ਲੋਕ-ਸਿਆਣਪਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲੋਕ-ਸਿਆਣਪਾਂ:[ਸੋਧੋ]

ਲੋਕ ਸਾਹਿਤ ਦੇ ਅੰਤਰਗਤ ਬੁਝਾਰਤ, ਬੁਝਾਵਲ ਕਥਾ, ਕਹਿਮੁਕਰਨੀ ਦ੍ਰਿਸ਼ਟਾਂਤ, ਲਤੀਫੇ, ਅਖਾਣ-ਮੁਹਾਵਰੇ, ਪ੍ਰਸੰਗ ਆਦਿ ਅਨੇਕਾਂ ਲਘੂ ਕਲਾ ਰੂਪ ਆਪਣੀ ਵਿਲੱਖਣ ਹੋਂਦ ਰੱਖਦੇ ਹਨ, ਪ੍ਰੰਤੂ ਇਨ੍ਹਾਂ ਵਿਚੋਂ ਲੋਕ-ਸਿਆਣਪਾਂ ਇਕ ਅਜਿਹਾ ਵਿਲੱਖਣ ਕਲਾ ਰੂਪ ਹੈ ਜਿਹੜਾ ਮਾਨਵੀ ਜੀਵਨ ਦਾ ਸਿੱਧੇ ਤੌਰ ’ਤੇ ਮਾਰਗ ਦਰਸ਼ਨ ਕਰਦਾ ਹੈ। ਲੋਕ-ਸਿਆਣਪਾਂ ਦਾ ਬਾਹਰੀ ਰੂਪ ਭਾਵੇਂ ਅਤਿਅੰਤ ਸਰਲ ਇਕਹਿਰਾ ਤੇ ਸਧਾਰਨ ਜਿਹਾ ਜਾਪਦਾ ਹੈ। ਪਰ ਇਸ ਦੀ ਕੁੱਖ ਵਿਚ ਜੀਵਨ ਦਾ ਵਿਸ਼ਾਲ ਤਜ਼ਰਬਾ, ਗਹਿਰਾ ਅਨੁਭਵ ਅਤੇ ਜ਼ਿੰਦਗੀ ਦਾ ਕਠੋਰ ਤੇ ਕੌੜਾ ਸੱਚ ਲੁੱਕਿਆ ਹੁੰਦਾ ਹੈ। ਇਹ ਟੋਟਕੇ ਨੁਮਾ ਕਾਵਿ ਟੁਕੜੇ ਅਸਲ ਵਿਚ ਲੋਕ ਜੀਵਨ ਦੇ ਸੱਚ ਦਾ ਪ੍ਰਦਰਸ਼ਨ ਕਰਨ ਵਾਲੇ ਸਿਆਣੇ ਬੋਲ ਹੁੰਦੇ ਹਨ। “ਸਿਆਣਪ ਦਾ ਟੋਟਾ ਤਰਕ ਪ੍ਰਧਾਨ ਤਾਂ ਹੁੰਦਾ ਹੈ ਪਰ ਇਹ ਜ਼ਰੂਰੀ ਨਹੀਂ ਇਸ ਦਾ ਗਿਆਨ ਵਿਗਿਆਨਕ ਹੋਵੇ। ਸਿਆਣਪ ਦਾ ਟੋਟਾ ਤਾਂ ਸਮੂਹ ਦੇ ਅਨੁਭਵ ਦੁਆਰਾ ਘੜਿਆ ਜਾਂਦਾ ਹੈ। ਇਹ ਸਰਵ ਪ੍ਰਮਾਣਤ ਹੁੰਦਾ ਹੈ। ਇਸ ਦੇ ਰੂਪ ਨੂੰ ਵਿਅਕਤੀ ਘੜ ਸਕਦਾ ਹੈ ਪਰ ਬਹੁਤੇ ਸਿਆਣਪ ਦੇ ਟੋਟੇ ਵੀ ਪਰੰਪਰਾ ਦਾ ਰੂਪ ਹੀ ਹੁੰਦੇ ਹਨ।”[1] ਦਾਨਸ਼ਿਵਰ ਲੋਕਾਂ ਦੇ ਹੱਡਾਂ ’ਤੇ ਹੰਢਾਏ ਤਜ਼ਰਬੇ ਦਾ ਨਿਚੋੜ ਹਨ ਲੋਕ ਸਿਆਣਪਾਂ। ਇਨ੍ਹਾਂ ਕਾਵਿ ਟੁਕੜਿਆਂ ਰਾਹੀਂ ਪੇਸ਼ ਹੋਈਆਂ ਅਟੱਲ ਸਚਾਈਆਂ ਜਨਸਮੂਹ ਲਈ ਮਾਰਗ ਦਰਸ਼ਨ ਕਰਦੀਆਂ ਹਨ। “ਲੋਕ-ਸਿਆਣਪਾਂ ਲੋਕ ਜੀਵਨ ਦੀ ਆਪ-ਮੁਹਾਰੀ ਚਾਲ ਵਿਚ ਪੈਦਾ ਹੋਣ ਵਾਲੀਆਂ ਰੁਕਾਵਟਾਂ ਤੋਂ ਲੋਕ ਸਮੂਹ ਨੂੰ ਸੁਚੇਤ ਕਰਦੀਆਂ ਹਨ। ਭੁੱਲੇ ਭਟਕੇ, ਗੁੰਮਰਾਹ ਹੋਏ ਜਾਂ ਅਣਜਾਣ ਵਿਅਕਤੀ ਨੂੰ ਜੀਵਨ ਦੇ ਸਹੀ ਮਾਰਗ ਲਈ ਦਿਸ਼ਾ ਨਿਰਦੇਸ਼ਨ ਕਰਦੀਆਂ ਹਨ।”[2] ਇਨ੍ਹਾਂ ਦੀ ਵਿਲੱਖਣਤਾ, ਵਿਸ਼ੇਸ਼ਤਾ ਅਤੇ ਸਾਰਥਿਕਤਾ ਇਕ ਪਾਸੇ ਤਾਂ ਸਬੰਧਿਤ ਸਮਾਜਿਕ ਸਮੂਹ ਦੇ ਜੀਵਨ ਨਾਲ ਜੁੜੀ ਹੁੰਦੀ ਹੈ ਦੂਜੇ ਪਾਸੇ ਇਕ ਕਲਾ ਰੂਪ ਦੀ ਦ੍ਰਿਸ਼ਟੀ ਤੋਂ ਇਹ ਕਾਵਿ ਟੋਟੇ, ਭਾਸ਼ਾਈ ਪੱਧਰ ਉਤੇ ਆਪਣੇ ਹੁਨਰ ਦਾ ਪ੍ਰਗਟਾਵਾ ਕਰਦੇ ਹਨ।

         ਸਧਾਰਨ ਸ਼ਬਦਾਂ ਵਿਚ ਕਹੀਏ ਤਾਂ ਲੋਕ-ਸਿਆਣਪਾਂ ਲੋਕ-ਜੀਵਨ ਦਾ ਨਸੀਹਤਨਾਮਾਂ ਹੁੰਦੀਆਂ ਹਨ। ਮਾਨਵੀ ਜੀਵਨ ਵਿਚੋਂ ਇਨ੍ਹਾਂ ਨੂੰ ਮਨਪ੍ਰਚਾਵੇ ਦੀ ਚੀਜ਼, ਮਨਘੜਤ ਟੋਟਕੇ ਜਾਂ ਵਾਧੂ ਦੇ ਪਖਾਣੇ ਆਖ ਕੇ ਅਣਡਿੱਠ ਨਹੀਂ ਕੀਤਾ ਜਾ ਸਕਦਾ। ਸਗੋਂ ਸਿਆਣੇ ਦੇ ਕਹੇ, ਤੇ ਔਲੇ ਦੇ ਖਾਧੇ ਦਾ ਮਹੱਤਵ ਤਾਂ ਸਮਾਂ ਆਉਣ ਉਤੇ ਹੀ ਸਮਝ ਪੈਂਦਾ ਹੈ।

         ਜਦੋਂ ਇਹ ਕਿਹਾ ਜਾਂਦਾ ਹੈ ਕਿ ਲੋਕ-ਸਿਆਣਪਾਂ ਲੋਕ ਜੀਵਨ ਦੇ ਸੱਚ ਦਾ ਪ੍ਰਗਟਾਵਾ ਕਰਦੀਆਂ ਹਨ। ਤਾਂ ਇਹ ਸ਼ੰਕਾਂ ਪੈਦਾ ਹੋ ਜਾਂਦਾ ਹੈ ਕਿ ਲੋਕ ਜੀਵਨ ਦਾ ਸੱਚ ਤਾਂ ਅਖਾਣ ਵੀ ਪ੍ਰਗਟ ਕਰਦੇ ਹਨ ਕੀ ਅਖਾਣ ਤੇ ਲੋਕ-ਸਿਆਣਪਾਂ ਇਕੋ ਚੀਜ਼ ਹੈ? ਇਸ ਪ੍ਰਸ਼ਨ ਦਾ ਉੱਤਰ ਨਹੀਂ ਵਿਚ ਹੋਵੇਗਾ। ਕਿਉਂਕਿ ਲੋਕ-ਸਿਆਣਪਾਂ ਤੇ ਅਖਾਣਾਂ ਭਾਵੇਂ ਦੋਵੇਂ ਹੀ ਲੋਕ-ਸਾਹਿਤ ਰੂਪ ਲੋਕ-ਜੀਵਨ ਦੇ ਸੱਚ ਦਾ ਪ੍ਰਗਟਾਵਾ ਕਰਦੇ ਹਨ, ਪਰੰਤੂ ਲੋਕ-ਸਿਆਣਪਾਂ ਅਤੇ ਅਖਾਣਾਂ ਦੁਆਰਾ ਪ੍ਰਗਟਾਏ ਗਏ ਲੋਕ ਸੱਚ ਦੇ ਪ੍ਰਗਟਾਉਣ ਦਾ ‘ਅੰਦਾਜ’ ਤੇ ‘ਮਜਾਜ’ ਵੱਖਰਾ-ਵੱਖਰਾ ਹੈ। ਜਿਵੇਂ ਸੌ ਗਜ ਰੱਸਾ, ਸਿਰੇ ਤੇ ਗੰਢ ਵਾਕ ਅਖਾਣ ਤਾਂ ਹੈ ਪਰ ਲੋਕ ਸਿਆਣਪ ਨਹੀਂ ਹੈ। ਜਦੋਂ ਕੋਈ ਇਹ ਕਹੇ ਕਿ:

ਕੱਲਰ ਖੇਤ, ਹਲ ਉਕੜੂ, ਢੱਗੇ ਬਹਿ ਬਹਿ ਜਾਣ

ਨਾਰ ਕਲਹਿਣੀ, ਕੌੜੇ ਗਾਂ, ਸੱਭੇ ਸੋਖੀਆਂ ਜਾਣ।

ਤਾਂ ਲੋਕ ਜੀਵਨ ਦੇ ਸੱਚ ਦਾ ਪ੍ਰਗਟਾਵਾ ਕਰਨ ਵਾਲਾ ਇਹ ਕਾਵਿ ਟੁਕੜਾ ਲੋਕ-ਸਿਆਣਪ ਦਾ ਨਮੂਨਾ ਹੈ। ਇਸ ਨੂੰ ਅਖਾਣ ਨਹੀਂ ਕਿਹਾ ਜਾ ਸਕਦਾ। ਲੋਕ-ਸਿਆਣਪਾਂ ਨੂੰ ਅਕਸਰ ਅਖਾਣਾਂ ਨਾਲ ਰਲਗਡ ਕਰਕੇ ਦੇਖਣ ਦਾ ਰੁਝਾਨ ਇਸ ਲਈ ਵਧੇਰੇ ਹੈ ਕਿਉਂਕਿ ਲੋਕ-ਸਿਆਣਪਾਂ ਨੂੰ ਇਕ ਵੱਖਰੇ ਰੂਪਾਕਾਰ ਵਜੋਂ ਦੇਖਣ ਦੇ ਯਤਨ ਬਹੁਤ ਥੋੜ੍ਹੇ ਲੋਕਾਂ ਵਲੋਂ ਕੀਤੇ ਗਏ ਹਨ। ਉਂਜ ਵੀ ਅਖਾਣ ਤੇ ਲੋਕ-ਸਿਆਣਪਾਂ ਵਿਚ ਅੰਤਰ-ਨਿਖੇੜ ਕਰਨਾ ਕਾਫ਼ੀ ਮੁਸ਼ਕਿਲ ਕਾਰਜ ਜਾਪਦਾ ਹੈ।

          ਲੋਕ ਸਿਆਣਪਾਂ ਰਾਹੀਂ ਪੇਸ਼ ਹੋਇਆ ਸੱਚ ਵਿਸਤ੍ਰਿਤ ਵੀ ਹੁੰਦਾ ਹੈ, ਗਹਿਰਾ ਵੀ ਬਹੁਅਰਥੀ ਤੇ ਬਹੁਦਿਸ਼ਾਵਾਂ ਵੀ। ਜਦੋਂ ਕਿ ਅਖਾਣ ਇਸ ਸੱਚ ਦੀ ਕੇਵਲ ਇਕੋ ਪਰਤ ਪੇਸ਼ ਕਰਨ ਦੀ ਸਮਰੱਥਾ ਰੱਖਦੀ ਹੈ।

         “ਅਖਾਣ ਭਾਵੇਂ ਅਕਾਰ ਵਿਚ ਲੰਮਾ ਹੋਵੇ ਜਾਂ ਛੋਟਾ ਉਸ ਦੀ ਪਰਤ ਇਕਹਿਰੀ ਹੀ ਹੁੰਦੀ ਹੈ। ਜਦੋਂ ਕਿ ਲੋਕ-ਸਿਆਣਪਾਂ ਅੰਦਰ ਦੂਹਰੀ ਤੀਹਰੀ ਪਰਤ ਵੀ ਦੇਖੀ ਜਾ ਸਕਦੀ ਹੈ। ਇਵੇਂ ਹੀ ਅਖਾਣ ਲਈ ਕਾਵਿਕਤਾ ਦਾ ਤੱਤ ਜ਼ਰੂਰੀ ਨਹੀਂ ਹੁੰਦਾ ਜਦੋਂ ਕਿ ਲੋਕ-ਸਿਆਣਪ ਅਕਸਰ ਹੀ ਕਾਵਿਕ ਸੁਭਾਅ ਵਾਲੀ ਹੁੰਦੀ ਹੈ।”[3] ਇਥੇ ਕਾਵਿਕਤਾ ਦਾ ਅਰਥ ਕਵਿਤਾ ਨਹੀਂ, ਸਗੋਂ ਕਾਵਿ ਦਾ ਇਕ ਲੱਛਣ ਮਾਤਰ ਹੈ। ਹੇਠਾਂ ਦਿੱਤੇ ਅਖਾਣਾਂ ਅਤੇ ਲੋਕ-ਸਿਆਣਪਾਂ ਦੇ ਨਮੂਨੇ ਇਸ ਕਥਨ ਦੀ ਪੁਸ਼ਟੀ ਕਰਦੇ ਹਨ:

1.     ਬੁੱਢੀ ਘੋੜੀ ਲਾਲ ਲਗਾਮ।

2.     ਅੰਨ੍ਹੀ ਕੁਕੜੀ, ਖਸ ਖਸ ਦਾ ਚੋਗਾ।

ਅਖਾਣਾਂ ਦੇ ਇਹਨਾਂ ਟੁਕੜਿਆਂ ਵਿਚ ਕਾਵਿਕ ਅੰਸ਼ ਸ਼ਾਮਿਲ ਨਹੀਂ ਹੈ, ਪਰ ਇਹ ਅਖਾਣ ਫਿਰ ਵੀ ਲੋਕ ਜੀਵਨ ਦੇ ਸੱਚ ਦੀ ਪੇਸ਼ਕਾਰੀ ਕਰਦੇ ਹਨ, ਜਦੋਂ ਕਿ ਲੋਕ-ਸਿਆਣਪਾਂ ਅਕਸਰ ਹੀ ਕਾਵਿਕ ਅੰਦਾਜ਼ ਵਿਚ ‘ਲੋਕ ਸੱਚ’ ਦੀ ਪੇਸ਼ਕਾਰੀ ਕਰਦੀਆਂ ਹਨ। ਜਿਵੇਂ:

1.     ਪਰ ਘਰ ਗਈ ਨਾ ਬਹੁੜਦੀ, ਪੋਥੀ ਕਲਮ ਤੇ ਨਾਰ

ਟੁੱਟੀ ਫੁੱਟੀ ਆ ਮੁੜੇ, ਜੇ ਮੋੜੇ ਕਰਤਾਰ।

2.     ਮਾਂਹ ਵਿਰਲੇ ਤਿਲ ਸੰਘਣੇ, ਮਹੀਆਂ ਜਾਏ ਕੱਟ

ਨੂਹਾਂ ਕੁੜੀਆਂ ਜੰਮੀਆਂ, ਚਾਰੇ ਚੌੜ ਚੁਪੱਟ।

ਸਪਸ਼ਟ ਹੈ ਕਿ ਅਖਾਣ ਲਈ ਤੁਕਾਂ ਵਾਲੇ ਵਾਕੰਸ਼ ਜ਼ਰੂਰੀ ਹੁੰਦੇ ਹਨ, ਪਰ ਲੋਕ ਸਿਆਣਪਾਂ ਅਕਸਰ ਹੀ ਕਾਵਿਕ ਤੁਕਾਂਤ ਦੀ ਪ੍ਰਕਿਰਤੀ ਵਾਲੀਆਂ ਹੁੰਦੀਆਂ ਹਨ।

‘ਅਖਾਣ’ ਦਾ ਲੋਕ-ਸਿਆਣਪ ਨਾਲੋਂ ਵਖਰੇਵਾਂ ਇਸ ਗੱਲ ਤੋਂ ਵੀ ਦੇਖਣ ਨੂੰ ਮਿਲਦਾ ਹੈ ਕਿ ਲੋਕ ਸਿਆਣਪਾਂ ਜਿਸ ਧਿਰ ਨੂੰ ਮੁਖਾਤਿਬ ਹੁੰਦੀਆਂ ਹਨ ਉਹ ਭੌਤਿਕ ਜਗਤ ਦੇ ਨਿਸ਼ਚਿਤ ਵਰਤਾਰੇ ਹੁੰਦੇ ਹਨ। ਜਿਵੇਂ ਕਿ:

1.     ਰੰਨ ਕਪੱਤੀ, ਉਮਰ ਖਰਾਬ

ਸਾਂਝ ਕਪੱਤੀ, ਸਾਲ ਖਰਾਬ।

2.     ਜਿਸ ਖੇਤੀ ਵਿਚ ਖਸਮ ਨਾ ਜਾਵੇ

ਉਹ ਖੇਤੀ ਖਸਮਾਂ ਨੂੰ ਖਾਵੇ।

ਇਨ੍ਹਾਂ ਕਾਵਿ ਟੁਕੜਿਆਂ ਵਿਚ ਮੁਖਾਤਿਬ ਕੀਤੀਆਂ ਗਈਆਂ ਧਿਰਾਂ ਨਿਸ਼ਚਿਤ ਹਨ।

ਅਖਾਣ ਸਮਾਜਕ ਸੱਚ ਦਾ ਪ੍ਰਗਟਾਵਾ ਅਕਸਰ ਪ੍ਰਤੀਕਾਤਮਕ ਲਹਿਜੇ ਵਿਚ ਕਰਦੀ ਹੈ ਤੇ “ਸਿਆਣਪ ਦਾ ਟੋਟਾ ਅਰਥ ਦਾ ਸੰਚਾਰ ਚਿੰਨ੍ਹਨ ਦੇ ਪਹਿਲੇ ਪੱਧਰ ਤੇ ਕਰਦਾ ਹੈ। ਇਸ ਵਿਚ ਪੇਸ਼ ਹੋਏ ਚਿਨ੍ਹ ਆਪਣੇ ਵਾਸਤਵਿਕ ਅਰਥਾਂ ਦਾ ਹੀ ਸੰਚਾਰ ਕਰਦੇ ਹਨ। ਇਹ ਕਿਸੇ ਗੁੱਝੀ ਸਥਿਤੀ ਜਾਂ ਸੰਕਲਪ ਵਲ ਸੰਕੇਤ ਨਹੀਂ ਕਰਦਾ ਹੈ। ਇਸ ਦਾ ਸੰਦਰਭ ਸੀਮਤ ਹੁੰਦਾ ਹੈ। ਉਹ ਸਿਰਫ਼ ਉਸ ਪਰਿਸਥਿਤੀ ਲਈ ਹੀ ਵਰਤਿਆ ਜਾ ਸਕਦਾ ਹੈ ਜਿਸ ਲਈ ਇਹ ਘੜਿਆ ਗਿਆ ਹੁੰਦਾ ਹੈ।”[4]

ਲੋਕ-ਸਿਆਣਪਾਂ ਨਾਲ ਸਬੰਧਿਤ ਮੁੱਖ ਖੇਤਰ:[ਸੋਧੋ]

“ਲੋਕ-ਸਿਆਣਪਾਂ ਦਾ ਸਬੰਧ ਜੀਵਨ ਦੇ ਵਿਸ਼ੇਸ਼ ਮਹੱਤਵਪੂਰਨ ਖੇਤਰ ਨਾਲ ਵਧੇਰੇ ਜੁੜਿਆ ਹੁੰਦਾ ਹੈ। ਲੋਕ-ਸਿਆਣਪਾਂ ਦੇ ਟੋਟੇ ਦਿਨਾਂ ਦੀ ਅਹਿਮੀਅਤ ਬਾਰੇ, ਜਾਤਾਂ ਬਾਰੇ, ਵਰਤਾਰਿਆਂ ਬਾਰੇ, ਕੰਮ-ਧੰਦੇ ਦੇ ਢੰਗਾਂ ਬਾਰੇ ਅਨੇਕ ਵੰਨਗੀਆਂ ਵਿਚ ਮਿਲਦੇ ਹਨ। ਪੰਜਾਬੀ ਵਿਚ ਇਨ੍ਹਾਂ ਟੋਟਿਆਂ ਦੀ ਕੋਈ ਘਾਟ ਨਹੀਂ ਹੈ। ਜਦੋਂ ਕਿ ਅਖਾਣ ਜੀਵਨ ਦੇ ਹਰ ਛੋਟੇ ਵੱਡੇ ਪਹਿਲੂ ਜਾਂ ਵਰਤਾਰੇ ਨਾਲ ਜੁੜੇ ਹੁੰਦੇ ਹਨ, ਲੋਕ-ਸਿਆਣਪਾਂ ਦੇ ਮੁੱਖ ਤੌਰ ’ਤੇ ਤਿੰਨ ਵੱਡੇ ਖੇਤਰ ਦੇਖਣ ਨੂੰ ਮਿਲਦੇ ਹਨ:

1.     ਖਾਣ-ਪੀਣ ਜਾਂ ਖਾਧ ਖੁਰਾਕ ਦਾ ਖੇਤਰ

2.     ਸਰੀਰਕ ਰਿਸ਼ਟ-ਪੁਸ਼ਟਤਾ ਦੇ ਨੇਮ

3.     ਖੇਤੀ ਦਾ ਧੰਦਾ

4.     ਫੁਟਕਲ”[5]

ਖਾਧ ਖੁਰਾਕ ਬਾਰੇ:[ਸੋਧੋ]

ਇਨ੍ਹਾਂ ਵਿਚੋਂ ਪਹਿਲੇ ਦੋ ਖੇਤਰ ਲਗਭਗ ਰਲੇ ਮਿਲੇ ਹਨ। ਅਰਥਾਤ ਇਨ੍ਹਾਂ ਵਿਚ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਹਨ, ਨਿਸ਼ਚਿਤ ਮਾਤਰਾ ਵਿਚ ਮਿਲੀ ਚੰਗੀ ਪੋਸ਼ਟਿਕ ਖੁਰਾਕ ਹੀ ਸਰੀਰ ਨੂੰ ਰਿਸ਼ਟ ਪੁਸ਼ਟ ਰੱਖ ਸਕਦੀ ਹੈ। ਜਿਵੇਂ:

1.     ਮਾਸ ਖਾਧਿਆਂ ਮਾਸ ਵਧੇ, ਘਿਉ ਖਾਧਿਆਂ ਖੋਪੜੀ

ਦੁੱਧ ਪੀਤਿਆਂ ਕਾਮ ਵਧੇ, ਸਾਗ ਖਾਧਿਆਂ ਓਜਰੀ।

2.     ਕੱਚਾ ਦੁੱਧ ਨਾ ਪੀਵੀਏ, ਭਾਵੇਂ ਹੋਵੇ ਹੂਰ

ਛੁਟੜ ਰੰਨ  ਨਾ ਕੀਜੀਏ, ਭਾਵੇਂ ਹੋਵੇ ਨੂਰ।

3.     ਚਾਹ ਸੇਵੀਆਂ ਮੰਡੇ,

ਤਿੰਨੇ ਕੰਮ ਨਾ ਆਉਂਦੇ ਠੰਡੇ।

ਸਰੀਰਕ ਰਿਸ਼ਟ-ਪੁਸ਼ਟਤਾ ਬਾਰੇ:[ਸੋਧੋ]

ਸਰੀਰਕ ਰਿਸ਼ਟ ਪੁਸ਼ਟਤਾ ਕਾਇਮ ਰੱਖਣ ਲਈ ਲੋਕ-ਸਿਆਣਪਾਂ ਦਾ ਸਿਲਸਿਲਾ ਸਮੁੱਚੇ ਸਾਲ ਦੀ ਸਮਾਂ ਸਾਰਨੀ ਅਰਥਾਤ ਖਾਣੇ ਦੀ ਸੂਚੀ ਇਸ ਤਰ੍ਹਾਂ ਪੇਸ਼ ਕਰਦਾ ਹੈ:

ਚੇਤ ਨਿੰਮ, ਵਿਸਾਖੇ ਭਾਤ

ਜੇਠ ਹਾੜ, ਸਵੇ ਦਿਨ ਰਾਤ।

ਸਾਵਣ ਹਰੜਾ, ਭਾਦਰੋ ਚਿੱਤਰਾ

ਅੱਸੂ ਗੁੜ ਖਾਵੇਂ ਤੂੰ ਮਿੱਤਰਾ।

ਕੱਤਕ ਮੂਲੀ, ਮੱਘਰ ਤੇਲ

ਪੋਹ ਵਿਚ ਕਰੇ ਧੁੱਪ ਦਾ ਮੇਲ।

ਮਾਘ ਮਾਸ, ਘਿਓ, ਖਿਚੜੀ ਖਾਏ

ਫੱਗਣ ਉਠਕੇ ਪ੍ਰਾਤਾਹ ਨਾਏ।

ਜੋ ਇਹ ਬਾਰਾਂ ਕਰੇ ਬਨਾਏ

ਵੈਦਾਂ ਦੇ ਫਿਰ ਕਦੇ ਨਾ ਜਾਏ।

ਕੁੱਲ ਮਿਲਾ ਕੇ ਰਿਸ਼ਟ ਪੁਸ਼ਟ ਸਿਹਤ ਲਈ ਲੋਕ ਸਿਆਣਪਾਂ ਇਹ ਨਸੀਹਤ ਕਰਦੀਆਂ ਹਨ ਕਿ:

ਪੈਰ ਗਰਮ ,ਪੇਟ ਨਰਮ, ਸਿਰ ਠੰਡਾਂ

ਡਾਕਟਰ ਦੇ ਸਿਰ ਵਿਚ ਮਾਰੋ ਡੰਡਾ।

ਖੇਤੀ ਬਾਰੇ:[ਸੋਧੋ]

ਲੋਕ ਸਿਆਣਪਾਂ ਦੀ ਸਿਰਜਨ ਧਾਰਾ ਦਾ ਦੂਜਾ ਵੱਡਾ ਖੇਤਰ ਖੇਤੀਬਾੜੀ ਦੇ ਧੰਦੇ ਨਾਲ ਸਬੰਧ ਰੱਖਦਾ ਹੈ। ‘ਖੇਤੀ ਖਸਮਾਂ ਸੇਤੀ’ ਤੋਂ ਲੈ ਕੇ ‘ਉਤਮ ਖੇਤੀ, ਮੱਧਮ ਵਪਾਰ, ਨਖਿੱਧ ਚਾਕਰੀ, ਭੀਖ ਨਦਾਰ’ ਤੱਕ ਲੋਕ-ਸਿਆਣਪਾਂ ਪ੍ਰਚੱਲਿਤ ਰਹੀਆਂ ਹਨ। ਲੋਕਾਂ ਨੇ ਖੇਤੀ ਦੇ ਧੰਦੇ ਨੂੰ ‘ਪਾਤਸ਼ਾਹੀ’ ਕਰਾਰ ਦਿੱਤਾ ਹੈ। ਪੰਜਾਬ ਵਿਚ ਭੂੰਇ ਨਈ ਦੇ ਮਾਲਕ ਸੱਚ ਮੁੱਚ ਵੱਡੀ ਧਿਰ ਰਹੇ ਹਨ, ਕਿਸਾਨ ਮੁੱਖ ਧਿਰ ਅਤੇ ਬਾਕੀ ਸਾਰੀਆਂ ਗੈਰ ਕਾਸ਼ਤਕਾਰ ਜਾਤੀਆਂ ਲਾਗੀ ਰਹੀਆਂ ਹਨ, ਲੋਕ-ਸਿਆਣਪਾਂ ਵਿਚ ਖੇਤੀ ਦੇ ਕਾਰਨ ਹੀ ਵਡਿਆਈ ਹੋਈ ਮਿਲਦੀ ਹੈ ਕਿਸੇ ਜਾਤੀ ਵਿਸ਼ੇਸ਼ ਦੀ ਨਹੀਂ, ਖੇਤੀ ਦੇ ਸੰਦਾਂ ਸਾਧਨਾ ਦੀ, ਖੇਤੀ ਕਰਨ ਦੇ ਢੰਗਾਂ ਦੀ, ਖੇਤੀ ਦੀ ਸੰਭਾਲ, ਜ਼ਮੀਨ ਤੇ ਜ਼ਮੀਨ ਮਾਲਕ ਦੇ ਸਬੰਧਾਂ ਬਾਰੇ ਲੋਕ ਮਨ ਨੇ ਦਿਲ ਖੋਲ ਕੇ ਚਰਚਾ ਕੀਤੀ ਹੈ, ਇਹ ਚਰਚਾ ਸਧਾਰਨ ਕਿਸਮ ਦੀ ਨਹੀਂ, ਲੋਕ ਸੱਚ ਦਾ ਪ੍ਰਗਟਾਵਾ ਕਰਦੀਆਂ ਸਿਆਣਪਾਂ ਦੇ ਰੂਪ ਵਿਚ ਸਾਕਾਰ ਹੋਈ ਹੈ:

ਪਰ ਹੱਥ ਵਣਜ ਸੁਨੇਹੀ ਖੇਤੀ, ਬਿਨ ਦੇਖੇ ਵਰ ਦੇਵੇ ਬੇਟੀ

ਅਨਾਜ ਪੁਰਾਣਾ ਦੱਬੇ ਖੇਤੀ, ਕਦੇ ਨਾ ਹੁੰਦੇ ਬੱਤੀ ਤੋਂ ਤੇਤੀ

ਫੁਟਕਲ:[ਸੋਧੋ]

ਫੁਟਕਲ ਵਿਚ ਸਾਨੂੰ ਖਾਧ-ਖੁਰਾਕ, ਸਰੀਰਕ ਰਿਸ਼ਟ-ਪੁਸ਼ਟਤਾ ਅਤੇ ਖੇਤੀਬਾੜੀ ਦੇ ਧੰਧੇ ਤੋਂ ਇਲਾਵਾ ਦਿਨਾਂ ਦੀ ਅਹਿਮੀਅਤ ਬਾਰੇ, ਜਾਤਾਂ ਬਾਰੇ, ਔਰਤਾਂ ਬਾਰੇ ਅਤੇ ਹੋਰ ਕਈ ਵਰਤਾਰਿਆਂ ਬਾਰੇ ਵੀ ਅਨੇਕ ਵੰਨਗੀਆਂ ਦੇਖਣ ਨੂੰ ਮਿਲਦੀਆਂ ਹਨ। ਪੰਜਾਬੀ ਵਿਚ ਇਨ੍ਹਾਂ ਟੋਟਿਆਂ ਦੀ ਕੋਈ ਘਾਟ ਨਹੀਂ ਹੈ:

ਜਾਤਾਂ ਬਾਰੇ:[ਸੋਧੋ]

ਰੱਜਿਆ ਮਹਿਆਂ ਨਾ ਚਲਦਾ ਹੱਲ,

ਰੱਜਿਆ ਜੱਟ ਮਚਾਵੇ ਕੱਲ,

ਰੱਜੀ ਮਹਿੰ ਨਾ ਖਾਵੇ ਖੱਲ੍ਹ,

ਰੱਜਿਆ ਬ੍ਰਾਹਮਣ ਪੈਂਦਾ ਗਲ,

ਰੱਜਿਆ ਖੱਤਰੀ ਜਾਵੇ ਟਲ।

ਜਾਂ

ਆਸਾ, ਪਾਸਾ ਵੇਸਵਾ, ਠੱਗ ਠੱਕਰ ਹਾਲ

ਨੌਵੇਂ ਮਿੱਤ ਨਾਂ ਹੋਂਵਦੇ ਬਾਂਦਰ, ਵੈਦ, ਕਲਾਲ।

ਔਰਤਾਂ ਬਾਰੇ:[ਸੋਧੋ]

ਕੁੰਡਰ ਰੰਨ ਦੀ ਭੈੜੀ ਚਾਲ, ਚੁਲ੍ਹੇ ਉਤੇ ਰੋਵਸ ਬਾਲ

ਆਟਾ ਗੁੰਨ੍ਹਦਿਆਂ ਖ਼ੁਰਕੇ ਵਾਲ, ਨੱਕ ਪੂੰਝਦੀ ਮੋਢੇ ਨਾਲ।

ਜਾਂ

ਪੁੱਠੀ ਰੰਨ੍ਹ ਦੇ ਪੁਠੇ ਚਾਲੇ, ਆਪ ਵੀ ਰੁੜੇ ਤੇ ਝੁੱਗਾ ਗਾਲੇ।

ਲੋਕ-ਸਿਆਣਪਾਂ ਰਾਹੀਂ ਪੇਸ਼ ਹੋਏ ਸੱਚ ਦੀ ਵਿਸ਼ੇਸ਼ਤਾ ਇਸ ਗੱਲ ਵਿਚ ਹੁੰਦੀ ਹੈ ਕਿ ਇਹ ਸੱਚ ਲੋਕ ਮਨ ਦਾ ਪ੍ਰਵਾਨਿਤ ਸੱਚ ਹੁੰਦਾ ਹੈ। ਆਪ ਮੁਹਾਰੇ ਆਵੇਸ਼ ਰੂਪ ਵਿਚ ਪੇਸ਼ ਹੋਏ ਇਸ ਸੱਚ ਨੂੰ ਕਿਸੇ ਹੋਰ ਕਸਵੱਟੀ ਤੇ ਪਰਖਣ ਦੀ ਲੋੜ ਨਹੀਂ ਹੁੰਦੀ। ਲੋਕ ਸਿਆਣਪਾਂ ਸਦੀਵੀ ਸਥਾਈ ਸੱਚ ਦਾ ਪ੍ਰਗਟਾਵਾ ਕਰਦੀਆਂ ਹਨ।

ਹਵਾਲੇ:[ਸੋਧੋ]

  1. ਖਹਿਰਾ, ਭੁਪਿੰਦਰ ਸਿੰਘ (2013). ਲੋਕਧਾਰਾ ਭਾਸ਼ਾ ਅਤੇ ਸਭਿਆਚਾਰ. ਪਟਿਆਲਾ: ਪੈਪਸੂ ਬੁੱਕ ਡਿਪੂ. p. 56.
  2. ਜੋਸ਼ੀ, ਡਾ. ਜੀਤ ਸਿੰਘ (2014). ਸਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ. ਲੁਧਿਆਣਾ: ਲਾਹੌਰ ਬੁੱਕ ਸ਼ਾਪ. p. 453. ISBN 978-81-7647-367-5.
  3. ਜੋਸ਼ੀ, ਡਾ. ਜੀਤ ਸਿੰਘ (2014). ਸਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ. ਲੁਧਿਆਣਾ: ਲਾਹੌਰ ਬੁੱਕ ਸ਼ਾਪ. p. 456. ISBN 978-81-7647-367-5.
  4. ਖਹਿਰਾ, ਭੁਪਿੰਦਰ ਸਿੰਘ (2013). ਲੋਕਧਾਰਾ ਭਾਸ਼ਾ ਅਤੇ ਸਭਿਆਚਾਰ. ਪਟਿਆਲਾ: ਪੈਪਸੂ ਬੁੱਕ ਡਿਪੂ. p. 55.
  5. ਜੋਸ਼ੀ, ਡਾ. ਜੀਤ ਸਿੰਘ (2014). ਸਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ. ਲੁਧਿਆਣਾ: ਲਾਹੌਰ ਬੁੱਕ ਸ਼ਾਪ. p. 457. ISBN 978-81-7647-367-5.