ਸਮੱਗਰੀ 'ਤੇ ਜਾਓ

ਪੰਜਾਬੀ ਸੱਭਿਆਚਾਰ ਅਤੇ ਸ਼ਹਿਰੀਕਰਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੰਜਾਬੀ ਸੱਭਿਆਚਾਰ ਤੋਂ ਭਾਵ ਹੈ, ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਂਚ। ਜਿਸ ਵਿੱਚ ਉਹਨਾਂ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਹਾਰ-ਸ਼ਿੰਗਾਰ, ਵਿਸ਼ਵਾਸ, ਕੀਮਤਾਂ, ਮੰਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਭਾਰਤ ਉੱਤੇ ਸਮੇਂ-ਸਮੇਂ ਹਮਲੇ ਕਰਨ ਵਾਲੀਆਂ ਕੌਮਾਂ ਦੇ ਬਹੁਤ ਵੱਡੇ ਭਾਗ ਨੇ ਹਮੇਸ਼ਾ ਲਈ ਪੰਜਾਬ ਦੇ ਪੱਕੇ ਵਸਨੀਕ ਬਣ ਜਾਣਾ ਪਸੰਦ ਕੀਤਾ। ਇਸੇ ਲਈ ਪੰਜਾਬ ਦੇ ਸੱਭਿਆਚਾਰ ਨੂੰ ਮਿਸ਼ਰਤ ਸੱਭਿਆਚਾਰ ਕਿਹਾ ਜਾਂਦਾ ਹੈ। ਪੰਜਾਬ ਦੀ ਭੂਗੋਲਿਕ ਸਥਿਤੀ ਅਜਿਹੀ ਰਹੀ ਹੈ ਕਿ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼-ਦੁਆਰ ਕਿਹਾ ਜਾਂਦਾ ਹੈ। ਜਿੰਨੇ ਵੀ ਹਮਲਾਵਰ ਭਾਰਤ ਵੱਲ ਆਏ ਉਹ ਪੰਜਾਬ ਵਿੱਚੋਂ ਹੀ ਲੰਘੇ। ਇਸ ਤਰ੍ਹਾਂ ਵਿਭਿੰਨ ਨਸਲਾਂ, ਜਾਤਾਂ, ਧਰਮਾਂ ਦੀ ਸੁਮੇਲ ਭੂਮੀ ਬਣਦਾ ਗਿਆ। ਇਸੇ ਕਰਕੇ ਪੰਜਾਬੀ ਸੱਭਿਆਚਾਰ ਦੇ ਕੁਝ ਕੇਂਦਰੀ ਪੱਖ ਹੋਰ ਸੱਭਿਆਚਾਰਾਂ ਨਾਲੋਂ ਮੂਲ ਰੂਪ ਵਿੱਚ ਵੱਖਰੇ ਹਨ।

ਇਸ ਤਰ੍ਹਾਂ ਪੰਜਾਬੀਆਂ ਨੂੰ ਖੁੱਲੇ-ਡੁੱਲ੍ਹੇ ਸੁਭਾਅ ਦੀ ਪ੍ਰਾਪਤੀ ਇਨ੍ਹਾਂ ਇਤਿਹਾਸਕ ਤੇ ਭੂਗੋਲਿਕ ਕਾਰਨਾਂ ਸਦਕਾ ਹੋਈ। ਪੰਜਾਬੀਆਂ ਦਾ ਮੁੱਖ ਸੁਭਾਅ ਕਿਰਤ ਕਰਨ, ਵੰਡ ਕੇ ਛਕਣਾ ਅਤੇ ਆਪਸੀ ਮੇਲ-ਮਿਲਾਪ ਕਾਇਮ ਰੱਖਣਾ, ਪੰਜਾਬੀ ਸੱਭਿਆਚਾਰ ਦੇ ਉਭਰਵੇਂ ਲੱਛਣ ਹਨ, ਜਿਹੜੇ ਇਸਨੂੰ ਆਪਣੇ ਅਮੀਰ ਵਿਰਸੇ, ਅਰਥਾਤ ਮੱਧਕਾਲ ਵਿੱਚ ਰਚੇ ਗਏ ਸਾਹਿਤ ਤੋਂ ਪ੍ਰਾਪਤ ਹੁੰਦੇ ਹਨ।

ਪੰਜਾਬੀ ਸੱਭਿਆਚਾਰ ਦੇ ਵਿਕਾਸ ਵਿੱਚ ਅਗਲੇਰਾ ਪੜਾਅ ਅੰਗਰੇਜ਼ਾਂ ਦੇ ਪੰਜਾਬ ਵਿੱਚ ਪੈਰ ਪਾਉਣ ਨਾਲ ਸ਼ੁਰੂ ਹੁੰਦਾ ਹੈ। ਇਸ ਨਾਲ ਪੰਜਾਬੀ ਜਨ-ਸਧਾਰਨ ਦਾ ਪੂੰਜੀਵਾਦੀ ਰਾਜਸ਼ੀ, ਆਰਥਿਕ ਤੇ ਸੱਭਿਆਚਾਰਕ ਵਿਵਸਥਾ ਨਾਲ ਅਜਿਹਾ ਵਾਹ ਪਿਆ। ਇਸ ਤਰ੍ਹਾਂ ਉਪਰੋਕਤ ਵਿਚਾਰ ਚਰਚਾ ਤੋਂ ਪੰਜਾਬੀਆਂ ਦਾ ਪਹਿਰਾਵਾ, ਰੀਤੀ-ਰਿਵਾਜ, ਹਾਰ-ਸ਼ਿੰਗਾਰ, ਤਿੱਥਾ, ਸੰਗੀਤ, ਉੱਚੀ ਗੱਲਬਾਤ, ਤੇਜ-ਵਿਖਾਵਾਂ ਲੋਕ ਗੀਤ ਪੰਜਾਬੀ ਸੱਭਿਆਚਾਰ ਦੀ ਰੰਗੀਲੀ ਤਸਵੀਰ ਉਲੀਕਦੇ ਹਨ। ਪੰਜਾਬੀਆਂ ਦਾ ਇਹ ਅਮੀਰ ਵਿਰਸਾ ਇਨ੍ਹਾਂ ਨੂੰ ਆਪਣੀ ਧਰਤੀ ਅਤੇ ਭਾਈਚਾਰੇ ਨਾਲ ਜੋੜੀ ਰੱਖਦਾ ਹੈ।[1]

ਸ਼ਹਿਰ ਅਤੇ ਸ਼ਹਿਰੀਕਰਣ

ਸ਼ਹਿਰ ਅੰਗਰੇਜ਼ੀ ਦੇ ਸ਼ਬਦ ‘ਸਿਟੀ’ (city) ਦਾ ਪੰਜਾਬੀ ਅਨੁਵਾਦ ਹੈ। ‘ਸਿਟੀ’ ਲਾਤੀਨੀ ਭਾਸ਼ਾ ਦੇ ਸ਼ਬਦ ‘ਸਿਵੀਟਾਸ’ (civitas) ਤੋਂ ਬਣਿਆ ਹੈ ਜਿਸ ਦਾ ਅਰਥ ਹੈ ਨਾਗਰਿਕਤਾ। ਸ਼ਹਿਰ ਦੀ ਦੀ ਅਜਿਹੀ ਪਰਿਭਾਸ਼ਾ ਕਰਨਾ ਕਾਫੀ ਕਠਿਨ ਹੈ ਜੋ ਆਮ ਤੌਰ 'ਤੇ ਸਮਾਜ ਵਿਗਿਆਨੀਆਂ ਵੱਲੋਂ ਸਵਿਕਾਰ ਕੀਤੀ ਜਾਂਦੀ ਹੋਵੇ। ਵਿਗਿਆਨੀਆਂ ਨੇ ਵੱਖ-ਵੱਖ ਪਰਿਭਾਸ਼ਾਵਾਂ ਨੂੰ ਮੁੱਖ ਰੱਖਿਆ ਹੈ। ਕਈ ਵਿਦਵਾਨਾਂ ਨੇ ਆਬਾਦੀ ਦੇ ਆਕਾਰ, ਘਣਤਾ ਅਤੇ ਹੋਰ ਜਨ-ਸੰਖਿਅਕ ਵਿਸ਼ੇਸਤਾਈਆਂ ਦੇ ਆਧਾਰ ਉੱਪਰ ਸ਼ਹਿਰ ਦੀ ਪਰਿਭਾਸ਼ਾ ਕੀਤੀ ਹੈ। ਪਰੰਤੂ ਬਹੁਤ ਸਾਰੇ ਵਿਦਵਾਨ ਆਬਾਦੀ ਦੇ ਪੱਖ ਤੋਂ ਸ਼ਹਿਰ ਦੀ ਪਰਿਭਾਸ਼ਾ ਕਰਨਾ ਵਧੇਰੇ ਉਚਿਤ ਨਹੀਂ ਸਮਝਦੇ। ਬਰਜਲ (Bergel) ਅਨੁਸਾਰ ਇਹ ਕਹਿਣਾ ਕਠਿਨ ਹੈ ਕਿ ਕਿੰਨੀ ਜਨ-ਸੰਖਿਆ ਦੀ ਘਣਤਾ ਦੇ ਆਧਾਰ ਉੱਪਰ ਕੋਈ ਪਿੰਡ ਸ਼ਹਿਰ ਬਣ ਜਾਂਦਾ ਹੈ। ਇਸ ਦਾ ਮੁੱਖ ਕਾਰਣ ਇਹ ਹੈ ਕਿ ਪਿੰਡਾਂ ਦੀਆਂ ਕਈ ਬਸਤੀਆਂ ਦੀ ਆਬਾਦੀ ਵੀ ਘਣਤਾ ਸ਼ਹਿਰ ਦੀਆਂ ਕਈ ਬਸਤੀਆਂ ਦੀ ਆਬਾਦੀ ਦੀ ਘਣਤਾ ਤੋਂ ਵੱਧ ਹੋ ਸਕਦੀ ਹੈ, ਜਦ ਕਿ ਸ਼ਹਿਰਾਂ ਦੀਆਂ ਕਈ ਬਸਤੀਆਂ ਵਿੱਚ ਆਬਾਦੀ ਦੀ ਘਣਤਾ ਬਹੁਤ ਘੱਟ ਵੀ ਹੋ ਸਕਦੀ ਹੈ। ਉਦਾਹਰਣ ਵਜੋਂ, ਅਸਟ੍ਰੇਲੀਆ ਅਤੇ ਨਿਊਜੀਲੈਂਡ ਵਿੱਚ ਕਈ ਸ਼ਹਿਰ ਅਜਿਹੇ ਮਿਲਦੇ ਹਨ ਜਿਹਨਾਂ ਵਿੱਚ ਆਬਾਦੀ ਦੀ ਘਣਤਾ ਬਹੁਤ ਹੀ ਘੱਟ ਹੈ ਅਤੇ ਦੂਜੇ ਪਾਸੇ, ਅਜਿਹੇ ਸ਼ਹਿਰ ਵੀ ਮਿਲਦੇ ਹਨ ਜਿਹਨਾਂ ਵਿੱਚ ਆਬਾਦੀ ਦੀ ਘਣਤਾ ਬਹੁਤ ਵੱਧ ਹੈ। ਇਨ੍ਹਾਂ ਦੇਸ਼ਾਂ ਵਿੱਚ ਕੁਝ ਕੁ ਸ਼ਹਿਰੀ ਆਬਾਦੀਆਂ ਵਿੱਚ ਘਣਤਾ ਕੇਵਲ ਦਸ ਹੈਕਟੇਅਰ ਅਤੇ ਕਈ ਹੋਰਾਂ ਵਿੱਚ 300-350 ਵਿਅਕਤੀ ਪ੍ਰਤੀ ਹੈਕਟੇਅਰ ਮਿਲਦੀ ਹੈ। ਇਸੇ ਤਰ੍ਹਾਂ ਆਬਾਦੀ ਦੇ ਆਕਾਰ ਦੇ ਆਧਾਰ ਉੱਤੇ ਸ਼ਹਿਰ ਦੀ ਪਰਿਭਾਸ਼ਾ ਕਰਨਾ ਵੀ ਵਧੇਰੇ ਉਚਿਤ ਨਹੀਂ ਹੋਵੇਗਾ ਕਿਉਂਕਿ ਵੱਖੋਂ ਵੱਖ ਦੇਸ਼ਾਂ ਵਿੱਚ ਆਬਾਦੀ ਦੇ ਭਿੰਨ-ਭਿੰਨ ਅੰਕੜਿਆਂ ਨੂੰ ਸ਼ਹਿਰੀਕਰਣ ਦਾ ਸੂਚਕ ਮੰਨਿਆ ਜਾਂਦਾ ਹੈ। ਉਦਾਹਰਣ ਵਜੋਂ, ਫਰਾਂਸ ਵਿੱਚ ਦੋ ਹਜ਼ਾਰ, ਜਾਪਾਨ ਵਿੱਚ ਤਿੰਨ ਹਜ਼ਾਰ, ਭਾਰਤ ਵਿੱਚ ਪੰਜ ਹਜ਼ਾਰ ਅਤੇ ਨੀਦਰਲੈਂਡ ਵਿੱਚ ਵੀਹ ਹਜ਼ਾਰ ਵਾਲੀ ਆਬਾਦੀ ਦੀ ਬਸਤੀ ਨੂੰ ਸ਼ਹਿਰ ਮੰਨਿਆ ਜਾਂਦਾ ਹੈ, ਜਦਕਿ ਡੈਨਮਾਰਕ ਵਿੱਚ ਕੇਵਲ ਢਾਈ ਸੌ ਲੋਕਾਂ ਦੀ ਆਬਾਦੀ ਵਾਲੀ ਬਸਤੀ ਨੂੰ ਹੀ ਸ਼ਹਿਰੀ ਖੇਤਰ ਮੰਨ ਲਿਆ ਜਾਂਦਾ ਹੈ।

ਵਿਲਕਾਕਸ (Willcox) ਅਨੁਸਾਰ ਸ਼ਹਿਰਾਂ ਦੀ ਪਰਿਭਾਸ਼ਾ ਦਾ ਇੱਕ ਮੁੱਖ ਆਧਾਰ ਉਸ ਖੇਤਰ ਦੇ ਲੋਕਾਂ ਦਾ ਕਿੱਤਾ ਹੈ। ਜਿੰਨ੍ਹਾਂ ਖੇਤਰਾਂ ਵਿੱਚ ਲੋਕਾਂ ਦਾ ਮੁੱਖ ਕਿਤਾ-ਖੇਤੀਬਾੜੀ ਹੁੰਦਾ ਹੈ, ਉਹਨਾਂ ਨੂੰ ਪੇਂਡੂ ਖੇਤਰ ਅਤੇ ਜਿਹਨਾਂ ਖੇਤਰਾਂ ਵਿੱਚ ਖੇਤੀਬਾੜੀ ਦਾ ਕੰਮ ਨਾ ਮਾਤਰ ਹੀ ਹੁੰਦਾ ਹੈ ਜਾਂ ਬਿਲਕੁਲ ਹੀ ਨਹੀਂ ਹੁੰਦਾ, ਉਹਨਾਂ ਨੂੰ ਸ਼ਹਿਰੀ ਖੇਤਰ ਮੰਨਿਆ ਜਾ ਸਕਦਾ ਹੈ।

ਲੂਇਸ ਮਮਫੋਰਡ (Lewis Mumford) ਅਨੁਸਾਰ, ਇਤਿਹਾਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਸ਼ਹਿਰ ਉਹ ਕੇਂਦਰ ਹੈ ਜਿੱਥੇ ਸਮੁਦਾ ਦੀ ਵੱਧ ਤੋਂ ਵੱਧ ਸ਼ਕਤੀ ਅਤੇ ਸੰਸਕ੍ਰਿਤੀ ਦਾ ਕੇਂਦਰੀਕਰਣ ਹੁੰਦਾ ਹੈ। ਸ਼ਹਿਰ ਸਮਾਜਿਕ ਸਬੰਧਾਂ ਦੇ ਇਕੱਠ ਦਾ ਪ੍ਰਤੀਕ ਹੁੰਦਾ ਹੈ। ਇਹ ਧਰਮ, ਕਿੱਤਾ, ਨਿਆਂ ਅਤੇ ਗਿਆਨ ਦਾ ਮਹੱਤਵਪੂਰਨ ਕੇਂਦਰ ਹੁੰਦਾ ਹੈ।

ਸ਼ਹਿਰੀਕਰਣ (Urbanisation)

ਸ਼ਹਿਰੀ ਸਮਾਜ ਵਿਗਿਆਨ ਵਿੱਚ ਸ਼ਹਿਰੀਕਰਣ ਦਾ ਸੰਕਲਪ ਬਹੁਤ ਹੀ ਮਹੱਤਵਪੂਰਨ ਹੈ ਵੱਖੋ-ਵੱਖ ਵਿਦਵਾਨਾਂ ਨੇ ਸ਼ਹਿਰੀਕਰਣ ਦੀ ਪਰਿਭਾਸ਼ਾ ਭਿੰਨ-ਭਿੰਨ ਅਧਾਰਾਂ ਉੱਪਰ ਕੀਤੀ ਹੈ। ਵਧੇਰੇ ਕਰਕੇ ਸ਼ਹਿਰੀਕਰਣ ਤੋਂ ਇਹ ਅਰਥ ਕੱਢ ਜਾਂਦੇ ਹਨ ਕਿ ਇਹ ਉਹ ਸਥਿਤੀ ਹੈ ਜਿਸ ਵਜੋਂ ਕਿਸੇ ਦੇਸ਼ ਦੇ ਸ਼ਹਿਰਾਂ ਦੀ ਗਿਣਤੀ ਵਧਦੀ ਜਾਂਦੀ ਹੈ। ਕੁਝ ਕੁ ਵਿਦਵਾਨ ਨੇ ਸ਼ਹਿਰੀਕਰਣ ਨੂੰ ਅਜਿਹੀ ਪ੍ਰਕਿਰਿਆ ਮੰਨਦੇ ਹਨ ਜਿਸ ਰਾਹੀਂ ਪਰਿਵਰਤਨ ਹੋ ਜਾਂਦਾ ਹੈ। ਪਰੰਤੂ ਬਹੁਤ ਸਾਰੇ ਵਿਦਵਾਨ ਸ਼ਹਿਰੀਕਰਣ ਦੀ ਪਰਿਭਾਸ਼ਾ ਜਨ-ਸੰਖਿਆ ਦੇ ਦ੍ਰਿਸ਼ਟੀਕੋਣ ਤੋਂ ਕਰਦੇ ਹਨ। ਜਦੋਂ ਪੇਂਡੂ ਜਨ-ਸੰਖਿਆ ਦਾ ਕਾਫ਼ੀ ਵੱਡਾ ਹਿੱਸਾ ਸ਼ਹਿਰਾਂ ਵੱਲ ਪਰਵਾਸ ਕਰਦਾ ਹੈ ਅਤੇ ਉਥੋਂ ਦਾ ਵਸਨੀਕ ਬਣ ਜਾਂਦਾ ਹੈ ਤਾਂ ਇਸ ਪ੍ਰਕਿਰਿਆ ਨੂੰ ਸ਼ਹਿਰੀਕਰਣ ਦਾ ਨਾਂ ਦਿੱਤਾ ਜਾਂਦਾ ਹੈ। ਸਮਾਜਿਕ ਵਿਗਿਆਨ ਦੇ ਵਿਸ਼ਵਕੋਸ਼ ਅਨੁਸਾਰ ਸ਼ਹਿਰੀਕਰਣ ਵਿੱਚ ਲੋਕ ਛੋਟੀਆਂ ਸਮੁਦਾਵਾਂ, ਜਿਹੜੀਆਂ ਮੁੱਖ ਤੌਰ 'ਤੇ ਖੇਤੀਬਾੜੀ ਨਾਲ ਸਬੰਧਤ ਹੁੰਦੀਆਂ ਹਨ, ਤੋਂ ਵੱਡੀਆਂ ਸਮੁਦਾਵਾਂ ਵੱਲ ਪਰਵਾਸ ਕਰਦੇ ਹਨ। ਇਨ੍ਹਾਂ ਵੱਡੀਆਂ ਸਮੁਦਾਵਾਂ ਵਿੱਚ ਮੁੱਖ ਤੌਰ 'ਤੇ ਲੋਕ ਸਰਕਾਰ, ਵਪਾਰ, ਨਿਰਮਾਣ ਜਾਂ ਇਨ੍ਹਾਂ ਨਾਲ ਸਬੰਧਤ ਕੰਮਕਾਰਾਂ ਵਿੱਚ ਜੁੱਟੇ ਹੁੰਦੇ ਹਨ। ਉਦਯੋਗਕ ਕ੍ਰਾਂਤੀ ਦੇ ਆਉਣ ਪਿੱਛੋਂ ਸ਼ਹਿਰੀਕਰਣ ਦੀ ਪ੍ਰਕ੍ਰਿਆ ਵਧੇਰੇ ਜ਼ੋਰ ਫੜ ਗਈ ਹੈ। ਸ਼ਹਿਰੀਕਰਣ (Urbanisation) ਤੋਂ ਭਾਵ ਇਕੱਲਾ ਸ਼ਹਿਰਾਂ ਵਿੱਚ ਆ ਕੇ ਵਸਣਾ ਹੀ ਨਹੀਂ ਹੁੰਦਾ। ਪਿੰਡਾਂ ਵਿੱਚ ਵੀ Urbanisation ਲਿਆਂਦੀ ਜਾ ਸਕਦੀ ਹੈ। ਸ਼ਹਿਰਾਂ ਦੇ ਵਿੱਚ ਵਸਦੇ ਲੋਕ Un-urbanisation ਹੋ ਸਕਦੇ ਹਨ। ਇਸੇ ਤਰ੍ਹਾਂ ਪਿੰਡ ਚ ਰਹਿੰਦਾ ਬੰਦਾ Urbanisation ਹੋ ਸਕਦਾ ਹੈ। ਪਿੰਡ ਵਿੱਚ ਰਹਿੰਦੇ ਹੋਏ ਜੇਕਰ ਉਹ ਹਰ ਜਾਣਕਾਰੀ ਰੱਖਦਾ ਖਬਰਾਂ ਪੜ੍ਹਦਾ, ਸੋਸ਼ਲ ਮੀਡੀਏ ਨਾਲ ਜੁੜਦਾ ਤੇ ਹਰ ਪ੍ਰਕਾਰ ਦੀ ਤਾਜਾ ਜਾਣਕਾਰੀ ਪ੍ਰਾਪਤ ਕਰਦਾ ਹੈ ਤਾਂ ਉਸਨੂੰ Un-urbanisation people ਨਹੀਂ ਕਹਿ ਸਕਦੇ।

ਸ਼ਹਿਰੀਕਰਣ ਅਤੇ ਸ਼ਹਿਰੀ ਵਿਕਾਸ ਦੇ ਸੰਕਲਪਾਂ ਵਿੱਚ ਅੰਤਰ ਭਾਰਤ ਦੇ ਸੰਦਰਭ ਵਿੱਚ ਵਧੇਰੇ ਮਹੱਤਤਾ ਰੱਖਦਾ ਹੈ। ਹਾਲਾਂਕਿ ਦੋਵੇਂ ਸੰਕਲਪ ਇੱਕ ਦੂਜੇ ਨਾਲ ਮੇਲ ਖਾਂਦੇ ਹਨ ਪਰੰਤੂ ਫਿਰ ਵੀ ਭਾਰਤ ਵਿੱਚ ਇਨ੍ਹਾਂ ਵਿੱਚ ਅੰਤਰ ਕਰਨਾ ਵਧੇਰੇ ਜਰੂਰੀ ਹੈ। ਸ਼ਹਿਰੀਕਰਣ ਤੋਂ ਭਾਵ ਕੁੱਲ ਜਨ-ਸੰਖਿਆ ਦਾ ਉਹ ਪ੍ਰਤੀਸਤਾ ਹੈ ਜੋ ਕਿ ਸ਼ਹਿਰੀ ਸਮੁਦਾਵਾਂ ਵਿੱਚ ਵਸਦਾ ਹੈ ਅਤੇ ਇਸ ਤੋਂ ਇਹ ਵੀ ਭਾਵ ਹੈ ਕਿ ਇਸ ਪ੍ਰਤੀਸ਼ਤਾ ਵਿੱਚ ਲਗਾਤਾਰ ਵਾਧਾ ਹੁੰਦਾ ਰਹਿੰਦਾ ਹੈ। ਦੂਜੇ ਪਾਸੇ, ਸ਼ਹਿਰੀ ਵਿਕਾਸ ਤੋਂ ਭਾਵ ਸਮੁੱਚੀ ਸ਼ਹਿਰੀ ਜਨ-ਸੰਖਿਆ ਦੇ ਸੰਪੂਰਣ ਆਕਾਰ ਦੀ ਪ੍ਰਤੀਸ਼ਤਤਾ ਵਿੱਚ ਵਾਧਾ ਹੈ।[2]

ਸ਼ਹਿਰੀਕਰਨ ਦੇ ਪ੍ਰਭਾਵ ਨਾਲ ਪੰਜਾਬੀ ਸੱਭਿਆਚਾਰ ਦੀਆਂ ਮਾਨਤਾਵਾਂ ਵਿੱਚ ਆਈ ਤਬਦੀਲੀ

ਵਿਅਕਤੀਗਤ ਸੁਤੰਤਰਤਾ ਦੀ ਭਾਵਨਾ:- ਸ਼ਹਿਰਾਂ ਵਿੱਚ ਵਿਅਕਤੀਗਤ ਸੁਤੰਤਰਤਾ ਦੀ ਭਾਵਨਾ ਵਧੇਰੇ ਹੁੰਦੀ ਹੈ ਅਤੇ ਇਹ ਛੋਟੇ ਪਰਿਵਾਰ ਵਿੱਚ ਵਧੇਰੇ ਪ੍ਰਾਪਤ ਹੁੰਦੀ ਹੈ। ਉਪਰੋਕਤ ਵਿਦਵਾਨ ਦੇ ਸ਼ਬਦਾਂ ਵਿੱਚ “ਨਗਰਾਂ ਵਿੱਚ ਪਰਿਵਾਰ ਉਨ੍ਹਾਂ ਸ਼ਕਤੀਸ਼ਾਲੀ ਨਹੀਂ ਹੁੰਦਾ, ਜਿੰਨ੍ਹਾਂ ਪਿੰਡਾਂ ਵਿੱਚ ਹੁੰਦਾ ਹੈ, ਨਾਗਰਿਕ ਸਮੁਦਾਇ ਪਰਿਵਾਰ ਤੇ ਆਧਾਰਿਤ ਨਹੀਂ ਹੁੰਦਾ, ਸਗੋਂ ਵਿਅਕਤੀ ਤੇ ਅਧਾਰਿਤ ਹੁੰਦਾ ਹੈ।”

ਆਪਸੀ ਪ੍ਰੇਮ-ਪਿਆਰ ਦਾ ਘੱਟਣਾ:- ਸ਼ਹਿਰ ਵਿੱਚ ਨੇੜੇ ਦੇ ਸੰਬੰਧਾਂ ਦਾ ਪ੍ਰਭਾਵ ਬਹੁਤ ਘੱਟ ਹੁੰਦਾ ਹੈ। ਪਿੰਡਾਂ ਵਿੱਚ ਤਾਂ ਲੋਕ ਆਂ-ਗੁਆਂਢ ਦੀ ਪਰਵਾਹ ਬਹੁਤ ਕਰਦੇ ਹਨ। ਉਹ ਕੋਈ ਅਜਿਹਾ ਕੰਮ ਨਹੀਂ ਕਰਦੇ ਹਨ। ਪਰ ਸ਼ਹਿਰਾਂ ਵਿੱਚ ਹਰੇਕ ਕਿਉਂਕਿ ਨਿੱਜੀ ਸੁਤੰਤਰਤਾ ਵਿੱਚ ਵਿਸ਼ਵਾਸ ਰੱਖਦਾ ਹੈ, ਇਸ ਲਈ ਮੁਢਲੇ ਨਿਯੰਤਰਣਾਂ ਵਿੱਚ ਕਮੀ ਆ ਜਾਂਦੀ ਹੈ।

ਨੈਤਿਕਤਾ ਵਿੱਚ ਕਮੀ:- ਸ਼ਹਿਰਾਂ ਵਿੱਚ ਨੈਤਿਕਤਾ ਦਾ ਪੱਧਰ ਕਾਫੀ ਨੀਵਾਂ ਹੁੰਦਾ ਹੈ। ਕਾਫੀ ਲੋਕਾਂ ਦਾ ਚਾਲ-ਚੱਲਣ ਵਿਗੜਿਆ ਹੁੰਦਾ ਹੈ ਅਤੇ ਵਪਾਰਕ ਵਾਅਦੇ ਕਰਦੇ ਹਨ।

ਰਹਿਣ-ਸਹਿਣ ਦਾ ਪੱਧਰ ਉੱਚਾ:- ਸ਼ਹਿਰਾਂ ਵਿੱਚ ਪਿੰਡਾਂ ਦੇ ਮੁਕਾਬਲੇ ਰਹਿਣ-ਸਹਿਣ ਦਾ ਪੱਧਰ ਬਹੁਤ ਜ਼ਿਆਦਾ ਉੱਚਾ ਹੁੰਦਾ ਹੈ। ਲੋਕ ਚੰਗਾ ਖਾਂਦੇ ਪੀਂਦੇ ਅਤੇ ਪਹਿਣਦੇ ਹਨ। ਭਾਰਤ ਦੇ ਸ਼ਹਿਰਾਂ ਦਾ ਪੱਧਰ ਇਤਨਾ ਉੱਚਾ ਤਾਂ ਨਹੀਂ, ਪਰ ਪਿੰਡ ਦੇ ਮੁਕਾਬਲੇ ਕਾਫ਼ੀ ਫ਼ਰਕ ਹੈ।

ਮੁਕਾਬਲੇ ਦੀ ਭਾਵਨਾਂ ਦੀ ਜ਼ਿਆਦਾ ਹੋਣਾ:- ਸ਼ਹਿਰਾਂ ਵਿੱਚ ਮੁਕਾਬਲੇ ਦੀ ਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ। ਹਰੇਕ ਦੂਜੇ ਤੋਂ ਅੱਗੇ ਵੱਧਣ ਦਾ ਜਤਨ ਕਰਦਾ ਹੈ।

ਬਣਾਉਟੀਪਣ:- ਸ਼ਹਿਰੀ ਜੀਵਨ ਵਿੱਚ ਬਹੁਤ ਜ਼ਿਆਦਾ ਬਨਾਉਟੀ-ਪਨ ਹੁੰਦਾ ਹੈ। ਲੋਕ ਵਿਖਾਣਿਆਂ ਵਿੱਚ ਵਿਸ਼ਵਾਸ ਕਰਦੇ ਹਨ। ਉਪਰੋ ਬਣ ਠੱਣ ਕੇ ਰਹਿੰਦੇ ਹਨ, ਅੰਦਰ ਤੋਂ ਭਾਵੇਂ ਖੋਖਲੇ ਕਿਉਂ ਨਾ ਹੋਣ।

ਮਿਲਣੀ ਆਬਾਦੀ:- ਸ਼ਹਿਰੀ ਆਬਾਦੀ ਮਿਲਣੀਂ ਹੁੰਦੀ ਹੈ। ਇੱਥੇ ਵੱਖ-ਵੱਖ ਨਸਲਾਂ ਦੇ ਲੋਕ ਵਸਦੇ ਹਨ। ਸ਼ਹਿਰਾਂ ਵਿੱਚ ਕਾਰਖਾਨਿਆਂ ਦੀ ਗਿਣਤੀ ਵੀ ਵਧੇਰੇ ਹੁੰਦੀ ਹੈ। ਦੂਰ-ਦੂਰ ਤੋਂ ਲੋਕ ਨੌਕਰੀ ਕਰਨ ਲਈ ਇੱਥੇ ਆਉਂਦੀ ਹਨ। ਇਸ ਲਈ ਆਬਾਦੀ ਦਾ ਮਿਸ਼੍ਰਿਤ ਹੋਣਾ ਇੱਕ ਯਕੀਨੀ ਗੱਲ ਹੈ।[3]

ਅੰਤਿਕਾ

ਉਪਰੋਕਤ ਤੋਂ ਅਸੀਂ ਇਹ ਸਿੱਟਾ ਕੱਢ ਸਕਦੇ ਹਾਂ ਕਿ ਸ਼ਹਿਰੀਕਰਨ ਨੇ ਪੰਜਾਬੀ ਸੱਭਿਆਚਾਰ ਨੂੰ ਮੁੱਢ ਤੋਂ ਹੀ ਬਦਲ ਕੇ ਰੱਖ ਦਿੱਤਾ। ਸ਼ਹਿਰੀਕਰਨ ਨਾਲ ਸਾਡੇ ਸੱਭਿਆਚਾਰ ਵਿੱਚ ਨਵੀਆਂ ਮਾਨਤਾਵਾਂ ਪੈਦਾ ਹੋਈਆਂ। ਲੋਕਾਂ ਵਿੱਚ ਵਿਅਕਤੀਵਾਦ ਨਹੀਂ ਵਧਿਆ ਪਰ ਵਿਅਕਤੀਗਤ ਸੁਤੰਤਰਤਾ ਵਧ ਗਈ, ਦਿਖਾਵਾਪਣ ਵਧ ਗਿਆ। ਸ਼ਹਿਰੀਕਰਣ ਦੇ ਆਉਣ ਸਾਡੀਆਂ ਨੈਤਿਕ ਕਦਰਾਂ-ਕੀਮਤਾਂ ਬੁਰੀ ਤਰ੍ਹਾਂ ਟੁੱਟ ਰਹੀਆਂ ਹਨ ਅਤੇ ਬਹੁਤ ਹੱਦ ਤੱਕ ਟੁੱਟ ਗਈਆਂ ਹਨ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸ਼ਹਿਰੀਕਰਣ ਦੇ ਚੰਗੇ ਅਤੇ ਮਾੜੇ ਦੋਵੇਂ ਤਰ੍ਹਾਂ ਦੇ ਸਿੱਟੇ ਹੀ ਨਿਕਲੇ ਹਨ। ਇਸਦੇ ਸਿੱਟੇ ਵਜੋਂ ਸੱਭਿਆਚਾਰ ਦੇ ਵਿਕਾਸ ਵਿੱਚ ਵੀ ਵਾਧਾ ਹੋਇਆ ਹੈ।

  1. ਸ਼ਰਮਾ, ਗੁਰਦੀਪ ਕੁਮਾਰ. (ਡਾ.)(ਸੰਪਾ.)ਪੰਜਾਬੀ ਸੱਭਿਆਚਾਰ ਦੇ ਬਦਲਦੇ ਪਰਿਪੇਖ. p. 32.
  2. ਆਰ.ਐਮ.ਮੈਕਾਇਵਰ ਤੇ ਚਾਰਲਸ ਐਚ. ਪੇਜ. ਸਮਾਜ. p. 22.
  3. ਟੀ.ਡੀ. ਸੀ. ਸਮਾਜ ਵਿਗਿਆਨ. p. 55.