ਅਮਰਜੀਤ ਕੌਂਕੇ
ਡਾ.ਅਮਰਜੀਤ ਕੌਂਕੇ | |
---|---|
ਜਨਮ | ਜ਼ਿਲ੍ਹਾ ਲੁਧਿਆਣਾ, ਭਾਰਤੀ (ਪੰਜਾਬ) | 27 ਅਗਸਤ 1964
ਕਿੱਤਾ | ਕਵੀ,ਸੰਪਾਦਕ ਅਤੇ ਅਨੁਵਾਦਕ |
ਭਾਸ਼ਾ | ਪੰਜਾਬੀ |
ਸਿੱਖਿਆ | ਐੱਮ.ਏ. (ਪੰਜਾਬੀ), ਪੀ. ਐੱਚ. ਡੀ. |
ਸ਼ੈਲੀ | ਕਵਿਤਾ |
ਵਿਸ਼ਾ | ਸਮਾਜਕ ਸਰੋਕਾਰ |
ਜੀਵਨ ਸਾਥੀ | ਸ਼੍ਰੀਮਤੀ ਕੌਕੇ |
ਬੱਚੇ | ਬੇਟਾ ਗਗਨਦੀਪ ਸਿੰਘ ਪੁੱਤਰੀ ਓਮਨਾ |
ਰਿਸ਼ਤੇਦਾਰ | ਪਿਤਾ ਸ. ਪ੍ਰੀਤਮ ਸਿੰਘ ਮਾਤਾ ਸ੍ਰੀਮਤੀ ਸਤਵੰਤ ਕੌਰ |
ਡਾ. ਅਮਰਜੀਤ ਕੌਂਕੇ (ਜਨਮ : 27 ਅਗਸਤ 1964), ਪੰਜਾਬੀ ਅਤੇ ਹਿੰਦੀ ਕਵੀ, ਅਨੁਵਾਦਕ ਅਤੇ ਸਾਹਿਤਕ ਮੈਗਜ਼ੀਨ "ਪ੍ਰਤਿਮਾਨ" ਦੇ ਸੰਪਾਦਕ ਹਨ। ਅਮਰਜੀਤ ਕੌਂਕੇ ਸਾਲ 2016 ਲਈ ਸਾਹਿਤ ਅਕਾਦਮੀ , ਦਿੱਲੀ ਵੱਲੋਂ ਸਾਹਿਤ ਅਕਾਦਮੀ ਅਨੁਵਾਦ ਪੁਰਸਕਾਰ ਨਾਲ ਸਨਮਾਨਿਤ ਹਨ।[1]
ਜੀਵਨ
[ਸੋਧੋ]ਅਮਰਜੀਤ ਕੌਂਕੇ ਦਾ ਜਨਮ ਪਿਤਾ ਸਰਦਾਰ ਪ੍ਰੀਤਮ ਸਿੰਘ ਤੇ ਮਾਤਾ ਸ਼੍ਰੀਮਤੀ ਸਤਵੰਤ ਕੌਰ ਦੇ ਗ੍ਰਹਿ ਵਿਖੇ ਹੋਇਆ। ਉਸਦਾ ਪਿਤਾ ਲੁਧਿਆਣਾ ਵਿਚ ਇਕ ਪ੍ਰਾਈਵੇਟ ਫੈਕਟਰੀ ਵਿਚ ਕਲਰਕ ਸੀ। ਇਕ ਮੱਧ ਵਰਗੀ ਪਰਿਵਾਰ ਵਿਚ ਜਨਮੇ ਹੋਣ ਕਾਰਨ ਉਸ ਦਾ ਵਾਹ ਬਚਪਨ ਤੋਂ ਹੀ ਤੰਗੀਆਂ ਤੁਰਸ਼ੀਆਂ ਨਾਲ ਪੈ ਗਿਆ।
ਸਿੱਖਿਆ
[ਸੋਧੋ]ਉਹ ਆਪਣੀ ਪੜ੍ਹਾਈ ਗਿਆਰਵੀਂ ਤੱਕ ਹੀ ਸਕੂਲ ਵਿਚ ਰੈਗੂਲਰ ਕਰ ਸਕਿਆ ਤੇ ਬਾਅਦ ਵਿਚ ਉਸਨੇ ਪ੍ਰਾਈਵੇਟ ਤੌਰ ਤੇ ਗਿਆਨੀ, ਬੀ. ਏ., ਐਮ.ਏ.,ਬੀ., ਐੱਡ ਅਤੇ ਪੀ. ਐਚ ਡੀ ਦੀਆਂ ਡਿਗਰੀਆਂ ਹਾਸਿਲ ਕੀਤੀਆਂ। ਨਿਟਿੰਗ ਟੈਕਨਾਲੋਜੀ ਵਿਚ ਡਿਪਲੋਮਾ ਕਰ ਕੇ ਉਹ ਸਰਕਾਰੀ ਸਿੱਖਿਆ ਵਿਭਾਗ ਵਿਚ ਅਧਿਆਪਕ ਲੱਗ ਗਿਆ।
ਸਾਹਿਤਕ ਜੀਵਨ
[ਸੋਧੋ]ਅਮਰਜੀਤ ਕੌਕੇ ਆਪਣੇ ਬਚਪਨ ਵਿੱਚ ਹੰਢਾਈਆਂ ਤੰਗੀਆਂ ਤੁਰਸ਼ੀਆਂ ਦੇ ਦਰਦ ਨੂੰ ਆਪਣੀਆਂ ਕਵਿਤਾਵਾਂ ਵਿਚ ਥਾਂ ਥਾਂ ਤੇ ਲਿਖਦਾ ਹੈ। ਇਸੇ ਦਰਦ ਦੇ ਚਲਦਿਆਂ ਉਸ ਦਾ ਵਾਹ ਕਵਿਤਾ ਨਾਲ ਪੈ ਗਿਆ। ਉਸਨੇ ਆਪਣੀ ਉਦਾਸੀ ਨੂੰ ਸ਼ਬਦਾਂ ਤੇ ਕਵਿਤਾ ਨਾਲ ਸਾਂਝਾ ਕਰਨਾ ਸ਼ੁਰੂ ਕਰ ਦਿੱਤਾ। ਅਮਰਜੀਤ ਕੌਂਕੇ ਦੀਆਂ ਪਹਿਲੇ ਦੌਰ ਦੀਆਂ ਕਵਿਤਾਵਾਂ ਗਹਿਰੀ ਉਦਾਸੀ ਦੀ ਬਾਤ ਪਾਉਂਦੀਆਂ ਹਨ। ਇਹਨਾਂ ਕਵਿਤਾਵਾਂ ਵਿੱਚ ਉਹ ਜਿੰਦਗੀ 'ਚ ਕਾਮਯਾਬ ਹੋਣ ਲਈ ਸ਼ੰਘਰਸ ਦੀ ਬਾਤ ਪਾਉਂਦਾ ਪ੍ਰਤੀਤ ਹੁੰਦਾ ਹੈ। ਤੰਗੀਆਂ ਤੁਰਸ਼ੀਆਂ, ਬੇ-ਰੋਜ਼ਗਾਰੀ, ਰਿਸ਼ਤਿਆਂ ਦੀ ਕੜਵਾਹਟ ਅਤੇ ਹੋਰ ਅਨੇਕਾਂ ਸਮਸਿਆਵਾਂ ਦਾ ਦੁੱਖ ਉਹ ਆਪਣੀਆਂ ਨਜ਼ਮਾਂ ਵਿੱਚ ਕਰਦਾ ਹੈ।
“ਮੇਰਾ ਬਚਪਨ ਇੱਕ ਕੈਕਟਸ ਵਾਂਗ ਸੀ ਜਿਸ ਦੀਆਂ ਜੜ੍ਹਾਂ ਨੂੰ ਪਾਣੀ ਨਸੀਬ ਨਹੀਂ ਹੁੰਦਾ, ਰੁੱਖੀ ਹਵਾ, ਬਲਦੀ ਦੁਪਹਿਰ, ਅਣਸੁਖਾਵਾਂ ਮੌਸਮ...ਪਰ ਫੇਰ ਵੀ ਉਸ ਕੈਕਟਸ ਤੇ ਇੱਕ ਨਿੱਕਾ ਜਿਹਾ ਫੁੱਲ ਖਿੜ ਪੈਂਦਾ ਹੈ...ਕਵਿਤਾ ਦਾ ਫੁੱਲ......!”
—ਅਮਰਜੀਤ ਕੌਕੇ
ਅਮਰਜੀਤ ਕੌਕੇ ਨੇ ਆਪਣੀ ਕਲਮ ਦੁਆਰਾ ਜਿੰਦਗੀ ਦਾ ਹਰ ਪਹਿਲੂ ਛੋਹਿਆ ਹੈ। ਉਹ ਆਪਣੀਆਂ ਜੜ੍ਹਾਂ ਨਾਲ ਜੁੜਿਆ ਹੋਇਆ ਕਵੀ ਹੈ।
ਉਹ ਆਪਣੇ ਪਿੰਡ ਨੂੰ, ਪਿੰਡ ਦੇ ਲੋਕਾਂ ਨੂੰ, ਰਿਸ਼ਤਿਆਂ ਨੂੰ, ਦੂਰ ਰਹਿ ਗਏ ਘਰ ਨੂੰ, ਘਰ ਦੀਆਂ ਭੁਰਦੀਆਂ ਕੰਧਾਂ ਨੂੰ ਸ਼ਿਦਤ ਨਾਲ ਯਾਦ ਕਰਦਾ ਹੈ।
ਸਾਹਿਤਕ ਸਿਰਜਣਾ
[ਸੋਧੋ]ਅਮਰਜੀਤ ਕੌਂਕੇ ਨੇ ਹੁਣ ਤੱਕ 7 ਪੰਜਾਬੀ ਕਾਵਿ- ਸੰਗ੍ਰਹਿ ਦਾਇਰਿਆਂ ਦੀ ਕਬਰ 'ਚੋਂ, ਨਿਰਵਾਣ ਦੀ ਤਲਾਸ਼ 'ਚ, ਦਵੰਦ ਕਥਾ, ਯਕੀਨ, ਸ਼ਬਦ ਰਹਿਣਗੇ ਕੋਲ, ਸਿਮਰਤੀਆਂ ਦੀ ਲਾਲਟੈਨ, ਅਤੇ ਪਿਆਸ, ਪੰਜ ਹਿੰਦੀ ਕਾਵਿ ਸੰਗ੍ਰਹਿ, ਮੁੱਠੀ ਭਰ ਰੌਸ਼ਨੀ, ਅੰਧੇਰੇ ਮੇਂ ਆਵਾਜ਼, ਅੰਤਹੀਨ ਦੌੜ, ਬਨ ਰਹੀ ਹੈ ਨਈ ਦੁਨੀਆ, ਆਕਾਸ਼ ਕੇ ਪੰਨੇ ਪਰ ਅਤੇ ਪੰਜ ਪੁਸਤਕਾਂ ਬੱਚਿਆਂ ਲਈ ਸਾਹਿਤ ਜਗਤ ਦੀ ਝੋਲੀ ਪਾਈਆਂ ਹਨ ਜਿਹਨਾਂ ਵਿਚ " ਕੁੱਕੜੂੰ ਘੜੂੰ ", "ਕੁੜੀਆਂ ਚਿੜੀਆਂ ", " ਵਾਤਾਵਰਣ ਬਚਾਅ ", " ਲੱਕੜ ਦੀ ਕੁੜੀ ', "ਮਖਮਲ ਦੇ ਪੱਤੇ " ਸ਼ਾਮਿਲ ਹਨ। ਅਮਰਜੀਤ ਕੌਂਕੇ ਨੇ ਹਿੰਦੀ ਤੋਂ ਪੰਜਾਬੀ ਵਿੱਚ ਅਤੇ ਪੰਜਾਬੀ ਤੋਂ ਹਿੰਦੀ ਵਿਚ 40 ਦੇ ਕਰੀਬ ਪੁਸਤਕਾਂ ਦਾ ਅਨੁਵਾਦ ਅਤੇ ਕਈ ਪੁਸਤਕਾਂ ਦੀ ਸੰਪਾਦਨਾ ਵੀ ਕੀਤੀ ਹੈ। ਆਲੋਚਨਾ ਵਿਚ ਜਸਵੰਤ ਸਿੰਘ ਕੰਵਲ ਦੇ ਨਾਵਲਾਂ ਦਾ ਥੀਮਿਕ ਅਧਿਐਨ ਅਤੇ 1960 ਤੋਂ ਬਾਅਦ ਦੀ ਹਿੰਦੀ ਪੰਜਾਬੀ ਕਵਿਤਾ ਦਾ ਤੁਲਨਾਤਮਕ ਅਧਿਐਨ ਤੇ ਥੀਸਸ ਲਿਖੇ ਹਨ।
ਕਵਿਤਾਵਾਂ
[ਸੋਧੋ]ਪਿੰਡ ਨਹੀਂ ਵਿਕ ਰਿਹਾ
ਪਿੰਡ ਦੇ ਬਹਾਨੇ ਮੇਰੇ ਪੁਰਖੇ ਵਿਕ ਰਹੇ ਨੇ
ਪੁਰਖਿਆਂ ਬਹਾਨੇ ਮੇਰੇ ਸੰਸਕਾਰ ਵਿਕ ਰਹੇ ਨੇ
ਇਸ ਧਰਤੀ ਤੋਂ ਤੁਰ ਗਏ
ਮੇਰੇ ਪਿਤਰਾਂ ਦੇ ਪਰਿਵਾਰ ਵਿਕ ਰਹੇ ਨੇ
ਖੋਹ ਲਵੋ ਮੈਥੋਂ
ਮੇਰੀਆਂ ਸਾਰੀਆਂ ਕਵਿਤਾਵਾਂ
ਤੇ ਮੈਨੂੰ ਉਹ ਬੇਚੈਨ ਅੱਗ ਦੇ ਦੇਵੋ
ਜੋ ਕਵਿਤਾ ਲਿਖਣ ਤੋਂ ਪਹਿਲਾਂ
ਮੇਰੇ ਅੰਦਰ ਸੁਲਘਦੀ ਹੈ...
ਰਚਨਾਵਾਂ
[ਸੋਧੋ]ਪੰਜਾਬੀ ਵਿਚ
[ਸੋਧੋ]- ਦਾਇਰਿਆਂ ਦੀ ਕਬਰ ‘ਚੋਂ (1985)
ਇਸ ਪੁਸਤਕ ਦੇ ਤਿੰਨ ਹਿੱਸੇ ਹਨ ਤੇ ਇਸਦਾ ਸਾਂਝਾ ਨਾਂ ਹੈ ‘ਦਾਇਰਿਆਂ ਦੀ ਕਬਰ ‘ਚੋਂ ’। ਇਸ ਵਿੱਚ ਬਲਜੀਤ ਮੋਗਾ, ਅਮਰਜੀਤ ਕੌਂਕੇ ਅਤੇ ਸਵਰਨਜੀਤ ਸਵੀ ਨੇ ਨਜ਼ਮਾਂ ਦੀ ਰਚਨਾ ਕੀਤੀ ਹੈ। (ਓ) ਬਲਜੀਤ ਮੋਗਾ :- ਇਸਦੀ ਕਵਿਤਾ ਦੀ ਖੂਬੀ ਇਹ ਹੈ ਕਿ ਇਸ ਵਿੱਚ ਇੱਕ ਤਾਜੇ ਫੁੱਟੇ ਚਸ਼ਮੇ ਦੀ ਤਾਜ਼ਗੀ ਤੇ ਅਮੀਰੀ ਹੈ। ਇਸ ਲਈ ਕੁੜੀ ਦਾ ਮੋਹ-ਵਿਰਾਗ ਹੀ ਦਾਇਰਾ ਹੈ। (ਅ) ਅਮਰਜੀਤ ਕੌਂਕੇ :- ਇਸ ਨੇ ਕਵਿਤਾ ਨੂੰ ਇੰਨੀ ਮੌਲਿਕਤਾ ਨਾਲ ਬਿਆਨ ਕੀਤਾ ਹੈ ਕਿ ਕਵਿਤਾ ਮੁੱਕਣ ਤੋਂ ਬਾਅਦ ਵੀ ਸ਼ਬਦ ਪਾਰਦਰਸ਼ੀ ਹੋ ਜਾਂਦੇ ਹਨ, ਵਿਆਕੁਲ ਪੈਰਾਂ ਦੀ ਆਵਾਜ਼ ਸੁਣਦੀ ਹੈ ਤੇ ਲੱਗਦਾ ਹੈ ਕਿ ਸ਼ਬਦਾਂ ਦੀ ਦਰਗਾਹ ਤੇ ਕੋਈ ਰੋਹ ਰਿਹਾ ਹੈ। ਇਸ ਲਈ ਮਾਂ ਦੀ ਮਮਤਾ ਹੀ ਦਾਇਰਾ ਹੈ।[2] (ੲ) ਸਵਰਜੀਤ ਸਵੀ :- ਇਸ ਅਨੁਸਾਰ ‘ਜੋ ਹੈ’ ਉਸਦਾ ਯਥਾਰਥ ਹੈ ਤੇ ‘ਜੋ ਹੋਣਾ ਚਾਹੀਦਾ ਹੈ’ ਉਸ ਦਾ ਆਦਰਸ਼। ਇਸ ਯਥਾਰਥ ਤੇ ਆਦਰਸ਼ ਵਿਚਲਾ ਫਾਸਲਾ ਦਾਇਰਾ ਹੈ।
- ਨਿਰਵਾਣ ਦੀ ਤਲਾਸ਼ 'ਚ (1987, 1994,2009)
ਅਮਰਜੀਤ ਕੌਂਕੇ ਦੀ ਕਾਵਿ ਪੁਸਤਕ ‘ਨਿਰਵਾਣ ਦੀ ਤਲਾਸ਼ ‘ਚ’ ਮਨੁੱਖੀ ਪਛਾਣ ਦੀ ਸਮੱਸਿਆ ਨੂੰ ਕਈ ਰੂਪਾਂ ਚ ‘ਉਘਾੜਦੀ ਹੈ। ਜਿਵੇਂ ਚੰਗਾ ਭਲਾ ਮਨੁੱਖ ਕਈ ਵਾਰ ਬੇਪਛਾਣ ਹੋ ਜਾਂਦਾ ਹੈ। ਉਦੋਂ ਰਿਸ਼ਤਾ ਉਸਦੀ ਪਛਾਣ ਬਣਦਾ ਹੈ। ਇਸ ਵਿੱਚ ਕਵੀ ਨੇ ਮਨੁੱਖ ਦੇ ਭੂਤਕਾਲ, ਵਰਤਮਾਨ ਅਤੇ ਭਵਿੱਖ ਦੇ ਬਾਰੇ ਗੱਲ ਕੀਤੀ ਹੈ। ਉਹ ਇਹ ਵੀ ਦੱਸਦਾ ਹੈ ਕਿ ਜਦੋਂ ਮਨੁੱਖ ਵਾਸਤਵਿਕਤਾ ਨਾਲ ਟਕਰਾਉਂਦਾ ਹੈ ਤਾਂ ਉਹ ਕਦੇ ਹਾਰਦਾ, ਕਦੇ ਟੁੱਟਦਾ ਤੇ ਕਦੇ ਖੁਰਦਾ ਹੈ। ਉਸਦੀ ਹਰ ਕਵਿਤਾ ਕੋਈ ਨਾ ਕੋਈ ਪ੍ਰਸ਼ਨ ਸਿਰਜਦੀ ਹੈ।[3]
- ਦਵੰਦ ਕਥਾ (1990,2009)
ਅਮਰਜੀਤ ਕੌਂਕੇ ਦੀਆਂ ਰਚਨਾਵਾਂ ਪੜ੍ਹ ਕੇ ਪਰੰਪਰਾ ਤੇ ਆਧੁਨਿਕਤਾ ਵਿਚਕਾਰ ਵਖਰੇਵਾਂ ਬਹੁਤ ਬਨਾਵਟੀ ਲਗਦਾ ਹੈ।ਬੇਕਿਨਾਰ ਹੋ ਕੇ ਵੀ ਉਹ ਕਿਸੇ ਥਾਂ ਹ੍ਮ੍ਕਿਨਾਰ ਹੋਇਆ ਜਾਪਦਾ ਹੈ।ਦੂਰ ਤੱਕ ਫੈਲਦਾ ਹੈ ਪਰ ਸੰਕੇਤ ਦੇ ਜਾਂਦਾ ਹੈ ਕਿ ਫੈਲਨ ਲਈ ਆਪਣੀਆਂ ਜੜ੍ਹਾਂ ਨਾਲੋਂ ਟੁੱਟਣਾ ਜਰੂਰੀ ਨਹੀਂ.ਏਡੇ ਸੰਯੁਕਤ ਆਪੇ ਨਾਲ ਮੁਲਾਕਾਤ ਦੇਰ ਬਾਅਦ ਹੋਈ ਹੈ, ਇਸ ਲਈ ਕਿਸੇ ਚਿਰੀਂ ਵਿਛੜੇ ਦੇ ਮਿਲਣ ਦਾ ਅਹਿਸਾਸ ਜਾਗਦਾ ਹੈ- ਡਾ. ਹਰਿਭਜਨ ਸਿੰਘ
- ਯਕੀਨ (1993,2009)
ਇਸ ਕਾਵਿ ਸੰਗ੍ਰਹਿ ਵਿੱਚ ਅਸੀਂ ਇਹ ਪੜ੍ਹਦੇ ਹਾਂ ਕਿ ਕਿਸ ਤਰ੍ਹਾਂ ਨਵੇਂ ਯੁੱਗ ਦੀਆਂ ਕਦਰਾਂ-ਕੀਮਤਾਂ ਨਾਲ ਪੁਰਾਣੇ ਯੁੱਗ ਨੂੰ ਰੂਪਾਂਤ੍ਰਿਤ ਕਰਨਾ ਹੈ।
- ਸ਼ਬਦ ਰਹਿਣਗੇ ਕੋਲ (1996,2009)
ਇਸ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਵਿੱਚ ਕਵੀ ਨੇ ‘ਮੈਂ, ਯਥਾਰਥ, ਪ੍ਰਕਿਤੀ ਦੇ ਚਿੰਨ੍ਹਾਂ ਨਾਲ ਦੂਜੀ ਫੈਂਟਸੀ, ਸਹਿਜ-ਸੁਹਜ, ਪਿਆਰ ਭਾਵਾਂ ਤੋਂ ਤੁਰ ਕੇ ਭੌਤਿਕ ਜਾਂ ਦੇਹ ਦੇ ਅਨੰਦ, ਵਿਸ਼ਵਾਸ-ਅਵਿਸ਼ਵਾਸ ਆਦਿ ਨੂੰ ਪੇਸ਼ ਕੀਤਾ ਹੈ। ਇਸ ਪੁਸਤਕ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਸਾਲ 1997 ਲਈ ਸਰਵੋਤਮ ਪੁਸਤਕ ਪੁਰਸਕਾਰ "ਮੋਹਨ ਸਿੰਘ ਮਾਹਿਰ ਪੁਰਸਕਾਰ " ਨਾਲ ਸਨਮਾਨਿਤ ਕੀਤਾ ਗਿਆ।[4]
- ਸਿਮਰਤੀਆਂ ਦੀ ਲਾਲਟੈਨ (2000, 2004,2009)
ਇਸ ਵਿੱਚ ਸ਼ਾਮਿਲ ਕਵਿਤਾਵਾਂ ਵਿੱਚ ਕਵੀ ਨੇ ਜਿੰਦਗੀ ਦੇ ਬਹੁਪਸਾਰੀ ਸਰੋਕਾਰਾਂ ਨੂੰ ਦੂਰਦ੍ਰਿਸ਼ਟੀ ਨਾਲ ਰੂਪਮਾਨ ਕੀਤਾ ਹੈ। ਇਸ ਵਿੱਚ ਮਨੁੱਖ ਦੀ ਦਾਸਤਾਨ, ਉਸਦੇ ਆਂਤਰਿਕ ਸੰਬੰਧ, ਨਵੀਆਂ ਰਾਹਾਂ ਦੀ ਭਾਲ, ਮਾਨਵੀ ਰਿਸ਼ਤਿਆਂ, ਆਰਥਿਕ ਉੱਨਤੀ ਦੇ ਵਿਕਾਸ, ਉਦਯੋਗਿਕ ਕ੍ਰਾਂਤੀ ਕਾਰਨ ਪੇਂਡੂ ਅਰਥਚਾਰੇ ਦਾ ਖੇਰੂ-ਖੇਰੂ ਹੋਣਾ, ਔਰਤ ਮਰਦ ਦੇ ਰਿਸ਼ਤੇ, ਭਟਕਦੀ ਮਨੁੱਖੀ ਮਾਨਸਿਕਤਾ ਨੂੰ ਪੇਸ਼ ਕੀਤਾ ਹੈ। ਪ੍ਰਤੀਕਾਂ ਦੀ ਵਰਤੋ ਜਿਆਦਾ ਕੀਤੀ ਹੈ।[5]
- ਪਿਆਸ (2013)
"ਪਿਆਸ" ਜਿੰਦਗੀ ਦੇ ਬਹੁਭਾਂਤ ਵਸਤੂ ਵਰਤਾਰਿਆਂ ਨਾਲ ਸੰਵਾਦ ਸਿਰਜਦੀ ਇੱਕ ਮਹੱਤਵਪੂਰਨ ਪੁਸਤਕ ਹੈ ਜਿਹੜੀ ਆਧੁਨਿਕ ਗਲੋਬਲੀ ਯੁਗ ਵਿੱਚ ਗੁਆਚ ਰਹੀ ਸੰਵੇਦਨਾ, ਪੂੰਜੀਵਾਦੀ ਪ੍ਰਬੰਧ ਵਿੱਚ ਪਿਸ ਰਹੇ ਆਮ ਇਨਸਾਨ ਦੀ ਹੋਣੀ, ਤੇ ਦਿਨੋ ਦਿਨ ਟੁੱਟ ਰਹੇ ਰਿਸ਼ਤਿਆਂ ਤੇ ਬੇਗਾਨਗੀ ਦੀ ਬਾਤ ਪਾਉਂਦੀ ਹੈ। ਇਸ ਕਿਤਾਬ ਨੂੰ ਭਾਸ਼ਾ ਵਿਭਾਗ, ਪੰਜਾਬ ਵੱਲੋਂ ਸਾਲ 2014 ਲਈ ਸਰਵੋਤਮ ਪੁਸਤਕ ਪੁਰਸਕਾਰ " ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਪੁਰਸਕਾਰ " ਨਾਲ ਸਨਮਾਨਿਤ ਕੀਤਾ ਗਿਆ ਹੈ।
ਹਿੰਦੀ ਵਿੱਚ ਰਚਨਾਵਾਂ
[ਸੋਧੋ]- ਮੁੱਠੀ ਭਰ ਰੌਸ਼ਨੀ (1995)
- ਅੰਧੇਰੇ ਮੇਂ ਆਵਾਜ (1997)
- ਅੰਤਹੀਣ ਦੌੜ (2007)
- ਬਨ ਰਹੀ ਹੈ ਨਈ ਦੁਨੀਆ (2015)
- ਆਕਾਸ਼ ਕੇ ਪੰਨੇ ਪਰ(2022)
ਅਨੁਵਾਦ
[ਸੋਧੋ]ਹਿੰਦੀ ਤੋਂ ਪੰਜਾਬੀ
[ਸੋਧੋ]- ਔੜ ਵਿੱਚ ਸਾਰਸ (ਡਾ. ਕੇਦਾਰ ਨਾਥ ਸਿੰਘ)
- ਅਰਣਿਆ (ਸ਼੍ਰੀ ਨਰੇਸ਼ ਮਹਿਤਾ)
- ਨਾ ਛੂਹੀ ਪਰਛਾਵੇਂ ਮਨਾ (ਹਿਮਾਂਸ਼ੂ ਜੋਸ਼ੀ)
- ਉਸ ਰਾਤ ਦੀ ਗੱਲ (ਮਿਖਿਲੇਸ਼ਵਰ)
- ਗੋਟਿਆ (ਨ.ਧ. ਤਮਹਨਕਰ)
- ਗਾਥਾ ਮਹਾਂਮਨੁੱਖ ਦੀ (ਬਲਭੱਦਰ ਠਾਕੁਰ)
- ਨਵੇਂ ਇਲਾਕੇ ਵਿੱਚ (ਅਰੁਨ ਕਮਲ)
- ਦੂਜਾ ਕੋਈ ਨਹੀਂ (ਕੁੰਵਰ ਨਾਰਾਇਣ)
- ਸੰਪਰਦਾਇਕਤਾ (ਬਿਪਨ ਚੰਦਰਾ)
- ਧੁੱਪ ਨਿਕਲੇਗੀ (ਜਸਵੀਰ ਚਾਵਲਾ)
- ਔਰਤ ਮੇਰੇ ਅੰਦਰ (ਪਵਨ ਕਰਨ)
- ਮੇਰੀਆਂ ਚੋਣਵੀਆਂ ਕਹਾਣੀਆਂ (ਊਸ਼ਾ ਯਾਦਵ)
- ਆਧੁਨਿਕ ਭਾਰਤੀ ਕਵਿਤਾ ਸੰਚਇਨ (ਹਿੰਦੀ)
- ਇੱਕ ਅਨਘੜ ਜਿਹਾ ਸੁਪਨਾ ( ਮਣੀ ਮੋਹਨ )
- ਮਾਰੇ ਜਾਣਗੇ ( ਰਾਜੇਸ਼ ਜੋਸ਼ੀ )
- ਦੋ ਸਤਰਾਂ ਵਿਚਕਾਰ ( ਰਾਜੇਸ਼ ਜੋਸ਼ੀ )
- ਰਬਾਬ ( ਸੀਮਾਂਤ ਸੋਹਲ )
- ਪੂਰਨ ਵਿਰਾਮ ਤੋਂ ਪਹਿਲਾਂ ( ਡਾ. ਹੰਸਾ ਦੀਪ )
- ਪਗਡੰਡੀਆਂ ਗਵਾਹ ਨੇ ( ਆਤਮਾ ਰੰਜਨ )
- ਨਿੱਕਾ ਬੂਟਾ ( ਜਮਰ ਜਲੀਲ )
- ਬਚਿਆ ਰਹੇਗਾ ਸਾਰਾ ਕੁਝ ( ਹਿੰਦੀ ਦੇ 21 ਚੋਣਵੇਂ ਕਵੀਆਂ ਦੀ ਕਵਿਤਾ ਦਾ ਅਨੁਵਾਦ )
ਪੰਜਾਬੀ ਤੋਂ ਹਿੰਦੀ
[ਸੋਧੋ]- ਗਲੀਏ ਚਿੱਕੜ ਦੂਰਿ ਘਰ (ਵਣਜਾਰਾ ਬੇਦੀ)
- ਸ਼ਬਦੋਂ ਕੀ ਧੂਪ (ਸੁਖਵਿੰਦਰ ਸਿੰਘ ਕੰਬੋਜ)
- ਸੂਰਜ ਕਾ ਤਕੀਆ (ਰਵਿੰਦਰ ਰਵੀ)
- ਬਾਂਸੁਰੀ ਕਯਾ ਗੀਤ ਗਾਏ (ਡਾ. ਰਵਿੰਦਰ)
- ਪੱਤੇ ਕੀ ਮਹਾਯਾਤਰਾ (ਪ੍ਰਮਿੰਦਰ ਸੋਢੀ)
- ਖਾਲੀ ਦਰਿਆ ( ਬੀ. ਐਸ.ਰਤਨ )
- ਹਾਰ ਕਰ ਭੀ (ਦਰਸ਼ਨ ਬੁਲੰਦਵੀ)
- ਪਲ ਪਲ ਬਦਲਤੇ ਰੰਗ (ਬੀਬਾ ਬਲਵੰਤ)
- ਕਿਤੂਰ ਕੀ ਰਾਨੀ ਚੇਨੰਮਾ ( ਬੀ. ਐਸ . ਰਤਨ )
- ਆਧੁਨਿਕ ਭਾਰਤੀ ਕਵਿਤਾ ਸੰਚਇਨ (ਪੰਜਾਬੀ)
- ਟੁਕੜਾ ਟੁਕੜਾ ਵਰਤਮਾਨ (ਸੁਰਿੰਦਰ ਸੋਹਲ)
- ਵਿਪਰੀਤ (ਚਰਨ ਸਿੰਘ )
ਅੰਗ੍ਰੇਜ਼ੀ ਤੋਂ ਪੰਜਾਬੀ
[ਸੋਧੋ]- ਜਦੋਂ ਦੁਨੀਆਂ ਨਵੀਂ ਨਵੀਂ ਬਣੀ ( ਵੇਰੀਅਰ ਐਲਵਿਨ )
- ਕਾਠ ਦਾ ਪੁਤਲਾ ( ਕਾਰਲੋ ਕੋਲੋਦੀ )
ਸੰਪਾਦਨ ਪੁਸਤਕਾਂ
[ਸੋਧੋ]- ਸਮਾਨੰਤਰ (ਪਿਛਲੇ ਦਹਾਕੇ ਦੀ ਪੰਜਾਬੀ ਕਵਿਤਾ, 1992)
- ਸਮਾਂ ਉਦਾਸ ਨਹੀਂ (ਸਮਕਾਲੀ ਪੰਜਾਬੀ ਕਵਿਤਾ, 1997)
- ਅੱਖਰ ਅੱਖਰ ਅਹਿਸਾਸ (ਸਮਕਾਲੀ ਪੰਜਾਬੀ ਕਵਿਤਾ, 2016)
- ਸ਼ਬਦ ਸ਼ਬਦ ਪਰਵਾਜ਼ (ਸਮਕਾਲੀ ਪੰਜਾਬੀ ਕਵਿਤਾ, 2016)
- ਸਵਰਨ ਸਿੰਘ ਪਰਵਾਨਾ ਦੀ ਕਾਵਿ-ਚੇਤਨਾ
- ਕਵਿਤਾ ਮੇਂ ਕਿਸਾਨ (ਹਿੰਦੀ ਕਿਰਸਾਨੀ ਕਵਿਤਾ ਤੇ ਕੇਂਦ੍ਰਿਤ, ਸਹਿ ਸੰਪਾਦਨ 2022)
- ਸਰੋਕਾਰ ਤ੍ਰੈ - ਮਾਸਿਕ ਦੀ ਸੰਪਾਦਨਾ (1999 ਤੋਂ 2003)
- 2003 ਤੋਂ ਤ੍ਰੈ- ਮਾਸਿਕ " ਪ੍ਰਤਿਮਾਨ " ਦੀ ਨਿਰੰਤਰ ਸੰਪਾਦਨਾ
ਆਲੋਚਨਾ ਪੁਸਤਕਾਂ
[ਸੋਧੋ]- ਜਸਵੰਤ ਸਿੰਘ ਕੰਵਲ ਦੇ ਨਾਵਲਾਂ ਦਾ ਥੀਮਕ ਅਧਿਐਨ
- 1960 ਤੋਂ ਬਾਅਦ ਦੀ ਹਿੰਦੀ ਤੇ ਪੰਜਾਬੀ ਕਵਿਤਾ ਦਾ ਤੁਲਨਾਤਮਿਕ ਅਧਿਐਨ
ਅਮਰਜੀਤ ਕੌਂਕੇ ਦੀ ਕਵਿਤਾ ਤੇ ਹੋਇਆ ਕਾਰਜ (ਪੁਸਤਕਾਂ)
[ਸੋਧੋ]- ਅਮਰਜੀਤ ਕੌਂਕੇ-ਕਾਵਿ : ਸਿਰਜਣਾ ਤੇ ਸੰਵਾਦ, ਸੰਪਾਦਕ : ਡਾ. ਆਤਮ ਰੰਧਾਵਾ
- ਅਮਰਜੀਤ ਕੌਂਕੇ ਡਾ ਕਾਵਿ - ਪੈਰਾਡਾਈਮ, ਸੰਪਾਦਕ : ਡਾ. ਲਖਵਿੰਦਰ ਜੀਤ ਕੌਰ
- ਅਮਰਜੀਤ ਕੌਂਕੇ ਦੀ ਕਵਿਤਾ ਵਿੱਚ ਬੇਗਾਨਗੀ ਦਾ ਸੰਕਲਪ, ਲੇਖਕ : ਹਰਵਿੰਦਰ ਢਿੱਲੋਂ
- ਅਮਰਜੀਤ ਕੌਂਕੇ-ਕਾਵਿ : ਚਿੰਤਨ ਤੇ ਸਮੀਖਿਆ, ਸੰਪਾਦਕ : ਡਾ. ਬਲਜੀਤ ਸਿੰਘ, ਡਾ. ਮੁਖਤਿਆਰ ਸਿੰਘ
- ਅਮਰਜੀਤ ਕੌਂਕੇ-ਕਾਵਿ : ਪੰਧ ਤੇ ਪ੍ਰਬੰਧ, ਸੰਪਾਦਕ : ਡਾ. ਭੁਪਿੰਦਰ ਕੌਰ, ਸੋਨੀਆ
- ਅਮਰਜੀਤ ਕੌਂਕੇ ਦੀ ਕਵਿਤਾ : ਸਵੈ-ਚਿੰਤਨ ਤੋਂ ਯੁਗ ਚੇਤਨਾ ਤੋਂ ਤੱਕ, ਸੰਪਾਦਕ : ਡਾ. ਸੰਦੀਪ ਕੌਰ, ਰਮਨਦੀਪ ਕੌਰ
ਅਮਰਜੀਤ ਕੌਂਕੇ ਦੀ ਕਵਿਤਾ ਤੇ ਐਮ.ਫਿਲ., ਪੀ.ਐਚ.ਡੀ.ਲਈ ਹੋਇਆ ਕਾਰਜ
[ਸੋਧੋ]- ਅਮਰਜੀਤ ਕੌਂਕੇ ਦੀ ਕਵਿਤਾ ਵਿੱਚ ਦਵੰਦ ਦੀ ਪ੍ਰਕਿਰਤੀ : ਪੂਨਮ ਸ਼ਰਮਾ, ਨਿਗਰਾਨ : ਡਾ. ਬਲਜੀਤ ਕੌਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ (2001)
- ਅਮਰਜੀਤ ਕੌਂਕੇ ਦੀ ਕਾਵਿ-ਸੰਵੇਦਨਾ, ਰਾਤੇਜ ਭਾਰਤੀ, ਨਿਗਰਾਨ : ਡਾ. ਨਰਵਿੰਦਰ ਸਿੰਘ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ (2002)
- ਅਮਰਜੀਤ ਕੌਂਕੇ ਦੀ ਕਾਵਿ-ਸੰਵੇਦਨਾ, ਜਨਕ ਰਾਜ, ਨਿਗਰਾਨ : ਡਾ. ਕਰਮਜੀਤ ਸਿੰਘ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ (2011)
- ਅਮਰਜੀਤ ਕੌਂਕੇ ਦੀਆਂ ਕਾਵਿ- ਯੁਗਤਾਂ, ਮੁਖਤਿਆਰ ਸਿੰਘ, ਨਿਗਰਾਨ: ਡਾ. ਹਰਜੋਤ ਕੌਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ (2009)
- ਅਮਰਜੀਤ ਕੌਂਕੇ ਦੀ ਕਾਵਿ-ਸੰਵੇਦਨਾ, ਸਿਮਰਜੀਤ ਕੌਰ ਰੰਧਾਵਾ, ਨਿਗਰਾਨ : ਡਾ. ਬਲਜੀਤ ਕੌਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ (2008)
- ਅਮਰਜੀਤ ਕੌਂਕੇ ਦੀ ਕਵਿਤਾ ਵਿੱਚ ਬੇਗਾਨਗੀ ਦਾ ਸੰਕਲਪ, ਹਰਵਿੰਦਰ ਢਿੱਲੋਂ ਨਿਗਰਾਨ : ਡਾ. ਯੋਗਰਾਜ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ (2013)
- ਅਮਰਜੀਤ ਕੌਂਕੇ ਰਚਿਤ ' ਪਿਆਸ ': ਸਮਕਾਲੀ ਸਰੋਕਾਰ ਅਤੇ ਕਾਵਿ-ਜੁਗਤਾਂ, ਜਸਵੀਰ ਸਿੰਘ, ਨਿਗਰਾਨ : ਡਾ. ਆਤਮ ਰੰਧਾਵਾ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ (2018)
- ਅਮਰਜੀਤ ਕੌਂਕੇ ਕਾਵਿ ਦੇ ਭਾਸ਼ਾਈ ਸਰੋਕਾਰ, ਰੀਟਾ ਦੇਵੀ, ਨਿਗਰਾਨ : ਡਾ. ਸੰਦੀਪ ਕੌਰ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ (2018)
- ਅਮਰਜੀਤ ਕੌਂਕੇ ਦੀ ਪੁਸਤਕ " ਪਿਆਸ " ਵਿਚ ਦਲਿਤ ਚੇਤਨਾ, ਹਰਜਿੰਦਰ ਸਿੰਘ ਸਿੱਧੂ, ਨਿਗਰਾਨ : ਡਾ. ਪਰਮਜੀਤ ਕੌਰ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ (2014)
ਸਨਮਾਨ
[ਸੋਧੋ]- ਸਾਹਿਤ ਅਕਾਦਮੀ,ਦਿੱਲੀ ਵੱਲੋਂ ਸਾਲ 2016 ਲਈ ਸਾਹਿਤ ਅਕਾਦਮੀ ਅਨੁਵਾਦ ਪੁਰਸਕਾਰ
- " ਦਵੰਦ ਕਥਾ " ਪੁਸਤਕ ਲਈ ਲਾਭ ਸਿੰਘ ਚਾਤ੍ਰਿਕ ਪੁਰਸਕਾਰ 1991
- " ਯਕੀਨ " ਪੁਸਤਕ ਲਈ ਕਪੂਰ ਸਿੰਘ ਆਈ ਸੀ ਐਸ ਪੁਰਸਕਾਰ, 1994
- " ਸ਼ਬਦ ਰਹਿਣਗੇ ਕੋਲ " ਪੁਸਤਕ ਲਈ ਗੁਰੂ ਨਾਨਕ ਦੇਵ ਯੁਨੀਵਰਸਿਟੀ ਅੰਮ੍ਰਿਤਸਰ ਵੱਲੋਂ ਮੋਹਨ ਸਿੰਘ ਮਾਹਿਰ ਪੁਰਸਕਾਰ 1997
- " ਮੁੱਠੀ ਭਰ ਰੌਸ਼ਨੀ " ਪੁਸਤਕ ਲਈ ਭਾਸ਼ਾ ਵਿਭਾਗ ਵੱਲੋਂ ਗਿਆਨੀ ਸੰਤ ਸਿੰਘ ਪੁਰਸਕਾਰ, 1995
- ਪੁਸਤਕ " ਪਿਆਸ " ਲਈ ਭਾਸ਼ਾ ਵਿਭਾਗ ਪੰਜਾਬ ਵੱਲੋਂ 2014 ਲਈ ਸਰਵੋਤਮ ਪੁਸਤਕ ਪੁਰਸਕਾਰ
- ਸਾਹਿਤ ਦੇ ਖੇਤਰ ਵਿਚ ਸਮੁੱਚੀ ਦੇਣ ਲਈ " ਨਿਰੰਜਨ ਸਿੰਘ ਨੂਰ ਮੈਮੋਰੀਅਲ ਪੁਰਸਕਾਰ " 2009
- ਸਾਹਿਤ ਦੇ ਖੇਤਰ ਵਿਚ ਸਮੁੱਚੀ ਦੇਣ ਲਈ " ਪ੍ਰੀਤਮ ਸਿੰਘ ਰਾਹੀਂ ਪੁਰਸਕਾਰ " 2014
- ਸਾਹਿਤ ਸਭਾ ਜਗਰਾਓਂ ਵੱਲੋਂ " ਜਨਵਾਦੀ ਕਵਿਤਾ ਪੁਰਸਕਾਰ " 2017
- ਸਾਹਿਤ ਦੇ ਖੇਤਰ ਵਿੱਚ ਸਮੁੱਚੀ ਦੇਣ ਲਈ ਇਆਪਾ, ਕੈਨੇਡਾ ਪੁਰਸਕਾਰ, 1998, ਨਿਰੰਜਣ ਸਿੰਘ ਕਪੂਰ ਪੁਰਸਕਾਰ
ਹਵਾਲੇ
[ਸੋਧੋ]- ↑ "ਡਾ. ਅਮਰਜੀਤ ਕੌਂਕੇ ਨੂੰ ਸਾਹਿਤ ਅਕਾਦਮੀ ਵੱਲੋਂ ਅਨੁਵਾਦ ਪੁਰਸਕਾਰ".[permanent dead link]
- ↑ ਸੁਰਜੀਤ ਪਾਤਰ,ਦਾਇਰਿਆਂ ਦੀ ਕਬਰ ‘ਚ,ਪੰਨਾ 3
- ↑ ਪ੍ਰੋ: ਅਤੇ ਸਿੰਘ,ਨਿਰਵਾਣ ਦੀ ਤਲਾਸ਼ ‘ਚ,ਪੰਨਾ 1,2
- ↑ ,ਡਾ. ਸਤਿੰਦਰ ਸਿੰਘ ਨੂਰ,ਸ਼ਬਦ ਰਹਿਣਗੇ ਕੋਲ,ਪੰਨਾ 2,3
- ↑ ,ਡਾ. ਹਰਜੀਤ ਕੌਰ ਵਿਰਕ,ਆਧੁਨਿਕ ਪੰਜਾਬੀ ਕਵਿਤਾ ਪ੍ਰਾਪਤੀਆਂ ਤੇ ਸੰਭਾਵਨਾਵਾਂ,ਪੰਨਾ 324