ਸਮੱਗਰੀ 'ਤੇ ਜਾਓ

ਹਾਇਕੂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਹਾਇਕੂ[1](ਜਪਾਨੀ: 俳句; ਫ਼ਾਈਲ "Haiku.ogg" ਨਹੀਂ ਲੱਭੀ) ਮੂਲ ਤੌਰ ਤੇ ਜਪਾਨੀ ਭਾਸ਼ਾ ਦੀ ਸਭ ਤੋਂ ਸੰਖੇਪ ਕਾਵਿ ਵੰਨਗੀ ਹੈ। ਪਰਮਿੰਦਰ ਸੋਢੀ ਅਨੁਸਾਰ "ਥੋੜੇ ਜਿਹੇ ਸ਼ਬਦਾਂ ’ਚ ਡੂੰਘੇ ਭਾਵ ਭਰੇ ਹੁੰਦੇ ਹਨ।.... ਆਮ ਬੋਲਚਾਲ ਦੀ ਬੋਲੀ ਹਾਇਕੂ ਲਈ ਢੁਕਵੀਂ ਹੁੰਦੀ ਹੈ। ਸਰਲਤਾ ਇਸ ਦਾ ਵਿਸ਼ੇਸ਼ ਗੁਣ ਹੈ।"[2] ਜਾਪਾਨੀ ਕਵੀ ਮਾਤਸੂਓ ਬਾਸ਼ੋ ਦੀ ਕਾਵਿ ਪ੍ਰਤਿਭਾ ਨੇ ਇਸ ਨੂੰ ਸੰਸਾਰ ਪ੍ਰਸਿਧੀ ਦਿਵਾਈ। ਇਸ ਕਾਵਿ ਵੰਨਗੀ ਦੀਆਂ ਤਿੰਨ ਮੂਲ ਵਿਸ਼ੇਸ਼ਤਾਵਾਂ ਹਨ।

  • ਕੀਰੂ - ਜਾਪਾਨੀ ਸੰਕਲਪ ਕੀਰੂ ਦਾ ਅਰਥ ਹੈ ਵੰਡਣਾ ਜਾਂ ਤੋੜਨਾ। ਇਹ ਹਾਇਕੂ ਦਾ ਮੂਲ ਤੱਤ ਹੈ। ਠੋਸ ਬਿੰਬਾਂ ਦੀ ਚਿਣਾਈ ਵਿੱਚ ਖਾਲੀ ਸਪੇਸ ਰਾਹੀਂ ਇਸ ਜੁਗਤ ਨੂੰ ਅਮਲੀ ਰੂਪ ਦਿੱਤਾ ਜਾਂਦਾ ਹੈ। ਇਸ ਨਾਲ ਹਾਇਕੂ ਵਿੱਚ ਸਾਕਾਰ ਹੋ ਰਿਹਾ ਲਮ੍ਹਾ ਜਾਂ ਛਿਣ ਲੇਖਕ ਦੀ ਜਕੜ ਤੋਂ ਸੁਤੰਤਰ ਹੋ ਜਾਂਦਾ ਹੈ ਅਤੇ ਪਾਠਕ ਵੀ ਲਮ੍ਹੇ ਦੀ ਅਰਥ ਸਿਰਜਣ ਪ੍ਰਕਿਰਿਆ ਵਿੱਚ ਸ਼ਾਮਲ ਹੋ ਜਾਂਦਾ ਹੈ। ਇਹ ਜੁਗਤ ਇਸ ਮੰਤਵ ਨੂੰ ਨਿਸਚਿਤ ਬਣਾਉਂਦੀ ਹੈ ਕਿ ਨਿੱਕੀ ਕਵਿਤਾ ਇੱਕ ਨਿਰੰਤਰ ਵਾਕ ਨਾ ਬਣ ਜਾਵੇ ਜਿਥੇ ਪਾਠਕ ਦੀ ਕਲਪਨਾ ਦੇ ਸਰਗਰਮ ਹੋਣ ਲਈ ਕੋਈ ਸੰਭਾਵਨਾ ਹੀ ਨਾ ਰਹੇ।
  • ਪੰਜ -ਸੱਤ-ਪੰਜ ਓਂਜੀ ਦੀ ਲੰਬਾਈ ਵਾਲ਼ੀਆਂ ਤਿੰਨ ਲੈਆਤਮਕ ਇਕਾਈਆਂ - ਜਾਪਾਨੀ ਭਾਸ਼ਾ ਦਾ ਇਹ ਨਿਯਮ ਪਰੰਪਰਾਗਤ ਜਾਪਾਨੀ ਹਾਇਕੂ ਉੱਤੇ ਲਾਗੂ ਹੁੰਦਾ ਹੈ। ਜਾਪਾਨ ਦੇ ਆਧੁਨਿਕ ਹਾਇਕੂ ਲੇਖਕ ਇਸ ਨਿਯਮ ਦੀ ਪੂਰੀ ਪਾਲਣਾ ਨਹੀਂ ਕਰਦੇ ਅਤੇ ਕੁਝ ਲੇਖਕ ਹੀ ਇਸ ਧਾਰਨਾ ਦੇ ਦ੍ਰਿੜ ਅਨੁਆਈ ਹਨ। ਪਹਿਲਾਂ ਪਹਿਲ ਅੰਗਰੇਜ਼ੀ ਅਨੁਵਾਦਕਾਂ ਨੇ ਜਾਪਾਨੀ ਉਨ੍ਹਾਂ ਜਿਨ੍ਹਾਂ ਨੂੰ ਜਾਪਾਨੀ ਵਿੱਚ ਓਂਜੀ (onji) ਕਹੇ ਜਾਂਦੇ ਉਚਾਰ ਖੰਡਾਂ ਨੂੰ ਅੰਗਰੇਜ਼ੀ ਹਿੱਜਿਆਂ (syllables) ਦੇ ਤੁਲਾਂਕ ਸਮਝ ਲਿਆ ਪਰ ਅਸਲ ਵਿੱਚ ਜਾਪਾਨੀ ਓਂਜੀ ਅੰਗਰੇਜੀ ਦੇ ਉਚਾਰ ਖੰਡਾਂ ਨਾਲੋਂ ਉਚਾਰਨ ਵੇਲ਼ੇ ਘੱਟ ਸਮਾ ਲੈਂਦੇ ਹਨ।
  • ਕੀਗੋ - ਇਸ ਜਾਪਾਨੀ ਸੰਕਲਪ ਦਾ ਅਰਥ ਹੈ ਰੁੱਤ ਸੂਚਕ ਚਿਹਨਕ। ਅਜਿਹੇ ਚਿਹਨਕਾਂ ਦੀ ਵਿਸਤ੍ਰਿਤ ਪਰ ਪਰਿਭਾਸ਼ਿਤ ਸੂਚੀ ਨੂੰ ਜਾਪਾਨੀ ਵਿੱਚ ਸੈਜੀਕੀ ਕਿਹਾ ਜਾਂਦਾ ਹੈ। ਇਸ ਸੂਚੀ ਵਿੱਚੋਂ ਕਿਸੇ ਚਿਹਨਕ ਨੂੰ ਹਾਇਕੂ ਦੀ ਸੰਰਚਨਾ ਵਿੱਚ ਪਿਰੋਣਾ ਰਵਾਇਤੀ ਜਾਪਾਨੀ ਹਾਇਕੂ ਅਨਿੱਖੜਵਾਂ ਅੰਗ ਰਿਹਾ ਹੈ।

ਆਧੁਨਿਕ ਜਾਪਾਨੀ gendai (现代) ਹਾਇਕੂ ਪੰਜ -ਸੱਤ-ਪੰਜ ਵਾਲੀ 17 ਓਂਜੀ ਦੀ ਪਰੰਪਰਾ ਦਾ ਪਾਲਣ ਕਰਨ ਜਾਂ ਆਪਣੇ ਵਿਸ਼ੇ ਦੇ ਰੂਪ ਵਿੱਚ ਕੁਦਰਤ ਨੂੰ ਲੈਣ ਤੋਂ ਵਧੇਰੇ ਹੀ ਵਧੇਰੇ ਦੂਰ ਹੱਟ ਰਹੇ ਹਨ। ਲੇਕਿਨ ਪਾਰੰਪਰਕ ਹਾਇਕੂ ਅਤੇ gendai ਦੋਨਾਂ ਵਿੱਚ ਬਿੰਬ ਚਿਣਾਈ (juxtaposition) ਦੀ ਵਰਤੋਂ ਦਾ ਪਾਲਣ ਕੀਤਾ ਜਾ ਰਿਹਾ ਹੈ। ਇਹ ਆਮ ਗੱਲ ਹੈ, ਹਾਲਾਂਕਿ ਹਾਲ ਹੀ ਵਿੱਚ ਧਾਰਨਾ ਪ੍ਰਚਲਿਤ ਹੋਈ ਹੈ, ਕਿ ਚਿਣੇ ਬਿੰਬ ਦਾ ਸਰੋਤ ਸਿੱਧੀਆਂ ਪ੍ਰਤੱਖਦਰਸ਼ੀ ਰੋਜ ਦੀਆਂ ਵਸਤੂਆਂ ਜਾਂ ਘਟਨਾਵਾਂ ਨੂੰ ਬਣਾਇਆ ਜਾਣਾ ਚਾਹੀਦਾ ਹੈ।

ਰੋਲਾਂ ਬਾਰਥ ਦੀ ਟਿੱਪਣੀ

[ਸੋਧੋ]

“ ਨਾ ਹੀ ਵਰਣਨ ਅਤੇ ਨਾ ਹੀ ਪਰਿਭਾਸ਼ਾ… ਹਾਇਕੂ ਸ਼ੁੱਧ ਅਤੇ ਮਾਤਰ ਟਿੱਕ ਦੇਣ ਤੱਕ ਜਾਂਦਾ ਹੈ, ਇਹ ਆਹ ਹੈ, ਇਹ ਇਸ ਪ੍ਰਕਾਰ ਹੈ, ਹਾਇਕੂ ਕਹਿੰਦਾ ਹੈ, ਇਹ ਇਉਂ ਹੈ ਜਾਂ ਹੋਰ ਵੀ ਬਿਹਤਰ: ਇਉਂ ! ਤਾਂ ਇਹ ਇੰਨੀ ਤਤਕਾਲੀ ਅਤੇ ਇੰਨੀ ਸੰਖੇਪ (ਬਿਨਾਂ ਕੰਪਨ ਜਾਂ ਪੁਨਰਾਵ੍ਰੱਤੀ) ਛੋਹ ਹੈ ਕਿ ਯੋਜਕ ਵੀ, ਵਰਜਿਤ ਨਿੱਖੜੀ ਪਰਿਭਾਸ਼ਾ ਲਈ ਪਸ਼ਚਾਤਾਪ ਦੀ ਤਰ੍ਹਾਂ, ਬਹੁਤ ਜ਼ਿਆਦਤੀ ਪ੍ਰਤੀਤ ਹੁੰਦਾ ਹੈ। ਇੱਥੇ ਅਰਥ ਕੇਵਲ ਇੱਕ ਫਲੈਸ਼ ਹੈ, ਪ੍ਰਕਾਸ਼ ਦੀ ਮਾਤਰ ਯੱਕਦਮ ਮਿਲਣੀ ਹੈ: ਜਦੋਂ ਸੋਝੀ ਦਾ ਪ੍ਰਕਾਸ਼ ਪੈਂਦਾ ਹੈ, ਲੇਕਿਨ ਇਸ ਤਰ੍ਹਾਂ ਕਿ ਇੱਕ ਝਲਕਾਰੇ ਨਾਲ ਅਦਿੱਖ ਦੁਨੀਆ ਜ਼ਾਹਰ ਹੋ ਜਾਂਦੀ ਹੈ, ਜਿਵੇਂ ਸ਼ੇਕਸਪੀਅਰ ਨੇ ਲਿਖਿਆ ਹੈ; ਇਹ ਇੱਕ ਬਹੁਤ ਸਾਵਧਾਨੀ (ਜਾਪਾਨੀ ਤਰੀਕੇ) ਨਾਲ ਲਈ ਫੋਟੋ ਦੀ ਫਲੈਸ਼ ਹੈ, ਲੇਕਿਨ ਫਿਲਮ ਨਾਲ ਕੈਮਰਾ ਲੋਡ ਕਰਨਾ ਨਜ਼ਰੰਦਾਜ਼ ਕਰਕੇ: ਹਾਇਕੂ ਦੀ ਸੰਖੇਪਤਾ ਰਸਮੀ ਨਹੀਂ ਹੁੰਦੀ, ਹਾਇਕੂ ਮੁਖ਼ਤਸਰ ਤੌਰ ਤੇ ਪੇਸ਼ ਕੀਤਾ ਕੋਈ ਅਮੀਰ ਖਿਆਲ ਨਹੀਂ, ਸਗੋਂ ਇੱਕ ਸੰਖੇਪ ਵਾਕਿਆ ਹੈ ਜਿਸ ਨੂੰ ਫ਼ੌਰੀ ਤੌਰ ਤੇ ਉਸ ਦਾ ਮੁਨਾਸਬ ਰੂਪ ਮਿਲ ਗਿਆ ਹੋਵੇ। ਹਾਇਕੂ ਜੋ ਕੁਛ ਵੀ ਹੈ ਦੀ ਤਰਫ਼ ਸੰਕੇਤ ਕਰਦੇ ਬੱਚੇ ਦੇ ਮੂਰਤੀਮੂਲਕ ਇਸ਼ਾਰੇ ਦੀ ਪੁਨਰ ਸਾਜਨਾ ਕਰਦਾ ਹੈ। (ਹਾਇਕੂ ਆਪਣੇ ਵਿਸ਼ੇ ਦੇ ਪ੍ਰਤੀ ਕੋਈ ਪੱਖਪਾਤ ਜ਼ਾਹਰ ਨਹੀਂ ਕਰਦਾ), ਸਿਰਫ਼ ਦੱਸਦਾ ਹੈ ਕਿ ਆਹੀ ਹੈ ! ਏਨੀ ਤੁਰਤ ਹਰਕਤ ਨਾਲ…ਕਿ ਜੋ ਕੁਝ ਟਿੱਕਿਆ ਜਾਂਦਾ ਹੈ ਉਹ ਖਾਲੀ ਹੁੰਦਾ ਹੈ, ਕਿਸੇ ਵਸਤ ਦੇ ਵਰਗੀਕਰਨ ਦੀ ਪਕੜ ਵਿੱਚ ਨਹੀਂ ਆਉਂਦਾ। ਹਾਇਕੂ ਕਹਿੰਦਾ ਹੈ,'ਕੁਝ ਖਾਸ ਨਹੀਂ'”[3]

ਇਥੇ ਇਹ ਵੀ ਵਰਣਨ ਯੋਗ ਹੈ ਕਿ ਹਾਇਕੂ ਹੁਣ ਪੰਜਾਬੀ ਭਾਸ਼ਾ ਵਿੱਚ ਵੀ ਆਪਣਾ ਮਹੱਤਵ ਪੂਰਨ ਸਥਾਨ ਬਣਾ ਰਿਹਾ ਹੈ। ਪੰਜਾਬੀ ਵਿੱਚ ਜਿਆਦਾਤਰ fragment/phrase ਥਿਓਰੀ ਰਾਹੀਂ ਹਾਇਕੂ ਰਚੇ ਜਾ ਰਹੇ ਹਨ। fragment ਇੱਕ ਸਤਰ ਵਿੱਚ ਹੁੰਦਾ ਹੈ ਅਤੇ ਇਹ ਸਤਰ ਉੱਪਰ ਵਾਲੀ ਜਾਂ ਹੇਠਾਂ ਵਾਲੀ ਹੋ ਸਕਦੀ ਹੈ! fragment ਸਤਰ ਆਮ ਤੌਰ ਤੇ ਪ੍ਰਕਿਰਤੀ ਵਿਚੋਂ ਲਈ ਜਾਂਦੀ ਹੈ। ਫਰੇਜ ਦੋ ਸਤਰਾਂ ਨੂੰ ਮਿਲਾ ਕੇ ਬਣਦਾ ਹੈ। 'ਇਲਾਚੀ ਪੰਜਾਬੀ ਹਾਇਕੂ ' ਬਲੋਗ (http://tearoomhaiku.wordpress.com/) ਮਿਆਰੀ ਪੰਜਾਬੀ ਹਾਇਕੂ ਇੱਕਤਰ ਕਰਨ ਲਈ ਵਿਸ਼ੇਸ਼ ਉਪਰਾਲਾ ਕਰ ਰਿਹਾ ਹੈ।

ਮੁਢ ਅਤੇ ਵਿਕਾਸ

[ਸੋਧੋ]

ਹੋਕੂ (ਜਾਪਾਨੀ: 発句) ਇੱਕ ਜਾਪਾਨੀ ਰੂੜ੍ਹੀਵਾਦੀ ਮਿਲ ਕੇ ਜੋੜੀ ਹੋਈ ਕਵਿਤਾ, ਰੇਂਗਾ, ਜਾਂ ਬਾਅਦ ਵਿਉਤਪੰਨ ਰੇਂਕੂ ਦੇ ਆਰੰਭਿਕ ਬੰਦ ਨੂੰ ਕਿਹਾ ਜਾਂਦਾ ਸੀ।[4] ਮਾਤਸੂਓ ਬਾਸ਼ੋ ਦੇ ਸਮੇਂ (1644–1694) ਤੋਂ ਹੋਕੂ ਇੱਕ ਸੁਤੰਤਰ ਨਿੱਕੀ ਕਵਿਤਾ ਵਜੋਂ ਵਿਚਰਨਾ ਸ਼ੁਰੂ ਹੋ ਗਿਆ, ਅਤੇ ਹੈਬਨ ਵਿੱਚ (ਗਦ ਦੇ ਨਾਲ ਸੰਜੋਇਆ), ਅਤੇ ਹਾਇਗਾ (ਇੱਕ ਚਿੱਤਰ ਦੇ ਨਾਲ ਸੰਜੋਇਆ) ਹੁੰਦਾ ਹੈ। 19ਵੀਂ ਸਦੀ ਦੇ ਅੰਤ ਵਿੱਚ, ਮਾਸਓਕਾ ਸ਼ੀਕੀ (1867 - 1902), ਨੇ ਅਲਗ ਇਕੱਲੇ ਹੋਕੂ ਨੂੰ ਹਾਇਕੂ ਨਾਮ ਦੇ ਦਿੱਤਾ।[5]

ਹਾਇਕੂ ਅਤੇ ਕੁਦਰਤ

[ਸੋਧੋ]

ਲਗਪਗ ਸਾਰੇ ਹਾਇਕੂ ਕਵੀ ਅਤੇ ਹਾਇਕੂ ਵਿਸ਼ਲੇਸ਼ਕ ਮੰਨਦੇ ਹਨ ਕਿ ਹਾਇਕੂ ਦਾ ਕੁਦਰਤ ਨਾਲ ਗੂੜ੍ਹਾ ਸਬੰਧ ਹੈ, ਕਿ ਇਹ ਕੁਦਰਤ ਦੀ ਲੀਲ੍ਹਾ ਦੀ ਕਾਵਿ ਵੰਨਗੀ ਹੈ ਅਤੇ ਕਿ ਇਹ ਕੁਦਰਤ ਨੂੰ ਸਜੀਵ ਕਾਵਿਕ ਬਿੰਬ ਵਿੱਚ ਪੇਸ਼ ਕਰਦਾ ਹੈ। ਪੰਜਾਬੀ ਆਲੋਚਕ ਡਾ. ਜਸਵਿੰਦਰ ਅਨੁਸਾਰ: "ਪਰ ਇਹ ਮੂਲੋਂ ਹੀ ਸਿਰਫ ਤੇ ਸਿਰਫ ਕੁਦਰਤ ਕੇਂਦਰਿਤ ਹੀ ਹੈ ਅਤੇ ਸਿਰਫ ਕੁਦਰਤ ਦਾ ਵਰਣਨ ਹੀ ਇਸਦਾ ਆਦਿ ਅਤੇ ਅੰਤ ਬਿੰਦੂ ਹੈ, ਇਸ ਬਾਰੇ ਚੋਖਾ ਵਾਦ-ਵਿਵਾਦ ਹੈ। ਕੁਦਰਤ ਨਾਲ ਭਰਪੂਰ ਅਤੇ ਜੀਵੰਤ ਸੁਮੇਲਤਾ ਹਾਇਕੂ ਦਾ ਕੇਂਦਰੀ ਪਛਾਣ-ਚਿੰਨ੍ਹ ਹੈ। ਪਰ ਇਸ ਕਾਵਿ ਵਿਧੀ ਰਾਹੀਂ ਕਵੀ ਮਨੁੱਖੀ ਅਨੁਭਵ ਅਤੇ ਸਮਾਜਿਕ ਪਰਿਵੇਸ਼ ਨੂੰ ਵੀ ਆਪਣੇ ਨਿਆਰੇ ਕਲੇਵਰ ਵਿੱਚ ਲੈਂਦਾ ਹੈ, ਇਹ ਗੱਲ ਵੀ ਘੱਟ ਮਹੱਤਵ ਵਾਲੀ ਨਹੀਂ। ਪੰਜਾਬੀ ਵਿੱਚ ਪ੍ਰਾਪਤ ਹਾਇਕੂ ਅਤੇ ਇਸ ਪੁਸਤਕ ਵਿੱਚ ਸ਼ਾਮਲ ਹਾਇਕੂ ਇਸਦਾ ਪੁਖਤਾ ਪਰਮਾਣ ਹਨ।"[6]

ਮਾਤਸੂਓ ਬਾਸ਼ੋ

[ਸੋਧੋ]

ਮਾਤਸੂਓ ਬਾਸ਼ੋ (1644 - 1694), ਜਨਮ ਸਮੇਂ ਮਾਤਸੂਓ ਕਿਨਸਾਕੂ (松尾 金作?), ਫਿਰ ਮਾਤਸੂਓ ਚਿਊਮੋਨ ਮੁਨਫੋਸਾ (松尾 忠右衛門 宗房?)[੧][੨] ਐਡੋ ਕਾਲ (1603 ਤੋਂ 1868) ਦਾ ਸਭ ਤੋਂ ਮਸ਼ਹੂਰ ਜਪਾਨੀ ਕਵੀ ਸੀ। ਆਪਣੇ ਜੀਵਨਕਾਲ ਦੇ ਦੌਰਾਨ, ਬਾਸ਼ੋ ਮਿਲ ਕੇ ਜੋੜੇ ਜਾਂਦੇ ਰੇਂਕੂ (ਉਸ ਸਮੇਂ ਹੈਕਾਈ ਨੋ ਰੇਂਗਾ ਕਹਿੰਦੇ ਸਨ) ਕਾਵਿ ਰੂਪ ਵਿੱਚ ਆਪਣੇ ਕੰਮ ਲਈ ਮੰਨਿਆ ਗਿਆ ਸੀ। ਅੱਜ, ਸਦੀਆਂ ਤੋਂ ਚੱਲਦੀ ਚਰਚਾ ਦੇ ਬਾਅਦ, ਉਹ ਹਾਇਕੂ ਦਾ ਸਭ ਤੋਂ ਵੱਡਾ ਮਾਸਟਰ (ਉਸ ਸਮੇਂ ਹੋਕੂ ਕਿਹਾ ਜਾਂਦਾ ਸੀ) ਮੰਨਿਆ ਜਾ ਰਿਹਾ ਹੈ। ਉਨ੍ਹਾਂ ਦੀ ਕਵਿਤਾ ਅੰਤਰਰਾਸ਼ਟਰੀ ਪੱਧਰ ਉੱਤੇ ਪ੍ਰਸਿੱਧ ਹੈ, ਅਤੇ ਜਾਪਾਨ ਵਿੱਚ ਉਹਦੀਆਂ ਕਵਿਤਾਵਾਂ ਕਈ ਸਮਾਰਕਾਂ ਅਤੇ ਪਰੰਪਰਾਗਤ ਸਥਾਨਾਂ ਉੱਤੇ ਉਕਰੀਆਂ ਹੋਈਆਂ ਹਨ।

ਯੋਸਾ ਬੂਸੋਨ

[ਸੋਧੋ]
ਯੋਸਾ ਬੂਸੋਨ ਦੀ ਕਬਰ

ਬੂਸੋਨ ਜਾਂ ਯੋਸਾ ਬੂਸੋਨ (1716 – 17 ਜਨਵਰੀ 1784), ਐਡੋ ਕਾਲ (1603 ਤੋਂ 1868) ਦਾ ਮਸ਼ਹੂਰ ਜਪਾਨੀ ਚਿਤਰਕਾਰ ਅਤੇ ਕਵੀ ਸੀ। ਉਹ ਜਪਾਨ ਦੇ ਚਾਰ ਹਾਇਕੂ ਉਸਤਾਦਾਂ- ਬਾਸ਼ੋ, ਬੂਸੋਨ, ਈਸਾ ਅਤੇ ਸ਼ਿੱਕੀ - ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਹਵਾਲੇ

[ਸੋਧੋ]
  1. http://sahitaakhar.org/index.php/2013-10-12-14-36-19?start=1[permanent dead link]
  2. "ਕਵਿਤਾ ਦੀਆਂ ਕਣੀਆਂ". 7 ਨਵੰਬਰ 2010.
  3. Roland Barthes (1982) Empire of Signs. page 82
  4. Blyth, Reginald Horace. Haiku. Volume 1, Eastern culture. The Hokuseido Press, 1981. ISBN 0-89346-158-X p123ff.
  5. Higginson, William J. The Haiku Handbook, Kodansha International, 1985, ISBN 4-7700-1430-9, p.20
  6. ਸੰਦੀਪ ਚੌਹਾਨ (2014). ਕੋਕਿਲ ਅੰਬਿ ਸੁਹਾਵੀ ਬੋਲੇ. Gracious Books. pp. xv.