ਵਿਕੀਪੀਡੀਆ:ਚੁਣਿਆ ਹੋਇਆ ਲੇਖ/9 ਫ਼ਰਵਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੈਤੋ ਦਾ ਮੋਰਚਾ
ਭਾਰਤ ਵਿੱਚ ਬਰਤਾਨਵੀ ਰਾਜ ਸਮੇਂ ਨਾਭਾ ਰਿਆਸਤ ਦੇ ਰਾਜੇ ਰਿਪੁਦਮਨ ਸਿੰਘ ਨੂੰ ਅੰਗਰੇਜ਼ਾਂ ਵੱਲੋਂ ਰਿਆਸਤ ਤੋਂ ਲਾਂਭੇ ਕਰਨ ਦੇ ਵਿਰੋਧ ਵਿੱਚ ਲੱਗਿਆ ਮੋਰਚਾ ‘ਜੈਤੋ ਦੇ ਮੋਰਚੇ’ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ। ਜੈਤੋ ਮੋਰਚੇ ਵਾਸਤੇ ਪਹਿਲਾ ਸ਼ਹੀਦੀ ਜਥਾ 9 ਫ਼ਰਵਰੀ, 1924 ਦੇ ਦਿਨ ਚਲਿਆ ਸੀ ਜਿਸ 'ਤੇ 21 ਫ਼ਰਵਰੀ ਨੂੰ ਗੋਲੀ ਚਲਾ ਕੇ ਦਰਜਨਾਂ ਸਿੱਖ ਸ਼ਹੀਦ ਕਰ ਦਿਤੇ ਗਏ ਸਨ। ਇਸ ਮੋਰਚੇ ਨੇ ਭਾਰਤ ਦੀ ਆਜ਼ਾਦੀ ਦੀ ਲਹਿਰ ਦਾ ਮੁੱਢ ਬੰਨ੍ਹ ਦਿੱਤਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸੇ ਮੋਰਚੇ ਦੀ ਹੀ ਦੇਣ ਹੈ। ਇਸ ਮੋਰਚੇ ਤੋਂ ਪ੍ਰਭਾਵਿਤ ਹੋ ਕੇ ਪੰਡਿਤ ਜਵਾਹਰ ਲਾਲ ਨਹਿਰੂ ਇੱਥੇ ਆਏ ਅਤੇ ਉਨ੍ਹਾਂ ਨੂੰ ਜੈਤੋ ਥਾਣੇ ਦੀ ਹਵਾਲਾਤ ਵਿੱਚ ਵੀ ਰੱਖਿਆ ਗਿਆ ਸੀ। ਜੈਤੋ ਦਾ ਮੋਰਚਾ ਸਿੱਖ ਇਤਿਹਾਸ ਦਾ ਸ਼ਾਂਤਮਈ ਮੋਰਚਾ ਸਾਰੇ ਸਿੱਖ ਮੋਰਚਿਆਂ ਤੋਂ ਲੰਮਾ ਸਮਾਂ ਜਾਰੀ ਰਿਹਾ ਇਹ ਲਗਭਗ ਦਸ ਮਹੀਨੇ ਲੰਮਾ ਰਿਹਾ ਅਤੇ ਇਸ ਦਾ ਨਤੀਜਾ ਇਹ ਰਿਹਾ ਕਿ ਉਸ ਵੇਲੇ ਦੀ ਅੰਗਰੇਜ਼ੀ ਹਕੂਮਤ ਨੂੰ ‘ਗੁਰਦੁਆਰਾ ਐਕਟ’ ਬਣਾਉਣ ਲਈ ਮਜਬੂਰ ਹੋਣਾ ਪਿਆ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੌਜੂਦਾ ਸਰੂਪ ਹੈ। ਇਸ ਨੂੰ ਭਾਰਤੀ ਆਜ਼ਾਦੀ ਦੀ ਪਹਿਲੀ ਲੜਾਈ ਵਜੋਂ ਵੀ ਯਾਦ ਕੀਤਾ ਜਾਂਦਾ ਹੈ। ਜੈਤੋ ਮੋਰਚੇ ਦਾ ਆਰੰਭ 8 ਜੂਨ,1923 ਨੂੰ ਉਸ ਵੇਲੇ ਹੋਇਆ ਜਦੋਂ ਅੰਗਰੇਜ਼ੀ ਹਕੂਮਤ ਨੇ ਸ੍ਰੀ ਰਿਪੁਦਮਨ ਸਿੰਘ ਨੂੰ ਨਾਭਾ ਦੀ ਗੱਦੀ ਤੋਂ ਲਾਹ ਕੇ ਰਿਆਸਤ ਵਿੱਚੋਂ ਕੱਢ ਦਿੱਤਾ। ਇਸ ਘਟਨਾ ਵਿਰੁੱਧ ਸਾਰੇ ਸਿੱਖ ਜਗਤ ਵਿੱਚ ਰੋਸ ਦੀ ਲਹਿਰ ਫੈਲ ਗਈ।