ਵਰਤੋਂਕਾਰ:Sukhjit kaur 21391116/ਕੱਚਾ ਖਾਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੀਤੀ ਬਨਾਮ ਸ਼ੈਲੀ:  ਰੀਤੀ ਦੀ ਪਰਿਭਾਸ਼ਾ ਕਰਦੇ ਸਮੇਂ ਇਸ ਦੇ ਕੁਝ ਕੁ ਪਰਿਆਇਵਾਚੀ ਸ਼ਬਦ ਸ਼ੈਲੀ (style) ਦਾ ਜ਼ਿਕਰ ਆ ਜਾਂਦਾ ਹੈ, ਦੋਹਾਂ ਦੀ ਅਰਥਾਂ ਵਿਚ ਪੱਧਤੀ ਜਾਂ ਪ੍ਰਣਾਲੀ ਦਾ ਸਮਾਵੇਸ਼ ਹੈ ਅਤੇ ਦੋਹਾਂ ਦਾ ਸੰਬੰਧ ਰਚਨਾ–ਪੱਧਤੀ ਨਾਲ ਹੁੰਦਾ ਹੈ, ਇਕ ਸਾਧਾਰਣ ਅਤੇ ਨਿਰਵਿਸ਼ੇਸ਼ ਹੁੰਦੀ ਹੈ ਅਤੇ ਦੂਜੀ ਵਿਸ਼ਿਸ਼ਟ; ਦੋਹਾਂ ਵਿਚ ਇਹੀ ਪਰਸਪਰ ਭੇਦ ਹੈ।
         ਹਰ ਇਕ ਕੰਮ ਵਿਚ ਦੋ ਤੱਤ ਹੁੰਦੇ ਹਨ, ਇਕ ਉਸ ਦੇ ਕਰਨ ਦਾ ਮਾਰਗ ਅਤੇ ਦੂਜਾ ਕਰਤਾ। ਇਕ ਦਾ ਸੰਬੰਧ ਕਾਰਜ–ਪੱਧਤੀ ਨਾਲ, ਅਤੇ ਦੂਜੇ ਦਾ ਸੰਬੰਧ ਕਰਤਾ ਨਾਲ ਹੈ। ਜਦੋਂ ਦੋ ਆਦਮੀ ਕਿਸੇ ਇਕ ਟਿਕਾਣੇ ਵੱਲ ਟੁਰਨ ਤਾਂ ਉਹ ਇਕੋ ਮਾਰਗ ’ਤੇ ਟੁਰਦੇ ਹੋਏ ਵੀ ਵਿਭਿੰਨ ਵਿਧੀਆਂ ਅਖ਼ਤਿਆਰ ਕਰਦੇ ਹਨ, ਇਹ ਰੀਤੀ ਹੈ, ਅਤੇ ਇਸੇ ਤਰ੍ਹਾਂ ਦੋ ਵਿਅਕਤੀ ਉਸੇ ਮਾਰਗ ’ਤੇ ਟੁਰਦੇ ਹੋਏ ਆਪਣੀਆਂ ਨਿੱਜੀ ਰੁਚੀਆਂ, ਪ੍ਰਵ੍ਰਿਤੀਆਂ ਅਤੇ ਸ਼ਕਤੀਆਂ ਦੀ ਵਰਤੋਂ ਕਰਦੇ ਹਨ, ਇਸ ਦਾ ਸੰਬੰਧ ਸ਼ੈਲੀ ਨਾਲ ਹੈ।
         ਰੀਤੀ ਵਿਚ ‘ਪੂਰਵ–ਨਿਸ਼ਚਿਤਤਾ’ ਹੁੰਦੀ ਹੈ ਪਰ ਸ਼ੈਲੀ ਵਿਚ ਅਜਿਹਾ ਨਹੀਂ ਹੁੰਦਾ। ਜਦੋਂ ਕੋਈ ਅਭਿਵਿਅਕਤੀ ਪੂਰਵ–ਨਿਰਧਾਰਤ ਮਾਰਗ ਅਖ਼ਤਿਆਰ ਕਰ ਲੈਂਦੀ ਹੈ ਤਾਂ ਇਹ ਵੀ ਰੀਤੀ ਬਣ ਜਾਂਦੀ ਹੈ। ਮਿਸਾਲ ਵਜੋਂ ਪਿਟਮੈਨ ਦੀ ਸ਼ਾਰਟ–ਹੈਂਡ ਪਹਿਲਾਂ ਸ਼ੈਲੀ ਸੀ ਪਰ ਬਾਅਦ ਵਿਚ ਸਰਵ–ਸਾਧਾਰਣ ਦੀ ਚੀਜ਼ ਬਣ ਜਾਣ ਕਰਕੇ ਰੀਤੀ ਬਣ ਗਈ। ਰੀਤੀ ਪੂਰਣ ਵਿਧੀ ਦੀ ਸ਼ੁੱਧਤਾ ਨੂੰ ਨਿਭਾਉਂਦੀ ਹੈ, ਸ਼ੈਲੀ ਵਿਚ ਨਵੀਨਤਾ ਅਤੇ ਚਮਤਕਾਰ ਪੈਦਾ ਕੀਤਾ ਜਾਂਦਾ ਹੈ। ਰੀਤੀ ਦੀ ਪ੍ਰਕ੍ਰਿਤੀ ਆਦਰਸ਼ਵਾਦੀ ਅਤੇ ਮਰਯਾਦਾ–ਅਨੁਕੂਲ ਹੁੰਦੀ ਹੈ ਪਰ ਸ਼ੈਲੀ ਵਿਅਕਤੀ ਦੀ ਸਵੈ–ਇੱਛਾ ਨੂੰ ਰੂਪਮਾਨ ਕਰਦੀ ਹੈ। ਰੀਤੀ ਦੀ ਪ੍ਰਵ੍ਰਿਤੀ ਸਥਾਈ ਤੱਤਾਂ ਨੂੰ ਮੁੱਖ ਰੱਖਦੀ ਹੈ ਪਰ ਸ਼ੈਲੀ ਵਿਚ ਛਿਣ–ਭੰਗਰ ਅਤੇ ਸਾਮਿਅਕ ਤੱਤਾਂ ਵੱਲ ਧਿਆਨ ਦਿੱਤਾ ਜਾਂਦਾ ਹੈ। ਰੀਤੀ ਦਾ ਖੇਤਰ ਸ਼ਾਸਤ੍ਰ ਅਤੇ ਵਿਗਿਆਨ ਵਰਗਾ ਹੁੰਦਾ ਹੈ ਜਦ ਕਿ ਸ਼ੈਲੀ ਸੌਂਦਰਜ ਚੇਤਨਾ ਨਾਲ ਸੰਬੰਧਿਤ ਮਜ਼ਮੂਨਾਂ ਵਿਚ ਕੇਂਦਰਿਤ ਹੁੰਦੀ ਹੈ।
         ਇਨ੍ਹਾਂ ਦੋਹਾਂ ਵਿਚ ਇਹ ਅੰਤਰ ਹੁੰਦੇ ਹੋਏ ਵੀ ਇਹ ਪਰਸਪਰ ਸਹਿਯੋਗੀ ਵੀ ਹਨ। ਕਈ ਵਾਰ ਰੀਤੀ ਵਿਚੋਂ ਹੀ ਕੋਈ ਲੇਖਕ ਜਾਂ ਕਵੀ ਸ਼ੈਲੀ ਨੂੰ ਜਨਮ ਦੇ ਦਿੰਦਾ ਹੈ ਅਤੇ ਸ਼ੈਲੀ ਤਾਂ ਰੀਤੀ ਦੀ ਰੂੜ੍ਹੀ ਦਾ ਕੰਮ ਕਰਦੀ ਹੀ ਆਈ ਹੈ। ਹਰ ਯੁੱਗ ਵਿਚ ਕੁਝ ਰੀਤੀਆਂ ਜਨਮ ਲੈਂਦੀਆਂ ਹਨ, ਨਵੀਂ ਪੀੜ੍ਹੀ ਇਸ ਤੋਂ ਵਿਦਰੋਹ ਕਰਦੀ ਹੋਈ ਨਵੀਂ ਸ਼ੈਲੀ ਨੂੰ ਅਪਣਾਉਂਦੀ ਹੈ, ਅਤੇ ਬਾਅਦ ਵਿਚ ਉਹ ਨਵੀਂ ਸ਼ੈਲੀ ਵੀ ਸਾਹਿੱਤ–ਸੌਂਦਰਯ ਪੱਧਤੀ ਦੀ ਰੀਤੀ ਬਣ ਜਾਂਦੀ ਹੈ।
         ਪੰਜਾਬੀ ਵਿਚ ਬਾਬਾ ਫ਼ਰੀਦ, ਗੁਰੂ ਨਾਨਕ ਅਤੇ ਗੁਰੂ ਅਰਜਨ ਸ਼ੈਲੀਕਾਰ ਸਨ, ਪਰ ਗੁਰੂ ਅੰਗਦ ਦੇਵ, ਅਮਰਦਾਸ ਅਤੇ ਰਾਮਦਾਸ ਜੀ ਨੇ ਰੀਤੀ ਦਾ ਵਿਸਤਾਰ ਕੀਤਾ ਹੈ। ਸੂਫ਼ੀ ਪ੍ਰਸੰਗ ਵਿਚ ਸ਼ਾਹ ਹੁਸੈਨ ਤੇ ਬੁੱਲ੍ਹੇ ਸ਼ਾਹ, ਈਰਾਨੀ ਪ੍ਰਭਾਵ ਕਬੂਲ ਕਰਦੇ ਹੋਏ ਵੀ ਸ਼ੈਲੀਕਾਰ ਸਨ, ਅਤੇ ਬਾਅਦ ਵਿਚ ਇਹ ਸੂਫ਼ੀ ਰੀਤੀ ਸਦੀਆਂ ਤਕ ਚਲਦੀ ਰਹੀ, ਇੱਥੋਂ ਤਕ ਕਿ ਆਧੁਨਿਕ ਯੁੱਗ ਦੇ ਪ੍ਰਤਿਭਾਸ਼ਾਲੀ ਲੇਖਕ ਡਾ. ਮੋਹਨ ਸਿੰਘ ਅਤੇ ਚਾਤ੍ਰਿਕ ਨੇ ਵੀ ਰੀਤੀ ਦੀ ਪਾਲਣਾ ਕੀਤੀ ਹੈ।
         ਭਾਈ ਵੀਰ ਸਿੰਘ ਦੀ ਸ਼ੈਲੀ ਪੁਰਾਣੀ ਗੁਰਮਤਿ ਰੀਤੀ ਦਾ ਪ੍ਰਭਾਵ ਕਬੂਲਦੀ ਹੋਈ ਵੀ ਸ਼ੈਲੀ ਹੈ, ਪਰ ਉਨ੍ਹਾਂ ਦੀ ਸ਼ੈਲੀ ਇਕ ਰੀਤੀ ਨਹੀਂ ਬਣ ਸਕੀ। ਇਸੇ ਤਰ੍ਹਾਂ ਗੁਰਬਖ਼ਸ਼ ਸਿੰਘ ਦੀ ਵਾਰਤਕ, ਰੀਤੀ ਦਾ ਰੂਪ ਨਹੀਂ ਧਾਰਣ ਕਰ ਸਕੀ। ਸਾਡੇ ਬੀਰ ਕਾਵਿ ਦਾ ਸਰੋਤ ਯੂਨਾਨੀ ਕਵਿਤਾ ਨਾਲ ਜਾ ਜੁੜਦਾ ਹੈ ਪਰ ਗੁਰੂ ਗੋਬਿੰਦ ਸਿੰਘ ਅਤੇ ਨਜਾਬਤ ਮਹਾਨ ਸ਼ੈਲੀਕਾਰ ਸਨ ਅਤੇ ਰੀਤੀ ਤੇ ਪਾਲਕ ਵੀ। ਗੁਰੂ ਨਾਨਕ ਸਾਹਿਬ ਨੇ ਵਾਰ ਦੀ ਆਤਮਾ ਨੂੰ ਸ਼ਾਂਤ ਰਸ ਨਾਲ ਓਤ–ਪ੍ਰੋਤ ਕਰਕੇ ਇਕ ਵੱਖਰੀ ਸ਼ੈਲੀ ਨੂੰ ਜਨਮ ਦਿੱਤਾ ਹੈ।
         ਨਵੀਂ ਕਵਿਤਾ ਵਿਚ ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਬਾਬਾ ਬਲਵੰਤ ਤੇ ਸਫ਼ੀਰ ਸੁਚੱਜੀ ਕਵਿਤਾ ਲਿਖ ਕੇ ਵੀ ਕਿਸੇ ਸਥਾਈ ਰੀਤੀ ਨੂੰ ਜਨਮ ਨਹੀਂ ਦੇ ਸਕੇ, ਇਨ੍ਹਾਂ ਦੀਆਂ ਕਵਿਤਾਵਾਂ ਵਿਚ, ਸਿਵਾਏ ਬਾਵਾ ਬਲਵੰਤ ਦੀ ਕਵਿਤਾ ਦੇ, ਕਲਾਸੀਕਲ ਸਾਹਿੱਤ ਬਣਨ ਦੀ ਬਹੁਤ ਘੱਟ ਸੰਭਾਵਨਾ ਹੈ। ਨਵੇਂ ਸਾਹਿੱਤ ਵਿਚ ਕਿਸੇ ਰੀਤੀ ਦਾ ਪ੍ਰਚੱਲਿਤ ਹੋਣਾ ਬੜਾ ਕਠਿਨ ਹੈ, ਹਰ ਲੇਖਕ ਨਿਤ ਨਵੇਂ ਸੌਂਦਰਯ ਤਜ਼ਰਬੇ ਕਰ ਰਿਹਾ ਹੈ, ਆਪਣੇ ਹੀ ਉਲੀਕੇ ਹੋਏ ਖ਼ਾਕਿਆਂ ਦੀ ਸੀਮਾ ਪਾਰ ਕਰ ਰਿਹਾ ਹੈ।

ਰੀਤੀ ਦੇ ਨਿਯਾਮਕ ਹੇਤੂ : ਵਾਮਨ ਰੀਤੀ ਨੂੰ ਕੇਵਲ ਮਨੋਰਥ (ਸਾਧੑਯ) ਹੀ ਮੰਨਦਾ ਸੀ, ਇਸ ਲਈ ਉਸ ਵਾਸਤੇ ਰੀਤੀ ਦੇ ਨਿਯਾਮਕ ਹੇਤੂ ਦਾ ਪ੍ਰਸ਼ਨ ਹੀ ਪੈਦਾ ਨਹੀਂ ਸੀ ਹੁੰਦਾ। ਉਸ ਨੇ ਰੀਤੀ ਨੂੰ ਸੁਤੰਤਰ ਸਾਹਿੱਤ–ਰੂਪ ਮੰਨਿਆ, ਪਰ ਰਸਵਾਦੀਆਂ ਅਤੇ ਸਿਧਾਂਤਾਚਾਰਯਾਂ ਨੇ ਸਭ ਤੋਂ ਪਹਿਲਾਂ ਇਨ੍ਹਾਂ ਤੱਤਾਂ ਬਾਰੇ ਚਰਚਾ ਕੀਤੀ ਹੈ। ਆਨੰਦ ਵਰਧਨ, ਰਸ ਨੂੰ ਰੀਤੀ ਦਾ ਪ੍ਰਮੁੱਖ ਨਿਯਾਮਕ ਹੇਤੂ ਮੰਨਦੇ ਹਨ; ਇਸ ਤੋਂ ਇਲਾਵਾ ਤਿੰਨ ਹੋਰ ਹੇਤੂ ਹਨ :

         (1)     ਵਕਤ੍ਰਿ ਔਚਿਤੑਯ : ਇਸ ਵਿਚ ਵਕਤਾ ਜਾਂ ਲੇਖਕ ਦੇ ਸੁਭਾ ਅਤੇ ਮਨੋ–ਸਥਿਤੀ ਅਨੁਕੂਲ ਰੀਤੀ ਜਨਮ ਲੈਂਦੀ ਹੈ।
         (2)     ਵਾਚੑਯ ਔਚਿਤੑਯ : ਇਸ ਵਿਚ ਵਿਸ਼ੈ–ਵਸਤੂ ਹੀ ਰੀਤੀ ਦਾ ਨਿਯਾਮਕ ਹੇਤੂ ਹੈ। ਕੋਮਲ ਵਿਸ਼ੈ ਵਿਚੋਂ ਨੋਮਲ ਅਤੇ ਕਠੋਰ ਰੰਗ  ਦੀ ਰੀਤੀ ਦਾ ਨਿਰਮਾਣ ਹੁੰਦਾ ਹੈ।
         (3)     ਵਿਸ਼ੈ ਔਚਿਤੑਯ : ਆਨੰਦ ਵਰਧਨ ਨੇ ਇਸ ਰੀਤੀ ਨੂੰ ਵਿਸ਼ੈ ਦੇ ਅੰਤਰਗਤ ਨਹੀਂ ਸਗੋਂ ਕਾਵਿ–ਰੂਪ ਦੇ ਅਨੁਕੂਲ ਮੰਨਿਆ ਹੈ।
         ਇਨ੍ਹਾਂ ਤਿੰਨਾਂ ਨਿਯਾਮਕ ਹੇਤੂਆਂ ਵਿਚੋਂ ਪਹਿਲੇ ਦੋ ਯੁਕਤੀਪੂਰਣ ਹਨ ਪਰ ਤੀਜੇ, ਅਰਥਾਤ ਕਾਵਿ ਰੂਪ ਆਧਾਰ ਨੂੰ ਰੀਤੀ ਦਾ ਹੇਤੂ ਮੰਨਣਾ ਅਨੁਚਿਤ ਹੈ। ਕਾਵਿ–ਰੂਪ ਕਦੀ ਵੀ ਰੀਤੀ ਦਾ ਰੂਪ ਧਾਰਣ ਨਹੀਂ ਕਰ ਸਕਦੇ, ਪਹਿਲੇ ਦੋ ਵੀ ਤਾਂ ਹੀ ਰੀਤੀ ਦੇ ਨਿਯਾਮਕ ਹੇਤੂ ਹਨ ਜੇ ਉਹ ਰਸ–ਅਧੀਨ ਹੋਣ। ਰੀਤੀ ਵਿਚ ਰਸ ਦੀ ਹੋਂਦ ਬਾਰੇ ਸਾਰੇ ਹੀ ਸਾਹਿੱਤਾ ਆਚਾਰਯ ਸਹਿਮਤ ਹਨ। ਰਸ, ਭਾਵ ਤੋਂ ਉਤਪੰਨ ਹੁੰਦਾ ਹੈ ਅਤੇ ਭਾਸ਼ਾ ਵਿਚੋਂ ਓਜ ਤੇ ਪ੍ਰਸਾਦ ਗੁਣ ਦੀ ਉਤਪੱਤੀ ਹੁੰਦੀ ਹੈ।
         ਵਾਮਨ ਤੋਂ ਪਹਿਲਾਂ ਰੀਤੀ ਦੀ ਸਥਿਤੀ : ਰੀਤੀ ਸਿਧਾਂਤ ਦਾ ਮੂਲ ਰੂਪ ਵਾਮਨ ਤੋਂ ਪਹਿਲਾਂ ਵੀ ਸੰਸਕ੍ਰਿਤ ਸਮੀਖਿਆ ਸ਼ਾਸਤ੍ਰ ਵਿਚ ਮਿਲਦਾ ਹੈ। ਭਾਰਤ ਦੇ ‘ਨਾਟੑਯ ਸ਼ਾਸਤ੍ਰ’ ਵਿਚ ਰੀਤੀ ਦੇ ਸਰਵ–ਪ੍ਰਥਮ ਬੀਜ ਮਿਲਦੇ ਹਨ, ਭਾਵੇਂ ਭਰਤ ਨੇ ਰੀਤੀ ਦਾ ਵਿਵੇਚਨ ਨਹੀਂ ਕੀਤਾ, ਪਰ ਉਸ ਨੇ ਭਾਰਤ ਦੇ ਵੱਖ ਵੱਖ ਪ੍ਰਦੇਸ਼ਾਂ ਵਿਚ ਪ੍ਰਚੱਲਿਤ ਪ੍ਰਵ੍ਰਿਤੀਆਂ ਦਾ ਵਰਣਨ ਜ਼ਰੂਰ ਕੀਤਾ ਹੈ।
         ਪੱਛਮੀ ਭਾਗ ਦੀ ਪ੍ਰਵ੍ਰਿਤੀ ‘ਆਵੰਤੀ’, ਦੱਖਣ ਦੀ ‘ਦਾਖਸ਼ਿਣਾਤੑਯ’, ਪੂਰਬ ਦੀ ‘ਉਤ੍ਰਮਾਗਧੀ’ ਅਤੇ ਮਗਧ ਦੇਸ਼ ਦੀ ‘ਮਾਗਧੀ’ ਚਾਰ ਪ੍ਰਵ੍ਰਿਤੀਆਂ ਹਨ। ਇਹ ਵੰਡ ਵੱਖ ਵੱਖ ਪ੍ਰਦੇਸ਼ਾਂ ਦੀ ਵੇਸ਼–ਭੂਸ਼ਾ, ਭਾਸ਼ਾ ਅਤੇ ਆਚਾਰ–ਵਿਹਾਰ ਅਨੁਸਾਰ ਕੀਤੀ ਗਈ ਹੈ। ਵਾਮਨ ਨੇ ਇੱਥੋਂ ਹੀ ਰੀਤੀ ਦਾ ਸੰਕੇਤ ਪ੍ਰਾਪਤ ਕੀਤਾ ਜਾਪਦਾ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਉਸ ਤੋਂ ਪਹਿਲਾਂ ਰੀਤੀ ਬਾਰੇ ਚਰਚਾ ਜ਼ਰੂਰ ਸੀ, ਉਸ ਨੇ ਇਸ ਨੂੰ ਸਿਧਾਂਤ–ਰੂਪ ਦੇ ਕੇ ਸਾਹਿੱਤ ਦਾ ਇਕ ਸੰਪੂਰਣ ਮਾਪਦੰਢ ਬਣਾਉਣ ਦਾ ਯਤਨ ਕੀਤਾ। ਉਸ ਨੇ ਸਿੱਧ ਕੀਤਾ ਕਿ ਰੀਤੀ ਹੀ ਕਾਵਿ ਦੀ ਆਤਮਾ ਹੈ ਪਰ ਬਾਅਦ ਵਿਚ ਇਹ ਸਥਾਨ ਰਸ ਨੇ ਪ੍ਰਾਪਤ ਕਰ ਲਿਆ।
         ਰੀਤੀ ਅਸਲ ਵਿਚ ਆਤਮਿਕ ਨਹੀਂ ਸਗੋਂ ਕਾਵਿ ਦਾ ਦੇਹਵਾਦੀ ਸਿਧਾਂਤ ਹੈ ਪਰ ਉਸ ਦੀ ਕਾਵਿ–ਗੁਣ–ਯੁਕਤ ਮਹੱਤਾ ਤੋਂ ਮੁਨਕਰ ਹੋਣਾ ਵੀ ਬੜੀ ਵੱਡੀ ਭੁੱਲ ਹੈ। ਆਧੁਨਿਕ ਯੁੱਗ ਵਿਚ ਵੀ ਕ੍ਰੋਚੇ ਵਰਗੇ ਵਿਦਵਾਨਾਂ ਨੇ ਅਭਿਵਿਅੰਜਨਾਵਾਦ ਨੂੰ ਕਾਵਿ ਦਾ ਇਕ ਪ੍ਰਮੁੱਖ ਸਿਧਾਂਤ ਮਨਾਉਣ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ, ਕਿ ਵਾਣੀ ਦੇ ਅਨੇਕਾਂ ਦੁਆਰ (ਮਾਰਗ) ਹਨ ਜਿਨ੍ਹਾਂ ਵਿਚ ਬੜਾ ਹੀ ਸੂਖ਼ਮ ਭੇਦ ਹੈ। ਇਨ੍ਹਾਂ ਵਿਚੋਂ ਗੌੜੀ ਤੇ ਵੈਦਰਭੀ ਦਾ ਭੇਦ ਸਪਸ਼ਟ ਹੈ। ਸ਼ਲੇਸ਼, ਪ੍ਰਸਾਦ, ਸਮਤਾ, ਮਾਧੁਰਯ, ਸੁਕੁਮਾਰਤਾ, ਅਭਿਵਿਅਕਤੀ, ਉਦਾਰਤਾ, ਓਜ, ਕਾਂਤੀ ਤੇ ਸਮਾਧੀ ਆਦਿਕ ਇਹ ਦਸ ਗੁਣ ਵੈਦਰਭੀ ਮਾਰਗ ਦੇ ਹਨ। ਗੌੜ ਮਾਰਗ ਵਿਚ ਉਨ੍ਹਾਂ ਦਾ ਵਿਪਰੀਤ ਰੂਪ ਦਿੱਸਦਾ ਹੈ, ਇਸ ਪ੍ਰਕਾਰ ਹਰ ਇਕ ਦੇ ਸਰੂਪ ਦਾ ਨਿਰੂਪਣ ਕਰਕੇ ਦੋਹਾਂ ਮਾਰਗਾਂ ਦਾ ਫ਼ਰਕ ਸਪਸ਼ਟ ਕਰ ਦਿੱਤਾ ਗਿਆ ਏ। ਦੰਡੀ ਦੇ ਵਿਵੇਚਨ ਤੋਂ ਸਪਸ਼ਟ ਹੈ ਕਿ ਵਾਮਨ ਤੋਂ ਪਹਿਲਾਂ ਰੀਤੀ ਮਾਰਗ ਇਕ ਸਪਸ਼ਟ ਰੂਪ ਧਾਰਣ ਕਰ ਗਿਆ ਸੀ; ਹੁਣ ਇਹ ਮਾਰਗ ਪ੍ਰਵ੍ਰਿਤੀ ਵਿਚੋਂ ਭਾਸ਼ਾ ਰੀਤੀ ਦਾ ਸਪਸ਼ਟ ਰੂਪ ਪ੍ਰਾਪਤ ਕਰ ਚੁੱਕਾ ਸੀ। ਦੰਡੀ ਤੋਂ ਬਾਅਦ ਵੈਦਰਭ ਮਾਰਗ ਹੀ ਉੱਤਮ ਮਾਰਗ ਮੰਨਿਆ ਜਾਂਦਾ ਸੀ। ਭਾਮਹ ਨੇ ਕਿਸੇ ਮਾਰਗ ਨੂੰ ਉੱਤਮ ਨਹੀਂ ਮੰਨਿਆ ਅਤੇ ਰੀਤੀ ਦੇ ਕਾਵਿ ਗੁਣਾਂ ਨੂੰ ਹੀ ਮਹੱਤਾ ਦਿੱਤੀ ਹੈ। ਉਨ੍ਹਾਂ ਨੇ ਸੰਤ–ਕਵਿ, ਭਾਵੇਂ  ਉਹ ਵੈਦਰਭੀ ਹੈ ਜਾਂ ਗੌੜੀ, ਨੂੰ ਹੀ ਉੱਤਮ ਰੀਤੀ ਮੰਨਿਆ ਹੈ।
         ਭਾਰਤ ਤੋਂ ਪਿੱਛੋਂ ਵਾਣਭੱਟ ਨੇ ਵੀ ਇਸ ਮਾਰਗ ਦਾ ਵਿਵੇਚਨ ਕੀਤਾ ਹੈ, ਉਸ ਨੇ ਵੀ ਇਸ ਮਾਰਗ ਨੂੰ ਪ੍ਰਵ੍ਰਿਤੀ ਨਾਲ ਹੀ ਜੋੜਿਆ ਹੈ। ਫਿਰ ਵੀ ਉਸ ਦੀ ਪਰਿਭਾਸ਼ਾ ਵਿਚ ਭਾਸ਼ਾ, ਸਰੂਪ ਅਤੇ ਸ਼ੈਲੀ ਭੇਦ ਦਹ ਸਪਸ਼ਟ ਸੰਕੇਤ ਮਿਲਦਾ ਹੈ। ਭਾਰਤ ਨੇ ਰੀਤੀ ਨੂੰ ਮਾਰਗ ਜਾਂ ਪ੍ਰਵ੍ਰਿਤੀ ਦਾ ਨਾਂ ਦਿੱਤਾ ਹੈ। ਭਾਮਹ ਨੇ ਰੀਤੀ ਦਾ ਸਿਧਾਂਤ ਸਰਵਪ੍ਰਥਮ ਨਿਰਧਾਰਤ ਕਰਦੇ ਹੋਏ ਇਸ ਲਈ ‘ਕਾਵਿ’ ਸ਼ਬਦ ਦੀ ਵਰਤੋਂ ਕੀਤੀ ਹੈ। ਉਸ ਦੇ ਸਮੇਂ ਵਿਚ ਵੈਦਰਭ ਅਤੇ ਗੌੜ ਦੋ ਮਾਰਗ ਪ੍ਰਚੱਲਿਤ ਸਨ; ਉਸ ਨੇ ਇਨ੍ਹਾਂ ਦਾ ਹੀ ਵਿਵੇਚਨ ਕੀਤਾ। ਉਦੋਂ ਤਕ ਵਾਣਭੱਟ ਦੀ ਉਦੀਚਯ ਅਤੇ ਪ੍ਰਤੀਚਯ ਅਤੇ ਭਾਰਤ ਦੀ ਆਵੰਤੀ ਅਤੇ ਪਾਂਚਾਲੀ, ਮਾਰਗ ਕਾਵਿ ਵਿਚ ਪ੍ਰਸਿੱਧ ਨਹੀਂ ਸਨ।

ਰੀਤੀ-ਕਾਵਿ : ਹਿੰਦੀ ਸਾਹਿਤ ਦੇ ਇਤਿਹਾਸ ਵਿੱਚ ਈਸਾ ਦੀ ਸਤ੍ਹਾਰਵੀਂ ਸਦੀ ਦੇ ਅੱਧ ਤੋਂ ਉਨ੍ਹੀਵੀਂ ਸਦੀ ਦੇ ਅੱਧ ਤੱਕ ਦੇ ਸਮੇਂ ਨੂੰ ‘ਰੀਤੀ-ਕਾਲ’ ਅਤੇ ਇਸ ਅਰਸੇ ਦੌਰਾਨ ਰਚੇ ਗਏ ਕਾਵਿ ਦੇ ਵੱਡੇ ਹਿੱਸੇ ਨੂੰ ਰੀਤੀ-ਕਾਵਿ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ‘ਰੀਤੀ’ ਸ਼ਬਦ ਦਾ ਕੋਸ਼ਗਤ ਅਰਥ ਢੰਗ, ਪਰੰਪਰਾ, ਪੱਧਤੀ ਜਾਂ ਪਰਿਪਾਟੀ ਹੈ। ਸੰਸਕ੍ਰਿਤ ਦੇ ਸਾਹਿਤ ਅਚਾਰੀਆ ਨੇ ਸਾਹਿਤ- ਸਿਧਾਂਤ ਨੂੰ ਕਾਵਿ-ਰੀਤੀ ਦਾ ਨਾਂ ਦਿੱਤਾ ਸੀ। ਕਾਵਿ-ਕਲਾ ਨੂੰ ਮਿਆਰੀ ਰੂਪ ਦੇਣ ਲਈ ਉਹਨਾਂ ਨੇ ਸਾਹਿਤ ਦੇ ਲਖਸ਼ਣ ਗ੍ਰੰਥ ਰਚੇ। ਰੀਤੀ ਕਾਲ ਵਿੱਚ ਹਿੰਦੀ ਵਿੱਚ ਸੰਸਕ੍ਰਿਤ ਦੀ ਉਪਰੋਕਤ ਪਰੰਪਰਾ ਦੇ ਅਨੁਕਰਨ ਵਿੱਚ ਰੀਤੀ ਗ੍ਰੰਥਾਂ ਦੀ ਰਚਨਾ ਹੋਈ। ਇਸ ਕਾਲ ਦੇ ਸਾਹਿਤ ਵਿੱਚ ਕਾਵਿ-ਸਿਧਾਂਤਾਂ ਤੋਂ ਇਲਾਵਾ ਸ਼ਿੰਗਾਰ ਰਸ ਨਾਲ ਸੰਬੰਧਿਤ ਕਾਵਿ-ਰਚਨਾਵਾਂ ਦੀ ਬਹੁਲਤਾ ਰਹੀ ਜਿਸ ਨੂੰ ਦੇਖਦਿਆਂ ਕੁਝ ਵਿਦਵਾਨਾਂ ਵੱਲੋਂ ਇਸ ਨੂੰ ‘ਸ਼ਿੰਗਾਰ ਕਾਲ’ ਦਾ ਨਾਂ ਦਿੱਤਾ ਗਿਆ, ਜਦੋਂ ਕਿ ਕੁਝ ਹੋਰ ਵਿਦਵਾਨਾਂ ਨੇ ਇਸ ਦੌਰ ਵਿੱਚ ਅਲੰਕਾਰ ਪ੍ਰਧਾਨ ਕਵਿਤਾ ਦੀ ਪ੍ਰਧਾਨਤਾ ਦੇਖਦਿਆਂ ਇਸ ਨੂੰ ਅਲੰਕ੍ਰਿਤੀ ਕਾਲ ਵੀ ਕਿਹਾ। ਪਰੰਤੂ ਪਿਛਲੇ ਦੋਵੇਂ ਨਾਂ ਸਾਹਿਤਿਕ ਹਲਕਿਆਂ ਵਿੱਚ ਬਹੁਤੀ ਮਾਨਤਾ ਹਾਸਲ ਨਾ ਕਰ ਸਕੇ ਅਤੇ ‘ਰੀਤੀ-ਕਾਲ’ ਨਾਂ ਆਮ ਸਹਿਮਤੀ ਵਜੋਂ ਸਵੀਕਾਰ ਕਰ ਲਿਆ ਗਿਆ।

    ‘ਰੀਤੀ-ਕਾਵਿ’ ਅਧੀਨ ਰਚੇ ਗਏ ਗ੍ਰੰਥਾਂ ਦੀ ਗਿਣਤੀ ਬਹੁਤ ਜ਼ਿਆਦਾ ਦੱਸੀ ਜਾਂਦੀ ਹੈ, ਪਰੰਤੂ ਸਾਂਭ-ਸੰਭਾਲ ਦੀ ਕਮੀ ਕਾਰਨ ਇਹਨਾਂ ਵਿੱਚੋਂ ਬਹੁਤੇ ਗ੍ਰੰਥ ਪ੍ਰਾਪਤ ਨਹੀਂ ਹਨ। ਉਹਨਾਂ ਦਾ ਕੇਵਲ ਨਾਂ-ਉਲੇਖ ਹੀ ਮਿਲਦਾ ਹੈ। ਇਸ ਕਾਲ ਦੇ ਕਵੀਆਂ ਦੀ ਸੂਚੀ ਕਾਫ਼ੀ ਲੰਬੀ ਹੈ ਪਰ ਇਹ ਸਭ ਦੇ ਸਭ ਇੱਕੋ ਲੀਕ ਤੇ ਲਿਖਣ ਵਾਲੇ ਨਹੀਂ ਸਨ। ਬਹੁਗਿਣਤੀ ਕਵੀਆਂ ਦੁਆਰਾ ਕਾਵਿ- ਸਿਧਾਂਤ, ਅਲੰਕਾਰ ਨਿਰੂਪਣ ਅਤੇ ਸ਼ਿੰਗਾਰ ਰਸ ਨੂੰ ਅਪਣਾਏ ਜਾਣ ਦੇ ਬਾਵਜੂਦ ਅਜਿਹੇ ਕਵੀਆਂ ਦੀ ਭਰਵੀਂ ਗਿਣਤੀ ਰਹੀ, ਜਿਨ੍ਹਾਂ ਨੇ ਸਮੇਂ ਦੇ ਵਹਿਣ ਵਿੱਚ ਵਹਿ ਜਾਣ ਦੀ ਬਜਾਏ ਮੌਲਿਕ ਰੰਗ ਨੂੰ ਪਹਿਲ ਦਿੱਤੀ। ਇਸੇ ਤੱਥ ਦੇ ਮੱਦੇ-ਨਜ਼ਰ ਰੀਤੀ-ਕਾਵਿ ਨੂੰ ਤਿੰਨ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ : ਰੀਤੀ-ਬੱਧ, ਰੀਤੀ-ਸਿੱਧ ਅਤੇ ਰੀਤੀ-ਮੁਕਤ ਕਾਵਿ।
    ਰੀਤੀ-ਬੱਧ ਕਾਵਿ ਵਿੱਚ ਅਜਿਹੀਆਂ ਕਿਰਤਾਂ ਸ਼ਾਮਲ ਹਨ, ਜਿਨ੍ਹਾਂ ਦਾ ਮਕਸਦ ਕਾਵਿ-ਅੰਗਾਂ ਦਾ ਨਿਰੂਪਣ ਕਰਨਾ ਸੀ। ਇਸ ਕਾਲ ਦੇ ਕਵੀਆਂ ਨੇ ਸੰਸਕ੍ਰਿਤ ਦੇ ਅਚਾਰੀਆ ਕਵੀਆਂ ਦੀ ਰੀਸੇ ਲਖਸ਼ਣ ਗ੍ਰੰਥ ਲਿਖੇ ਹਨ ਅਤੇ ਕਾਵਿ ਦੇ ਵੱਖੋ-ਵੱਖ ਪਹਿਲੂਆਂ ਤੇ ਰੋਸ਼ਨੀ ਪਾਈ ਹੈ। ਕਾਵਿ-ਸਿਧਾਂਤ ਦੀ ਜਾਣਕਾਰੀ ਅਤੇ ਪ੍ਰਮਾਣ ਵਜੋਂ ਕਵਿਤਾ ਦੇ ਢੁੱਕਵੇਂ ਪਦਾਂ ਰਾਹੀਂ ਉਸ ਦੀ ਪੁਸ਼ਟੀ ਕਰਨਾ ਅਜਿਹੀਆਂ ਰਚਨਾਵਾਂ ਦੀ ਵਿਸ਼ੇਸ਼ ਪਹਿਚਾਣ ਹੈ। ਕਾਵਿ ਦੀ ਉਦਾਹਰਨ ਵਜੋਂ ਪੇਸ਼ ਕੀਤੇ ਜਾਣ ਵਾਲੇ ਪਦ ਆਮ ਤੌਰ ਤੇ ਕਰਤਾ ਦੀ ਆਪਣੀ ਰਚਨਾ ਹਨ। ਕਿਉਂਕਿ ਰਚਨਾਕਾਰ ਦਾ ਮੁੱਖ ਉਦੇਸ਼ ਆਪਣੇ-ਆਪ ਨੂੰ ਅਚਾਰੀਆ ਜਾਂ ਉਸਤਾਦ ਕਵੀ ਦੇ ਰੂਪ ਵਿੱਚ ਆਪਣੀ ਹੈਸੀਅਤ ਨੂੰ ਮਨਵਾਉਣਾ ਹੈ, ਇਸ ਲਈ ਆਮ ਤੌਰ ਤੇ ਕਾਵਿ ਪ੍ਰਤਿਭਾ ਗੌਣ ਹੋ ਕੇ ਰਹਿ ਜਾਂਦੀ ਹੈ। ਸਿਧਾਂਤਿਕ ਤੌਰ ਤੇ ਨਿਰਦੋਸ਼ ਹੁੰਦੀ ਹੋਈ ਇਸ ਪ੍ਰਕਾਰ ਦੀ ਕਾਵਿ-ਰਚਨਾ ਸਾਹਿਤਿਕ ਨਜ਼ਰੀਏ ਤੋਂ ਹਲਕੀ ਰਹਿ ਜਾਂਦੀ ਹੈ। ਕੇਸ਼ਵ ਦਾਸ, ਚਿੰਤਾਮਣੀ, ਦੇਵ, ਪਦਮਾਕਰ, ਭਿਖਾਰੀ ਦਾਸ ਆਦਿ ਦੀਆਂ ਰਚਨਾਵਾਂ ਰੀਤੀ-ਬੱਧ ਕਾਵਿ ਦੀ ਸ਼੍ਰੇਣੀ ਵਿੱਚ ਆਉਂਦੀਆਂ ਹਨ।
    ਰੀਤੀ-ਸਿੱਧ ਕਾਵਿ ਉਹ ਹੈ, ਜਿਸ ਦੇ ਰਚਨਾਕਾਰਾਂ ਨੇ ਲੱਛਣ-ਉਦਾਹਰਨ ਸ਼ੈਲੀ ਵਿੱਚ ਰਚਨਾ ਭਾਵੇਂ ਨਹੀਂ ਕੀਤੀ ਪਰੰਤੂ ਫਿਰ ਵੀ ਉਹਨਾਂ ਨੇ ਸੰਸਕ੍ਰਿਤ ਕਾਵਿ- ਸਿਧਾਂਤ ਦੀ ਪਰੰਪਰਾ ਦੇ ਦਾਇਰੇ ਵਿੱਚ ਰਹਿ ਕੇ ਰਚਨਾ ਕੀਤੀ ਹੈ। ਇਹਨਾਂ ਨੇ ਕਾਵਿ-ਰੀਤੀ ਦਾ ਨਿਰੂਪਣ ਕਰਨ ਦੀ ਬਜਾਏ ਉਸ ਰੀਤੀ ਦਾ ਪਾਲਣ ਕਰਦਿਆਂ ਸਾਹਿਤਿਕ ਪੱਖ ਤੋਂ ਉੱਤਮ ਕਵਿਤਾ ਰਚੀ ਹੈ। ਇਸ ਤਰ੍ਹਾਂ ਅਚਾਰੀਆ ਕਵੀ ਨਾ ਹੁੰਦਿਆਂ ਹੋਇਆਂ ਵੀ ਇਹਨਾਂ ਨੇ ਰੀਤੀ ਨੂੰ ਮਾਨਤਾ ਦਿੱਤੀ ਹੈ। ਰੀਤੀ ਦਾ ਪਾਲਣ ਕਰਨ ਕਾਰਨ ਹੀ ਇਹਨਾਂ ਨੂੰ ਰੀਤੀ-ਸਿੱਧ ਕਵੀ ਕਿਹਾ ਗਿਆ ਹੈ। ਬਿਹਾਰੀ ਲਾਲ, ਭੂਪਤਿ, ਚੰਦਨ, ਸੈਨਾਪਤਿ ਆਦਿ ਕਵੀ ਇਸ ਵਰਗ ਵਿੱਚ ਆਉਂਦੇ ਹਨ।
    ਰੀਤੀ-ਮੁਕਤ ਕਾਵਿ ਅਧੀਨ ਉਹ ਰਚਨਾਕਾਰ ਆਉਂਦੇ ਹਨ, ਜਿਨ੍ਹਾਂ ਨੇ ਨਾ ਤਾਂ ਲਖਸ਼ਣ ਗ੍ਰੰਥਾਂ ਦੀ ਰਚਨਾ ਕੀਤੀ ਅਤੇ ਨਾ ਹੀ ਰੀਤੀ-ਸਿਧਾਂਤ ਦੀ ਕੈਦ ਨੂੰ ਸਵੀਕਾਰ ਕੀਤਾ। ਇਹਨਾਂ ਕਵੀਆਂ ਨੇ ਜੀਵਨ ਨਾਲ ਜੁੜ ਕੇ ਕਵਿਤਾ ਰਚੀ। ਇਹਨਾਂ ਦੀ ਰਚਨਾ ਵਿੱਚ ਵਿਸ਼ਿਆਂ ਦੀ ਵਿਵਿਧਤਾ ਹੈ ਅਤੇ ਮੁੱਖ ਤੌਰ ਤੇ ਵੀਰ- ਰਸੀ, ਨੀਤੀ ਪਰਕ, ਪ੍ਰੇਮ ਪਰਕ ਅਤੇ ਅਧਿਆਤਮਿਕ ਵਿਸ਼ਿਆਂ ਨਾਲ ਸੰਬੰਧਿਤ ਰਚਨਾਵਾਂ ਸ਼ਾਮਲ ਹਨ। ਘਨਾਨੰਦ, ਰਸਖਾਨ, ਆਲਮ, ਬੋਧਾ, ਗੁਰੂ ਗੋਬਿੰਦ ਸਿੰਘ, ਭੂਸ਼ਣ, ਵ੍ਰਿੰਦ, ਰਸਨਿਧੀ ਆਦਿ ਕਵੀ ਰੀਤੀ-ਮੁਕਤ ਕਵੀਆਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ।

ਰੀਤੀ-ਕਾਵਿ ਦੀਆਂ ਮੁੱਖ ਪ੍ਰਵਿਰਤੀਆਂ ਨੂੰ ਨਿਮਨ- ਅਨੁਸਾਰ ਵਿਚਾਰਿਆ ਜਾ ਸਕਦਾ ਹੈ :

    ਲਖਸ਼ਣ ਗ੍ਰੰਥਾਂ ਦੀ ਰਚਨਾ ਇਸ ਕਾਵਿ ਦੀ ਮੁੱਖ ਵਿਸ਼ੇਸ਼ਤਾ ਹੈ। ਭਾਵੇਂ ਇਸ ਕਾਲ ਦੇ ਕਵੀਆਂ ਨੇ ਕੋਈ ਮੌਲਿਕ ਕਾਵਿ-ਸਿਧਾਂਤ ਸਾਮ੍ਹਣੇ ਨਹੀਂ ਲਿਆਂਦੇ ਅਤੇ ਜ਼ਿਆਦਾਤਰ ਸੰਸਕ੍ਰਿਤ ਦੇ ਗ੍ਰੰਥਾਂ ਦਾ ਅਨੁਕਰਨ ਜਾਂ ਅਨੁਵਾਦ ਹੀ ਪੇਸ਼ ਕੀਤਾ ਪਰੰਤੂ ਫਿਰ ਵੀ ਕਵੀਆਂ ਵਿੱਚ ‘ਅਚਾਰੀਆ’ ਅਖਵਾਉਣ ਦੀ ਹੋੜ ਪ੍ਰਤੱਖ ਨਜ਼ਰੀਂ ਪੈਂਦੀ ਹੈ। ਕਵੀਆਂ ਵਿੱਚੋਂ ਬਹੁਤਿਆਂ ਨੂੰ ਰਾਜ ਦਰਬਾਰਾਂ ਵੱਲੋਂ ਵਜ਼ੀਫ਼ੇ ਲੱਗੇ ਹੋਏ ਸਨ ਅਤੇ ਰਾਜੇ ਜਾਂ ਉਹਨਾਂ ਦੇ ਅਹਿਲਕਾਰ ਹੀ ਉਹਨਾਂ ਦੇ ਕਦਰਦਾਨ ਸਨ। ਦਰਬਾਰੀ ਮਾਹੌਲ ਵਿੱਚ ਅਦਬ-ਕਾਇਦੇ ਦੀ ਹਮੇਸ਼ਾਂ ਮਹੱਤਤਾ ਹੁੰਦੀ ਹੈ। ਇਸ ਲਈ ਉੱਥੇ ਪੇਸ਼ ਕੀਤੀ ਜਾਣ ਵਾਲੀ ਕਵਿਤਾ ਨੂੰ ਵੀ ਅਦਬ ਅਤੇ ਅਨੁਸ਼ਾਸਨ ਦੀ ਪਾਬੰਦ ਬਣਾਇਆ ਗਿਆ। ਇਸ ਤੋਂ ਇਲਾਵਾ ਕਵੀ ਆਪਣੀ ਰਚਨਾ ਰਾਹੀਂ ਦਰਬਾਰੀ ਸ੍ਰੋਤਿਆਂ ਨੂੰ ਚੰਗੀ ਕਵਿਤਾ ਦੇ ਲੱਛਣਾਂ ਤੋਂ ਜਾਣੂ ਵੀ ਕਰਵਾਉਂਦੇ ਸਨ। ਸੰਸਕ੍ਰਿਤ ਸਾਹਿਤ ਵਿੱਚ ਅਚਾਰੀਆ ਅਤੇ ਕਵੀ ਵੱਖਰੇ ਵਰਗਾਂ ਦੇ ਵਿਅਕਤੀ ਸਨ,