ਸਮੱਗਰੀ 'ਤੇ ਜਾਓ

ਰੂਪ ਅਤੇ ਅੰਤਰ ਵਸਤੂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਇਤਿਹਾਸ ਅਤੇ ਰੂਪ

ਹੰਗਰੀ ਦਾ ਮਾਰਕਸਵਾਦੀ ਆਲੋਚਕ ਜਾਰਜ ਲੁਕਾਚ ਆਪਣੇ ਮੁਢਲੇ ਲੇਖ 'ਆਧੁਨਿਕ ਨਾਟਕ ਦਾ ਵਿਕਾਸ' (1909)ਵਿਚ ਲਿਖਦਾ ਹੈ ਕਿ 'ਸਾਹਿਤ ਵਿਚ ਸਹੀ ਅਰਥਾਂ ਵਿਚ ਸਮਾਜਿਕ ਤੱਤ ਸਾਹਿਤ ਦਾ ਰੂਪ ਹੀ ਹੁੰਦਾ ਹੈ।' ਇਹ ਅਜਿਹੀ ਟਿੱਪਣੀ ਹੈ ਜਿਸਦੀ ਅਕਸਰ ਮਾਰਕਸਵਾਦੀ ਆਲੋਚਨਾ ਤੋਂ ਉਮੀਦ ਨਹੀਂ ਕੀਤੀ ਜਾਂਦੀ। ਪ੍ਰੰਪਰਿਕ ਰੂਪ ਵਿੱਚ ਮਾਰਕਸਵਾਦੀ ਆਲੋਚਨਾ ਨੇ ਲਗਭਗ ਹਰ ਤਰ੍ਹਾਂ ਦੇ ਰੂਪਵਾਦੀ ਅਧਿਐਨ ਦਾ ਵਿਰੋਧ ਕੀਤਾ ਹੈ। ਇਸ ਦਾ ਮੰਨਣਾ ਸੀ ਕਿ ਇਹ ਸਾਹਿਤ ਦੇ ਮਹਿਜ਼ ਤਕਨੀਕੀ ਪੱਖਾਂ ਤੇ ਜੋਰ ਦੇਣ ਨਾਲ ਇਸ ਦੇ ਇਤਿਹਾਸਿਕ ਮਹੱਤਵ ਨੂੰ ਤਿਆਗ ਕੇ, ਇਸ ਨੂੰ ਇਕ ਸੁਹਜ ਖੇਡ ਤੱਕ ਘਟਾ ਦਿੰਦਾ ਹੈ। ਸਗੋਂ ਮਾਰਕਸਵਾਦੀ ਆਲੋਚਨਾ ਵਲੋਂ ਇਸ ਤਰ੍ਹਾਂ ਦੀ ਤਕਨੀਕ ਤੰਤਰੀ ਆਲੋਚਨਾ ਨੂੰ ਵਿਕਸਿਤ ਪੂੰਜੀਵਾਦੀ ਸਮਾਜਾਂ ਦੇ ਵਿਹਾਰ ਨਾਲ ਜੋੜ ਕੇ ਸਮਝਿਆ ਜਾਂਦਾ ਹੈ। ਬਹੁਤੇ ਮਾਰਕਸਵਾਦੀ ਆਲੋਚਨਾ ਨੇ ਵਿਹਾਰਕ ਰੂਪ ਵਿਚ ਰਾਜਨੀਤਿਕ ਵਸਤੂ ਦੀ ਸਖਤ ਪੈਰਵੀ ਵਿਚ ਕਲਾਤਮਕ ਰੂਪ ਦੇ ਸਵਾਲ ਵੱਲ ਬਹੁਤ ਘੱਟ ਧਿਆਨ ਦਿੱਤਾ ਹੈ। ਮਾਰਕਸ ਆਪ ਵੀ ਇਹ ਮੰਨਦਾ ਸੀ ਕਿ ਸਾਹਿਤ ਵਿਚ ਰੂਪ ਅਤੇ ਵਸਤੂ ਦੀ ਏਕਤਾ ਦਾ ਪ੍ਰਗਟਾਵਾ ਹੋਣਾ ਚਾਹੀਦਾ ਹੈ। ਇਸ ਲਈ ਉਸਨੇ ਆਪਣੀਆਂ ਕਈ ਮੁਢਲੀਆਂ ਪ੍ਗੀਤਕ ਕਵਿਤਾਵਾਂ ਨੂੰ ਇਸ ਲਈ ਸਾੜ ਦਿੱਤਾ ਸੀ ਕਿ ਉਹਨਾਂ ਦੀਆਂ ਉਤੇਜਕ ਭਾਵਨਾਵਾਂ ਖਤਰਨਾਕ ਹੱਦ ਤੱਕ ਬੇਕਾਬੂ ਲੱਗਦੀਆਂ ਸਨ, ਪਰ ਨਾਲ ਹੀ ਉਹ ਅਤਿ ਦੀਆਂ ਰੂਪਵਾਦੀ ਝੁਕਾਅ ਵਾਲੀਆਂ ਰਚਨਾਵਾਂ ਬਾਰੇ ਵੀ ਸ਼ੰਕਾ ਜ਼ਾਹਿਰ ਕਰਦਾ ਹੈ। ਸਿਲੇਸ਼ੀਅਨ ਵੀਵਰ ਦੇ ਗੀਤਾਂ ਬਾਰੇ ਆਪਣੇ ਇੱਕ ਮੁਢਲੇ ਅਖਬਾਰੀ ਲੇਖ ਵਿਚ ਉਹ ਦਾਅਵਾ ਕਰਦਾ ਹੈ ਕਿ ਮਹਿਜ਼ ਸ਼ੈਲੀਗਤ ਉਚੇਚ ਵੀ ਰਚਨਾ ਵਿੱਚ ਵਿਕਿਰਤ ਵਸਤੂ ਪੈਦਾ ਕਰਦੀ ਹੈ, ਜੋ ਮੋੜਵੇ ਰੂਪ ਵਿਚ ਸਾਹਿਤਕ ਰੂਪ ਉੱਤੇ ਅਸ਼ਿਸ਼ਟਤਾ (ਨਿਮਰਤਾ) ਦੀ ਮੋਹਰ ਲਾਉਂਦੀ ਹੈ। ਉਹ ਇਨ੍ਹਾਂ ਸੰਬੰਧਾਂ ਦੀ ਦਵੰਦਾਤਮਿਕਤਾ ਨੂੰ ਬਿਆਨ ਕਰਦਾ ਲਿਖਦਾ ਹੈ ਕਿ ਰੂਪ ਵਸਤੂ ਤੋਂ ਉਪਜਦਾ ਹੈ ਪਰ ਆਪਣੇ ਦੋਧਾਰੇ ਸੰਬੰਧਾਂ ਵਿਚੋਂ,ਮੋੜਵੇ ਰੂਪ ਵਿਚ ਇਸ 'ਤੇ ਉਲਟਾ ਅਸਰ ਵੀ ਕਰਦਾ ਹੈ। ਰਿਨਿਸ਼ੇ ਜੀਟੁਨਗ ਵਿਚ ਰੂਪ ਦੇ ਦਮਨਕਾਰੀ ਨੇਮ ਬਾਰੇ ਮਾਰਕਸ ਟਿੱਪਣੀ ਕਰਦਾ ਹੈ ਕਿ ਰੂਪ ਦਾ ਉਦੋਂ ਤੱਕ ਕੋਈ ਮੁੱਲ ਨਹੀਂ,ਜਦੋਂ ਤੱਕ ਆਪਣੇ ਵਸਤੂ ਦਾ ਆਗਿਕ ਰੂਪ ਨਹੀਂ ਬਣਦਾ। ਇਹ ਟਿੱਪਣੀ ਉਸਦੇ ਸੁਹਜ ਬਾਰੇ ਵਿਚਾਰਾਂ'ਤੇ ਵੀ ਲਾਗੂ ਹੋ ਸਕਦੀ ਹੈ। ਰੂਪ ਅਤੇ ਵਸਤੂ ਦੀ ਏਕਤਾ ਬਾਰੇ ਵਿਚਾਰ ਕਰਦਿਆਂ ਮਾਰਕਸ ਹੀਗਲਵਾਦੀ ਪਰੰਪਰਾ ਨਾਲ ਜੁੜਿਆ ਰਹਿੰਦਾ ਹੈ। ਹੀਗਲ'ਕੋਮਲ ਕਲਾ ਦਾ ਦਰਸ਼ਨ'(1835)ਵਿਚ ਕਹਿੰਦਾ ਹੈ ਕਿ'ਹਰ ਸੁਨਿਸ਼ਚਿਤ ਵਸਤੂ ਆਪਣੇ ਅਨੁਕੂਲ ਇਕ ਰੂਪ ਅਖਤਿਆਰ ਕਰਦੀ ਹੈ।'ਉਹ ਮੰਨਦਾ ਹੈ ਕਿ'ਰੂਪ ਦਾ ਨੁਕਸ ਵਸਤੂ ਦੇ ਨੁਕਸ ਵਿਚੋਂ ਪੈਦਾ ਹੁੰਦਾ ਹੈ। ਇਥੋਂ ਤਕ ਕਿ ਹੀਗਲ ਅਨੁਸਾਰ ਕਲਾ ਦਾ ਇਤਿਹਾਸ, ਰੂਪ ਅਤੇ ਵਸਤੂ ਦੇ ਬਦਲਦੇ ਰਿਸ਼ਤਿਆ ਦੇ ਅਨੁਸਾਰ ਵੀ,ਲਿਖਿਆ ਜਾ ਸਕਦਾ ਹੈ। ਕਲਾ ਉਸ ਉਦੇਸ਼ ਦੇ ਵਿਕਾਸ ਵਿਚ ਵੱਖ-ਵੱਖ ਪੜਾਵਾਂ ਵਿਚ ਆਪਣੇ ਆਪ ਨੂੰ ਜਾਹਰ ਕਰਦੀ ਹੈ ਜਿਸਨੂੰ ਹੀਗਲ 'ਵਿਸ਼ਵ-ਆਤਮਾ', 'ਵਿਚਾਰ'ਜਾ'ਪਰਮ ਤੱਤ'ਕਹਿੰਦਾ ਹੈ, ਇਹੀ ਕਲਾ 'ਵਸਤੂ' ਹੈ ਜੋ ਆਪਣੇ ਆਪ ਨੂੰ ਉਚਿਤ ਰੂਪ ਵਿਚ ਸਾਕਾਰ ਕਰਨ ਲਈ ਲਗਾਤਾਰ ਯਤਨਸ਼ੀਲ ਰਹਿੰਦੀ ਹੈ। ਇਤਿਹਾਸਕ ਵਿਕਾਸ ਦੇ ਮੁਢਲੇ ਪੜਾਅ ਉੱਤੇ ਇਹ 'ਵਿਸ਼ਵ-ਆਤਮਾ'(ਵਿਸ਼ਵ ਪਰਮ ਤੱਤ) ਉਚਿਤ ਰੂਪ ਸਾਕਾਰ ਨਹੀਂ ਹੋ ਸਕੀ। ਮਸਲਨ ਪੁਰਾਤਨ ਮੂਰਤੀਕਾਰੀ ਵਿਚੋਂ ਪਤਾ ਲੱਗਦਾ ਹੈ ਕਿ ਪਰਮ ਸੱਚ ਕਿਵੇਂ ਅਜਿਹੇ ਵਾਸ਼ਨਾਮਈ ਪਦਾਰਥ ਦੇ ਹੇਠ ਦਬ ਜਾਂਦਾ ਹੈ, ਜੋ ਆਪਣੇ ਉਦੇਸ਼ ਅਨੁਸਾਰ ਢਲ ਨਹੀਂ ਸਕਿਆ। ਦੂਜੇ ਪਾਸੇ ਯੂਨਾਨੀ ਸਨਾਤਨੀ ਕਲਾ:ਵਸਤੂ ਅਤੇ ਰੂਪ,ਅਧਿਆਤਮਕ ਅਤੇ ਪਦਾਰਥਕ ਵਿੱਚ ਸਹਿਜ ਭਾਵੀ ਏਕਤਾ ਗ੍ਰਹਿਣ ਕਰਦੇ ਹਨ, ਇਸ ਅਲਪ ਇਤਿਹਾਸਕ ਬਿੰਦੂ ਉੱਤੇ 'ਵਸਤੂ' ਆਪਣੇ ਉਚਿਤ ਰੂਪ ਵਿਚ ਸਾਕਾਰ ਹੁੰਦੀ ਹੈ। ਆਧੁਨਿਕ ਸੰਸਾਰ ਵਿੱਚ ਅਤੇ ਖਾਸ ਤੌਰ 'ਤੇ ਰੁਮਾਸਵਾਦ ਵਿਚ ਅਧਿਆਤਮ ਵਾਸਨਾ ਨੂੰ ਆਪਣੇ ਵਿੱਚ ਜਜਬ ਕਰ ਲੈਂਦਾ ਹੈ ਅਤੇ ਵਸਤੂ ਰੂਪ'ਤੇ ਛਾ ਜਾਂਦੀ ਹੈ। ਪਦਾਰਥਕ ਰੂਪ ਆਤਮਾ ਦੇ ਉਚਤਮ ਵਿਕਾਸ ਸਾਹਵੇਂ ਉਸ ਤਰ੍ਹਾਂ ਦੁਜੈਲੇ ਹੋ ਕੇ ਦਬ ਜਾਂਦੇ ਹਨ, ਜਿਵੇ ਮਾਰਸਕ ਦੇ ਉਦਪਾਦਨੀ ਸ਼ਕਤੀਆਂ (ਦੇ ਸਿਧਾਂਤ) ਨੇ ਪੁਰਾਣੇ ਸੀਮਤ ਸਨਾਤਨੀ ਢਾਚਿਆ ਨੂੰ ਪਿੱਛੇ ਛੱਡ ਦਿੱਤਾ। ਇਹ ਸਮਝਣਾ ਗਲਤੀ ਹੋਵੇਗੀ ਕਿ ਮਾਰਸਕ ਨੇ ਹੀਗਲ ਦੇ ਸਾਰੇ ਦੇ ਸਾਰੇ ਸੁਹਜ ਸਿਧਾਂਤ ਨੂੰ ਅਪਣਾ ਲਿਆ। ਹੀਗਲ ਦਾ ਸੁਹਜ ਸਿਧਾਂਤ ਆਦਰਸ਼ਵਾਦੀ, ਬਹੁਤ ਸਰਲ ਅਤੇ ਇੱਕ ਹੱਦ ਤੱਕ ਹੀ ਦਵੰਦਾਤਮਕ ਹੈ, ਇਸ ਲਈ ਮਾਰਕਸ ਸੁਹਜ ਸ਼ਾਸਤਰ ਦੇ ਬਹੁਤ ਸਾਰੇ ਬੁਨਿਆਦੀ ਮਸਲਿਆਂ ਉੱਤੇ ਹੀਗਲ ਨਾਲ ਅਸਹਿਮਤੀ ਜਾਹਰ ਕਰਦਾ ਹੈ। ਪਰ ਇਹ ਦੋਵੇਂ ਚਿੰਤਕ ਮੰਨਦੇ ਹਨ ਕਿ ਕਲਾਤਮਕ ਰੂਪ ਕਿਸੇ ਕਲਾਕਾਰ ਦੀ ਮਹਿਜ਼ ਵਿਅਕਤੀਗਤ ਘਾੜਤ ਨਹੀਂ ਹੁੰਦੀ,ਸਗੋਂ ਕਲਾਤਮਕ ਰੂਪ ਇਤਿਹਾਸਕ ਤੌਰ'ਤੇ ਉਸ ਵਸਤੂ ਦੁਆਰਾ ਨਿਰਧਾਰਿਤ ਹੁੰਦਾ ਹੈ, ਜਿਸ ਵਸਤੂ ਨੂੰ ਉਹ ਸਾਕਾਰ ਕਰ ਰਿਹਾ ਹੁੰਦਾ ਹੈ। ਇਸ ਵਸਤੂ ਦੇ ਬਦਲਣ ਦੇ ਅਨੁਸਾਰ ਹੀ ਰੂਪ ਰੂਪਾਤਰਿਤ ਹੁੰਦਾ,ਟੁੱਟਦਾ ਅਤੇ ਇਨਕਲਾਬੀ ਤਬਦੀਲੀਆਂ ਵਿੱਚੋਂ ਲੰਘਦਾ ਹੈ। ਇਸ ਤਰ੍ਹਾਂ'ਵਸਤੂਰੂਪ' ਦੇ ਮੁਕਾਬਲੇ ਉਵੇਂ ਹੀ ਪਹਿਲ ਵਾਲੀ ਸਥਿਤੀ ਵਿੱਚ ਹੁੰਦੀ ਹੈ, ਜਿਵੇਂ ਮਾਰਕਸਵਾਦ ਅਨੁਸਾਰ ਸਮਾਜ ਦੀ ਪਦਾਰਥਕ' 'ਵਸਤੂ', ਭਾਵ ਇਸ ਦੀ ਉਤਪਾਦਨੀ ਵਿਧੀ ਵਿਚਲੀ ਤਬਦੀਲੀ ਹੀ ਸਮਾਜਿਕ ਉਸਾਰ ਦੇ 'ਰੂਪ' ਨੂੰ ਤੈਅ ਕਰਦੀ ਹੈ। ਫਰੈਡਰਿਕ ਜੇਮਸਨ'ਮਾਰਕਸਿਜਮ ਐਂਡ ਫੋਰਮ' (1971)ਪੁਸਤਕ ਵਿਚ ਲਿਖਦਾ ਹੈ ਕਿ 'ਰੂਪ' ਆਪਣੇ ਆਪ ਵਿੱਚ, ਪਰਉਸਾਰ ਦੇ ਖੇਤਰ ਵਿਚ ਵਸਤੂ ਦਾ ਪ੍ਰਗਟਾਅ ਹੀ ਹੁੰਦਾ ਹੈ। ਜੋ ਤਨੁਕ ਮਿਜਾਜ਼ੀ ਵਿਚ ਇਹ ਕਹਿੰਦੇ ਹਨ ਕਿ ਰੂਪ ਅਤੇ ਵਸਤੂ ਨੂੰ ਅੱਡ-ਅੱਡ ਨਹੀਂ ਕੀਤਾ ਜਾ ਸਕਦਾ ਅਤੇ ਇਹ ਵੰਡ ਮਸਨੂਈ ਹੈ, ਉਨ੍ਹਾਂ ਨੂੰ ਇਹ ਕਿਹਾ ਜਾ ਸਕਦਾ ਹੈ ਕਿ ਇਹ ਗੱਲ 'ਵਿਹਾਰ ਵਿਚ'ਬਿਲਕੁਲ ਠੀਕ ਹੈ। ਹੀਗਲ ਲਿਖਦਾ ਹੈ ਕਿ 'ਵਸਤੂ' ਹੋਰ ਕੁੱਝ ਨਹੀਂ ਬੱਸ ਵਸਤੂ ਦਾ ਰੂਪ ਵਿਚ ਰੂਪਾਂਤਰਣ ਹੈ।'ਭਾਵੇਂ ਵਸਤੂ ਅਤੇ ਰੂਪ ਵਿਹਾਰਕ ਰੂਪ ਵਿਚ ਅਨਿੱਖੜ ਹਨ। ਪਰ ਸਿਧਾਂਤਕ ਰੂਪ ਵਿਚ ਇਹ ਅੱਡ-ਅੱਡ ਹਨ। ਇਸੇ ਕਰਕੇ ਹੀ ਅਸੀਂ ਇਹਨਾਂ ਦੋਵਾਂ ਵਿਚਲੇ ਸੰਬੰਧਾ ਦੀ ਗੱਲ ਕਰ ਸਕਦੇ ਹਾਂ। ਇਹਨਾਂ ਸੰਬੰਧਾਂ ਨੂੰ ਫੜਨਾ ਸੌਖਾ ਨਹੀਂ ਹੈ। ਮਾਰਕਸਵਾਦੀ ਆਲੋਚਨਾ ਰੂਪ ਅਤੇ ਵਸਤੂ ਦੇ ਸੰਬੰਧਾਂ ਨੂੰ ਦਵੰਦਾਤਮਕ ਮੰਨਦੀ ਹੈ,ਅਤੇ ਆਖਰਕਾਰ ਰੂਪ ਦੇ ਨਿਰਧਾਰਣ ਵਿੱਚ ਵਸਤੂ ਦੀ ਪ੍ਰਮੁੱਖਤਾ ਸਥਾਪਿਤ ਕਰਦੀ ਹੈ। ਇਸ ਪੇਚੀਦਾ ਨੁਕਤੇ ਨੂੰ ਰਾਲਫ ਫੌਕਸ ਆਪਣੀ ਪੁਸਤਕ 'ਦੇ ਨੌਵੇਲ ਐਡ ਪੀਪਲ'(1937)ਵਿੱਚ ਸ਼ਪਸਟ ਕਰਦਾ ਹੈ ਕਿ 'ਰੂਪ ਵਸਤੂ ਦੁਆਰਾ ਪੈਦਾ ਹੁੰਦਾ ਹੈ ਅਤੇ ਇਸ ਨਾਲ ਇਕਮਿਕ ਹੁੰਦਾ ਹੈ, ਭਾਵੇਂ ਇਸ ਅੰਤਰ-ਸੰਬੰਧਤਾ ਵਿਚ ਪ੍ਰਮੁੱਖਤਾ ਵਸਤੂ ਦੀ ਹੀ ਹੁੰਦੀ ਹੈ ਪਰ ਰੂਪ ਵੀ ਵਸਤੂ ਤੇ ਪ੍ਤਿਕਰਮ ਰੂਪ ਵਿਚ ਅਸਰ ਕਰਦਾ ਹੈ ਅਤੇ ਕਦੇ ਵੀ ਨਿਸ਼ਕਿਰਿਆ ਨਹੀਂ ਹੁੰਦਾ।' ਰੂਪ-ਵਸਤੂ ਦੇ ਦਵੰਦਾਤਮਿਕ ਸੰਬੰਧਾ ਦੀ ਇਹ ਸੰਕਲਪਣਾ, ਦੋ ਵਿਰੋਧੀ ਪਹੁੰਚ ਵਿਧੀਆਂ ਤੋਂ ਵੱਖਰਤਾ ਸਥਾਪਿਤ ਕਰਦੀ ਹੈ। ਇੱਕ ਪਾਸੇ ਇਹ ਉਨ੍ਹਾਂ ਰੂਪਵਾਦੀਆ ਦੀ ਇਸ ਧਾਰਨਾ ਨੂੰ ਰੱਦ ਕਰਦੀ ਹੈ ਕਿ ਵਸਤੂ ਮਹਿਜ਼ ਰੂਪ ਦਾ ਪ੍ਕਾਰਜ ਹੀ ਹੈ। ਇਹਨਾਂ ਲਈ ਕਵਿਤਾ ਦੇ ਵਸਤੂ ਦੀ ਚੋਣ ਸਿਰਫ਼ ਕਵਿਤਾ ਦੀਆਂ ਤਕਨੀਕੀ ਜੁਗਤਾਂ ਨੂੰ ਲਾਗੂ ਕਰਨ ਲਈ ਹੀ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਇਹ 'ਫੂਹੜ ਮਾਰਕਸਵਾਦ' ਦੀ ਧਾਰਨਾ ਕਿ ਕਲਾਤਮਕ ਰੂਪ ਮਹਿਜ਼ ਇਕ ਜੁਗਤ ਹੈ ਜੋ ਇਤਿਹਾਸ ਦੀ ਗਤੀਸ਼ੀਲ ਵੇਗਵਾਨ ਵਸਤੂ 'ਤੇ ਬਾਹਰੋਂ ਆਰੋਪਿਤ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦਾ ਮਾਰਕਸਵਾਦੀ ਦ੍ਰਿਸ਼ਟੀਕੋਣ ਕ੍ਰਿਸਟੋਫਰ ਕਾਡਵੈਲ ਦੀ ਪੁਸਤਕ'ਸਟੱਡੀਜ ਇਨ ਏ ਡਾਇੰਗ ਕਲਚਰ'(1938)ਵਿਚ ਮਿਲਦਾ ਹੈ।ਇਸ ਪੁਸਤਕ ਵਿਚ ਕਾਡਵੈਲ' ਸਮਾਜਿਕ ਹੋਂਦ, ਭਾਵ ਮਾਨਵੀ ਅਨੁਭਵ ਦਾ ਜੀਵੰਤ, ਕੁਦਰਤੀ ਖਾਸਾ, ਅਤੇ ਸਮਾਜ ਦੀ ਚੇਤਨਤਾ ਦੇ ਰੂਪ, ਵਿਚ ਨਿਖੇੜਾ ਕਰਦਾ ਹੈ। ਇਨਕਲਾਬ ਉਦੋਂ ਵਾਪਰਦੇ ਹਨ ਜਦੋਂ'ਸਮਾਜਿਕ ਹੋਂਦ'ਦੇ ਗਤੀਸ਼ੀਲ ਅਵਿਵਸਥਿਤ ਵਹਾਅ ਦੁਆਰਾ, ਪੁਰਾਣੇ ਅਤੇ ਸੜ ਚੁੱਕੇ ਰੂਪਾਂ, ਨੂੰ ਵਿਸਫੋਟਕ ਰੂਪ ਵਿੱਚ ਉਡਾ ਦਿੱਤਾ ਜਾਂਦਾ ਹੈ। ਦੂਜੇ ਸ਼ਬਦਾਂ ਵਿੱਚ ਕਾਡਵੈਲ 'ਸਮਾਜਿਕ ਬੀਗ'(ਵਸਤੂ)ਨੂੰ ਰੂਪਹੀਣ ਅਤੇ ਰੂਪ ਨੂੰ ਨਿਹਿਤ ਰੂਪ ਵਿੱਚ ਬੰਧੇਜੀ ਜਾਂ ਰੋਕਾ ਲਾਉਣ ਵਾਲਾ ਮੰਨਦਾ ਹੈ।

‌ਰੂਪ ਅਤੇ ਵਿਚਾਰਧਾਰਾ[1]

‌       ਇਹ ਕਹਿਣ ਦਾ ਕੀ ਭਾਵ ਹੈ ਕਿ ਸਹਿਤਕ ਰੂਪ ਵਿਚਾਰਧਾਰਿਕ ਹੁੰਦਾ ਹੈ? 'ਲਿਟਰੇਚਰ ਐਂਡ ਰੇਵੋਲੇਸ਼ਨ' ਵਿਚ ਲਿਓਨ ਟਰਾਟਸਕੀ ਟਿੱਪਣੀ ਕਰਦਾ ਹੈ ਕਿ ਰੂਪ ਅਤੇ ਵਸਤੂ ਵਿਚਲੇ ਸੰਬੰਧ ਇਸ ਤੱਥ ਨਾਲ਼ ਨਿਰਧਾਰਿਤ ਹੁੰਦੇ ਹਨ ਕਿ ਨਵਾਂ ਰੂਪ ਇੱਕ ਅਜਿਹੀ ਆਂਤਰਿਕ ਲੋੜ ਦੇ ਦਬਾਉ ਰਾਹੀਂ ਉਪਜਦਾ ਅਤੇ ਪ੍ਰਵਾਨ ਹੁੰਦਾ ਹੈ, ਜਿਸਦੀਆਂ ਜੜਾਂ ਹਰ ਚੀਜ਼ ਵਾਂਗ ਸਮਾਜ ਵਿੱਚ ਹੁੰਦੀਆਂ ਹਨ'ਇਸ ਦਾ ਭਾਵ ਹੈ ਕਿ ਰੂਪ ਵਿਚ ਤਬਦੀਲੀਆਂ ਵਿਚਾਰਧਾਰਾ ਵਿੱਚ ਆਈਆਂ ਤਬਦੀਲੀਆਂ ਦਾ ਨਤੀਜਾ ਹੁੰਦੀਆਂ ਹਨ|  ਇਨਾਂ ਬਦਲੇ ਹੋਏ ਰੂਪਾਂ ਵਿਚ ਸਮਾਜਿਕ ਯਥਾਰਥ ਨੂੰ ਨਵੇਂ ਢੰਗਾਂ ਨਾਲ ਗ੍ਰਹਿਣ ਕਰਨ ਅਤੇ ( ਜਿਵੇਂ ਕਿ ਅਸੀਂ ਅਗੇ ਵੇਖਾਂਗੇ) ਕਲਾਕਾਰ ਅਤੇ  ਸ੍ਰੋਤਿਆਂ ਵਿਚਲੇ ਨਵੇਂ ਸੰਬੰਧ ਨਿਹਿਤ ਹੁੰਦੇ ਹਨ । ਜੇਕਰ ਅਸੀਂ 18 ਵੀਂ ਸਦੀ ਦੇ ਇਗਲੈਂਡ ਵਿਚ ਨਾਵਲ ਦੀ ਉਤਪਤੀ ਵੇਖਦੇ ਹਾਂ ਤਾਂ ਇਹ ਤਰਕ ਜ਼ਾਹਰਾ ਰੂਪ ਵਿਚ ਸਪਸ਼ਟ ਹੋ ਜਾਂਦਾ ਹੈ । ਇਆਨ ਵਾਟ ਅਨੁਸਾਰ ਨਾਵਲ ਆਪਣੇ ਵਿਸ਼ੇਸ਼ ਰੂਪ ਵਿਚ ਬਦਲੇ ਹੋਏ ਵਿਚਾਰਧਾਰਕ ਹਿਤਾਂ ਦੇ ਜੁਟਾਂ ਨੂੰ ਪੇਸ਼ ਕਰਦਾ ਹੈ । ਕਿਸੇ ਸਮੇਂ ਦੇ ਨਾਵਲ ਵਿਸ਼ੇਸ਼ ਦਾ ਵਸਤੂ ਕੁਝ ਵੀ ਹੋਵੇ , ਇਸਦੀਆਂ ਰੂਪਗਤ ਸੰਰਚਨਾਵਾਂ ਇਸੇ ਤਰ੍ਹਾਂ ਦੀਆਂ ਦੂਜੀਆਂ ਕਿਰਤਾਂ ਨਾਲ ਸਾਂਝੀਆਂ ਹੁੰਦੀਆਂ ਹਨ । ਇਹਨਾਂ ਸਾਂਝੀਆਂ ਰੂਪਗਤ ਸੰਰਚਨਾਵਾਂ ਤਹਿਤ ਕਈ ਨਵੀਆਂ ਤਬਦੀਲੀਆਂ ਵਾਪਰਦੀਆਂ ਹਨ , ਜਿਵੇਂ ਰੁਮਾਂਸ ਅਤੇ ਆਲੌਕਿਕਤਾ ਤੋਂ ਵਿਅਕਤੀਗਤ ਮਨੋਵਿਗਿਆਨ ਵੱਲ , ਰੋਜ਼ਮਰ੍ਹਾਂ ਦਾ ਜੀਵਨ ਅਨੁਭਵ , ਤੱਤ - ਰੂਪੀ ਪਾਤਰ ; ਇੱਕ ਵਿਅਕਤੀ ਦੀਆਂ ਉਨ੍ਹਾਂ ਪਦਾਰਥਕ ਹਾਲਤਾਂ ਨਾਲ ਸਰੋਕਾਰ ਰੱਖਣਾ ਜਿਨ੍ਹਾਂ ਵਿਚ ਕੋਈ ਮੁੱਖ ਪਾਤਰ ਵਿਕਸਿਤ ਹੁੰਦਾ ਹੈ , ਰੇਖਕੀ ਬਿਰਤਾਂਤ ਅਤੇ ਇਸ ਤਰ੍ਹਾਂ ਦੇ ਕਈ ਹੋਰ ਲੱਛਣਾਂ ਦਾ ਪ੍ਰਚਲਨ ਆਦਿ । ਇਆਨ ਵਾਟ ਮੰਨਦਾ ਹੈ ਕਿ ਇਹ ਬਦਲਿਆ ਹੋਇਆ ਰੂਪ , ਉਸ ਵਧ ਰਹੀ ਬੁਰਜੂਆ ਜਮਾਤ ਦੀ ਪੈਦਾਵਾਰ ਹੈ ਜਿਸਦੀ ਚੇਤਨਤਾ ਨੇ , ਪਰੰਪਰਕ, ਕੁਲੀਨਤੰਤਰ ਦੀਆਂ ਸਾਹਿਤਕ ਪਰੰਪਰਾਵਾਂ ਨੂੰ ਤੋੜ ਦਿੱਤਾ ਹੈ । ਪਲੈਖਾਨੋਵ ‘ ਫਰੈਂਚ ਡਰਾਮੈਟਿਕ ਲਿਟਰੇਚਰ ਐਂਡ ਫਰੇਂਚ 18ਥ  ਸੈਨਚੁਰੀ ਪੇਂਟਿੰਗ 'ਵਿਚ ਕਹਿੰਦਾ ਹੈ ਕਿ ਕਲਾਸੀਕਲ ਦੁਖਾਂਤ ਕਾਮੇਡੀ ਵੱਲ ਦਾ ਪਰਿਵਰਤਨ ਫਰਾਂਸ ਵਿਚਲੇ ਕੁਲੀਨਤੰਤਰੀ ਮੁੱਲਾਂ ਤੋਂ ਬੁਰਜੂਆ  ਮੁੱਲਾਂ ਵੱਲ ਨੂੰ ਵਾਪਰੀ ਤਬਦੀਲੀ ਨੂੰ ਪ੍ਰਤੀਬਿੰਬਤ  ਕਰਦਾ  ਕਰਦਾ ਹੈ । ਜਾਂ ਤੁਸੀਂ ਸਦੀ ਬਦਲਣ ਦੇ ਨੇੜੇ ਤੇੜੇ ਯੂਰਪੀ ਰੰਗਮੰਚ ਵਿਚ ਪ੍ਰਕਿਰਤੀਵਾਦ ਤੋਂ ਪ੍ਰਗਟਾਓਵਾਦ ਵਿਚ ਵਾਪਰੀ ਤਬਦੀਲੀ ਨੂੰ ਹੀ   ਲੇ ਲਓ| ਰੇਮੰਡ ਵਿਲੀਅਮਜ਼ ਅਨੁਸਾਰ ਇਹ ਇਕ ਵਿਸ਼ੇਸ਼ ਰੰਗਮੰਚੀ ਪਰੰਪਰਾ ਵਿਚ ਵਾਪਰੇ ਅਜਿਹੇ ਵਢ ਨੂੰ ਚਿਨ੍ਹਤ ਕਰਦਾ ਹੈ, ਜਿਸਵਿਚ ' ਭਾਵਾਂ ਦੀ ਵਿਸ਼ੇਸ ਸੰਰਚਨਾ'ਨਿਹਿਤ ਹੈ, ਜੋ ਕਿ ਯਥਾਰਥ ਨੂੰ ਗ੍ਰਹਿਣ ਕਰਨ ਅਤੇ ਉਸ ਪ੍ਰਤਿ ਹੁੰਗਾਰਾ ਸਿਰਜਣ ਦੇ ਢੰਗਾਂ ਦਾ ਜੁੱਟ ਹੈ| ਅਭੀਵਿਅੰਜਨਾਵਾਦ ਮਹਿਸੂਸ ਕਰਦਾ ਹੈ ਕਿ ਪ੍ਰਕਿਰਤੀਵਾਦੀ ਰੰਗਮੰਚ ਦੀਆਂ ਅਜਿਹੀਆਂ ਸੀਮਾਵਾਂ ਨੂੰ ਰੱਦ ਕਰਨ ਦੀ ਲੋੜ ਹੈ ਜੋ ਸਧਾਰਨ ਬੁਰਜੂਆ ਸੰਸਾਰ ਨੂੰ ਹੀ ਸਥਿਰ ਅਤੇ ਠੋਸ ਮੰਨਦੀਆਂ ਹਨ| ਇਸ ਧੋਖੇ ਤੋਂ ਪਰਦਾ ਚੁਕਣ ਅਤੇ ਇਸਦੇ ਸਮਾਜਿਕ ਸੰਬੰਧਾਂ ਨੂੰ ਪਿਘਲਾਉਣ ਲਈ  ਅਭਿਵਿਅੰਜਨਾਵਾਦ  ਚਿਹਨ ਅਤੇ ਫੈਂਟਸੀ ਦੀ ਸਹਾਇਤਾ ਨਾਲ ਸਵੈ - ਖੰਡਿਤ ਅਤੇ ਵਿਛੁੰਨੀ ਹੋਈ ਮਾਨਸਿਕਤਾ ਤੱਕ ਪਹੁੰਚ ਕਰਦਾ ਹੈ ਜਿਸ ਨੂੰ ' ਸਧਾਰਨਤਾ ' ਲੁਕੋ ਲੈਂਦੀ ਹੈ । ਰੰਗਮੰਚ ਦੀ ਇੱਕ ਰੂੜੀ ਦਾ ਰੂਪਾਂਤਰਣ ਬੁਰਜੂਆ ਵਿਚਾਰਧਾਰਾ ਵਿਚ ਵਾਪਰਦੇ ਡੂੰਘੇ ਰੂਪਾਂਤਰਣ ਨੂੰ ਚਿਹਨਤ ਕਰਦਾ ਹੈ । ਜਿਸ ਤਹਿਤ ਵਧ ਰਹੇ ਵਿਸ਼ਵ ਪੂੰਜੀਵਾਦੀ ਸੰਕਟ ਸਾਹਵੇਂ , ਸਵੇ ਅਤੇ ਸਮਾਜਿਕ ਸੰਬੰਧਾਂ ਬਾਰੇ ਘੁਮੰਡੀ ਮੱਧ ਵਿਕਟੋਰੀਆਈ ਧਾਰਨਾ ਚੂਰ - ਚੂਰ ਹੋ ਜਾਂਦੀ ਹੈ/

ਇਹ ਕਹਿਣ ਦੀ ਲੋੜ ਨਹੀਂ ਕਿ ਸਾਹਿਤਕ ਰੂਪ ਦੀ ਤਬਦੀਲੀ ਅਤੇ ਵਿਚਾਰਧਾਰਾ ਦੀ ਤਬਦੀਲੀ ਵਿਚ ਕੋਈ ਸਿੱਧਾ ਅਤੇ ਇਕਹਿਰਾ ਸੰਬੰਧ ਨਹੀਂ ਹੁੰਦਾ । ਟਰਾਟਸਕੀ ਦੇ ਕਹਿਣ ਅਨੁਸਾਰ ਸਾਹਿਤਕ ਰੂਪ ਬਹੁਤਾ ਕਰਕੇ ਖ਼ੁਦਮੁਖ਼ਤਿਆਰ ਹੁੰਦਾ ਹੈ : ਇਹ ਵਗਦੀ ਹਰ ਵਿਚਾਰਧਾਰਕ ਹਵਾ ਸਾਹਵੇਂ ਝੁਕ ਨਹੀਂ ਜਾਂਦਾ ਸਗੋਂ ਕੁਝ ਹੱਦ ਤੱਕ ਆਪਣੇ ਆਂਤਰਿਕ ਦਬਾਵਾਂ ਅਨੁਸਾਰ ਵਿਕਸਿਤ ਹੁੰਦਾ ਹੈ । ਬਿਲਕੁਲ ਜਿਵੇਂ ਮਾਰਕਸਵਾਦੀ ਆਰਥਿਕ ਸਿਧਾਂਤ ਅਨੁਸਾਰ ਹਰ ਨਵੀਂ ਆਰਥਿਕ ਬਣਤਰ ਵਿਚ ਪਿਛਲੇ ਪੜਾਅ ਦੇ ਉਤਪਾਦਨ ਢੰਗ ਦੇ ਕੁਝ ਲੱਛਣ ਵੀ ਬਰਕਰਾਰ ਰਹਿੰਦੇ ਹਨ ਉਸੇ ਤਰ੍ਹਾਂ ਨਵੇਂ ਸਾਹਿਤਕ ਰੂਪ ਵਿਚ ਪੁਰਾਣੇ ਰੂਪਾਂ ਦੇ ਚਿੰਨ੍ਹ ਬਰਕਰਾਰ ਰਹਿੰਦੇ ਹਨ । ਮੈਂ ਕਹਿਣਾ ਚਾਹਾਂਗਾ ਕਿ ਰੂਪ ਹਮੇਸ਼ਾਂ ਘੱਟੋ - ਘੱਟ ਤਿੰਨ ਤੱਤਾਂ ਦੀ ਜਟਿਲ ਏਕਤਾ ਵਿਚੋਂ ਬਣਦਾ ਹੈ ; ਪਹਿਲਾ ਇਹ ਅੰਸ਼ਕ ਰੂਪ ਵਿਚ ਸਾਹਿਤ ਰੂਪਾਂ ਦੇ ‘ ਸਾਪੇਖਕ ਖ਼ੁਦਮੁਖ਼ਤਿਆਰ ਇਤਿਹਾਸ ਦੁਆਰਾ ਆਕਾਰ ਗ੍ਰਹਿਣ ਉਹ ਕਰਦਾ ਹੈ , ਦੂਜਾ ਜਿਵੇਂ ਕਿ ਅਸੀਂ ਨਾਵਲ ਦੇ ਸੰਬੰਧ ਵਿਚ ਦੇਖਿਆ ਹੈ ਕਿ ਰੂਪ ਵਿਸ਼ੇਸ਼ ਭਾਰੂ ਵਿਚਾਰਧਾਰਕ ਸੰਰਚਨਾਵਾਂ ਵਿਚੋਂ ਗੁਜ਼ਰ ਕੇ ਆਪਣੀ ਸਪਸ਼ਟ ਹੋਂਦ ਅਖ਼ਤਿਆਰ ਕਰਦਾ ਹੈ ਅਤੇ ਤੀਜਾ ਜਿਵੇਂ ਅਸੀਂ ਅੱਗੇ ਵੇਖਾਂਗੇ ਕਿ , ਰੂਪ ਵਿਚ ਲੇਖਕ ਅਤੇ ਪਾਠਕ ( ਸ੍ਰੋਤਿਆਂ ) ਦੇ ਸੰਬੰਧ ਨਿਹਿਤ ਹੁੰਦੇ ਹਨ | ਮਾਰਕਸਵਾਦੀ ਆਲੋਚਨਾ ਇਨ੍ਹਾਂ ਤੱਤਾਂ ਦੀ ਦਵੰਦਾਤਮਿਕ ਏਕਤਾ ਨੂੰ ਸਮਝਣ ਦਾ ਯਤਨ ਕਰਦੀ ਹੈ । ਜਦੋਂ ਲੇਖਕ ਇਕ ਵਿਸ਼ੇਸ਼ ਸਾਹਿਤਕ ਰੂਪ ਦੀ ਚੋਣ ਕਰਦਾ ਹੈ ਤਾਂ ਰੂਪ ਵਿਸ਼ੇਸ਼ ਦੀ ਨਿਹਿਤ ਵਿਚਾਰਧਾਰਾ ਕਾਰਨ , ਲੇਖਕ ਦੀ ਵਿਚਾਰਧਾਰਕ ਚੋਣ ਵੀ ਸੀਮਾਂਬੱਧ ਹੋ ਜਾਂਦੀ ਹੈ । ਉਹ ਸਾਹਿਤਕ ਪਰੰਪਰਾ ਵਿਚ ਮੌਜੂਦ ਰੂਪਾਂ ਦਾ ਸੰਯੋਜਨ ਕਰਕੇ ਇਹਨਾਂ ਦਾ ਰੂਪ ਬਦਲ ਸਕਦਾ ਹੈ , ਪਰ ਇਹ ਸਾਹਿਤਕ ਰੂਪ ਆਪਣੇ ਆਪ ਵਿਚ ਅਤੇਇਹਨਾਂ ਦਾ ਸੰਯੋਜਨ ਵਿਚਾਰਧਾਰਕ ਤੌਰ ' ਤੇ ਮਹੱਤਵਪੂਰਨ ਹੁੰਦੇ ਹਨ।ਇਕ ਲੇਖਕ ਜਿਹੜੀ ਭਾਸ਼ਾ ਅਤੇ ਜੁਗਤਾਂ ਦੀ ਵਰਤੋਂ ਕਰਦਾ ਹੈ , ਉਹ ਯਥਾਰਥ ਨੂੰ ਗ੍ਰਹਿਣ ਕਰਨ ਅਤੇ ਇਸ ਦੀ ਵਿਆਖਿਆ ਕਰਨ ਦੇ ਵਿਸ਼ੇਸ਼ ਕੋਡਬੱਧ , ਢੰਗ ਪਹਿਲਾਂ ਹੀ ਕਿਸੇ ਵਿਸ਼ੇਸ਼ ਵਿਚਾਰਧਾਰਾ ਨਾਲ ਗਰਭਿਤ ਹੁੰਦੇ ਹਨ । ਇਹ ਉਸ ਲੇਖਕ ਦੀ ਵਿਅਕਤੀਗਤ ਪ੍ਰਤਿਭਾ ਦੇ ਨਿਰਭਰ ਕਰਦਾ ਹੈ ਕਿ ਉਹ ਕਿਸ ਹੱਦ ਤੱਕ ਉਸ ਭਾਸ਼ਾ ਨੂੰ ਆਪਣੇ ਆਸ਼ੇ ਮੁਤਾਬਿਕ ਤਬਦੀਲ ਜਾਂ ਪੁਨਰ ਸਿਰਜ ਸਕਦਾ ਹੈ।ਇਹ ਇਸ ਸਥਿਤੀ ' ਤੇ ਨਿਰਭਰ ਕਰਦਾ ਹੈ ਕਿ ਇਤਿਹਾਸ ਦੇ ਉਸ ਬਿੰਦੂ ' ਤੇ ‘ ਵਿਚਾਰਧਾਰਾ ’ ਵਿਚ ਤਬਦੀਲੀ ਲਾਜ਼ਮੀ ਅਤੇ ਸੰਭਵ ਹੋਵੇ ।

[2]ਲੁਕਾਚ ਅਤੇ ਸਾਹਿਤਕ ਰੂਪ:-

ਜਾਰਜ ਲੁਕਾਚ ਦੀ ਪੁਸਤਕ ਵਿਚ ਸਾਹਿਤਿਕ ਰੂਪ ਦੀ ਸਮੱਸਿਆ ਨੂੰ ਬਹੁਤ ਵਿਸਥਾਰ ਵਿਚ ਵਿਚਾਰਿਆ ਗਿਆ ਹੈ। ਆਪਣੀ ਮੁੱਢਲੀ,ਪੂਰਵ-ਮਾਰਕਸਵਾਦੀ ਕਿਰਤ 'ਦ ਥੀਉਰੀ ਆਫ ਨੋਵੇਲ' (1920) ਵਿੱਚ ਲੁਕਾਚ ਹੀਗਲ ਦੇ ਪ੍ਰਭਾਵ ਹੇਠ ਨਾਵਲ ਨੂੰ ਇੱਕ 'ਬੁਰਜੂਆ ਮਾਹਾਂਕਾਵਿ' ਵਜੋਂ  ਦੇਖਦਾ ਹੈ। ਇਹ ਇੱਕ ਅਜਿਹਾ ਮਹਾਂਕਾਵਿ ਹੈ ਜੋ ਆਪਣੇ ਪਹਿਲੇ ਕਲਾਸਕੀ ਰੂਪ ਤੋਂ ਉਲਟ ਆਧੁਨਿਕ ਸਮਾਜ ਵਿੱਚ ਬੰਦੇ ਦੀ ਨਿਥਾਂਵੀ ਅਤੇ ਬੇਗਾਨਗੀ ਵਾਲੀ ਸਥਿਤੀ ਨੂੰ ਪ੍ਰਗਟ ਕਰਦਾ ਹੈ। ਕਲਾਸਕੀ ਯੂਨਾਨੀ ਸਮਾਜ ਵਿਚ ਮਨੁੱਖ ਅਜਿਹੇ ਬ੍ਰਹਿਮੰਡ ਦੇ ਕੇਂਦਰ ਵਿਚ ਪੁਰਸਕੂਨ ਹੈ ਜਿੱਥੇ ਉਹ ਅਜਿਹੇ ਸਰਬਵਿਆਪੀ ਸੰਪੂਰਨ ਅਰਥਾਂ ਵਾਲੇ ਸੰਸਾਰ ਵਿਚ ਹੈ , ਜੋ ਉਸਦੀਆਂ ਆਤਮਿਕ ਲੋੜਾਂ ਦੇ ਬਿਲਕੁਲ ਅਨੁਸਾਰੀ ਹੈ । ਨਾਵਲ ਉਂਦੋਂ ਪੈਦਾ ਹੁੰਦਾ ਹੈ ਜਦੋਂ ਮਨੁੱਖ ਅਤੇ ਸੰਸਾਰ ਦੀ ਇਕਸੁਰ ਅਖੰਡਤਾ ਢਹਿ ਜਾਂਦੀ ਹੈ , ਇਸ ਗਲਪ ਦਾ ਨਾਇਕ ਪੂਰਨਤਾ ਦੀ ਭਾਲ ਵਿਚ ਹੈ , ਉਹ ਉਸ ਸੰਸਾਰ ਤੋਂ ਵਿਛੁੰਨਿਆ ਹੋਇਆ ਹੈ ਜੋ ਉਸਦੀਆਂ ਚਾਹਤਾਂ ਨੂੰ ਸਾਕਾਰ ਕਰਨ ਲਈ ਜਾਂ ਤਾਂ ਬਹੁਤ ਵਿਸ਼ਾਲ ਹੈ ਜਾਂ ਬਹੁਤ ਸੰਕੀਰਣ ਹੈ । ਆਪਣੇ ਖੁੱਸੀ ਹੋਈ ਸੰਪੂਰਨਤਾ ਅਤੇ ਮੌਜੂਦਾ ਅਨੁਭਵੀ ਸੰਸਾਰ ਵਿਚ ਅਸਮਾਨਤਾ ਦੇ ਖਿਆਲ ਨਾਲ ਸਤੇ ਹੋਏ ਬੰਦੇ ਨੂੰ ਬਿਆਨ ਕਰਦਾਨਾਵਲ ਦਾ ਰੂਪ ਠੇਠਤਾਪੂਰਵਕ ਵਿਡੰਬਨਾਮਈ ਹੈ ; ਇਹ ਇੱਕ 'ਅਜਿਹੇ ਸੰਸਾਰ ਦਾ ਮਹਾਂਕਾਵਿ ਹੈ ਜਿਸ ਨੂੰ ਰੱਬ ਨੇ ਤਿਆਗ ਦਿੱਤਾ ਹੈ।'

             ਲੁਕਾਚ ਜਦੋਂ ਮਾਰਕਸਵਾਦੀ ਬਣਿਆ ਤਾਂ ਉਸ ਨੇ ਇਸ ਬ੍ਹਹਿਮੰਡੀ ਨਿਰਾਸ਼ਤਾ ਨੂੰ ਰੱਦ ਕੀਤਾ ; ਪਰ ਨਾਵਲ ਸੰਬੰਧੀ ਉਸਦੇ ਵਧੇਰੇ ਕਾਰਜ ਉਤੇ ਹੀਗਲੀ ਪ੍ਰਭਾਵ ਵਾਲੇ 'ਨਾਵਲ ਦਾ ਸਿਧਾਂਤ' ਅਸਰ ਅੰਦਾਜ਼ ਰਹਿੰਦਾ ਹੈ । 'ਸਟੱਡੀਜ਼ ਇਨ ਯੋਰਪੀਅਨ ਰੀਅਲਿਜ਼ਮ ' ਅਤੇ ' ਦ ਹਿਸਟੋਰੀਕਲ ਨੇਵੇਲ' ਦੀ ਰਚਨਾ ਕਰਨ ਵਾਲਾ ਮਾਰਕਸਵਾਦੀ ਲੁਕਾਚ ਮੰਨਦਾ ਹੈ ਕਿ ਉਹੀ ਕਲਾਕਾਰ ( ਨਾਵਲਕਾਰ ) ਮਹਾਨ ਹਨ ਜੋ ਮਨੁੱਖੀ ਜੀਵਨ ਦੀ ਇਕਸੁਰ ਅਖੰਡਤਾ ਨੂੰ ਮੁੜ ਤੋਂ ਗ੍ਰਹਿਣ ਕਰ ਅਤੇ ਸਿਰਜੇ ਹੋਣ। ਅਜਿਹਾ ਸਮਾਜ ਜਿਸ ਵਿਚ ਪੂੰਜੀਵਾਦ ਦੀ 'ਬੇਗਾਨਗੀ';ਸਧਾਰਣ ਅਤੇ ਵਿਸ਼ੇਸ਼ ਨੂੰ , ਸੰਕਲਪਗਤ ਅਤੇ ਇੰਦ੍ਰਿਆਵੀ ਨੂੰ, ਸਮਾਜਿਕ ਅਤੇ ਵਿਅਕਤੀਗਤ ਨੂੰ, ਲਗਾਤਾਰ ਦੋ ਫਾੜ ਕਰ ਰਹੀ ਹੋਵੇ ਉੱਥੇ ਮਹਾਨ ਲੇਖਕ ਇਹਨਾਂ ਜੁਜਾਂ ਨੂੰ ਦਵੰਦਾਤਮਕਤਾ ਸਹਿਤ , ਏਕਤਾ ਅਤੇ ਜਟਿਲ ਅਖੰਡਤਾ ਵਿੱਚ ਬੰਨਦਾ ਹੈ।  ਉਸ ਦਾ ਗਲਪ ਆਪਣੇ ਸਮਾਜ ਦੀ ਜਟਿਲ ਅਖੰਡਤਾ ਨੂੰ, ਸੂਖ਼ਮ ਨਮੂਨੇ ਦੇ ਰੂਪ ਵਿਚ ਬਿੰੰਬਤ ਕਰਦਾ ਹੈ । ਅਜਿਹਾ ਕਰਦਿਆਂ  ਮਹਾਨ ਕਲਾ ਪੂੰਜੀਵਾਦੀ ਸਮਾਜ ਦੇ ਅਲਗਾਵ ਅਤੇ ਵਿਖੰਡਨ ਨਾਲ ਸਿੱਝਣ ਲਈ‌ ਮਨੁੱਖੀ ਹੋਂਦ ਦੀ ਸਮੁੱਚਤਾ ਦੀ ਬਹੁਪੱਖੀ ਅਤੇ ਗੌਰਵਮਈ ਪੇਸ਼ਕਾਰੀ ਕਰਦੀ ਹੈ ।ਲੁਕਾਚ ਇਸ ਨੂੰ 'ਯਥਾਰਥਵਾਦ' ਦਾ ਨਾਮ ਦਿੰਦਾ ਹੈ ਅਤੇ ਇਸ ਵਿਚ ਯੂਨਾਨੀ ਅਤੇ ਸ਼ੇਕਸਪੀਅਰ ਦੇ ਨਾਲ - ਨਾਲ ਬਾਲਜ਼ਾਕ ਅਤੇ ਟਾਲਸਟਾਇ ਨੂੰ ਵੀ ਸ਼ਾਮਿਲ ਕਰਦਾ ਹੈ।ਉਸ ਅਨੁਸਾਰ ਇਤਿਹਾਸਕ 'ਯਥਾਰਥਵਾਦ' ਦੇ ਤਿੰਨ ਸੁਨਹਿਰੀ ਕਾਲ ਹਨ : ਪੁਰਾਤਨ ਯੂਨਾਨ , ਪੁਨਰ ਜਾਗਰਣ  ਪੂੰਜੀਵਾਦੀ ਸਮਾਜ ਅਤੇ 19 ਵੀਂ ਸਦੀ ਦੀ ਸ਼ੁਰੂਆਤ ਦਾ ਫਰਾਂਸ । ਯਥਾਰਥਵਾਦੀ ਕਿਰਤ ਮਨੁੱਖ , ਕੁਦਰਤ ਅਤੇ ਇਤਿਹਾਸ ਦੇ ਜਟਿਲ ਸੰਬੰਧਾਂ ਨੂੰ ਪੂਰੀ ਸਮੁੱਚਤਾ ਵਿਚ ਫੜਦੀ ਹੈ , ਇਹਨਾਂ ਸੰਬੰਧਾਂ ਵਿਚ ਹੀ ਇਤਿਹਾਸ ਦੇ ਵਿਸ਼ੇਸ਼ ਦੌਰ ਦੀ ‘ ਵਿਸ਼ਿਸ਼ਟਤਾ ਨਿਹਿਤ ਹੁੰਦੀ ਹੈ ਅਤੇ ਇਹਨਾਂ ਰਾਹੀਂ ਹੀ ਪ੍ਰਗਟ ਹੁੰਦੀ ਹੈ।‘ਵਿਸ਼ਿਸ਼ਟਤਾ ਤੋਂ ਲੁਕਾਚ ਦਾ ਭਾਵ ਕਿਸੇ ਸਮਾਜ ਦੀਆਂ ਉਹ ਆਂਤਰਿਕ ਸ਼ਕਤੀਆਂ ਤੋਂ ਹੈ , ਜੋ ਮਾਰਕਸਵਾਦੀ ਦ੍ਰਿਸ਼ਟੀ ਤੋਂ ਸਭ ਤੋਂ ਵੱਧ ਮਹੱਤਵਪੂਰਨ ਅਤੇ ਪ੍ਰਗਤੀਵਾਦੀ ਹੁੰਦੀਆਂ ਹਨ , ਜੋ ਸਮਾਜ ਦੀ ਅੰਦਰੂਨੀ ਰਚਨਾ ਅਤੇ ਸੰਚਾਲਕ ਵੇਗ ਨੂੰ ਜ਼ਾਹਰ ਕਰਦੀਆਂ ਹਨ । ਇੱਕ ਯਥਾਰਥਵਾਦੀ ਲੇਖਕ ਦਾ ਕੰਮ ਹੁੰਦਾ ਹੈ ਕਿ ਉਹ ਇਹਨਾਂ ‘ ਵਿਸ਼ਿਸ਼ਟ' ਪ੍ਰਤਿਰੂਪਕ ਰੁਝਾਨਾਂ ਅਤੇ ਸ਼ਕਤੀਆਂ ਨੂੰ ਇੱਕ ਵਿਅਕਤੀ ਦੇ ਜੀਵੇ ਜਾ ਰਹੇ ਇਦਰਿਆਈ ਅਨੁਭਵ ਅਤੇ ਕਾਰਜਾਂ ਵਿਚੋਂ ਪ੍ਰਗਟ ਕਰੇ | ਅਜਿਹਾ ਕਰਦਿਆਂ ਉਹ ਵਿਅਕਤੀ ਨੂੰ ਸਮਾਜਿਕ ਸਮੁੱਚ ਨਾਲ ਜੋੜਦਾ ਹੈ ਅਤੇ ਇਤਿਹਾਸ ਦੀ ਆਪਣੀ ਇੱਕ ਮਹੱਤਵਪੂਰਨ ਧਾਰਾ ‘ ਵਿਸ਼ਵ - ਇਤਿਹਾਸਕਤਾ ਦੀ ਸ਼ਕਤੀ ਰਾਹੀਂ ਸਮਾਜਿਕ ਜੀਵਨ ਦੀ ਹਰ ਸਥੂਲ ਬਾਰੀਕੀ ਤੋਂ ਜਾਣੂ ਕਰਵਾਉਂਦਾ ਹੈ ।

            ਭਾਵੇਂ ਕਿ ਮਾਰਕਸ ਅਤੇ ਏਂਗਲਜ਼ ਆਪਣੀ ਆਲੋਚਨਾ ਵਿਚ ਨਿਸ਼ਚਿਤ ਹੀ typicality ( ‘ ਵਿਸ਼ਿਸ਼ਟਤਾ ) ਸੰਕਲਪ ਦੀ ਵਰਤੋਂ ਕਰਦੇ ਹਨ ਪਰ ਲੂਕਾਚ ਦੇ ਪ੍ਰਮੁੱਖ ਸੰਕਲਪ ਜਿਵੇਂ : Totality ( ਸੰਪੂਰਨਤਾ / ਸਮੁੱਚਤਾ ) , Typicality ( ਵਿਸ਼ਿਸ਼ਟਤਾ /ਪ੍ਰਤਿਰੂਪਕ ) , World Historical ( ਵਿਸ਼ਵ ਇਤਿਹਾਸਕਤਾ ) ਆਦਿ ਸਿੱਧੇ ਮਾਰਕਸਵਾਦ ਤੋਂ ਨਹੀਂ ਲਏ ਗਏ , ਸਗੋਂ ਲਾਜ਼ਮੀ ਤੌਰ ' ਤੇ ਹੀਗਲ ਚਿੰਤਨ ਤੋਂ ਆਏ ਹਨ । ਏਂਗਲਜ਼ ,ਲਸਾਲ  ਨੂੰ ਲਿਖੇ ਇਝ ਇੱਕ ਪੱਤਰ ਵਿਚ ਦਰਜ ਕਰਦਾ ਹੈ ਕਿ ਅਸਲੀ ਪਾਤਰ ਵਿਚ ਲਾਜ਼ਮੀ ਤੌਰ'ਤੇ (ਇਤਿਹਾਸਕ ) ‘ ਵਿਸ਼ਿਸ਼ਟਤਾ 'ਅਤੇ ਵਿਅਕਤੀਗਤਤਾ ਦਾ ਸੁਮੇਲ ਹੋਣਾ ਚਾਹੀਦਾ ਹੈ।

ਇਸੇ ਆਧਾਰ'ਤੇ ਮਾਰਕਸ ਤੇ ਏਂਗਲਜ਼, ਸ਼ੇਕਸ਼ਪੀਅਰ ਅਤੇ ਬਾਲਜ਼ਾਕ ਦੀਆਂ  ਲਿਖਤਾਂ ਦੀ ਇਹ ਵੀ ਪ੍ਰਾਪਤੀ ਮੰਨਦੇ ਹਨ । ਇੱਕ 'ਵਿਸ਼ਿਸ਼ਟ' ਜਾਂ ਪ੍ਰਤਿਰੂਪਕ ਪਾਤਰ ਆਪਣੇ ਵਿਚ ਇਤਿਹਾਸਕ ਸ਼ਕਤੀਆਂ ਨੂੰ ਵੀ ਸਾਕਾਰ ਕਰਦਾ  ਹੈ ਪੂਰੀ ਤਰ੍ਹਾਂ ਨਾਲ ਆਪਣਾ ਵਿਅਕਤੀਗਤ ਖ਼ਾਸਾ ਵੀ ਬਣਾ ਕੇ ਰੱਖਦਾ ਹੈ। ਲੁਕਾਚ ਮੰਨਦਾ ਹੈ ਕਿ ਆਪਣੇ ਸਮੇਂ ਦੀਆਂ ਇਤਿਹਾਸਕ ਤਾਕਤਾਂ ਨੂੰ ਨਾਟਕੀ ਰੂਪ ਦੇਣ ਲਈ ਲੇਖਕ ਦਾ ਆਪਣੀ ਕਲਾ ਵਿੱਚ 'ਪ੍ਰਗਤੀਸੀਲ' ਹੋਣਾ ਬਹੁਤ ਜ਼ਰੂਰੀ ਹੈ। ਸਾਰਿਆਂ ਮਹਾਨ ਕਲਾਵਾਂ ਇਸ ਢੰਗ ਨਾਲ ਪ੍ਰਗਤੀਸ਼ੀਲ ਹੁੰਦੀਆਂ ਹਨ ਕਿ ਲੇਖਕ ਦੀ ਸੁਚੇਤ ਰਾਜਨੀਤਕ ਤਰਫ਼ਦਾਰੀ ਭਾਂਵੇ ਕੋਈ ਵੀ ਹੋਵੇ, ਇਹ ਕਲਾਵਾਂ ਆਪਣੇ ਯੁੱਗ ਦੇ ਸੰਚਾਲਕ ਵਿਸ਼ਵ ਇਤਿਹਾਸਕ ਦਬਾਵਾਂ ਜਾਂ ਸ਼ਕਤੀਆਂ ਨੂੰ, ਸਾਕਾਰ ਕਰਦੀਆਂ ਹਨ। ਅਜਿਹਾ ਕਰਦਿਆਂ ਇਹ ਕਲਾਵਾਂ ਇਹਨਾਂ ਸ਼ਕਤੀਆਂ ਦੀਆਂ ਵਿਗਸਣ ਸਮਰੱਥਾਵਾਂ ਨੂੰ ਉਨ੍ਹਾਂ ਦੀ ਪੂਰੀ ਜਟਿਲਤਾ ਸਹਿਤ ਸਾਕਾਰ ਕਰਦੀਆਂ ਹਨ । ਇਹੀ ਸ਼ਕਤੀਆਂ ਸਮਾਜ ਵਿਚ ਤਬਦੀਲੀ ਅਤੇ ਵਿਕਾਸ ਲਿਆਉਂਦੀਆਂ ਹਨ । ਯਥਾਰਥਵਾਦੀ ਲੇਖਕ , ਇੱਕ ਸਥਿਤੀ ਦੇ ਸਾਰ - ਤੱਤ ਜਾਂ ਬੁਨਿਆਦਾਂ ਨੂੰ ਜ਼ਾਹਰ ਕਰਨ ਲਈ , ਸਮਾਜਿਕ ਜੀਵਨ ਵਿਚ ਵਾਪਰੇ ਇਤਫ਼ਾਕੀਆ ਜਾਂ ਚਾਣਚੱਕ ਵਰਤਾਰੇ ਰਾਹੀਂ ਦਾਖ਼ਲ ਹੁੰਦਾ ਹੈ । ਉਹ ਉਸ ਵਰਤਾਰੇ ਦੇ ਸਾਰੇ ਸੰਬੰਧਾਂ ਨੂੰ ਇੱਕ ਸਮੁੱਚ ਵਿਚ ਬੰਨ ਕੇ ਇੱਕ ਸਮੂਰਤ ਅਨੁਭਵ ਦੇ ਰੂਪ ਵਿਚ ਜੀਉਂਦਾ ਕਰਦਾ ਹੈ ।

                   ਕੋਈ ਲੇਖਕ ਅਜਿਹਾ ਕਰ ਪਾਉਂਦਾ ਹੈ ਕਿ ਨਹੀਂ , ਲੁਕਾਚ ਅਨੁਸਾਰ ਇਹ ਉਸਦੇ ਨਿੱਜੀ ਹੁਨਰ ' ਤੇ ਨਿਰਭਰ ਨਹੀਂ ਕਰਦਾ ਸਗੋਂ ਇਸ ਗੱਲ ' ਤੇ ਨਿਰਭਰ ਕਰਦਾ ਹੈ ਕਿ ਉਸ ਲੇਖਕ ਦੀ ਇਤਿਹਾਸ ਦਰਮਿਆਨ ਕੀ ਸਥਿਤੀ ਹੈ । ਮਹਾਨ ਯਥਾਰਥਵਾਦੀ ਲੇਖਕ ਉਸ ਇਤਿਹਾਸ ਵਿਚੋਂ ਉਗਮਦੇ ਹਨ ਜੋ ਜ਼ਾਹਰਾ ਤੌਰ ' ਤੇ ਬਣ ਰਿਹਾ ਹੋਵੇ । ਮਿਸਾਲ ਵਜੋਂ ਇਤਿਹਾਸਕ ਨਾਵਲ , ਇੱਕ ਰੂਪਾਕਾਰ ਵਜੋਂ , 19 ਵੀਂ ਸਦੀ ਦੇ ਮੁਢਲੇ ਦੌਰ ਦੀ ਇਨਕਲਾਬੀ ਉਥਲ - ਪੁਥਲ ਵਿਚੋਂ ਪੈਦਾ ਹੁੰਦਾ ਹੈ । ਜਦੋਂ ਲੇਖਕਾਂ ਲਈ ਆਪਣੇ ਵਰਤਮਾਨ ਨੂੰ ਇਤਿਹਾਸ ਵਜੋ ਫੜਨਾ ਸੰਭਵ ਸੀ ਜਾਂ ਲੁਕਾਚ ਦੇ ਕਥਨ ਅਨੁਸਾਰ ਆਪਣੇ ਅਤੀਤ ਨੂੰ 'ਵਰਤਮਾਨ ਦੇ ਪੂਰਵ - ਇਤਿਹਾਸ' ਵਜੋਂ ਦੇਖਣਾ ਸੰਭਵ ਸੀ ।  ਸ਼ੇਕਸਪੀਅਰ , ਸਕੌਟ , ਬਾਲਜ਼ਾਕ ਅਤੇ ਟਾਲਸਟਾਇ ਇਸ ਕਰਕੇ ਮਹੱਤਵਪੂਰਣ ਯਥਾਰਥਕ ਕਲਾ ਪੈਦਾ ਕਰ ਸਕੇ ਕਿਉਂਕਿ ਉਹ ਇਕ ਯੁਗ ਦੇ ਹਲਚਲ ਭਰਪੂਰ ਜਨਮ ਸਮੇਂ ਹਾਜ਼ਰ ਸਨ । ਇਸ ਦੇ ਨਾਲ ਉਹ ਆਪਣੇ ਸਮਾਜਾਂ ਦੇ ਜ਼ਾਹਿਰ ‘ ਵਿਸ਼ਿਸ਼ਟ ਟਕਰਾਵਾਂ ਅਤੇ ਵੇਗਾਂ ਨਾਲ ਦੋ ਚਾਰ ਹੁੰਦੇ ਹਨ। ਇਹ ਉਹ ਇਤਿਹਾਸਕ ' ਵਸਤੂ' ਹੈ ਜੋ ਉਹਨਾਂ ਕਿਰਤਾਂ ਦੀ ਰੂਪਗਤ ਪਰਪੱਕਤਾ ਦਾ ਆਧਾਰ ਬਣਦੀ ਹੈ ; ਜਿਵੇਂ ਲੂਕਾਚ ਕਹਿੰਦਾ ਹੈ ਕਿ 'ਸਿਰਜਿਤ ਪਾਤਰਾਂ ਦੀ ਗਹਿਰਾਈ ਅਤੇ ਪ੍ਰਮਾਣਿਕਤਾ' ਪੂਰੀ ਸਮਾਜਿਕ  ਪ੍ਰਕਿਰਿਆ ਦੀ ਗਹਿਰਾਈ ਅਤੇ ਪ੍ਰਮਾਣਿਕਤਾ 'ਤੇ ਨਿਰਭਰ ਕਰਦੀ ਹੈ। ਯਥਾਰਥਵਾਦੀ ਲੇਖਕਾਂ ਦੇ ਵਾਰਿਸਾਂ, ਜਿਵੇਂ ਕਿ ਫਲਾਬੇਅਰ, ਬਾਲਜ਼ਾਕ ਦਾ ਅਨੁਯਾਈ ਹੈ, ਲਈ ਇਤਿਹਾਸ ਤਾਂ ਪਹਿਲਾਂ ਤੋਂ ਹੀ ਇੱਕ ਅੰਤਰ ਨਿਹਿਤ ਵਸਤੂ ਹੈ , ਮਨੁੱਖੀ ਗਤੀਸ਼ੀਲਤਾ ਦੀ ਵਸਤੂ ਦੀ ਥਾਂ ਰਚਨਾ ਵਿਚ ਕਿਸੇ ਬਾਹਰੀ ਤੌਥ ਦੇ ਦਖ਼ਲ ਦੀ ਕਲਪਨਾ ਹੁਣ ਹੋਰ ਨਹੀਂ ਕੀਤੀ ਜਾ ਸਕਦੀ ।ਭਾਵ ਇਤਿਹਾਸਕ ਸਥਿਤੀਆਂ ਅਤੇ ਚੇਤਨਾ ਵਿਚ ਗਹਿਗਚ ਮਾਨਵੀ ਅਨੁਭਵ  ਦਾ ਪ੍ਰਗਟਾਵਾ ਹੀ ਯਥਾਰਥਵਾਦੀ ਕਲਾ ਦਾ ਉਦੇਸ਼ ਹੁੰਦਾ ਹੈ। ਇਸ ਵਿੱਚ ਇਤਿਹਾਸ ਕੋਈ ਬਾਹਰੋਂ ਆਰੋਪਿਤ ਤੱਥ ਨਹੀਂ ਹੁੰਦਾ । ਯਥਾਰਥ ਨੂੰ ਪੈਦਾ ਕਰਨ ਵਾਲੀਆਂ ਇਤਿਹਾਸਕ ਕਿਰਿਤੀਵਾਦ ਵੱਲ ਅਤੇ ਜਾਂ ਦੂਜੇ ਪਾਸੇ ‘ ਰੂਪਵਾਦ ਵਲ ਤਿਲਕ  ਹਾਲਾਤਾਂ ਤੋਂ ਟੁੱਟਿਆ ਹੋਇਆ ਯਥਾਰਥਵਾਦ  ਨਿਗੁਣਾ ਹੋ ਕੇ ਜਾਂ ਤਾਂ ਇੱਕ ਪਾਸੇ ' ਪ੍ਰਕਿਰਿਤੀਵਾਦ' ਵੱਲ ਅਤੇ ਜਾਂ ਦੂਜੇ ਪਾਸੇ 'ਰੂਪਵਾਦ' ਵੱਲ ਤਿਲਕ ਜਾਂਦਾ ਹੈ।ਇਸ ਵਿਚ ਇਤਿਹਾਸ ਕੋਈ ਬਾਹਰੋਂ  ਆਰੋਪਿਤ ਤੱਥ ਨਹੀਂ ਹੁੰਦਾ । ਯਥਾਰਥ ਨੂੰ ਪੈਦਾ ਕਰਨ ਇਤਿਹਾਸਕ ਹਾਲਤਾਂ ਤੋਂ ਟੁੱਟਿਆ ਹੋਇਆ ਯਥਾਰਥਵਾਦ ਨਿਗੂਣਾ ਹੋ ਕੇ ਜਾਂ ਤਾਂ ਇਕ ਪਾਸੇ 'ਪ੍ਰਕਿਰਤੀਵਾਦ' ਵੱਲ ਅਤੇ ਜਾਂ ਦੂਜੇ ਪਾਸੇ 'ਰੂਪਵਾਦ' ਵੱਲ ਤਿਲਕ ਜਾਂਦਾ ਹੈ।

                ਲੁਕਾਚ ਲਈ 1848 ਦੇ ਯੂਰਪੀ ਇਨਕਲਾਬ ਦਾ ਫੇਲ ਹੋਣਾ ਕਈ ਪੱਧਰਾਂ ਤੇ ਮਹੱਤਵਪੂਰਨ ਬਿੰਦੂ ਹੈ । ਇਹ ਅਸਫ਼ਲਤਾ ਪ੍ਰੋਲਤਾਰੀ ( ਮਜ਼ਦੂਰ ਜਮਾਤ ) ਦੀ ਹਾਰ ਦਾ ਪ੍ਰਤੀਕ ਹੈ , ਇਹ ਪ੍ਰਗਤੀਵਾਦ ਦੀ ਮੌਤ ਨੂੰ ਤਸਦੀਕ ਕਰਦੀ ਹੈ । ਇਹ ਇਤਿਹਾਸਕ ਬਿੰਦੂ , ਜਮਾਤੀ ਸੰਘਰਸ਼ ਨੂੰ ਥੰਮ ਕੇ , ਬੁਰਜੂਆਜ਼ੀ ਜੇਤੂ ਦੌਰ ਵਿਚ ਪੂੰਜੀਵਾਦ ਨੂੰ ਪੱਕਿਆਂ ਕਰਨ ਦੇ ਬੁਰਜੂਆ ਕਾਰਜ ਨੂੰ ਹਰੀ ਝੰਡੀ ਦਿੰਦਾ ਹੈ । ਬੁਰਜੂਆ ਵਿਚਾਰਧਾਰਾ ਆਪਣੇ ਪੁਰਾਣੇ ਇਨਕਲਾਬੀ ਆਦਰਸ਼ਾਂ ਨੂੰ ਭੁਲਾ ਕੇ , ਯਥਾਰਥ ਨੂੰ ਇਤਿਹਾਸਕਤਾ ਨਾਲੋਂ ਤੋੜਦੀ ਹੈ ਅਤੇ ਮੌਜੂਦਾ ਸਮਾਜ ਨੂੰ ਇੱਕ ਕੁਦਰਤੀ ਸੱਚਾਈ ਵਾਂਗ ਪ੍ਰਵਾਨ ਕਰਦੀ ਹੈ । ਬਾਲਜ਼ਾਕ ਮਨੁੱਖ ਦੇ ਪੂੰਜੀਵਾਦੀ ਨਿਘਾਰ ਦੇ ਖਿਲਾਫ਼ ਆਖ਼ਰੀ ਵੱਡੇ ਸੰਘਰਸ਼ ਨੂੰ ਪੇਸ਼ ਕਰਦਾ ਹੈ , ਜਦੋਂ ਕਿ ਉਸ ਤੋਂ ਬਾਅਦ ਦੇ ਲੇਖਕ ਨਿਸ਼ਕਿਰਿਆ ਰੂਪ ਵਿਚ ਪਹਿਲਾਂ ਤੋਂ ਹੀ ਨਿੱਘਰੇ ਹੋਏ ਪੂੰਜੀਵਾਦੀ ਸੰਸਾਰ ਨੂੰ ਦਰਜ ਕਰਦੇ ਹਨ । ਕਲਾ ਵਿਚ ਇਤਿਹਾਸ ਤੋਂ ਟੁੱਟੀ ਹੋਈ ਦਿਸ਼ਾ ਅਤੇ ਅਰਥਾਂ ਦਾ ਨਤੀਜਾ ਪ੍ਰਕਿਰਤੀਵਾਦ ਵਜੋਂ ਨਿਕਲਦਾ ਹੈ । ਪ੍ਰਕਿਰਤੀਵਾਦ ਤੋਂ ਲੁਕਾਚ ਦਾ ਭਾਵ ਹੈ ਯਥਾਰਥ ਨੂੰ ਵਿਰੂਪਿਤ ਕਰਕੇ ਗਲਤ ਬਿਆਨ ਕਰਨਾ ਹੈ । ਉਸ ਅਨੁਸਾਰ ਇਸਦੀ ਮਿਸਾਲ ਜ਼ੋਲਾ ਹੈ , ਜੋ ਸਮਾਜ ਦੇ ਮਹੱਤਵਪੂਰਨ ਮੂਲ ਤੱਤ ਤੱਕ ਪਹੁੰਚਣ ਦੀ ਥਾਂ ਸਮਾਜ ਦੀ ਉਪਰਲੀ ਸਤਹਿ ਦੀ ਹੀ ਫੋਟੋਗ੍ਰਾਵਿਕ ਰੂਪ ਵਿਚ ਪੁਨਰ ਸਿਰਜਣਾ ਕਰਦਾ ਹੈ । ਇਸ ਤਹਿਤ ਬਾਰੀਕਬੀਨੀ ਨਾਲ ਵਿਚਾਰੀਆਂ ਬਾਰੀਕੀਆਂ ਦੀ ਥਾਂ 'ਠੇਠ' ਲੱਛਣਾਂ ਦੀ ਤਸਵੀਰਕਸ਼ੀ ਹੁੰਦੀ ਹੈ , ਮਨੁੱਖ ਅਤੇ ਉਸਦੇ ਸੰਸਾਰ ਦੇ ਦਵੰਦਾਤਮਿਕ ਰਿਸ਼ਤਿਆਂ ਦੀ ਥਾਂ ਪਾਤਰਾਂ ਤੋਂ ਟੁੱਟੀਆਂ , ਮ੍ਰਿਤਕ ਅਤੇ ਅਚਨਚੇਤੀ ਵਸਤਾਂ ਦਾ ਮਾਹੌਲ ਸਿਰਜਿਆ ਜਾਣ ਲੱਗਦਾ ਹੈ , ਪ੍ਰਮਾਣਿਕ 'ਪ੍ਰਤਿਨਿਧ' ਪਾਤਰ ਦੀ ਥਾਂ “ ਔਸਤ ਦਰਜੇ ਦੇ ਪਾਤਰ ਦੀ ਸ਼ਰਧਾ" ਲੈ ਲੈਂਦੀ ਹੈ , ਵਿਅਕਤੀਗਤ ਕਾਰਜ ਦੇ ਅਸਲੀ ਨਿਰਧਾਰਕ , ਇਤਿਹਾਸ ਨਹੀਂ ਸਗੋਂ ਮਨੋਵਿਗਿਆਨਅਤੇ ਸਰੀਰ ਵਿਗਿਆਨ ਮੰਨੇ ਜਾਣ ਲੱਗਦੇ ਹਨ । ਇਹ ਪਾਪ ਦਾ ਅਜਿਹਾ ਬੇਗਾਨਗੀ ਵਾਲਾ ਰੂਪ ਹੈ। ਜਿਸ ਵਿਚ ਲੇਖਕ ਕਿਰਿਆਸ਼ੀਲ ਰਿਭਾਗੀ ਦੀ ਥਾਂ ਮਹਿਜ਼ ਇੱਕ ਪ੍ਰਤੱਖ ਦਰਸ਼ੀ ਹੈ। ਵਿਸ਼ਿਸਟ ਦੀ ਸਮਝ ਤੋਂ ਟੁੱਟਿਆ ਪ੍ਰਕਿਰਤੀਵਾਦ ਆਪਣੀ ਸਮੱਗਰੀ ਤੋਂ ਕੋਈ ਮਹੱਤਵਪੂਰਨ ਸੰਪੂਰਨਤਾ ਪੈਦਾ ਨਹੀਂ ਕਰਦਾ ਅਤੇ ਯਥਾਰਥਵਾਦ ਵਲੋਂ ਸ਼ੁਰੂ ਕੀਤਾ ਗਿਆ ਇਕਜੁੱਟ ਮਹਾਂਕਾਵਿ ਜਾਂ ਨਾਟਕੀ ਕਾਰਜ ਮਹਿਜ਼ ਨਿੰਜਮੁਖੀ ਹਿਤਾਂ ਤੱਕ ਘਟ ਕੇ ਰਹਿ ਜਾਂਦਾ ਹੈ।

                'ਰੂਪਵਾਦ ' ਇਸਤੋਂ ਉਲਟੀ ਦਿਸ਼ਾ ਲੈਂਦਾ ਹੈ , ਪਰ ਇਸੇ ਤਰਾਂ ਹੀ ਇਤਿਹਾਸਕ ਅਰਥਾਂ ਦਾ ਘਾਣ ਕਰਦਾ ਹੈ। ਕਾਫਕਾ , ਮੂਸੀਅਲ , ਜੋਇਸ , ਬੈਕੇਟ , ਕਾਮੁ ਦੇ ਬੇਗਾਨਗੀ ਵਾਲੇ ਸਮਾਜ ਵਿਚ ਮਨੁੱਖ ਆਪਣੇ ਇਤਿਹਾਸ ਤੋਂ ਵਿਛੁੰਨਿਆ ਹੋਇਆ ਹੈ ਅਤੇ ਵਿਅਕਤੀਗਤ ਨਿੱਜ ਤੋਂ ਪਾਰ ਉਸਦਾ ਕੋਈ ਯਥਾਰਥ ਨਹੀਂ ਹੈ , ਜਿਸ ਵਿਚ ਪਾਤਰ ਆਪਣੀਆਂ ਮਾਨਸਿਕ ਹਾਲਤਾਂ ਵਿਚ ਵਿਘਟਿਤ ਹੋ ਜਾਂਦਾ ਹੈ ਅਤੇ ਵਸਤੂਗਤ ਯਥਾਰਥ ਨਾਸਮਝਣਯੋਗ ਧੁੰਦੂਕਾਰਾ ਜਾਂ ਘੜਮੱਸ ਬਣ ਜਾਂਦਾ ਹੈ । ਪ੍ਰਕਿਰਤੀਵਾਦ ਵਾਂਗ ਹੀ ਇਸ ਵਿਚ ਆਂਤਰਿਕ ਅਤੇ ਬਾਹਰੀ ਸੰਸਾਰ ਦੀ ਦਵੰਦਾਤਮਿਕ ਏਕਤਾ ਤਹਿਸ - ਨਹਿਸ ਹੋ ਜਾਂਦੀ ਹੈ ਜਿਸ ਨਾਲ ਵਿਅਕਤੀ ਅਤੇ ਸਮਾਜ ਦੋਵੇਂ ਹੀ ਅਰਥਾਂ ਤੋਂ ਵਿਹੂਣੇ ਹੋ ਜਾਂਦੇ ਹਨ । ਪ੍ਰਮਾਣਿਕ ਆਪੇ ਅਤੇ ਸਮਾਜਿਕ ਸੰਬੰਧਾਂ ਤੋਂ ਟੁੱਟ ਕੇ ਵਿਅਕਤੀ ਦੁੱਖ ਅਤੇ ਵਿਸ਼ਾਦ  ਵਿਚ ਜਕੜੇ ਜਾਂਦੇ ਹਨ , ਜਿਸ ਵਿਚ ਇਤਿਹਾਸ ਨਿਰਾਰਥਕ ਜਾਂ ਚੱਕਰਦਾਰ ਹੋ ਕੇ ਮਹਿਜ਼ ਸਾਮਿਅਕ ਮਿਆਦ ਜਾਂ ਅਵਧੀ ਵਿਚ ਘੱਟ ਕੇ ਰਹਿ ਜਾਂਦਾ ਹੈ । ਜਿਸ ਤਹਿਤ ਕਲਾ ਵਿਚ ਵਸਤੂਆਂ ਆਪਣਾ ਮਹੱਤਵ ਗੁਆ ਕੇ ਮਹਿਜ਼ ਇਤਫ਼ਾਕੀਆ ਵਰਤਾਰਾ ਬਣ ਜਾਂਦੀਆਂ ਹਨ, ਅਜਿਹੇ ਪ੍ਰਤੀਕ ਵਿਧਾਨ ਵਿਚੋਂ ਉਹ ਉਪਮਾਵਾਂ ਪੈਦਾ ਹੁੰਦੀਆਂ ਹਨ , ਜਿਨ੍ਹਾਂ ਦਾ ਕੋਈ ਆਂਤਰਿਕ ਅਰਥ ਨਹੀਂ ਹੁੰਦਾ । ਅਜਿਹੀ ਸਥਿਤੀ ਵਿਚ ਜੇਕਰ ਪ੍ਰਕਿਰਤੀਵਾਦ ਇੱਕ ਅਮੂਰਤ ਬਾਹਰਮੁਖਤਾ ਹੈ ਤਾਂ ਰੂਪਾਵਾਦ ਇੱਕ ਅਮੂਰਤ ਆਤਮ-ਮੁਖਤਾ ਬਣ ਜਾਂਦੀ ਹੈ।  ਇਹ ਦੋਵੇਂ ਰੁਝਾਨ ਉਸ ਪ੍ਰਮਾਣਿਕ ਦਵੰਦਾਤਮਕ ਕਲਾ-ਰੂਪ (ਯਥਾਰਥਵਾਦ) ਤੋਂ ਭਟਕ ਜਾਂਦੇ ਹਨ ਜਿਸਦਾ ਰੂਪ ; ਸਥਲ ਅਤੇ ਸਧਾਰਣ, ਤੱਤ-ਰੂਪ ਅਤੇ ਹੋਂਦ , ਕਿਸਮ ਅਤੇ ਵਿਅਕਤੀ ਦਰਮਿਆਨ ਸਾਲਸੀ ਕਰਦਾ ਹੈ ।

[3] ਆਧੁਨਿਕ ਪੱਛਮੀ ਕਾਵਿ - ਸਿਧਾਂਤ ( ਆਧੁਨਿਕ ਪੱਛਮੀ ਆਲੋਚਨਾ ਦੇ ਚੋੋੋਣਵੇਂ ਲੇਖਾਂ ਦਾ ਅਨੁਵਾਦ ਅਤੇ ਜਾਣ - ਪਛਾਣ ) ਸੰਪਾਦਕ : ਸੁਰਜੀਤ ਸਿੰਘ , ਪਰਮਜੀਤ ਸਿੰਘ।

  1. ਸੁਰਜੀਤ ਸਿੰਘ, ਪਰਮਜੀਤ ਸਿੰਘ (2020). ਆਧੁਨਿਕ ਪੱਛਮੀ ਕਾਵਿ ਸਿਧਾਂਤ. Ludhiana: ਚੇਤਨਾ ਪ੍ਰਕਾਸ਼ਨ ਲੁਧਿਆਣਾ. pp. 168–170. ISBN 978-93-90603-28-2.
  2. ਸੁਰਜੀਤ ਸਿੰਘ, ਪਰਮਜੀਤ ਸਿੰਘ (2020). ਆਧੁਨਿਕ ਪੱਛਮੀ ਕਾਵਿ ਸਿਧਾਂਤ. ਪੰਜਾਬੀ ਭਵਨ, ਲੁਧਿਆਣਾ, ਪੰਜਾਬ: ਚੇਤਨਾ ਪ੍ਰਕਾਸ਼ਨ, ਲੁਧਿਆਣਾ. pp. 170, 171, 172, 173, 174. ISBN 978-93-90603-28-2.
  3. Kaur, Zameerpal (2019-11-22). "ਈਕੋਕ੍ਰਿਟੀਸਿਜ਼ਮ ਦੇ ਸੰਦਰਭ ਵਿੱਚ ਭਾਈ ਵੀਰ ਸਿੰਘ ਦੀ ਕਵਿਤਾ". Sikh Formations. 16 (1–2): 122–147. doi:10.1080/17448727.2020.1685061. ISSN 1744-8727.