ਚੰਦੋਆ (ਕਹਾਣੀ)
"ਚੰਦੋਆ" | |
---|---|
ਲੇਖਕ ਕਰਤਾਰ ਸਿੰਘ ਸੂਰੀ | |
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਵੰਨਗੀ | ਨਿੱਕੀ ਕਹਾਣੀ |
ਪ੍ਰਕਾਸ਼ਨ ਕਿਸਮ | ਪ੍ਰਿੰਟ |
ਚੰਦੋਆ ਕਰਤਾਰ ਸਿੰਘ ਸੂਰੀ ਦੀ ਲਿਖੀ ਇੱਕ ਨਿੱਕੀ ਕਹਾਣੀ ਹੈ।
ਪਾਤਰ
[ਸੋਧੋ]- ਜੀਊਣ ਸਿੰਘ (ਰੇਲਵੇ ਮਜ਼ਦੂਰ)
- [1]ਇੰਦਰ ਕੌਰ (ਜੀਊਣ ਸਿੰਘ ਦੀ ਪਤਨੀ)
- ਗੋਪਾਲ ਸਿੰਘ (ਜੀਊਣ ਸਿੰਘ ਦਾ ਮਾਮਾ)
ਕਥਾਨਕ
[ਸੋਧੋ]ਇਹ ਕਹਾਣੀ ਚਾਪਲੂਸੀ ਦੀ ਥਾਂ ਈਮਾਨਦਾਰੀ ਨੂੰ ਜੱਫਾ ਮਾਰੀ ਬੈਠੇ ਇੱਕ ਸੀ ਗ੍ਰੇਡ ਰੇਲਵੇ ਮਜ਼ਦੂਰ ਦੀ ਆਰਥਿਕ ਤੰਗੀਆਂ ਵਿੱਚ ਗਹਿਰੀ ਜ਼ਿੰਦਗੀ ਦੀ ਕਹਾਣੀ ਹੈ। ਉਸ ਦੇ ਘਰ ਉਪਰੋਥਲੀ ਦੋ ਕੁੜੀਆਂ ਹੋਈਆਂ ਤੇ ਉਹ ਮਹੀਨੇ ਵਿੱਚ ਬੱਤੀ ਦਿਨ ਬਿਮਾਰ ਰਹਿੰਦੀਆਂ। ਉਤੋਂ ਕਿਸੇ ਸਾਧੂ ਨੇ ਭਰਮ ਪਾ ਦਿੱਤਾ ਕਿ ਤੁਹਾਡੇ ਘਰ ਪੰਜ ਕੁੜੀਆਂ ਹੋਰ ਆਉਣਗੀਆਂ। ਇਸ ਤੋਂ ਬਚਣ ਲਈ ਪਤੀ ਪਤਨੀ ਨੇ ਸੁਖਣਾ ਸੁੱਖ ਲਈ ਕਿ ਜੇ ਉਨ੍ਹਾਂ ਦੇ ਘਰ ਪੁੱਤਰ ਹੋ ਪਵੇ ਤਾਂ ਉਹ ਅੰਬਰਸਰ ਵਾਲੇ ਗੁਰੂ ਬਾਬੇ ਦੇ ਦਰਬਾਰ ਸੁੱਚਾ ਚੰਦੋਆ ਚੜ੍ਹਾਣਗੇ। ਤੇ ਅਗਲੇ ਸਾਲ ਸਾਲ ਉਨ੍ਹਾਂ ਦੇ ਘਰ ਪੁੱਤਰ ਹੋ ਜਾਂਦਾ ਹੈ। ਚੰਦੋਆ ਚੜ੍ਹਾਣ ਉਤੇ ਘਟੋ ਘਟ ਸਵਾ ਸੌ ਰੁਪਿਆ ਖ਼ਰਚ ਆਉਣਾ ਸੀ। ਅੱਸੀ ਰੁਪਏ ਤਨਖਾਹ ਨਾਲ਼ ਮਸੀਂ ਗੁਜ਼ਾਰਾ ਚੱਲਦਾ ਸੀ। ਅੰਮ੍ਰਿਤਸਰ ਦੀ ਫੇਰੀ ਲੇਟ ਹੁੰਦੀ ਗਈ। ਫਿਰ ਪੁੱਤਰ ਨੂੰ ਕਾਕੜਾ ਲਾਕੜਾ ਨਿਕਲ ਪੈਣ ਤੇ ਉਹ ਚਾਲੀ ਦਿਨ ਦੇ ਅੰਦਰ ਸੁੱਖਣਾ ਤਾਰਨ ਦਾ ਵਾਅਦਾ ਕਰਦੇ ਹਨ। ਅਖ਼ੀਰ ਉਹ ਕਿਸੇ ਨਾ ਕਿਸੇ ਤਰ੍ਹਾਂ ਪੰਜਾਂ ਦਿਨਾਂ ਦੀ ਛੁੱਟੀ ਅਤੇ ਪੰਜਾਹ ਕੁ ਰੁਪਏ ਜੋੜ ਲੈਂਦਾ ਹੈ। ਕਾਕੇ ਨੂੰ ਰਾਜ਼ੀ ਹੋਇਆਂ ਮਹੀਨੇ ਤੋਂ ਜ਼ਿਆਦਾ ਹੋ ਗਿਆ ਸੀ, ਜੇ ਚਾਲੀਵਾਂ ਦਿਨ ਟਪ ਗਿਆ ਤਾਂ ਨਾ ਜਾਣੀਂਏਂ ਕਿਹੜੇ ਕਿਹੜੇ ਕਸ਼ਟਾਂ ਦਾ ਮੂੰਹ ਵੇਖਣਾ ਪਵੇ। ਅਖ਼ੀਰ ਅੰਮ੍ਰਿਤਸਰ ਵਾਲੇ ਲੱਖਾਂ ਪਤੀ ਮਾਮਾ ਜੀ ਤੋਂ ਮਦਦ ਦੀ ਝਾਕ ਰੱਖਦੇ ਹੋਏ ਉਸ ਦਾ ਪਰਿਵਾਰ ਅੰਮ੍ਰਿਤਸਰ ਦੀ ਯਾਤਰਾ ਲਈ ਰਵਾਨਾ ਹੋ ਗਿਆ। ਅੰਮ੍ਰਿਤਸਰ ਪਹੁੰਚ ਕੇ ਉਹ ਆਪਣੇ ਮਾਮਾ ਜੀ ਸਰਦਾਰ ਗੁਪਾਲ ਸਿੰਘ ਦੇ ਘਰ ਪਹੁੰਚ ਜਾਂਦੇ ਹਨ। ਗੁਪਾਲ ਸਿੰਘ ਗੋਲ ਕਮਰੇ ਵਿੱਚ ਆਪਣੇ ਕੁਝ ਮਹਿਮਾਨਾਂ ਨਾਲ ਬੈਠੇ ਸਨ ਕਿ 'ਅਚਾਨਕ ਉਨ੍ਹਾਂ ਦੀ ਨਜ਼ਰ ਮੈਲੇ ਜੀਵ-ਧਾਰੀਆਂ ਦੀ ਇਕ ਲਾਮ ਡੋਰੀ ਉਤੇ ਪਈ, ਜਿਹੜੇ ਅਗੜ ਪਿਛੜ ਵਰਾਂਡੇ ਦੀਆਂ ਤਿੰਨ ਪੌੜੀਆਂ ਚੜ੍ਹਕੇ ਰਵਾਂ ਰਵੀਂ ਜ਼ਨਾਨ-ਖਾਨੇ ਵਲ ਜਾ ਰਹੇ ਸਨ। ਸਰਦਾਰ ਹੋਰਾਂ ਦੀਆਂ ਅੱਖਾਂ ਇਸ ਬੀਭਤਸ ਨਜ਼ਾਰੇ ਨੂੰ ਤੱਕ ਕੇ ਸਹਾਰ ਨਾ ਸਕੀਆਂ ਉਨ੍ਹਾਂ ਦੀ ਕਹਿਰ ਭਰੀ ਨਜ਼ਰ ਚਿਪਸ ਦੇ ਫਰਸ਼ ਉਤੇ ਸੀ, ਜਿਹੜਾ ਮੈਲੇ ਕਦਮਾਂ ਹੇਠ ਦਾਗ਼ੀ ਹੋ ਰਿਹਾ ਸੀ।' ਏਨੇ ਨੂੰ ਜੀਊਣ ਸਿੰਘ ਨੇ ਅੰਦਰ ਆ ਕੇ ਗੋਪਾਲ ਸਿੰਘ ਨੂੰ "ਮਾਮਾ ਜੀ, ਸਤਿ ਸ੍ਰੀ ਅਕਾਲ।" ਕਹਿ ਦਿੱਤਾ। ਜੇ ਜੀਊਣ ਸਿੰਘ "ਮਾਮਾ" ਨਾ ਕਹਿੰਦਾ, ਤਾਂ ਸ਼ਾਇਦ ਗੋਪਾਲ ਸਿੰਘ ਆਪਣੇ ਮਹਿਮਾਨਾਂ ਦੀ 'ਐਨ ਓਲਡ ਸਰਵੇਂਟ ਆਫ ਮਾਈਨ' ਕਹਿ ਕੇ ਤਸੱਲੀ ਕਰਾ ਦਿੰਦੇ, ਪਰ ਹੁਣ ਜ਼ਹਿਰ ਦੇ ਘੁੱਟ ਵਾਂਗ ਇਸ ਸੱਟ ਨੂੰ ਸਹਿ ਲੈਣ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ। ਥੋੜ੍ਹੇ ਹੀ ਚਿਰ ਬਾਅਦ ਇਕ ਵਾਰੀ ਮੁੜ ਓਹੀ ਕਾਫ਼ਲਾ ਰੀਟਰਨਿੰਗ ਮਾਰਚ ਕਰਦਾ ਉਨ੍ਹਾਂ ਦੇ ਸਾਹਮਣਿਓਂ ਲੰਘਿਆ ਅਤੇ "ਹੱਛਾ ਮਾਮਾ!ਸੁੱਚੇ ਮੂੰਹ ਜਾ ਕੇ ਮੱਥਾ ਟੇਕ ਆਈਏ ਪਹਿਲਾਂ, ਫੇਰ ਗੱਲਾਂ ਕਰਾਂਗੇ ਬਹਿ ਕੇ।"
ਜਿਉਣ ਸਿੰਘ ਦਾ ਪਰਿਵਾਰ ਸ਼ਾਮੀ ਵਾਪਸ ਆਇਆ ਤਾਂ ਕੋਠੀ ਪਹੁੰਚਦਿਆਂ ਤੀਕ ਕਾਫੀ ਹਨੇਰਾ ਹੋ ਗਿਆ ਸੀ। ਅੰਦਰ ਵੜਨ ਤੋਂ ਉਨ੍ਹਾਂ ਨੂੰ ਮਾਮਾ ਮਾਮੀ ਦੀਆਂ ਗੱਲਾਂ ਸੁਣਾਈ ਪੈਂਦੀਆਂ ਹਨ ਜਿਸ ਵਿੱਚ ਉਨ੍ਹਾਂ "ਮੋਈ ਚੰਗੜਾਂ ਦੀ ਟੋਲੀ" ਕਿਹਾ ਜਾ ਰਿਹਾ ਹੈ ਅਤੇ ਗ਼ਰੀਬ ਰਿਸ਼ਤੇਦਾਰਾਂ ਪ੍ਰਤਿ ਘੋਰ ਹਿਕਾਰਤ ਦਾ ਪ੍ਰਗਟਾ ਸੀ। ਵਾੜ ਦੇ ਮੁੱਢ ਰਖਵਾਇਆ ਆਪਣਾ ਸਾਮਾਨ ਚੁਕ ਕੇ ਉਹ ਕੋਠੀ ਵਿੱਚੋਂ ਨਿਕਲ ਆਉਂਦੇ ਹਨ। ਇੰਦਰ ਕੌਰ ਦੇ ਪੁੱਛਣ ਤੇ ਕਿ ਚੰਦੋਏ ਦਾ ਕੀ ਬਣੇਗਾ ਜਿਉਣ ਸਿੰਘ ਉਸ ਨੂੰ ਦਿਲਾਸਾ ਦਿੰਦਾ ਹੈ ਕਿ ਗੁਰੂ ਬਾਬਾ ਜਿਨ੍ਹਾਂ ਨੂੰ ਪੁੱਤਰ ਦੇਂਦਾ ਹੈ ਸਾਰੇ ਲੋਕਾਂ ਪਾਸੋਂ ਚੰਦੋਏ ਨਹੀਂ ਮੰਗਦਾ। ਇੰਦਰ ਕੌਰ ਦੇ ਕਾਕੇ ਦੀ ਬਿਮਾਰੀ ਵੇਲ਼ੇ ਦ੍ਰਿੜਾਈ ਸੁਖਣਾ ਦਾ ਜ਼ਿਕਰ ਕਰਨ ਤੇ ਜਿਉਣ ਸਿੰਘ ਕਹਿੰਦਾ ਹੈ ਕਿ ਗੁਰੂ ਕਾਕੇ ਦਾ ਰਾਖਾ ਹੈ।
ਹਵਾਲੇ
[ਸੋਧੋ]- ↑ "ਚੰਦੋਆ ਕਰਤਾਰ ਸਿੰਘ ਸੂਰੀ". www.punjabi-kavita.com. Retrieved 2022-04-14.