ਬਹਾਦਰਗੜ ਕਿਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ


ਪਟਿਆਲਾ ਦੀ ਵਿਰਾਸਤ ਵਿਚ ਇੱਕ ਮੀਲ ਪੱਥਰ ਕਿਲ੍ਹਾ ਬਹਾਦਰਗੜ੍ਹ ਦੀ ਬਣਤਰ ਸਪਸ਼ਟ ਕਰਦੀ ਹੈ ਕਿ ਅੱਜ ਦੇ ਮੁਕਾਬਲੇ ਸਾਡੇ ਪੂਰਵਜ ਵੀ ਬਹੁਤ ਵੱਡੀਆਂ ਅਕਲਾਂ ਦੇ ਮਾਲਕ ਸਨ। ਕਿਲ੍ਹੇ ਅੰਦਰ ਭੁੱਲ ਭੁਲਾਈਆਂ ਪੈਦਾ ਕਰਦੇ ਮੋੜ ਘੇੜ ਵਾਲੇ ਰਸਤੇ, ਸਰਹੱਦੀ ਛੋਟੀ ਇੱਟ ਨਾਲ ਬਣੀਆਂ ਕਿਲ੍ਹੇ ਦੀਆਂ ਮਜ਼ਬੂਤ ਦੀਵਾਰਾਂ ਆਦਿ ਹੋਰ ਬਹੁਤ ਸਾਰੇ ਅਹਿਮ ਕਾਰਨ ਹਨ ਜਿਹਨਾਂ ਕਰ ਕੇ ਸਾਡੇ ਪੂਰਵਜਾਂ ਦੀ ਅਕਲ ਤੇ ਮਾਣ ਕੀਤਾ ਜਾ ਸਕਦਾ ਹੈ। ਬਾਦਸ਼ਾਹ ਔਰੰਗਜ਼ੇਬ ਦੇ ਰਿਸ਼ਤੇਦਾਰਾਂ ਵਿਚੋਂ ਨਵਾਬ ਸੈਫੂਦੀਨ ਮਹਿਮੂਦ ਦੇ ਨਾਮ ਤੇ ਬਹਾਦਰਗੜ੍ਹ ਕਿਲ੍ਹੇ ਨੂੰ ਪਹਿਲਾਂ ਸੈਫਾਬਾਦ ਕਿਹਾ ਜਾਂਦਾ ਸੀ, ਸੈਫੂਦੀਨ ਔਰੰਗਜ਼ੇਬ ਬਾਦਸ਼ਾਹ ਵੱਲੋਂ ਦਿੱਤੇ ਕਈ ਸੂਬਿਆਂ (ਆਗਰਾ 1659, ਕਸ਼ਮੀਰ 1671 ਤੇ ਬਿਹਾਰ 1678) ਦਾ ਸੂਬੇਦਾਰ ਥਾਪਿਆ ਤੇ ਕਈ ਸਾਰੇ ਹੋਰ ਵੀ ਅਹੁਦਿਆਂ ਤੇ ਵੀ ਰਹੇ। ਹਾਲਾਂ ਕਿ ਔਰੰਗਜ਼ੇਬ ਨਾਲ ਕਈ ਵਾਰੀ ਸੈਫੂਦੀਨ ਦੀ ਅਣਬਣ ਵੀ ਹੁੰਦੀ ਰਹੀ ਜਿਸ ਕਰ ਕੇ ਉਸ ਨੂੰ ਕਈ ਵਾਰੀ ਅਹੁਦਿਆਂ ਤੋਂ ਬਰਖ਼ਾਸਤਗੀ ਵੀ ਝੱਲਣੀ ਪਈ, ਪਰ ਫੇਰ ਉਸ ਦੀ ਬਹਾਦਰੀ ਤੇ ਹੋਰ ਕਈ ਕਾਰਨਾਂ ਕਰ ਕੇ ਉਸ ਨੂੰ ਉਸ ਦਾ ਸਨਮਾਨ ਵਾਪਸ ਕੀਤਾ ਗਿਆ, ਕੁੱਝ ਸਮੇਂ ਬਾਅਦ ਸੈਫੂਦੀਨ ਆਪਣੀ ਜਾਤੀ ਜਾਗੀਰ ਸੈਫਾਬਾਦ ਵਿਚ ਰਹਿਣ ਲੱਗ ਪਏ, ਇੱਥੇ ਸੈਫੂਦੀਨ ਨੇ 1688 ਈ. ਵਿਚ ਇੱਕ ਕਿਲ੍ਹਾ ਵਰਗੀ ਕੋਠੀ ਉਸਾਰੀ ਤੇ ਨਾਲ ਮਸਜਿਦ ਵੀ, ਜਿਸ ਦਾ ਜ਼ਿਕਰ ਮਆਸਿਰਿ ਆਲਮਗੀਰੀ ਵਿਚ ਆਉਂਦਾ ਹੈ। ਜਿੰਨੇ ਵੀ ਇਸ ਸਥਾਨ ਤੇ ਘਰ ਸਨ ਉਹ ਸਾਰੇ ਹੀ ਉਸਾਰੇ ਗਏ ਇੱਕ ਕੋਟ ਦੇ ਅੰਦਰ ਹੀ ਸਨ। ਇੱਥੇ ਨਵਾਬ ਸੈਫੂਦੀਨ ਦੇ ਕੰਮ ਕਰਨ ਵਾਲੇ ਮੁਜ਼ਾਰੇ ਵੀ ਰਹਿੰਦੇ ਸਨ, ਅਠਾਰ੍ਹਵੀਂ ਸਦੀ ਦੇ ਸਤਰਵਿਆਂ ਤੱਕ ਨਵਾਬ ਦੇ ਵੰਸ਼ਜ ਇੱਥੇ ਰਹਿੰਦੇ ਰਹੇ। ਘੜਾਮ ਦੇ ਪੀਰ ਭੀਖਮ ਸਾਹ ਦੇ ਨਜ਼ਦੀਕੀ ਹੋਣ ਕਰ ਕੇ ਨਵਾਬ ਦਾ ਸਬੰਧ ਸਮਕਾਲੀ ਹੋਣ ਕਰ ਕੇ ਸਿੱਖਾਂ ਦੇ ਨੌਵੇਂ ਗੁਰੂ ਤੇਗ਼ ਬਹਾਦਰ ਹੋਰਾਂ ਨਾਲ ਹੋ ਗਿਆ, ਗੁਰੂ ਜੀ ਜਦੋਂ ਵੀ ਪ੍ਰਚਾਰ ਲਈ ਇਸ ਪਾਸੇ ਆਉਂਦੇ ਤਾਂ ਨਵਾਬ ਸੈਫੂਦੀਨ ਕੋਲ ਹੀ ਠਹਿਰਦੇ ਸਨ। ਜਦੋਂ ਗੁਰੂ ਤੇਗ਼ ਬਹਾਦਰ ਹੋਰਾਂ ਨੂੰ ਸੈਫੂਦੀਨ ਮਿਲੇ ਤਾਂ ਗੁਰੂ ਨੇ ਹੋਰ ਗੱਲਾਂ ਕਰਨ ਦੇ ਨਾਲ ਨਾਲ ਇਹ ਵੀ ਪੁੱਛਿਆ ਕਿ ਇਹ ਜਗ੍ਹਾ ਤੁਸੀਂ ਕਿਉਂ ਬਣਾਈ ਹੈ ਤਾਂ ਸੈਫੂਦੀਨ ਨੇ ਜਵਾਬ ਦਿੱਤਾ ਕਿ ਇੱਥੇ ਭੇਡ ਗਰਭਵਤੀ ਸੀ ਉਸ ਨੂੰ ਬਘਿਆੜ ਮਾਰਨ ਲੱਗੇ ਤਾਂ ਉਸ ਨੇ ਮਾਰ ਨਾ ਖਾਈ, ਤਾਂ ਮੈਂ ਇਹ ਜਗ੍ਹਾ ਦੀ ਚੋਣ ਕੀਤੀ ਸੀ, ਤਾਂ ਗੁਰੂ ਤੇਗ਼ ਬਹਾਦਰ ਨੇ ਇਹ ਜਗ੍ਹਾ ਹੋਰ ਵੀ ਵੱਡੀ ਕਰਨ ਦਾ ਬਚਨ ਕੀਤਾ। ਜਦੋਂ ਗੁਰੂ ਜੀ ਜਾਣ ਲੱਗੇ ਤਾਂ ਕਈ ਸਾਰੀਆਂ ਜ਼ਰੂਰਤ ਦੀਆਂ ਵਸਤਾਂ ਜਿਵੇਂ ਕਿ ਲੰਗਰ ਲਈ ਭਾਂਡੇ, ਤੰਬੂ, ਭਾਰ ਬਰਦਾਰੀ ਲਈ ਸੂਤਰ ਦਿੱਤੇ, ਵੱਡਾ ਉਮਦਾ ਘੋੜਾ ਦਿੱਤਾ, ਮਾਤਾ ਗੁਜਰੀ ਦੀ ਸਵਾਰੀ ਲਈ ਰਥ ਦਿੱਤਾ। ਗੁਰੂ ਜੀ ਇੱਥੇ ਦੁਬਾਰਾ ਆਉਣ ਦਾ ਵਾਅਦਾ ਕਰ ਕੇ ਲੰਗ ਪਿੰਡ ਵੱਲ ਚਲੇ ਗਏ। ਜਦੋਂ ਕਸ਼ਮੀਰੀ ਪੰਡਤਾਂ ਨੂੰ ਮੁਸਲਮਾਨ ਬਣਾਇਆ ਜਾਣ ਲੱਗਾ ਤੇ ਗੁਰੂ ਤੇਗ਼ ਬਹਾਦਰ ਪੰਡਤਾਂ ਦਾ ਪੱਖ ਕਰਨ ਲੱਗੇ ਤਾਂ ਔਰੰਗਜ਼ੇਬ ਨੇ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਨ ਲਈ ਇਸ਼ਤਿਹਾਰ ਜਾਰੀ ਕਰ ਦਿੱਤਾ ਕਿ ਜੋ ਗੁਰੂ ਜੀ ਨੂੰ ਪਕੜਾਏਗਾ ਉਸ ਨੂੰ 1000 ਰੁਪਏ ਇਨਾਮ ਮਿਲੇਗਾ। ਤਾਂ ਗੁਰੂ ਜੀ ਆਪਣੇ ਆਪ ਹੀ ਦਿਲੀ ਗ੍ਰਿਫ਼ਤਾਰੀ ਦੇਣ ਸਮੇਂ ਸੈਫੂਦੀਨ ਦੇ ਕੋਲ ਫੇਰ 3 ਮਹੀਨੇ 9 ਦਿਨ ਠਹਿਰੇ। ਪਟਿਆਲਾ ਦੇ ਆਲ਼ੇ ਦੁਆਲੇ ਕਈ ਥਾਵਾਂ ਤੇ ਇਤਿਹਾਸਕ ਗੁਰੂ ਘਰ ਹੋਣ ਤੇ ਇਹ ਪੱਕਾ ਹੋ ਜਾਂਦਾ ਹੈ ਕਿ ਗੁਰੂ ਜੀ ਇੱਥੇ ਕਾਫ਼ੀ ਸਮਾਂ ਠਹਿਰੇ। ਅਠਾਰ੍ਹਵੀਂ ਸਦੀ ਦੇ ਸੱਠਵਿਆਂ ਪਿੱਛੋਂ ਪਟਿਆਲਾ ਰਿਆਸਤ ਤੇ ਸਿੱਖ ਮਿਸਲਾਂ ਦਾ ਰਾਜ ਹੋ ਗਿਆ, ਬਾਬਾ ਆਲਾ ਸਿੰਘ ਦੇ ਪੋਤਰੇ ਰਾਜਾ ਅਮਰ ਸਿੰਘ ਨੇ ਫ਼ੌਜ ਲੈ ਕੇ ਅਚਾਨਕ ਸੈਫਾਬਾਦ ਕਿਲ੍ਹਾ ਨੁਮਾ ਕੋਠੀ ਨੂੰ ਘੇਰਾ ਪਾ ਲਿਆ, ਹਮਲੇ ਤੋਂ ਪਹਿਲਾਂ ਰਾਜਾ ਅਮਰ ਸਿੰਘ ਨੇ ਉਸ ਸਮੇਂ ਦੇ ਇਸ ਜਾਗੀਰ ਦੇ ਇੰਚਾਰਜ ਗੁੱਲ ਖ਼ਾਨ ਨਾਲ ਗੱਲ ਕੀਤੀ, ਸੈਫੂਦੀਨ ਦੀ ਔਲਾਦ ਸੌਦੇ ਲਈ ਤਿਆਰ ਹੋ ਗਈ, ਜਿਸ ਤਹਿਤ ਉਹਨਾਂ ਨੂੰ ਛੋਟਾ ਰਸੂਲਪੁਰ ਦਾ ਪਿੰਡ ਜਾਗੀਰ ਵਜੋਂ ਦਿੱਤਾ, ਤੇ ਹੋਰ ਕਈ ਸਾਰੇ ਪਿੰਡਾ ਦੀ ਜਾਗੀਰ ਦਿੱਤੀ, ਜਿਵੇਂ ਕਿ ਬਹਾਦਰਗੜ੍ਹ ਦੇ ਨਾਲ ਜਿਹਨਾਂ ਪਿੰਡਾਂ ਦੇ ਨਾਮ ਨਾਲ ਪੁਰ ਲੱਗਦਾ ਹੈ ਉਹ ਪਿੰਡ ਨਵਾਬ ਦੀ ਔਲਾਦ ਦੀ ਜਾਗੀਰ ਸਨ। ਪਟਿਆਲਾ ਨੂੰ ਦੁਸ਼ਮਣਾਂ ਤੋਂ ਸੁਰੱਖਿਅਤ ਕਰਨ ਲਈ ਚਾਰੇ ਪਾਸੇ ਕਿਲ੍ਹਿਆਂ ਦਾ ਹੋਣਾ ਲਾਜ਼ਮੀ ਸੀ ਜਿਵੇਂ ਕਿ ਪੂਰਬ ਵਾਲੇ ਪਾਸੇ ਪੁਰਾਤਨ ਕਸਬਾ ਸਨੌਰ ਸਥਿਤ ਹੋਣ ਕਰ ਕੇ ਕਿੱਲੇਬੰਦੀ ਕੀਤੀ ਹੋਈ ਸੀ, ਪਟਿਆਲਾ ਦੇ ਦੱਖਣ ਪੂਰਬ ਵੱਲ ਘੜਾਮ ਦਾ ਕਿਲ੍ਹਾ ਸੀ, ਦੱਖਣ ਪੱਛਮ ਵੱਲ ਭਵਾਨੀਗੜ੍ਹ ਦਾ ਕਿਲ੍ਹਾ ਸੀ, ਪੱਛਮ ਵਲ ਮਲੇਰਕੋਟਲਾ ਦੇ ਨਜ਼ਦੀਕ ਅਮਰਗੜ੍ਹ ਦਾ ਕਿਲ੍ਹਾ ਸੀ, ਸੈਫਾਬਾਦ ਤੇ ਕਬਜ਼ਾ ਹੋਣ ਕਰ ਕੇ ਪਟਿਆਲਾ ਦਾ ਉੱਤਰੀ ਹਿੱਸਾ ਵੀ ਸੁਰੱਖਿਅਤ ਹੋ ਗਿਆ ਸੀ। ਸੈਫਾਬਾਦ ਤੋਂ ਗੁਰੂ ਤੇਗ਼ ਬਹਾਦਰ ਹੋਰਾਂ ਦੇ ਨਾਮ ਤੇ ਬਣੇ ਕਿਲ੍ਹਾ ਬਹਾਦਰਗੜ੍ਹ ਤਿੰਨ ਪੜਾਵਾਂ ਵਿਚ ਬਣਿਆ, ਪਹਿਲਾ ਪੜਾਅ ਸੈਫੂਦੀਨ ਨੇ ਬਣਾਇਆ, ਦੂਜਾ ਰਾਜਾ ਅਮਰ ਸਿੰਘ ਅਤੇ ਤੀਜਾ ਪੜਾਅ ਰਾਜਾ ਕਰਮ ਸਿੰਘ ਨੇ ਪੂਰਾ ਕੀਤਾ। ਇਸ ਨੂੰ ਪੂਰਾ ਹੋਣ ਵਿਚ ਕਰੀਬ 8 ਸਾਲਾਂ ਦਾ ਸਮਾਂ ਤੇ 10 ਲੱਖ ਰੁਪਏ ਦਾ ਖਰਚਾ ਆਇਆ। ਇਸ ਕਿਲ੍ਹੇ ਦਾ ਕੁਲ ਘੇਰਾ 6890 ਫੁੱਟ ਜਾਂ ਫਿਰ ਇੱਕ ਮੀਲ ਪੰਜ ਸੋ ਛੱਤੀ ਗਜ਼ ਅਤੇ ਦੋ ਫੁੱਟ ਹੈ। ਕਿਲ੍ਹੇ ਦੀ ਜੋ ਅੰਦਰਲੀ ਫ਼ਸੀਲ (ਦੀਵਾਰ) ਹੈ ਉਹ ਕਰੀਬ 60 ਫੁੱਟ ਚੌੜੀ ਹੈ ਅਜਿਹੀ ਦੀਵਾਰ ਭਾਰਤ ਦੇ ਕਿਸੇ ਵੀ ਕਿਲ੍ਹੇ ਦੀ ਨਹੀਂ ਹੋਵੇਗੀ। ਕਿਲ੍ਹੇ ਦਾ ਅੰਦਰਲਾ ਪਾਸਾ ਸੈਫੂਦੀਨ ਵੇਲੇ ਦਾ ਹੀ ਹੈ, ਰਾਜਾ ਅਮਰ ਸਿੰਘ ਦੇ ਕਰਮ ਸਿੰਘ ਨੇ ਦੀਵਾਰ ਨੂੰ ਹੋਰ ਚੌੜੀ ਤੇ ਮਜ਼ਬੂਤ ਬਣਾਇਆ, ਦੀਵਾਰ ਦੇ ਅੰਦਰਲੇ ਪਾਸੇ ਪਹਿਰੇਦਾਰਾਂ ਲਈ ਛੋਟੇ ਛੋਟੇ ਬਰਾਂਡੇ ਡਾਟਦਾਰ ਬਣੇ ਹਨ, ਜਿਹਨਾਂ ਵਿਚੋਂ ਕੁੱਝ ਢਹਿ ਢੇਰੀ ਵੀ ਚੁੱਕੇ ਹਨ, ਵੱਡੀ ਦੀਵਾਰ ਦੇ ਨਾਲ ਬਣੇ ਗੁਰਦੁਆਰਾ ਸਾਹਿਬ ਦੇ ਕੋਲ ਖੂਹ ਤੋਂ ਹਰੇਕ ਕਮਰੇ ਤੇ ਦੀਵਾਰ ਨੂੰ ਪਾਣੀ ਭੇਜਿਆ ਜਾਂਦਾ ਸੀ। ਦੀਵਾਰ ਦੇ ਆਲ਼ੇ ਦੁਆਲੇ 14 ਉੱਚੇ ਬੁਰਜ ਉਸਾਰੇ ਗਏ, ਬੰਦੂਕਾਂ ਤੇ ਤੋਪਾਂ ਦੇ ਫਾਇਰ ਕਰਨ ਲਈ ਮਘੋਰੇ ਬਣਾਏ ਗਏ, ਜੋ ਡਾਟਾਂ ਮਘੋਰਿਆਂ ਲਈ ਬਣਾਈਆਂ ਸਨ ਉਹਨਾਂ ਵਿਚ ਸਰੀਏ ਨਹੀਂ ਸਗੋਂ ਮਿੱਟੀ ਦੀਆਂ ਬਣੀਆਂ ਹਨ। ਮੁੱਖ ਦਰਵਾਜ਼ੇ ਦੇ ਸਾਹਮਣੇ ਇੱਕ ਮਜ਼ਬੂਤ ਬੁਰਜ ਬਣਾਇਆ ਗਿਆ, ਦਰਵਾਜ਼ੇ ਮਜ਼ਬੂਤ ਲੱਕੜ ਦੇ ਹਨ, ਦਰਬਾਰੇ ਦੇ ਅੰਦਰਲੇ ਪਾਸੇ ਵੱਡੀ ਦੀਵਾਰ ਤੇ ਉੱਚੀਆਂ ਮੰਜ਼ਿਲਾਂ ਵੱਲ ਜਾਣ ਲਈ ਦੋ ਪੌੜੀਆਂ ਬਣਾਈਆਂ ਗਈਆਂ, ਦੋ ਦੋ ਦਰਵਾਜ਼ੇ ਦੁਸ਼ਮਣ ਨੂੰ ਧੋਖਾ ਦੇਣ ਲਈ ਬਣਾਏ ਗਏ ਸਨ ਪਰ ਹੁਣ ਇਹ ਦਰਵਾਜ਼ੇ ਨਜ਼ਰ ਨਹੀਂ ਆਉਂਦੇ, ਰਾਜਾ ਕਰਮ ਸਿੰਘ ਨੇ ਵੀ ਦੀਵਾਰਾਂ ਨੂੰ ਹੋਰ ਮਜ਼ਬੂਤ ਕੀਤਾ। ਰਾਜਾ ਅਮਰ ਸਿੰਘ ਵੇਲੇ ਮੁਸਲਮਾਨ ਸ਼ਾਸਕਾਂ ਨੇ ਪਟਿਆਲਾ ਤੋਂ ਇੱਕ ਸਾਜ਼ਿਸ਼ ਅਧੀਨ 30 ਲੱਖ ਰੁਪਏ ਦੀ ਮੰਗ ਕੀਤੀ ਨਾ ਦੇਣ ਦੀ ਸੂਰਤ ਵਿਚ ਉਹਨਾਂ ਹਮਲਾ ਕਰ ਦਿੱਤਾ ਤੇ ਬਹਾਦਰਗੜ੍ਹ ਕਿਲ੍ਹੇ ਤੇ ਕਬਜ਼ਾ ਕਰ ਲਿਆ ਜਿੱਥੇ ਕਿ ਪਹਿਲਾਂ ਹੀ ਪਏ ਬਾਰੂਦੀ ਜ਼ਖੀਰੇ ਦੇ ਫੱਟ ਜਾਣ ਕਰ ਕੇ ਮੁਸਲਮਾਨ ਫ਼ੌਜ ਦੇ 300 ਸੈਨਿਕ ਮਾਰੇ ਗਏ, ਤਾਂ ਹਮਲੇ ਦੀ ਅਗਵਾਈ ਕਰ ਰਹੇ ਅਬਦੁਲ ਅਹਿਦ ਖਾਂ ਨੇ ਕਿਲ੍ਹਾ ਮੁਬਾਰਕ ਤੇ ਵੀ ਕਬਜ਼ਾ ਕਰਨਾ ਚਾਹਿਆ ਪਰ ਉਹ ਅਸਫਲ ਰਿਹਾ। ਫਰਵਰੀ 1781 ਵਿਚ ਰਾਜਾ ਅਮਰ ਸਿੰਘ ਦਾ ਦੇਹਾਂਤ ਹੋਣ ਤੋਂ ਬਾਅਦ ਉਸ ਦੀ ਗੱਦੀ ਤੇ 6 ਸਾਲਾ ਰਾਜਕੁਮਾਰ ਸਾਹਿਬ ਸਿੰਘ ਬੈਠਿਆ, ਉਸ ਤੋਂ ਬਾਅਦ ਕਈ ਸਾਰੀਆਂ ਅੰਦਰੂਨੀ ਬਗ਼ਾਵਤਾਂ ਹੋਈਆਂ ਤੇ ਬਾਹਰੀ ਹਮਲੇ ਹੋਏ, 1790 ਵਿਚ ਭਿਆਨਕ ਹਮਲਾ ਮਰਹੱਟਿਆਂ ਵੱਲੋਂ ਰਾਣਾ ਖ਼ਾਨ ਦਾਦਾ ਜੀ ਤੇ ਅਲੀ ਬਹਾਦਰ ਪੇਸ਼ਵਾ ਦੀ ਅਗਵਾਈ ਵਿਚ ਕੀਤਾ ਗਿਆ, ਪਟਿਆਲਾ ਦੇ ਦੀਵਾਨ ਨਾਨੂੰ ਮਲ ਦੀ ਅੰਦਰਗਤੀ ਮਰਹੱਟਿਆਂ ਨਾਲ ਮਿਲੀ ਭੁਗਤ ਸੀ, ਰਾਜਾ ਸਾਹਿਬ ਸਿੰਘ ਦੀ ਭੂਆ ਬੀਬੀ ਰਾਜਿੰਦਰ ਕੌਰ ਦੇ ਮਰਹੱਟਿਆਂ ਨਾਲ ਗੱਜ ਵੱਜ ਕੇ ਲੜਾਈ ਕਰਨ ਦਾ ਜ਼ਿਕਰ ਵੀ ਆਉਂਦਾ ਹੈ, ਪਰ ਫਿਰ ਵੀ ਦੀਵਾਨ ਨਨੂੰ ਮਲ ਦੀ ਮਿਲੀਭੁਗਤ ਨਾਲ ਬਹਾਦਰਗੜ੍ਹ ਕਿਲ੍ਹੇ ਤੇ ਮਰਹੱਟਿਆਂ ਦਾ ਕਬਜ਼ਾ ਹੋ ਗਿਆ। ਬੀਬੀ ਰਾਜਿੰਦਰ ਕੌਰ ਨੇ ਮਰਹੱਟਾ ਹਾਕਮ ਸਿੰਧੀਆ ਨਾਲ ਮਥੁਰਾ ਜਾ ਕੇ ਗੱਲਬਾਤ ਕੀਤੀ ਤਾਂ ਜਾ ਕੇ ਮਰਹੱਟਿਆਂ ਨੂੰ ਕਿਲ੍ਹੇ ਚੋਂ ਬਾਹਰ ਕਢਾਇਆ। ਕਿਲ੍ਹੇ ਅੰਦਰ ਬਣੇ ਅਸਲ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਉੱਪਰਲੇ ਹਿੱਸੇ ਤੋਂ ਬਾਹਰਲਾ ਬਹਾਦਰਗੜ੍ਹ ਸਾਹਿਬ ਗੁਰਦੁਆਰਾ ਸਾਫ਼ ਨਜ਼ਰ ਆਉਂਦਾ ਹੈ, ਜਿਸ ਕਰ ਕੇ ਸੰਗਤਾਂ ਦੀ ਮੰਗ ਹੈ ਕਿ ਅੰਦਰਲੇ ਗੁਰੂ ਘਰ ਨੂੰ ਰਾਜਪੁਰਾ ਸੜਕ ਵੱਲ ਮਿਲਾਉਣ ਲਈ ਲਾਂਘਾ ਦਿੱਤਾ ਜਾਵੇ। ਹੁਣ ਇਸ ਕਿਲ੍ਹੇ ਤੇ ਕਮਾਂਡੋ ਟਰੇਨਿੰਗ ਸੈਂਟਰ ਹੈ, ਜੋ ਇਸ ਕਿਲ੍ਹੇ ਦੀ ਸਾਂਭ ਸੰਭਾਲ ਕਰਨ ਵਿਚ ਕੋਈ ਜ਼ਿਆਦਾ ਕੰਮ ਨਹੀਂ ਕਰ ਰਿਹਾ, ਅੰਦਰ ਬਣਿਆਂ ਇਤਿਹਾਸਕ ਖੂਹ ਵੀ ਕੂੜਾ ਕਬਾੜ ਨਾਲ ਬੰਦ ਕੀਤਾ ਜਾ ਰਿਹਾ ਹੈ। ਅੰਦਰ ਬਣੇ ਪੁਰਾਤਨ ਰਹਿਣ ਲਈ ਕਮਰੇ ਢਹਿ ਰਹੇ ਹਨ, ਦਰਵਾਜ਼ਿਆਂ ਦੀ ਹਾਲਤ ਮਾੜੀ ਹੈ। ਮਸਜਿਦ ਨੂੰ ਲੋਕ ਦੇਖਣ ਲਈ ਆਉਂਦੇ ਹਨ। ਕਿਲ੍ਹੇ ਦੀ ਬਾਹਰੀ ਸੁਰੱਖਿਆ ਖਾਈ ਮਿੱਟੀ ਨਾਲ ਭਰ ਦਿੱਤੀ ਗਈ ਹੈ ਜਿਸ ਤੇ ਨਜਾਇਜ਼ ਕਬਜ਼ੇ ਹੋ ਗਏ ਹਨ, ਤੀਜਾ ਕੀ ਹਿੱਸਾ ਰਹਿੰਦੀ ਖਾਈ ਦੇ ਅਵਸ਼ੇਸ਼ ਮੌਜੂਦ ਹਨ। ਇਸ ਕਿਲ੍ਹੇ ਨੂੰ ਸੰਭਾਲ ਕੇ ਇਸ ਨੂੰ ਸੈਰ ਸਪਾਟੇ ਲਈ ਵਿਕਸਤ ਕੀਤਾ ਜਾ ਸਕਦਾ ਹੈ। ਪਰ ਸਰਕਾਰ ਦਾ ਧਿਆਨ ਨਹੀਂ ਹੈ। ਡੱਬੀ ਇਤਿਹਾਸਕਾਰ ਡਾ. ਸੁਖਦਿਆਲ ਸਿੰਘ ਕਹਿੰਦੇ ਹਨ ਕਿ ਕਿਲ੍ਹਾ ਬਹਾਦਰਗੜ੍ਹ ਵਿਚੋਂ ਕਮਾਡੋਂ ਟਰੇਨਿੰਗ ਸੈਂਟਰ ਹਟਾਉਣਾ ਚਾਹੀਦਾ ਹੈ, ਤਾਂ ਕਿ ਵਿਰਾਸਤੀ ਕਿਲ੍ਹਾ ਆਮ ਲੋਕਾਂ ਲਈ ਦੇਖਣ ਦੀ ਦਿਲਚਸਪ ਥਾਂ ਬਣ ਸਕੇ, ਕਿਉਂਕਿ ਰਾਜਸਥਾਨ ਵਿਚ ਕਿਲ੍ਹਿਆਂ ਨੂੰ ਸੰਵਾਰ ਕੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਾਇਆ ਗਿਆ ਹੈ, ਪਟਿਆਲਾ ਦੀ ਵਿਰਾਸਤ ਵੀ ਬਹੁਤ ਅਣਮੁਲੀ ਹੈ ਇਥੇ ਵੀ ਕਿਲ੍ਹੇ ਸੰਵਾਰ ਕੇ ਟਿਕਟ ਲਾਈ ਜਾ ਸਕਦੀ ਹੈ।