ਸਿੱਖ ਇਤਿਹਾਸ ਖੋਜ ਕੇਂਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਿੱਖ ਇਤਿਹਾਸ ਖੋਜ ਕੇਂਦਰ

ਖਾਲਸਾ ਕਾਲਜ ਅੰਮ੍ਰਿਤਸਰ[1] ਦਾ ‘ਸਿੱਖ ਇਤਿਹਾਸ ਖ਼ੋਜ ਕੇਂਦਰ’ ਖ਼ਾਲਸਾ ਕਾਲਜ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਇਤਿਹਾਸ ਦੀ ਖੋਜ ਅਤੇ ਸਿੱਖ ਇਤਿਹਾਸ ਨੂੰ ਨਵੀਂ ਇਤਿਹਾਸਕਾਰੀ ਦੇ ਨਜ਼ਰੀਏ ਤੋਂ ਲਿਖਣ ਲਈ 1930 ਈ. ਨੂੰ ਸਥਾਪਤ ਕੀਤਾ ਗਿਆ। ਖ਼ਾਲਸਾ ਕਾਲਜ ਦੀ ਪ੍ਰਬੰਧਕ ਕਮੇਟੀ ਨੇ ਇਸ ਕਾਰਜ ਲਈ ਉਸ ਸਮੇਂ ਦੇ ਪ੍ਰਸਿੱਧ ਸਿੱਖ ਇਤਿਹਾਸ ਖ਼ੋਜੀ ਅਤੇ ਇਤਿਹਾਸਕਾਰ ਸ. ਕਰਮ ਸਿੰਘ ਹਿਸਟੋਰੀਅਨ ਨੂੰ ਨਿਯੁਕਤ ਕਰਨ ਦਾ ਮਨ ਬਣਾਇਆ ਪਰ ਉਨ੍ਹਾਂ ਦੀ ਉਸ ਸਮੇਂ ਅਚਾਨਕ ਮੌਤ ਹੋ ਜਾਣ ਕਰਕੇ ਇਸ ਕਾਰਜ ਲਈ ਖ਼ਾਲਸਾ ਕਾਲਜ ਦੀ ਪ੍ਰਬੰਧਕ ਕਮੇਟੀ ਨੇ ਅਕਤੂਬਰ 1931 ਈ. ਨੂੰ ਸ੍ਰ. ਜਗਤ ਸਿੰਘ ਨੂੰ 06 ਮਹੀਨੇ ਲਈ ਇੱਥੋਂ ਦਾ ਪਹਿਲਾ ਮੁਖੀ ਨਿਯੁਕਤ ਕੀਤਾ। ਇਸ ਤੋਂ ਪਿੱਛੋਂ 20 ਅਕਤੂਬਰ 1931 ਈ. ਡਾ. ਗੰਡਾ ਸਿੰਘ ਨੂੰ ‘ਸਿੱਖ ਇਤਿਹਾਸ ਖ਼ੋਜ ਕੇਂਦਰ’ ਦਾ ਮੁਖੀ ਨਿਯੁਕਤ ਕੀਤਾ ਗਿਆ।

ਇਸ ‘ਸਿੱਖ ਇਤਿਹਾਸ ਖੋਜ ਕੇਂਦਰ’ ਦਾ ਮੁੱਖ ਮਨੋਰਥ ਸਿੱਖ ਇਤਿਹਾਸ ਦੀ ਖ਼ੋਜ ਕਰਨਾ ਅਤੇ ਸਿੱਖ ਇਤਿਹਾਸ ਸਬੰਧੀ ਜਾਣਕਾਰੀ ਦੇਣ ਵਾਲੇ ਵੱਖ-ਵੱਖ  ਪੁਰਾਤਨ ਤੇ ਨਵੀਨ ਸ੍ਰੋਤਾਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਸਿੱਖ ਇਤਿਹਾਸ ਖੋਜ ਕੇਂਦਰ ਵਿੱਚ ਉਪਲਬਧ ਕਰਾਉਣਾ ਅਤੇ ਸਿੱਖ ਇਤਿਹਾਸ ਸਬੰਧੀ ਪ੍ਰਾਪਤ ਹੁੰਦੀ ਨਿਵੇਕਲੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਪੁਸਤਕ ਰੂਪ ਵਿੱਚ ਪ੍ਰਕਾਸ਼ਿਤ ਕਰਨਾ ਮਿਥਿਆ ਗਿਆ। ਅਜੋਕੇ ਸਮੇਂ ਵਿੱਚ ਇਹ ਇੱਥੇ ਸਿੱਖ ਇਤਿਹਾਸ ਨਾਲ ਸਬੰਧਿਤ ਅਨਮੋਲ ਸ੍ਰੋਤਾਂ ਦਾ ਖ਼ਜ਼ਾਨਾ ਹੈ।

ਸਿੱਖ ਇਤਿਹਾਸ ਖੋਜ ਕੇਂਦਰ

ਸਿੱਖ ਇਤਿਹਾਸ ਖ਼ੋਜ ਕੇਂਦਰ ਵਿੱਚ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਮੌਜੂਦਾ ਦੌਰ ਤੱਕ ਦੇ ਇਤਿਹਾਸਿਕ ਸ੍ਰੋਤ ਉਪਲਬਧ ਹਨ ਜੋ ਕਿ ਪੰਜਾਬੀ ਸਮੇਤ ਹੋਰਨਾ ਭਾਸ਼ਾਵਾਂ ਵਿੱਚ ਵੀ ਲਿਖਤ ਹਨ, ਅਤੇ ਸਮੇਂ-ਸਮੇਂ ਰਹੇ ਮੁਖੀ ਸਾਹਿਬਾਨ ਨੇ ਇਸ ਖ਼ਜ਼ਾਨੇ ਦਾ ਹੋਰ ਵਿਸਥਾਰ ਕਰਦਿਆਂ ਹੋਇਆਂ ਭਾਰਤ (ਮੌਜੂਦਾ ਪਾਕਿਸਤਾਨ ਸਮੇਤ) ਵਿਚਲੀਆਂ ਪ੍ਰਸਿੱਧ ਲਾਇਬ੍ਰੇਰੀਆਂ ਜਿਵੇ: ਖ਼ੁਦਾਬਖਸ਼ ਲਾਇਬ੍ਰੇਰੀ ਪਟਨਾ, ਰਾਮਪੁਰ ਰਾਜਾ ਲਾਇਬ੍ਰੇਰੀ ਰਾਮਪੁਰ (ਯੂ. ਪੀ.) ਸਲਾਰਜੰਗ ਮਿਊਜ਼ੀਅਮ ਹੈਦਰਾਬਾਦ, ਸਿੰਧੀਆ ਆਫ਼ਿਸ ਪੂਨਾ, ਜੈਪੁਰ ਰਾਜ ਪੁਰਾਤੱਤਵ ਵਿਭਾਗ ਆਦਿ ਤੋਂ ਇਲਾਵਾ ਵਿਦੇਸ਼ਾਂ ਦੀਆਂ ਪ੍ਰਸਿੱਧ ਲਾਇਬ੍ਰ੍ਰੇਰੀਆਂ ਅਤੇ ਮਿਊਜ਼ੀਅਮ ਜਿਵੇਂ ਇੰਗਲੈਂਡ ਦੀ ਇੰਡੀਆ ਆਫ਼ਿਸ ਲਾਇਬ੍ਰਰੀ ਆਦਿ ਵਿੱਚ ਸਿੱਖ ਇਤਿਹਾਸ ਨਾਲ ਸਬੰਧਿਤ ਵੱਖ-ਵੱਖ ਭਸ਼ਾਵਾਂ ਵਿੱਚ ਮੌਜੂਦ ਹੱਥ ਲਿਖਤਾਂ ਦੀਆਂ ਨਕਲਾਂ ਕਰਵਾ ਕੇ ਕੇਂਦਰ ਵਿੱਚ ਸੁਰੱਖਿਅਤ ਕੀਤੀਆਂ ਹੋਈਆਂ ਹਨ। ਵਿਭਾਗ ਵਿੱਚ ਇੱਕ ਰੈਂਫਰੈਂਸ ਲਾਇਬ੍ਰੇਰੀ ਹੈ ਜਿਸ ਵਿੱਚ ਕੁੱਲ 7000 ਦੁਰਲੱਭ ਪੁਸਤਕਾਂ ਮੌਜੂਦ ਹਨ। ਇਨ੍ਹਾਂ ਦੁਰਲੱਭ ਪੁਸਤਕਾਂ ਤੋਂ ਇਲਾਵਾ ਕੇਂਦਰ ਵਿੱਚ ਵੱਖ-ਵੱਖ ਭਾਸ਼ਾਵਾਂ ਵਿੱਚ ਲਿਖੇ ਹੋਏ 601 ਹੱਥ ਲਿਖਤ ਖਰੜੇ ਮੌਜੂਦ ਹਨ ਜਿੰਨ੍ਹਾਂ ਵਿੱਚ 207 ਪੰਜਾਬੀ, 11 ਸੰਸਕ੍ਰਿਤ ਅਤੇ ਹਿੰਦੀ, 41 ਉਰਦੂ, 219 ਫ਼ਾਰਸੀ ਅਤੇ 123 ਅੰਗਰੇਜ਼ੀ ਵਿੱਚ ਲਿਖਤ ਹਨ। ਇਸ ਤੋਂ ਇਲਾਵਾ ਇੱਥੇ 1904 ਈ. ਤੋਂ ਲੈ ਕੇ ਪੰਜਾਬ ਦੇ ਅੰਗਰੇਜ਼ੀ, ਪੰਜਾਬੀ, ਉਰਦੂ ਤੇ ਹਿੰਦੀ ਦੇ ਕਈ ਮਹੱਤਵਪੂਰਨ ਅਖ਼ਬਾਰਾਂ ਦੀਆਂ 380 ਫਾਈਲਾਂ, ਅਖਬਾਰਾਂ ਦੀਆਂ ਮਹੱਤਵਪੂਰਨ ਖਬਰਾਂ ਦੀਆਂ ਕਟਿੰਗ ਵਾਲੀਆਂ 90 ਫਾਈਲਾਂ, 1904 ਈ. ਤੋਂ 1988 ਈ. ਤੱਕ ਪੰਜਾਬੀ ਦੀਆਂ ਪ੍ਰਸਿੱਧ ਪੱਤ੍ਰਿਕਾਵਾਂ ਫੁਲਵਾੜੀ, ਗੁਰਮਤਿ ਪ੍ਰਕਾਸ਼, ਅੰਗਰੇਜੀ ਦੇ ਸਿੱਖ ਰੀਵਿਊ, ਲਿੰਕ, ਇੰਡੀਅਨ ਹਿਸਟਰੀ ਕਾਨਫ਼ਰੰਸ ਪ੍ਰੋਸੀਡਿੰਗ ਆਦਿ ਦੀਆ 35 ਬਾਇਡਿੰਗਜ਼ ਮੌਜੂਦ ਹਨ। ਇੰਨ੍ਹਾਂ ਮੈਗਜ਼ੀਨਾਂ ਦੇ ਟਾਈਟਲਾਂ ਦੀ ਗਿਣਤੀ 181 ਹੈ। ਇਸ ਤੋਂ ਇਲਾਵਾ ਖ਼ਾਲਸਾ ਕਾਲਜ ਦੀਆਂ ਸਮੁੱਚੀਆਂ ਮਹੱਤਵਪੂੁਰਨ ਸਲਾਨਾ ਗਤੀਵਿਧੀਆਂ ਅਤੇ ਰਚਨਾਵਾਂ ਵਾਲੇ ‘ਦਰਬਾਰ’ ਮੈਗਜ਼ੀਨ ਦੀਆ 57 ਬਾਇਡਿੰਗਜ਼ ਵੀ ਇੱਥੇ ਉਪਲਬਧ ਹਨ। ਸਿੱਖ ਇਤਿਹਾਸ ਖੋਜ ਕੇਂਦਰ ਵੱਲੋਂ ਹੁਣ ਤੱਕ 21 ਮਹੱਤਵਪੂਰਨ ਕਿਤਾਬਾਂ ਵੀ ਸਿੱਖ ਧਰਮ ਤੇ ਇਤਿਹਾਸ ਨਾਲ ਸਬੰਧਤ ਛਪ ਚੁੱਕੀਆਂ ਹਨ। ਇੱਥੇ ਗੁਰੂ ਗ੍ਰੰਥ ਸਾਹਿਬ ਦੀਆਂ ਦੋ ਪੁਰਾਤਨ ਹੱਥ ਲਿਖਤ ਬੀੜਾਂ ਵੀ ਮੌਜੂਦ ਹਨ। ਹੱਥ ਲਿਖਤ ਖਰੜਿਆਂ ਅਤੇ ਦੁਰਲੱਭ ਪੁਸਤਕਾਂ ਦੇ ਨਾਲ-ਨਾਲ ਇੱਥੇ ਇੱਕ ਮਿਊਜ਼ੀਅਮ ਵੀ ਹੈ ਜਿਸ ਵਿੱਚ ਸਿੱਖ ਧਰਮ ਅਤੇ ਇਤਿਹਾਸ ਤੇ ਪੰਜਾਬ ਨਾਲ ਸਬੰਧਤ ਵੱਖ-ਵੱਖ ਸ਼ੈਲੀਆਂ ਅਤੇ ਕਲਾਵਾਂ ਰਾਹੀਂ ਬਣੇ 600 ਦੇ ਕਰੀਬ ਮਹੱਤਵਪੂਰਨ ਚਿੱਤਰ ਮੌਜੂਦ ਹਨ। ਇਹ ਚਿੱਤਰ ਜ਼ਿਆਦਾਤਰ ਸਿੱਖ ਰਾਜ ਕਾਲ ਅਤੇ ਅੰਗਰੇਜ ਰਾਜ ਕਾਲ ਦੌਰਾਨ ਬਣਾਏ ਗਏ ਹਨ ਜਿੰਨ੍ਹਾਂ ਵਿੱਚ ਸਮਕਾਲੀਨ ਪੰਜਾਬ ਦੀ ਸਮਾਜਕ ਅਤੇ ਸਭਿਆਚਾਰਕ ਝਲਕ ਮਿਲਦੀ ਹੈ। ਇਨ੍ਹਾਂ ਚਿਤਰਾਂ ਵਿੱਚ ਸਿੱਖ ਅਤੇ ਪੰਜਾਬ ਦੇ ਸਭਿਆਚਾਰ ਤੇ ਇਤਿਹਾਸ ਵਿੱਚ ਸਮੇਂ-ਸਮੇਂ ਆਏ ਪਰਿਵਰਤਨਾਂ ਤੇ ਵਿਕਾਸ ਦੀ ਝਲਕ ਪ੍ਰਤੱਖ ਦਿਸਦੀ ਹੈ। ਇਸ ਦੇ ਨਾਲ ਹੀ 17ਵੀਂ ਅਤੇ 18ਵੀਂ ਸਦੀ ਦੇ ਪ੍ਰਚਲਿਤ 07 ਸਿੱਕੇ ਅਤੇ ਜੰਗੀ ਹਥਿਆਰ ਵੀ ਮੌਜੂਦ ਹਨ। ਪੁਰਾਤਨ ਸਰੋਤਾਂ ਦੀ ਸੰਭਾਲ ਅਤੇ ਖੋਜਾਰਥੀਆਂ ਦੀ ਸਹੂਲਤ ਲਈ ਖ਼ਾਲਸਾ ਕਾਲਜ ਮੈਂਨਜਮੈਂਟ ਵੱਲੋਂ ਸਿੱਖ ਇਤਿਹਾਸ ਖੋਜ ਕੇਂਦਰ ਵਿਚਲੇ ਹੱਥ ਲਿਖਤ ਖਰੜਿਆ, ਅਖਬਾਰਾਂ ਦੇ ਕੁੱਲ 325000 ਪੰਨਿਆਂ ਨੂੰ ਡਿਜ਼ੀਟਾਈਜ਼ ਵੀ ਕਰਵਾਇਆ ਗਿਆ ਹੈ। ਸਿੱਖ ਧਰਮ, ਸਿੱਖ ਇਤਿਹਾਸ, ਸਿੱਖ ਫ਼ਿਲਾਸਫ਼ੀ, ਪੰਜਾਬੀ ਭਾਸ਼ਾ, ਭਾਰਤ ਖਾਸ ਕਰ ਪੰਜਾਬ ਵਿਚਲੀਆਂ ਅਜ਼ਾਦੀ ਦੀਆਂ ਲਹਿਰਾਂ, 20ਵੀਂ ਸਦੀਂ ਦੀ ਰਾਜਨੀਤੀ ਆਦਿ ਵਿਸ਼ਿਆਂ ਤੇ ਖੋਜ ਕਰਨ ਵਾਲੇ ਖੋਜਾਰਥੀਆਂ ਅਤੇ ਵਿਦਵਾਨਾਂ ਲਈ ਇਸ ਵਿਭਾਗ ਦੀ ਬਹੁਤ ਅਹਿਮੀਅਤ ਹੈ ਇਨ੍ਹਾਂ ਵਿਸ਼ਿਆਂ ਨਾਲ ਸਬੰਧਤ ਮਿਆਰੀ ਖੋਜ ਕਰਨ ਲਈ ਵਿਦਵਾਨ ਭਾਰਤ ਸਮੇਤ ਵਿਦੇਸ਼ਾਂ ਵਿਚੋਂ ਵੀ ਇੱਥੇ ਆਉਂਦੇ ਰਹਿੰਦੇ ਹਨ ਜੋ ਇੱਥੇ ਉਪਲਬਧ ਖੋਜ ਸਮੱਗਰੀ ਦੀ ਅਹਿਮੀਅਤ ਨੂੰ ਮਹਿਸੂਸ ਕਰਦੇ ਹਨ।

ਡਾ. ਕੁਲਦੀਪ ਸਿੰਘ ਢਿੱਲੋਂ (ਐੱਮ. ਏ. ਪੀਐੱਚ.ਡੀ.)

ਸਿੱਖ ਇਤਿਹਾਸ ਖੋਜ ਕੇਂਦਰ ਵਿੱਚ ਡਾ. ਗੰਡਾ ਸਿੰਘ 1930 ਈ. ਤੋਂ 1947 ਈ. ਤੱਕ ਬਤੌਰ ਮੁਖੀ ਵਜੋਂ ਸੇਵਾਵਾਂ ਨਿਭਾਉਂਦੇ ਰਹੇ। ਉਨ੍ਹਾਂ ਪਿੱਛੋ ਡਾ. ਕਿਰਪਾਲ ਸਿੰਘ 1948 ਈ. ਤੋਂ 1965 ਈ. ਤੱਕ, ਡਾ. ਪਰਕਾਸ਼ ਸਿੰਘ 1965 ਈ. ਤੋਂ 1981 ਈ. ਤੱਕ, ਡਾ. ਦਵਿੰਦਰ ਸਿੰਘ ਵਿਦਿਆਰਥੀ 1982 ਈ. ਤੋਂ 1990 ਈ. ਤੱਕ, ਡਾ. ਗੁਰਦੇਵ ਸਿੰਘ ਦਿਓਲ 1990 ਈ. ਤੋਂ 1996 ਈ. ਤੱਕ, ਡਾ. ਕੁਲਵਿੰਦਰ ਸਿੰਘ ਬਾਜਵਾ 1996 ਈ. ਤੋਂ 2007 ਈ. ਤੱਕ, ਡਾ. ਇੰਦਰਜੀਤ ਸਿੰਘ ਗੋਗੋਆਣੀ 2007 ਈ. ਤੋਂ 2017 ਈ. ਤੱਕ ਬਤੌਰ ਮੁਖੀ ਵਜੋਂ ਸੇਵਾਵਾਂ ਨਿਭਾਉਦੇ ਰਹੇ ਅਤੇ ਡਾ. ਕੁਲਦੀਪ ਸਿੰਘ ਢਿੱਲੋ[2] 2017 ਈ. ਤੋਂ ਇਸ ਕੇਂਦਰ ਦੇ ਮੁਖੀ ਵਜੋਂ ਸੇਵਾ ਨਿਭਾ ਰਹੇ ਹਨ। ਡਾ. ਕੁਲਦੀਪ ਸਿੰਘ ਢਿੱਲੋਂ ਨੇ ਇਸ ਵਿਭਾਗ ਦੇ ਮੁਖੀ ਵਜੋਂ ਸੇਵਾ ਸੰਭਾਲਦੇ ਹੋਏ ਵਿਭਾਗ ਵਿਚਲੇ ਦੁਰਲਭ ਹੱਥ ਲਿਖਤ ਖਰੜਿਆਂ ਦੀ ਸਾਂਭ-ਸੰਭਾਲ (Conservation & Preservation) ਦਾ ਕਾਰਜ ਆਰੰਭਿਆ ਅਤੇ ਹੋਰ ਦੁਰਲਭ ਖਰੜਿਆਂ ਦੀ ਭਾਲ ਕਰਕੇ ਵਿਭਾਗ ਦੀ ਲਾਇਬ੍ਰੇਰੀ ਵਿੱਚ ਮਹਿਫ਼ੂਜ਼ ਕੀਤਾ ਹੈ। ਪੁਰਾਤਨ ਤਸਵੀਰਾਂ, ਸਿੱਕੇ ਅਤੇ ਹਥਿਆਰਾਂ ਨੂੰ ਆਧੁਨਿਕ ਵਿਧੀ ਨਾਲ ਮਹਿਫ਼ੂਜ਼ ਕਰਕੇ ਇੱਕ ਅਜਾਇਬ ਘਰ ਦਾ ਨਿਰਮਾਣ ਕੀਤਾ ਹੈ।[3]

ਇਸ ਅਦਾਰੇ ਦੀਆਂ ਕੁੱਝ ਮਹੱਤਵਪੂਰਨ ਪਰਕਾਸ਼ਨਾਵਾਂ ਹਨ:

ਪ੍ਕਾਸ਼ਨਾਵਾਂ

  1. ਮਹਾਰਾਜਾ ਰਣਜੀਤ ਸਿੰਘ ਦੀ ਇੱਕ ਸੌ ਚੌਧਵੀਂ ਬਰਸੀ ਤੇ
  2. ਜਨਮਸਾਖੀ ਗੁਰੂ ਨਾਨਕ ਦੇਵ ਜੀ – ਭਾਗ ਪਹਿਲਾ (ਮਿਹਰਬਾਨ)
  3. ਜਨਮਸਾਖੀ ਗੁਰੂ ਨਾਨਕ ਦੇਵ ਜੀ – ਭਾਗ ਦੂਜਾ (ਪੋਥੀ ਹਰਿਜੀ ਤੇ ਪੋਥੀ ਚਤੁਰਭੁਜ)
  4. ਗੁਰਬਾਣੀ ਦੇ ਰਾਗ: ਸੰਬੋਧ ਅਤੇ ਸਾਰਥਕਤਾ
  5. ਮਹਾਰਾਜਾ ਆਲਾ ਸਿੰਘ ਆਫ ਪਟਿਆਲਾ(ਅੰਗਰੇਜ਼ੀ)
  6. ਗੁਰਬਾਣੀ ਦੇ ਰਾਗ
  7. ਮਹਾਰਾਜਾ ਰਣਜੀਤ ਸਿੰਘ ਦੀ ਇਕਸੌਚੌਧਵੀਂ ਬਰਸੀ ਤੇ
  8. ਕੈਟਾਲਾਗ ਆਫ ਪੰਜਾਬੀ & ਉਰਦੂ ਮੈਨੂਸਕਰਿਪਟਸ (ਅੰਗਰੇਜ਼ੀ)
  9. ਭਾਈ ਵਸਤੀ ਰਾਮ
  10. An Historical Account of Bhai Vasti Ram & Bhai Ram Singh
  11. A Short Life Sketch of Maharaja Ala Singh
  12. A Catalogue of Punjabi And Urdu Manuscripts
  13. A Catalogue of Persian and Sanskrit Manuscripts
  14. History of Khalsa College
  15. Dr. Ganda Singh Journal of Sikh Historical & Religious Studies
  16. Sardar Sundar Singh Majithia: Life Work & Mission
  17. A Brief History of Khalsa College Amritsar (1892-2003)
  18. Jangnama - Qazi Nur Muhammad - Ed. Dr. Ganda Singh

..ਇਤਿਆਦ


ਹਵਾਲੇ[ਸੋਧੋ]

https://www.facebook.com/KhalsaCollegeAmritsar1892/

  1. "Khalsa College Amritsar". khalsacollege.edu.in. Retrieved 2019-03-10.
  2. "Kuldip Singh Dhillon". www.facebook.com. Retrieved 2019-03-10.
  3. "Sikh History Research Centre". www.facebook.com. Retrieved 2019-03-10.