ਸਮੱਗਰੀ 'ਤੇ ਜਾਓ

ਸੱਪਾਂ ਦਾ ਤਮਾਸ਼ਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸੱਪ ਇਕ ਲੰਮਾ ਪਤਲਾ ਤੇ ਘਸਰ ਕੇ ਤੇਜ਼ ਚੱਲਣ ਵਾਲਾ ਜਾਨਵਰ ਹੈ। ਸੱਪ ਦੀਆਂ ਲੱਤਾਂ ਨਹੀਂ ਹੁੰਦੀਆਂ। ਇਹ ਪੇਟ ਦੀਆਂ ਹੱਡੀਆਂ ਦੇ ਜ਼ੋਰ ਨਾਲ ਹੀ ਚੱਲਦਾ ਹੈ। ਸੱਪ ਕਈ ਰੰਗ ਦੇ ਹੁੰਦੇ ਹਨ। ਛੋਟੇ-ਬੜੇ ਹੁੰਦੇ ਹਨ। ਸੱਪ ਇਕ ਜ਼ਹਿਰੀ ਜਾਨਵਰ ਹੈ ਜਿਸ ਕਰਕੇ ਸੱਪ ਦਾ ਡਰ ਬਹੁਤ ਹੈ। ਪਰ ਸਾਰੇ ਸੱਪ ਵੀ ਜ਼ਿਹਰੀ ਨਹੀਂ ਹੁੰਦੇ। ਸੱਪ ਦੇ ਸਰੀਰ ਉਪਰੋਂ ਉਤਰਨ ਵਾਲੀ ਪਤਲੀ ਤੇ ਮੁਲਾਇਮ ਕਾਗਜ਼ ਵਰਗੀ ਖਲੜੀ ਨੂੰ ਕੁੰਜ ਕਹਿੰਦੇ ਹਨ। ਸੱਪ ਫੜਨ ਵਾਲੇ ਨੂੰ ਸਪੇਰਾ ਕਹਿੰਦੇ ਹਨ। ਸਪੇਰੇ ਸੱਪ ਨੂੰ ਫੜ ਕੇ ਉਸ ਦੇ ਜ਼ਹਿਰੀ ਦੰਦ ਤੋੜ ਦਿੰਦੇ ਹਨ। ਸੱਪਾਂ ਦਾ ਤਮਾਸ਼ਾ ਵਿਖਾ ਕੇ ਸਪੇਰੇ ਆਪਣੇ ਪਰਿਵਾਰ ਦੀ ਰੋਟੀ ਕਮਾਉਂਦੇ ਹਨ। ਸਪੇਰਿਆਂ ਦੇ ਕੱਪੜੇ ਗੇਰੂਏ ਰੰਗੇ ਹੁੰਦੇ ਹਨ। ਸੱਪਾਂ ਨੂੰ ਰੱਖਣ ਲਈ ਸਪੇਰਿਆਂ ਕੋਲ ਬਾਂਸ ਦੀਆਂ ਬਣੀਆਂ ਹੋਈਆਂ ਗੋਲ ਪਟਾਰੀਆਂ ਹੁੰਦੀਆਂ ਹਨ। ਸਪੇਰਿਆਂ ਨੇ ਮੋਢਿਆਂ ਉਪਰ ਇਕ ਸੋਟੀ ਰੱਖੀ ਹੁੰਦੀ ਹੈ। ਸਪੇਰਿਆਂ ਨੇ ਸੱਪਾਂ ਨੂੰ ਪਟਾਰੀਆਂ ਵਿਚ ਪਾ ਕੇ ਖੱਦਰ ਦੇ ਬਣਾਏ ਗੇਰੂਏ ਰੰਗੇ ਤਕੜੀ ਦੇ ਪੱਲਿਆਂ ਵਰਗੇ ਪੱਲਿਆਂ ਵਿਚ ਪਾ ਕੇ ਮੋਢੇ 'ਤੇ ਰੱਖੀ ਸੋਟੀ ਦੇ ਦੋਵੇਂ ਸਿਰਿਆਂ ਨਾਲ ਲਮਕਾਇਆ ਹੁੰਦਾ ਹੈ। ਹੱਥ ਵਿਚ ਬੀਨ ਹੁੰਦੀ ਹੈ।

ਸਪੇਰੇ ਬੀਨ ਵਜਾ ਕੇ ਗਲੀ ਦੇ ਬੱਚਿਆਂ ਨੂੰ ਇਕ ਥਾਂ ਇਕੱਠੇ ਕਰ ਲੈਂਦੇ ਹਨ। ਜਨਾਨੀਆਂ ਵੀ ਤਮਾਸ਼ਾ ਵੇਖਣ ਆ ਜਾਂਦੀਆਂ ਹਨ। ਸਪੇਰਾ ਬੀਨ ਵਜਾਈ ਜਾਂਦਾ ਹੈ। ਸੱਪ ਬੀਨ ’ਤੇ ਮਸਤ ਹੋ ਕੇ ਮੇਲਣ ਲੱਗ ਜਾਂਦਾ ਹੈ। ਸੱਪ ਕਦੇ ਫਨ ਫੈਲਾਉਂਦਾ ਹੈ। ਕਦੇ ਸਪੇਰਾ ਸੱਪ ਨੂੰ ਹੱਥ ਵਿਚ ਫੜਦਾ ਹੈ। ਕਦੇ ਮੋਢੇ ਉਪਰ ਰੱਖ ਲੈਂਦਾ ਹੈ। ਇਸੇ ਤਰ੍ਹਾਂ ਹੋਰ ਕਈ ਕਰਤਬ ਸਪੇਰੇ ਸੱਪ ਤੋਂ ਕਰਵਾਉਂਦੇ ਹਨ। ਤਮਾਸ਼ਾ ਵਿਖਾਉਣ ਤੋਂ ਪਿਛੋਂ ਸਪੇਰਾ ਇਕ ਚਾਦਰ ਧਰਤੀ ਉਪਰ ਵਿਛਾ ਕੇ ਬੱਚਿਆਂ ਅਤੇ ਜਨਾਨੀਆਂ ਨੂੰ ਆਪਣੇ-ਆਪਣੇ ਘਰੋਂ ਪੈਸੇ, ਦਾਣੇ, ਆਟਾ, ਗੁੜ ਆਦਿ ਲਿਆਉਣ ਲਈ ਕਹਿੰਦਾ ਹੈ। ਬੱਚੇ ਅਤੇ ਜਨਾਨੀਆਂ ਪੈਸੇ, ਵਸਤਾਂ ਲਿਆ ਕੇ ਚਾਦਰ ਉਪਰ ਰੱਖੀ ਜਾਂਦੇ ਹਨ। ਸਪੇਰਾ ਸਾਰੀਆਂ ਵਸਤਾਂ ਇਕੱਠੀਆਂ ਕਰ ਕੇ ਬੀਨ ਵਜਾਉਂਦਾ ਹੋਇਆ ਦੂਸਰੀ ਗਲੀ ਵਿਚ ਤਮਾਸ਼ਾ ਕਰਨ ਲਈ ਚਲਿਆ ਜਾਂਦਾ ਹੈ। ਸਪੇਰੇ ਘਰਾਂ ਵਿਚੋਂ ਸੱਪ ਫੜਨ ਦਾ ਕੰਮ ਵੀ ਕਰਦੇ ਹਨ।ਪਹਿਲਾਂ ਦੇ ਮੁਕਾਬਲੇ ਸਪੇਰਿਆਂ ਦੇ ਤਮਾਸ਼ੇ ਹੁਣ ਬਹੁਤ ਘੱਟ ਵੇਖਣ ਨੂੰ ਮਿਲਦੇ ਹਨ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.