ਸੱਭਿਆਚਾਰ ਤੇ ਸਭਿਅਤਾ
ਸਭਿਆਚਾਰ
[ਸੋਧੋ]ਪੰਜਾਬੀ ਸ਼ਬਦ ‘ਸਭਿਆਚਾਰ` ਅੰਗਰੇਜ਼ੀ ਦੇ ਸ਼ਬਦ ਕਲਚਰ ਦਾ ਸਮਾਨਰਥੀ ਹੈ। ਇਹ ਸ਼ਬਦ ਅੰਗਰੇਜ਼ੀ ਵਿੱਚ ਪਹਿਲਾ ਕਲਟਸ ਦੇ ਰੂਪ ਵਿੱਚ ਖੇਤੀਬਾੜੀ ਕਰਨ ਤੇ ਪਸ਼ੂ ਪਾਲਣ ਦੇ ਅਰਥਾਂ ਵਿੱਚ ਪ੍ਰਯੋਗ ਹੁੰਦਾ ਸੀ। ਸਤਾਰਵੀਂ ਸਦੀ ਦੇ ਸ਼ੁਰੂ ਹੋਣ ਤੱਕ ਇਹ ਸ਼ਬਦ ਅਰਥ-ਵਿਸਥਾਰ ਦੀਆਂ ਅਨੇਕਾਂ ਪ੍ਰਕ੍ਰਿਅਵਾਂ ਵਿਚੋਂ ਲੰਘ ਚੁਕਿਆ ਸੀ। ਇਸ ਸ਼ਬਦ ਨੂੰ ਇੱਕ ਅਨੁਸ਼ਾਸ਼ਨ ਵਜੋਂ ਸਥਾਪਿਤ ਕਰਨ ਦਾ ਸਿਹਰਾ ਅੰਗਰੇਜ਼ ਮਾਨਵ ਵਿਗਿਆਨੀ ਐਡਵਰਡ ਬੀ. ਟਾਇਲਰ ਦੇ ਸਿਰ ਸੱਜਦਾ ਹੈ। ‘ਸਭਿਆਚਾਰ` ਸ਼ਬਦ ਦਾ ਜਦੋਂ ਅਸੀਂ ਸੰਧੀ-ਛੇਦ ਕਰਦੇ ਹਾਂ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਸਭਿਆਚਾਰ ਮੁੱਖ ਰੂਪ ਵਿੱਚ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ ਅਤੇ ਇਸ ਦੇ ਅੱਗੇ ਵੀ ਹਿੱਸੇ ਹੋ ਸਕਦੇ ਹਨ ਜਿਵੇਂ:- ਸਭਿਆਚਾਰ = ਸੱਭਿਆ + ਆਚਾਰ (Civilized + behaviour)
ਸ+ਭੈਅ ਸਵੈ+ਭੈਅ:-ਇਕ ਭੈਅ ਵਿੱਚ ਕੀਤਾ ਗਿਆ ਵਿਹਾਰ ਤੇ ਵਿਵਹਾਰ, ਨਿਯਮਾਵਲੀ ਹੈ।
ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਵਿਹਾਰ ਅਤੇ ਵਿਵਹਾਰ ਦੇ ਪਿੱਛੇ ਕਦਰਾਂ-ਕੀਮਤਾਂ ਦਾ ਇੱਕ ਵਿਧਾਨ ਕੰਮ ਕਰਦਾ ਹੈ। ਵਿਸ਼ੇਸ਼ ਕਦਰਾਂ-ਕੀਮਤਾਂ ਦੇ ਸਮੂਹ ਤੋਂ ਜੋ ਪ੍ਰੇਰਿਤ ਹੁੰਦਾ ਹੈ ਉਹ ਸਭਿਆਚਾਰ ਹੈ। ਮਨੁੱਖੀ ਜੀਵਨ ਦਾ ਨਿਖਾਰ, ਇਸ ਦਾ ਬੌਧਿਕ ਹੋਣਾ, ਆਪਣੇ ਆਦਰਸ਼ ਵੱਲ ਵਧਣਾ ਹੀ ਸਭਿਆਚਾਰ ਹੁੰਦਾ ਹੈ। ਮਾਨਵ ਸ਼ਾਸਤਰੀਆਂ ਨੇ ਸਭਿਆਚਾਰ ਨੂੰ ਮਨੁੱਖ ਦੁਆਰਾ ਬਣਾਇਆ ਗਿਆ ਸੰਪੂਰਨ ਵਾਤਾਵਰਨ ਕਿਹਾ ਹੈ, ਆਪਣੀਆਂ ਸਾਰੀਆਂ ਲੋੜ੍ਹਾਂ ਪੂਰੀਆਂ ਕਰਦਾ ਹੈ, ਗੁਣਾਂ, ਆਦਤਾਂ, ਪ੍ਰਥਾਵਾਂ, ਅਤੇ ਪਰੰਪਰਾਵਾਂ ਨੂੰ ਸਿੱਖਦਾ ਹੈ। ਕ੍ਰਿਸ ਬਾਰਕਰ ਨੇ ਆਪਣੀ ਪੁਸਤਕ ਸਭਿਆਚਾਰ ਦਾ ਅਧਿਐਨ: ਸਿਧਾਂਤ ਤੇ ਵਿਹਾਰ (Culture Studied: Theory & Practice) ਵਿੱਚ ਸਭਿਆਚਾਰ ਹੋਂਦ ਦੀਆਂ ਸਮਾਨਤਾਵਾਂ ਅਤੇ ਭਿੰਨਤਾਵਾਂ ਉੱਪਰ ਜ਼ੋਰ ਦਿੰਦਾ ਹੈ। ਸਭਿਆਚਾਰ ਦੀਆਂ ਦੋ ਕਿਸਮਾਂ ਆਤਮਗਤ ਅਤੇ ਵਸਤੂਗਤ ਹੁੰਦੀਆਂ ਹਨ।[1]
ਸਭਿਆਚਾਰ ਨੂੰ ਪਰਿਭਾਸ਼ਿਤ ਕਰਨ ਦਾ ਯਤਨ ਕਈ ਵਿਦਵਾਨਾ ਨੇ ਕੀਤਾ ਹੈ ਜਿਹਨਾਂ ਵਿੱਚੋਂ ਅਸੀਂ ਕੁਝ ਪਰਿਭਾਸ਼ਾਵਾਂ ਦਾ ਜ਼ਿਕਰ ਹੇਠ ਕਰ ਰਹੇ ਹਾਂ:- ਟਾਈਲਰ ਅਨੁਸਾਰ “ਸਭਿਆਚਾਰ ਉਹ ਜਟਿਲ ਸਮੂਹ ਹੈ ਜਿਸ ਵਿੱਚ ਗਿਆਨ, ਵਿਸਵਾਸ਼, ਕਲਾ, ਨੈਤਿਕਤਾ, ਕਾਨੂੰਨ, ਰੀਤੀ-ਰਿਵਾਜ ਅਤੇ ਹੋਰ ਸਭ ਸਮਰੱਥਾਵਾਂ ਅਤੇ ਆਦਤਾਂ ਆ ਜਾਂਦੀਆਂ ਹਨ, ਜਿਹੜੀਆਂ ਮਨੁੱਖ ਸਮਾਜ ਦਾ ਮੈਂਬਰ ਹੋਣ ਦੇ ਨਾਤੇ ਗ੍ਰਹਿਣ ਕਰਦਾ ਹੈ"1 ਅਮਰੀਕੀ ਮਾਨਵ ਵਿਗਿਆਨੀ ਹਿਰਸਕੋਵਿਤਸ ਨੇ ਸਭਿਆਚਾਰ ਦੀਆਂ ਦੋ ਸੰਖੇਪ ਪਰਿਭਾਸ਼ਾਵਾਂ ਦਿੱਤੀਆਂ ਹਨ 1. ਸਭਿਆਚਾਰ ਵਾਤਾਵਰਨ ਦਾ ਮਨੁੱਖ ਸਿਰਜਿਆ ਭਾਗ ਹੈ। 2. ਸਭਿਆਚਾਰ ਮਨੁੱਖੀ ਵਿਹਾਰ ਦੇ ਸਿੱਖੇ ਹੋਏ ਭਾਗ ਨੂੰ ਕਹਿੰਦੇ ਹਨ।[2] ਐਨਸਾਈਕਲੋਪੀਡੀਆ ਅਮੈਰਿਕਨਾ ਅਨੁਸਾਰ “ ਸਭਿਆਚਾਰ ਕਿਸੇ ਸਮਾਜ ਦਾ ਵਿਹਾਰਕ ਵਸਤੂ ਹੁੰਦਾ ਹੈ"।2
ਸਭਿਆਚਾਰ ਦੇ ਮੂਲ ਰੂਪ ਵਿੱਚ ਤਿੰਨ ਅੰਗ ਹਨ
[ਸੋਧੋ]ਇਹਨਾਂ ਅੰਗਾਂ ਵਿਚੋਂ ਅੱਗੇ ਹੋਰ ਵੀ ਅੰਗ ਹੋ ਸਕਦੇ ਹਨ ਜਿਹਨਾਂ ਦੇ ਸਮੂਹਿਕ ਰੂਪ ਵਿੱਚ ਕੰਮ ਕਰਨ ਦੇ ਨਾਲ ਹੀ ਸਭਿਆਚਾਰ ਦਾ ਪਸਾਰ ਤੇ ਵਿਸਥਾਰ ਹੁੰਦਾ ਹੈ।
ਸਭਿਅਤਾ
[ਸੋਧੋ]ਸਭਿਅਤਾ ਸ਼ਬਦ ਅੰਗਰੇਜ਼ੀ ਭਾਸ਼ਾ ਦੇ ਸ਼ਬਦ ‘ਸਿਵਿਲਾਈਜ਼ੇਸ਼ਨ` (Civilization) ਦਾ ਸਮਾਨਰਥੀ ਹੈ। ਜਿਹੜਾ ਕਿ ਮੂਲ ਰੂਪ ਵਿੱਚ ਲਾਤੀਨੀ ਭਾਸ਼ਾ ਦੇ ਸ਼ਬਦ ਤੋ ਬਣਿਆ ਹੈ। ਇਹ ਸ਼ਬਦ ਸਿਵਲਿਸ ਤੋਂ ਬਣਿਆ ਹੈ, ਜਿਸਦੇ ਅਰਥ ਨਾਗਰਿਕ ਬਣਨ ਜਾਂ ਸਮਾਜ ਦੇ ਮੈਂਬਰ ਹੋਣ ਦੇ ਹਨ। ਸਿਵਿਲਾਈਜ਼ੇਸ਼ਨ ਤੋਂ ਭਾਵ ਸਮਾਜਕ ਵਿਕਾਸ ਦਾ ਉਹ ਪੜਾਅ ਹੈ ਜਦੋਂ ਸਮਾਜ ਦਾ ਸੰਗਠਨ ਨਾਤੇਦਾਰੀ ਜਾਂ ਕਬੀਲੇ ਦੇ ਆਧਾਰ ਉੱਤੇ ਨਹੀਂ, ਸਗੋਂ ਸਿਵਿਲ ਆਧਾਰ ਉੱਤੇ ਕੀਤਾ ਜਾਣ ਲੱਗਾ, ਜਿਵੇਂ ਕਿ ਅੱਜ ਸ਼ਹਿਰਾਂ ਵਿੱਚ ਹੈ। ਸਮਾਜ ਵਿਗਿਆਨੀਆਂ ਦਾ ਇਹ ਕਹਿਣਾ ਹੈ ਕਿ ਸਿਵਿਲੀਕਰਨ ਦਾ ਇਹ ਪੜਾਅ ਪਦਾਰਥਕ ਸਭਿਆਚਾਰ ਵਿਚਲੀਆਂ ਕੁਝ ਐਸੀਆਂ ਕਾਢਾਂ ਨਾਲ ਜੁੜਿਆ ਹੋਇਆ ਹੈ, ਜਿਹਨਾਂ ਨੇ ਮਨੁੱਖੀ ਵਿਕਾਸ ਵਿੱਚ ਇਤਿਹਾਸਕ ਮੋੜ ਲੈ ਆਂਦਾ, ਖ਼ਾਸ ਕਰ ਕੇ ਧਾਤਾਂ ਦੀ ਕਾਢ, ਪਹੀਏ ਦੀ ਵਰਤੋਂ ਅਤੇ ਲਿਪੀ ਦੀ ਸਿਰਜਣਾ। ਅਸੀਂ ਸਭਿਆਚਾਰ ਦੇ ਤਿੰਨ ਅੰਗਾਂ ਵਿਚੋਂ ਪਦਾਰਥਕ ਸਭਿਆਚਾਰ ਨੂੰ ਸੱਭਿਅਤਾ ਕਹਿ ਸਕਦੇ ਹਾਂ, ਪਰ ਬਸਤੀਵਾਦੀ ਰੂਚੀਆਂ ਦੇ ਧਾਰਵੀ ਇਸ ਨੂੰ ਸਭਿਆਚਾਰ ਦੇ ਸੰਕਲਪ ਵਜੋਂ ਵਰਤਦੇ ਹਨ। ਸੁਸਾਇਟੀ, ਐਨ ਇੰਟਰੋਡਕਟਰੀ ਅਨੈਲਿਸਿਜ਼` ਵਿੱਚ ਸਭਿਅਤਾ ਦੀ ਪਰਿਭਾਸ਼ਾ ਇਹ ਦਿੱਤੀ ਹੈ: ਸਭਿਅਤਾ ਤੋਂ ਸਾਡਾ ਮਤਲਬ ਉਸ ਸਾਰੇ ਮੈਕਾਨਿਜ਼ਮ ਅਤੇ ਸੰਗਠਨ ਤੋਂ ਹੈ, ਜਿਹੜਾ ਮਨੁੱਖ ਨੇ ਆਪਣੇ ਜੀਵਨ ਦੀਆਂ ਹਾਲਤਾਂ ਉੱਤੇ ਨਿਯੰਤਰ ਰੱਖਣ ਦੇ ਮੰਤਵ ਨਾਲ ਘੜਿਆ ਹੈ।
ਸਭਿਅਤਾ ਅਤੇ ਸਭਿਆਚਾਰ: ਪਰਸਪਰ ਸਾਂਝ
[ਸੋਧੋ]ਸਭਿਅਤਾ ਅਤੇ ਸਭਿਆਚਾਰ ਦੋਵਾਂ ਦਾ ਡੂੰਘਾ ਸੰਬੰਧ ਮਨੁੱਖ ਦੀ ਸਮਾਜਿਕ ਹੋਂਦ ਨਾਲ ਹੈ। ਦੋਵੇਂ ਮਨੁੱਖੀ ਸਿਰਜਨਾਂ ਦੇ ਵਰਤਾਰੇ ਹਨ। ਸਮਾਜ ਸ਼ਾਸ਼ਤਰੀ ਮੈਕਾਈਵਰ ਅਨੁਸਾਰ ਉਪਯੋਗਤਾ ਸਭਿਅਤਾ ਦਾ ਮੁੱਖ ਲੱਛਣ ਹੈ। ਟਾਇਪ ਰਾਈਟਰ ਦੀ ਮਸ਼ੀਨ ਜਾਂ ਪੈਨ ਸਭਿਅਤਾ ਦੇ ਖੇਤਰ ਦੀ ਚੀਜ਼ ਹਨ ਜਦੋਂ ਕਿ ਇਹਨਾਂ ਤੋਂ ਤਿਆਰ ਹੋਇਆ ਆਦੇਸ਼ ਲੇਖ ਜਾਂ ਕੋਈ ਹੋਰ ਰਚਨਾ ਸਭਿਆਚਾਰ ਦੇ ਖੇਤਰ ਦੀ ਚੀਜ਼ ਹੋਵੇਗੀ। ਸਿਧੇ ਤੌਰ `ਤੇ ਪ੍ਰਯੋਗ ਹੋਣ ਵਾਲੀਆਂ ਵਸਤਾਂ ਸਭਿਅਤਾ ਦੇ ਅੰਤਰਗਤ ਅਤੇ ਉਨ੍ਹਾਂ ਤੋਂ ਪ੍ਰਾਪਤ ਹੋਣ ਵਾਲੇ ਸਿਟੇ ਸਭਿਆਚਾਰ ਦੇ ਖੇਤਰ ਦੀ ਚੀਜ਼ ਹਨ। ਸਭਿਅਤਾ ਦੇ ਖੇਤਰ ਦੀ ਅਧੂਰੀ ਚੀਜ਼ ਜਾਂ ਵਰਤਾਰੇ ਨੂੰ ਕੋਈ ਦੂਸਰਾ ਪੂਰਾ ਕਰ ਸਕਦਾ ਹੈ ਜਿਵੇਂ ਕਿ ਤਰਖਾਣ ਦੀ ਅਧੂਰੀ ਕੁਰਸੀ ਨੂੰ ਕੋਈ ਦੂਸਰਾ ਪੂਰਾ ਕਰ ਸਕਦਾ ਹੈ, ਪਰ ਕਿਸੇ ਅਧੂਰੇ ਨਾਵਲ, ਕਹਾਣੀ ਜਾਂ ਰਚਨਾ ਨੂੰ ਕੋਈ ਹੋਰ ਪੂਰਾ ਨਹੀਂ ਕਰ ਸਕਦਾ। ਸਭਿਅਤਾ ਅਤੇ ਸਭਿਆਚਾਰ ਦਾ ਦਵੰਦਾਤਮਕ ਰਿਸ਼ਤਾ ਹੈ। ਇਹ ਪਰਸਪਰ ਅੰਤਰ-ਸੰਬੰਧਿਤ, ਅੰਤਰ-ਆਧਾਰਿਤ ਅਤੇ ਅੰਤਰ-ਪ੍ਰਭਾਵਿਤ ਪਰ ਨਿਵੇਕਲੇ ਵਰਤਾਰੇ ਹਨ। 1,2,3[3] ਸਭਿਅਤਾ ਉਹ ਸੰਪੂਰਨ ਵਾਤਾਵਰਨ ਹੁੰਦਾ ਹੈ; ਜਿਸ ਵਿੱਚ ਵਿਅਕਤੀ ਆਪਣੇ ਬਹੁ-ਪੱਖੀ ਵਿਅਕਤੀਤਵ ਦਾ ਵਿਕਾਸ ਕਰਦਾ ਹੈ। ਸਭਿਆਚਾਰ ਤੇ ਸਭਿਅਤਾ ਦੋਹਾਂ ਨੂੰ ਸਮਾਜਿਕ ਵਰਤਾਰੇ ਦੇ ਵੱਖ-ਵੱਖ ਪੱਧਰ ਸਮਝਿਆ ਹੈ।[4] ਸਭਿਆਚਾਰ ਦਾ ਵਿਗਿਆਨਕ ਅਧਿਐਨ ਕਰਨ ਵਾਲਾ ਪ੍ਰਥਮ ਮਾਨਵ ਵਿਗਿਆਨੀ ਟਾਇਲਰ ਸਭਿਆਚਾਰ ਅਤੇ ਸਭਿਅਤਾ ਨੂੰ ਪਰਿਆਇਵਾਚੀ ਸ਼ਬਦ ਮੰਨਦਾ ਹੈ। ਸਮਾਜ ਵਿਗਿਆਨੀ ਮੈਕਾਈਵਰ ਅਤੇ ਪੇਜ ਨੇ ਆਪਣੀ ਪੁਸਤਕ ਸੁਸਾਇਟੀ ਐਨ ਇੰਟਰੋਡਕਟਰੀ ਅਨੈਲਿਸਿਜ਼ ਵਿੱਚ ਸਭਿਅਤਾ ਦੀ ਪਰਿਭਾਸ਼ਾ ਇਸ ਤਰ੍ਹਾਂ ਦਿੱਤੀ ਹੈ: ਸਭਿਅਤਾ ਤੋਂ ਸਾਡਾ ਮਤਲਬ ਉਸ ਸਾਰੇ ਮੈਕਾਨਿਜ਼ਮ ਅਤੇ ਸੰਗਠਨ ਤੋਂ ਹੈ, ਜਿਹੜਾ ਮਨੁੱਖ ਨੇ ਆਪਣੇ ਜੀਵਨ ਦੀਆਂ ਹਾਲਤਾਂ ਉੱਤੇ ਨਿਯੰਤਰਨ ਰੱਖਣ ਦੇ ਮੰਤਵ ਨਾਲ ਘੜਿਆ ਹੈ।[5] ਗੁਰਬਖ਼ਸ਼ ਸਿੰਘ ਫ਼ਰੈਂਕ ਦੇ ਵਿਚਾਰ ਅਨੁਸਾਰ ਸਮਾਜ ਵਿਗਿਆਨ ਵਿੱਚ ਸਭਿਆਚਾਰ ਅਤੇ ਸਭਿਅਤਾ ਦੋਹਾਂ ਨੂੰ ਹੀ ਇਕੋ ਸਮਾਜਕ ਵਰਤਾਰੇ ਦੇ ਵੱਖ-ਵੱਖ ਪੜਾਅ ਸਮਝਿਆ ਜਾਂਦਾ ਹੈ। ਇਸ ਵਿੱਚ ਸਭਿਅਤਾ ਸਭਿਆਚਾਰ ਦਾ ਮਗਰਲਾ ਪੜਾਅ ਹੈ।[6] ਸਮੁੱਚੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਸਭਿਆਚਾਰ ਅਤੇ ਸਭਿਅਤਾ ਨੂੰ ਕਈ ਵਿਦਵਾਨਾਂ ਨੇ ਸਮਾਨਾਰਥਕ ਸ਼ਬਦਾਂ ਵਜੋਂ ਵਰਤਿਆ ਹੈ, ਤਾਂ ਵੀ ਇਹ ਮੰਨਣਾ ਕਠਿਨ ਹੈ ਕਿ ਇਹ ਦੋਵੇਂ ਸ਼ਬਦ ਇਕੋ ਤਰ੍ਹਾਂ ਦੇ ਵਰਤਾਰੇ ਨੂੰ ਹੀ ਪੇਸ਼ ਕਰਦੇ ਹਨ। ਸਭਿਅਤਾ ਵਿੱਚ ਉਪਯੋਗਤਾ ਅਤੇ ਮੈਕਾਨਿਜ਼ਮ ਬੁਨਿਆਦੀ ਪ੍ਰਵਰਗ ਬਣ ਜਾਂਦੇ ਹਨ, ਜਦ ਕਿ ਕਦਰਾਂ-ਕੀਮਤਾਂ ਸਮਰੱਥਾਵਾਂ ਅਤੇ ਵਿਹਾਰ ਦੇ ਪੈਟਰਨ ਆਦਿ ਸਭਿਆਚਾਰ ਦੇ ਬੁਨਿਆਦੀ ਪ੍ਰਵਰਗ ਬਣ ਜਾਂਦੇ ਹਨ।[7] ਸਭਿਅਤਾ ਅਤੇ ਸਭਿਆਚਾਰ ਦੇ ਸੰਬੰਧ ਵਿੱਚ ਵਿਚਾਰ ਕਰਦੇ ਸਮੇਂ ਇਸ ਗੱਲ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਕਿ ਸਭਿਅਤਾ ਅਤੇ ਸਭਿਆਚਾਰ ਸ਼ਬਦ ਕਿਸੇ ਸਥੂਲ ਵਸਤੂ ਦਾ ਨਾਮ ਨਹੀਂ ਅਤੇ ਨਾ ਹੀ ਇਹ ਕੋਈ ਵਰਨਾਤਮਿਕ ਧਾਰਨਾ ਹੈ। ਸਭਿਅਤਾ ਅਤੇ ਸਭਿਆਚਾਰ ਅਜਿਹੇ ਪਰਿਭਾਸ਼ਕ ਸ਼ਬਦ ਹਨ ਜਿਨ੍ਹਾਂ ਦੀ ਵਿਆਖਿਆ ਕਰਕੇ ਉਚਿੱਤ ਅਰਥਾਂ ਵਿੱਚ ਪ੍ਰਯੋਗ ਕਰਨ ਦੀ ਲੋੜ ਹੈ।[8] ਸਹਾਇਕ ਪੁਸਤਕਾਂ:- 1. ਸਭਿਆਚਾਰ ਅਤੇ ਪੰਜਾਬੀ ਸਭਿਆਚਾਰ- ਡਾ. ਗੁਰਬਖ਼ਸ਼ ਸਿੰਘ ਫਰੈਂਕ ਪ੍ਰਕਾਸਨ:- ਵਾਰਿਸ ਸ਼ਾਹ ਫਾਉਂਡੇਸ਼ਨ, ਅੰਮ੍ਰਿਤਸਰ ਪੰਨਾ- 18,19 ਤੇ 69 2. ਪੰਜਾਬੀ ਸਭਿਆਚਾਰ ਦੇ ਪਛਾਣ-ਚਿੰਨ੍ਹ- ਡਾ. ਜਸਵਿੰਦਰ ਸਿੰਘ, ਪ੍ਰਕਾਸ਼ਨ:- GRACIOUS BOOKS 23, SHALIMAR PLAZA OPP. MAIN GATE PUNJABI UNIVERSITY PATIALA, ਪੰਨਾ-90 ਤੇ 91
ਹਵਾਲੇ
[ਸੋਧੋ]- ↑ ਡਾ. ਗੁਰਜੀਤ ਸਿੰਘ, ਸਭਿਆਚਾਰ ਦਾ ਫਲਸਫ਼ਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ 26
- ↑ ਗੁਰਬਖ਼ਸ਼ ਸਿੰਘ ਫ਼ਰੈਂਕ, ਸਭਿਆਚਾਰ ਤੇ ਪੰਜਾਬੀ ਸਭਿਆਚਾਰ, ਪੰਜਾਬੀ ਰਾਈਟਰਜ਼, ਕੋਆਪਰੇਟਿਵ ਸੋਸਾਇਟੀ, ਲੁਧਿਆਣਾ, ਪੰਨਾ 17,18
- ↑ ਡਾ.ਗੁਰਬਖ਼ਸ਼ ਸਿੰਘ ਫਰੈਂਕ, ਸਭਿਆਚਾਰ ਅਤੇ ਪੰਜਾਬੀ ਸਭਿਆਚਾਰ, ਪੰਨਾ- 18,19 ਤੇ 69
- ↑ ਗੁਰਜੀਤ ਸਿੰਘ, ਸਭਿਆਚਾਰ ਦਾ ਫਲਸਫ਼ਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ 26
- ↑ ਪ੍ਰੋ ਜੀਤ ਸਿੰਘ ਜੋਸ਼ੀ, ਸਭਿਆਚਾਰ ਸਿਧਾਂਤ ਤੇ ਵਿਹਾਰ, ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ, ਪੰਨਾ 30-31
- ↑ ਪ੍ਰੋ ਸ਼ੈਰੀ ਸਿੰਘ, ਪੰਜਾਬੀ ਸਭਿਆਚਾਰ ਵਿਭਿੰਨ ਪਰਿਪੇਖ, ਰੂਹੀ, ਅੰਮ੍ਰਿਤਸਰ, ਪੰਨਾ 39
- ↑ ਗੁਰਬਖ਼ਸ਼ ਸਿੰਘ ਫ਼ਰੈਂਕ, ਸਭਿਆਚਾਰ ਤੇ ਪੰਜਾਬੀ ਸਭਿਆਚਾਰ, ਪੰਜਾਬੀ ਰਾਈਟਰਜ਼, ਕੋਆਪਰੇਟਿਵ ਸੋਸਾਇਟੀ, ਲੁਧਿਆਣਾ, ਪੰਨਾ 70
- ↑ ਪ੍ਰੋ ਜੀਤ ਸਿੰਘ ਜੋਸ਼ੀ, ਪੰਜਾਬੀ ਸਭਿਆਚਾਰ ਬਾਰੇ, ਪੰਜਾਬੀ ਰਾਈਟਰਜ਼, ਕੋਆਪਰੇਟਿਵ ਸੋਸਾਇਟੀ, ਲੁਧਿਆਣਾ, ਪੰਨਾ 122