ਸਮੱਗਰੀ 'ਤੇ ਜਾਓ

ਧਾਲੀਵਾਲ ਗੋਤ ਦਾ ਪਿਛੋਕੜ ਤੇ ਰਸਮਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਧਾਲੀਵਾਲ ਗੋਤ ਦਾ ਪਿਛੋਕੜ ਤੇ ਰਸਮਾਂ ਸਦੀਆਂ ਤੋਂ ਪੰਜਾਬ ਭਾਰਤ ਦਾ ਪ੍ਰੇਵਸ਼ ਦੁਆਰ ਰਿਹਾ ਹੈ। ਭਾਰਤ ਤੇ ਹਮਲਾ ਕਰਨ ਵਾਲੇ ਹਮਲਾਵਰ ਪਹਿਲਾਂ ਪੰਜਾਬ ਨੂੰ ਆਪਣੇ ਅਧੀਨ ਕਰਨ ਲਈ ਹਮਲਾ ਕਰਦੇ ਸਨ। ਇਹਨਾਂ ਹਮਲਿਆਂ ਦੌਰਾਨ ਵੱਖ-ਵੱਖ ਕਬੀਲਿਆਂ, ਜਾਤਾਂ ਦੇ ਲੋਕ ਪ੍ਰਵੇਸ਼ ਕਰਦੇ ਤੇ ਵਸਦੇ ਰਹੇ। ਪਰ ਮੱਧ ਏਸ਼ੀਆ ਦੇ ਖੇਤਰਾਂ ਤੋਂ ਆਏ ਜਾਂ ਇਥੋਂ ਦੇ ਮੂਲ ਨਿਵਾਸੀ ਆਰੀਆ ਲੋਕ ਆਪਸ ਵਿੱਚ ਵੱਖ ਵੱਖ ਕਬੀਲਿਆਂ ਵਿੱਚ ਵੰਡੇ ਹੋਏ ਸਨ। ਉਹਨਾਂ ਦੀ ਇਹ ਵੰਡ ਅੱਗੇ ਜਾ ਕੇ ਰਾਜਪੂਤਾਂ ਤੇ ਗੁਜਰਾਂ ਵਿੱਚ ਵੰਡੀ ਜਾਂਦੀ ਹੈ। ਇਨਾਂ ਰਾਜਪੂਤਾਂ ਵਿੱਚ ਬਹੁ ਗਿਣਤੀ ਜੱਟਾਂ ਦੀ ਹੈ, ਜਿਹੜੇ ਅੱਗੋਂ ਗੋਤਾਂ ਤੇ ਉਪ-ਗੋਤਾਂ ਵਿੱਚ ਵੰਡੇ ਹੋਏ ਹਨ। “ਜੱਟ ਕਈ ਜਾਤਾਂ ਦਾ ਰਲਿਆ ਮਿਲਿਆ ਬਹੁਤ ਵੱਡਾ ਭਾਈਚਾਰਾ ਹੈ।”1 ਇਸ ਕਰ ਕੇ ਸਮੇਂ ਅਨੁਸਾਰ ਇਹ ਧਰਮ ਬਦਲੀ ਕਰਦੇ ਰਹੇ ਸਮੇਂ-ਸਮੇਂ ਤੇ ਹਿੰਦੂ, ਸਿੱਖ, ਮੁਸਲਮਾਨ ਧਰਮ ਬਹੁ ਗਿਣਤੀ ਨੇ ਪ੍ਰਵਾਨ ਕਰ ਲਿਆ। ਜੱਟ ਜਾਤੀ ਅੱਗੋਂ ਕਈ ਗੋਤਾਂ ਜਿਵੇਂ ਸਿੱਧੂ, ਭੁੱਲਰ, ਭਾਂਖਰ, ਔਲਖ, ਸੰਧੂ, ਬਰਾੜ, ਧਾਲੀਵਾਲ, ਢਿੱਲੋਂ, ਤੇ ਹੋਰ ਕਈ ਸੈਂਕੜੇ ਦੀ ਗਿਣਤੀ ਵਿੱਚ ਵੰਡੇ ਹੋਏ ਹਨ। ਹਰ ਗੋਤ ਦੇ ਲੋਕਾਂ ਦਾ ਆਪਸੀ ਵੱਖਰਾ ਭਾਈਚਾਰਾ ਹੁੰਦਾ ਹੈ। ਹਰ ਗੋਤ ਦੇ ਲੋਕਾਂ ਦੀ ਵਸੋਂ ਭਾਵੇਂ ਕਿਤੇ ਵੀ ਹੋਵੇ ਪਰ ਉਹਨਾਂ ਦੇ ਵਡੇਰੇ ਸਾਂਝੇ ਸਮਝੇ ਜਾਂਦੇ ਹਨ ਤੇ ਭਾਈਚਾਰਕ ਸਾਂਝ ਕਾਇਮ ਰੱਖੀ ਜਾਂਦੀ ਹੈ। ਇਸ ਸਾਂਝ ਦੇ ਅਧੀਨ ਹੀ ਇੱਕ ਗੋਤ ਦੇ ਬੱਚਿਆਂ ਦਾ ਆਪਸ ਵਿੱਚ ਵਿਆਹ ਕਰਨ ਦੀ ਮਨਾਹੀ ਹੈ। ਉਹਨਾਂ ਨੂੰ ਭੈਣ-ਭਰਾ ਤਸੱਵਰ ਕੀਤਾ ਜਾਂਦਾ ਹੈ। ਧਾਲੀਵਾਲ ਗੋਤ ਤੇ ਲੋਕ ਵੀ ਪੰਜਾਬ ਅਤੇ ਪੰਜਾਬ ਤੋਂ ਬਾਹਰ ਹੋਰ ਸੂਬਿਆਂ ਵਿੱਚ ਵੱਡੀ ਗਿਣਤੀ ਵਿੱਚ ਵਸਦੇ ਹਨ। ਪਿਛੋਕੜ: ਧਾਲੀਵਾਲ ਗੋਤ ਦਾ ਨਾਂ ਪੰਜਾਬ ਵਿੱਚ ਜਾਣਿਆ ਪਛਾਣਿਆ ਤੇ ਉੱਘਾ ਹੈ। ਧਾਲੀਵਾਲਾਂ ਦਾ ਪਿਛੋਕੜ ਤੇ ਵਿਚਾਰ ਚਰਚਾ ਤੇ ਖੋਜ ਅਨੁਸਾਰ ਸੰਬੰਧ ਮੱਧ ਪ੍ਰਦੇਸ਼ ਦੇ ‘ਧਾਰਾ ਨਗਰ’ ਸ਼ਹਿਰ ਨਾਲ ਜਾ ਜੁੜਦਾ ਹੈ। ਇਹ ਸ਼ਹਿਰ ਉਜੈਨ ਅੰਦਰ ਸਰਸ਼ਬਜ ਛੋਟੀਆਂ ਪਹਾੜੀਆਂ ਵਿੱਚ ਇੰਦੋਰ ਤੋਂ 64 ਕਿਲੋਮੀਟਰ ਦੀ ਦੂਰੀ `ਤੇ ਹੈ। ਉਥੇ ਅੱਠਵੀਂ ਨੌਵੀਂ ਸਦੀ ਵਿੱਚ ਰਾਜਾ ਮੁੰਜ ਰਾਜ ਕਰਦਾ ਸੀ। ਉਸ ਤੋਂ ਬਾਅਦ ਉਸ ਦੀ ਵੰਸ਼ ਵਿੱਚੋਂ ਅੱਗੇ ਕਈ ਰਾਜੇ ਰਾਜ ਕਰਦੇ ਰਹੇ। ਜਿਹਨਾਂ ਵਿੱਚੋਂ ਰਾਜਾ ਜਗਦੇਉ ਰਾਜਸਥਾਨ ਦੇ ਇਲਾਕੇ ਮਾਰਵਾੜ ਵਿੱਚ ਆ ਵਸਿਆ ਇਹ ਭੱਟੀ ਰਾਜਪੂਤ ਮੰਨੇ ਜਾਂਦੇ ਹਲ। “ਧਾਲੀਵਾਲਾਂ ਦਾ ਮੂਲ ਸਥਾਨ ਧੌਲਪੁਰ ਖੇਤਰ ਮੰਨਿਆ ਜਾਂਦਾ ਹੈ। ਇਹ ਲੋਕ ਗਊਆਂ ਤੇ ਬਲ਼ਦ ਪਾਲ ਕੇ ਗੁਜਾਰਾ ਕਰਦੇ ਸਨ ਪਹਿਲਾਂ ਇਹਨਾਂ ਨੂੰ ਧੌਲਪਾਲ ਕਿਹਾ ਜਾਂਦਾ ਸੀ। ਹੌਲੀ-ਹੌਲੀ ਧਾਲੀਵਾਲ ਸ਼ਬਦ ਪ੍ਰਚੱਲਿਤ ਹੋ ਗਿਆ।”2 ਇਹ ਲੋਕ ਹੌਲੀ-ਹੌਲੀ ਜੈਪੁਰ, ਜੋਧਪੁਰ, ਬਾਗੜ ਤੇ ਹੋਰ ਸਥਾਨਾਂ ਤੇ ਖਿੰਡ ਗਏ ਤੇ ਵਸ ਗਏ। ਇੱਥੇ ਹੀ ‘ਸੁਰੇਆ’ ਨਾਮੀ ਵਿਅਕਤੀ ਦੇ ਚਾਰ ਪੁੱਤਰ ਸਨ- ਭੋਇੰ, ਰਿੰਡ, ਟਿੱਡ ਤੇ ਮਸੂਰ ਭੋਇ ਸਭ ਤੋਂ ਵੱਡਾ, ਸੂਝਵਾਨ, ਬਹਾਦਰ, ਸੋਹਣਾ ਤੇ ਨਿੱਡਰ ਸੀ।ਉਹ ਰਾਜਾ ਜਗਦੇਉ ਦਾ ਮਿੱਤਰ ਵੀ ਸੀ। ਭਇੰ ਦੀ ਅਸਾਧਾਰਨ ਬਹਾਦਰੀ ਹੋਣ ਕਰ ਕੇ ਉਸ ਦੇ ਨਾਮ ਨਾਲ ਸਿੱਧ ਲੱਗਣ ਲੱਗ ਪਿਆ। ਮੰਨਿਆ ਜਾਂਦਾ ਹੈ ਸਿੱਧ ਭੋਇੰ ਦੀ ਕੁੜੀ ਮਾਨਸਾ ਜਿਲ੍ਹੇ ਵਿੱਚ ਚਹਿਲਾਂ ਦੇ ਪਿੰਡ ‘ਖਿਆਲੇ’ ਵਿਆਹੀ ਹੋਈ ਸੀ। ਇੱਥੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਮੁਸਲਮਾਨ ਖੱਚਾਹਦਿਆਂ ਦਾ ਦਬਦਬਾ ਸੀ। ਇਹਨਾਂ ਦਾ ਮੁਖੀ ਬਾਬਾ ਹੱਕਾ ਡਾਲਾ ਸੀ। ਉਹ ਗਿੱਲਾਂ ਤੇ ਹੋਰ ਜੱਟਾਂ ਨੂੰ ਤੰਗ ਕਰਦਾ ਕਰਦਾ ਖਿਆਲੇ ਤੱਕ ਪਹੁੰਚ ਜਾਂਦਾ ਸੀ। ਚਹਿਲਾਂ ਅਤੇ ਹੋਰ ਜੱਟਾਂ ਨੇ ਇਸ ਦੀ ਸ਼ਿਕਾਇਤ ਸਿੱਧ ਭੋਇੰ ਨੂੰ ਕਰ ਦਿੱਤੀ। ਜਿਸ ਕਾਰਨ ਸਰਦੂਲਗੜ੍ਹ ਨੇੜੇ ਮੁਸਲਮਾਨ ਪਚਾਹਦਿਆਂ ਤੇ ਸਿੱਧ ਭੋਇੰ ਦੇ ਸਾਥੀਆਂ ਵਿਚਕਾਰ ਲੜਾਈ ਹੋਈ ਜਿਸ ਵਿੱਚ ਬਾਬਾ ਹੱਕਾ ਡਾਲਾ ਮਾਰਿਆ ਗਿਆ। ਇਸ ਤੋਂ ਬਾਅਦ ਅੱਗੇ ਝਿੜੀ ਵਿੱਚ ਜਾ ਕੇ ਪਚਾਹਦਿਆਂ ਨੇ ਬਾਬਾ ਸਿੱਧ ਭੋਇੰ ਨੂੰ ਘੇਰ ਲਿਆ। ਉਸ ਸਮੇਂ ਸਿੱਧ ਭੋਇੰ ਨਾਲ ਪੰਡਤ, ਕੁੱਤਾ ਅਤੇ ਮਰਾਸੀ ਸਨ। ਪੰਡਤ ਭੱਜ ਗਿਆ ਤੇ ਬਾਕੀ ਮਰਾਸੀ ਤੇ ਕੁੱਤਾ ਸਿੱਧ ਭੋਇੰ ਸਮੇਤ ਸ਼ਹੀਦ ਹੋ ਗਏ। ਇਸ ਸਮੇਂ ਨੇੜਲੇ ਪਿੰਡ ਦਾ ‘ਲੱਲੂ’ ਨਾਂ ਦਾ ਵਿਅਕਤੀ ਬਾਬਾ ਸਿੱਧ ਭੋਇੰ ਦਾ ਸੀਸ ਚੁੱਕ ਕੇ ਆਪਣੇ ਕੱਚੇ ਕਿਲ੍ਹੇ ਵਿੱਚ ਲੈ ਗਿਆ ਜਿਥੇ ਉਸ ਦਾ ਸੰਸਕਾਰ ਕਰ ਦਿੱਤਾ ਗਿਆ। ਪਰ ਧੜ ਦਾ ਸੰਸਕਾਰ ਝਿੜੀ ਵਿੱਚ ਹੀ ਕਰ ਦਿੱਤਾ। ਇੱਥੇ ਹੁਣ ਧਾਲੀਵਾਲ ਦਾ ਪੂਜਨ ਸਥਾਨ ਬਣ ਗਿਆ। ਇੱਥੇ ਹਾੜ੍ਹ ਦੇ ਮਹੀਨੇ ਚਾਨਣੀ ਤੇਰਸ ਨੂੰ (ਲੱਲੂਆਣੇ ਵਿਖੇ) ਮੱਥਾ ਟੇਕਿਆ ਜਾਂਦਾ ਹੈ ਤੇ ਸੁੱਖਣਾਂ ਸੁੱਖੀਆਂ ਜਾਂਦੀਆਂ ਹਨ। ਧਾਲੀਵਾਲਾਂ ਨੇ ਕਈ ਪਿੰਡ ਵੀ ਵਸਾਏ। ਜਿਵੇਂ ਤਪਾ, ਧੌਲਾ, ਧੂਰਕੋਟ, ਭਮੇਕਲਾਂ, ਧਾਲੀਵਾਲ ਆਦਿ। ਪਿੰਡ ਧੌਲਾ ਵਿਖੇ ਆ ਕੇ ਧਾਲੀਵਾਲਾਂ ਨੇ ਧੌਲਾ ਟਿੱਬਾ ਨਾਂ ਦੇ ਡੇਰੇ ਤੋਂ ਪਿੰਡ ਬੰਨ੍ਹਿਆਂ ਤੇ ਇੱਥੇ ਧਾਲੀਵਾਲਾਂ ਦਾ ਇੱਕ ਕਿਲ੍ਹਾ ਵੀ ਹੈ। ਜੋ ਕਿ ਬਹੁਤ ਪੁਰਾਣਾ ਦੱਸਿਆ ਜਾਂਦਾ ਹੈ। ਇਸ ਤੋਂ ਇਲਾਵਾਂ ਬਠਿੰਡਾ, ਬਰਨਾਲਾ ਗੁਰਦਾਸਪੁਰ, ਪਟਿਆਲਾ, ਲੁਧਿਆਣਾ ਜ਼ਿਲ੍ਹਿਆ ਦੇ ਪਿੰਡ ਰੂੜ੍ਹਕੇ, ਬੱਧਨੀ ਕਲਾਂ, ਹੇੜੀਕੇ ਹਡਿੰਆਇਆ, ਰੱਖੜਾ, ਡਕਾਲਾ, ਫੂਲੇਵਾਲ, ਆਦਿ ਹਨ ਜਿਹਨਾਂ ਵਿੱਚ ਧਾਲੀਵਾਲਾਂ ਦੀ ਬਹੁਗਿਣਤੀ ਵਸਦੀ ਹੈ। ਧਾਲੀਵਾਲਾਂ ਦਾ ਸੰਬੰਧ ਮਿਹਰ ਮਿੱਠੇ ਨਾਲ ਵੀ ਜੋੜ੍ਹਿਆ ਜਾਂਦਾ ਹੈ। ਮਿਹਰ ਮਿੱਠੇ ਦੀ ਪੋਤੀ ਭਗਭਰੀ ਦਾ ਰਿਸ਼ਤਾ ਹੋਇਆ ਸੀ। ਧਾਲੀਵਾਲ ਗੋਤ ਦੇ ਲੋਕੀ ਕਈ ਹੋਰ ਦੇਸ਼ਾਂ ਵਿੱਚ ਵੀ ਵਸਦੇ ਹਨ। ਇਸ ਗੋਤ ਦੇ ਲੋਕਾਂ ਨੂੰ ਸਾਊ, ਮਿਹਨਤੀ ਤੇ ਸੰਜਮੀ ਮੰਨਿਆ ਜਾਂਦਾ ਹੈ। ਇਹ ਕਈ ਉਪ-ਗੋਤਾਂ ਵਿੱਚ ਵੀ ਵੰਡਿਆ ਗਿਆ ਹੈ। ਧਾਲੀਵਾਲਾਂ ਦੀਆਂ ਵਿਸ਼ੇਸ਼ ਰਸਮਾਂ- ਧਾਲੀਵਾਲ ਗੋਤ ਦੇ ਲੋਕ ਆਪਣੇ ਭਾਈਚਾਰਕ ਸਾਂਝ ਦੇ ਤੌਰ ਤੇ ਰਸਮਾਂ ਕਰਦੇ ਹਨ, ਇਹ ਪੀੜ੍ਹੀ-ਦਰ-ਪੀੜ੍ਹੀ ਅੱਗੇ ਚਲਦੀਆਂ ਹਨ। ਇਹ ਰਸਮਾਂ ਵਿਆਹ ਅਤੇ ਜੀਵਨ ਦੇ ਹੋਰ ਵੱਖ-ਵੱਖ ਪਹਿਲੂਆਂ ਨਾਲ ਸੰਬੰਧਿਤ ਹੁੰਦੀਆਂ ਹਨ। ਧਾਲੀਵਾਲ ਮਰਾਸੀ ਨੂੰ ਦਾਨ ਕਰਦੇ ਹਨ। ਕੁੱਤੇ ਨੂੰ ਰੋਟੀ ਪਾ ਕੇ ਖੁਸ਼ ਹੁੰਦੇ ਹਨ ਪਰ ਪੰਡਤ ਨੂੰ ਬਹੁਤਾ ਚੰਗਾ ਨਹੀਂ ਸਮਝਦੇ। ਇਸ ਦੇ ਕਾਰਨ ਇਹਨਾਂ ਦੇ ਪਿਛੋਕੜ ਨਾਲ ਸੰਬੰਧਿਤ ਹਨ। ਵਿਆਹ ਸਮੇਂ ਲਿਆਂਦੀ ਗਈ ਵਰੀ ਵਿੱਚ ਨਵੀਂ ਨੂੰਹ ਲਈ ਘੱਗਰਾ ਦਿੱਤਾ ਜਾਂਦਾ ਹੈ। ਜਿਹੜਾ ਬਾਬਾ ਸਿੱਧ ਭੋਇੰ ਦੀ ਮਿੱਟੀ ਕੱਢਣ ਵੇਲੇ ਪਾਇਆ ਜਾਂਦਾ ਹੈ। ਵਿਆਹ ਤੋਂ ਬਾਅਦ ਸਭ ਤੋਂ ਪਹਿਲਾਂ ਨਵੀਂ ਨੂੰਹ ਨੂੰ ਸਿੱਧ ਭੋਇੰ ਦੇ ਸਥਾਨ ਤੇ ਮੱਥਾ ਟਿਕਾਇਆ ਜਾਂਦਾ ਹੈ। ਸਿੱਧ ਭੋਇੰ ਦੇ ਸਥਾਨ ਵੱਲ ਜਾਂਦੇ ਤੇ ਆਉਂਦੇ ਸਮੇਂ ਲੋਕ ਗੀਤ ਗਾਏ ਜਾਂਦੇ ਹਨ। ਜਿਵੇਂ-

ਆਉਂਦੀ ਕੁੜੀਏ, ਜਾਂਦੀ ਕੁੜੀਏ ਭਰ ਲਿਆ ਗਲਾਸ ਕੱਚੀ ਲੱਸੀ ਦਾ ਨੀਂ... ਬਾਬਾ ਸਿੱਧ ਭੋਇੰ, ਬਾਬਾ ਸਿੱਧ ਭੋਇੰ ਜੰਡੀ ਹੇਠ ਦੱਸੀਦਾ ਨੀ... ਸਿੱਧ ਭੋਇੰ ਦੇ ਸਥਾਨ `ਤੇ ਪਹੁੰਚ ਕੇ ਨਵੀਂ ਵਿਆਹੀ ਜੋੜੀ ਦਾ ਕਿਸੇ ਕੁੜੀ (ਜਿਹੜੀ ਧਾਲੀਵਾਲ ਹੀ ਹੋਵੇ) ਵੱਲੋਂ ਗੰਢਜੋੜਾ ਕੀਤਾ ਜਾਂਦਾ ਹੈ। ਫਿਰ ਸੱਤ ਵਾਰ ਮਿੱਟੀ ਕੱਢੀ ਜਾਂਦੀ ਹੈ। ਇਸ ਤੋਂ ਬਾਅਦ ਕੁੜੀਆਂ (ਧਿਆਣੀਆਂ) ਦੇ ਪੈਰੀਂ ਹੱਥ ਲਾ ਕੇ ਮੱਥਾ ਟੇਕਿਆ ਜਾਂਦਾ ਹੈ। ਫਿਰ ਸਭ ਤੋਂ ਪਹਿਲਾਂ ਚੜ੍ਹਾਵੇ ਵਾਲਾ ਦੁੱਧ ਤੇ ਪ੍ਰਸ਼ਾਦ (ਦੇਗ਼) ਵੀ ਕੁੜੀਆਂ ਨੂੰ ਦਿੱਤੇ ਜਾਂਦੇ ਹਨ। ਸ਼ਗਨ ਦੇ ਕੇ ਕੁੜੀਆਂ ਦੇ ਪੈਂਰੀ ਹੱਥ ਲਾ ਕੇ ਮੱਥਾ ਟੇਕਿਆ ਜਾਂਦਾ ਹੈ। ਪਰ ਇਸ ਸ਼ਰਤ ਇਹ ਲਾਜ਼ਮੀ ਹੈ ਕਿ ਕੁੜੀਆਂ (ਧਿਆਣੀਆਂ) ਦਾ ਗੋਤ ਵੀ ਧਾਲੀਵਾਲ ਹੋਣਾ ਚਾਹੀਦਾ ਹੈ। ਵਿਆਹ ਤੋਂ ਬਾਅਦ ਮੁੰਡੇ ਦੇ ਵਿਆਹ ਦੀ ਖੁਸ਼ੀ ਵਿੱਚ ਬਾਬਾ ਸਿੱਧ ਭੋਇੰ ਦੇ ਸਥਾਨ (ਲੱਲੂਆਣੇ ਪਿੰਡ ਵਿਖੇ) ਤੇ 5 ਸੇਰ ਗੁੜ ਦੀ ਭੇਲੀ ਵੀ ਚੜ੍ਹਾਈ ਜਾਦੀ ਹੈ। ਕੁੜੀਆਂ ਨੂੰ ਗੰਢਜੋੜਾ ਕਰਨ ਤੇ ਸੂਟ ਵੀ ਦਿੱਤੇ ਜਾਂਦੇ ਸਨ ਇਸ ਤੋਂ ਬਾਅਦ ਮਰਾਸੀਆਂ ਨੂੰ ਦੁੱਧ, ਪ੍ਰਸ਼ਾਦ ਤੇ ਖੇਸ ਚੜ੍ਹਾਵੇ ਵਜੋਂ ਦਿੱਤੇ ਜਾਂਦੇ ਹਨ ਤੇ ਪੈਰੀਂ ਹੱਥ ਲਾ ਕੇ ਮੱਥਾ ਟੇਕਿਆ ਜਾਂਦਾ ਹੈ। ਇਸ ਤਰ੍ਹਾਂ ਨਵੀਂ ਨੂੰਹ ਨੂੰ ਆਪਣੇ ਗੋਤ ਵਿੱਚ ਸ਼ਾਮਿਲ ਕਰ ਲਿਆ ਜਾਂਦਾ ਹੈ। ਧਾਲੀਵਾਲ ਮੁੰਡੇ ਦੇ ਜਨਮ ਦੀ ਖੁਸ਼ੀ ਵਿੱਚ ਵੀ ‘ਭੇਲੀ ਚੜ੍ਹਾਉਣਾ’ ਲਾਜ਼ਮੀ ਸਮਝਦੇ ਹਨ। ਇਸ ਤੋਂ ਇਲਾਵਾ ਲਵੇਰੀ ਸੂਣ ਤੇ ਸਭ ਤੋਂ ਪਹਿਲਾਂ ਕੁੜੀਆਂ ਨੂੰ ਦੁੱਧ ਪਿਲਾ ਕੇ, ਪੈਰੀਂ ਹੱਥ ਲਾ ਕੇ ਸ਼ਗਨ ਦਿੱਤਾ ਜਾਂਦਾ ਹੈ। ਫਿਰ ਦੁੱਧ ਮਰਾਸੀਆਂ ਨੂੰ ਦਿੱਤਾ ਜਾਂਦਾ ਹੈ। ਚਾਨਣੀ ਤੇਰਸ ਤੱਕ ਥੇਈ ਰੱਖੀ ਜਾਂਦੀ ਹੈ। ਤੇ ਪੰਡਤ ਨੂੰ ਦੁੱਧ ਨਹੀਂ ਦਿੱਤਾ ਜਾਂਦਾ। ਇਹਨਾਂ ਸਾਰੀਆਂ ਰਸਮਾਂ ਵਿੱਚ ਕੁੜੀਆਂ ਦੀ ਸ਼ਮੂਲੀਅਤ ਲਾਜ਼ਮੀ ਹੈ। ਚੜ੍ਹਾਵੇ ਵਜੋਂ ਕਈ ਥਾਂ ‘ਰੋਟ’ ਵੀ ਚੜ੍ਹਾਇਆ ਜਾਂਦਾ ਹੈ। ਧਾਲੀਵਾਲਾਂ ਦਾ ਮੁੱਖ ਪੂਜਕ ਸਥਾਨ ਜ਼ਿਲ੍ਹਾ ਮਾਨਸਾ ਵਿੱਚ ਪਿੰਡ ਲੁੱਲੂਆਣਾਂ ਵਿਖੇ ਸਥਿਤ ਹੈ। ਇੱਥੇ ਹਰ ਸਾਲ ਹਾੜ੍ਹ ਮਹੀਨੇ ਦੀ ਚਾਨਣੀ ਤੇਰਸ ਨੂੰ ਵੱਡਾ ਭਾਰੀ ਮੇਲਾ ਲੱਗਦਾ ਹੈ। ਚੜ੍ਹਾਵੇ ਚੜ੍ਹਾਏ ਜਾਂਦੇ ਹਨ। ਸੁੱਖਣਾਂ ਸੁੱਖੀਆਂ ਜਾਂਦੀਆਂ ਹਨ। ਇਸ ਥਾਂ ਤੇ ਦੂਰੋ-ਦੂਰੋਂ ਧਾਲੀਵਾਲ ਗੋਤ ਦੇ ਲੋਕ ਸ਼ਿਰਕਤ ਕਰਦੇ ਹਨ। ਇਸ ਤੋਂ ਇਲਾਵਾਂ ਕਈ ਸਥਾਨਕ ਮਨੌਤਾਂ ਲਈ ਵੀ ਪਿੰਡਾਂ ਵਿੱਚ ਸਥਾਨ ਬਣੇ ਹੋਏ ਹਨ। ਜਿਵੇਂ ਧੂਰਕੋਟ, ਬੱਧਨੀ ਕਲਾਂ, ਹੇੜੀਕੇ, ਰਾਜੇਆਣਾ, ਵਿਖੇ ਸਥਿਤ ਹਨ। ਧਾਲੀਵਾਲ ਗੌਤ ਦੇ ਲੋਕਾਂ ਨਾਲ ਸੰਬੰਧਿਤ ਜਿਥੇ ਸਾਊ, ਸੰਜਮੀ, ਮਿਹਨਤੀ ਹੋਣ ਸੰਕਲਪ ਸਿਰਜਿਆ ਜਾਂਦਾ ਹੈ। ਉਥੇ ਵਿਅੰਗਪੂਰਨ ਟੋਟਕੇ ਵੀ ਕੱਸੇ ਜਾਂਦੇ ਹਨ ਜਿਵੇਂ-

“ਇੱਕ ਮੁੰਡਾ ਸੀ, ਉਹੀ ਧਾਲੀਵਾਲਾਂ ਦੇ ਵਿਆਹ ਲਿਆ।” ਇਸ ਤੋਂ ਇਲਾਵਾ ਧਾਲੀਵਾਲਾਂ ਨਾਲ ਸੰਬੰਧਿਤ ਕਈ ਬੋਲੀਆਂ ਵੀ ਪਾਈਆਂ ਜਾਂਦੀਆਂ ਹਨ।

ਧੌਲੇ ਦੇ ਧਾਲੀਵਾਲ ਸੁਣੀਂਦੇ ਪੱਗਾਂ ਬੰਨ੍ਹਦੇ ਹਰੀਆਂ ਐਰ-ਗੈਰ ਨਾਲ ਵਿਆਹ ਨਾ ਕਰਾਉਂਦੇ ਵਿਆਹ ਕੇ ਲਿਆਉਂਦੇ ਪਰੀਆਂ ਰੂਪ ਕੰਵਾਰੀ ਦਾ ਖੰਡ ਮਿਸ਼ਰੀ ਦੀਆਂ ਡਲੀਆਂ ਧਾਲੀਵਾਲਾਂ ਨਾਲ ਕਈ ਪਿੰਡ ਸੰਬੰਧਿਤ ਹਨ ਜਿਹੜੇ ਧਾਲੀਵਾਲਾਂ ਦੁਆਰਾ ਹੀ ਵਸਾਏ ਗਏ ਹਨ। ਇਸ ਤਰ੍ਹਾਂ ਹੀ ਪਿੰਡ ਧੌਲਾ ਵੀ ਧਾਲੀਵਾਲਾਂ ਦੁਆਰਾ ਵਸਾਇਆ ਗਿਆ ਜਿਥੇ ਉਹਨਾਂ ਨਾਂਲ ਸੰਬੰਧਿਤ ਕਈ ਸਦੀਆਂ ਪੁਰਾਣਾ ਕਿਲ੍ਹਾ ਵੀ ਮੌਜੂਦ ਹੈ। ਇਥੋਂ ਉਹਨਾਂ ਦੇ ਬਹਾਦਰ, ਤੇ ਉੱਚੇ ਘਰਾਣਿਆਂ, ਰਜਿਆਂ ਨਾਲ ਸੰਬੰਧਿਤ ਰਿਸ਼ਤਿਆਂ ਬਾਰੇ ਕਈ ਵੇਰਵੇ ਮਿਲਦੇ ਹਨ। ਸਮੁੱਚੇ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਧਾਲੀਵਾਲ ਗੋਤ ਪੰਜਾਬ ਵਿੱਚ ਜਾਣਿਆ ਪਛਾਣਿਆ ਹੈ। ਇਹਨਾਂ ਲੋਕਾਂ ਦੇ “ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜਾਂ ਨਾਲ ਬਹੁਤੇ ਚੰਗੇ ਸੰਬੰਧ ਨਾ ਹੋਣ ਕਰ ਕੇ ਜ਼ਮੀਨਾਂ ਜ਼ਬਤ ਕੀਤੀਆਂ ਗਈਆਂ।”3 ਪਰ ਇਹ ਲਗਤਾਰ ਮਿਹਨਤ ਤੇ ਸੰਘਰਸ਼ ਨਾਲ ਆਪਣੀ ਹੋਂਦ ਨੂੰ ਸਿਰਫ਼ ਕਾਇਮ ਰੱਖਣ ਵਿੱਚ ਵੀ ਸਫ਼ਲ ਨਹੀਂ ਹੋਏ ਸਗੋਂ ਸਫ਼ਲਤਾ ਬੁਲੰਦੀਆਂ ਛੂਹੀਆਂ। ਅੱਜ ਧਾਲੀਵਾਲ ਗੋਤ ਦੇ ਲੋਕ ਆਪਣੀ ਮਿਹਨਤ ਸਦਕਾ ਵਿਦੇਸ਼ਾਂ ਵਿੱਚ ਵੀ ਕਾਮਯਾਬੀ ਹਾਸਲ ਕਰ ਚੁੱਕੇ ਹਨ। ਇਹਨਾਂ ਦੀਆਂ ਆਪਸੀ ਭਾਈਚਾਰਕ ਸਾਂਝਾ ਤੇ ਰਸਮਾਂ ਇਹਨਾਂ ਨੂੰ ਦੂਜਿਆ ਤੋਂ ਵਿਲੱਖਣ ਤੇ ਆਪਸ ਵਿੱਚ ਜੋੜਨ ਵਿੱਚ ਰੋਲ ਅਦਾ ਕਰਦੀਆਂ ਹਨ। ਹਵਾਲੇ ਤੇ ਟਿੱਪਣੀਆਂ 1. ਹੁਸ਼ਿਆਰ ਸਿੰਘ ਦੁਲਹੇ, ਜੱਟਾਂ ਦਾ ਇਤਿਹਾਸ (ਜੱਟਾ ਦੇ ਇੱਕ ਸੌ ਇੱਕ ਗੋਤਾਂ ਦਾ ਖੋਜ ਭਰਪੂਰ ਇਤਿਹਾਸਿਕ ਵੇਰਵਾ), ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ 2001, ਪੰਨਾ 26 2. ਉਹੀ, ਪੰਨਾ 114 3. ਉਹੀ, ਪੰਨਾ 117 ਗੁਰਮੀਤ ਕੌਰ, ਰੋਲ ਨੰ. 2251, ਕਲਾਸ ਐਮ.ਏ. ਭਾਗ ਦੂਜਾ (ਆਨਰਜ਼), ਸੈਸ਼ਨ 2013

ਹਵਾਲੇ

[ਸੋਧੋ]