ਸਮੱਗਰੀ 'ਤੇ ਜਾਓ

ਗੁਰਮਤਿ ਕਾਵਿ ਧਾਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗੁਰੂ ਨਾਨਕ ਦੇਵ ਜੀ

[ਸੋਧੋ]
 ਜੀਵਨ :

ਗੁਰੂ ਨਾਨਕ ਕਾਲ ਨਾਲ ਪੰਜਾਬ ਦੇ ਸਮਾਜਕ,ਸਾਹਿਤਕ ਅਤੇ ਸੱਭਿਆਚਾਰਕ ਇਤਹਾਸ ਵਿੱਚ ਇੱਕ ਨਵੇ ਯੁੱਗ ਦਾ ਆਰੰਭ ਹੁੰਦਾ ਹੈ ।ਉਹਨਾਂ ਨੇ ਅਾਪਣੀ ਬਾਣੀ ਰਾਹੀ ਕਾਵਿ ਸਿਰਜਣ ਦੇ ਨਵੇਂ ਪ੍ਰਤਿਮਾਨਾਂ ਨੂੰ ਸਥਾਪਿਤ ਕੀਤਾ।ਗੁਰੂ ਨਾਨਕ ਬਾਣੀ ਮੱਧਕਾਲੀਨ ਪੰਜਾਬੀ ਸਾਹਿਤ ਵਿੱਚ ਮੁੱਖ ਤੇ ਮਹੱਤਵਪੂਰਨ ਅਤੇ ਬਹਪਰਤੀ ਕਾਵਿ ਧਾਰਾ ਬਣ ਕੇ ਸਪੱਸਟ ਰੂਪ ਵਿੱਚ ਹੋ ਕੇ ਨਿਬੜੀ।ਸਾਹਿਤ ਸਾਸਤਰੀ ਦਿ੍ਸ਼ਟੀ ਕੋਣ ਤੋ ਗੁਰੂ ਨਾਨਕ ਬਾਣੀ ਵਿੱਚ ਉਹ ਕਾਵਿ ਰੂੜੀਆਂ ਹਨ, ਜੋ ਸਮੁੱਚੀ ਗੁਰਮਤਿ ਕਾਵਿ ਧਾਰਾ ਦੇ ਚਰਿੱਤਰ ਨੂੰ ਉਘਾਦੀਆਂ ਹਨ

ਜੀਵਨ :

ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਨੂੰ ਲਾਹੌਰ, ਪਾਕਿਸਤਾਨ ਨੇੜੇ ਰਾਇ ਭੋਇ ਦੀ ਤਲਵੰਡੀ, ਜਿਸਨੂੰ ਹੁਣ ਨਨਕਾਣਾ ਸਾਹਿਬ ਆਖਿਆ ਜਾਂਦਾ ਹੈ, ਵਿਖੇ ਹੋਇਆ ਜਿਸਨੂੰ ਹੁਣ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ (ਗੁਰਪੁਰਬ) ਵਜੋਂ ਮਨਾਇਆ ਜਾਂਦਾ ਹੈ। ਇਸ ਸਥਾਨ 'ਤੇ ਹੁਣ ਗੁਰਦੁਆਰਾ ਜਨਮ-ਅਸਥਾਨ ਸੁਸ਼ੋਭਤ ਹੈ। ਇਹਨਾਂ ਦੇ ਪਿਤਾ, ਕਲਿਆਣ ਚੰਦ ਦਾਸ ਬੇਦੀ ਜਾਂ ਮਹਿਤਾ ਕਾਲੂ ਪਿੰਡ ਤਲਵੰਡੀ ਦੇ ਫ਼ਸਲ-ਮਾਮਲੇ ਦੇ ਪਟਵਾਰੀ ਸਨ ਅਤੇ ਉਸ ਇਲਾਕੇ ਦੇ ਇੱਕ ਮੁਸਲਮਾਨ ਜਿਮੀਂਦਾਰ ਰਾਇ ਬੁਲਾਰ ਹੇਠ ਨੌਕਰੀ ਕਰਦੇ ਸਨ।ਇਹਨਾਂ ਦੀ ਮਾਤਾ ਦਾ ਨਾਂ ਤ੍ਰਿਪਤਾ ਸੀ।ਬੇਬੇ ਨਾਨਕੀ ਦਾ ਵਿਆਹ ਜੈ ਰਾਮ ਨਾਲ ਸੁਲਤਾਨਪੁਰ ਲੋਧੀ ਵਿਖੇ ਹੋਇਆ ਜੋ ਲਾਹੌਰ ਦੇ ਗਵਰਨਰ ਦੌਲਤ ਖ਼ਾਨ ਦੇ ਮੋਦੀਖਾਨੇ ਵਿੱਚ ਕੰਮ ਕਰਦੇ ਸਨ। ਗੁਰੂ ਨਾਨਕ ਦਾ ਵੱਡੀ ਭੈਣ ਨਾਲ ਕਾਫ਼ੀ ਪਿਆਰ ਹੋਣ ਕਾਰਨ ਪੁਰਾਤਨ ਰਸਮਾਂ ਮੁਤਾਬਕ ਉਹ ਵੀ ਸੁਲਤਾਨਪੁਰ ਆਪਣੇ ਜੀਜੇ ਦੇ ਘਰ ਰਹਿਣ ਚਲੇ ਗਏ। ਉੱਥੇ ਉਹ 16ਸਾਲ ਦੀ ਉਮਰ ਵਿੱਚ ਮੋਦੀਖਾਨੇ ਵਿੱਚ ਹੀ ਕੰਮ ਕਰਨ ਲੱਗ ਪਏ। ਪੁਰਾਤਨ ਜਨਮ-ਸਾਖੀਆਂ ਮੁਤਾਬਕ ਇਹ ਸਮਾਂ ਗੁਰੂ ਨਾਨਕ ਲਈ ਇੱਕ ਰਚਨਾਤਮਕ ਸਮਾਂ ਸੀ ਅਤੇ ਇਸ ਦੌਰਾਨ ਹੀ ਇਹਨਾਂ ਦੀ ਅਕਾਲ ਪੁਰਖ ਨੂੰ ਮਿਲਣ ਦੀ ਤਾਂਘ ਵਧੀ। ਰਚਨਾਵਾਂ- • ਜਪੁ • ਮਾਝ ਦੀ ਵਾਰ • ਪੱਟੀ • ਆਸਾ ਦੀ ਵਾਰ • ਸਿੱਧ ਗੋਸ਼ਟਿ • ਬਾਰਾਂ ਮਾਹ • ਮੱਝਾਰ ਦੀ ਵਾਰ

ਉਦਾਸੀਆਂ

ਭਾਰਤੀ ਜਨਤਾ ਦੀ ਦਰਦਨਾਕ ਹਾਲਤ ਨੂੰ ਤੱਕਦੇ ਹੋਏ ਆਪ ਜੀ ਨੇ ਮੋਦੀਖਾਨੇ ਦੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ। ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਦੀਨ-ਦੁਖੀਆਂ ਦੀ ਸਹਾਇਤਾ ਲਈ ਇੱਕ ਲੰਮੇਰੀ ਸੰਸਾਰ-ਯਾਤਰਾ ਲਈ ਕਮਰਕੱਸੇ ਕਰ ਕੇ ਸੰਸਾਰ-ਯਾਤਰਾ ਆਰੰਭੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਦੈਵੀ ਸੰਦੇਸ਼ ਨੂੰ ਸਮਸਤ ਲੋਕਾਈ ਵਿੱਚ ਪ੍ਰਚਾਰਨ ਹਿਤ ਸੰਸਾਰ-ਯਾਤਰਾ ਆਰੰਭ ਕੀਤੀ, ਜਿਸ ਬਾਰੇ ਭਾਈ ਗੁਰਦਾਸ ਜੀ ਦਾ ਕਥਨ ਹੈ:ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ।ਚੜ੍ਹਿਆ ਸੋਧਣਿ ਧਰਤਿ ਲੁਕਾਈ॥ (ਵਾਰ 1;24)ਗੁਰੂ ਜੀ ਵਿਸ਼ਾਲ ਭਾਰਤ ਦੇ ਹਰ ਕੋਨੇ ’ਤੇ ਪਹੁੰਚੇ। ਉਨ੍ਹਾਂ ਮੱਧ ਪੂਰਬ ਵਿਚ ਸਥਿਤ ਇਸਲਾਮੀ ਦੇਸ਼ਾਂ ਦੇ ਲੱਗਭਗ ਸਾਰੇ ਧਰਮ ਕੇਂਦਰਾਂ ਉਂਤੇ ਜਾ ਕੇ ਵਿਵਿਧ ਪ੍ਰਕਾਰ ਦੀਆਂ ਭਾਰਤੀ ਤੇ ਸ਼ਾਮੀ ਧਰਮੀ ਪਰੰਪਰਾਵਾਂ ਨੂੰ ਨੇੜੇ ਹੋ ਕੇ ਵੇਖਿਆ। ਉਨ੍ਹਾਂ ਨੇ ਦਾਰਸ਼ਨਿਕ ਆਧਾਰਾਂ ਤੇ ਅਭਿਆਸ ਪ੍ਰਣਾਲੀਆਂ ਦਾ ਅਧਿਐਨ ਕੀਤਾ ਅਤੇ ਅਗਿਆਨ-ਗ੍ਰਸਤ ਲੋਕਾਂ ਨੂੰ ਕਿਰਿਆਚਾਰੀ ਖੰਡ ਅਤੇ ਰਿੱਧੀਆਂ-ਸਿੱਧੀਆਂ ਅਥਵਾ ਕਰਮਕਾਂਡਾਂ, ਕਰਾਮਾਤਾਂ ਆਦਿ ਦੀ ਨਿਰਾਰਥਕਤਾ ਦੀ ਪ੍ਰੇਰਨਾ ਦਿੱਤੀ। ਆਪ ਜੀ ਦੀ ਲੋਕ ਉਧਾਰਣ ਦੀ ਜੁਗਤੀ ਇਹ ਸੀ ਕਿ ਆਪ ਕਿਸੇ ਧਰਮ ਉਤਸਵ ’ਤੇ ਇਕੱਤਰ ਹੋਏ ਲੋਕਾਂ ਵਿੱਚ ਜਾ ਕੇ ਅਨੋਖੇ ਨਾਟਕੀ ਅੰਦਾਜ਼ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਅਤੇ ਉਨ੍ਹਾਂ ਦੇ ਫੋਕਟ ਕਰਮਾਂ ਦਾ ਖੰਡਨ ਕਰ ਕੇ ਉਨ੍ਹਾਂ ਨੂੰ ਸਤਿ ਵਿਵਹਾਰ ਕਰਨ ਦੀ ਸਿੱਖਿਆ-ਦੀਖਿਆ ਦੇਂਦੇ। ਅਨੇਕਾਂ ਹੀ ਉਦਾਹਰਣਾਂ ਆਪ ਜੀ ਦੇ ਜੀਵਨ ਵਿੱਚੋਂ ਮਿਲਦੀਆਂ ਹਨ। ਹਰਿਦੁਆਰ ਵਿਖੇ ਸੂਰਜ ਨੂੰ ਪਾਣੀ ਦੇਣ ਦੀ ਬਜਾਇ ਆਪ ਜੀ ਨੇ ਇਸ ਕਰਮ ਦੀ ਨਿਰਾਰਥਕਤਾ ਦਰਸਾਉਣ ਲਈ ਪੱਛਮ ਵੱਲ ਆਪਣੇ ਖੇਤਾਂ ਨੂੰ ਪਾਣੀ ਦੇਣਾ ਸ਼ੁਰੂ ਕੀਤਾ। ਲੋਕਾਈ ਦੇ ਇਸ ਭਰਮ ਨੂੰ ਰਹੱਸਮਈ ਢੰਗ ਨਾਲ ਖੰਡਨ ਕਰ ਕੇ ਗੁਰੂ ਜੀ ਨੇ ਲੋਕਾਂ ਨੂੰ ਵੀ ਪਰਮਾਤਮਾ ਦੇ ਰਾਹੇ ਤੋਰਿਆ ਸIਪਹਿਲੀ ਉਦਾਸੀ ਪੂਰਬ ਦੀ ਇਨ੍ਹਾਂ ਉਦਾਸੀਆਂ ਵਿੱਚੋਂ ਪਹਿਲੀ ਉਦਾਸੀ ਬਹੁਤ ਲੰਮੇਰੀ ਸੀ। ਪ੍ਰੋ. ਸਾਹਿਬ ਗੁਰਮਤਿ ਪ੍ਰਕਾਸ਼ 12 ਨਵੰਬਰ 2007 ਸਿੰਘ ਜੀ ਅਨੁਸਾਰ ਭਾਦਰੋਂ ਸੰਮਤ 1564 ਤੋਂ 1572 (8 ਸਾਲ) ਸੰਨ 1507 ਤੋਂ 1515 ਈ. ਤਕ ਦੀ ਇਹ ਯਾਤਰਾ ਸੀ। ਇਸ ਯਾਤਰਾ ਦੌਰਾਨ ਆਪ ਜੀ ਨੇ ਛੇ-ਸੱਤ ਹਜ਼ਾਰ ਮੀਲ ਦਾ ਸਫ਼ਰ ਕੀਤਾ। ਇਸ ਉਦਾਸੀ ਵਿੱਚ ਆਪ ਜੀ ਨੇ ਪ੍ਰਸਿੱਧ ਹਿੰਦੂ ਤੀਰਥਾਂ ਹਰਿਦੁਆਰ, ਗੋਰਖ ਮਤਾ, ਅਯੁੱਧਿਆ, ਪ੍ਰਯਾਗ, ਬਨਾਰਸ, ਗਯਾ, ਜਗਨਨਾਥਪੁਰੀ, ਮਦੁਰਾਈ, ਰਾਮੇਸ਼੍ਵਰਮ, ਸੋਮਨਾਥ, ਦਵਾਰਕਾ, ਪੁਸ਼ਕਰ, ਮਥਰਾ, ਬਿੰਦਰਾਬਨ ਅਤੇ ਕੁਰੂਕਸ਼ੇਤਰ ਆਦਿ ਤੋਂ ਇਲਾਵਾ ਸਿੰਗਲਾ ਦੀਪ, ਸਿੱਕਮ, ਆਸਾਮ, ਬੰਗਾਲ, ਉੜੀਸਾ, ਦਰਾਵੜ ਦੇਸ਼ ਬੰਬਈ, ਔਰੰਗਾਬਾਦ, ਉਜੈਨ, ਕੱਛ, ਅਜਮੇਰ ਆਦਿ ਸਥਾਨਾਂ ਦੀ ਯਾਤਰਾ ਕੀਤੀ

ਦੂਜੀ ਉਦਾਸੀ ਉੱਤਰ ਦੀ ਦੂਜੀ ਉਦਾਸੀ ਦੋ-ਤਿੰਨ ਕੁ ਸਾਲਾਂ ਦੀ ਸੀ। ਪ੍ਰੋ. ਸਾਹਿਬ ਸਿੰਘ ਅਨੁਸਾਰ ਇਹ ਉਦਾਸੀ ਸੰਨ 1517 ਤੋਂ 1518 ਤਕ ਦੀ ਸੀ। ਇਸ ਉਦਾਸੀ ਦੌਰਾਨ ਗੁਰਦੇਵ ਨੇ ਜੰਮੂ ਤੇ ਕਸ਼ਮੀਰ ਦੀ ਯਾਤਰਾ ਕੀਤੀ। ਆਪ ਗਿਆਨ ਕੋਟ ਅਤੇ ਜੰਮੂ ਤੋਂ ਹੁੰਦੇ ਹੋਏ ਪਹਿਲਾਂ ਵੈਸ਼ਨੋ ਦੇਵੀ ਗਏ, ਫਿਰ ਮਟਨ ਵਿੱਚ ਅਮਰਨਾਥ ਤੇ ਉਸ ਤੋਂ ਵੀ ਪਰ੍ਹੇ ਬਰਫ਼ਾਂ ਲੱਦੀ ਪਰਬਤ ਮਾਲਾ ਉਂਤੇ, ਜਿਥੇ ਕੁਝ ਸਿੱਧਾਂ ਨਾਲ ਆਪ ਜੀ ਦਾ ਸੰਵਾਦ ਹੋਇਆ। ਭਾਈ ਗੁਰਦਾਸ ਜੀ ਦਾ ਕਥਨ ਹੈ:-ਫਿਰਿ ਜਾਇ ਚੜ੍ਹਿਆ ਸੁਮੇਰ ਪਰਿ ਸਿਧਿ ਮੰਡਲੀ ਦ੍ਰਿਸਟਿ ਆਈ।

ਤੀਜੀ ਉਦਾਸੀ ਪੱਛਮ ਦੀ ਤੀਜੀ ਉਦਾਸੀ (ਸੰਨ 1518 ਤੋਂ 1521) ਤਕ ਹੈ, ਆਪ ਜੀ ਕਰਤਾਰਪੁਰ ਤੋਂ ਪੱਛਮ (ਮੱਧ ਪੂਰਬ) ਦੇ ਦੇਸ਼ਾਂ ਦੀ ਯਾਤਰਾ ਲਈ ਚੱਲੇ। ਭਾਈ ਗੁਰਦਾਸ ਜੀ ਦੇ ਗੁਰੂ ਨਾਨਕ ਦੇਵ ਜੀ ਮੱਕੇ ਵਿਖੇ ਕਥਨ ਅਨੁਸਾਰ: ਬਾਬਾ ਫਿਰਿ ਮੱਕੇ ਗਇਆ ਨੀਲ ਬਸਤ੍ਰ ਧਾਰੇ ਬਨਵਾਰੀ। (ਵਾਰ 1;32) ਓਪਰੀਆਂ ਧਰਤੀਆਂ ਓਪਰੇ ਲੋਕ ਪਰ ਸਤਿਗੁਰੂ ਜੀ ਨੂੰ ਤਾਂ ਕੁਝ ਵੀ ਓਪਰਾ ਨਹੀਂ ਸੀ ਲੱਗਦਾ। ਸਾਰੇ ਹੀ ਆਪਣੇ ਸਨ। ਇਸ ਵਾਰ ਆਪ ਜੀ ਕਰਤਾਰਪੁਰ ਤੋਂ ਗੁਰਮਤਿ ਪ੍ਰਕਾਸ਼ ੧੩ ਨਵੰਬਰ ੨੦੦੭ ਤੁਰੇ ਤਾਂ ਕਸੂਰ, ਪਾਕਪਟਨ, ਤੁਲੰਭਾ, ਮੁਲਤਾਨ, ਬਹਾਵਲਪੁਰ, ਸ਼ੱਖਰ ਆਦਿ ਕਈ ਥਾਵਾਂ ਤੋਂ ਹੁੰਦੇ ਹੋਏ ਮੁਸਲਿਮ ਹਾਜ਼ੀਆਂ ਦੇ ਕਾਫ਼ਿਲੇ ਵਿੱਚ ਸ਼ਾਮਿਲ ਹੋ ਕੇ ਮਕਰਾਨ ਦੇ ਇਲਾਕੇ ਵਿੱਚ ਪੁੱਜੇ। ਫਿਰ ਮੱਕੇ ਗਏ। ਮੱਕੇ ਹਾਜ਼ੀਆਂ ਨਾਲ ਗੁਰੂ ਜੀ ਦਾ ਵਿਚਾਰ-ਵਟਾਂਦਰਾ ਹੋਇਆ। ਰੁਕਨਦੀਨ ਨਾਲ ਬਹਿਸ ਹੋਈ। ਉਸ ਨੂੰ ਆਪਣੀ ਖੜਾਂਵ ਨਿਸ਼ਾਨੀ ਦਿੱਤੀ। ਫਿਰ ਮਦੀਨੇ ਗਏ, ਫਿਰ ਬਸਰੇ ਤੇ ਬਸਰੇ ਤੋਂ ਕਰਬਲਾ, ਫਿਰ ਬਗ਼ਦਾਦ। ਇਸ ਦਾ ਵਰਨਣ ਭਾਈ ਗੁਰਦਾਸ ਜੀ ਨੇ ਕੀਤਾ ਹੈ: ਫਿਰਿ ਬਾਬਾ ਗਇਆ ਬਗਦਾਦਿ ਨੋ ਬਾਹਰਿ ਜਾਇ ਕੀਆ ਅਸਥਾਨਾ ਕਰਤਾਰਪੁਰ ਨਿਵਾਸ ਆਪਣੇ ਜੀਵਨ ਦੇ ਅੰਤਿਮ ਅੱਠ-ਦਸ ਵਰ੍ਹੇ ਆਪ ਜੀ ਨੇ ਕਰਤਾਰਪੁਰ ਵਿਖੇ ਨਿਵਾਸ ਕੀਤਾ। ਜਿਥੇ ਆਪ ਜੀ ਨਿਤਨੇਮ, ਕਥਾ-ਕੀਰਤਨ ਤੇ ਭਜਨ-ਬੰਦਗੀ ਕਰਦੇ ਅਤੇ ਹਰ ਕਿਸੇ ਨੂੰ ਪ੍ਰਭੂ ਹੁਕਮ ਅਨੁਸਾਰ ਜੀਵਨ ਬਿਤਾਉਣ ਤੇ ਸਤਿਨਾਮ ਦਾ ਅਭਿਆਸ ਕਰਨ ਦੀ ਸਿਖਿਆ ਦੇਂਦੇ। ਭਾਈ ਮਰਦਾਨਾ ਜੀ ਨੇ ਆਪਣੇ ਅੰਤਿਮ ਸਵਾਸ ਆਪ ਜੀ ਦੀ ਗੋਦ ਵਿੱਚ ਲਏ। ਭਾਈ ਗੁਰਦਾਸ ਜੀ ਕਰਤਾਰਪੁਰ ਦੀ ਧਰਮਸ਼ਾਲਾ ਦਾ ਵਰਣਨ ਕਰਦੇ ਫ਼ੁਰਮਾਉਂਦੇ ਹਨ: ਗਿਆਨੁ ਗੋਸਟਿ ਚਰਚਾ ਸਦਾ ਅਨਹਦਿ ਸਬਦਿ ਉਠੇ ਧਨੁਕਾਰਾ। (ਵਾਰ 1;38) ਇਥੇ ਹੀ ਆਪ ਜੀ ਦਾ ਦੀਦਾਰ ਕਰਨ ਭਾਈ ਲਹਿਣਾ ਜੀ ਆਏ। ਦੀਦਾਰ ਐਸਾ ਹੋਇਆ ਕਿ ਜੋਤੀ ਜੋਤਿ ਰਲੀ। ਦੋਵੇਂ ਇੱਕ ਜੋਤ ਹੋ ਗਏ। ਭਾਈ ਲਹਿਣਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੰਗ ਬਣ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਹੋ ਨਿਬੜੇ। 7 ਸਤੰਬਰ, ਸੰਨ 1539 ਨੂੰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣਾ ਜੋਤਿ ਰੂਪੀ ਨੂਰ ਭਾਈ ਲਹਿਣਾ ਜੀ (ਸ੍ਰੀ ਗੁਰੂ ਅੰਗਦ ਦੇਵ ਜੀ) ਵਿੱਚ ਟਿਕਾ ਕੇ ਅਕਾਲ ਸਤਿ ਵਿੱਚ ਸਮਾ ਗਏ ।

ਗੁਰੂ ਅੰਗਦ ਦੇਵ

[ਸੋਧੋ]
                  ਜੀਵਨ :    

ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਦੂਜੇ ਗੁਰੂ ਹੋਏ। ਗੁਰੂ ਗੱਦੀ ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ‘ਗੁਰੂ ਅੰਗਦ ਸਾਹਿਬ` ਦਾ ਨਾਂ ‘ਲਹਿਣਾ` ਸੀ। ਉਹਨਾਂ ਦਾ ਜਨਮ 31 ਮਾਰਚ 1504 ਈ: ਨੂੰ ‘ਮੱਤੇ ਦੀ ਸਹਾਇ` ਨਾਮੀ ਪਿੰਡ ਵਿੱਚ ਹੋਇਆ। ਲਹਿਣਾ ਜੀ ਦੇ ਜਨਮ ਤੋਂ ਬਾਅਦ ਛੇਤੀ ਹੀ ਉਹਨਾਂ ਦੇ ‘ਮਾਤਾ-ਪਿਤਾ` ਮੱਤੇ ਦੀ ਸਹਾਇ` ਛੱਡ ਕੇ ਪਹਿਲਾ ਹਰੀਕੇ ਅਤੇ ਫਿਰ ਖਡੂਰ ਚਲੇ ਗਏ। ਉਹਨਾਂ ਦਾ ਬਚਪਨ ਹਰੀਕੇ ਅਤੇ ਖਡੂਰ ਵਿਖੇ ਹੀ ਬੀਤਿਆ। 15 ਸਾਲ ਦੀ ਉਮਰ ਵਿੱਚ ਭਾਈ ਲਹਿਣਾ ਦਾ ਵਿਆਹ ‘ਮੱਤੇ ਦੀ ਸਰਾਇ` ਦੇ ਨਿਵਾਸੀ ਸ੍ਰੀ ਦੇਵੀ ਚੰਦ ਦੀ ਸਪੁੱਤਰੀ ਬੀਬੀ ਖੀਵੀ ਨਾਲ ਹੋਇਆ। ਉਹਨਾਂ ਦੇ ਘਰ ਦੋ ਪੁੱਤਰ ਹੋਏ ‘ਦਾਤੂ ਅਤੇ ਦਾਸੂ` ਅਤੇ ਦੋ ਲੜਕੀਆਂ ਨੇ ਜਨਮ ਲਿਆ ‘ਬੀਬੀ ਅਨੋਖੀ ਅਤੇ ਬੀਬੀ ਅਮਰੋ

ਗੁਰੂ ਅੰਗਦ ਦੇਵ ਜੀ ਦਾ ਗੁਰਮਤਿ ਕਾਵਿ-ਧਾਰਾ ਵਿੱਚ ਯੋਗਦਾਨ” ਗੁਰੂ ਅੰਗਦ ਦੇਵ ਜੀ ਦੀ ਰਚੀ ਹੋਈ ਬਾਣੀ ‘ਗੁਰੂ ਗ੍ਰੰਥ ਸਾਹਿਬ` ਵਿੱਚ ਬਾਕੀ ਸਭ ਗੁਰੂਆਂ ਨਾਲੋਂ ਘੱਟ ਹੈ। ਆਪ ਜੀ ਦੇ ਰਚੇ ਹੋਏ 63 ਸ਼ਲੋਕ ਦਾ ਮੂਲ ਵਿਸ਼ਾ ਨਿਰਮਾਣਤਾ, ਗੁਰੂ ਭਗਤੀ, ਸ਼ਰਧਾ ਅਤੇ ਪ੍ਰੇਮ ਹੈ। ਇਹ ਸ਼ਲੋਕ ਜਾਂ ਤਾਂ ਬਾਕੀ ਗੁਰੂਆਂ ਦੀ ਬਾਣੀ ਵਿਚੋਂ ਆਉਂਦੇ ਹਨ ਜਾਂ ‘ਵਾਰਾਂ ਤੋਂ ਵਧੀਕ` ਸ਼ਲੋਕਾਂ ਦੇ ਸਿਰਲੇਖ ਹਨ। ਇਹ ਸ਼ਲੋਕ ਬੜੀ ਸਾਦੀ ਤੇ ਸਰਲ ਸ਼ੈਲੀ ਵਿੱਚ ਹਨ। ਇਹਨਾਂ ਵਿੱਚ ਜ਼ਿੰਦਗੀ ਦੀਆਂ ਧਰਮ ਸਚਿਆਈਆਂ ਪ੍ਰਗਟਾਈਆਂ ਹਨ। ਆਪ ਜੀ ਦੀ ਰਚਨਾ ਦੇ ਕੁਝ ਵੇਰਵੇ ਇਸ ਪ੍ਰਕਾਰ ਹਨ:- • 1. ਜੇ ਸਉ ਚੰਦਾ ਉਗਵਹਿ, ਸੂਰਜ ਚੜਹਿ ਹਜ਼ਾਰ। • 3. ਜੋ ਸਿਰਿ ਸਾਂਈ ਨਾ ਨਿਵੇ ਸੋ ਸਿ ਦੀਜੈ ਡਾਰ। • 2. ਨਾਨਕ ਚਿੰਤ ਮਤੁ ਕਰੋ ਚਿੰਤਾ ਤਿਸਿ ਹੀ ਹੈ।

          ਕਾਲਿ ਮੈਂ ਜੋਤਿ ਉਪਾਇਕਾ, ਤਿਨਾ ਭੀ ਰੋਜੀ ਦੇ

ਨਾਨਕ ਜਿਸ ਪਿੰਜਰ ਮੈਂ, ਬ੍ਰਿਹਾ ਸੋ ਪਿੰਜਰ ਲੈ ਜਾਣ ਆਪ ਜੀ ਦੇ 63 ਸ਼ਲੋਕ ਆਪ ਜੀ ਦੇ ਨਾਂ ਅਧੀਨ ਗੁਰੂ ਗ੍ਰੰਥ ਸਾਹਿਬ ਦੀਂ 9 ਵਾਰਾਂ ਵਿੱਚ ਦਰਜ ਮਿਲਦੇ ਹਨ ।

ਗੁਰੂ ਅਮਰਦਾਸ

[ਸੋਧੋ]
                  ਜੀਵਨ : 

ਗੁਰੂ ਅਮਰਦਾਸ ਜੀ ਸਿੱਖ ਕੌਮ ਦੇ ਤੀਜੇ ਗੁਰੂ ਸਨ। ਗੁਰੂ ਜੀ ਮੁਗਲ ਸਮਰਾਟ ਅਕਬਰ ਦੇ ਸਮਕਾਲੀ ਸਨ। ਗੁਰੂ ਅਮਰਦਾਸ ਜੀ ਸਭ ਗੁਰੂਆਂ ਤੋਂ ਲੰਮੀ ਉਮਰ ਬਤੀਤ ਕਰਨ ਵਾਲੇ ਅਤੇ ਗੁਰੂ ਨਾਨਕ ਦੇਵ ਜੀ ਤੋਂ ਕੇਵਲ ਦਸ ਵਰ੍ਹੇ ਹੀ ਛੋਟੇ ਸਨ। ਗੁਰੂ ਅਮਰਦਾਸ ਜੀ ਦਾ ਜਨਮ 5 ਮਈ 1479 ਈਸਵੀ (ਵਿਸਾਖ ਸੁਦੀ 14 ਸੰਮਤ 1536) ਵਿੱਚ ਹੁਣ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਥਿਤ ਬਾਸਰਕੇ ਨਾਮੀ ਪਿੰਡ ਵਿੱਚ ਮਾਤਾ ਸੁਲੱਖਣੀ ਦੇ ਗ੍ਰਹਿ ਵਿਖੇ ਹੋਇਆ। ਆਪ ਦੇ ਪਿਤਾ ਤੇਜ ਭਾਨ, ਭੱਲਾ ਪਰਿਵਾਰ ਦੇ ਇੱਕ ਛੋਟੇ ਜਿਹੇ ਵਪਾਰੀ ਸਨ। 24 ਸਾਲ ਦੀ ਉਮਰ ਵਿੱਚ ਤੀਜੇ ਗੁਰੂ ਜੀ ਦਾ ਵਿਆਹ ਹੋ ਗਿਆ ਤੇ ਉਨ੍ਹਾਂ ਦੇ ਘਰ ਦੋ ਪੁੱਤਰ ਮੋਹਣ ਤੇ ਮੋਹਰੀ ਅਤੇ ਦੋ ਪੁੱਤਰੀਆਂ ਪੈਦਾ ਹੋਈਆਂ ਸੇਵਾ ਤੇ ਸਿਮਰਨ ਇੱਕ ਦਿਨ ਗੁਰੂ ਅਮਰਦਾਸ ਜੀ ਨੇ ਬੀਬੀ ਅਮਰੋ ਜੋ ਗੁਰੂ ਜੀ ਦੇ ਭਰਾ ਦੀ ਨੂੰਹ ਸੀ, ਦੇ ਮੁਖ ਤੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਕੁਝ ਸ਼ਬਦ ਸੁਣੇ। ਇਹ ਮਿੱਠੇ ਸ਼ਬਦ ਸੁਣ ਕੇ ਅਮਰਦਾਸ ਜੀ ਦੇ ਮਨ ਉੱਤੇ ਡੂੰਘਾ ਪ੍ਰਭਾਵ ਪਿਆ। ਉਨ੍ਹਾਂ ਬੀਬੀ ਅਮਰੋ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਆਪਣੇ ਪਿਤਾ ਜੀ ਪਾਸ ਲੈ ਚੱਲੇ। ਬੀਬੀ ਅਮਰੋ ਦੇ ਉਨ੍ਹਾਂ ਨੂੰ ਉਥੇ ਲਿਜਾਣ ’ਤੇ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਚਰਨੀ ਪੈ ਗਏ ਤੇ ਬਾਅਦ ਵਿੱਚ ਉਨ੍ਹਾਂ ਦੇ ਪੱਕੇ ਸ਼ਰਧਾਲੂ ਬਣ ਗਏ। ਉਸ ਸਮੇਂ ਅਮਰਦਾਸ ਜੀ ਦੀ ਉਮਰ ਤਕਰੀਬਨ 62 ਸਾਲਾਂ ਦੀ ਸੀ। ਉਨ੍ਹਾਂ ਨੇ ਗੁਰੂ ਸਾਹਿਬ ਦੇ ਕੋਲ ਖਡੂਰ ਸਾ¬¬¬ਹਿਬ ਵਿਖੇ ਨਿਵਾਸ ਕਰ ਲਿਆ ਅਤੇ ਅਗਲੇ ਗਿਆਰਾਂ ਸਾਲਾਂ ਵਿੱਚ ਉਨ੍ਹਾਂ ਨੇ ਤਨ-ਮਨ ਨਾਲ ਗੁਰੂ ਅੰਗਦ ¬¬¬ਦੇਵ ਜੀ ਦੀ ਸੇਵਾ ਕੀਤੀ। ਅਮਰਦਾਸ ਜੀ ਹਰ ਰੋਜ਼ ਪ੍ਰਭਾਤ ਵੇਲੇ ਬਿਆਸ ਨਦੀ ’ਤੇ ਗੁਰੂ ਸਾਹਿਬ ਦੇ ਇਸ਼ਨਾਨ ਕਰਨ ਲਈ ਪਾਣੀ ਲਿਆਇਆ ਕਰਦੇ ਸਨ। ਕਈ ਲੋਕ ਉਨ੍ਹਾਂ ਨੂੰ ‘ਨੌਕਰ, ਪਾਗਲ, ਕਹਾਰ’ ਭਾਵ ਪਾਣੀ ਢੋਣ ਵਾਲਾ ਆਦਿ ਕਹਿ ਕੇ ਉਨ੍ਹਾਂ ਦਾ ਮਖੌਲ ਉਡਾਉਂਦੇ ਸਨ। ਅਮਰਦਾਸ ਜੀ ਇਨ੍ਹਾਂ ਨਿਰਾਦਰੀ ਭਰੇ ਸ਼ਬਦਾਂ ਦੀ ਕੋਈ ਪਰਵਾਹ ਨਹੀਂ ਕਰਦੇ ਸਨ

ਕਾਰਜ

       ਗੁਰੂ ਅਮਰਦਾਸ ਜੀ ਨੂੰ ਗੱਦੀ ਉੱਤੇ ਬੈਠਣ ਸਮੇਂ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੁਸ਼ਕਲਾਂ ਨੂੰ ਚੀਰਦੇ ਹੋਏ ਆਪ ਨੇ ਸਿੱਖ ਮੱਤ ਦੇ ਸੰਗਠਨ ਤੇ ਵਿਕਾਸ ਲਈ ਅਨੇਕਾਂ ਕੰਮ ਵੀ ਕੀਤੇ, ਜਿਨ੍ਹਾਂ ਵਿੱਚੋਂ ਗੋਇੰਦਵਾਲ ਵਿੱਚ ਬਉਲੀ ਦਾ ਨਿਰਮਾਣ, ਲੰਗਰ ਸੰਸਥਾ ਦਾ ਵਿਸਥਾਰ, ਸ਼ਬਦਾਂ ਦੇ ਸੰਗ੍ਰਹਿ ਤੇ ਸੰਗਠਨ ਤੋਂ ਇਲਾਵਾ ਸਮਾਜਿਕ ਸੁਧਾਰ ਵੀ ਕੀਤੇ। ਉਨ੍ਹਾਂ ਨੇ ਜਾਤੀ ਭੇਦਭਾਵ ਅਤੇ ਛੂਤਛਾਤ ਦਾ ਖੰਡਨ ਕੀਤਾ, ਸਤੀ ਪ੍ਰਥਾ ਦੀ ਨਿਖੇਧੀ ਕੀਤੀ। ਪਰਦੇ ਦੀ ਪ੍ਰਥਾ ਦੀ ਮਨਾਹੀ, ਨਸ਼ਿਆਂ ਦੀ ਨਿਖੇਧੀ, ਮੌਤ, ਵਿਆਹ ਤੇ ਜਨਮ ਸਬੰਧੀ ਰੀਤਾਂ ਵਿੱਚ ਸੁਧਾਰ ਕੀਤਾ। ਲੰਗਰ ਅਤੇ ਪੰਗਤ ਦੀ ਵਿਵਸਥਾ ਗੁਰੂ ਅਮਰਦਾਸ ਜੀ ਦੀ ਦੇਣ ਹੈ। ਉਨ੍ਹਾਂ ਦੇ ਲੰਗਰ ਵਿੱਚ ਸਮਰਾਟ ਅਕਬਰ ਨੇ ਵੀ ਲੰਗਰ ਛਕਿਆ।

ਬਾਣੀ

       ਗੁਰੂ ਅਮਰਦਾਸ ਜੀ ਨੇ ਸਿੱਖ ਮੱਤ ਦੇ ਸੰਗਠਨ ਤੇ ਵਿਕਾਸ ਲਈ ਆਪਣੇ 22 ਵਰ੍ਹਿਆਂ ਦੇ ਗੁਰੂ ਕਾਲ ਵਿੱਚ ਬਹੁਤ ਸਾਰੇ ਮਹੱਤਵਪੂਰਨ ਕੰਮ ਕੀਤੇ। ਗੁਰੂ ਅਮਰਦਾਸ ਜੀ ਦੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 907 ਸ਼ਬਦ, 19 ਰਾਗਾਂ ਵਿੱਚ ਅੰਕਿਤ ਹਨ।

ਜੋਤੀ ਜੋਤ

ਗੁਰੂ ਅਮਰਦਾਸ ਜੀ ਨੇ 1 ਸਤੰਬਰ 1574 ਨੂੰ ਗੁਰੂ ਰਾਮਦਾਸ ਜੀ ਨੂੰ ਗੁਰੂ ਗੱਦੀ ਸੌਂਪੀ, ਅਤੇ ਇਸ ਤੋਂ ਬਾਅਦ ਆਪ ਜੋਤੀ ਜੋਤ ਸਮਾ ਗਏ

ਗੁਰੂ ਰਾਮਦਾਸ

[ਸੋਧੋ]
              ਜੀਵਨ : 

ਗੁਰੂ ਰਾਮਦਾਸ ਜੀ ਸਿੱਖਾਂ ਦੇ ਚੌਥੇ ਗੁਰੂ ਸਨ। ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ 24 ਸਤੰਬਰ ਸੰਨ 1534 ਨੂੰ ਪਿਤਾ ਹਰੀਦਾਸ ਜੀ ਅਤੇ ਮਾਤਾ ਦਇਆ ਜੀ ਦੇ ਘਰ ਚੂਨਾ ਮੰਡੀ ਲਾਹੌਰ ਵਿਖੇ ਹੋਇਆ। ਆਪ ਜੀ ਦਾ ਪਹਿਲਾ ਨਾਮ ਭਾਈ ਜੇਠਾ ਜੀ ਸੀ। ਛੋਟੀ ਉਮਰ ਵਿੱਚ ਹੀ ਆਪ ਜੀ ਦੇ ਮਾਤਾ ਪਿਤਾ ਅਕਲਾ ਚਲਾਣਾ ਕਰ ਗਏ। ਸ਼੍ਰੀ ਗੁਰੂ ਰਾਮ ਦਾਸ ਜੀ ਨੂੰ ਉਹਨਾਂ ਦੀ ਨਾਨੀ ਜੀ ਆਪਣੇ ਨਾਲ ਪਿੰਡ ਬਾਸਰਕੇ ਲੈ ਆਏ। ਆਪ ਜੀ ਕੁੱਝ ਸਾਲ ਪਿੰਡ ਬਾਸਕਰੇ ਵਿੱਚ ਰਹੇ। ਜਦੋਂ ਗੁਰੂ ਅੰਗਦ ਦੇਵ ਜੀ ਦੇ ਹੁਕਮਾਂ ਨਾਲ ਗੁਰੂ ਅਮਰਦਾਸ ਜੀ ਨੇ ਭਾਈ ਗੋਂਦੇ ਦੀ ਬੇਨਤੀ ਤੇ ਗੋਵਿੰਦਵਾਲ ਸਾਹਿਬ ਨਗਰ ਵਸਾਇਆ ਤਾਂ ਬਾਸਰਕੇ ਪਿੰਡ ਦੇ ਕਾਫੀ ਪਰਿਵਾਰਾਂ ਨੂੰ ਗੋਇੰਦਵਾਲ ਸਾਹਿਬ ਵਿਖੇ ਲਿਆਂਦਾ ਗਿਆ । ਭਾਈ ਜੇਠਾ ਜੀ ਵੀ ਗੋਵਿੰਦਵਾਲ ਸਾਹਿਬ ਆ ਗਏ। ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਬੀਬੀ ਭਾਣੀ ਜੀ ਦਾ ਵਿਹਾਅ ਜੇਠਾ ਜੀ ਨਾਲ ਕਰਵਾਇਆ। ਬਾਅਦ ਵਿੱਚ ਜੇਠਾ ਜੀ ਦਾ ਨਾਮ ਸ਼੍ਰੀ ਗੁਰੂ ਰਾਮਦਾਸ ਜੀ ਰੱਖਿਆ ਗਿਆ। ਆਪ ਜੀ ਨੇ ਗੁਰੂ ਅਮਰਦਾਸ ਦੀ ਸੇਵਾ ਹਮੇਸ਼ਾ ਇੱਕ ਸਿੱਖ ਦੀ ਤਰ੍ਹਾਂ ਕੀਤੀ। ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਕਹਿਣ ਤੇ ਆਪ ਜੀ ਨੇ ਨਗਰ ਵਸਾਇਆਂ ਜਿਸ ਦਾ ਨਾਮ ਗੁਰੂ ਕਾ ਚੱਕ ਸੀ। ਬਾਅਦ ਵਿੱਚ ਇਸ ਦਾ ਨਾਮ ਰਾਮਦਾਸਪੁਰ ਹੋ ਗਿਆ। ਅੱਜ ਇਹ ਅੰਮ੍ਰਿਤਸਰ ਦੇ ਨਾਲ ਨਾਲ ਜਾਣਿਆ ਜਾਂਦਾ ਹੈ। ਇੱਕ ਸਤੰਬਰ 1574 ਇਸਵੀ ਵਿੱਚ ਆਪ ਜੀ ਨੇ ਗੁਰਗੱਦੀ ਦੀ ਸੇਵਾ ਸੰਭਾਲੀ। ਆਪ ਜੀ ਦੇ ਘਰ ਤਿੰਨ ਸਪੁੱਤਰਾਂ ਦਾ ਜਨਮ ਹੋਇਆ ਸੀ। ਗੁਰਬਾਣੀ ਗੁਰੂ ਰਾਮਦਾਸ ਰਚਿਤ ਬਾਣੀ ਵਿੱਚ ਗੁਰੂ ਤੇ ਪ੍ਰਭੂ ਲਈ ਅਥਾਂਹ ਸ਼ਰਧਾ ਅਤੇ ਪੇ੍ਰਮ ਹੈ। ਆਪ ਨੇ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਵਿਚੋਂ 29 ਰਾਗਾਂ ਵਿੱਚ ਬਾਣੀ ਰਚੀ ਹੈ। ਉਨ੍ਹਾਂ ਨੇ ਕੁਲ 56 ਦੁਪਦੇ, 2 ਪੰਚਪਦੇ, 2 ਛਿਪਦੇ, 12 ਪੜਤਾਲ ਦੁਪਦੇ, 38 ਛੰਦ। ਛੰਤਾਂ ਨਾਲ ਸੰਬੰਧਿਤ ਸਲੋਕ, ਇੱਕ ਪਹਿਰਾ, ਇੱਕ ਵਣਜਾਰਾ, 2 ਕਰਹਲੇ, 2 ਘੋੜੀਆਂ, 2 ਸੋਲਹੇ, 30 ਸਲੋਕ, ਵਾਰਾਂ ਤੇ ਵਧੀਕ, 105 ਵਾਰਾਂ ਨਾਲ ਸੰਬੰਧਿਤ ਸਲੋਕ ਅਤੇ 183 ਵਾਰਾਂ ਦੀਆਂ ਪਉੜੀਆਂ। ਗੁਰੂ ਰਾਮਦਾਸ ਜੀ ਦੀਆਂ ਪ੍ਰਮੁੱਖ ਬਾਣੀਆਂ ਵਿਚੋਂ ਵਾਰਾਂ, ਘੋੜੀਆਂ, ਲਾਵਾਂ, ਕਰਹਲੇ, ਮਾਰੂ ਸੌਲਹੇ, ਵਣਜਾਰਾ ਅਤੇ ਛਕੇ ਛੰਤ ਵਿਸ਼ੇਸ਼ ਤੌਰ ਤੇ ਵਰਣਨ ਯੋਗ ਹਨ। ਗੁਰੂ ਰਾਮਦਾਸ ਜੀ ਦੀਆਂ ਪ੍ਰਮੁੱਖ ਰਚਨਾਵਾਂ ਬਾਰੇ ਵਿਸਤਰਿਤ ਵੇਰਵਾ ਤੇ ਵਿਸ਼ਲੇਸ਼ਣ ਹੇਠ ਦਰਜ ਹੈ । ਘੋੜੀਆਂ ਰਾਗ ਵਡਹੰਸ ਵਿੱਚ ਗੁਰੂ ਰਾਮਦਾਸ ਜੀ ਨੇ ਲੋਕ-ਕਾਵਿ ਰੂਪ ‘ਘੋੜੀਆਂ` ਵਿੱਚ ਵੀ ਬਾਣੀ ਦੀ ਰਚਨਾ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਨੇ ਪੰਨਾ ਨੰਬਰ 575 ਅਤੇ 576 ਵਿੱਚ ਦਰਜ ਇਸ ਬਾਣੀ ਦੇ ਪਿਛੋਕੜ ਬਾਰੇ ਵਿਚਾਰ ਕਰਨਾ ਆਵੱਸ਼ਕ ਹੈ। ਸਾਡੀ ਜਾਚੇ ‘ਘੋੜੀਆਂ` ਵਿਆਹ ਸਮੇਂ ਗਾਏ ਜਾਣ ਵਾਲੇ ਗੀਤਾਂ ਦਾ ਨਾਂ ਹੈ। ਜਦੋਂ ਲਾੜਾ ਸਜੀ ਹੋਈ ਘੋੜੀ ਤੇ ਚੜਦਾ ਹੈ। ਉਸਨੂੰ ਘੋੜੀ ਚੜ੍ਹਨ ਦੀ ਰੀਤ ਕਹਿੰਦੇ ਹਨ। ਇਸ ਰੀਤ ਸਮੇਂ ਜਿਹੜੇ ਗੀਤ ਗਾਏ ਜਾਂਦੇ ਹਨ, ਉਨ੍ਹਾਂ ਨੂੰ ‘ਘੋੜੀਆਂ` ਕਹਿੰਦੇ ਹਨ। ਇਸ ਸੰਸਾਰੀ ਰੀਤ ਨੂੰ ਗੁਰੂ ਰਾਮਦਾਸ ਜੀ ਨੇ ਇੱਕ ਅਧਿਆਤਮਕ ਅਰਥ ਅਤੇ ਮੋੜ ਦਿੱਤਾ। ਅਰਥਾਤ ਸਰੀਰ ਇੱਕ ਸੁੰਦਰ ਘੋੜੀ ਦੀ ਨਿਆਈਂ ਹੈ, ਜਿਸ ਤੇ ਚੜ੍ਹ ਕੇ ਪਰਮਾਤਮਾ ਤੱਕ ਪਹੁੰਚਣਾ ਹੈ। ਨਾਮ ਰੂਪੀ ਜੀਨ ਪਾ ਕੇ, ਗਿਆਨ ਰੂਪੀ ਕੰਡਿਆਰਾ ਪਾ ਕੇ ਅਤੇ ਪ੍ਰਭੂ-ਪ੍ਰੇਭ ਰੂਪੀ ਚਾਬਕ ਮਾਰ ਕੇ ਨਾਮ ਦ੍ਰਿੜ ਕਰਨ ਦੀ ਰੀਤ ਦਰਸਾਈ ਹੈ। ਅਜਿਹੀ ਘੋੜੀ ਦੀ ਸਵਾਰੀ ਛੇਤੀ ਹੀ ਅਕਾਲਪੁਰਖ ਨਾਲ ਮੇਲ ਕਰਵਾ ਦਿੰਦੀ ਹੈ। ਲਾਵਾਂ • ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੰਨਾ 773-774 ਉਤੇ ਸੂਹੀ ਰਾਗ ਦੇ ਛੰਤਾਂ ਵਿੱਚ ਹੀ ਲਾਵਾਂ ਦੇ ਚਾਰ ਛੰਤ ਆਉਂਦੇ ਹਨ। ਲਾਂਵ ਦਰਅਸਲ ਪ੍ਰਤੀਕ ਹੈ, ਇੱਕ ਅਜਿਹੀ ਲੰਬੀ, ਮਜ਼ਬੂਤ ਅਤੇ ਅਟੁੱਟ ਰੱਸੀ ਦਾ ਜਿਸ ਨਾਲ ਪਸ਼ੂ ਨੂੰ ਨੂੜ ਕੇ ਬੰਨ੍ਹਿਆ ਜਾਂਦਾ ਹੈ। ਇਨ੍ਹਾਂ ਲਾਵਾਂ ਵਿੱਚ ਗੁਰੂ ਰਾਮਦਾਸ ਜੀ ਨੇ ਗੁਰਮਤਿ ਦੇ ਪੂਰੇ ਰਹੱਸਵਾਦ ਅਤੇ ਜੀਵਨ ਦੇ ਚਾਰ ਮਹੱਤਵਪੂਰਨ ਪੜਾਵਾਂ ਦਾ ਉਲੇਖ ਕੀਤਾ ਹੈ। ਗੁਰੂ ਸਾਹਿਬ ਦੇ ਕਾਵਿ ਦਾ ਪ੍ਰਧਾਨ ਸੁਰ ਅਧਿਆਤਮਿਕਤਾ ਅਤੇ ਭਗਤੀ ਭਾਵਨਾ ਦਾ ਹੈ ਜੋ ਵਿਸ਼ੇਸ਼ ਕਰਕੇ ਜੀਵ ਅਤੇ ਪ੍ਰਭੂ ਦੇ ਮਿਲਾਪ ਨਾਲ ਸੰਬੰਧਿਤ ਹੈ। ਪਹਿਲੀ ਲਾਂਵ ਵਿੱਚ ਮੂਲ ਅਵਸਥਾ ਆਪਣੇ ਧਰਮ ਕਰਮ ਵਿੱਚ ਪੂਰੀ ਤਰ੍ਹਾਂ ਦ੍ਰਿੜ੍ਹ ਹੋਣ ਦੀ ਅਤੇ ਵਿਸ਼ਵਾਸ ਦੀ ਪਕਿਆਈ ਦੀ ਹੈ ਜਿਵੇਂ: ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿਰਾਮ ਜੀਉ॥ ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿਰਾਮ ਜੀਉ॥ ਧਰਮ ਦ੍ਰਿੜਹੁ ਹਰਿ ਨਾਮ ਧਿਆਵਹੁ ਸਿਮ੍ਰਤਿ ਨਾਮ ਦ੍ਰਿੜ੍ਹਾਇਆ॥ ਸਤਿਗੁਰੂ ਗੁਰੁ ਪੂਰਾ ਅਰਾਧਹੁ ਸਭਿ ਕਿਲ ਵਿਖ ਪਾਪ ਗਵਾਇਆ॥15 ਸ਼ੈਲੀ ਗੁਰੂ ਰਾਮਦਾਸ ਜੀ ਦੀ ਬਾਣੀ ਦੀ ਪ੍ਰਥਮ ਸ਼ੈਲਗਤ ਖੂਬੀ ਅਰੁਕ ਵਹਾ, ਗਤੀਸ਼ੀਲਤਾ ਅਤੇ ਰਵਾਨਗੀ ਦੀ ਹੈ। ਉਨ੍ਹਾਂ ਦੀ ਬਾਣੀ ਦੀ ਕਥਨ ਵਿਧੀ ਗ੍ਰਾਮੀਨ ਨਹੀਂ ਸ਼ਹਿਰੀ ਹੈ।ਵਿਅੰਗ ਗੁਰੂ ਰਾਮਦਾਸ ਜੀ ਦੀ ਬਾਣੀ ਦੀ ਸ਼ੈਲੀ ਦਾ ਇਹ ਹੋਰ ਅਦੁੱਤੀ ਗੁਣ ਹੈ। ਦਰ-ਬ-ਦਰ ਭਟਕਦੇ ਅਤੇ ਅਟੁੱਟ ਬੰਧਨਾਂ ਵਿੱਚ ਬੱਝੇ ਮਨਮੁਖਾਂ, ਦੁਸ਼ਟਾਂ ਅਤੇ ਨਿੰਦਕਾਂ ਤੇ ਗੁਰੂ ਸਾਹਿਬ ਇਕੋ ਜਿਹੀ ਸ਼ਕਤੀ ਨਾਲ ਬਾਹਰੋਂ ਮਿੱਠਾ ਪਰ ਅੰਦਰੋਂ ਜ਼ਹਿਰੀਲਾ ਵਿਅੰਗ ਕੱਸਦੇ ਹਨ। ਪਾਖੰਡ, ਕੁਕਰਮ ਅਤੇ ਛਲਕਪਟ ਕਰਕੇ ਆਪਣੇ ਲਘੂ ਪਰਿਵਾਰ ਨੂੰ ਤਾਂ ਸੁਖ ਦਿੰਦਾ ਹੈ ਪਰ ਪਰਮਾਤਮਾ ਨੂੰ ਦੁੱਖ ਦਿੰਦਾ ਹੈ। ਗੁਰੂ ਸਾਹਿਬ ਕਟਾਖਸ਼ ਦੀ ਵਰਤੋਂ ਕਰਕੇ ਉਸਨੂੰ ਸੁਚੇਤ ਕਰਦੇ ਹਨ ਇਹ ਉਨ੍ਹਾਂ ਦੀ ਲਾਜਵਾਬ ਵਡਿਆਈ ਹੈ।

ਗੁਰੂ ਅਰਜਨ ਦੇਵ

[ਸੋਧੋ]
                ਜੀਵਨ :  ਤੇ ਵਿਅਾਹ 

ਗੁਰੂ ਅਰਜੁਨ (15 ਅਪਰੈਲ 1563 – 30 ਮਈ 1606) ਸਿੱਖਾਂ ਦੇ ਪੰਜਵੇ ਗੁਰੂ ਅਤੇ ਪਹਿਲੇ ਸਿੱਖ ਸ਼ਹੀਦ ਸਨ। ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਚੌਥੇ ਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਦੇ ਘਰ ਮਾਤਾ ਬੀਬੀ ਭਾਨੀ ਜੀ ਦੀ ਕੁੱਖੋਂ 19 ਵੈਸਾਖ, ਸੰਮਤ 1620 (15 ਅਪ੍ਰੈਲ, 1563 ਈ.) ਨੂੰ ਗੋਇੰਦਵਾਲ ਵਿਖੇ ਹੋਇਆ।ਬਚਪਨ ਦੇ ਮੁੱਢਲੇ 11 ਸਾਲ ਆਪਣੇ ਨਾਨਾ ਸ੍ਰੀ ਗੁਰੂ ਅਮਰਦਾਸ ਜੀ ਦੀ ਦੇਖ-ਰੇਖ ਹੇਠ ਗੁਜ਼ਾਰਨ ਦੇ ਨਾਲ-ਨਾਲ ਆਪ ਜੀ ਨੇ ਨਾਨਾ ਗੁਰੂ ਤੋਂ ਗੁਰਮੁਖੀ ਦੀ ਵਿੱਦਿਆ ਦੀ ਮੁਹਾਰਤ ਹਾਸਲ ਕੀਤੀ, ਦੇਵਨਾਗਰੀ ਪਿੰਡ ਦੀ ਧਰਮਸ਼ਾਲਾ ਤੋਂ ਸਿੱਖੀ, ਸੰਸਕ੍ਰਿਤ ਦਾ ਗਿਆਨ ਪੰਡਿਤ ਬੇਣੀ ਕੋਲੋਂ, ਗਣਿਤ ਵਿੱਦਿਆ ਮਾਮਾ ਮੋਹਰੀ ਜੀ ਤੋਂ ਹਾਸਲ ਕੀਤੀ ਅਤੇ ਆਪ ਜੀ ਨੂੰ ਧਿਆਨ ਲਗਾਉਣ ਦੀ ਵਿੱਦਿਆ ਆਪ ਜੀ ਦੇ ਮਾਮਾ ਜੀ, ਬਾਬਾ ਮੋਹਨ ਜੀ ਨੇ ਸਿਖਾਈ।ਸ੍ਰੀ ਗੁਰੂ ਅਮਰਦਾਸ ਜੀ ਦਾ ਸੱਚਖੰਡ ਵਾਪਸੀ ਦਾ ਸਮਾਂ ਨੇੜੇ ਆ ਜਾਣ ਕਰਕੇ ਤੀਜੇ ਗੁਰੂ ਸਾਹਿਬ ਜੀ ਨੇ 1 ਸਤੰਬਰ, 1574 ਚੌਥੇ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਬਖਸ਼ਿਸ਼ ਕੀਤੀ, ਬਾਬਾ ਬੁੱਢਾ ਜੀ ਨੇ ਗੁਰਿਆਈ ਤਿਲਕ ਦੀ ਰਸਮ ਅਦਾ ਕੀਤੀ, ਉਸੇ ਦਿਨ ਹੀ ਸ੍ਰੀ ਗੁਰੂ ਅਮਰਦਾਸ ਜੀ ਜੋਤੀ ਜੋਤਿ ਸਮਾਏ, ਇਸ ਤੋਂ ਬਾਅਦ ਸਾਲ 1574 ਵਿੱਚ ਹੀ ਸ੍ਰੀ ਗੁਰੂ ਰਾਮਦਾਸ, ਸ੍ਰੀ ਗੁਰੂ ਅਮਰਦਾਸ ਜੀ ਦੇ ਆਸ਼ੇ ਨੂੰ ਪੂਰਾ ਕਰਨ ਲਈ ਆਪਣੇ ਤਿੰਨੋਂ ਪੁੱਤਰਾਂ ਪ੍ਰਿਥੀ ਚੰਦ, ਸ੍ਰੀ ਮਹਾਂਦੇਵ ਅਤੇ ਸ੍ਰੀ (ਗੁਰੂ) ਅਰਜਨ ਦੇਵ ਜੀ ਨੂੰ ਨਾਲ ਲੈ ਕੇ ਗੁਰੂ ਕੇ ਚੱਕ (ਅੰਮ੍ਰਿਤਸਰ) ਆ ਗਏ; ਸਭ ਤੋਂ ਪਹਿਲੀ ਸੇਵਾ ਜੋ ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਸੰਤੋਖਸਰ ਦੀ ਚਲ ਰਹੀ ਸੀ, ਉਸ ਨੂੰ ਅਰੰਭਿਆ ਅਤੇ ਜਿਸ ਟਾਹਲੀ ਹੇਠ ਬੈਠ ਕੇ ਆਪ ਜੀ ਸੇਵਾ ਕਰਵਾਇਆ ਕਰਦੇ ਸਨ, ਅੱਜਕਲ੍ਹ ਉਥੇ ਗੁਰਦੁਆਰਾ ਟਾਹਲੀ ਸਾਹਿਬ ਸੁਸ਼ੋਭਿਤ ਹੈ।ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵਿਆਹ 23 ਹਾੜ ਸੰਮਤ 1636 ਨੂੰ ਮੌ ਪਿੰਡ (ਤਹਿਸੀਲ ਫਿਲੌਰ) ਦੇ ਵਸਨੀਕ ਸ੍ਰੀ ਕਿਸ਼ਨ ਚੰਦ ਜੀ ਦੀ ਸਪੁੱਤਰੀ ਮਾਤਾ ਗੰਗਾ ਜੀ ਨਾਲ ਹੋਇਆ, ਉਸ ਵੇਲੇ ਆਪ ਜੀ ਦੀ ਉਮਰ 16 ਸਾਲ ਦੀ ਸੀ।ਜਦ ਮਾਤਾ ਗੰਗਾ ਜੀ ਮਨ ਵਿੱਚ ਪੁੱਤਰ ਪ੍ਰਾਪਤੀ ਦੀ ਇੱਛਾ ਲੈ ਬਾਬਾ ਬੁੱਢਾ ਜੀ ਲਈ ਹੱਥੀਂ ਪ੍ਰਸ਼ਾਦਾ ਤਿਆਰ ਕਰਕੇ ,ਬੀੜ ਸਾਹਿਬ ਪੁੱਜੇ ਤਾਂ ਪਰਸ਼ਾਦ ਛਕਣ ਲਗਿਆਂ ਪ੍ਰਸੰਨ ਚਿਤ ਮੁਦਰਾ ਵਿੱਚ ਹੋਏ ਬਾਬਾ ਜੀ ਦੇ ਵਰਦਾਨ ਨਾਲ ਮਾਤਾ ਗੰਗਾ ਜੀ ਦੀ ਕੁੱਖੋਂ 21 ਹਾੜ ਸੰਮਤ 1652 (19 ਜੂਨ 1595) ਨੂੰ ਛੇਵੇਂ ਗੁਰੂ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਯੋਧਾ ਪੁੱਤਰ ਦਾ ਜਨਮ ਹੋਇਆ।ਇਧਰ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਨਿੱਕੇ ਸਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਧਰਮ ਪ੍ਰਤੀ ਲਗਨ, ਪਿਆਰ, ਸਤਿਕਾਰ, ਸੁਭਾਅ ਵਿੱਚ ਨਿਮਰਤਾ ਆਦਿ ਦੇ ਗੁਣਾਂ ਨੂੰ ਦੇਖਦੇ ਹੋਏ 1 ਸਤੰਬਰ 1581 ਨੂੰ ਜੋਤੀ ਜੋਤਿ ਸਮਾਉਣ ਵੇਲੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ, ਬਾਬਾ ਬੁੱਢਾ ਸਾਹਿਬ ਜੀ ਹੱਥੋਂ ਗੁਰਿਆਈ ਦਾ ਤਿਲਕ ਬਖਸ਼ਿਸ਼ ਕੀਤਾ ਅਤੇ ਆਪ ਚੌਥੇ ਗੁਰੂ ਉਸੇ ਦਿਨ ਹੀ ਜੋਤੀ ਜੋਤਿ ਸਮਾ ਗਏ। ਉਸ ਵਕਤ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਮਰ 18 ਸਾਲ ਦੀ ਸੀ। ਦਸਤਾਰਬੰਦੀ ਦੀ ਰਸਮ ਤੋਂ ਬਾਅਦ ਆਪ ਜੀ ਅਕਤੂਬਰ ਮਹੀਨੇ ਸ੍ਰੀ ਅੰਮ੍ਰਿਤਸਰ ਆ ਗਏ।

ਹਰਿਮੰਦਰ ਸਾਹਿਬ ਤੇ ਹੋਰ ਗੁਰਦੁਆਰਿਆਂ ਦੀ ਸਥਾਪਨਾ

[ਸੋਧੋ]
                                                         ਗੁਰਗੱਦੀ ਤੇ ਬਿਰਾਜਮਾਨ ਹੋ ਕੇ ਆਪ ਜੀ ਨੇ ਧਰਮ ਪ੍ਰਚਾਰ ਦੇ ਨਾਲ-ਨਾਲ ਗੁਰੂ ਰਾਮਦਾਸ ਜੀ ਵੱਲੋਂ ਅਰੰਭੇ ਕਾਰਜਾਂ ਨੂੰ ਨੇਪਰੇ ਚਾੜ੍ਹਨਾ ਸ਼ੁਰੂ ਕੀਤਾ। ਸੰਗਤਾਂ ਦੇ ਨਾਲ-ਨਾਲ ਬਾਬਾ ਬੁੱਢਾ ਜੀ ਅਤੇ ਭਾਈ ਸਾਲ੍ਹੋ ਜੀ ਨੂੰ ਇਨ੍ਹਾਂ ਕੰਮਾਂ ਲਈ ਜਥੇਦਾਰ ਥਾਪਿਆ ਅਤੇ ਨਾਲ ਹੀ ਆਪ ਜੀ ਨੇ ਦੂਰ-ਦੂਰ ਤਕ ਗੁਰਸਿੱਖੀ ਨੂੰ ਪ੍ਰਚਾਰਿਆ। ਆਗਰੇ ਤੋਂ ਚੱਲ ਕੇ ਗੁਰੂ ਸਾਹਿਬ ਦੇ ਦਰਸ਼ਨਾਂ ਹਿਤ ਭਾਈ ਗੁਰਦਾਸ ਜੀ ਅੰਮ੍ਰਿਤਸਰ ਵਿਖੇ 1583 ਦੇ ਆਰੰਭ ਵਿੱਚ ਗੁਰੂ ਸਾਹਿਬ ਨੂੰ ਮਿਲੇ। ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਆਰੰਭੀ ਸੰਨ 1586 ਈ. ਵਿੱਚ ਸੰਤੋਖਸਰ ਗੁਰਦੁਆਰਾ ਸਾਹਿਬ ਦੀ ਸੇਵਾ ਵਿੱਚ ਭਾਈ ਗੁਰਦਾਸ ਜੀ ਨੇ ਅਹਿਮ ਯੋਗਦਾਨ ਪਾਇਆ, ਸਿੱਖੀ ਨੂੰ ਮਜ਼ਬੂਤ ਕਰਨ ਲਈ ਗੁਰੂ ਸਾਹਿਬ ਜੀ ਨੇ 3 ਜਨਵਰੀ, 1588 (ਮਾਘੀ ਵਾਲੇ ਦਿਨ) ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਦਾ ਪਵਿੱਤਰ ਕੰਮ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ (ਪੂਰਾ ਨਾਮ ਮੁਅਈਨ-ਉਲ-ਅਸਲਾਮ) ਤੋਂ ਕਰਵਾਇਆ। ਸ੍ਰੀ ਹਰਿਮੰਦਰ ਸਾਹਿਬ ਦੇ ਚਾਰੇ ਪਾਸੇ ਦਰਵਾਜ਼ੇ ਰਖਵਾਉਣ ਦਾ ਗੁਰੂ ਸਾਹਿਬ ਦਾ ਮੰਤਵ ਸਾਰੇ ਧਰਮਾਂ ਨੂੰ ਬਰਾਬਰ ਦਾ ਸਤਿਕਾਰ ਦੇਣਾ ਸੀ। ਸਰੋਵਰ ਵਿੱਚ ਬਿਰਾਜਮਾਨ ਸ੍ਰੀ ਹਰਿਮੰਦਰ ਸਾਹਿਬ ਦੀ ਮੂਰਤ ਅਤੇ ਦਿਨ-ਰਾਤ ਹੁੰਦਾ ਗੁਰਬਾਣੀ ਦਾ ਕੀਰਤਨ ਸੁਣ ਕੇ ਅਤੇ ਅਚਰਜ ਨਜ਼ਾਰੇ ਤੱਕ ਕੇ ਦੇਖਣ ਵਾਲੇ ਦੇ ਮਨ ਵਿੱਚ ਅਜਿਹਾ ਸਵਾਲ ਪੈਦਾ ਹੈ ਕਿ ਕੀ ਇਸ ਤੋਂ ਅੱਗੇ ਵੀ ਕੋਈ ਸੱਚਖੰਡ ਹੈ?

1590 ਤਕ ਗੁਰੂ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਵਿੱਚ ਰੁੱਝੇ ਰਹੇ ਅਤੇ ਇਸੇ ਹੀ ਸਾਲ ਗੁਰੂ ਸਾਹਿਬ ਨੇ 15 ਅਪ੍ਰੈਲ 1590 ਈ. ਬਾਬਾ ਬੁੱਢਾ ਜੀ ਦੇ ਅਰਦਾਸਾ ਸੋਧਣ ਉਪਰੰਤ ਤਰਨ ਤਾਰਨ ਸਰੋਵਰ ਦੀ ਨੀਂਹ ਰੱਖੀ, ਕਿਉਂਕਿ ਸਿੱਖੀ ਦੇ ਅਸੂਲ ਹਨ, ਆਪ ਤਰਨਾ ਅਤੇ ਦੂਜਿਆਂ ਨੂੰ ਤਾਰਨਾ ਅਤੇ ਗੁਰੂ ਸਾਹਿਬ ਦਾ ਮਨੋਰਥ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਪ੍ਰਚਾਰਨਾ ਸੀ ਅਤੇ ਖਾਸ ਕਰਕੇ ਇਸ ਇਲਾਕੇ ਦੇ ਹਾਕਮ ਨੂਰਦੀਨ ਅਤੇ ਉਸ ਦੇ ਪੁੱਤਰ ਅਮੀਰ ਦੀਨ ਅਤੇ ਸਖੀ ਸਰਵਰਾਂ ਦੇ ਵਧ ਰਹੇ ਮੁਸਲਮਾਨੀ ਪ੍ਰਭਾਵ ਨੂੰ ਰੋਕਣਾ ਸੀ, ਇਸ ਲਈ ਆਪ ਜੀ ਖੁਦ ਪ੍ਰਚਾਰ ਹਿੱਤ ਖਡੂਰ ਸਾਹਿਬ ਅਤੇ ਹੋਰ ਇਲਾਕਿਆਂ ਵਿੱਚ ਗਏ। ਤਰਨ ਤਾਰਨ ਵਿੱਚ ਕੋਹੜੀ ਘਰ ਬਣਵਾਉਣ ਉਪਰੰਤ ਸਰੋਵਰ ਦੇ ਪਾਣੀ ਨੂੰ ਅੰਮ੍ਰਿਤ ਰੂਪ ਵਿੱਚ ਬਦਲ ਕੇ ਕੋਹੜਿਆਂ ਦਾ ਕੋਹੜ ਹਮੇਸ਼ਾ ਲਈ ਖਤਮ ਕੀਤਾ।

ਗੁਰੂ ਗਰੰਥ ਸਾਹਿਬ ਦਾ ਸੰਪਾਦਨ

[ਸੋਧੋ]
                                  ਗੁਰੂ ਸਾਹਿਬ ਜੀ ਨੇ ਆਪਣੇ ਗੁਰਗੱਦੀ ਕਾਲ ਵਿਚ, ਸਭ ਤੋਂ ਮਹਾਨ ਕੰਮ ਇਲਾਹੀ ਬਾਣੀ ਰਚਣ ਅਤੇ ਪਹਿਲੇ ਗੁਰੂ ਸਾਹਿਬਾਂ ਦੀ, ਸੰਤਾਂ, ਭਗਤਾਂ ਦੀ ਬਾਣੀ ਨੂੰ ਇਕੱਤਰ ਕਰਨ ਦਾ ਕੀਤਾ। ਇਸ ਮਹਾਨ ਕੰਮ ਨੂੰ ਕਰਨ ਲਈ ਗੁਰੂ ਸਾਹਿਬ ਨੇ ਇਕਾਂਤ ਵਾਸ ਜਗ੍ਹਾ ਸ੍ਰੀ ਰਾਮਸਰ (ਗੁਰਦੁਆਰੇ ਸ਼ਸ਼ੋਭਿਤ) ਅੰਮ੍ਰਿਤਸਰ ਚੁਣੀ। ਆਪ ਜੀ ਨੇ ਸੰਨ 1601 ਤੋਂ ਲੈ ਕੇ ਅਗਸਤ 1604 ਦੇ ਲੰਮੇ ਅਰਸੇ ਦੌਰਾਨ ਇਹ ਕੰਮ ਸੰਪੂਰਨ ਕੀਤਾ ਅਤੇ ਇੱਕ ਮਹਾਨ ਗ੍ਰੰਥ ਤਿਆਰ ਕੀਤਾ ਜਿਸ ਵਿੱਚ 36 ਮਹਾਂਪੁਰਸ਼ਾਂ ਦੀ ਬਾਣੀ ਅੰਕਿਤ ਕੀਤੀ ਜਿਨ੍ਹਾਂ ਵਿੱਚ ਪੰਜ ਗੁਰੂ ਸਾਹਿਬਾਨ ਦੀ ਬਾਣੀ, 15 ਭਗਤਾਂ ਦੀ ਬਾਣੀ ਦਾ ਸੰਗ੍ਰਹਿ ਤਿਆਰ ਕੀਤਾ। ਇਸ ਸੇਵਾ ਲਈ ਭਾਈ ਗੁਰਦਾਸ ਜੀ ਨੇ ਆਪਣੀ ਲੇਖਣੀ ਦੁਆਰਾ ਮਹਾਨ ਯੋਗਦਾਨ ਪਾਇਆ। ਗੁਰੂ ਸਾਹਿਬ ਜੀ ਨੇ ਆਪਣੀ ਦੇਖ ਰੇਖ ਹੇਠ ਜਿਲਦ ਸਾਜ ਕੀਤੀ ਅਤੇ 30 ਅਗਸਤ 1604 ਨੂੰ ਇਸ ਇਲਾਹੀ ਗ੍ਰੰਥ ਦਾ ਪਹਿਲੀ ਵਾਰ ਦਰਬਾਰ ਸਾਹਿਬ ਅੰਦਰ ਪ੍ਰਕਾਸ਼ ਕੀਤਾ ਗਿਆ, ਬਾਬਾ ਬੁੱਢਾ ਜੀ ਨੇ ਪ੍ਰਥਮ ਗ੍ਰੰਥੀ ਦੇ ਤੌਰ ’ਤੇ ਪਹਿਲਾ ਹੁਕਮਨਾਮਾ ਲਿਆ।

ਗੁਰੂ ਸਾਹਿਬ ਦੀ ਸ਼ਹਾਦਤ

                             ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦੁੱਤੀ ਉਪਦੇਸ਼ਾਂ ਦਾ ਅਸਰ ਮੁਸਲਮਾਨ ਉਲਮਾਵਾਂ ਅਤੇ ਕਾਜ਼ੀਆਂ ਨੇ ਕਬੂਲਿਆ ਕਿਉਂਕਿ ਮੁਸਲਮਾਨ ਕੱਟੜਪੰਥੀ ਆਪਣੇ ਧਰਮ ਦੀ ਬਰਾਬਰੀ ਬਰਦਾਸ਼ਤ ਨਹੀਂ ਕਰ ਸਕਦੇ ਸਨ। ਅਕਬਰ ਦਾ ਪੁੱਤਰ ਜਹਾਂਗੀਰ ਜਦੋਂ ਤਖ਼ਤ ’ਤੇ ਬੈਠਾ ਤਾਂ ਵਿਰੋਧੀਆਂ ਨੇ ਗੁਰੂ ਸਾਹਿਬ ਵਿਰੁੱਧ ਉਸ ਦੇ ਕੰਨ ਭਰਨੇ ਸ਼ੁਰੂ ਕੀਤੇ। ਇਸ ਕੰਮ ਵਿੱਚ ਚੰਦੂ ਦੀ ਈਰਖਾ ਨੇ ਵੀ ਬਹੁਤ ਜ਼ਿਆਦਾ ਰੋਲ ਅਦਾ ਕੀਤਾ। ਜਹਾਂਗੀਰ ਨੇ ਮੁਰਤਜ਼ਾ ਖਾਨ ਨੂੰ ਕਿਹਾ ਕਿ ਗੁਰੂ ਸਾਹਿਬ ਦਾ ਮਾਲ ਅਸਬਾਬ ਜ਼ਬਤ ਕਰਕੇ ਉਨ੍ਹਾਂ ਨੂੰ ਉਸ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਜਹਾਂਗੀਰ ਨੇ ਗੁਰੂ ਸਾਹਿਬ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ਰਤ ਮੁਹੰਮਦ ਦੀ ਖੁਸ਼ਾਮਦ ਦੇ ਸ਼ਬਦ ਦਰਜ ਕਰਨ ਲਈ ਕਿਹਾ, ਜਿਸ ’ਤੇ ਗੁਰੂ ਸਾਹਿਬ ਨੇ ਸਾਫ ਇਨਕਾਰ ਕਰ ਦਿੱਤਾ। ਇੱਕ ਪਾਸੇ ਚੰਦੂ ਦੀ ਈਰਖਾ ਸੀ ਕਿ ਉਸ ਦੀ ਲੜਕੀ ਦਾ ਰਿਸ਼ਤਾ ਗੁਰੂ ਹਰਿਗੋਬਿੰਦ ਸਾਹਿਬ ਨੂੰ ਕਰਨ ਤੋਂ ਗੁਰੂ ਸਾਹਿਬ ਨੇ ਇਨਕਾਰ ਕਰ ਦਿੱਤਾ ਸੀ, ਅਖੀਰ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ ਗਿਆ, ਇਸ ਕੰਮ ਲਈ ਖਾਸ ਤੌਰ ’ਤੇ ਨਿਰਦਈ ਚੰਦੂ ਨੂੰ ਲਗਾਇਆ ਗਿਆ। ਗੁਰੂ ਸਾਹਿਬ ਨੂੰ ਤੱਤੀ ਤਵੀ ’ਤੇ ਬਿਠਾ ਕੇ ਸੀਸ ’ਤੇ ਤੱਤੀ ਰੇਤ ਪਾਈ ਗਈ ਅਤੇ ਬਾਅਦ ਵਿੱਚ ਉਬਲਦੇ ਪਾਣੀ ਦੀ ਦੇਗ ਵਿੱਚ ਪਾਇਆ ਗਿਆ। ਪਰ ਗੁਰੂ ਸਾਹਿਬ ਨੇ ‘ਤੇਰੇ ਭਾਣੇ ਵਿੱਚ ਅੰਮ੍ਰਿਤ ਵਸੇ’ ਦੀ ਧੁਨੀ ਜਾਰੀ ਰੱਖੀ ਅੰਤ 30 ਮਈ, 1606 ਨੂੰ ਛੇਵੇਂ ਦਿਨ ਗੁਰੂ ਸਾਹਿਬ ਦੇ ਪਾਵਨ ਸਰੀਰ ਨੂੰ ਰਾਵੀ ਦਰਿਆ ਦੇ ਕਿਨਾਰੇ ਲਿਜਾਇਆ ਗਿਆ ਅਤੇ ਰਾਵੀ ਦਰਿਆ ਵਿੱਚ ਰੋੜ੍ਹਿਆ ਗਿਆ।

ਪੰਜਾਬੀ ਸਾਹਿਤ ਵਿੱਚ ਯੋਗਦਾਨ ਗੁਰੂ ਅਰਜਨ ਦੇਵ ਜੀ ਦੀ ਪੰਜਾਬੀ ਸਾਹਿਤ ਨੂੰ ਸਭ ਤੋਂ ਵੱਡੀ ਦੇਣ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੈ, ਜਿਸ ਵਿੱਚ ਸੱਤ ਗੁਰੂ ਸਾਹਿਬਾਨ ਤੋਂ ਬਿਨਾਂ ਉਨ੍ਹਾਂ ਭਗਤਾਂ, ਸੂਫੀ ਫਕੀਰਾਂ, ਭੱਟਾਂ ਆਦਿ ਦੀ ਰਚਨਾ ਦਰਜ ਹੈ, ਜਿਹੜੀ ਗੁਰਮਤਿ ਦੇ ਆਸ਼ੇ ਦੇ ਅਨੁਕੂਲ ਸੀ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਵੱਧ ਬਾਣੀ ਦਰਜ ਹੈ, ਜਿਸਦੇ ਕੁੱਲ 2312 ਸ਼ਬਦ ਬਣਦੇ ਹਨ। ਆਪ ਜੀ ਦੀਆਂ ਮੁੱਖ ਰਚਨਾਵਾਂ ਹਨ (1) ਸੁਖਮਨੀ (2) ਬਾਰਹਮਾਂਹ (3) ਬਾਵਨ ਅੱਖਰੀ (4) ਫੁਨਹੇ (5) ਮਾਰੂ ਡਖਣੇ (6) ਵਾਰਾਂ, ਜਿੰਨ੍ਹਾਂ ਦੀ ਗਿਣਤੀ ਛੇ ਹੈ ।


ਗੁਰੂ ਤੇਗ ਬਹਾਦਰ ਜੀ

                  ਜੀਵਨ : 

ਗੁਰੂ ਤੇਗ਼ ਬਹਾਦੁਰ 1 ਅਪਰੈਲ 1621 – 11 ਨਵੰਬਰ 1675 20 ਮਾਰਚ 1665 ਨੂੰ ਸਿੱਖਾਂ ਦੇ ਨੌਵੇਂ ਗੁਰੂ ਬਣੇ। ਉਨ੍ਹਾਂ ਨੂੰ ਮੁਗਲ ਸਮਰਾਟ ਔਰੰਗਜ਼ੇਬ ਦੇ ਹੁਕਮ ਤੇ ਦਿੱਲੀ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ 1 ਅਪ੍ਰੈਲ 1621 ਦਿਨ ਐਤਵਾਰ ਨੂੰ ਮਾਤਾ ਨਾਨਕੀ ਜੀ ਦੀ ਕੁਖੋਂ ਅੰਮ੍ਰਿਤਸਰ ਵਿਖੇ ਹੋਇਆ। ਆਪ ਜੀ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜਵੇਂ ਅਤੇ ਸੱਭ ਤੋਂ ਛੋਟੇ ਸਪੁੱਤਰ ਸਨ। ਆਪ ਜੀ ਨੇ 9 ਸਾਲ ਦੇ ਕਰੀਬ ਸਮਾਂ ਅੰਮ੍ਰਿਤਸਰ ਵਿਖੇ ਗੁਜ਼ਾਰਿਆ ਅਤੇ ਫਿਰ ਕਰਤਾਰਪੁਰ ਜਿਲ੍ਹਾ ਜਲੰਧਰ ਵਿਖੇ ਚਲੇ ਗਏ। ਗੁਰੂ ਜੀ ਦੇ ਭੈਣ ਭਰਾਵਾਂ ਦੇ ਨਾਮ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜ ਮੱਲ, ਬਾਬਾ ਅਟੱਲ ਰਾਏ ਅਤੇ ਬੀਬੀ ਵੀਰੋ ਹਨ। ਕਸ਼ਮੀਰੀ ਪੰਡਿਤਾਂ ਦੀ ਫ਼ਰਿਆਦ ਔਰੰਗਜ਼ੇਬ ਦੇ ਜ਼ੁਲਮ ਦਾ ਸ਼ਿਕਾਰ ਬਣੇ ਕਸ਼ਮੀਰੀ ਪੰਡਿਤਾਂ ਦੀ ਫ਼ਰਿਆਦ ਕਿਸੇ ਪਾਸੇ ਨਾ ਸੁਣੀ ਗਈ ਤਾਂ ਉਨ੍ਹਾਂ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਲੈਣ ਦਾ ਨਿਸ਼ਚੈ ਕੀਤਾ। ਕਸ਼ਮੀਰੀ ਪੰਡਿਤਾਂ ਦਾ ਇੱਕ ਜਥਾ ਆਪਣੀ ਫ਼ਰਿਆਦ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਸ ਆਇਆ। ਕਸ਼ਮੀਰੀ ਪੰਡਿਤ ਕਿਰਪਾ ਰਾਮ ਤੋਂ ਉਨ੍ਹਾਂ ਦੀ ਦਰਦ ਕਹਾਣੀ ਸੁਣ ਕੇ ਗੁਰੂ ਜੀ ਨੇ “ਜੋ ਸਰਣਿ ਆਵੈ ਤਿਸੁ ਕੰਠਿ ਲਾਵੈ” ਮਹਾਂਵਾਕ ਅਨੁਸਾਰ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਬਾਬੇ ਨਾਨਕ ਦੇ ਦਰ ਤੋਂ ਮਾਯੂਸ ਨਹੀਂ ਪਰਤਣਗੇ। ਇਸ ਤੋਂ ਬਾਅਦ ਗੁਰੂ ਜੀ ਕਿਸੇ ਡੂੰਘੀ ਸੋਚ ਵਿੱਚ ਡੁੱਬ ਗਏ ਅਤੇ ਕੁਝ ਸਮੇਂ ਬਾਅਦ ਫ਼ੁਰਮਾਉਣ ਲੱਗੇ ਕਿ ਅਜੇ ਧਰਮ ਯੁੱਧ ਦਾ ਸਮਾਂ ਨਹੀਂ ਆਇਆ। ਇਸ ਸਮੇਂ ਕਿਸੇ ਮਹਾਨ ਆਤਮਾ ਦੀ ਸ਼ਹੀਦੀ ਦੀ ਲੋੜ ਹੈ। ਸਿਰਫ਼ ਕੁਰਬਾਨੀ ਨਾਲ ਹੀ ਡੁੱਬਦੇ ਧਰਮ ਨੂੰ ਬਚਾਇਆ ਜਾ ਸਕਦਾ ਹੈ। ਆਪ ਜੀ ਦੇ ਬਚਨ ਸੁਣ ਕੇ ਪੂਰੇ ਦਰਬਾਰ ਵਿੱਚ ਸੱਨਾਟਾ ਛਾ ਗਿਆ। ਆਪ ਜੀ ਦੇ ਸਪੁੱਤਰ ਬਾਲ ਗੋਬਿੰਦ ਰਾਇ ਜੀ ਨੇ ਆਪ ਜੀ ਤੋਂ ਇਸ ਖ਼ਾਮੋਸ਼ੀ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਜਵਾਬ ਦਿੱਤਾ ਕਿ ਅਤਿਆਚਾਰ ਦੇ ਭਾਂਬੜ ਬਹੁਤ ਉੱਚੇ ਚਲੇ ਗਏ ਹਨ। ਜਿਸ ਵਿੱਚ ਇਹ ਨਿਤਾਣੇ ਬਾਲਣ ਦੀ ਥਾਂ ਝੋਕੇ ਜਾ ਰਹੇ ਹਨ। ਹੁਣ ਕਿਸੇ ਮਹਾਂਪੁਰਖ ਦੇ ਬਲੀਦਾਨ ਦੀ ਲੋੜ ਹੈ ਜੋ ਆਪਣੇ ਪਵਿੱਤਰ ਖ਼ੂਨ ਦੇ ਛਿੱਟੇ ਮਾਰ ਕੇ ਬਲਦੇ ਹੋਏ ਭਾਂਬੜਾਂ ਨੂੰ ਸ਼ਾਂਤ ਕਰ ਸਕੇ। ਬਾਲ ਗੋਬਿੰਦ ਰਾਇ ਜੀ ਨੇ ਕਿਹਾ ਕਿ ਆਪ ਜੀ ਤੋਂ ਬਿਨਾਂ ਹੋਰ ਮਹਾਂਪੁਰਖ ਕੌਣ ਹੋ ਸਕਦਾ ਹੈ? ਆਪ ਆਪਣਾ ਬਲੀਦਾਨ ਦੇ ਕੇ ਇਨ੍ਹਾਂ ਦੇ ਡੁੱਬਦੇ ਹੋਏ ਧਰਮ ਦੀ ਰੱਖਿਆ ਕਰੋ। ਆਪਣੇ ਬਾਲ ਦੇ ਨਿੱਕੇ ਜਿਹੇ ਮੂੰਹੋਂ ਏਨੀ ਵੱਡੀ ਗੱਲ ਸੁਣ ਕੇ ਗੁਰੂ ਜੀ ਨੂੰ ਵਿਸ਼ਵਾਸ ਹੋ ਗਿਆ ਕਿ ਇਹ ਬਾਲਕ ਆਉਣ ਵਾਲੀ ਹਰ ਔਖੀ ਤੋਂ ਔਖੀ ਘੜੀ ਦਾ ਸਾਹਮਣਾ ਕਰਨ ਲਈ ਹਰ ਪੱਖੋਂ ਸਮਰੱਥ ਹੈ। ਆਪ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਕੁਰਬਾਨੀ ਦੇਣ ਦਾ ਫ਼ੈਸਲਾ ਕਰ ਲਿਆ। ਗੁਰੂ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਕਿਹਾ ਕਿ ਤੁਸੀਂ ਨਿਸ਼ਚਿੰਤ ਹੋ ਕੇ ਜਾਓ ਤੇ ਔਰੰਗਜ਼ੇਬ ਨੂੰ ਕਹਿ ਦਿਓ ਕਿ ਜਾਹ! ਪਹਿਲਾਂ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾ ਲੈ। ਜੇ ਉਨ੍ਹਾਂ ਨੇ ਇਸਲਾਮ ਧਰਮ ਕਬੂਲ ਕਰ ਲਿਆ ਤਾਂ ਅਸੀਂ ਖ਼ੁਸ਼ੀ-ਖੁਸ਼ੀ ਮੁਸਲਮਾਨ ਬਣ ਜਾਵਾਂਗੇ। ਕੁਰਬਾਨੀ ਇਸ ਤਰ੍ਹਾਂ ਗੁਰੂ ਜੀ ਬਾਲ ਗੋਬਿੰਦ ਰਾਇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਦੇ ਦਸਵੇਂ ਵਾਰਿਸ ਥਾਪ ਕੇ ਆਪ ਕਸ਼ਮੀਰੀ ਪੰਡਿਤਾਂ ਦੀ ਰੱਖਿਆ ਲਈ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਜੈਤਾ ਜੀ ਅਤੇ ਭਾਈ ਦਿਆਲਾ ਜੀ ਆਦਿ ਸਿੱਖਾਂ ਨਾਲ ਦਿੱਲੀ ਵੱਲ ਕੁਰਬਾਨੀ ਦੇਣ ਚੱਲ ਪਏ।ਜਦੋਂ ਗੁਰੂ ਜੀ ਨੂੰ ਇਸਲਾਮ ਦੇ ਨਸ਼ੇ ਵਿੱਚ ਧੁੱਤ ਔਰੰਗਜ਼ੇਬ ਦੇ ਸਾਹਮਣੇ ਲਿਆਂਦਾ ਗਿਆ ਤਾਂ ਉਸ ਨੇ ਇਸਲਾਮ ਦੀ ਮਹਿਮਾ ਗਾਉਂਦਿਆਂ ਆਪ ਜੀ ਨੂੰ ਇਸਲਾਮ ਕਬੂਲਣ ਲਈ ਪ੍ਰੇਰਿਆ। ਪਰ ਗੁਰੂ ਜੀ ਨੇ ਉਸ ਦੀ ਉਮੀਦ ਦੇ ਉਲਟ ਉੱਤਰ ਦਿੱਤਾ ਕਿ ਧਰਮ ਜ਼ਬਰਦਸਤੀ ਤਲਵਾਰਾਂ ਦੀ ਨੋਕ ਉੱਤੇ ਨਹੀਂ ਬਦਲਾਇਆ ਜਾ ਸਕਦਾ। ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਕੇ ਨਾ ਤਾਂ ਤੁਸੀਂ ਸੱਚੇ ਮੁਸਲਮਾਨ ਹੋਣ ਦਾ ਸੰਕੇਤ ਦੇ ਰਹੇ ਹੋ, ਨਾ ਹੀ ਰੱਬ ਦੀ ਰਜ਼ਾ ਵਿੱਚ ਚੱਲ ਰਹੇ ਹੋ ਅਤੇ ਨਾ ਹੀ ਆਪਣੀ ਪਰਜਾ ਪ੍ਰਤੀ ਆਪਣੇ ਕਰਤੱਵ ਦਾ ਪਾਲਣ ਕਰ ਰਹੇ ਹੋ। ਬਾਦਸ਼ਾਹ ਹੋਣ ਦੇ ਨਾਤੇ ਤੁਹਾਡਾ ਫ਼ਰਜ਼ ਹੈ ਕਿ ਤੁਸੀਂ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਬਰਾਬਰ ਸਮਝੋ। ਪਰ ਇਸ ਦੇ ਉਲਟ ਤੁਸੀਂ ਤਾਂ ਹਿੰਦੂਆਂ ਨੂੰ ਆਪਣੇ ਅੰਨ੍ਹੇ ਜ਼ੁਲਮ ਦਾ ਸ਼ਿਕਾਰ ਬਣਾਇਆ ਹੈ। ਔਰੰਗਜ਼ੇਬ! ਤੇਰੇ ਇਸ ਜ਼ੁਲਮ ਨੂੰ ਠੱਲ੍ਹ ਪਾਉਣ ਲਈ ਅਤੇ ਮਾਸੂਮ ਹਿੰਦੂਆਂ ਦੀ ਰੱਖਿਆ ਲਈ ਅਸੀਂ ਮੈਦਾਨ ਵਿੱਚ ਆ ਨਿੱਤਰੇ ਹਾਂ। ਤੂੰ ਤਾਂ ਬਾਦਸ਼ਾਹ ਹੋਣ ਦੇ ਨਾਤੇ ਆਪਣੀ ਪਰਜਾ ਤੋਂ ਮੂੰਹ ਮੋੜੀ ਬੈਠਾ ਹੈਂ ਪਰ ਅਸੀਂ ਇਨ੍ਹਾਂ ਮਜ਼ਲੂਮਾਂ ਦੀ ਬਾਂਹ ਪਕੜ ਲਈ ਹੈ। ਔਰੰਗਜ਼ੇਬ ਦੇ ਹੁਕਮ ਅਨੁਸਾਰ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ। ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿੱਚ ਸੁੱਟ ਦਿੱਤਾ ਗਿਆ। ਇਸ ਪ੍ਰਕਾਰ ਇੱਕ-ਇੱਕ ਕਰਕੇ ਗੁਰੂ ਜੀ ਦੇ ਮੁਰੀਦਾਂ ਨੂੰ ਅਣਮਨੁੱਖੀ ਤਸੀਹੇ ਦੇ ਕੇ ਹੋਣੀ ਦੀ ਭੱਠੀ ਵਿੱਚ ਝੋਕ ਦਿੱਤਾ ਗਿਆ ਜਿਸ ਨੂੰ ਵੇਖ ਕੇ ਗੁਰੂ ਜੀ ਡੋਲੇ ਨਹੀਂ ਸਗੋਂ ਉਨ੍ਹਾਂ ਦਾ ਸਿਦਕ ਹੋਰ ਵੀ ਅਡੋਲ ਹੋ ਗਿਆ। ਅੰਤ ਮਿਤੀ 11 ਨਵੰਬਰ, 1675 ਈ: ਨੂੰ ਚਾਂਦਨੀ ਚੌਕ ਵਿਖੇ ਕਾਜ਼ੀ ਨੇ ਫ਼ਤਵਾ ਪੜ੍ਹਿਆ। ਜੱਲਾਦ ਜਲਾਲਦੀਨ ਨੇ ਤਲਵਾਰ ਨਾਲ ਵਾਰ ਕੀਤਾ ਅਤੇ ਗੁਰੂ ਸਾਹਿਬ ਦਾ ਸੀਸ ਧੜ ਨਾਲੋਂ ਅਲੱਗ ਹੋ ਗਿਆ। ਪਰ ਆਪਣੇ ਮੂੰਹੋਂ ਸੀਅ ਨਾ ਉਚਾਰੀ। ਆਪ ਜੀ ਦੀ ਅਦੁੱਤੀ ਸ਼ਹਾਦਤ ਬਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਨੇ ‘ਬਚਿਤਰ ਨਾਟਕ’ ਵਿੱਚ ਲਿਖਿਆ ਹੈ: ਤਿਲਕ ਜੰਞੂ ਰਾਖਾ ਪ੍ਰਭ ਤਾਕਾ॥ ਕੀਨੋ ਬਡੋ ਕਲੂ ਮਹਿ ਸਾਕਾ॥ ਸਾਧਨ ਹੇਤਿ ਇਤੀ ਜਿਨਿ ਕਰੀ॥ ਸੀਸੁ ਦੀਯਾ ਪਰੁ ਸੀ ਨ ਉਚਰੀ॥ ਧਰਮ ਹੇਤ ਸਾਕਾ ਜਿਨਿ ਕੀਆ॥ ਸੀਸੁ ਦੀਆ ਪਰੁ ਸਿਰਰੁ ਨ ਦੀਆ॥ ਗੁਰੂ ਜੀ ਦੀ ਸ਼ਹਾਦਤ ਨੇ ਉਸ ਸਮੇਂ ਦੇ ਮਜ਼ਲੂਮਾਂ, ਨਿਤਾਣਿਆਂ, ਨਿਓਟਿਆਂ ਅਤੇ ਨਿਮਾਣਿਆਂ ਦੇ ਹਿਰਦੇ ਵਿੱਚ ਇੱਕ ਨਵੀਂ ਰੂਹ ਫੂਕੀ। ਆਪ ਜੀ ਦੀ ਕੁਰਬਾਨੀ ਨਾ ਸਿਰਫ਼ ਸਮਕਾਲੀਨ ਸਮਾਜ ਲਈ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਪ੍ਰੇਰਨਾ-ਸਰੋਤ ਬਣੀ।ਅੱਜ 21ਵੀਂ ਸਦੀ ਦੇ ਸੰਦਰਭ ਵਿੱਚ ਇਸ ਸ਼ਹਾਦਤ ਦੀ ਮਹੱਤਤਾ ਹੋਰ ਵੀ ਦ੍ਰਿੜ੍ਹ ਹੋ ਜਾਂਦੀ ਹੈ ਕਿਉਂਕਿ ਅੱਜ ਫਿਰ ਸਾਡਾ ਸਮਾਜ ਭਾਸ਼ਾ ਦੇ ਨਾਂ ’ਤੇ, ਧਰਮ ਦੇ ਨਾਂ ’ਤੇ ਅਣਗਿਣਤ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਗੁਰੂ ਜੀ ਦੀ ਲਾਸਾਨੀ ਸ਼ਹਾਦਤ ਦੀ ਰੋਸ਼ਨੀ ਹੀ ਇਨ੍ਹਾਂ ਕੱਟੜਤਾ ਦੇ ਨਸ਼ੇ ਵਿੱਚ ਅੰਨ੍ਹੇ ਹੋਏ ਹਿੰਸਾਵਾਦੀਆਂ ਨੂੰ ਚਾਨਣ ਦੀ ਕਿਰਨ ਪ੍ਰਦਾਨ ਕਰ ਸਕਦੀ ਹੈ। ਅੱਜ ਦੇ ਦਿਨ ਉਸ ਮਹਾਨ ਸ਼ਹੀਦ ਨੂੰ ਸਾਡੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਮਨੁੱਖ ਦੇ ਬਣਾਏ ਧਰਮ ਤੋਂ ਉੱਪਰ ਉੱਠ ਕੇ ਸਰਬ-ਸਾਂਝੇ ਧਰਮ ਅਰਥਾਤ ਮਾਨਵਤਾ, ਅਹਿੰਸਾ, ਦਇਆ, ਅਮਨ ਅਤੇ ਅਖੰਡਤਾ ਦੇ ਰਸਤੇ ਉੱਪਰ ਕਦਮ ਧਰੀਏ। [1][2][3][4]

ਕਿੱਸਾ ਕਾਵਿ

[ਸੋਧੋ]

ਅਸੀਂ ਕਿੱਸਾ ਕਾਵਿ ਦਾ ਠੀਕ ਮੁੱਢ ਨਾਨਕ ਕਾਲ ਤੋਂ ਹੀ ਮਿੱਥਦੇ ਹਾਂ। ਫ਼ਾਰਸੀ ਕਵਿਤਾ ਦਾ ਪ੍ਰਸਿੱਧ ਰੂਪ ‘ਮਸਨਵੀ’ ਪੰਜਾਬੀ ਕਿੱਸੇ ਦਾ ਅਧਾਰ ਆਖਿਆ ਜਾਂਦਾ ਹੈ। ਕਿਉਂਜੋ ਫ਼ਾਰਸੀ ਕਵਿਤਾ ਵਿੱਚ ਲੰਬੀ ਕਹਾਣੀ ਨੂੰ ਇਹੀ ਨਾਂ ਦਿੱਤਾ ਗਿਆ ਹੈ।ਪਰ ਜਿੱਥੇ ਫ਼ਾਰਸੀ ਮਸਨਵੀ ਵਿੱਚ ਹਰ ਪ੍ਰਕਾਰ ਦਾ ਵਿਸ਼ਾ ਲੈ ਲਿਆ ਜਾਂਦਾ ਸੀ ਉਥੇ ਪੰਜਾਬੀ ਕਵੀਆਂ ਨੇ ਕੇਵਲ ਇਸ਼ਕ ਪੇ੍ਰਮ ਦੀ ਕਹਾਣੀ ਨੂੰ ਕਿੱਸਾ ਆਖਿਆ ਹੈ। ਗੁਰੂ ਨਾਨਕ ਕਾਲ ਦੇ ਪ੍ਰਮੁੱਖ ਕਿੱਸਾਕਾਰ ਹਨ:- ਦਮੋਦਰ, ਪੀਲੂ, ਹਾਫ਼ਜ਼ ਬਰਖ਼ੁਰਦਾਰ, ਅਹਿਮਦ ਗੁਜਰ ਹਨ।ਪੰਜਾਬੀ ਸਾਹਿਤ ਵਿੱਚ ਕਿੱਸਿਆਂ ਦਾ ਇੱਕ ਵਿਸ਼ੇਸ਼ ਸਥਾਨ ਹੈ। ‘ਕਿੱਸਾ’ ਸ਼ਬਦ ਅਰਬੀ ਭਾਸ਼ਾ ਦੇ ਸ਼ਬਦ ‘ਕਸ’ ਤੋਂ ਬਣਿਆ ਹੈ ਜਿਸ ਦੇ ਅਰਥ ਹਨ- ਕਿਸੇ ਵਿਅਕਤੀ ਦੀ ਕਹਾਣੀ, ਕਥਾ ਜਾਂ ਬਿਰਤਾਂਤ। ਕਿਸੇ ਪ੍ਰੀਤ-ਜੋੜੇ ਦੀ ਕਹਾਣੀ ਨੂੰ ਪੇਸ਼ ਕਰਨਾ ਕਿੱਸਾ-ਕਾਵਿ ਦਾ ਬੁਨਿਆਦੀ ਲੱਛਣ ਹੈ। ਇਸ ਵਿੱਚ ਪ੍ਰੇਮਮਈ, ਬੀਰ ਰਸੀ, ਉਪਦੇਸ਼ਤਾਮਿਕ ਤੇ ਪਰਾਭੌਤਿਕ ਕਥਾ ਨੂੰ ਬਿਆਨ ਕੀਤਾ ਜਾਂਦਾ ਹੈ। ਵੱਖ-ਵੱਖ ਕਵੀਆਂ ਵੱਲੋਂ ਲਗਭਗ ਹਰ ਕਾਲ ਵਿੱਚ ਲਿਖੀਆਂ ਅਨੇਕਾਂ ਪ੍ਰੇਮ ਕਥਾਵਾਂ ਸਾਨੂੰ ਕਿੱਸਾ ਰੂਪ ਵਿੱਚ ਮਿਲਦੀਆਂ ਹਨ। ਕਹਾਣੀਆਂ ਸੁਣਾਉਣ ਦਾ ਰਿਵਾਜ਼ ਬਹੁਤ ਪੁਰਾਣਾ ਹੈ। ਇਹਨਾਂ ਕਹਾਣੀਆਂ ਨੂੰ ਸਾਹਿਤ ਵਿੱਚ ਲਿਆਉਣ ਲਈ ਕਵਿਤਾ ਨੂੰ ਮਾਧਿਅਮ ਬਣਾਇਆ ਗਿਆ ਸੀ ਅਤੇ ਇਹਨਾਂ ਕਵਿਤਾਵਾਂ ਵਿੱਚ ਲਿਖੀਆਂ ਗਈਆਂ ਕਹਾਣੀਆਂ ਨੂੰ ਹੀ ਕਿੱਸਾ ਕਿਹਾ ਜਾਣ ਲੱਗਾ। ਪੰਜਾਬੀ ਵਿੱਚ ਹੀਹਰ ਰਾਂਝਾ, ਸੱਸੀ ਪੁਨੂੰ, ਸੋਹਣੀ-ਮਹਿਵਾਲ, ਮਿਰਜ਼ਾਂ ਸਾਹਿਬਾ ਆਦਿ ਕਿੱਸੇ ਮਿਲਦੇ ਹਨ। ਜਿਹੜੇ ਅੱਜ ਵੀ ਪੰਜਾਬ ਦੇ ਲੋਕਾਂ ਦੀਆਂ ਜ਼ੁਬਾਨਾ ਉੱਪਰ ਚੜੇ ਹੋਏ ਹਨ। ਇਹਨਾਂ ਕਿੱਸਿਆਂ ਦੀਆਂ ਜੜ੍ਹਾ ਪੂਰੇ ਪੰਜਾਬ ਵਿੱਚ ਬਹੁਤ ਡੂੰਘੀਆਂ ਹਨ। ਡਾ. ਮੋਹਨ ਸਿੰਘ ਦੀਵਾਨਾ ਦਾ ਕਥਨ ਹੈ ਕਿ ਪੰਜਾਬੀ ਵਿੱਚ ਆਮ ਤੌਰ ਤੇ ਕਿੱਸੇ ਦੇ ਅਰਥ ਕਲਪਿਤ ਜਾਂ ਅਰਧ ਕਲਪੀ ਵਾਰਤਾ ਲਈ ਲਿਆ ਜਾਂਦਾ ਹੈ ਡਾ. ਦੀਵਾਨ ਸਿੰਘ ਲਿਖਦਾ ਹੈ “ਕਿੱਸਾ ਅਰਬੀ ਜ਼ੁਬਾਨ ਦਾ ਲਫ਼ਜ ਹੈ ਜਿਸਦਾ ਅਰਥ ਹੈ: ਅਫ਼ਸਾਨਾ, ਕਹਾਣੀ, ਗੱਲ, ਜ਼ਕਾਦਿਤ, ਸਰਗੁਜ਼ਸ਼ਤ ਆਦਿ ਤੋਂ ਅੰਤ ਦਾ ਹਾਲ ਖੋਲ੍ਹ ਕੇ ਬਿਆਨ ਕਰਨਾ ਹੈ।”ਇਸ ਤਰ੍ਹਾਂ ਅਸੀਂ ਦੂਜੇ ਸ਼ਬਦਾਂ ਵਿੱਚ “ਪੰਜਾਬੀ ਵਿੱਚ ਕਿੱਸਾ ਉਸ ਛੰਦ-ਬੱਧ ਬਿਰਤਾਂਤਿਕ ਰਚਨਾ ਨੂੰ ਕਿਹਾ ਜਾਂਦਾ ਹੈ, ਜਿਸ ਵਿੱਚ ਕਥਾਨਕ ਦਾ ਸਬੰਧ ਪੇ੍ਰਮ, ਰੋਮਾਂਸ, ਬੀਰਤਾ, ਭਗਤੀ, ਦੇਸ਼ ਪ੍ਰੇਮ, ਧਰਮ ਜਾਂ ਸਮਾਜ ਸੁਧਾਰ ਨਾਲ ਹੋਵੇ।” ਇਹਨਾਂ ਸਾਰੇ ਵਿਦਵਾਨਾ ਦੀਆਂ ਉਦਾਹਰਨਾਂ ਤੋਂ ਇਹ ਸਿੱਧ ਹੁੰਦਾ ਹੈ ਕਿ ‘ਕਿੱਸੇ’ ਦਾ ਅਰਥ ਕਹਾਣੀ, ਕਥਾ ਜਾਂ ਬਿਰਤਾਂਤ ਆਦਿ ਤੋਂ ਹੀ ਲਿਆ ਜਾਂਦਾ ਹੈ। ਪੰਜਾਬੀ ਕਿੱਸੇ ਦਾ ਆਰੰਭ

                       ਪੰਜਾਬੀ ਕਿੱਸਾ ਕਾਵਿ ਦੇ ਉਦਭਵ ਸੰਬੰਧੀ ਪੰਜਾਬੀ ਸਾਹਿਤ ਦੇ ਵਿਦਵਾਨਾਂ ਦਾ ਵਧੇਰੇ ਮਤ ਇਹੋ ਰਿਹਾ ਹੈ ਕਿ ਇਹ ਕਾਵਿ ਧਾਰਾ ਮਸਨਵੀ ਪਰੰਪਰਾ ਰਾਹੀਂ ਪੰਜਾਬ ਵਿੱਚ ਆਇਆ।ਡਾ. ਕੁਲਬੀਰ ਸਿੰਘ ਕਾਂਗ ਦਾ ਵੀ ਇਹੋ ਮਤ ਹੈ ਕਿ ਪੰਜਾਬੀ ਕਿੱਸਾ ਫ਼ਾਰਸੀ ਦੀ ਮਸਨਵੀ ਪਰੰਪਰਾ ਦਾ ਵਧੇਰੇ ਰਿਣੀ ਹੈ। ਪੰਜਾਬ ਕਈ ਸਦੀਆਂ ਤੱਕ ਈਰਾਨ ਦੇ ਅਧੀਨ ਰਿਹਾ ਹੈ। ਇੱਥੇ ਕਈ ਪ੍ਰਸਿੱਧ ਫ਼ਾਰਸੀ ਸ਼ਾਇਰ ਹੋਏ ਬਾਅਦ ਵਿੱਚ ਫ਼ਾਰਸੀ ਅੱਠ ਸੌ ਸਦੀਆਂ ਸਰਕਾਰੀ ਭਾਸ਼ਾ ਦੇ ਰੂਪ ਵਿੱਚ ਰਾਜ ਕਰਦੀ ਰਹੀ। ਫ਼ਾਰਸੀ ਸਾਹਿਤ ਤੇ ਵਿਸ਼ੇਸ਼ ਕਰ ਕਿੱਸਾਕਾਰੀ, ਜਿਸ ਵਾਹਨ ਮਸਨਵੀ ਸੀ, ਦਾ ਪ੍ਰਭਾਵ ਪੰਜਾਬੀ ਕਿੱਸਾਕਾਰੀ ਨੇ ਬਹੁਤ ਹੱਦ ਤੱਕ ਕਬੂਲਿਆ। [੪] ਪੰਜਾਬੀ ਵਿੱਚ ਕਿੱਸਾ ਲਿਖਣ ਦਾ ਮੋਢੀ ਦਮੋਦਰ ਨੂੰ ਮੰਨਿਆ ਜਾਂਦਾ ਹੈ। ਉਸਨੇ ਪਹਿਲੀ ਵਾਰ ਪੰਜਾਬੀ ਵਿੱਚ ‘ਹੀਰ’ ਦਾ ਕਿੱਸਾ ਲਿਖਿਆ ਅਤੇ ਪੰਜਾਬੀ ਵਿੱਚ ਕਿੱਸਾ ਲਿਖਣ ਦੀ ਪਰੰਪਰਾ ਸ਼ੁਰੂ ਕੀਤੀ। ਪਰੰਤੂ ਕੁਝ ਵਿਦਵਾਨ ਦਮੋਦਰ ਤੋਂ ਪਹਿਲਾਂ ਕਿੱਸਾ ਰਚਨ ਬਾਰੇ ਸੰਕੇਤ ਕਰਦੇ ਹਨ। ਡਾ. ਮੋਹਨ ਸਿੰਘ ਦੀਵਾਨ ਦਮੋਦਰ ਤੋਂ ਪਹਿਲਾਂ ਦੋ ਕਿੱਸਿਆਂ ਦਾ ਵਰਨਣ ਕਰਦਾ। ਉਸ ਅਨੁਸਾ ਦਮੋਦਰ ਤੋਂ ਪਹਿਲਾਂ ਪੁਸ਼ਯਕਵੀ ਦੁਆਰਾ ਸੱਸੀ ਪੁੰਨੂੰ ਤੇ ਮੁਲਾ ਦਾਊਦ ਦੇ ਚਾਂਦ ਨਾਮੇ ਨਾਂ ਦਾ ਕਿੱਸਾ ਲਿਖਿਆ ਹੈ। ਡਾ. ਮੋਹਨ ਸਿੰਘ ਨੇ 12 ਵੀਂ ਸਦੀ ਵਿੱਚ ਪੁਸ਼ਯ ਕਵੀ ਦੁਆਰਾ ਰਚੇ ‘ਸੱਸੀ ਪੁੰਨੂੰ’ ਦੇ ਕਿੱਸੇ ਦਾ ਜ਼ਿਕਰ ਕੀਤਾ ਹੈ, ਪਰ ਇਹ ਕਿੱਸਾ ਮੂਲੋ ਹੀ ਅਪ੍ਰਾਪਤ ਹੈ। ਪੰਜਾਬੀ ਵਿੱਚ ਕਿੱਸਿਆ ਦੇ ਲਿਖਤੀ ਰੂਪ ਵਿੱਚ ਆਉਣ ਤੋਂ ਪਹਿਲਾਂ ਭੱਟ-ਮਰਾਸੀ ਤੇ ਭਰਾਈ ਆਦਿ ਪ੍ਰੀਤ-ਕਥਾਵਾਂ ਨੂੰ ਛੰਦ-ਬੱਧ ਕਰਦੇ ਸਨ ਤੇ ਜ਼ਬਾਨੀ ਯਾਦ ਰੱਖ ਕੇ ਪੀੜ੍ਹੀਓ-ਪੀੜ੍ਹੀ ਗਾ ਕੇ ਲੋਕਾਂ ਨੂੰ ਖੁਸ਼ ਕਰਨ ਦਾ ਧੰਦਾ ਕਰਦੇ ਸਨ। ਇਨ੍ਹਾਂ ਦੁਆਰਾ ਗਾਏ ਜਾਂਦੇ ਕਿੱਸਿਆ ਦੀ ਗਵਾਹੀ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਆਏ ਹਵਾਲੇ ਤੋਂ ਹੀ ਮਿਲਦੀ ਹੈ। ਭਾਵੇਂ ਡਾ. ਮੋਹਨ ਸਿੰਘ ਦੀਵਾਨ ਕਿੱਸਾ ਕਾਵਿ ਦਾ ਮੁੱਢ ਪੂਰਵ ਨਾਨਕ ਕਾਲ ਵਿੱਚ ਹੀ ਮਿਥਦੇ ਹਨ ਪਰ ਇਹਲਾਂ ਰਚਨਾਵਾਂ ਦੇ ਨਮੂਨੇ ਪੂਰੀ ਤਰ੍ਹਾਂ ਪ੍ਰਾਪਤ ਨਾ ਹੋਣ ਕਰਕੇ ਇਹਨਾਂ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਏਸੇ ਤਰ੍ਹਾਂ ਕੁਝ ਉਹਨਾਂ ਕਿੱਸਿਆਂ ਦੇ ਕੁਝ ਇੱਕ ਧਾਰਮਿਕ ਤੇ ਲੌਕਿਕ ਕਥਾਵਾਂ ਦੇ ਅਧਾਰ ਤੇ ਕਿੱਸੇ ਲਿਖੇ ਜਾਣ ਦੀਆਂ ਸੰਭਾਵਨਾਵਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਪਰ ਉਹਨਾ ਦੀਆਂ ਕ੍ਰਿਤਾਂ ਦੇ ਵੀ ਕੋਈ ਪ੍ਰਮਾਣ ਸਾਡੇ ਤਕ ਨਹੀਂ ਪੁੱਜੇ। ਇਸ ਲਈ ਕਿੱਸਾ ਕਾਵਿ ਦਾ ਅਸਲ ਮੁੱਢ ਅਸੀਂ ਗੁਰੂ ਨਾਨਕ ਕਾਲ ਤੋਂ ਸਿਖਦੇ ਹਾਂ। ਇਸ ਲਈ ਪੰਜਾਬੀ ਕਿੱਸਾ ਕਾਵਿ ਦਾ ਆਰੰਭ ਸ੍ਰੀ ਗਣੇਸ਼, ਦਮੋਦਰ ਦੀ ਹੀਰ ਨਾਲ ਹੀ ਮੰਨਿਆ ਜਾਂਦਾ ਹੈ ਭਾਵੇਂ ਕਿੱਸਾ ਕਾਵਿ ਦੀ ਹੋਂਦ ਬਾਰੇ ਦਮੋਦਰ ਤੋਂ ਪਹਿਲਾਂ ਵੀ ਸੰਕੇਤ ਮਿਲਦੇ ਹਨ ਪਰ ਅਜੇ ਤੱਕ ਕੋਈ ਸੰਪੂਰਨ ਕਿੱਸਾ ਪ੍ਰਾਪਤ ਨਹੀਂ ਹੋਇਆ। [੬] ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਪੰਜਾਬੀ ਵਿੱਚ ਪਹਿਲਾ ਸਕਾਨਕ ਕਿੱਸਾ ਦਮੋਦਰ ਦੁਆਰਾ ਰਚਿਤ ਹੀਰ ਰਾਂਝਾ ਹੈ।“ਪੰਜਾਬੀ ਵਿੱਚ ਸਥਾਲਕ ਕਿੱਸਿਆਂ ਦੀ ਪਰੰਪਰਾ ਹੀਰ ਰਾਂਝਾ ਤੋਂ ਸ਼ੁਰੂ ਹੁੰਦੀ ਹੈ ਤੇ ਇਸ ਦਾ ਪਹਿਲਾ ਰਚਨਾਹਾਰ ਕਵੀ ਦਮੋਦਰ ਸੀ। ਇਸ ਤੋਂ ਇਲਾਵਾ ਸੋਹਣੀ ਮਾਹੀਂਵਾਲ, ਸੱਸੀ ਪੁੰਨੂੰ, ਮਿਰਜਾ ਸਾਹਿਬਾ, ਪੂਰਨ ਭਰਤ, ਰਾਜਾ ਰਸਾਲੂ, ਰੋਡਾ ਜਲਾਲੀ, ਰੂਪ-ਬਸੰਤ ਅਦਿਕ ਪੰਜਾਬ ਦੇ ਸਥਾਨਕ ਪ੍ਰੀ ਕਿੱਸੇ ਹਨ ਇਕ ਵਿਦਵਾਨ ਪੰਡਿਤ ਚੰਦਰ ਕਾਂਤ ਬਾਲੀ ਦਾ ਕਥਨ ਹੈ ਕਿ ਦਮੋਦਰ ਦੁਆਰਾ ਦਿੱਤਾ ਗਿਆ 1529 ਸੰਮਤ ਅਸਲ ਵਿੱਚ ਸ਼ਾਲੀ ਵਾਹਨ ਬਿਕ੍ਰਮੀ ਸ਼ਕ ਸੰਮਤ ਹੈ। ਜੇ ਇਸ ਵਿੱਚ 90 ਵਰ੍ਹੇ ਹੋਰ ਜੋੜ ਦਿੱਤੇ ਜਾਣ ਤਾਂ ਸੰਮਤ 1619 ਬਿਕ੍ਰਮੀ ਬਣ ਜਾਂਦਾ ਹੈ। ਡਾ. ਮੋਹਨ ਸਿੰਘ ਦੀਵਾਨਾ ਦਮੋਦਰ ਬਾਰੇ ਲਿਖਦੇ ਹਨ-‘ਦਮੋਦਰ ਪਹਿਲੀ ਪਾਤਸ਼ਾਹੀ ਤੋਂ ਤੀਜੀ ਪਾਤਸ਼ਾਹੀ ਦਾ ਸਮਕਾਲੀਨ ਹੋਇਆ ਪਰ ਇਹ ਗੱਲ ਠੀਕ ਨਹੀਂ ਜਾਪਦੀ।’ ਦਮੋਦਰ ਦੀ ਹੀਰ ਸੁਖਾਂਤ ਹੈ, ਵਾਰਿਸ ਆਦਿ ਵਾਂਗ ਦੁਖਾਂਤਕ ਨਹੀਂ ਹੈ ਕਿਉਂਕਿ ਹਿੰਦੂ ਦਰਸ਼ਨ ਵਿੱਚ ਦੁਖਾਂਤ ਦੀ ਪਰੰਪਰਾ ਹੀ ਨਹੀਂ ਹੈ। ਉਸ ਨੇ ਕੇਵਲ ਇੱਕ ਹੀ ਕਿੱਸਾ ‘ਹੀਰ ਦਮੋਦਰ’ ਲਿਖਿਆ ਹੈ। ਉਸ ਉਤੇ ਈਰਾਨੀ ਮਸਨਵੀ ਦਾ ਪ੍ਰਭਾਵ ਬਹੁਤ ਘੱਟ ਪਿਆ ਹੈ। ਦਮੋਦਰ ਦੀ ਹੀਰ ਪ੍ਰਸ਼ਨੋਤਰੀ ਢੰਗ ਦੀ ਹੈ। ਪੰਜਾਬੀ ਪਾਠਕਾਂ ਤੱਕ ਹੀਰ ਦਮੋਦਰ ਦਾ ਪਾਠ ਸਭ ਤੋਂ ਪਹਿਲਾ 1927 ਈ. ਵਿੱਚ ਬਾਵਾ ਗੰਗਾ ਸਿੰਘ ਬੇਦੀ ਨੇ ਪਹੁੰਚਾਇਆ ਹੈ। ਉਸ ਕੋਲ ਇਸ ਕਿੱਸੇ ਦੇ ਦੋ ਵੱਖ-ਵੱਖ ਹੱਥ ਲਿਖਤ ਖਰੜੇ ਸਨ। ਇਹਨਾਂ ਦੋਵਾਂ ਨੂੰ ਸੇਲ ਨੇ ਉਸ ਨੇ ਇਸ ਕਿੱਸੇ ਨੂੰ ਸੰਪੂਰਨ ਕੀਤਾ।

ਹਵਾਲੇ [5] [6] [7]

ਸੂਫ਼ੀ ਕਾਵਿ ਧਾਰਾ  :- ਪੰਜਾਬੀ ਵਿੱਚ ਸੂਫ਼ੀ ਕਾਵਿ-ਧਾਰਾ ਦਾ ਮੁੱਢ ਤਾ ਬਾਬਾ ਫ਼ਰੀਦ ਨਾਲ ਹੀ ਬੱਝ ਚੁੱਕਾ ਸੀ, ਪਰ ਡਾਕਟਰ ਮੋਹਨ ਸਿੰਘ ਉਹਨਾਂ ਨੂੰ ਪਹਿਲੇ ਪੜਾ ਦਾ ਸੂਫ਼ੀ ਆਖਦੇ ਹਨ, ਕਿਉਕਿ ਉਹ ਸਰ੍ਹਾਂ ਦੀਆਂ ਪਾਬੰਦੀਆਂ ਤੋਂ ਲਾਂਭੇ ਨਹੀਂ ਗਏ। ਇਸਲਾਮ ਦੇ ਦੁਆਰਾ ਹੀ ਸੂਫ਼ੀ ਕਾਵਿ ਮੱਧ ਭਾਰਤ ਵਿੱਚ ਫੈਲਿਆ ਤੇ ਬਾਅਦ ਵਿੱਚ ਸੂਫ਼ੀਆਂ ਨੇ ਇਸਲਾਮ ਦੇ ਮਜ਼੍ਹਬੀ ਕੱਟੜਵਾਦ ਦਾ ਤਿਆਗ ਕਰ ਦਿੱਤਾ ਤੇ ਵੇਦਾਂਤ ਤੇ ਭਗਵਤ ਧਰਮ ਦੇ ਪ੍ਰਭਾਗ ਗ੍ਰਹਿਣ ਕੀਤੇ। ਸ਼ਰੀਅਤ ਨਾਲੋਂ ਤਰੀਕਤ ਉੱਤੇ ਵਧੇਰੇ ਜ਼ੋਰ ਦਿੱਤਾ ਗਿਆ ਤੇ ਨਾਲ ਹੀ ਇਹਨਾਂ ਦੀ ਰਚਨਾਂ ਵਿਚੋਂ ਅਰਬੀ-ਈਰਨੀ ਨਾਲੋਂ ਭਾਰਤੀ ਤੇ ਪੰਜਾਬੀ ਰੰਗਣ ਵਧੇਰੇ ਦਿਖਾਈ ਦਿੱਤਾ ਜਾਣ ਲੱਗਾ। ਪਹਿਲੀ ਵਾਰ ਸੂਫ਼ੀ ਕਵੀਆਂ ਨੇ ਰੱਬ ਦੀ ਸਰਭ-ਵਿਆਪਕ ਹੋਂਦ ਨੂੰ ਸਵਿਕਾਰ ਕਰਕੇ ਧਾਰਮਿਕ ਸਹਿਣ-ਸ਼ੀਲਤਾ ਦਾ ਪ੍ਰਚਾਰ ਕੀਤਾ, ਜਿਸ ਨਾਲ ਇਹ ਕਵਿਤਾ ਨਿਰੋਲ ਮੁਸਲਮਾਨੀ ਘੇਰਿਆਂ ਵਿਚੋਂ ਨਿਕਲ ਕੇ ਪੰਜਬੀਆਂ ਦੇ ਜੀਵਨ ਦਾ ਅੰਗ ਬਣ ਗਈ। ਸ਼ਾਹ ਹੁਸੈਨ, ਸੁਲਤਾਨ ਬਾਹੂ ਤੇ ਸ਼ਾਹ ਸ਼ਰਫ਼ ਵਿਸ਼ੇਸ਼ ਸਥਾਨ ਰੱਖਦੇ ਹਨ। ਭਗਤੀ ਕਾਵਿ ਧਾਰਾ :- ਜਿਹੜਾ ਭਗਤੀ ਕਾਵਿ ਫਰੀਦ, ਜੈਦੇਵ, ਤ੍ਰਿਲੋਚਨ, ਨਾਮਦੇਵ ਆਦਿ ਨਾਲ ਬਾਰ੍ਹਵੀਂ ਤੇਰ੍ਹਵੀਂ ਸਦੀ ਵਿੱਚ ਆਰੰਭ ਹੋਇਆ ਅਤੇ ਰਾਮਨੰਦ, ਕਬੀਰ, ਰਵਿਦਾਸ, ਪੀਪਾ, ਧੰਨਾ, ਸੈਣ, ਭੀਖਨ, ਪਰਮਾਨੰਦ ਆਦਿ ਨਾਂਲ ਪੰਦਰਵੀਂ ਸੋਲ੍ਹਵੀ ਸਦੀ ਵਿੱਚ ਪੂਰੇ ਜੋਬਨ ਤੇ ਆਇਆ ਤੇ ਉਸ ਦਾ ਵਿਕਾਸ ਤੇ ਵਿਸਥਾਰ ਨਾਨਕ ਕਾਲ ਵਿੱਚ ਪੰਜਬ ਦੀ ਧਰਤ ਉਪਰ ਹੋਇਆ। ਇਸ ਪਿਛਲੇਰੇ ਦੌਰ ਦੇ ਭਗਤ ਕਵੀਆਂ ਦੀ ਰਚਨਾਂ ਜਿੱਥੇ ਨਿਰਗੁਣਤੇ ਸਰਗੁਣ ਵਿਚਾਰਧਾਰਾ ਤੇ ਰਾਮ ਤੇ ਕ੍ਰਿਸ਼ਨ ਭਗਤੀ ਦੀ ਧਾਰਨੀ ਸੀ ਉੱਥੇ ਇਹ ਗੁਰੂ ਸਮੇ ਚੋ ਨਿਕਲਦੀ ਹੋਈ ਗੰਗਾਧਾਰਾ ਹੋਣ ਕਾਰਣ, ਗੁਰੂ ਕਾਵਿ ਤੋਂ ਵੀ ਪ੍ਰਭਾਵਿਤ ਹੋਏ ਬਿਨਾਂ ਨਾ ਰਹਿ ਸਕੀ। ਵਾਰਤਕ :- ਗੁਰੂ ਨਾਨਕ ਕਾਲ ਵਿੱਚ ਵਾਰਤਕ ਦੀ ਰਚਨਾ ਨਾ ਕੇਵਲ ਆਕਾਰ ਵਲੋਂ ਸਗੋਂ ਵਿਸ਼ਿਆ, ਪਰਕਾਰ ਅਤੇ ਰੂਪਾਂ ਦੀ ਵਿਭਿੰਨਤਾ ਕਰਕੇ ਵੀ ਸਾਡਾ ਧਿਆਨ ਖਿੱਚਦੀ ਹੈ। ਜਨਮ ਸਾਖੀਆਂ, ਟੀਕੇ, ਜਪੁ, ਪਰਮਾਰਥੁ, ਬਚਨ, ਮਹਾਤਮ, ਗੋਸ਼ਟੀ ਤੇ ਹੁਕਮਨਾਮੇ ਇਸ ਕਾਲ੍ਹ ਦੇ ਉੱਘੇ ਰੂਪ ਹਨ। ਸ਼ੈਲੀ ਦੇ ਪੱਖੋਂ ਇਹ ਨਿਪੁੰਨ ਹੈ। ਇਸ ਕਾਲ ਦੀ ਵਾਰਤਕ ਦਾ ਸੰਖੇਪ ਵੇਰਵਾ ਹੇਠ ਹੈ:- 1. ਪੁਰਾਤਨ ਜਨਮ ਸਾਖੀ, ਜਿਸ ਨੂੰ ਮੈਕਾਲਫ਼ ਵਾਲੀ ਜਨਮ ਸਾਖੀ ਜਾਂ ਵਲਾਇਤ ਵਾਲੀ ਜਨਮ ਸਾਖੀ ਆਖਿਆ ਜਾਂਦਾ ਹੈ। 2. ਭਾਈ ਬਿਧੀ ਚੰਦ ਵਾਲੀ ਸਾਖੀ 3. ਸੋਢੀ ਮਿਹਰਬਾਨ ਦੀ ਜਨਮ ਸਾਖੀ 4. ਤੀਹ ਆਦਿ ਸਾਖੀਆਂ 5. ਗੁਰੂ ਜੀ ਦੇ ਮੁਹਿ ਦੀਆਂ ਸਾਖੀਆਂ ਆਦਿ ਉਨੀਵੀਂ ਸਦੀ ਦਾ ਸਾਹਿਤ :- ਅਠਾਰ੍ਹਵੀਂ ਸਦੀ ਪੰਜਾਬ ਵਾਸੀਆਂ ਲਈ ਸੰਘਰਸ਼, ਕੁਰਬਾਨੀ ਸ਼ਹਾਦਤ ਤ ਜੰਗਾਂ ਯੁਧਾਂ ਦਾ ਸਮਾਂ ਸੀ। ਉਨੀਵੀਂ ਸਦੀ ਰਾਜਸੀ ਦ੍ਰਿਸ਼ਟੀਕਣ ਤੋਂ ਇਹਨਾਂ ਹੀ ਜੀਵਨ ਸੰਗ੍ਰਾਮੀਆਂ ਦੀ ਚੜ੍ਹਤ ਦੀ ਵਿਜੈ ਦਾ ਸੁਨਿਹਰੀ ਕਾਲ ਸੀ। ਰਣਜੀਤ ਸਿੰਘ ਪੰਜਾਬ ਦੇ ਸੂਰਮਗਤੀ ਗੱਭਰੂ ਦਾ ਸਤੁੰਤਰ ਪ੍ਰਤੀਕ ਸੀ।ਇਸ ਕਾਲ ਦੀਆਂ ਮੁੱਖ ਧਾਰਵਾਂ ਹੇਠ ਲਿਖਿਆਂ ਹਨ।ਕਿੱਸਾ ਕਾਵਿ ਧਾਰਾ :- ਇਹ ਕਾਲ ਕਿੱਸਾ ਕਾਲ ਦਾ ਯੁੱਗ ਸੀ। ਜਿਹੜਾ ਦਮੋਦਰ ਦੀ ਹੀਰ ਨਾਲ ਆਰੰਭ ਹੋਇਆ ਤੇ ਪੀਲੂ, ਹਾਫ਼ਜ਼ ਬਰਖ਼ੁਰਦਾਰ ਤੇ ਅਹਿਮਦ ਗੁਜ਼ਰ ਨਾਲ ਸਤਾਰ੍ਹਵੀਂ ਸਦੀ ਵਿੱਚ ਗੋਡਿਆਂ ਭਾਰ ਚਲਣ ਨਾਲ ਤੇ ਆਠਾਰ੍ਹਵੀਂ ਸਦੀ ਵਿੱਚ ਮੁਕਬਲ, ਵਾਰਿਸ, ਹਾਮਦ ਆਦਿ ਨਾਲ ਪਰਵਾਨ ਚੜ੍ਹਿਆਂ,। ਅੰਤ ਉਨ੍ਹੀਵੀਂ ਸਦੀ ਵਿੱਚ ਉਸ ਨੇ ਅਸਮਾਨੀ ਸਿਖਰਾਂ ਛੁਹ ਲਈਆਂ ਤੇ ਦਰਜਨਾਂ ਪ੍ਰਸਿੱਧ ਕਿੱਸਾ-ਕਾਰ ਹੋਏ ਪੰਜਾਬੀ ਕਿੱਸਾ ਕਾਵਿ ਦੇ ਇਤਿਹਾਸ ਵਿੱਚ ਸ਼ਾਇਦ ਹੋਰ ਕੋਈ ਅਜਿਹੀ ਸਦੀ ਨਹੀਂ ਮਿਲਦੀ, ਜਿਸ ਨੇ ਕਿੱਸਾ ਕਾਵਿ ਨੂੰ ਇਹਨਾਂ ਚਮਕਾਇਆ ਹੋਵੇ। ਇਸ ਸਦੀ ਵਿੱਚ ਹਾਸ਼ਮ, ਅਹਿਮਦਯਾਰ, ਇਮਾਮਬ਼ਖਸ ਸ਼ਾਹ ਮੁਹੰਮਦ ਕਾਦਰਯਾਰ, ਮੌਲਵੀ ਗੁਲਾਮ ਰਸੂਲ, ਅਬੱਸਤਾਰ, ਫਾਜ਼ਲ ਸ਼ਾਹ, ਮੀਆਂ ਮੁਹੰਮਦ ਬਖ਼ਸ, ਕਿਸ਼ਨ ਸਿੰਘ ਆਰਿਫ, ਭਗਵਾਨ ਸਿੰਘ, ਹਦਾਇਤਲਾ ਆਦਿ ਸ਼ੋ੍ਰਮਣੀ ਕਿੱਸਾਕਾਰ ਹੋਏ ਹਨ। ਸੀ-ਹਰਫ਼ੀ ਕਾਵਿ :- ਜਿਸ ਤਰ੍ਹਾਂ ਕਾਫੀ ਕਵਿ-ਰੂਪ ਸੂਫ਼ੀ ਭਾਵਾਂ ਦੇ ਪ੍ਰਗਟਾਉਣ ਲਈ ਇੱਕ ਉਤਮ ਪ੍ਰਭਾਵਸ਼ਾਲੀ ਵਾਹੁਣ ਹੈ, ਇਸੇ ਤਰ੍ਹਾਂ ਕਿੱਸਾ ਕਵਿ ਨੂੰ ਸੰਖਿਪਤ ਰੂਪ ਵਿੱਚ ਵਰਣਨ, ਕਰਨ ਸੀ-ਹਰਫ਼ੀ ਰੂਪ ਸ਼ੁਖੈਨ ਸਾਧਨ ਹੈ। ‘ਸੀ-ਹਰਫ਼ੀ’ ਬਿਆਨੀਆਂ ਕਾਵਿ ਦੇ ਦੋਵਾਂ ਰੂਪਾਂ ਲਈ ਵਰਤੀ ਜਾਂਦੀ ਹੈ। ਸ਼ਿੰਗਾਰ ਰਸ ਲਈ ਵੀ ਤੇ ਬੀਰ ਰਸ ਲਈ ਵੀ। ਕਾਦਰਯਾਰ ਨੇ ਇਹਨਾਂ ਦੋਹਾਂ ਰਸਾਂ ਲਈ ਸੀ-ਹਰਫ਼ੀ ਦਾ ਸਫਲ ਪ੍ਰਯੋਗ ਕੀਤਾ ਹੈ। ਬ੍ਰਿਹਾ ਤੇ ਬਿਯੋਗ ਕਾਵਿ:- ਰੋਮਾਂਚਿਕ ਕਵਿਤਾ ਸਾਧਾਰਨ ਵਸਤਾਂ ਦਾ ਕਲਪਨਾਤਮਕ ਪਰਵਿਰਤਨ ਤੇ ਰੂਪਾਂਤਰ ਹੂੰਦਾ ਹੈ। ਕਲਪਨਾ ਸ਼ਕਤੀ ਚੰਗੀ ਤਰ੍ਹਾਂ ਰਾਹੁ ਡਿਠੀ ਵਸਤੂ ਨੂੰ ਹੀ ਪਰਿਵਰਤਨ ਕਰਦੀ ਹੈ। ਪੰਜਾਬੀ ਕਵਿਤਾ ਦੇ ਇਤਿ ਵਿੱਚ ਬਾਬਾ ਫਰੀਦ ਤੋਂ ਲੈ ਕੇ ਕੇ ਪ੍ਰੋ ਪੂਰਨ ਸਿੰਘ, ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ ਤਕ ਰੋਮਾਂਟਿਕ ਅੰਸ਼ ਮੌਜੂਦ ਹੈ। [8] [9]

ਹਵਾਲੇ

[ਸੋਧੋ]
  1. • ਡਾ. ਪਰਮਿੰਦਰ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1961, ਪੰਨਾ-30
  2. ਡਾ. ਪਰਮਿੰਦਰ ਸਿੰਘ: ਪੰਜਾਬੀ ਯੂਨੀਵਰਸਿਟੀ, ਪਟਿਆਲਾ, 1961, ਪੰਨਾ-40
  3. ਡਾ. ਰਤਨ ਸਿੰਘ ਜੱਗੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਜਾਬੀ ਸਾਹਿਤ ਦਾ ਸਰੋਤ-ਮੂਲਕ ਇਤਿਹਾਸ (ਭਾਗ ਦੂਜਾ), 1998, ਪੰਨਾ-56
  4. ਡਾ. ਪਰਮਿੰਦਰ ਸਿੰਘ, ਪੰਜਾਬੀ ਸਾਹਿਤ ਦਾ ਇਤਿਹਾਸ, ਆਦਿਕਾਲ ਤੋਂ 1700 ਈ. ਤੱਕ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1988, ਪੰਨਾ-46
  5. ਡਾ. ਮੋਹਨ ਸਿੰਘ ਦੀਵਾਨਾ, ਪੰਜਾਬੀ ਸਹਿਤ ਦਾ ਇਤਿਹਾਸ (ਭਾਗ ਦੂਜਾ), ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਪੰਨਾ 57
  6. ਕੁਲਬੀਰ ਸਿੰਘ ਕਾਂਗ, ਪੰਜਾਬੀ ਕਿੱਸਾ ਕਾਵਿ ਦਾ ਇਤਿਹਾਸ, ਪੰਜਾਬੀ ਅਕਾਦਮੀ ਦਿੱਲੀ, 2005, ਪੰਨਾ 18
  7. ਡਾ. ਮੋਹਨ ਸਿੰਘ ਦੀਵਾਨਾ, ਪੰਜਾਬੀ ਸਾਹਿਤ ਦਾ ਇਤਿਹਾਸ, ਪੰਨਾ 19
  8. ਪੰਜਾਬੀ ਸਾਹਿਤ ਦਾ ਇਤਿਹਾਸ (ਆਦਿ ਕਾਲ ਤੋਂ 1700ਈ. ਤੱਕ) : ਡਾ. ਪ੍ਰਮਿੰਦਰ ਸਿੰਘ
  9. ਪੰਜਾਬੀ ਸਾਹਿਤ ਦੀ ਉੱਤਪਤੀ ਤੇ ਵਿਕਾਸ : ਡਾ. ਪ੍ਰਮਿੰਦਰ ਸਿੰਘ,ਕਿਰਪਾਲ ਸਿੰਘ ਕਸੇਲ