ਸਮੱਗਰੀ 'ਤੇ ਜਾਓ

ਪਾਲਾ ਰਾਗੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪਾਲੇ ਦਾ ਪੂਰਾ ਨਾਂ ਹਰਪਾਲ ਸਿੰਘ ਹੈ। ਉਸ ਦਾ ਜਨਮ ਜ਼ਿਲ੍ਹਾ ਰੋਪੜ ਦੀ ਤਹਿਸੀਲ ਖਰੜ ਦੇ ਪਿੰਡ ਮਾਣਕਪੁਰ ਸ਼ਰੀਫ ਵਿਖੇ 1954 ਨੂੰ ਪਿਤਾ ਬਨਾਰਸੀ ਦਾਸ ਤੇ ਮਾਤਾ ਲਾਜ ਕੌਰ ਦੇ ਘਰ ਹੋਇਆ। ਅੱਜਕੱਲ੍ਹ ਇਹ ਪਿੰਡ ਮੁਹਾਲੀ ਜ਼ਿਲ੍ਹੇ ਵਿਚ ਹੈ। ਇਹ ਮਿਹਨਤ ਮਜ਼ਦੂਰੀ ਕਰਨ ਵਾਲਾ ਬੇਜ਼ਮੀਨਾ ਪਰਿਵਾਰ ਸੀ। ਪਿਤਾ ਵਟਾਈ ’ਤੇ ਜ਼ਮੀਨ ਲੈ ਕੇ ਖੇਤੀ ਕਰਦੇ ਸਨ। ਪਾਲਾ[1] ਮਾਪਿਆਂ ਦੀ ਜੇਠੀ ਔਲਾਦ ਸੀ। ਮਸਾਂ ਅਜੇ ਡੇਢ-ਦੋ ਸਾਲ ਦਾ ਹੀ ਹੋਇਆ ਸੀ ਕਿ ਮਾਂ ਦਾ ਦੇਹਾਂਤ ਹੋ ਗਿਆ। ਮਾਂ ਮਹਿੱਟਰ ਨੂੰ ਨਾਨਕੇ ਆਪਣੇ ਕੋਲ ਝੰਜੇੜੀ ਪਿੰਡ ਲੈ ਗਏ। ਨਾਨਾ ਗੇਂਦਾ ਰਾਮ ਪ੍ਰਸਿੱਧ ਗਾਇਕ ਕਲਾਕਾਰ ਸੀ। ਪਾਲੇ ਦੇ ਸੱਤ ਮਾਮੇ ਸਨ ਜੋ ਸਾਰੇ ਹੀ ਗਾਇਕ ਸਨ। ਕੁਝ ਢੱਡ ਸਾਰੰਗੀ ਨਾਲ ਗਾਉਂਦੇ ਸਨ ਤੇ ਕੁਝ ਤੂੰਬੇ ਅਲਗੋਜ਼ੇ ਨਾਲ। ਇਹ ਪਰਿਵਾਰ ‘ਗਾਉਣ ਵਾਲਿਆਂ ਦਾ ਟੱਬਰ’ ਕਰਕੇ ਜਾਣਿਆ ਜਾਂਦਾ ਸੀ। ਉਂਝ ਪਰਿਵਾਰ ਬੱਕਰੀਆਂ ਪਾਲਦਾ ਸੀ। ਸੁਰਤ ਸੰਭਾਲਦਿਆਂ ਪਾਲਾ ਸਕੂਲ ਜਾਣ ਦੀ ਥਾਂ ਬੱਕਰੀਆਂ ਮਗਰ ਲੱਗ ਗਿਆ। ਜਦੋਂ ਕਿਤੇ ਦਾਅ ਲੱਗਦਾ ਉਹ ਮਾਮੇ ਦੇ ਅਲਗੋਜ਼ੇ ਚੋਰੀ ਚੁੱਕ ਕੇ ਵਜਾਉਣ ਲੱਗ ਜਾਂਦਾ। ਇਕ ਦਿਨ ਮਾਮੇ ਨੇ ਦੇਖ ਲਿਆ। ਗੁੱਸਾ ਕਰਨ ਦੀ ਥਾਂ ਦੱਸਿਆ ਕਿ ਇਹ ਕਿਵੇਂ ਵਜਾਏ ਜਾਂਦੇ ਹਨ। ਹੌਲੀ ਹੌਲੀ ਮਿਹਨਤ ਕਰਕੇ ਪਾਲਾ ਅਲਗੋਜ਼ੇ ਵਜਾਉਣੇ ਸਿੱਖ ਗਿਆ। ਮਾਮਿਆਂ ਦਾ ਉਸਤਾਦ ਛਪਾਰ ਵਾਲਾ ਬਾਬੂ ਗਮੰਤਰੀ ਸੀ।

ਪੰਦਰਾਂ ਕੁ ਸਾਲ ਦੀ ਉਮਰ ਵਿਚ ਪਾਲਾ ਵਾਪਸ ਆਪਣੇ ਪਿੰਡ ਮਾਣਕਪੁਰ ਆ ਗਿਆ। ਇੱਥੇ ਉਸ ਨੂੰ ਗਾਉਣ ਦਾ ਸ਼ੌਕ ਰੱਖਣ ਵਾਲਾ ਇਕ ਹਮਉਮਰ ਸਾਥੀ ਮਿਲ ਗਿਆ, ਜਿਸ ਦਾ ਨਾਂ ਹਰਬੰਸ ਬੱਗਾ ਸੀ। ਦੋਵੇਂ ਜਣੇ ‘ਗੌਣ’ ਸਿੱਖਣ ਦੀ ਸਲਾਹ ਕਰਕੇ ‘ਮਲੋਏ’ ਵਾਲੇ ਪ੍ਰਸਿੱਧ ਗਾਇਕ ਕੁੰਦਨ ਰਾਮ ਦੇ ਚਰਨੀਂ ਜਾ ਪਏ। ਦਸ ਬਾਰਾਂ ਸਾਲ ਉਸਤਾਦ ਦੀ ਸੰਗਤ ਵਿਚ ਰਹਿ ਕੇ ਗਾਉਣਾ ਤੇ ਵਜਾਉਣਾ ਸਿੱਖਿਆ। ਇੱਥੇ ਇੱਕ ਤੀਜਾ ਗੁਰ ਭਾਈ ਸਾਥੀ ਤੂੰਬਾ ਵਾਦਕ ਅਮਰਾ ਵੀ ਸੀ। ਪਹਿਲਾਂ ਪਹਿਲ ਪਾਲਾ ਜੋੜੀ ’ਤੇ (ਅਲਗੋਜ਼ਿਆਂ ਨਾਲ) ਉਸਤਾਦ ਦਾ ਸਾਥ ਦਿੰਦਾ ਸੀ। ਉਸ ਦੇ ਬਤੌਰ ‘ਆਗੂ’ ਗਾਉਣ ਦਾ ਵੀ ਇਕ ਸਬੱਬ ਬਣਿਆ। ਇਕ ਵਾਰ ਖਰੜ ਦੇ ਨੇੜਲੇ ਪਿੰਡ ਖਾਨਪੁਰ ਵਿਖੇ ਪ੍ਰੋਗਰਾਮ ਸੀ। ਉੱਥੇ ਉਸਤਾਦ ਨੂੰ ਬੁਖਾਰ ਹੋ ਗਿਆ। ਹੋਰ ਕੋਈ ਚਾਰਾ ਚੱਲਦਾ ਨਾ ਦੇਖ ਕੇ ਉਸਤਾਦ ਨੇ ਥਾਪੜਾ ਦੇ ਕੇ ਪਾਲੇ ਨੂੰ ਗਾਉਣ ਲਾ ਦਿੱਤਾ। ‘ਗੌਣ’ ਤਾਂ ਉਸ ਨੂੰ ਕੰਠ ਸੀ ਹੀ, ਬਸ ਇਕ ਝਾਕਾ ਸੀ ਜੋ ਖੁੱਲ੍ਹ ਗਿਆ। ਇੱਥੋਂ ਉਸ ਦੀ ਗਾਇਕੀ ਦਾ ਬਤੌਰ ਆਗੂ ਸਫ਼ਰ ਸ਼ੁਰੂ ਹੋਇਆ। ਉਸ ਨੇ ਜੋੜੀ ’ਤੇ ਬਰਸਾਲਪੁਰ ਦੇ ਕਿਸ਼ਨੇ ਨੂੰ ਲਾ ਕੇ ਆਪਣੇ ਗੁਰ ਭਾਈਆਂ ਨਾਲ ਆਪਣਾ ਜਥਾ ਬਣਾ ਕੇ ਪ੍ਰੋਗਰਾਮ ਕਰਨੇ ਸ਼ੁਰੂ ਕਰ ਦਿੱਤੇ।

ਪਾਲੇ ਰਾਗੀ ਦੇ ਬਹੁਤ ਸਾਰਾ ‘ਗੌਣ’ ਕੰਠ ਹੈ। ਉਹ ਇਕ ਅਖਾੜੇ ਵਿਚ ਲਗਾਤਾਰ ਤਿੰਨ ਤੋਂ ਚਾਰ ਘੰਟੇ ਤੱਕ ਗਾ ਸਕਦਾ ਹੈ। ਸਥਾਨਕ ਮੇਲਿਆਂ ਦੇ ਅਖਾੜਿਆਂ ਤੋਂ ਸ਼ੁਰੂ ਕਰਕੇ ਪਾਲਾ ਰਾਸ਼ਟਰੀ ਪੱਧਰ ਤੱਕ ਆਪਣੀ ਕਲਾ ਦੇ ਜੌਹਰ ਦਿਖਾ ਚੁੱਕਿਆ ਹੈ। ਨੈਣਾ ਦੇਵੀ, ਭੇਵਾ (ਪਹੇਵਾ), ਕਪਾਲ ਮੋਚਨ, ਬਾਗੜ, ਛਪਾਰ ਆਦਿ ਮੇਲਿਆਂ ’ਤੇ ਉਸ ਨੇ ਅਨੇਕਾਂ ਵਾਰ ਹਾਜ਼ਰੀ ਲੁਆਈ ਹੈ। ਪਿਛਲੇ ਢਾਈ ਦਹਾਕਿਆਂ ਤੋਂ ਉਹ ਸੱਭਿਆਚਾਰਕ ਮਾਮਲੇ ਵਿਭਾਗ, ਪੰਜਾਬ ਅਤੇ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ, ਪਟਿਆਲਾ ਨਾਲ ਜੁੜਿਆ ਹੋਇਆ ਹੈ। ਇਨ੍ਹਾਂ ਵੱਲੋਂ ਉਹ ਪੂਰਬ ਵਿਚ ਕਲਕੱਤਾ, ਗੁਹਾਟੀ, ਉੜੀਸਾ ਅਤੇ ਦੱਖਣ ਵਿਚ ਕੰਨਿਆ ਕੁਮਾਰੀ ਤੱਕ ਘੁੰਮ ਆਇਆ ਹੈ।

ਚੰਡੀਗੜ੍ਹ ਦੇੇ ਸੌਂਗ ਐਂਡ ਡਰਾਮਾ ਡਵੀਜ਼ਨ ਨਾਲ ਵੀ ਉਹ ਲੰਮੇ ਸਮੇਂ ਤੋਂ ਕੰਮ ਕਰ ਰਿਹਾ ਹੈ। ਇਸ ਤੋਂ ਇਲਾਵਾ ਉਹ ਚੌਧਰੀ ਨੀਲਮ ਮਾਨ ਸਿੰਘ ਦੀ ਸੰਸਥਾ ‘ਦਿ ਕੰਪਨੀ’ ਨਾਲ ਵੀ ਜੁੜਿਆ ਹੋਇਆ ਹੈ। ਉਨ੍ਹਾਂ ਦੀ ਨਿਰਦੇਸ਼ਨਾ ਅਧੀਨ ਖੇਡੇ ਜਾਂਦੇ ਨਾਟਕਾਂ ਵਿਚ ਵੀ ਗਾ ਚੁੱਕਾ ਹੈ ਅਤੇ ਗਾ ਰਿਹਾ ਹੈ।

ਪਾਲਾ ਕੁਝ ਫਿਲਮਾਂ ਵਿਚ ਵੀ ਗੀਤ ਗਾ ਚੁੱਕਾ ਹੈ। ਇਨ੍ਹਾਂ ਵਿਚ ਸ਼ਾਮਲ ਗੀਤ ਹਨ:

* ਉੱਠ ਫਰੀਦਾ ਸੁੱਤਿਆ, ਝਾੜੂ ਦੇ ਮਸੀਤ

* ਸਾਰੀਆਂ ਸੰਗਤਾਂ ਰਲ ਮਿਲ

ਗੁੱਗੇ ਪੀਰ ਦੇ ਮੰਗਲ ਗਾਈਏ

* ਜਿਹੜੀ ਮੌਤ ਡੈਣ ਨੇ ਕੁਲ ਦੁਨੀਆ ਨੂੰ ਖਾ ਲਿਆ ਹੈ,

ਇਕ ਦਿਨ ਬਿਲਕੁਲ ਬੰਦਿਆ ਤੇਰੇ ਸਿਰ ’ਤੇ ਆਉਣੀ।

* ਉੱਡ ਜੋ ਚੰਦਰਿਓ ਕਾਵੋਂ, ਲਾਸ਼ ਤੋਂ ਉੱਡ ਜੋ ਵੇ

ਹਵਾਲੇ

[ਸੋਧੋ]
  1. kumar, joginder (2024-02-10). "ਤੂੰਬੇ ਅਲਗੋਜ਼ੇ ਦੀ ਗਾਇਕੀ ਨੂੰ ਪ੍ਰਫੁੱਲਿਤ ਕਰ ਰਿਹਾ ਪਾਲਾ ਰਾਗੀ". Punjabi Tribune (in ਅੰਗਰੇਜ਼ੀ (ਅਮਰੀਕੀ)). Retrieved 2024-11-15.