ਵਿਕੀਪੀਡੀਆ:ਚੁਣਿਆ ਹੋਇਆ ਲੇਖ/28 ਮਾਰਚ
ਲਾਲ ਚੰਦ ਯਮਲਾ ਜੱਟ (28 ਮਾਰਚ 1910- 20 ਦਸੰਬਰ 1991) ਜਾਂ ਯਮਲਾ ਜੱਟ ਪੰਜਾਬ ਦਾ ਇੱਕ ਪ੍ਰਸਿੱਧ ਲੋਕ ਗਾਇਕ ਸੀ। ਉਹ ਆਪਣੇ ਤੂੰਬੀ ਵਜਾਉਣ ਦੇ ਅੰਦਾਜ਼ ਅਤੇ ਆਪਣੀ ਤੁਰਲੇ ਵਾਲੀ ਪੱਗ ਲਈ ਮਸ਼ਹੂਰ ਸੀ। ਲਾਲ ਚੰਦ ਯਮਲਾ ਜੱਟ ਤੂੰਬੀ ਦੇ ਬਾਦਸ਼ਾਹ ਵਜੋਂ ਦੁਨੀਆਂ ਵਿੱਚ ਮਸ਼ਹੂਰ ਹੋ ਗਿਆ । ਇੱਕ ਤਾਰ ਉੱਤੇ ਪੋਟੇ ਲਗਾ ਕੇ ਸੱਤ ਸੁਰਾਂ ਜਗਾਣ ਦਾ ਨਵਾਂ-ਨਿਵੇਲਾ ਤਜਰਬਾ ਹਾਸਿਲ ਕਰਨਾ ਉਸਦੇ ਹੀ ਹਿੱਸੇ ਆਇਆ ਸੀ । ਜਦ ਉਹ ਤੂੰਬੀ ਟੁਣਕਾਉਂਦਾ ਸੀ ਸਰੋਤੇ ਮੰਤਰ-ਮੁਗਧ ਹੋ ਬਹਿੰਦੇ ਸਨ। ਉਸਦੀ ਆਵਾਜ਼ ਵਿੱਚ ਇੱਕ ਕਿਸਮ ਦਾ ਜਾਦੂ ਹੀ ਸੀ, ਜਦ ਉਹ ਸ਼ਬਦਾਂ ਨੂੰ ਸੁਰਾਂ ਪ੍ਰਦਾਨ ਕਰਦਾ ਸੀ ਤਾਂ ਸੰਗੀਤ ਦਾ ਇੱਕ ਅਲੌਕਿਕ ਨਜ਼ਾਰਾ ਬੱਝਾ ਹੋਇਆ ਸਾਹਮਣੇ ਆ ਖਲੋਂਦਾ ਸੀ । ਸਟੇਜ ਦੇ ਉੱਪਰ ਖਲੋਤਾ ਯਮਲਾ ਜੱਟ ਜਦ ਆਪਣੇ ਸਾਹਮਣੇ ਹਜ਼ਾਰਾਂ ਲੋਕਾਂ ਦੇ ਹਜੂਮ ਨੂੰ ਦੇਖਦਾ ਸੀ ਤਾਂ ਉਸਦੀ ਰੂਹ ਨਸ਼ਿਆ ਜਾਂਦੀ, ਜਦ ਉਹ ਗਾਉਂਦਾ-ਗਾਉਂਦਾ ਲੋਕਾਂ ਨਾਲ ਗੱਲਾਂ ਕਰਦਾ ਤਾਂ ਇੱਕ ਪਲ ਇਉਂ ਲੱਗਣ ਲੱਗ ਪੈਂਦਾ, ਜਿਵੇਂ ਕੋਈ ਫ਼ਕੀਰ ਗੁਮੰਤਰੀ ਵਿਖਿਆਨ ਕਰ ਰਿਹਾ ਹੋਵੇ। ਜਦੋਂ ਯਮਲਾ ਜੱਟ ਨੇ ਆਕਾਸ਼ਵਾਣੀ ਤੋਂ ਗਾਉਣਾ ਸ਼ੁਰੂ ਕੀਤਾ ਤਾਂ ਦਿਨਾਂ ਵਿੱਚ ਹੀ ਉਸਦੀ ਪ੍ਰਸਿੱਧੀ ਦੇਸ਼ ਭਰ ਵਿੱਚ ਫੈਲ ਗਈ । ਐਚ. ਐਮ. ਵੀ. ਕੰਪਨੀ ਵਿੱਚ ਤੂੰਬੀ ਉੱਤੇ ਗਾਉਣ ਵਾਲਾ ਪਹਿਲਾ ਕਲਾਕਾਰ ਲਾਲ ਚੰਦ ਯਮਲਾ ਜੱਟ ਹੀ ਸੀ । 20 ਦਸੰਬਰ 1991 ਦੀ ਰਾਤ ਲਾਲ ਚੰਦ ਯਮਲਾ ਜੱਟ ਨੇ ਮੋਹਨ ਦੇਵੀ ਓਸਵਾਲ ਹਸਪਤਾਲ ਲੁਧਿਆਣਾ ਵਿੱਚ ਆਪਣੇ ਪ੍ਰਾਣ ਤਿਆਗ ਦਿੱਤੇ । ਯਮਲਾ ਜੱਟ ਦੀ ਮੌਤ ਨਾਲ ਪੰਜਾਬ ਵਿੱਚ ਸਾਫ਼-ਸੁਥਰੀ, ਰਵਾਇਤੀ ਤੇ ਲੋਕ ਸਭਿਆਚਾਰਕ ਗਾਇਨ ਕਲਾ ਨੂੰ ਅਮੁੱਕ ਘਾਟਾ ਪੈ ਗਿਆ ।