ਸਾਹਿਤ ਅਤੇ ਮਨੋਵਿਗਿਆਨ
ਸਾਹਿਤ ਇੱਕ ਵਿਆਪਕ ਸ਼ਬਦ ਹੈ।ਆਦਿ ਕਾਲ ਤੋਂ ਪੂਰਬੀ ਤੇ ਪੱਛਮੀ ਸਾਹਿਤ ਆਚਾਰੀਆ ਭਾਵੇਂ ਇਸਨੂੰ ਭਿੰਨ-ਭਿੰਨ ਰੂਪਾਂ ਵਿੱਚ ਪਰਿਭਾਸ਼ਿਤ ਕਰਦੇ ਰਹੇ ਹਨ।ਪਰੰਤੂ ਕਿਸੇ ਇੱਕ ਦੀ ਵੀ ਪਰਿਭਾਸ਼ਾ ਇਸਦੇ ਮਨੁੱਖੀ ਜੀਵਨ ਨਾਲ ਮੇਲ ਤੋਂ ਮੁਨਕਰ ਨਹੀਂ।ਸਾਡੇ ਵਿਦਵਾਨ ਸਾਹਿਤ ਸ਼ਬਦ ਦੀ ਉਤਪਤੀ ਸਾਹਿਤ(ਸ+ਹਿਤ)ਸ਼ਬਦ ਤੋਂ ਮੰਨਦੇ ਹਨ।ਜਿਸਦਾ ਅਰਥ ਸੰਯੋਗ / ਸੁਮੇਲ/ ਸਾਥ ਹੈ।ਭਾਵਾਂ ਦਾ ਭਾਵਾਂ ਨਾਲ, ਵਿਚਾਰਾਂ ਦਾ ਵਿਚਾਰਾਂ ਨਾਲ ਤੇ ਮਨੁੱਖ ਦਾ ਮਨੁੱਖ ਨਾਲ ਮੇਲ। ਇਹ ਗੱਲ ਸਰਬ ਸਾਂਝੇ ਤੌਰ ਤੇ ਮੰਨਣਯੋਗ ਹੈ ਕਿ ਸਾਹਿਤ ਮਨੁੱਖੀ ਜੀਵਨ ਦੀ ਅਭਿਵਿਅਕਤੀ ਹੈ ਭਾਵ ਸਾਹਿਤ ਦਾ ਆਧਾਰ ਜੀਵਨ ਹੈ।ਸਾਹਿਤ ਸਮਾਜ ਦਾ ਦਰਪਨ ਹੈ ਜਾਂ ਸਾਹਿਤ ਜੀਵਨ ਦਾ ਪ੍ਰਤਿਬਿੰਬ ਹੈ, ਇਹ ਇਕ ਅਧੂਰਾ ਅਤੇ ਗਲ਼ਤ ਮੁਹਾਵਰਾ ਹੈ । ਦਰਪਣ ਜਾਂ ਪ੍ਰਤਿਬਿੰਬ ਚੀਜ਼ਾਂ ਨੂੰ ਉਵੇਂ ਹੀ ਦਰਸਾਉਂਦੇ ਹਨ ਜਿਵੇਂ ਕਿ ਉਹ ਵਾਸਤਵਿਕ ਸ਼ਕਲ ਵਿੱਚ ਮੌਜੂਦ ਹਨ। ਇਸ ਲਈ ਸਾਹਿਤ ਸਮਾਜ ਦਾ ਦਰਪਨ ਜਾਂ ਜੀਵਨ ਦਾ ਪ੍ਰਤਿਬਿੰਬ ਨਾ ਹੋ ਕੇ ਆਪਣੇ ਆਪ ਵਿਚ ਇਕ ਸਮਾਜ ਹੁੰਦਾ ਹੈ । ਇਕ ਅਜਿਹਾ ਜੀਵਨ ਹੁੰਦਾ ਹੈ ਜਿਹੜਾ ਨਿਸ਼ਚੇ ਹੀ ਅਸਲੀ ਸਮਾਜ ਅਤੇ ਜੀਵਨ ਨਾਲੋਂ ਵੱਖਰਾ ਹੁੰਦਾ ਹੈ । ਪ੍ਰਤੂੰ ਹੁੰਦਾ ਹੈ ਉਸਦੇ ਸਮਾਨੰਤਰ, ਸੁਤੰਤਰ ਅਤੇ ਸਵੈਪੂਰਨ ।[1] ਗੱਲ ਭਾਵੇਂ ਮਨੁੱਖ ਦੀ ਆਰਥਿਕ ਸਮੱਸਿਆ ਬਾਰੇ ਹੋਵੇ ਤੇ ਭਾਵੇਂ ਸਮਾਜਿਕ ਸੰਬੰਧਾਂ ਬਾਰੇ,ਪਰੰਤੂ ਮਨੁੱਖ ਅੰਦਰ ਵਾਪਰ ਰਹੀ ਮਾਨਸਿਕ ਪ੍ਰਕਿਰਿਆ ਨੂੰ ਅਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ।ਇਹ ਪ੍ਰਕਿਰਿਆ ਕਿਸੇ ਨਾ ਕਿਸੇ ਮਾਨਸਿਕ ਤਣਾਉ ਦੇ ਕਾਰਨ ਹੀ ਹੁੰਦੀ ਹੈ। ਇਹ ਤਣਾਉ ਸਾਹਿਤ ਦਾ ਵਿਸ਼ਾ ਹੀ ਨਹੀਂ ਸਗੋਂ ਸਿਰਜਣ ਪ੍ਰਕਿਰਿਆ ਦਾ ਮੂਲ ਆਧਾਰ ਹੈ ਅਤੇ ਸਾਹਿਤ ਦੀ ਸਮੁੱਚੀ ਬਣਤਰ ਤੇ ਉਸਦੀ ਹੋਂਦ ਦਾ ਹਰ ਅੰਗ,ਉਪ-ਅੰਗ,ਸਿੱਧੇ/ ਅਸਿੱਧੇ ਰੂਪ ਵਿੱਚ ਭਾਵਾਂ ਦੇ ਇਸ ਤਣਾਉ ਤੇ ਸੁਲਝਾਉ ਜਾਂ ਇਹਨਾਂ ਦੀ ਅੰਤਰ ਸੰਬੰਧਤਾ ਉੱਤੇ ਨਿਰਭਰ ਕਰਦਾ ਹੈ। ਮਨ ਦੀ ਇਸ ਜਟਿਲਤਾ ਦੇ ਵਿਗਿਆਨਕ ਅਧਿਐਨ ਲਈ ਮਨੁੱਖ ਨੇ ਜਿਸ ਸ਼ਾਸਤਰ ਨੂੰ ਆਧਾਰ ਬਣਾਇਆ,ਉਸਨੂੰ ਮਨੋਵਿਗਿਆਨ ਕਿਹਾ ਗਿਆ ਹੈ।ਹਵਾਲੇ ਵਿੱਚ ਗ਼ਲਤੀ:Closing </ref>
missing for <ref>
tag ਜਿਵੇਂ ਮਨੁੱਖੀ ਵਿਵਹਾਰ ਦੀਆਂ ਕੋਈ ਸੀਮਾਵਾਂ ਨਹੀਂ,ਉਵੇਂ ਹੀ ਮਨੋਵਿਗਿਆਨ ਦਾ ਖੇਤਰ ਵੀ ਵਿਸ਼ਾਲ ਹੈ। ਮਾਨਵ ਦੇ ਆਪਣੇ ਆਲੇ-ਦੁਆਲੇ ਨਾਲ ਸੰਬੰਧਾਂ ਦਾ ਸਮੁੱਚਾ ਖੇਤਰ ਮਨੋਵਿਗਿਆਨ ਦਾ ਖੇਤਰ ਹੈ। ਹੁਣ ਤਾਂ ਮਨੋਵਿਗਿਆਨ ਦੀਆਂ ਅਨੇਕ ਸ਼ਾਖਾਵਾਂ ਹੋਂਦ ਵਿੱਚ ਆ ਗਈਆਂ ਹਨ, ਜਿਹਨਾਂ ਵਿੱਚੋਂ ਤੁਲਨਾਤਮਕ ਮਨੋਵਿਗਿਆਨ,ਜਾਤੀ ਮਨੋਵਿਗਿਆਨ,ਆਸਾਧਾਰਣ ਮਨੋਵਿਗਿਆਨ,ਸਮਾਜਿਕ ਮਨੋਵਿਗਿਆਨ,ਉਦਯੋਗਿਕ ਆਦਿ ਪ੍ਰਮੁੱਖ ਹਨ।ਨਿਰਸੰਦੇਹ ਮਨੋਵਿਗਿਆਨ ਦਾ ਖੇਤਰ ਅਸੀਮ ਹੈ। ਭਾਵੇਂ ਮਨੁੱਖ ਦਾ ਆਪਣੇ ਆਲੇ-ਦੁਆਲੇ ਨਾਲ ਰਿਸ਼ਤਾ ਅਤੇ ਸੰਬੰਧ ਇਸਦਾ ਮੁੱਢਲਾ ਵਿਸ਼ਾ ਹੈ ਪਰ ਮਨ ਦਾ ਵਿਕਾਸ,ਤੰਤਰਿਕ ਪ੍ਰਬੰਧ ਦਾ ਵਿਕਾਸ,ਮੂਲ ਪ੍ਰਵਿਰਤੀਆਂ,ਸਿੱਖਿਆ ਗ੍ਰਹਿਣ ਕਰਨ ਦੀ ਵਿਧੀ,ਪ੍ਰਤੱਖਣ ਸੰਵੇਦਨਾਵਾਂ ਆਦਿ ਰਾਹੀਂ ਉਸਾਰਨ ਦੀ ਕਿਰਿਆ,ਭਾਸ਼ਾ ਦਾ ਨਿਰਮਾਣ,ਗਿਆਨ ਗ੍ਰਹਿਣ ਕਰਨ ਦੀ ਸਮਰੱਥੀ ਅਤੇ ਯਾਦ ਸ਼ਕਤੀ,ਸੁਪਨੇ,ਯਾਦਾਂ ਅਰਥਾਤ ਸੁਚੇਤ ਅਤੇ ਅਚੇਤ ਮਨ ਆਦਿ ਇਸ ਦੇ ਅਨੇਕਾਂ ਮਹੱਤਵਪੂਰਨ ਖੇਤਰ ਹਨ।[2]ਮਨੋਵਿਗਿਆਨ ਨੇ ਜੀਵਨ ਦੇ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ ਪਰ ਸਾਹਿਤ ਉੱਤੇ ਇਸ ਦਾ ਪ੍ਰਭਾਵ ਕਿਸੇ ਵੀ ਹੋਰ ਖੇਤਰ ਦੇ ਮੁਕਾਬਲੇ ਵਧੇਰੇ ਡੂੰਘਾ ਅਤੇਵਿਸ਼ਾਲ ਹੈ। ਮਨੋਵਿਗਿਆਨ ਨੇ ਮਨੁੱਖ ਅਤੇ ਸਮਾਜ ਨੂੰ ਜਾਂਚਣ ਸਮਝਣ ਅਤੇ ਪਰਖਣ ਅਰਥਾਤ ਅਧਿਅੈਨ ਕਰਨ ਦੇ ਦ੍ਰਿਸ਼ਟੀਕੋਣ ਹੀ ਬਦਲ ਦਿੱਤੇ ਹਨ। ਸਾਹਿਤ ਦੇ ਖੇਤਰ ਵਿੱਚ ਮਨੋਵਿਗਿਆਨ ਨੇ ਵਿਸ਼ੇ , ਪਾਤਰ- ਉਸਾਰੀ, ਘਟਨਾਵਾਂ ਦੀ ਪੇਸ਼ਕਾਰੀ, ਦ੍ਰਿਸ਼-ਚਿਤਰਣ ਆਦਿ ਸਭ ਖੇਤਰਾਂ ਅਤੇ ਪੱਖਾਂ ਵਿੱਚ ਇਨਕਲਾਬੀ ਤਬਦੀਲੀ ਲਿਆਂਦੀ।ਇੱਕ ਮਨੋਵਿਗਿਆਨੀ ਇੱਕ ਮਨੋਰੋਗੀ ਦੇ ਅਸੰਤੁਲਨ ਨੂੰ ਦੂਰ ਕਰਨ ਦੀ ਜਿਹੜੀ ਵਿਧੀ ਅਪਣਾਉਂਦਾ ਹੈ ਉਸਨੂੰ ਮਨੋਵਿਸ਼ਲੇਸ਼ਣ ਵਿਧੀ ਕਹਿੰਦੇ ਹਨ। ਇਸ ਵਿਧੀ ਦਾ ਨਿਰਮਾਣ ਅਤੇ ਵਿਕਾਸ ਸਿਗਮੰਡ ਫਰਾਈਡ ਨੇ ਕੀਤਾ ਸੀ ਅਤੇ ਇਸ ਵਿਧੀ ਨੇ ਪਰਿਭਾਸ਼ਾ ਹੀ ਬਦਲ ਦਿੱਤੀ ਹੈ। ਮਨੋਵਿਸ਼ਲੇਸ਼ਣ ਵਿਧੀ ਸੰਬੰਧਿਤ ਵਿਅਕਤੀ ਦੀਆਂ ਨਿੱਜੀ ਸਮੱਸਿਆਵਾਂ ਦਾ ਅਧਿਐਨ ਕਰਦੀ ਹੈ। ਅਤੇ ਉਸਦੇ ਜੀਵਨ ਸੰਬੰਧੀ ਦ੍ਰਿਸ਼ਟੀਕੋਣ ਨੂੰ ਘੋਖ ਦੀ ਪਰਖਦੀ ਹੈ, ਉਸਦੇ ਜੀਵਨ ਆਦਰਸ਼ਾਂ ਦਾ ਅਧਿਐਨ ਕਰਦੀ ਹੈ ਅਤੇ ਉਸਦੇ ਅਤੀਤ ਨੂੰ ਫਰੋਲਦੀ ਹੈ।[3]
ਮਨੋਵਿਗਿਆਨ ਦਾ ਆਰੰਭ
[ਸੋਧੋ]ਮਨੋਵਿਗਿਆਨ ਦਾ ਆਰੰਭ ਮਨੁੱਖ ਦੀ ਉਤਪੱਤੀ ਤੋਂ ਹੀ ਮੰਨਿਆ ਜਾਂਦਾ ਹੈ। ਪਰੰਤੂ ਵਿਧੀਪੂਰਵਕ "ਅਧਿਐਨ 19 ਵੀਂ ਸਦੀ ਤੋਂ ਹੀ ਸ਼ੁਰੂ ਹੋਇਆ।" ਇਸਦਾ ਅਤੀਤ ਤਾਂ ਬਹੁਤ ਵੱਡਾ ਹੈ ਪਰੰਤੂ ਇਤਿਹਾਸ ਬਹੁਤ ਹੀ ਛੋਟਾ। ਪਹਿਲਾਂ ਮਨੋਵਿਗਿਆਨ ਨੂੰ ਦਰਸ਼ਨ ਸ਼ਾਸਤਰ ਦੀ ਕੇਵਲ ਇੱਕ ਸ਼ਾਖਾ ਸਮਝਿਆ ਜਾਂਦਾ ਸੀ। ਉਸ ਸਮੇਂ ਮਨੋਵਿਗਿਆਨੀਆਂ ਦਾ ਕਥਨ ਸੀ ਕਿ ਮਨੋਵਿਗਿਆਨ ਦਰਸ਼ਨ ਸ਼ਾਸਤਰ ਦੀ ਉਹ ਸ਼ਾਖਾ ਹੈ।ਜਿਸ ਵਿੱਚ ਮਨ ਅਤੇ ਮਾਨਸਿਕ ਕਿਰਿਆਵਾਂ ਦਾ ਅਧਿਐਨ ਕੀਤਾ ਜਾਂਦਾ ਹੈ। ਮਨੋਵਿਗਿਆਨੀ ਦਾ ਅੰਗਰੇਜੀ ਵਿੱਚ ਪਰਾਇਵਾਚੀ ਸਾਈਕੋਲਾਜੀ (psychology)ਹੈ। ਸਾਈਕੋਲਾਜੀ ਸ਼ਬਦ ਯੂਨਾਨੀ ਭਾਸ਼ਾ ਦੇ ਦੋ ਸ਼ਬਦਾਂ ਸਾਇਕੀ (psyche) ਅਤੇ ਲਾਗਾਂਸ (logos) ਤੋਂ ਮਿਲ ਕੇ ਬਣਿਆ ਹੈ। ਸਾਇਕੀ ਸ਼ਬਦ ਦਾ ਅਰਥ ਹੈ ਆਤਮਾ ਤੇ ਲਾਗਾਂਸ ਦਾ ਅਰਥ ਵਿਚਾਰ ਕਰਨਾ ਹੈ। ਇਸ ਦਾ ਭਾਵ ਹੈ ਕਿ ਮਨੋਵਿਗਿਆਨ ਵਿੱਚ ਮਨੁੱਖ ਦੀ ਆਤਮਾ ਦਾ ਅਧਿਐਨ ਕੀਤਾ ਜਾਂਦਾ ਹੈ। ਮਨੋਵਿਸ਼ਲੇਸ਼ਣੀ ਅਧਿਐਨ ਵਿਧੀ psychology ਮਨੋਵਿਗਿਆਨ ਦਾ ਭਾਗ ਹੈ ਕਲਾ ਅਤੇ ਸਾਹਿਤ ਅਧਿਐਨ ਦੇ ਪਰਿਪੇਖ ਵਿੱਚ ਮਨੋਵਿਸ਼ਲੇਸ਼ਣਵਾਦ ਤੋਂ ਭਾਵ ਸਾਹਿਤ ਅਧਿਐਨ ਦੀ ਉਸ ਵਿਧੀ ਤੋਂ ਹੈ,ਜਿਸਦਾ ਆਰੰਭ ਫਰਾਇਡ,ਯੁੰਗ, ਐਡਲਰ ਅਤੇ ਇਹਨਾਂ ਦੇ ਪਾਰਵਰਤੀ ਵਿਦਵਾਨਾਂ ਦੀਆਂ ਮਨੁੱਖੀ ਮਨ ਅਤੇ ਲਿੰਗ ਵਜੋਂ ਉਪਜੇ ਵਿਵਹਾਰ ਸੰਬੰਧੀ ਕੀਤੀਆਂ ਖੋਜਾਂ ਹਨ।[4]
ਸਿਗਮੰਡ ਫਰਾਇਡ ਦਾ ਮਨੋਵਿਸ਼ਲੇਸ਼ਣਵਾਦ
[ਸੋਧੋ]ਮਨੋਵਿਗਿਆਨ ਦੇ ਇਸ ਸਿਧਾਂਤ ਮਨੋਵਿਸ਼ਲੇਸ਼ਣ ਦਾ ਮੋਢੀ ਸਿਗਮੰਡ ਫ਼ਰਾਇਡ ਹੈ। ਫ਼ਰਾਇਡ ਨੇ ਮਹਿਸੂਸ ਕੀਤਾ ਕਿ ਮਨੁੱਖੀ ਸਰੀਰ ਵਾਂਗ ਮਨੁੱਖੀ ਮਨ ਵੀ ਰੋਗੀ ਹੋ ਜਾਂਦਾ ਹੈ।ਫ਼ਰਾਇਡ ਦੇ ਮਨੋਵਿਸ਼ਲੇਸ਼ਣ ਨਾਲ ਸੰਬੰਧਿਤ ਪ੍ਰਮੁੱਖ ਖੋਜ ਗ੍ਰੰਥ ਹਨ The Interpretation of Dreams: 1990 The Psychopathology of Everyday life: 1901 Three Essays on the Theory of Sexuality: 1905 Theory of Narcissism: 1910 Techniques of Psychoanalysis: 1911-15 Totem & Taboo: 1912 Group Psychology: 1921 Ego and Super Ego: 1923 Symptoms and Anxiety: 1926 Civilization and its Discontents: [5]
ਫਰਾਇਡ ਨੇ ਮਨੋਰੋਗੀ ਕੇਸਾਂ ਦਾ ਵਿਸ਼ਲੇਸ਼ਣ ਕਰਨ ਉਪਰੰਤ ਮਨੁੱਖੀ ਮਾਨਸਿਕਤਾ ਨੂੰ ਵਿਧੀਵੱਧ ਰੂਪ ਵਿੱਚ ਸਮਝਣ ਅਤੇ ਸਮਝਾਉਣ ਲਈ ਮਨੁੱਖੀ ਮਨ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਹੈ: 1.ਚੇਤਨ (conscious) 2.ਅਵਚੇਤਨ (unconscious) 3.ਅਰਧ ਚੇਤਨ (sub-conscious) ਚੇਤਨ ਅਤੇ ਅਵਚੇਤਨ ਮਨ ਦੇ ਵਿਚਕਾਰ ਇੱਕ ਪਹਿਰੇਦਾਰ ਹੁੰਦਾ ਹੈ ਜਿਸ ਨੂੰ ਸੈਂਸਰ ਕਿਹਾ ਜਾਂਦਾ ਹੈ। ਸੈਂਸਰ ਉਹ ਪ੍ਰਕਿਰਿਆ ਹੈ ਜੋ ਅਨੁਚਿਤ ਅਤੇ ਅਸਮਾਜਕ ਇਛਾਵਾਂ ਨੂੰ ਚੇਤਨ ਮਨ ਵਿੱਚ ਆਉਣ ਤੋਂ ਰੋਕਦੀ ਹੈ।
ਚੇਤਨ ਮਨ
[ਸੋਧੋ]ਇਸਦਾ ਸੰਬੰਧ ਵਿਅਕਤੀ ਦੀ ਜਾਗਰਿਤ ਅਵਸਥਾ ਨਾਲ ਹੈ। ਜਦੋਂ ਵਿਅਕਤੀ ਚੇਤੰਨ ਹੋ ਕੇ ਕੰਮ ਕਰਦਾ ਹੈ ਤਾਂ ਉਸਦਾ ਮਨ ਕਿਰਿਆਸ਼ੀਲ ਹੁੰਦਾ ਹੈ। ਚੇਤੰਨ ਹਿੱਸਾ ਦੂਜਿਆਂ ਹਿਸਿਆਂ ਦੇ ਮੁਕਾਬਲੇ ਸਾਪੇਖਕ ਤੌਰ ਤੇ ਘੱਟ ਮਹੱਤਵਪੁਰਨ ਹੈ।
ਅਵਚੇਤਨ
[ਸੋਧੋ]ਚੇਤਨ ਤੋਂ ਇਲਾਵਾ ਜੋ ਕੁਝ ਵੀ ਹੈ ਉਹ ਅਵਚੇਤਨ ਹੈ। ਅਵਚੇਤਨ ਅੰਤਰਲੇ ਮਨ ਦਾ ਇੱਕ ਬਹੁਤ ਵੱਡਾ ਭੰਡਾਰ ਹੈ,ਜਿਸ ਵਿੱਚ ਦਮਿਤ ਵਾਧੂ ਗਿਆਨ, ਅਪੂਰਤ ਇੱਛਾਵਾਂ ਅਤੇ ਯਾਦਾਂ ਰਹਿੰਦੀਆਂ ਹਨ।
ਅਰਧ ਚੇਤਨ ਮਨ
[ਸੋਧੋ]ਅਰਧ ਚੇਤਨ ਮਨ ਨੂੰ ਸਾਧਾਰਨ ਮਨੋਵਿਗਿਆਨ ਵਿੱਚ ਸਿਮਰਤੀ ਕਿਹਾ ਗਿਆ ਹੈ ਜਦੋਂ ਅਵਚੇਤਨ ਮਨ ਦੀ ਕੋਈ ਇੱਛਾ ਅਭਿਵਿਅਕਤ ਹੋਣਾ ਚਾਹੁੰਦੀ ਹੈ ਤਾਂ ਉਹ ਭਾਵ, ਇੱਛਾ, ਵਿਚਾਰ, ਲੋੜ, ਜ਼ਰੂਰਤ ਅਨੁਸਾਰ ਯਾਦ ਕੀਤੀ ਜਾ ਸਕਦੀ ਹੈ। ਜਦ ਅਵਚੇਤਨ ਮਨ ਦੇ ਅਨੁਭਵ ਚੇਤਨ ਮਨ ਵਿੱਚ ਆਉਂਦੇ ਹਨ ਤਾਂ ਵਿਅਕਤੀ ਨੂੰ ਉਹਨਾਂ ਦੀ ਚੇਤਨਾ ਹੁੰਦੀ ਹੈ। ਇਸ ਪ੍ਰਕਾਰ ਅਵਚੇਤਨ ਅਨੁਭਵ ਦੇ ਚੇਤਨ ਹੋਣ ਤਕ ਦੀ ਪ੍ਰਕਿਰਿਆ ਨੂੰ ਅਰਧ ਚੇਤਨ ਮਨ ਨਾਲ ਸੰਬੰਧਿਤ ਮੰਨਿਆ ਜਾਂਦਾ ਹੈ।[6]
ਸਾਹਿਤ ਦੇ ਮਨੋਵਿਗਿਆਨਿਕ ਅਧਿਐਨ ਦੀਆਂ ਵਿਧੀਆਂ
[ਸੋਧੋ]ਸਾਹਿਤ ਦਾ ਮਨੋਵਿਗਿਆਨਿਕ ਅਧਿਐਨ ਕਰਨ ਲਈ ਸਾਹਿਤਕ ਮਨੋਵਿਗਿਆਨ ਦੀਆਂ ਤਿੰਨ ਵਿਧੀਆਂ ਅਪਣਾਈਆਂ ਜਾਂ ਸਕਦੀਆਂ ਹਨ 1.ਸਧਾਰਨ ਵਿਧੀ 2.ਪ੍ਰਯੋਗਾਤਮਕ ਵਿਧੀ 3.ਮਨੋਵਿਸ਼ਲੇਸ਼ਣਾਤਮਕ ਵਿਧੀ ਸਾਹਿਤਕਾਰ ਦਾ ਸਾਹਿਤ ਰਚਣ ਵਿੱਚ ਨਿਸ਼ਚੇ ਹੀ ਕੋਈ ਨਾ ਕੋਈ ਪ੍ਰਯੋਜਨ ਜ਼ਰੂਰ ਹੁੰਦਾ ਹੈ। ਉਹ ਸਾਹਿਤ ਦੀ ਰਚਨਾ ਆਤਮ ਅਭਿਵਿਅਕਤੀ ਲਈ ਦੂਸਰਿਆਂ ਨੂੰ ਉਪਦੇਸ਼ ਦੇਣ ਲਈ ਤੇ ਪ੍ਰਸਿੱਧੀ ਪ੍ਰਾਪਤ ਕਰਨ ਲਈ ਵੀ ਕਰ ਸਕਦਾ ਹੈ। ਪ੍ਰਯੋਗਾਤਮਕ ਵਿਧੀ ਦੁਆਰਾ ਸਾਹਿਤਕਾਰ ਦੀ ਸਾਹਿਤ ਵਿੱਚ ਰੁਚੀ / ਅਰੁਚੀ,ਭਾਵਨਾ ਟੀ ਵਾਂ ਦੀ ਸਪਸ਼ਟਤ / ਅਸਪਸ਼ਟਤਾ, ਅਭਿਵਿਅਕਤ ਭਾਸ਼ਾ ਸ਼ੈਲੀ ਦੀ ਸੁੰਦਰਤਾ/ ਅਸੁੰਦਰਤਾ,ਸ਼ਬਦ ਯੋਜਨਾ,ਵਿਅਕਤਿਤਵ ਦੀ ਛਾਪ ਆਦਿ ਵਿਸ਼ਿਆਂ ਬਾਰੇ ਸਪਸ਼ਟਤਾ ਮਿਲਦੀ ਹੈ ਭਾਵ ਇਸ ਵਿਧੀ ਦੁਆਰਾ ਹੀ ਅਸੀਂ ਸਾਹਿਤਕਾਰ ਅਤੇ ਉਸਦੇ ਸਾਹਿਤਕ ਸੰਬਧਾਂ ਵਿਚਲੇ ਵਸਤੂਗਤ ਰੂਪ ਸੰਬੰਧੀ ਨਤੀਜੇ ਤੇ ਪਹੁੰਚਣ ਦੇ ਸਮਰੱਥ ਹੋ ਸਕਦੇ ਹਾਂ।ਮਨੋਵਿਸ਼ਲੇਸ਼ਣਾਤਮਕ ਵਿਧੀ ਦੀ ਨੀਂਹ ਸਿਗਮੰਡ ਫ਼ਰਾਇਡ ਦੇ ਮਨੋਵਿਸ਼ਲੇਸ਼ਣਾਤਮਕ ਸਿਧਾਂਤ ਤੇ ਉਸਰੀ ਹੈ। ਮਨੋਵਿਸ਼ਲੇਸ਼ਣਾਤਮਕ ਪ੍ਰਣਾਲੀ ਪੱਛਮੀ ਸਾਹਿਤ ਅਤੇ ਆਲੋਚਨਾ ਦੀ ਇੱਕ ਮਹੱਤਵਪੂਰਨ ਅਧਿਐਨ ਵਿਧੀ ਹੈ।[7]
ਪਲੈਟੋ ਦਾ ਵਿਚਾਰ
[ਸੋਧੋ]ਪਲੈਟੋ ਦਾ ਵਿਚਾਰ ਸੀ ਕਿ ਕਾਵਿ ਪ੍ਰਤਿਭਾ ਇਕ ਪ੍ਰਕਾਰ ਦਾ ਪਾਗ਼ਲਪਨ ਹੈ । ਕਵੀ ਉਸ ਸਮੇਂ ਤੱਕ ਆਪਣੇ ਛੰਦ ਉਚਾਰ ਨਹੀਂ ਸਕਦਾ ਜਦੋਂ ਤੱਕ ਉਸਦਾ ਦਿਮਾਗ਼ ਚੱਲ ਨਾ ਜਾਵੇ । ਕਾਵਿ-ਰਚਨਾ ਸਮੇਂ ਉਹ ਕਿਸੇ ਪਰਾ-ਪ੍ਰਕ੍ਰਿਤਿਕ ਸ਼ਕਤੀ ਦੇ ਵੱਸ ਵਿੱਚ ਹੁੰਦਾ ਹੈ । ਇਸ ਪ੍ਰਕਾਰ ਉਹ ਸਾਧਾਰਨ ਮਨੁੱਖ ਤੋਂ ਵੱਖਰਾ ਹੈ, ਇਕੋ ਸਮੇਂ ਵੱਡਾ ਅਤੇ ਛੋਟਾ ਵੀ ।
ਟੀ ਼ਐਸ ਼ਈਲੀਅਟ ਦਾ ਮੱਤ
[ਸੋਧੋ]ਟੀ. ਐੱਸ.ਈਲੀਅਟ ਨੇ ਆਪਣੀਆਂ ਆਰੰਭਿਕ ਲਿਖਤਾਂ ਵਿਚ ਇਹੋ ਮੱਤ ਪ੍ਰਗਟਾਇਆ ਸੀ ਕਿ ਸ਼ਾਇਰ ਮਨੁੱਖੀ ਨਸਲ ਦੇ ਅਤਿ ਪੁਰਾਣੇ ਲੱਛਣਾਂ ਨੂੰ ਬਣਾਈ ਰੱਖਦਾ ਹੈ । ਉਹ ਭਵਿੱਖ ਵੱਲ ਵਧਦਾ ਹੋਇਆ ਵੀ ਆਪਣੇ ਬਚਪਨ ਅਤੇ ਮਨੁੱਖ ਜਾਤੀ ਦੇ ਬਚਪਨ ਨਾਲ ਸੰਬੰਧ ਜੋੜੀ ਰੱਖਦਾ ਹੈ । ਆਪਣੇ ਸਮਕਾਲੀਆਂ ਵਿਚ ਕਵੀ ਸਭ ਤੋਂ ਵਧੇਰੇ ਵਧੀਕ ਆਦਿਮ ਅਤੇ ਸਭ ਤੋਂ ਵਧੀਕ ਸਭਿਅ ਹੈ । ਉਸ ਨੇ ਸ੍ਰਵਣਾਤਮਕ ਕਲਪਨਾ ਅਤੇ ਬਾਰ - ਬਾਰ ਆਉਣ ਵਾਲੀ ਬਿੰਬਾਵਲੀ ਦਾ ਜ਼ਿਕਰ ਕਰਦੇ ਹੋਏ ਕਿਹਾ ਹੈ , “ ਹੋ ਸਕਦਾ ਹੈ ਇਸ ਦਾ ਮੁੱਲ ਪ੍ਰਤੀਕਾਤਮਕ ਹੋਵੇ । ਪਰ , ਇਸ ਬਾਰੇ ਨਿਸ਼ਚੇ ਨਾਲ ਕੁਝ ਨਹੀਂ ਕਿਹਾ ਜਾ ਸਕਦਾ , ਕਿਉਂਕਿ ਇਹ ਬਿੰਬ - ਭਾਵਨਾ ਦੀਆਂ ਅਜੇਹੀਆਂ ਗਹਿਰਾਈਆਂ ਵੱਲ ਸੰਕੇਤ ਕਰਦੇ ਹਨ ਜਿਨ੍ਹਾਂ ਉੱਪਰ ਅਸੀਂ ਝਾਤ ਨਹੀਂ ਪਾ ਸਕਦੇ । ਸਭਿਅ ਮਨੁੱਖ ਵਿਚ ਪੂਰਬ - ਤਾਰਕਿਕ ਮਨੋਅਵਸਥਾ ਕਾਇਮ ਰਹਿੰਦੀ ਹੈ , ਪਰ ਇਸ ਦਾ ਸੰਕੇਤ ਕਵੀ ਨੂੰ ਜਾਂ ਕਵੀ ਰਾਹੀਂ ਹੀ ਮਿਲਦਾ ਹੈ ।
ਯੁੰਗ ਦਾ ਵਿਚਾਰ
[ਸੋਧੋ]ਯੁੰਗ ਦਾ ਮੱਤਹੈ ਕਿ ਵਿਅਕਤੀਗਤ ਅਵਚੇਤਨ ਦੇ ਹੇਠ ਸਾਡਾ ਨਸਲੀ ਅਵਚੇਤਨ ਵੀ ਹੁੰਦਾ ਹੈ । ਨਸਲੀ ਅਵਚੇਤਨ ਜਾਂ ਨਸਲੀ ਅਤੀਤ ਹੋ ਸਕਦਾ ਹੈ ਸਾਡੇ ਪੂਰਬ ਮਨੁੱਖੀ ਅਤੀਤ ਦੀਆਂ ਯਾਦਾਂ ਸਾਂਭੀ ਬੈਠਾ ਹੈ। ਨਸਲੀ ਅਵਚੇਤਨ ਨੂੰ ਸਮਝਣਾ ਕਠਿਨ ਹੀ ਨਹੀਂ, ਲਗਪਗ ਅਸੰਭਵ ਹੈ, ਪਰ ਇਹ ਜੀਵੰਤ ਹੋਂਦ ਹੈ ਅਤੇ ਜੀਵਨ ਦੀ ਕਿਰਿਆ ਵਿਚੋਂ ਇਸ ਨੂੰ ਖ਼ਾਰਜ ਕਰ ਦੇਣਾ ਸਾਡੇ ਵੱਸ ਦੀ ਗੱਲ ਨਹੀਂ। ਕਵੀ ਇਕ ਪਾਸੇ ਸੁਚੇਤ ਅਤੇ ਅਚੇਤ ਮਨ ਦਾ ਬਾਹਰ ਕਰਨ ਕਰ ਰਿਹਾ ਹੁੰਦਾ ਹੈ, ਪਰ ਉਸ ਦੇ ਅਣਜਾਣਿਆਂ ਹੀ ਨਸਲੀ ਅਵਚੇਤਨ ਵੀ ਸਿਰਜਨਾਤਮਕ ਕਿਰਿਆ ਵਿਚ ਸ਼ਾਮਲ ਹੁੰਦਾ ਹੈ। ਯੁੰਗ ਦਾ ਵਿਚਾਰ ਯੁੰਗ ਦੇ ਮਤ ਹੈ ਕਿ ਵਿਅਕਤੀਗਤ ਅਵਚੇਤਨ ਦੇ ਹੇਠ ਸਾਡਾ ਨਸਲੀ ਅਵਚੇਤਨ ਵੀ ਹੁੰਦਾ ਹੈ । ਨਸਲੀ ਅਵਚੇਤਨ ਜਾਂ ਨਸਲੀ ਅਤੀਤ ਹੋ ਸਕਦਾ ਹੈ ਸਾਡੇ ਪੂਰਬ ਮਨੁੱਖੀ ਅਤੀਤ ਦੀਆਂ ਯਾਦਾਂ ਸਾਂਭੀ ਬੈਠਾ ਹੈ। ਨਸਲੀ ਅਵਚੇਤਨ ਨੂੰ ਸਮਝਣਾ ਕਠਿਨ ਹੀ ਨਹੀਂ, ਲਗਪਗ ਅਸੰਭਵ ਹੈ, ਪਰ ਇਹ ਜੀਵੰਤ ਹੋਂਦ ਹੈ ਅਤੇ ਜੀਵਨ ਦੀ ਕਿਰਿਆ ਵਿਚੋਂ ਇਸ ਨੂੰ ਖ਼ਾਰਜ ਕਰ ਦੇਣਾ ਸਾਡੇ ਵੱਸ ਦੀ ਗੱਲ ਨਹੀਂ। ਕਵੀ ਇਕ ਪਾਸੇ ਸੁਚੇਤ ਅਤੇ ਅਚੇਤ ਮਨ ਦਾ ਬਾਹਰ ਕਰਨ ਕਰ ਰਿਹਾ ਹੁੰਦਾ ਹੈ, ਪਰ ਉਸ ਦੇ ਅਣਜਾਣਿਆਂ ਹੀ ਨਸਲੀ ਅਵਚੇਤਨ ਵੀ ਸਿਰਜਨਾਤਮਕ ਕਿਰਿਆ ਵਿਚ ਸ਼ਾਮਲ ਹੁੰਦਾ ਹੈ।ਯੁੰਗ ਦੀ ਪ੍ਰਸਿੱਧੀ ਉਸਦੀ ਟਾਇਪ -ਵੰਡ ਕਰਕੇ ਹੈ। ਉਸ ਨੇ ਸਮੁੱਚੀ ਮਨੁੱਖਤਾ ਨੂੰ ਚਾਰ ਪ੍ਰਮੁੱਖ ਚਰਿਤਰ -ਵਰਗਾਂ ਵਿਚ ਵੰਡਿਆ ਹੈ। ਇਹ ਚਾਰ ਵਰਗ ਮਨੁੱਖ ਦੀਆਂ ਚਾਰ ਸ਼ਕਤੀਆਂ ਚਿੰਤਨ (thinking), ਭਾਵਨਾ (feeling), ਅੰਤਰਬੋਧ (intuition), ਅਤੇ ਸੰਵੇਦਨ (sensation) ਉੱਪਰ ਆਧਾਰਿਤ ਹਨ। ਮਨੁੱਖ ਦਾ ਸੰਸਾਰ ਨਾਲ ਨਾਤਾ ਇਹਨਾ ਚਾਰ ਵਿਧੀਆਂ ਰਾਹੀਂ ਹੁੰਦਾ ਹੈ। ਚਰਿਤਰ - ਵਰਗ ਅੰਤਰਮੁਖ ਜਾਂ ਬਾਹਰਮੁਖ ਹੋ ਸਕਦਾ ਹੈ। ਇਸ ਪ੍ਰਕਾਰ ਕੁੱਲ ਅੱਠ ਚਰਿਤਰ - ਵਰਗ ਹਨ। ਇਸ ਤੋਂ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ ਸਾਰੇ ਲੇਖਕ ਅੰਤਰਮੁਖ ਹਨ। ਸਾਹਿਤਕ ਕਿਰਤ ਲਾਜ਼ਮੀ ਤੌਰ 'ਤੇ ਕਿਸੇ ਸਾਹਿਤਕਾਰ ਦੀ ਚਰਿਤਰ -ਵਿਧੀ ਦਾ ਪ੍ਰਤੀਬਿੰਬ ਹੋਵੇਗੀ , ਇਹ ਜ਼ਰੂਰੀ ਨਹੀ
ਸਾਧਾਰਣ ਜੀਵਨ ਵਿੱਚ ਵੀ ਮਨੁੱਖ ਕਦੀ ਕਦਾਈਂ ਆਪਣੇ ਸੁਭਾਅ ਦੇਦੇ ਵਿਰੁੱਧ ਕਿਰਿਆਸੀਲ ਨਜ਼ਰ ਆਉਂਦਾ ਹੈ। ਅਤਿਅੰਤ ਸ਼ਾਂਤ ਸੁਭਾਉ ਵਾਲੇ ਵਿਅਕਤੀ ਦਾ ਅਚਨਚੇਤੀ ਗੁੱਸਾ ਕਦੀ ਕਦਾਈ ਪ੍ਰਚੰਡ ਵੇਗ ਨਾਲ ਪ੍ਰਗਟ ਹੁੰਦਾ ਹੈ। ਹਿੰਦੀ ਕਵੀ ਬੱਚਨ ਅਤੇ ਪੰਜਾਬੀ ਕਵੀ ਦਰਸ਼ਨ ਵਿਚ ਅਵਾਰਾ ਸਾਧਾਰਣ ਜੀਵਨ ਵਿੱਚ ਸੂਫ਼ੀ ਪਰ ਸਾਹਿਤ -ਸਿਰਜਣਾ ਵਿੱਚ ਰਿੰਦ ਹਨ। ਯੁੰਗ ਦਾ ਮੱਤ ਹੈ ਕਿ ਅੰਤਰਮੁਖ ਸੁਭਾਉ ਵਾਲੇ ਵਿਅਕਤੀ ਦੀ ਬਾਹਰਮੁਖਤਾ ਡੂੰਘੇ ਅਵਚੇਤਨ ਵਿਚ ਪਈ ਰਹਿੰਦੀ ਹੈ ਅਤੇ ਜਦੋਂ ਵੀ ਪ੍ਰਗਟ ਹੁੰਦੀ ਹੈ, ਪ੍ਰਬਲ ਪ੍ਰਚੰਡਤਾ ਨਾਲ ਹੁੰਦੀ ਹੈ, ਕਿਉਂਕਿ ਅਵਚੇਤਨ ਦੀ ਸ਼ਕਤੀ ਚੇਤਨ ਦੇ ਮੁਕਾਬਲੇ ਕਿਤੇ ਵਧੇਰੇ ਵੇਗ਼ਵਾਨ ਹੈ। ਇਸ ਪ੍ਰਕਾਰ ਸਾਹਿਤਕਾਰ ਆਪਣੇ ਚਰਿਤਰ ਨੂੰ ਪ੍ਰਗਟਾ ਵੀ ਸਕਦਾ ਹੈ ਅਤੇ ਉਸ ਨੂੰ ਰੱਦ ਕੇ ਉਸ ਦੇ ਵਿਰੋਧ ਨੂੰ ਵੀ ਅਪਣਾ ਸਕਦਾ ਹੈ।[8]
ਐਡਲਰ ਦਾ ਵਿਚਾਰ
[ਸੋਧੋ]ਆਧੁਨਿਕ ਯੁੱਗ ਦੇ ਇਕ ਮਨੋਵਿਸ਼ਲੇਸ਼ਕ ਐਡਲਰ ਦੇ ਵਿਚਾਰ ਅਨੁਸਾਰ " ਕਾਵਿ-ਰਚਨਾ ਦੀ ਦਾਤ ਇਕ ਪ੍ਰਕਾਰ ਦੀ ਹਾਨੀ- ਪੂਰਤੀ ਹੈ । "
ਸੂਰਦਾਸ ਅਤੇ ਹੋਮਰ ਅੰਨ੍ਹੇ ਸਨ, ਬਾਇਰਨ ਲੰਗੜਾ ਅਤੇ ਜਾਇਸੀ ਕਰੂਪ ਸੀ। ਸਰੀਰਕ ਕਮੀਆਂ ਤੋਂ ਛੁੱਟ ਸਮਾਜਿਕ ਅਤੇ ਆਰਥਿਕ ਘਾਟੇ ਵੀ ਹੋ ਸਕਦੇ ਹਨ ਅਤੇ ਕਵਿਤਾ ਦੀ ਦਾਤ ਉਨ੍ਹਾਂ ਦੀਆਂ ਕਮੀਆਂ ਨੂੰ ਪੂਰਦੀ ਹੈ। ਕੁਝ ਬਦਕਿਸਮਤ ਇਨਸਾਨਾਂ ਨੂੰ ਕਵਿਤਾ ਦੀ ਦਾਤ ਇਕ ਤਰ੍ਹਾਂ ਮੁਆਵਜ਼ੇ ਦੀ ਤਰ੍ਹਾਂ ਪ੍ਰਾਪਤ ਹੁੰਦੀ ਹੈ । ਕਵੀ ਹੀ ਨਹੀਂ, ਵਿਗਿਆਨੀ, ਦਾਰਸ਼ਨਿਕ, ਜਰਨੈਲ,ਰਾਜੇ ਵਜ਼ੀਰ ਸਭ ਦੀ ਸਫ਼ਲਤਾ ਦਾ ਸੰਬੰਧ ਕਿਸੇ ਹੀਨਤਾ ਨਾਲ ਜੋੜਿਆ ਜਾ ਸਕਦਾ ਹੈ। ਲੇਖਕ ਇਨ੍ਹਾਂ ਸਭ ਤੋਂ ਇਸ ਗੱਲ ਕਾਰਣ ਵੱਖਰੇ ਹਨ ਕਿ ਉਹ ਆਪਣੇ ਰੋਗ ਨੂੰ ਆਪਣੀ ਕਲਾ-ਕਿਰਤ ਦਾ ਵਿਸ਼ਾ ਵਸਤੂ ਬਣਾ ਲੈਂਦੇ ਹਨ।
Synaesthesia
[ਸੋਧੋ]ਡਾਕਟਰ ਹਰਿਭਜਨ ਸਿੰਘ ਦਾ ਇਹ ਵੀ ਵਿਸ਼ਵਾਸ ਹੈ ਕਿ ਸਾਹਿਤਕਾਰਾਂ ਵਿਸ਼ੇਸ਼ ਕਰਕੇ ਕਵੀਆਂ ਨਾਲ ਇਕ ਹੋਰ ਮਨੋਗੁਣ ਵੀ ਸੰਬੰਧਿਤ ਕੀਤਾ ਜਾਂਦਾ ਹੈ ਜਿਸਨੂੰ synaesthesia ਕਹਿੰਦੇ ਹਨ। Synaesthesia ਇਕ ਤਰ੍ਹਾਂ ਦੀ ਸਾਹਿਤਕ ਵਿਧੀ ਹੈ। ਇਸ ਵਿਧੀ ਦੁਆਰਾ ਕਲਾਕਾਰ ਜੀਵਨ ਪ੍ਰਤੀ ਅਧਿਆਤਮਕ ਅਤੇ ਸੁਹਜਾਤਮਕ ਸੰਜੁਗਤੀ ਦਾ ਰਿਸ਼ਤਾ ਬੱਝਦਾ ਹੈ । ਅਮੂਰਤ ਅਤੇ ਸਮੂਰਤ ਇੱਕ ਦੂਜੇ ਨਾਲ਼ ਘੁਲ਼ -ਮਿਲ ਜਾਂਦੇ ਹਨ।
ਰਿੰਬੋ ਦਾ ਵਿਚਾਰ
[ਸੋਧੋ]ਰਿੰਬੋ ਦੇ ਵਿਚਾਰ :- ਪ੍ਰਸਿੱਧ ਫ਼ਰਾਂਸੀਸੀ ਮਨੋਵਿਗਿਆਨੀ ਰਿੰਬੋ ਨੇ ਕਲਾ ਪ੍ਰਤਿਭਾ ਨੂੰ ਢਲਣਸ਼ੀਲ ਅਤੇ ਵਹਿਣਸ਼ੀਲ ਮੰਨਿਆ ਹੈ। ਢਲਣਸ਼ੀਲ ਪ੍ਰਤਿਭਾ ਬਾਹਰਲੇ ਸੰਸਾਰ ਨੂੰ ਨੀਝ ਲਾ ਕੇ ਵੇਖਦੀ, ਉਸ ਤੋਂ ਉਤੇਜਿਤ ਹੁੰਦੀ ਅਤੇ ਉਸ ਦੇ ਪਸਾਰੇ ਨੂੰ ਕਲਾ/ਕਿਰਤ ਵਿਚ ਸਮੇਟ ਲੈਂਦੀ ਹੈ । ਇਸ ਦੇ ਉਲਟ ਵਹਿਣਸ਼ੀਲ ਪ੍ਰਤਿਭਾ ਆਪਣੀਆਂ ਨਿੱਜੀ ਭਾਵਨਾਵਾਂ ਤੋਂ ਸ਼ੁਰੂ ਹੁੰਦੀ ਹੈ ਅਤੇ ਉਨ੍ਹਾਂ ਨੂੰ ਲੈਅ ਅਤੇ ਬਿੰਬਾਂ ਵਿੱਚ ਫੈਲਾਉਂਦੀ ਹੈ। ਦੋਹਾਂ ਤਰ੍ਹਾਂ ਦੀਆਂ ਪ੍ਰਤਿਭਾਵਾਂ ਕੋਲ ਆਪਣੀ ਪ੍ਰਕਾਰ ਦਾ ਸੰਗਠਨ ਹੈ। ਜਿੱਥੇ ਪਹਿਲੀ ਪ੍ਰਤਿਭਾ ਪਸਾਰੇ ਤੋਂ ਬਿੰਦੂ ਵੱਲ ਸੰਗਠਿਤ ਹੁੰਦੀ ਹੈ,ਉੱਥੇ ਦੂਸਰੀ ਪ੍ਰਕਾਰ ਦੀ ਪ੍ਰਤਿਭਾ ਬਿੰਦੂ ਤੋਂ ਪਸਾਰੇ ਵੱਲ ਹੁੰਦੀ ਹੈ । ਪ੍ਰਸਿੱਧ ਅੰਗਰੇਜ਼ੀ ਕਵੀ ਈਲੀਅਟ ਵੀ ਇਸੇ ਪ੍ਰਕਾਰ ਦੇ ਚਿੰਤਨ ਤੋਂ ਪ੍ਰਭਾਵਿਤ ਹੋਇਆ ਹੈ । ਉਸ ਨੇ ਦਾਤੇ ਨੂੰ ਦਰਸ਼ਨੀ ਕਲਪਨਾ ਵਾਲਾ ਕਵੀ ਮੰਨਿਆ ਹੈ ਅਤੇ ਮਿਲਟਨ ਨੂੰ ਸ੍ਰਵਣੀ ਕਲਪਨਾ ਵਾਲਾ ਮੰਨਿਆ ਹੈ। ਜਿੱਥੇ ਪਹਿਲੀ ਪ੍ਰਕਾਰ ਦਾ ਕਵੀ ਦ੍ਰਿਸ਼ਟੀ ਖੇਤਰ ਵਿੱਚ ਆਉਣ ਵਾਲੇ ਅਨੁਭਵ ਤੋਂ ਪ੍ਰੇਰਿਤ ਹੈ, ਉੱਥੇ ਦੂਸਰਾ ਕਵੀ ਸ੍ਰਵਣ-ਬਿੰਦੂ ਤੋਂ ਪ੍ਰੇਰਣਾ ਪ੍ਰਾਪਤ ਕਰਦਾ ਹੈ ।
ਕਰੋਚੇ ਦੇ ਪਰਭਾਵ ਅਤੇ ਪ੍ਰਗਟਾਵੇ ਸੰਬੰਧੀ ਤੱਤ
[ਸੋਧੋ]ਕਰੋਚੇ ਦੇ ਪ੍ਰਭਾਵ ਅਤੇ ਪ੍ਰਗਟਾਵੇ ਸੰਬੰਧੀ ਮੱਤ : ਡਾ . ਹਰਿਭਜਨ ਸਿੰਘ ਅਨੁਸਾਰ ਕਵੀ ਦੀ ਮਾਨਸਿਕਤਾ ਅਤੇ ਕਵਿਤਾ ਦੀ ਰਚਨਾ ਵਿਚਕਾਰ ਅੰਤਰ ਸਪਸ਼ਟ ਕਰ ਲੈਣਾ ਉੱਚਿਤ ਪ੍ਰਤੀਤ ਹੁੰਦਾ ਹੈ । ਇਸ ਨੂੰ ਪ੍ਰਭਾਵ ਅਤੇ ਪ੍ਰਗਟਾਵੇ ਦੇ ਅੰਤਰ ਦਾ ਨਾਮ ਵੀ ਦਿੱਤਾ ਜਾ ਸਕਦਾ ਹੈ । ਪ੍ਰੋ . ਕਰੋਚੇ ਪ੍ਰਭਾਵ ਅਤੇ ਪ੍ਰਗਟਾਵੇ ਵਿਚ ਕੋਈ ਅੰਤਰ ਸਵੀਕਾਰ ਨਹੀਂ ਕਰਦਾ , ਕਿਉਂਕਿ ਉਹ ਪ੍ਰਗਟਾਵੇ ਨੂੰ ਵੀ ਮਨੁੱਖ ਦੇ ਮਨ ਅੰਦਰ ਵਾਪਰਨ ਵਾਲੀ ਘਟਨਾ ਸਮਝਦਾ ਹੈ । ਲੇਖਕਾਂ ਅਤੇ ਆਲੋਚਕਾਂ ਨੇ ਕਰੋਚੇਂ ਦੇ ਵਿਚਾਰ ਨੂੰ ਸਵੀਕਾਰ ਨਹੀਂ ਕੀਤਾ । ਉਹ ਅਨੁਭਵ ਅਤੇ ਪ੍ਰਗਟਾਵੇ ਨੂੰ ਅਭੇਦ ਕਰਨ ਦੇ ਹੱਕ ਵਿਚ ਨਹੀਂ । ਕਵੀ ਕਵਿਤਾ ਦਾ ਸਿਰਜਣਹਾਰ ਹੈ । ਇਹ ਠੀਕ ਹੈ ਕਿ ਕਵੀ ਦਾ ਸਮੁੱਚਾ ਸੰਵੇਦਨਸ਼ੀਲ ਜੀਵਨ ਉਸ ਦੀਆਂ ਕਵਿਤਾਵਾਂ ਦਾ ਵਿਸ਼ਾ - ਵਸਤੂ ਹੈ ਪਰੰਤੂ ਕਵਿਤਾਵਾਂ ਦੇ ਸਿਰਜਣ ਸਮੇਂ ਉਹ ਸਹਿਜ ਸੰਵੇਦਕ ਹੀ ਨਹੀਂ , ਸੁਚੇਤ ਸਿਰਜਕ ਵੀ ਹੈ । ਕਰੋਚੇ ਦਾ ਵਿਚਾਰ ਵਧੇਰੇ ਬੁਨਿਆਦੀ ਹੈ । ਉਸ ਦੇ ਮੱਤ ਅਨੁਸਾਰ ਕਲਾ - ਸਿਰਜਣ ਹਰ ਮਨੁੱਖ ਦੇ ਅੰਦਰ ਹੁੰਦਾ ਹੈ । ਕਰੋਚੇ ਦੇ ਚਿੰਤਨ - ਵਿਧਾਨ ਵਿਚ ਕਵੀ ਅਤੇ ਅਕਵੀ , ਚਿਤ੍ਕਾਰ ਅਤੇ ਅਚਿਤ੍ਰਕਾਰ ਵਿਚਕਾਰ ਕੋਈ ਅੰਤਰ ਨਹੀਂ । ਇਸ ਦੇ ਵਿਰੁੱਧ ਸਮੁੱਚਾ ਕਲਾ - ਚਿੰਤਨ ਅਨੁਭਵ ਅਤੇ ਪ੍ਰਗਟਾਵੇ , ਭਾਵਨਾ ਅਤੇ ਸਿਰਜਣ ਦਾ ਅੰਤਰ ਸਵੀਕਾਰ ਕਰਦਾ ਹੈ ।[9]
ਵੱਖ-ਵੱਖ ਚਿੰਤਕਾਂ ਦੇ ਸਾਹਿਤ ਅਤੇ ਮਨੋਵਿਗਿਆਨ ਸੰਬੰਧੀ ਵਿਚਾਰ
[ਸੋਧੋ]ਪੱਛਮ ਦੇ ਸਿਰਮੌਰ ਵਿਗਿਆਨੀ ਸਿਗਮੰਡ ਫ਼ਰਾਇਡ,ਐਲਫ਼ਰਡ ਐਡਲਰ,ਸੀ.ਜੀ.ਜੁੰਗ ਅਤੇ ਯੱਕ ਲਾਕਾਂ ਇਸਦੇ ਪ੍ਰਸਿੱਧ ਚਿੰਤਕ ਹੋਏ ਹਨ। ਉਹਨਾਂ ਅਨੁਸਾਰ ਮਨੁੱਖੀ ਮਨ ਸੰਬੰਧੀ ਦ੍ਰਿਸ਼ਟਾਂਤ ਦੀ ਆਧਾਰਸ਼ਿਲਾ ਸਾਹਿਤਕ ਕਿਰਤਾਂ ਹੀ ਹਨ।ਇਸ ਸਿਧਾਂਤ ਦੇ ਆਧਾਰ ਤੇ ਹੀ ਫ਼ਰਾਇਡ ਅਤੇ ਹੋਰ ਮਨੋਵਿਗਿਆਨੀਆਂ ਨੇ ਸਾਹਿਤ ਅਤੇ ਕਲਾ ਨੂੰ ਪਰਿਭਾਸ਼ਿਤ ਕਰਨ ਦੇ ਯਤਨ ਕੀਤੇ ਹਨ।19 ਵੀਂ ਸਦੀ ਦੇ ਦੂਜੇ ਦਹਾਕੇ ਦੇ ਮੁੱਢ ਵਿੱਚ ਹੀ ਇਸ ਸਿਧਾਂਤ ਦਾ ਅਸਰ ਕਾਫੀ ਫੈਲ ਗਿਆ ਸੀ।ਡਾ.ਅਰਨੈਸਟ ਜੋਨਜ਼ ਨੇ 1910 ਈ. ਵਿੱਚ ‘ਹੈਮਲੇਟ’ ਦੀ ਫ਼ਰਾਇਡ ਦੇ ਦ੍ਰਿਸ਼ਟੀਕੋਣ ਤੋਂ ਵਿਆਖਿਆ ਕੀਤੀ।ਐਡਲਰ ਦੇ ਹੀਣਤਾ ਦੇ ਸੰਕਲਪ ਅਤੇ ਜੁੰਗ ਦੇ ਸਮੂਹਿਕ ਅਵਚੇਤਨ ਦੇ ਸੰਕਲਪ ਨੇ ਵੀ ਸਾਹਿਤਕਾਰਾਂ ਨੂੰ ਖਾਸ ਤੌਰ ਤੇ ਪ੍ਰਭਾਵਿਤ ਕੀਤਾ। ਮਨੋਵਿਸ਼ਲੇਣਾਤਮਕ ਆਲੋਚਨਾ ਫਰਾਇਡ ਦੁਆਰਾ ਸਭ ਤੋਂ ਪਹਿਲਾਂ ਅਸਲ ਵਿੱਚ ਲਿਆਂਦੀ ਗਈ। ਉਸਨੇ ਮਨੋਵਿਸ਼ਲੇਸ਼ਣ ਨੂੰ ਮਨੋਰੋਗੀਆਂ ਨੂੰ ਸਹੀ ਕਰਨ ਲਈ ਵਰਤੋਂ ਵਿੱਚ ਲਿਆਂਦਾ ਤੇ ਆਪਣੇ ਵਿਸ਼ਲੇਸ਼ਣ ਨੂੰ ‘taking cure’ਕਿਹਾ।ਮਨੋਵਿਸ਼ਲੇਸ਼ਣ ਫ਼ਰਾਇਡ ਨੇ ਸਾਧਾਰਨ ਮਨੁੱਖ ਦੇ ਮਨ ਨੂੰ ਚੇਤਨ ਮਨ ਅਤੇ ਆਸਾਧਾਰਨ ਮਨੁੱਖ ਦੇ ਮਨ ਨੂੰ ਅਵਚੇਤਨ ਮਨ ਨਾਲ ਜੋੜਿਆ ਹੈ।ਫ਼ਰਾਇਡ ਅਨੁਸਾਰ ਮਨੁੱਖ ਦੀਆਂ ਅਵਚੇਤਨ ਮਨ ਵਿੱਚ ਪਈਆਂ ਹੋਈਆਂ ਅਪੂਰਨ ਖਾਹਿਸ਼ਾਂ ਉਸਦੇ ਸੁਪਨਿਆਂ ਅਥਵਾ ਉਸਦੀਆਂ ਅਚੇਤ ਕਿਰਿਆਵਾਂ ਰਾਹੀਂ ਪ੍ਰਗਟ ਹੁੰਦੀਆਂ ਹਨ। ਫ਼ਰਾਇਡ ਨੇ ਕਲਾਕਾਰ ਸੰਬੰਧੀ ਪਰਿਭਾਸ਼ਾ ਦਿੰਦੇ ਹੋਏ ਕਿਹਾ ਹੈ ਕਿ, “ਕਲਾਕਾਰ ਉਹਨਾਂ ਇੱਛਾਵਾਂ ਨੂੰ ਪ੍ਰਗਟ ਕਰਦਾ ਹੈ ਜਿਹੜੀਆਂ ਇੱਛਾਵਾਂ ਦਾ ਆਪਸ ਵਿੱਚ ਸੰਘਰਸ਼ ਹੈ”। ਫ਼ਰਾਇਡ ਦੇ ਇਸ ਵਿਸ਼ਲੇਸ਼ਣ ਨੂੰ ਸੁਪਨਿਆਂ ਦੀ ਅਭਿਵਿਅਕਤੀ ਕਿਹਾ ਜਾਂਦਾ ਹੈ। ਫ਼ਰਾਇਡ ਅਨੁਸਾਰ ਸਾਹਿਤਕਾਰ/ ਕਲਾਕਾਰ ਸੁਪਨ ਚਿੱਤਰਾਂ ਦੀ ਵਰਤੋਂ ਇਸ ਲਈ ਕਰਦਾ ਹੈ ਕਿਉਂਕਿ ਉਹ ਮੂਲ ਰੂਪ ਵਿੱਚ ਮਨੋਤਾਪੀ/ ਮਨੋਰੋਗੀ ਹੁੰਦਾ ਹੈ,ਅਤੇ ਉਹ ਆਪਣੇ ਭਾਵਾਂ ਦਾ ਉੱਦਾਤੀਕਰਣ ਕਰਕੇ,ਕਲਾ ਸਿਰਜਕੇ ਆਪਣੇ ਮਾਨਸਿਕ ਤਣਾਉ ਨੂੰ ਸ਼ਾਤ ਕਰ ਲੈਂਦਾ ਹੈ। ਲੇਖਕਾਂ ਉੱਪਰ ਇਸ ਚਿੰਤਨ ਦਾ ਪ੍ਰਭਾਵ ਇੱਕੋ ਜਿਹਾ ਨਹੀਂ ਪਿਆ। ਬਹੁਤ ਸਾਰੇ ਲੇਖਕ ਫ਼ਰਾਇਡ ਦੇ ਵਿਚਾਰਾਂ ਨੂੰ ਇੱਕ ਹੱਦ ਤੱਕ ਸਾਹਿਤ-ਸਾਧਨਾਂ ਲਈ ਉੱਚਿਤ ਸਮਝਦੇ ਹਨ। ਮਿਸਾਲ ਵਜੋਂ ਪ੍ਰਸਿੱਧ ਆਧੁਨਿਕ ਕਵੀ ਆਡਨ ਦਾ ਦ੍ਰਿੜ੍ਹ –ਮਤ ਹੈ ਕਿ “ਕਲਾਕਾਰ ਨੂੰ ਆਪਣੇ ਵਿੱਤ ਮੁਤਾਬਕ ਮਨੋਰੋਗੀ ਬਣਿਆ ਹੀ ਰਹਿਣਾ ਚਾਹੀਦਾ ਹੈ”। ਇਸ ਦੇ ਉਲਟ ਬਹੁਤ ਸਾਰੇ ਸਾਹਿਤਕਾਰ ਮਨੋਰੋਗੀ ਅਖਵਾਉਣ ਤੋਂ ਝਿਜਕਦੇ ਹਨ। ਉਹ ਸਮਝਦੇ ਹਨ ਕਿ ਮਨੋਰੋਗ ਦਾ ਫ਼ਰਾਇਡੀ ਸੰਕਲਪ ਤਾਂ19 ਵੀ ਸਦੀ ਦੀ ਸਮਾਪਤੀ ਵੇਲੇ ਦਾ ਸੰਕਲਪ ਹੈ ਅਤੇ ਮਾਰਕਸ ਆਦਿ ਯਥਾਰਥਵਾਦੀ ਚਿੰਤਕਾਂ ਦੀਆਂ ਰਚਨਾਵਾਂ ਦੇ ਪ੍ਰਕਾਸ਼ ਵਿੱਚ ਸੋਧਿਆ ਜਾਣਾ ਚਾਹੀਦਾ ਹੈ। ਫ਼ਰਾਇਡ ਅਨੁਸਾਰ ਸੁਪਨੇ ਭਵਿੱਖਵਾਚਕ ਨਹੀਂ ਹੁੰਦੇ।ਉਹ ਤਾਂ ਕੇਵਲ ਸਾਡੇ ਵਰਤਮਾਨ ਦੀਆਂ ਅਵਚੇਤਨ ਸਮੱਸਿਆ ਤੇ ਹੱਲ-ਤਲਬ ਮਾਨਸਿਕ ਗੁੰਝਲਾਂ ਦਾ ਪ੍ਰਤੀਕਾਤਮਕ ਪ੍ਰਗਟਾਵਾ ਕਰਦੇ ਹਨ। ‘ਐਡਲਰ’ ਦਾ ਵਿਚਾਰ ਹੈ ਕਿ ਸੁਪਨੇ ਭਵਿੱਖਮੁਖੀ ਹੁੰਦੇ ਹਨ ਅਤੇ ‘ਜੁੰਗ’ ਸੁਪਨਿਆਂ ਨੂੰ ਵਰਤਮਾਨ ਨਾਲ ਜੋੜਦਾ ਹੈ।[10]
ਸਾਹਿਤ ਅਤੇ ਮਨੋਵਿਗਿਆਨ
[ਸੋਧੋ]ਸਾਹਿਤ ਅਤੇ ਮਨੋਵਿਗਿਆਨ ਦਾ ਰਿਸ਼ਤਾ ਚਾਰ ਪੱਧਰਾਂ ਉੱਪਰ ਪਛਾਣਿਆ ਜਾ ਸਕਦਾ ਹੈ।ਮਨੋਵਿਗਿਆਨ ਸਾਹਿਤਕਾਰ ਦੇ ਵਿਅਕਤਿਤਵ ਨਾਲ ਵੀ ਸੰਬੰਧਿਤ ਹੈ ਅਤੇ ਸਿਰਜਣ ਪ੍ਰਕਿਰਿਆ ਨਾਲ ਵੀ। ਮਨੋਵਿਗਿਆਨ,ਪਾਠਕ ਸਰੋਤੇ ਜਾਂ ਦਰਸ਼ਕ ਉੱਪਰ ਪੈਣ ਵਾਲੇ ਪ੍ਰਭਾਵ ਨਾਲ ਵੀ ਸੰਬੰਧਿਤ ਹੈ। ਸਾਹਿਤ ਸੰਚਾਰ ਦੇ ਅੰਤਰਗਤ ਵੀ ਕੁਝ ਮਨੋਵਿਗਿਆਨਕ ਨਿਯਮ ਕਿਰਿਆਸ਼ੀਲ ਰਹਿੰਦੇ ਹਨ। ਸਾਹਿਤ ਅਤੇ ਮਨੋਵਿਗਿਆਨ ਦੇ ਆਪਸੀ ਸੰਬੰਧ ਦੀ ਸਹੀ ਪਹਿਚਾਣ ਇਸ ਪੱਧਰ ਉੱਪਰ ਹੀ ਹੋ ਸਕਦੀ ਹੈ। ਸਾਹਿਤ ਅਤੇ ਮਨੋਵਿਗਿਆਨ ਦੇ ਆਪਸੀ ਰਿਸ਼ਤੇ ਦੀ ਚਰਚਾ ਤਾਂ ਉਸ ਸਮੇਂ ਤੋਂ ਚਲੀ ਆਉਂਦੀ ਹੈ ਜਦੋਂ ਇਸ ਵਿਗਿਆਨ ਦਾ ਜਨਮ ਵੀ ਨਹੀਂ ਸੀ ਹੋਇਆ।[11] ਸਾਹਿਤ ਨੂੰ ਮਨੋਵਿਗਿਆਨ ਦੇ ਆਧਾਰ ਉੱਤੇ ਪਰਖ਼ਣ ਲਈ ਪੱਛਮੀ ਦੇਸ਼ਾਂ ਵਿੱਚ ਕਾਫੀ ਯਤਨ ਹੋਏ ਹਨ। ਇੱਕ ਸਾਹਿਤਕਾਰ ਦੀ ਮਾਨਸਿਕ ਸੋਚ ਉੱਪਰ ਸਮਾਜਿਕ, ਪ੍ਰਕਿਰਤਕ, ਰਾਸ਼ਟਰੀ ਸੰਘਰਸ਼ ਜਾਂ ਭਾਵਨਾ ਦਾ ਬਹੁਤ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਉਹ ਉਹਨਾਂ ਭਾਵਨਾਵਾਂ ਨੂੰ ਹੀ ਸ਼ਾਬਦਿਕ ਜਾਮਾ ਪਹਿਨਾਉਂਦਾ ਹੈ। ਪ੍ਰਤੱਖ/ ਅਪ੍ਰਤੱਖ ਰੂਪ ਵਿੱਚ ਆਪਣੀ ਜਾਣਕਾਰੀ, ਵਿਚਾਰਧਾਰਾ ਤੇ ਵਿਅਕਤਿਤਵ ਦੀ ਛਾਪ ਜ਼ਰੂਰ ਛੱਡਦਾ ਹੈ। ਇਸ ਤਰ੍ਹਾਂ ਸਾਹਿਤਕ ਮਨੋਵਿਗਿਆਨ ਤੋਂ ਭਾਵ ਮਨੋਵਿਗਿਆਨ ਦੀ ਉਸ ਸ਼ਾਖਾਂ ਤੋਂ ਹੈ ਜਿਸ ਦੁਆਤਾ ਸਾਹਿਤ ਵਿੱਚ ਵਿਅਕਤ ਕੀਤੀਆਂ ਧਾਰਨਾਵਾਂ,ਵਿਚਾਰ, ਭਾਵਾਂ,ਮਾਨਸਿਕ ਪ੍ਰਕਿਰਿਆ,ਸਾਹਿਤਕਾਰ ਦੁਆਰਾ ਵਿਸ਼ਾ ਵਸਤੂ ਦੀ ਚੋਣ ਅਤੇ ਪਾਤਰਾਂ ਦੇ ਕਿਰਿਆ ਕਲਪਾਂ ਨੂੰ ਆਧਾਰ ਬਣਾਉਂਦੇ ਹੋਏ ਸਾਹਿਤਕਾਰ ਦੇ ਵਿਅਕਤਿਤਵ,ਸੁਭਾਅ ਤੇ ਵਿਵਹਾਰ ਦਾ ਅਧਿਐਨ ਸ਼ਾਮਲ ਹੋਵੇ।
ਸਾਹਿਤ ਸਿਰਜਣਾ ਦੀ ਪ੍ਰੇਰਣਾ
[ਸੋਧੋ]ਫ਼ਰਾਇਡ ਦੀ ਮਨੋਵਿਸ਼ਲੇਸ਼ਣਵਾਦੀ ਵਿਧੀ ਨੇ ਸਾਹਿਤ ਸਿਰਜਣਾ ਅਤੇ ਸਾਹਿਤ ਅਧਿਐਨ ਦੋਹਾਂ ਖੇਤਰਾਂ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ ਹੈ।ਸਿਰਜਣ ਪ੍ਰਕਿਰਿਆ ਮਨੁੱਖ ਦੇ ਸਮੁੱਚੇ ਵਿਅਕਤਿਤਵ ਨਾਲ ਸੰਬੰਧਿਤ ਹੈ ਅਤੇ ਉਸਨੂੰ ਕੇਵਲ ਇੱਕ ਖੰਡ ਤੱਕ ਸੀਮਿਤ ਨਹੀਂ ਕੀਤਾ ਜਾ ਸਕਦਾ। ਇੱਕ ਕਾਵਿ-ਕਿਰਤ ਅਵਚੇਤਨ ਵਿੱਚੋਂ ਜਨਮ ਲੈਂਦੀ ਹੈ ਪਰ ਰਚਨਾ ਸਮੇਂ ਕਵੀ ਸੁਚੇਤ ਯਤਨ ਵੀ ਕਰਦਾ ਹੈ। ਉਹ ਤਾਂ ਰਚਨਾ ਦੇ ਸਮਾਪਤ ਹੋ ਜਾਣ ਤੋਂ ਬਾਅਦ ਵੀ ਉਸ ਵਿੱਚ ਸੁਚੇਤ ਸੁਧਾਈ ਕਰਦਾ ਰਹਿੰਦਾ ਹੈ। ਪ੍ਰੇਰਣਾ ਜਾਂ ਆਵੇਸ਼ ਰਚਨਾ ਦੇ ਅਚੇਤ ਤੱਤ ਦਾ ਹੀ ਪਰੰਪਰਿਕ ਨਾਮ ਹੈ।ਪੱਛਮ ਵਿੱਚ ਆਵੇਸ਼ ਦਾ ਸੰਬੰਧ ‘muses’ ਨਾਲ ਜੋੜਿਆ ਜਾਂਦਾ ਰਿਹਾ ਹੈ ਅਤੇ ਭਾਰਤ ਵਿੱਚ ਸਰਸਵਤੀ ਦੇਵੀ ਨਾਲ। ਸਹਿਜ ਵਕਤਾ ਬਾਰੇ ਕਿਹਾ ਜਾਂਦਾ ਰਿਹਾ ਹੈ ਕਿ ਉਸਦੀ ਜੀਭ ਉੱਪਰ ਸਰਸਵਤੀ ਬੈਠੀ ਹੈ। ਸਵਿਤਾ ਨੂੰ ਸਰਸਵਤੀ ਦੇਵੀ ਦਾ ਵਰਦਾਨ ਮੰਨ ਕੇ ਪੁਰਾਣੇ ਕਵੀ ਗ੍ਰੰਥਾਂ ਦੇ ਆਰੰਭ ਵਿੱਚ ਇਸ ਦੇਵੀ ਨੂੰ ਧਿਆਉਂਦੇ ਸਨ। ਪਰ ਆਵੇਸ਼ ਦੀ ਅਵਸਥਾ ਤਾਂ ਪੈਦਾ ਵੀ ਕੀਤੀ ਜਾ ਸਕਦੀ ਹੈ। ਨਿਸ਼ਚੇ ਹੀ ਸਿਰਜਨਾਤਮਕ ਆਦਤਾਂ ਦੀ ਆਪਣੀ ਹੋਂਦ ਹੈ ਪਰ ਨਸ਼ੇ ਅਤੇ ਕਰਮ-ਕਾਂਡ ਵੀ ਉਸ ਪ੍ਰਕਾਰ ਦੀਆਂ ਹੋਦਾਂ ਹਨ। ਸ਼ਰਾਬ,ਅਫੀਮ ਅਤੇ ਹੋਰ ਨਸ਼ੀਲ ਪਦਾਰਥ ਵੀ ਸੁਚੇਤ ਮਨ ਨੂੰ ਨਿਸ਼ਚਿਤ ਕਰ ਦਿੰਦੇ ਹਨ। ਟੀਕਾ ਟਿੱਪਣੀ ਕਰਨ ਵਾਲੀ ਬੁੱਧੀ ਸੌਂ ਜਾਂਦੀ ਹੈ ਅਤੇ ਅਚੇਤ ਮਨ ਦੀ ਕਿਰਿਆਸ਼ੀਲ ਸ਼ਕਤੀ ਵਾਗਾਂ ਖੁੱਲ੍ਹ ਜਾਂਦੀਆਂ ਹਨ।ਕੋਲਵਿਜ ਦੀ ਅਤੇ ਡੀ ਕੁਇੰਸੀ ਦਾ ਮਤ ਹੈ ਕਿ ਅਫੀਮ ਦੇ ਸੇਵਨ ਨਾਲ ਅਨੁਭਵ ਦੇ ਇੱਕ ਨਵੇਂ ਸੰਸਾਰ ਦੇ ਦਰਵਾਜੇ ਖੁੱਲ੍ਹ ਜਾਂਦੇ ਹਨ। ਇਹ ਅਨੁਭਵ ਸੰਸਾਰ ਸਾਹਿਤ ਸਿਰਜਣਾ ਲਈ ਬਹੁਤ ਅਨੁਕੂਲ ਹੈ।ਪਰ ਵਰਤਮਾਨ ਕਾਲ ਵਿੱਚ ਜੋ ਨਵੇਂ ਤਰਜਰਬੇ ਹੋਏ ਹਨ ਉਸ ਤੋਂ ਪਤਾ ਲੱਗਦਾ ਹੈ ਕਿ ਨਸ਼ਈ ਕਵੀਆਂ ਦੀ ਰਚਨਾ ਦਾ ਮੁੱਖ ਆਧਾਰ ਉਹਨਾਂ ਦੀ ਰੋਗੀ ਮਾਨਸਿਕਤਾ ਹੈ, ਕਿਸੇ ਨਸ਼ੀਲੇ ਪਦਾਰਥ ਦਾ ਪ੍ਰਭਾਵ ਨਹੀਂ। ਆਵੇਸ਼ ਵਰਗੀ ਅਵਸਥਾ ਧਾਰਮਿਕ ਕਰਮ-ਕਾਡਾਂ ਨਾਲ ਵੀ ਪੈਦਾ ਕੀਤੀ ਜਾ ਸਕਦੀ ਹੈ। ਧਾਰਮਿਕ ਕਿਰਤ,ਧਾਰਮਿਕ ਕੀਰਤਨ,ਯੱਗ,ਮੰਤਰ-ਉਚਾਰਨ ਰਾਹੀਂ ਲੋਕ ਅੱਖਾਂ ਮੀਟ ਕਿਸੇ ਅਣਡਿੱਠੇ ਆਵੇਸ਼ ਲੋਕ ਵਿੱਚ ਪ੍ਰਵੇਸ਼ ਕਰਦੇ ਪ੍ਰਤੀਤ ਹੁੰਦੇ ਹਨ। ਆਦਮ ਭਾਈਚਾਰੇ ਵਿੱਚ ਦੇਵੀ ਪ੍ਰੇਰਣਾ ਵਾਲੇ ਅਜਿਹੇ ਕਵੀ ਸਨ ਜੋ ਲੋਕਾਂ ਨੂੰ ਆਵੇਸ਼ ਦੀ ਅਵਸਥਾ ਤੱਕ ਪਹੁੰਚਣ ਦੀ ਵਿਧੀ ਸਿਖਾ ਦਿੰਦੇ ਸਨ।ਭਾਰਤ ਦੇ ਅਧਿਆਤਮ ਵਾਦੀ ਵੀ ਨਿਸ਼ਚਿਤ ਸਮੇਂ ਅਤੇ ਸਥਾਨ ਦੀ ਪ੍ਰਾਰਥਨਾ ਰਾਹੀਂ,ਸਮਾਧੀ ਜਾਂ ਮੰਤਰ-ਬਲ ਰਾਹੀਂ ਆਪਣੇ ਆਪ ਨੂੰ ਆਵੇਸ਼ ਵਿੱਚ ਲੈ ਜਾਂਦੇ ਹਨ। ਵਰਤਮਾਨ ਯੁਗ ਵਿੱਚ ਵੀ ਕੁੱਝ ਲੇਖਕਾਂ ਦਾ ਵਿਸ਼ਵਾਸ ਹੈ ਕਿ ਕੁੱਝ ਵਿਸ਼ੇਸ਼ ਪ੍ਰਕਾਰ ਦੀਆਂ ਕਿਰਿਆਵਾਂ ਰਾਹੀਂ ਸਿਰਜਨਾਤਮਕ ਸਥਿਤੀ ਪ੍ਰਾਪਤ ਕੀਤੀ ਜਾ ਸਕਦੀ ਹੈ।ਪੰਜਾਬੀ ਵਿੱਚ ਇਸੇ ਪ੍ਰਕਾਰ ਦੇ ਲੇਖਕ ਸਨ।ਪੰਜਾਬੀ ਗਦ- ਲੇਖਕ ਗੁਰਬਖਸ਼ ਸਿੰਘ ਧੋਤੇ ਇਸਤਰੀ ਕੀਤੇ ਬਸਤਰ ਪਹਿਨ ਕੇ ਦਾੜ੍ਹੀ ਨੂੰ ਬੁਰਸ਼ ਕਰਕੇ ਅਤੇ ਦਸਤਾਰ ਸਜਾ ਕੇ ਹੀ ਲਿਖ ਸਕਦੇ ਸਨ। ਕੁੱਝ ਲੋਕ ਸਾਹਿਤਕਾਰੀ ਲਈ ਸ਼ਾਂਤ,ਏਕਾਂਤ ਮਾਹੌਲ ਅਤੇ ਕੁੱਝ ਰੌਲਾ ਗੌਲਾ ਵਧੇਰੇ ਅਨੁਕੂਲ ਸਮਝਦੇ ਹਨ। ਕੁੱਝ ਲੇਖਕ ਰਾਤ ਵੇਲੇ ਲਿਖਦੇ ਹਨ ਅਤੇ ਦਿਨ ਵੇਲੇ ਸੌਂਦੇ ਹਨ। ਕਥਾ-ਕਿਰਤ ਵਿੱਚ ਪਾਤਰਾਂ ਦਾ ਸਿਰਜਣ ਅਤੇ ਕਹਾਣੀ ਦਾ ਨਿਰਮਾਣ ਹੁੰਦਾ ਹੈ। ਵਿਸ਼ਵਾਸ ਹੈ ਕਿ ਕਹਾਣੀਆਂ ਜਾਂ ਤਾਂ ਮੌਲਿਕ ਹੁੰਦੀਆ ਹਨ ਜਾਂ ਵਾਸਤਵਿਕ ਲੋਕਾਂ ਦੀ ਨਕਲ ਹੁੰਦੀਆਂ ਹਨ ਜਾਂ ਕਿਸੇ ਪਹਿਲੀ ਕਥਾ-ਕਿਰਤ ਵਿੱਚ ਦੀ ਚੋਰੀ।ਪਰ ਡਿਕਨਜ਼,ਮੁਨਸ਼ੀ ਪ੍ਰੇਮ ਚੰਦ ਜਾਂ ਨਾਨਕ ਸਿੰਘ ਵਰਗੇ ਮੌਲਿਕ ਗਲਪਕਾਰਾਂ ਦੇ ਪਾਤਰ ਟਾਈਪ ਹੁੰਦੇ ਹਨ ਅਤੇ ਉਹਨਾਂ ਦੀ ਕਥਾ-ਟੈਕਨੀਕ ਮੁੱਖ ਤੌਰ ਤੇ ਪਰੰਪਰਿਕ। ਟਾਈਪ ਅਤੇ ਪਰੰਪਰਾ ਨੂੰ ਅਪਣਾ ਕੇ ਕੁੱਝ ਵੀ ਮੌਲਿਕ ਨਹੀਂ ਰਹਿੰਦਾ। ਗਲਪ-ਪਾਤਰਾਂ ਵਿੱਚ ਪੁਰਾਣੇ ਸਮੇਂ ਤੋਂ ਤੁਰੇ ਆਉਣ ਵਾਲੇ ਟਾਈਪ,ਜਿੰਦਗੀ ਵਿੱਚ ਵੇਖੇ-ਭਾਖੇ ਵਿਅਕਤੀ ਅਤੇ ਲੇਖਕ ਦੇ ਆਪਣੇ ਆਪੇ ਦਾ ਰਲਮੇਲ ਹੁੰਦੀ ਹੈ।ਯਥਾਰਥਵਾਦੀ ਲੇਖਕ ਵੇਖੇ-ਭਾਖੇ ਚਰਿੱਤਰ ਨੂੰ ਹੀ ਵਧੇਰੇ ਸ਼ੋਖ ਰੰਗ ਵਿੱਚ ਪੇਸ਼ ਕਰਦਾ ਹੈ। ਰੋਮਾਨੀ ਗਲਪਕਾਰ ਆਪਣੇ ਪਾਤਰਾਂ ਵਿੱਚ ਆਪਣੇ ਆਪੇ ਨੂੰ ਹੀ ਬਾਹਰ ਖਿਲਾਰਦਾ ਹੈ।ਦੋਸਤੋਵਸਕੀ ਦਾ ਕਹਿਣਾ ਹੈ ਕਿ “ਇੱਕ ਆਦਮੀ ਦਾ ਮੂਡ ਦੂਸਰੇ ਵਿਅਕਤੀ ਦਾ ਚਰਿੱਤਰ ਹੋ ਸਕਦਾ ਹੈ”।ਇਸ ਪ੍ਰਕਾਰ ਇੱਕੋ ਆਦਮੀ ਦੇ ਅਨੇਕ ਮੂਡਾਂ ਦੀ ਸਹਾਇਤਾ ਨਾਲ ਅਨੇਕ ਗਲਪ-ਪਾਤਰਾਂ ਦਾ ਸਿਰਜਣ ਕੀਤਾ ਜਾ ਸਕਦਾ ਹੈ।‘ਬਚਨ’ ਸਿੰਘ ਅਤੇ ‘ਪਾਲਾ’ ਸਿੰਘ ਇੱਕੋ ਹੀ ਆਦਮੀ ਦੇ ਦੋ ‘ਮੂਡ’ ਹੋ ਸਕਦੇ ਹਨ।ਗਲਪ-ਰਚਨਾ ਦੀ ਪ੍ਰਕਿਰਿਆ ਵਸਤੂ ਤੋਂ ਵਿਅਕਤੀ ਅਤੇ ਵਿਅਕਤੀ ਤੋਂ ਵਸਤੂ ਵੱਲ ਦੌੜਣ ਅਤੇ ਉਹਨਾਂ ਵਿੱਚ ਸੁਮੇਲ ਸਥਾਪਿਤ ਕਰਨ ਨਾਲ ਸੰਬੰਧਿਤ ਹੈ।
ਸਾਹਿਤ ਅਤੇ ਸਾਹਿਤਕਾਰ ਦਾ ਮਨੋਵਿਗਿਆਨ ਨਾਲ ਸੰਬੰਧ
[ਸੋਧੋ]ਅਚੇਤ ਮਨ ਹੀ ਸਾਹਿਤ ਸਿਰਜਣਾ ਦਾ ਸਰੋਤ ਹੁੰਦਾ ਹੈ। ਅਚੇਤ ਮਨ ਲੇਖਕ ਜਾਂ ਕਲਾਕਾਰ ਦੇ ਅਨੁਭਵ ਕੀਤੇ ਅਹਿਸਾਸਾਂ ਦਾ ਭੰਡਾਰਾ ਹੁੰਦਾ ਹੈ। ਲੇਖਕ ਦੇ ਮਨ ਵਿੱਚ ਪਏ ਇਹ ਅਹਿਸਾਸ ਪ੍ਰਗਟਾਵੇ ਲਈ ਯਤਨਸ਼ੀਲ ਰਹਿੰਦੇ ਹਨ। ਜਦੋਂ ਵੀ ਉਹਨਾਂ ਨੂੰ ਢੁੱਕਵੀਂ ਸਮੱਗਰੀ ਮਿਲ ਜਾਂਦੀ ਹੈ ਤਾਂ ਉਹ ਕੋਈ ਕਲਾਤਮਿਕ ਕਿਰਤ ਜਾਂ ਸਾਹਿਤ ਰਚਨਾ ਦਾ ਰੂਪ ਧਾਰ ਲੈਂਦੇ ਹਨ। ਇਸ ਤਰ੍ਹਾਂ ਸਾਹਿਤਕਾਰ ਦੀ ਮਨੋਅਵਸਥਾ ਸਾਹਿਤ ਸਿਰਜਣਾ ਦਾ ਆਧਾਰ ਬਣਦੀ ਹੈ। ਇਸ ਲਈ ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਕਿ ਅਜੋਕਾ ਸਾਹਿਤ ਮਨੋਵਿਸ਼ਲੇਸ਼ਣ ਦੇ ਸਿਧਾਤਾਂ ਤੇ ਉਸਾਰਿਆ ਹੋਇਆ ਹੈ।ਨਾਵਲ,ਨਾਟਕ, ਕਹਾਣੀ,ਕਵਿਤਾ ਆਦਿ ਸਾਰੇ ਪ੍ਰਮੁੱਖ ਸਾਹਿਤਕ ਰੂਪਾਂ ਵਿੱਚ ਮਨੋਵਿਸ਼ਲੇਸ਼ਣ ਵਿਧੀ ਦਾ ਪ੍ਰਭਾਵ ਪ੍ਰਤੱਖ ਹੈ।ਉਦਾਹਰਨ ਵਜੋਂ ‘ਨਾਨਕ ਸਿੰਘ’ ਦਾ ਨਾਵਲ ‘ਪਵਿੱਤਰ ਪਾਪੀ' ਨਾ ਕੇਵਲ ਮਨੋਵਿਸ਼ਲੇਸ਼ਣਵਾਦੀ ਸਿਧਾਤਾਂ ਉੱਤੇ ਉਸਾਰਿਆ ਹੋਇਆ ਹੈ ਸਗੋਂ ਇਸਦੀ ਸਹੀ ਆਲੋਚਨਾ ਵੀ ਇਸੇ ਦ੍ਰਿਸ਼ਟੀ ਤੋਂ ਹੀ ਕੀਤੀ ਜਾ ਸਕਦੀ ਹੈ।
ਨਿਸ਼ਕਰਸ਼
[ਸੋਧੋ]ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਮਨੋਵਿਗਿਆਨ ਦੇ ਪ੍ਰਭਾਵ ਅਧੀਨ ਸਿਰਜੇ ਗਏ ਸਾਹਿਤ ਵਿੱਚ ਹੁਣ ਪਲਾਂਟ ਦੀ ਥਾਂ ਪਾਤਰ ਉਸਾਰੀ ਵਧੇਰੇ ਮਹੱਤਵਪੂਰਨ ਹੋ ਗਈ ਹੈ।ਘਟਨਾਵਾਂ ਦੀ ਥਾਂ ਉਹਨਾਂ ਪ੍ਰਤਿ ਪ੍ਰਤਿਕਰਮ ਵਧੇਰੇ ਦਿਲਚਸਪ ਹੋ ਗਏ ਹਨ। ਪਾਤਰਾਂ ਦੇ ਬਾਹਰੀ ਵਿਵਰਣ ਦੀ ਥਾਂ ਉਹਨਾਂ ਦੇ ਅਚੇਤ ਮਨ ਵਿੱਚ ਝਾਤੀ ਮਾਰੀ ਜਾਂਦੀ ਹੈ ਅਤੇ ਸਰੀਰਕ ਕਾਰਜ ਦੀ ਥਾਂ ਮਾਨਸਿਕ ਕਾਰਜ ਰਾਹੀਂ ਰਚਨਾਵਾਂ ਵਿੱਚ ਮਨੁੱਖੀ ਵਿਵਹਾਰ ਦੀਆਂ ਸੂਖਮ ਤੰਦਾਂ ਖੇਸ਼ ਹੋਣ ਲੱਗ ਪਈਆਂ ਹਨ। ਨਾਵਲ ਵਿੱਚ ਚੇਤਨਾ-ਪ੍ਰਭਾਵ ਵਿਧੀ ਮਨੁੱਖੀ ਵਿਵਹਾਰ ਅਤੇ ਸੋਚ ਦੀਆਂ ਅਨੇਕ ਪਰਤਾਂ ਨੂੰ ਪ੍ਰਗਟਾਉਣ ਵਿੱਚ ਸਹਾਈ ਹੋਈ ਹੈ। ਪਾਤਰਾਂ ਦੇ ਬੋਲੇ ਸ਼ਬਦਾਂ ਦੀ ਥਾਂ ਹੁਣ ਉਹਨਾਂ ਪਿੱਛੇ ਛੁਪੇ ਭਾਵ ਵਧੇਰੇ ਮਹੱਤਵਪੂਰਨ ਹੋ ਗਏ ਹਨ। ਮਨੋਵਿਗਿਆਨਕ ਨਾਟਕਾਂ ਵਿੱਚ ਮਾਨਸਿਕ ਗੁੰਝਲਾਂ ਅਤੇ ਉਲਝਣਾਂ ਨੂੰ ਪੇਸ਼ ਕੀਤਾ ਜਾ ਰਿਹਾ ਹੈ।ਮਨੋਵਿਗਿਆਨ ਦੇ ਪ੍ਰਭਾਵ ਅਧੀਨ ਹੀ ਆਧੁਨਿਕ ਕਵਿਤਾ ਵਿੱਚ ਬਿੰਬ ਅਤੇ ਪ੍ਰਤੀਕ ਸਿਰਜੇ ਜਾ ਰਹੇ ਹਨ।ਫਿਲਮਾਂ ਵਿੱਚ ਮਨੋਵਿਗਿਆਨਕ ਛੋਖਾਂ ਨਾਲ ਵਿਸ਼ੇ ਦੇ ਅਨੇਕਾਂ ਛੁਪੇ ਹੋਏ ਪਾਸਾਰਾਂ ਨੂੰ ਉਜਾਗਰ ਕੀਤਾ ਜਾ ਰਿਹਾ ਹੈ। ਮਨੋਵਿਗਿਆਨਕ ਆਲੋਚਨਾ ਰਚਨਾ ਦੇ ਅਧਿਐਨ ਰਾਹੀਂ ਲੇਖਕ ਦੇ ਅਚੇਤ ਮਨ ਵਿੱਚ ਪਹੁੰਚਣ ਦਾ ਯਤਨ ਕਰਦੀ ਹੈ। ਇਸ ਆਲੋਚਨਾ ਅਨੁਸਾਰ ਹਰ ਲੇਖਕ ਮਨੋ-ਸੰਤਾਪੀ ਹੁੰਦਾ ਹੈ ਅਤੇ ਆਪਣੇ ਸੰਤਾਪ ਤੋਂ ਮੁਕਤੀ ਪ੍ਰਾਪਤ ਕਰਨ ਲਈ ਉਹ ਇੱਕ ਸੁਪਨ-ਸੰਸਾਰ ਸਿਰਜਦਾ ਹੈ ਜਿੱਥੇ ਘਟਨਾਵਾਂ ਉਸਦੇ ਚਾਹੇਂ ਅਨੁਸਾਰ ਵਾਪਰਦੀਆਂ ਹਨ ਅਤੇ ਆਪਣੀ ਹੀਣਤਾ ਦੀ ਭਾਵਨਾਵਾਂ ਦਾ ਉੱਦਾਤੀਕ੍ਰਿਤ ਰੂਪ ਸਿਰਜ ਕੇ ਉਹ ਆਪਣਾ ਵਿਰੇਚਨ ਤਾਂ ਕਰਦਾ ਹੀ ਹੈ,ਪਾਠਕ ਦਾ ਵਿਰੇਚਨ ਵੀ ਹੁੰਦਾ ਹੈ। ਇੰਝ ਸਾਹਿਤ ਅਸਲ ਵਿੱਚ ਲੇਖਕ ਦੀ ਆਪਣੀ ਮੈਂ ਦੀ ਹੀ ਗੂੰਜ ਅਰਥਾਤ ਸਵੈਜੀਵਨਕ ਹੁੰਦਾ ਹੈ। ਮਨੋਵਿਗਿਆਨ ਨੇ ਸਾਹਿਤ ਨੂੰ ਅੰਦਰੋ-ਬਾਹਰੋ ਬਦਲ ਦਿੱਤਾ ਹੈ ਅਰਥਾਤ ਮਨੋਵਿਗਿਆਨ ਨੇ ਸਾਹਿਤ ਦੇ ਅਰਥ ਹੀ ਬਦਲ ਦਿੱਤੇ ਹਨ ਕਿਉਂਕਿ ਹੁਣ ਅਸੀਂ ਸਾਹਿਤ ਵਿੱਚ ਲੇਖਕ ਦੇ ਛੁਪੇ ਹੋਏ ਅਚੇਤ ਮਨ ਨੂੰ ਪੜ੍ਹਨਾ ਚਾਹੁੰਦੇ ਹਾਂ।
ਹਵਾਲੇ
[ਸੋਧੋ]- ↑ ਜੋਸ਼ ੀ, ਪਰੋਫ਼ੈਸਰ ਜੀਤ ਸਿੰਘ. ਪੰਜਾਬੀ ਆਲੋਚਨਾ ਸੰਦਰਭ.
- ↑ ਸਾਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ 290
- ↑ ਕਪੂਰ, ਨਰਿੰਦਰ ਸਿੰਘ (2000). ਵਿਆਖਿਆ -ਵਿਸ਼ਲੇਸ਼ਣ. ਚੰਡੀਗੜ੍ਹ :ਲੋਕਗੀਤ ਪ੍ਰਕਾਸ਼ਨ. ISBN 81-7142-044-3.
- ↑ ਮਨੋਵਿਸ਼ੇਸ਼ਲੇਣੀ ਸਿਧਾਂਤ ਅਤੇ ਨਿਰੰਜਨ ਤਸਨੀਮ ਦੇ ਨਾਵਲ, ਡਾ.ਅਮਰਜੀਤ ਕੌਰ, ਅੰਮ੍ਰਿਤਸਰ,2004, ਪੰਨਾ ਨੰ 19
- ↑ ਮਨੋਵਿਸ਼ਲੇਸ਼ਣਾਤਮਕ ਸਾਹਿਤ ਚਿੰਤਨ, ਡਾ. ਗੁਰਜੰਟ ਸਿੰਘ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2005, ਪੰਨਾ ਨੰ 31
- ↑ ਉਹੀਂ ਪੰਨਾ ਨੰ 32
- ↑ ਉਹੀਂ ਪੰਨਾ ਨੰ 42
- ↑ ਸੈਣੀ, ਡਾ. ਜਸਵਿੰਦਰ ਸਿੰਘ (2018). ਪੱਛਮੀ ਕਾਵਿ-ਸਿਧਾਂਤ. ISBN 978-81-302-0471-0.
- ↑ ਸੈਣੀ, ਡਾਕਟਰ ਜਸਵਿੰਦਰ ਸਿੰਘ (2018). ਪੱਛਮੀ ਕਾਵਿ-ਸਿਧਾਂਤ. ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ,ਪਟਿਆਲਾ. ISBN 978-81-302-0471-0.
- ↑ ਉਹੀ ਪੰਨਾ 44
- ↑ ਪੱਛਮੀ ਕਾਵਿ ਦੇ ਸਿਧਾਂਤ, ਸੰਪਾ. ਡਾ.ਜਸਵਿੰਦਰ ਸਿੰਘ ਸੈਣੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ 6
- ↑ ਜੋਸ਼ੀ, ਪ੍ਰੋ.ਜੀਤ ਸਿੰਘ. ਪੰਜਾਬੀ ਆਲੋਚਨਾ ਸੰਦਰਭ ਗ੍ਰੰਥ.