।ਤਰੌਜੇ ਦੇ ਮਗਰੋਂ ਹੀ ਕੁੜੀ ਆਪਣੇ ਸਹੁਰੀ ਬਾਕਾਇਦਾ ਵੱਸਣਾ ਸ਼ੁਰੂ ਕਰਦੀ ਸੀ । ਅੱਜ ਕੱਲ੍ਹ ਬਾਲ ਵਿਆਹ ਦਾ ਰਿਵਾਜ ਮੁੱਕ ਜਾਣ ਕਾਰਨ ਵਿਆਹ - ਮੁਕਲਾਵਾ ਇਕੱਠਾ ਹੀ ਹੋ ਜਾਂਦਾ ਹੈ । ਦਰਮਿਆਨ ਵਿੱਚ ਐਵੇਂ ਨਾ ਮਾਤਰ ਹੀ ਕੁੜੀ ਦੀ ਆਪਣੀ ਪੇਕਾ ਫੇਰਾ ਪੁਆਈ ਦੀ ਰਸਮ ਕੀਤੀ ਜਾਦੀ ਹੈ ਤਰੋਜੇ ਦੇ ਹੁਣ ਤਾਂ ਹੁਣ ਦੇ ਯੁਵਾ-ਯੁਵਤੀਆ ਨੂੰ ਸਾਇਦ ਚਿੱਤ-ਚੇਤਾ ਹੀ ਨਾ ਰਿਹਾ ਹੋਵੇ । ਪੰਜਾਬ ਵਿੱਚ ਵਿਰਲੇ-ਟਾਵੇ ਵੱਟੇ ਦੇ ਜਾਂ ਮੁੱਲ ਦੇ ਵਿਆਹ ਹੀ ਹੁੰਦੇ ਹਨ ਰਹੇ ਹਨ । ਤਲਾਕ ਪੰਜਾਬੀ ਰਹੁ-ਰੀਤਾਂ ਅਨੁਸਾਰ ਵਰਜਿਤ ਹੈ । ਬ੍ਰਾਹਮਣ - ਖਤਰੀਆਂ ਵਿੱਚ ਵਿਧਵਾ ਵਿਆਹ ਦੀ ਪਿਰਤ ਨਾ ਹੋਣ ਦੇ ਬਰਾਬਰ ਹੀ ਹੈ । ਪਰ ਜੱਟਾਂ ਵਿੱਚ ਵਿਧਵਾ ਨਾਲ ਉਹਦੇ ਦਿੳਰ ਜਾਂ ਜੇਠ ਦੁਆਰਾਂ ‘ਕਰੇਵਾ ਜਾਂ ਚਾਦਰ ਪਾ ਕੇ ‘ ਘਰ ਵਸਾਉਣ ਦਾ ਰਿਵਾਜ ਆਮ ਹੈ ।

ਮਰਨ ਸਮੇਂ ਦੀਆਂ ਰਸਮਾਂ

ਪੰਜਾਬ ਵਿੱਚ ਭਾਵੇਂ ਇਹ ਅਖਾਉਤਾਂ ਆਮ ਪ੍ਰਚਲਿਤ ਹਨ ਕਿ ‘ਜਾਨ ਹਰੇਕ ਨੂੰ  ਪਿਆਰੀ ਹੁੰਦੀ ਹੈ’ ਜਾਂ ‘ਜਾਨ ਸੁਖ ਜਹਾਨ ਸੁਖ’ ਪਰੰਤੂ ਇਸਦੇ ਨਾਲ ਹੀ ਪੰਜਾਬੀ ਜਨ- ਚੇਤਨਾ ਵਿੱਚ ਇਹ ਗੱਲ ਵੀ ਡੂੰਘੇ ਤੌਰ ਤੇ ਵਸੀ ਹੋਈ ਹੈ ਕਿ ‘ਮਰਨਾ ਸੱਤ ਤੇ ਜਿਉਣਾ ਝੂਠ ‘ । ‘ਕਾਲ ਦੇ ਹੱਥ ਕਮਾਨ ਬੁੱਢਾ ਛੱਡੇ ਨਾ ਜੁਆਨ ‘ ਅਤੇ ‘ਦਮਾਂ ਦਾ ਕੀ ਵਸਾਹ , ਸਾਹ ਆਵੇ ਕਿ ਨਾ ਆਏ ‘ । ਜਨਮ ਤੇ ਵਿਆਹ ਵੇਲੇ ਵਾਂਗ ਮੌਤ ਸਮੇਂ ਵੀ ਅਨੇਕਾਂ ਰਸਮਾਂ ਦਾ ਪਾਲਣ ਕੀਤਾ ਜਾਂਦਾ ਹੈ ।

ਪਿੰਡ ਵਿੱਚ ਪਹਿਲਾਂ ਡਾਕਟਰੀ ਸਹੂਲਤ ਦੀ ਲਗਭਗ ਅਣਹੋਂਦ ਹੀ ਹੁੰਦੀ ਸੀ । ਇਸ ਲਈ ਬਹੁਤੇ ਲੋਕ ਹਸਪਤਾਲਾਂ ਦੀ ਥਾਂ ਘਰਾਂ ਵਿੱਚ ਹੀ ਆਪਣੇ ਅੰਤਿਮ ਸਵਾਸ ਪੂਰੇ ਕਰਦੇ ਸਨ । ਲੰਮੇ ਸਮੇਂ ਦੇ ਰੋਗੀ ਦੇ ਪੈਰਾਂ ਤੇ ਬਹੁਤੀ ਸੋਜਿਸ ਆ ਜਾਣ ਅਤੇ ਘੰਡ ਵਿੱਚ ਰੁਕ ਰੁਕ ਕੇ ਸ਼ਾਹ ਆਉਣ ਅਰਥਾਤ ਘੰਡ ਜਾ ਘੋਰੜੂ ਵੱਜਣ ਨੂੰ ਆ ਰਹੀ ਮੌਤ ਦਾ ਆਖਰੀ ਸੰਕੇਤ ਸਮਝ ਲਿਆ ਜਾਂਦਾ ਸੀ । ਅਜੇਹੇ ਸੰਕੇਤ ਮਿਲਣ ਸਾਰ ਹੀ ਮਰਨ ਕਿਨਾਰੇ ਪੁੱਜੇ ਰੋਗੀ ਨੂੰ ਭੁੰਜੇ ਲਾਹ ਲਿਆ ਜਾਂਦਾ ਹੈ । ਲੋਕਾਂ ਵਿੱਚ ਇਹ ਵਿਸ਼ਵਾਸ ਆਮ ਪਾਇਆ ਜਾਂਦਾ ਹੈ ਕਿ ਇਸ ਜੀਵ ਦੇ ਮੰਜੇ ਤੇ ਪਏ ਪਏ ਪ੍ਰਾਣ ਪੁਰੇ ਹੋਣ , ੳਸਦੀ ਗਤੀ ਨਹੀਂ ਹੁੰਦੀ । ਅੰਤਿਮ ਘੜੀਆਂ ਵੇਲੇ ਆਪੋ ਆਪਣੇ ਵਿਸ਼ਵਾਸਾਂ ਅਨੁਸਾਰ ਲੋਕ ਸੁਖਮਨੀ ਸਾਹਿਬ , ਗੀਤਾ , ਦੇ ਅਠਾਰਵੇ ਅਧਿਆਇ ਜਾਂ ਪੌਰਾਣਾ ਦੀ ਕਥਾ ਕਰਦੇ ਹਨ । ਮਰਨ ਵਾਲੇ ਪ੍ਰਾਣੀ ਦੇ ਹੱਥੋਂ ਕਈ ਲੋਕ ਇਸ ਵਿਸ਼ਵਾਸ ਵਿੱਚ ਗਊ ਦਾਨ ਕਰਵਾਉਂਦੇ ਹਨ ਕਿ ਮਰਨ ਮਗਰੋਂ ਉਹ ਗਊ ਦੀ ਪੂਛ ਫੜ ਕੇ ‘ਵੈਤਰਨੀ ‘ ਨਦੀ ਨੂੰ ਸੁਖਿਆ ਪਾਰ ਕਰ ਜਾਵੇਗਾ ਤੇ ਉਹਦੇ ਹੱਥ ਤੇ ਬਾਲ ਕੇ ਰਖਿਆ ਦੀਵਾ ਉਹਦੇ ਅਗਲੇ ਬਿਖੜੇ ਪੈਂਡੇ ਵਿੱਚ ਸਹਾਈ ਹੋਣ ਵਾਲਾ ਸਮਝਿਆਂ ਜਾਂਦਾ ਹੈ । ਅੰਤਿਮ ਸੁਆਸ ਪੂਰੇ ਹੋਣ ਤੋਂ ਬਾਅਦ ਘਰ ਦੇ ਜੀਅ ਵਿਸ਼ੇਸ਼ ਕਰ ਇਸਤਰੀਆਂ ਉੱਚੀ ਉੱਚੀ ਰੋਣਾ- ਧੋਣਾ ਸ਼ੁਰੂ ਕਰ ਦਿੰਦੀਆਂ ਹਨ । ਲਗਭਗ ਸਾਰਾ ਹੀ ਪਿੰਡ ਇਕੱਠਾ ਹੋ ਜਾਂਦਾ ਹੈ । ਨੇੜੇ ਦੇ ਰਿਸ਼ਤੇਦਾਰਾਂ ਨੂੰ ਮੌਤ ਦੀ ਖ਼ਬਰ ਪਹੁੰਚਾ ਦਿੱਤੀ ਜਾਂਦੀ ਹੈ । ਜਿਸ ਤੀਵੀਂ ਦਾ ਖ਼ਾਵੰਦ ਮਰਿਆ ਹੋਵੇ ਉਹ ਆਪਣੇ ਵਾਲ ਖੋਲ੍ਹ ਲੈਦੀ ਹੈ ਤੇ ਸੁਹਾਗ ਵਾਲ਼ੀਆਂ ਚੂੜੀਆਂ ਭੰਨ੍ਹ ਸੁੱਟਦੀ ਹੈ ।

ਪੰਜਾਬ ਵਿੱਚ ਮੁਰਦੇ ਨੂੰ ਰਾਤ ਭਰ ਘੱਟ ਰਖਿਆ ਜਾਂਦਾ ਹੈ । ਦਿਨ ਖੜੇ ਉਹਦੀ ਦੇਹ ਸੰਸਕਾਰ ਕਰ ਦਿੱਤਾ ਜਾਂਦਾ ਹੈ । ਬਾਂਸ ਜਾਂ ਬੋਰੀ ਦੇ ਬੱਲ੍ਹੇ ਵੱਢ ਕੇ ਸੀੜ੍ਹੀ ਤਿਆਰ ਕੀਤੀ ਜਾਂਦੀ ਹੈ । ਅੱਜ ਕੱਲ੍ਹ ਬਣੇ ਬਣਾਈ ਲੱਕੜੀ ਜਾ ਲੋਹੇ ਦੇ ਫਟੇ ਤੇ ਕੰਮ ਲਿਆ ਜਾਂਦਾ ਹੈ ।

ਮਿ੍ਰਤਕ ਨੂੰ ਸ਼ਮਸ਼ਾਨ ਘਾਟ ਤੇ ਲਿਜਾਣ ਤੋਂ ਪਹਿਲਾਂ ਉਸਦੀ ਦੇਹੀ ਨੂੰ ਅੰਤਿਮ ਇਸ਼ਨਾਨ ਕਰਵਾਇਆਂ ਜਾਂਦਾ ਹੈ । ਮਰਯਾਦਾ ਅਨੁਸਾਰ ਕੱਫਣ ਆਦਿ ਤਿਆਰ ਕਰਕੇ ਦੇਹ  ਨੂੰ ਅਰਥੀ ਉੱਪਰ ਲਿਟਾਇਆ ਜਾਂਦਾ ਹੈ ।

ਬਾਲ , ਬਿਰਧ , ਕੁਆਰੇ- ਵਿਆਹੇ ਪ੍ਰਾਣੀਆਂ  ਤੇ ਸੁਹਾਗਣਾਂ ਜਾਂ ਦੁਹਾਗਣ ਦੀ ਅੰਤਿਮ ਤਿਆਰੀ ਨਾਲ ਸੰਬੰਧਤ ਰਸਮਾਂ ਵਿਚ ਭਿੰਨ ਭੇਦ ਪਾਇਆ ਜਾਂਦਾ ਹੈ ।

ਜੇ ਮਰਨ ਵਾਲਾ ਪੜੋਤਰਿਆ ਵਾਲਾ ਬਿਰਧ ਹੋਵੇ ਤਾਂ ੳਸਦੀ ਅਰਥੀ ਨੂੰ ਸਜ਼ਾ ਕੇ ਉਠਾਇਆ ਜਾਂਦਾ ਹੈ । ਕਈ ਵਾਰ ਅੱਗੇ ਅੱਗੇ ਵਾਜੇ ਵੀ ਵਜਾਏ ਜਾਂਦੇ ਹਨ ਤੇ ਅਰਥੀ ਦੇ ਉੱਪਰ ਦੀ ਫੱਲੀਆਂ ਪਤਾਸਿਆਂ ਦੀ ਸੋਟ ਕੀਤੀ ਜਾਂਦੀ ਹੈ । ਉਹਦੇ ਪੁੱਤਰ ਤੇ ਹੋਰ ਨਜਦੀਕੀ ਅਰਥੀ ਨੂੰ ਮੋਢੇ ਦੇਣ ਵਾਲੇ ਕਾਨੀਆਂ ਦਾ ਫਰਜ ਪੂਰਾ ਕਰਦੇ ਹਨ ।

ਅਰਥੀ

ਦੇਹ ਨੂੰ ਅਰਥੀ ਤੇ ਰੱਖਣ ਲੱਗਿਆ ਮੂੰਹ ਪੂਰਬ ਵੱਲ ਨੂੰ ਕੀਤਾ ਜਾਂਦਾ ਹੈ । ਜੇ ਮਰਨ ਵਾਲਾ ਬਜ਼ੁਰਗ ਹੋਵੇ ਤਾਂ ਉਹਦੀ ਚਰਨੀਂ ਹੱਥ ਲਾਇਆ ਜਾਂਦਾ ਹੈ ਤੇ ਉਹਦੇ ਮੂੰਹ ਵਿੱਚ ਰੁਪਈਆ , ਚਾਂਦੀ ਜਾਂ ਕਈ ਵਾਰ ਸੋਨੇ ਦੀ ਡਲੀ ਰੱਖ ਦਿੱਤੀ ਜਾਂਦੀ ਹੈ । ਰਾਹ ਵਿੱਚ ਪਿੰਨ ਭਰਾਏ ਜਾਂਦੇ ਹਨ । ਅੱਧ ਮਾਰਗ ਤੋਂ ਬਾਅਦ ਜ਼ਨਾਨਿਆਂ ਘਰ ਨੂੰ ਮੁੜ ਆਉਂਦੀਆਂ ਹਨ ਜਾਂ ਚਿਖਾ ਨੂੰ ਲਾਂਬੂ ਲੱਗਣ ਤੀਕ ਉੱਥੇ ਹੀ ਖੜੀਆਂ ਰਹਿੰਦੀਆਂ ਹਨ । ਆਦਮੀ ‘ਰਾਮ ਨਾਮ ਸਤਿ ਹੈ ‘ ਦੀ ਧੁਨ ਦਾ ਉਚਾਰਨ ਕਰਕੇ ਸਿਵਿਆਂ ਤੀਕ ਅਰਥੀ ਦੇ ਨਾਲ ਜਾਂਦੇ ਹਨ । ਅੰਤਿਮ ਪੜਾਅ ਕੋਲ ਠੀਕਰਾ ਭੰਨਿਆ ਜਾਂਦਾ ਹੈ । ਚਿਖਾ ਨੂੰ ਅੱਗ ਦਿਖਾਉਣ ਵੇਲੇ ਮਿ੍ਰਤਕ ਦਾ ਮੂੰਹ ਪੂਰਬ ਵੱਲ ਰਖਿਆ ਜਾਂਦਾ ਹੈ । ਅੱਗ ਦੇਣ ਦਾ ਕੰਮ ਉਹਦਾ ਵੱਡਾ ਪੁੱਤ ਜਾਂ ਗ਼ੈਰ-ਹਾਜ਼ਰੀ ਵਿੱਚ ਕੋਈ ਭਤੀਜਾ ਭਾਣਜਾ ਆਦਿ ਕਰਦਾ ਹੈ । ਚਿਖਾ ਨੂੰ ਅੱਗ ਦੇਣ ਦਾ ਕੰਮ ਇਸਤਰੀਆ ਤੋਂ ਕਤਈ ਨਹੀ ਕਰਵਾਇਆਂ ਜਾਂਦਾ ।

ਜਦੋਂ ਚਿਖਾ ਨੂੰ ਪੂਰੀ ਤਰਾਂ ਅੱਗ ਲੱਗ ਜਾਏ ਤੇ ਮਿ੍ਰਤਕ ਦੀ ਖੋਪਰੀ ਦਿਖਣ ਲੱਗ ਪਵੇ ਤਾਂ ਅੱਗ ਦੇਣ ਵਾਲਾ ਬੰਦਾ ਲੰਮੇ ਸਾਰੇ ਡੰਡੇ ਨਾਲ ਮੁਰਦੇ ਦੀ ਖੋਪੜੀ ਠਕੋਰਦਾ ਹੈ । ਇਸ ਤਰਾਂ ਸਖ਼ਤ ਜਾਨ ਖੋਪੜੀ ਦਾ ਜਲਣਾ ਸੌਖਾ ਹੋ ਜਾਂਦਾ ਹੈ । ਇਸ ਕਾਰਜ ਨੂੰ ‘ਕਪਾਲ ਕਿਰਿਆ’ ਕਿਹਾ ਜਾਂਦਾ ਹੈ । ਸਿਵਿਆਂ ਤੋਂ ਮੁੜਨ ਵੇਲੇ ਸਾਰੇ ਬੰਦੇ ਬਲਦੀ ਚਿਖਾ ਵਿੱਚ ਇਕ ਇਕ ਤਿਣਕਾ ਸੁੱਟਦੇ ਹਨ । ਇਹ ਸਾਇਦ ਉਸ ਨਾਲ਼ੋਂ ਸਭਨਾਂ ਦਾ ਅਖੀਰੀ ਸੰਬੰਧ ਟੁੱਟਣ ਦੀ ਨਿਸਾਨੀ ਹੁੰਦੀ ਹੈ । ਵਾਪਸੀ ਵੇਲੇ ਸਾਰੇ ਲੋਕ ਛੱਪੜ, ਟੋਭੇ ਜਾਂ ਖੂਹ, ਨਲਕੇ ਤੇ ਇਸ਼ਨਾਨ ਕਰਦੇ ਹਨ ਜਾਂ ਮੂੰਹ ਹੱਥ ਧੋਂਦੇ ਹਨ ।

ਛੋਟੇ ਹਿੰਦੂ ਬੱਚੇ ਦੀ ਦੇਹ ਨੂੰ ਅਗਨ-ਭੇਟ ਕਰਨ ਦੀ ਥਾਂ ਦਬਾ ਦਿੱਤਾ ਜਾਂਦਾ ਹੈ । ਪਹਿਲੀਆਂ ਵਿੱਚ ਮਾਤਾ ਆਦਿ ਦੇ ਰੋਗ ਨਾਲ ਮਰਨ ਵਾਲੇ ਬੰਦੇ ਦੇਹ ਨੂੰ ਜਲ-ਪ੍ਰਵਾਹ ਕੀਤਾ ਜਾਂਦਾ ਸੀ । ਕੁਝ ਸਾਧੂ-ਸੰਤਾਂ ਦੀਆਂ ਦੇਹਾਂ ਵੀ ਜਲ-ਪ੍ਰਵਾਹ ਕੀਤੀਆਂ ਜਾਦੀਆ ਹਨ ਜਾਂ ਸਮਾਧੀ ਦਾ ਆਸਣ ਲਾ ਕੇ ਉਨਾਂ ਨੂੰ ਬਹੁਤ ਸਾਰੇ ਲੂਣ ਤੇ ਹੋਰ ਸਮੱਗਰੀ ਪਾ ਕੇ ਦਬਾਉਣ ਦਾ ਵੀ ਰਿਵਾਜ ਹੈ ।

ਮੁਸਲਮਾਨ ਆਪਣੇ ਮੁਰਦਿਆਂ ਨੂੰ ਫੂਕਣ ਦੀ ਥਾਂ ਦਫ਼ਨਾਉਂਦੇ ਹਨ ।

ਅਸਤ ਚੁਗਣੇ ਇਸ ਤੋਂ ਮਗਰੋਂ ਕਈ ਦਿਨ ਮਰਗਤ ਵਾਲੇ ਘਰ ਅਫ਼ਸੋਸ ਕਰਨ ਲਈ ਦੂਰੋ - ਨੇੜਿਉ ਆਉਣ ਵਾਲ਼ੀਆਂ ਮਕਾਣਾਂ ਦਾ ਸਿਲਸਿਲਾ ਬੱਝਾ ਰਹਿੰਦਾ ਹੈ ।ਮੌਤ ਦੇ ਤੀਜੇ ਜਾਂ ਚੌਥੇ ਮਰਨ ਦਿਨ ਮਰਨ ਵਾਲੇ ਦੇ ਅਸਤ ਚੁਗ ਲਏ ਜਾਂਦੇ ਹਨ । ਬੁੱਧਵਾਰ ਨੂੰ ਇਸ ਕੰਮ ਲਈ ਅਸੁੱਭ ਮੰਨਿਆਂ ਜਾਂਦਾ ਹੈ । ਜੇ ਨਿਸਚਿਤ ਦਿਨ ਤੇ ਬੁੱਧਵਾਰ ਆਉਂਦਾ ਹੋਵੇ ਤਾਂ ਇਹ ਕੰਮ ਇਕ ਦਿਨ ਅੱਗੇ ਪਿੱਛੇ ਕਰ ਲਿਆ ਜਾਂਦਾ ਹੈ । ਅਸਥੀਆਂ ਆਪਣੇ ਜੱਦੀ-ਪੁਸਤੀ ਪਡਿਤ ਦੀ ਨਿਗਰਾਨੀ ਹੇਠ ਹਰਦਿੁਆਰ ਜਾ ਕੇ ਜਲ ਪ੍ਰਵਾਹ ਕਰਨ ਦਾ ਰਿਵਾਜ ਰਿਹਾ ਹੈ । ਕੁਝ ਲੋਕ ਆਪਣੇ ਮਿ੍ਰਤਕ ਸੰਬੰਧੀ ਦੀ ਗਤੀ ਕਰਵਾਉਣ ਲਈ ਪਹੋਏ ਜਾਣਾ ਵੀ ਜ਼ਰੂਰੀ ਸਮਝਦੇ ਹਨ ।

ਸਿੱਖ ਅਸਥੀਆਂ ਕਿਸੇ ਨੇੜੇ ਦੀ ਥਾਂ ਵਗਦੇ ਪਾਣੀ ਵਿੱਚ ਕਰ ਦਿੰਦੇ ਹਨ ਜਾਂ ਫਿਰ ਉਹ ਇਸ ਕਾਰਜ ਲਈ ਕੀਰਤਪੁਰ ਜਾਂਦੇ ਹਨ ।

ਹੰਗਾਮਾ

ਪੋਤਰਿਆਂ ਪੜੋਤਰਿਆ ਵਾਲੇ ਬਜ਼ੁਰਗ ਦੀ ਮੌਤ ਮਗਰੋਂ ਉਸ ਨੂੰ ਵੱਡਾ ਕਰਨ ਲਈ ਹੰਗਾਮਾ ਜਾਂ ਕੱਠ ਕੀਤਾ ਜਾਂਦਾ ਹੈ । ਇਸ ਦਿਨ ਬਰਾਦਰੀ ਤੇ ਹੋਰ ਰਿਸ਼ਤੇਦਾਰਾਂ ਨੂੰ ਅੰਨ ਪਾਣੀ ਛਕਾਇਆ ਜਾਂਦਾ ਹੈ । ਘਰ ਦੇ ਵੱਡੇ ਪੁੱਤ ਦੇ ਪੱਗ ਬੰਨਾਈ ਜਾਂਦੀ ਹੈ । ਰਿਸ਼ਤੇਦਾਰਾਂ ਵੱਲੋਂ ਲੈਣ ਦੇਣ ਇਸ ਵੇਲੇ ਹੀ ਹੁੰਦਾ ਹੈ । ਹਿੰਦੂ ਪਰਿਵਾਰ ਵਿੱਚ ਵੱਡੇ ਪੁੱਤਰ ਦੇ ਪੱਗ ਬੰਨਣ ਤੋਂ ਪਹਿਲਾ ਉਸਦਾ ਪੂਰੀ ਤਰ੍ਹਾਂ ਮੁੰਡਨ ਕੀਤਾ ਜਾਂਦਾ ਹੈ ।

ਕੁਝ ਲੋਕ ਸਾਲ ਮਗਰੋਂ ਵਰ੍ਹੀਣਾ ਵੀ ਕਰਦੇ ਹਨ ਤੇ ਹਰ ਸਾਲ ਆਪਣੇ ਮੋਏ ਪਿੱਤਰ ਦੀ ਯਾਦ ਵਿੱਚ ਬ੍ਰਹਮਣਾਂ ਨੂੰ ਅੰਨ ਪਾਣੀ ਛਕਾਉਂਦੇ ਤੇ ਸਰਾਧ ਕਰਵਾਉਂਦੇ ਰਹਿੰਦੇ ਹਨ ।

ਇਸ ਤਰਾਂ ਅਸੀਂ ਵੇਖਦੇ ਹਾਂ ਕਿ ਸਾਡੇ ਆਲੇ-ਦੁਆਲੇ ਜੀਵਨ ਦੀ ਹਰ ਮਹੱਤਵਪੂਰਨ ਘੜੀ ਤੇ ਰਹੁ-ਰੀਤਾਂ ਦਾ ਸੰਘਣਾ ਜਾਲ ਬੁਣਿਆ ਹੋਇਆਂ ਨਜ਼ਰ ਆਉਂਦਾ ਹੈ । ਇਨਾਂ ਦੀ ਆਪਣੇ ਮੁੱਢ ਵਿੱਚ ਤਾਂ ਕੋਈ ਸਾਰਥਕਤਾ ਹੁੰਦੀ ਹੋਵੇਗੀ ਪਰ ਹੁਣ ਤਾਂ ਬਹੁਤ ਸਮੇਂ ਤੋਂ ਲੋਕ ‘ਲਕੀਰ ਦੀ ਫ਼ਕੀਰੀ’ ਹੀ ਕਰਦੇ ਚਲੇ ਆਉਂਦੇ ਹਨ । ਹਰ ਪੀੜੀ ਨੂੰ ਆਪਣੀਆਂ ਰਹੁ - ਰੀਤਾਂ ਦੀ ਸਾਰਥਕਤਾ ਦਾ ਪੁਨਰ ਮੁਲਾਂਕਣ ਕਰਨਾ ਚਾਹੀਦਾ ਹੈ , ਨਹੀਂ ਤਾਂ ਇਹ ਸਾਡੇ ਦਾਸਤਾ ਵਿੱਚ ਵਾਧਾ ਕਰਨ ਤੋਂ ਸਿਵਾ ਹੋਰ ਕੁਝ ਸੁਆਰ ਸੁੱਕਣ ਦੇ ਸਮਰੱਥ ਨਹੀ ਰਹਿੰਦੀਆਂ ।

ਗੁਲਜ਼ਾਰ ਸਿੰਘ ਸੰਧੂ ਦੇ ਸ਼ਬਦਾਂ ਵਿੱਚ ‘’ਰਿਵਾਜ , ਸਾਡੀ ਰਹਿਣਗੀਆਂ ਬਹਿਣੀ ਤੇ ਮੰਨ ਮਨੌਤ ਸਾਡੀ ਅਨਪੜ੍ਹਤਾ ਦਾ ਸ਼ੀਸ਼ਾ ਹਨ । ਸਾਡੇ ਲੋਕਾਂ ਦੇ ਕਰਜਾਈ ਹੋਣ ਦਾ ਵੱਡਾ ਕਾਰਨ ਇਹੀ ਵਹਿਮ ਹੁੰਦੇ ਹਨ । ਇਨਾਂ ਨੇ ਪੂਜਾ ਪਾਠ ਕਰਨ ਵਾਲਿਆ ਜਾਤੀਆਂ ਨੂੰ ਜਿਹੜੀਆਂ ਆਮ ਤੌਰ ਤੇ ਪੜੀਆ ਲਿਖੀਆਂ ਹਨ , ਵਿਹਲੜ ਮੰਗਤੇ ਬਣਾ ਕੇ ਰੱਖ ਦਿੱਤਾ ਹੈ ਤੇ ਚੰਗੇ ਭਲੇ ਲੋਕਾਂ ਨੂੰ ਪਰੰਪਰਾ ਦਾ ਦਾਸ ਬਣਾ ਛੱਡਿਆਂ ਹੈ ।

ਸਮਾਜਕ ਅਤੇ ਸੱਭਿਆਚਾਰਿਕ ਮਹੱਤਵ : ਰਸਮਾਂ ,ਸਮਾਜਕ ਅਤੇ ਸੱਭਿਆਚਾਰਿਕ ਮਹੱਤਵ ਰੱਖਦੀਆਂ ਹਨ । ਜਨਮ ਸਮੇਂ ਦੀਆ ਬਹੁਤੀਆਂ ਰੀਤਾਂ ਜ਼ੱਚਾ ਅਤੇ ਬੱਚੇ ਦੀ ਮਾਨਸਿਕ ਅਤੇ ਸਰੀਰਕ ਸੁਰਖਿਆ ਨਾਲ ਸੰਬੰਧ ਰੱਖਦੀਆਂ ਹਨ । ਕੁਝ ਕੁ ਸੰਬੰਧ ਸੁਗਾਤ ਤਬਾਦਲੇ ਨਾਲ ਹੈ ਜਿਹੜੀਆਂ ਸਕੀਰੀ ਨੂੰ ਪੱਕਾ ਕਰਦੀਆਂ ਹਨ ਅਤੇ ਸਮਾਜਕ ਮੇਲ ਜੋਲ ਵਿੱਚ ਵਾਧਾ ਕਰਦੀਆਂ ਹਨ । ਜਨਮ ਸਮੇਂ ਦੀਆ ਕੁਝ ਕੁ ਰਸਮਾਂ ਵਿੱਚ ਲਾਗੀ ਭਾਗ ਲੈਂਦੇ ਹਨ , ਸਮਾਜਕ ਪੁੜਬੰਦੀ ਦੇ ਆਦਾਨ ਪ੍ਰਦਾਨ ਨੂੰ ਸੰਦਰਭ ਕਰਦੀਆਂ ਹਨ ।

ਵਿਆਹ ਸਮੇਂ ਦੀਆਂ ਰਸਮਾਂ ਦੋ ਤਰਾਂ ਦੀਆ ਹੁੰਦੀਆਂ ਹਨ । ਪਹਿਲੀ ਕਿਸਮ ਦੀਆ ਉਹ ਰਸਮਾਂ ਹਨ ਜਿਹੜੀਆਂ ਸਰੀਕੇ ਅਤੇ ਸਕੀਰਿਆ ਦੇ ਮਹੱਤਵਪੂਰਨ ਰੋਲ ਨੂੰ ਸੰਚਾਰਤ ਕਰਦੀਆਂ ਹਨ । ਦੂਸਰੀ ਵੰਨਗੀ ਦੀਆ ਉਹ ਰਸਮਾਂ ਹਨ ਜਿਹੜੀਆਂ ਵਿਆਹ ਦੇ ਵਿਕਾਸ ਦੀਆ ਰੂੜ੍ਹੀਗਤ ਪ੍ਰਥਾਵਾਂ ਨੂੰ ਸੰਭਲ਼ੀ ਬੈਠੀਆਂ ਹਨ । ਜਿਵੇਂ ਛੰਦ - ਪਰਾਗਾ ਅਤੇ ਛਟੀਆਂ ਖੇਡਣਾ ਆਦਿ । ਵਿਆਹ ਦੀਆ ਕੁਝ ਰਸਮਾਂ ਸਮਾਜਕ ਪੁੜਬਦੀ ਦੀ ਭੂਮਿਕਾ ਦਾ ਸੰਚਾਰ ਵੀ ਕਰਦੀਆਂ ਹਨ ।

ਮਰਨ ਸਮੇਂ ਦੀਆ ਰਸਮਾਂ ਜੀਵਨ ਅਤੇ ਮੌਤ ਦੇ ਸੰਬੰਧ ਨੂੰ ਪ੍ਰਤੀਬਿਬਤ ਤੌਰ ਤੇ ਚਿਤਰਦੀਆਂ ਹਨ । ਕਈ ਰਸਮਾਂ ਦਾ ਸੰਬੰਧ ਆਵਾਗਵਨ ਦੇ ਚੱਕਰ ਅਤੇ ਮੁਕਤੀ ਨਾਲ ਹੈ । ਪੰਜਾਬੀ ਮਨ ਦਾ ਵਿਸ਼ਵਾਸ ਹੈ ਕਿ ਆਤਮਾ ਮਰਦੀ ਨਹੀਂ , ਇਸ ਸਿਧਾਂਤ ਨੂੰ ਰਸਮਾਂ ਸੰਕੇਤਕ ਰੂਪ ਵਿੱਚ ਪ੍ਰਤੀਬਿਬਤ ਕਰਦੀਆਂ ਹਨ । ਇਹ ਰਸਮਾਂ ਮਨੁੱਖ ਦੇ ਜੀਵਨ ਵਿੱਚ ਵਿਸ਼ਵਾਸ ਪੈਦਾ ਕਰਦੀਆਂ ਹਨ । ਇਸ ਲਈ ਕਿਹਾ ਜਾ ਸਕਦਾ ਹੈ ਕਿ ਰਸਮਾਂ ਅਤੇ ਰੀਤਾਂ ਦਾ ਅਹਿਮ ਸਮਾਜ ਤੇ ਸੱਭਿਆਚਾਰਿਕ ਮਹੱਤਵ ਹੈ ।

  1. ਲੋਕ-ਧਾਰਾ ਅਤੇ ਪੰਜਾਬੀ ਲੋਕ-ਧਾਰਾ, ਲੋਕ-ਧਾਰਾ ਅਤੇ ਪੰਜਾਬੀ ਲੋਕ-ਧਾਰਾ. ਲੋਕ-ਧਾਰਾ ਅਤੇ ਪੰਜਾਬੀ ਲੋਕ-ਧਾਰਾ.