ਸਬੀਹਾ ਖ਼ਾਨੁਮ
ਸਬੀਹਾ ਖ਼ਾਨੁਮ ਪੰਜਾਹ ਅਤੇ ਸੱਠ ਦੇ ਦਹਾਕੇ ਦੀ ਪੰਜਾਬੀ ਅਤੇ ਉਰਦੂ ਫ਼ਿਲਮ ਇੰਡਸਟਰੀ ਦੀ ਇੱਕ ਸੁਪ੍ਰਸਿੱਧ ਅਦਾਕਾਰਾ ਹੈ। ਸਬੀਹਾ ਉਸ ਸਮੇਂ ਦੀਆਂ ਪ੍ਰਸਿੱਧ ਫ਼ਿਲਮੀ ਨਾਇਕਾਵਾਂ ਮੁਸੱਰਤ ਨਜ਼ੀਰ, ਨਗ਼ਮਾ ਅਤੇ ਫਿਰਦੌਸ ਆਲੀਆ ਵਿੱਚੋਂ ਇੱਕ ਹੈ। ਉਸ ਨੇ ਬਹੁਗਿਣਤੀ ਫ਼ਿਲਮਾਂ ਵਿੱਚ ਆਪਣੇ ਜੀਵਨ ਸਾਥੀ ਸੰਤੋਸ਼ ਕੁਮਾਰ ਨਾਲ ਕੰਮ ਕੀਤਾ। ‘ਕਾਤਿਲ’, ‘ਸਰਫਰੋਸ਼’, ‘ਸਰਦਾਰ’, ‘ਹਸਰਤ’, ‘ਕਨੀਜ਼’, ‘ਦੇਵਰ ਭਾਬੀ’, ‘ਪਾਕ ਦਾਮਨ’, ‘ਮੁਹੱਬਤ’ ਅਤੇ ‘ਏਕ ਰਾਤ’ ਉਸ ਦੀਆਂ ਸੁਪਰਹਿੱਟ ਫਿਲਮਾਂ ਹਨ।
ਮੁੱਢਲਾ ਜੀਵਨ ਤੇ ਅਦਾਕਾਰੀ ਦਾ ਸਫ਼ਰ
[ਸੋਧੋ]ਸਬੀਹਾ ਖ਼ਾਨੁਮ ਦਾ ਜਨਮ 16 ਅਕਤੂਬਰ 1936 ਨੂੰ ਪ੍ਰਸਿੱਧ ਅਦਾਕਾਰਾ ਇਕਬਾਲ ਬੇਗ਼ਮ ਦੀ ਕੁੱਖੋਂ ਹੋਇਆ। ਸਬੀਹਾ ਦਾ ਪਹਿਲਾ ਨਾਮ ਮੁਖਤਾਰ ਬੇਗ਼ਮ ਸੀ। ਉਸਨੇ ਸ਼ੁਰੂ ਵਿੱਚ ਕਰਾਚੀ ਅਤੇ ਲਾਹੌਰ ਟੈਲੀਵਿਜ਼ਨ ਸਟੇਸ਼ਨਾਂ ਦੇ ਨਾਟਕਾਂ ਵਿੱਚ ਹਿੱਸਾ ਲਿਆ। ਇੱਕ ਦਿਨ ਉਸਦੇ ਪਿਤਾ ਨੇ ਉਸਨੂੰ ਨਾਟਕਕਾਰ ਤੇ ਸ਼ਾਇਰ ਨਫ਼ੀਸ ਖ਼ਲੀਲੀ ਨਾਲ ਮਿਲਾਇਆ। ਸਬੀਹਾ ਦਾ ਅਦਾਕਾਰੀ ਵਿੱਚ ਨਿਸ਼ਚਾ, ਪਿਆਰ ਅਤੇ ਸਮਝ ਵੇਖ ਕੇ ਖ਼ਲੀਲੀ ਨੇ ਉਸ ਅੱਗੇ ਨਾਟਕ ‘ਬੁੱਤ ਸ਼ਿਕਨ’ ਵਿੱਚ ਅਦਾਕਾਰੀ ਕਰਨ ਦਾ ਪ੍ਰਸਤਾਵ ਰੱਖਿਆ। ਪਿਤਾ ਦੀ ਸਹਿਮਤੀ ਨਾਲ ਧੀ ਨੇ ਉਨ੍ਹਾਂ ਦਾ ਸੁਝਾਅ ਸਵੀਕਾਰ ਕਰ ਲਿਆ। ਨਫ਼ੀਸ ਖ਼ਲੀਲੀ ਨੇ ਹੀ ਉਸ ਨੂੰ ਮੁਖ਼ਤਾਰ ਬੇਗ਼ਮ ਤੋਂ ਸਬੀਹਾ ਖ਼ਾਨੁਮ ਦਾ ਨਾਂ ਦਿੱਤਾ। 1938 ਵਿੱਚ ਇੱਕ ਫ਼ਿਲਮ ਬਣੀ ਸੀ ‘ਸੱਸੀ ਪੁੰਨੂੰ’ ਜਿਸ ਵਿੱਚ ਸਬੀਹਾ ਦੀ ਮਾਂ ਨੇ ਨਾਇਕਾ ਦਾ ਕਿਰਦਾਰ ਅਦਾ ਕੀਤਾ ਸੀ। ਇਸ ਫ਼ਿਲਮ ਦੇ ਡਾਇਰੈਕਟਰ ਦਾਊਦ ਚਾਂਦ ਨੇ 1954 ਵਿੱਚ ਫ਼ਿਲਮ ‘ਸੱਸੀ’ ਬਣਾਈ ਜਿਸ ਵਿੱਚ ਮਾਂ ਦੀ ਥਾਂ ਧੀ ਸਬੀਹਾ ਖ਼ਾਨੁਮ ਨੇ ਨਾਇਕਾ ਦਾ ਕਿਰਦਾਰ ਨਿਭਾਇਆ। ਸਬੀਹਾ ਨੇ ਫ਼ਿਲਮੀ ਅਦਾਕਾਰਾ ਵਜੋਂ ਆਪਣਾ ਕਰੀਅਰ 1948 ਵਿੱਚ ਪੰਜਾਬੀ ਫ਼ਿਲਮ ‘ਬੇਲੀ’ ਨਾਲ ਸ਼ੁਰੂ ਕੀਤਾ। ਬੇਲੀ ਤੋਂ ਬਾਅਦ ਸਬੀਹਾ ਨੇ ਨਿਰਦੇਸ਼ਕ ਅਨਵਰ ਕਮਾਲ ਪਾਸ਼ਾ ਦੀ ਸਿਲਵਰ ਜੁਬਲੀ ਫ਼ਿਲਮ ‘ਦੋ ਆਂਸੂ’ (1950) ਵਿੱਚ ਨੂਰੀ ਦੀ ਭੂਮਿਕਾ ਨਿਭਾਈ। ਸਬੀਹਾ ਨੇ ‘ਗੁੰਮਨਾਮ ਅਤੇ ‘ਦੁੱਲਾ ਭੱਟੀ’ ਵਿੱਚ ਪ੍ਰਮੁੱਖ ਕਿਰਦਾਰ ਨਿਭਾੲੇ।। ਸਬੀਹਾ ਦੇ ਪਿਤਾ ਮੁਹੰਮਦ ਅਲੀ ਮਾਹੀਆ ਸਬੀਹਾ ਦੀ ਮਸ਼ਹੂਰ ਫ਼ਿਲਮ ‘ਨਾਜੀ’ (1959) ਦੇ ਨਿਰਮਾਤਾ ਸਨ। ਇਸ ਤਰਾਂ ਅਦਾਕਾਰੀ ਉਸਨੂੰ ਵਿਰਸੇ ਚੋਂ ਹੀ ਮਿਲੀ।[1]
‘ਧੰਨ ਜਿਗਰਾ ਮਾਂ ਦਾ’, ‘ਫ਼ਰਜ਼ ਤੇ ਔਲਾਦ’, ‘ਵਤਨ ਈਮਾਨ’, ‘ਵਾਰਦਾਤ’, ‘ਸ਼ੇਰਾ’, ‘ਤਮਾਸ਼ਬੀਨ’, ‘ਅਨੋਖਾ ਦਾਜ’, ‘ਇਸ਼ਕ ਨਚਾਵੇ ਗਲੀ ਗਲੀ’ ਆਦਿ ਉਸ ਦੀਆਂ ਪ੍ਰਸਿੱਧ ਪੰਜਾਬੀ ਫ਼ਿਲਮਾਂ ਹਨ। ‘ਹਮਾਰੀ ਬਸਤੀ’, ‘ਪਿੰਜਰਾ’, ‘ਰਾਤ ਕੀ ਬਾਤ’, ‘ਜ਼ੁਬੈਦਾ’, ‘ਮੇਰੇ ਹਜ਼ੂਰ’, ‘ਅਭੀ ਤੋ ਮੈਂ ਜਵਾਨ ਹੂੰ’, ‘ਦੋ ਰਾਸਤੇ’, ‘ਰਾਜਾ ਕੀ ਆਏਗੀ ਬਾਰਾਤ’ ਅਤੇ ‘ਮੁਹੱਬਤ ਹੋ ਤੋ ਐਸੀ’ ਆਦਿ ਉਸ ਦੀਆਂ ਬਿਹਤਰੀਨ ਉਰਦੂ ਫ਼ਿਲਮਾਂ ਹਨ।
ਸਨਮਾਨ
[ਸੋਧੋ]ਨਿਗਾਰ ਪਬਲੀਕੇਸ਼ਨਜ਼ ਵੱਲੋਂ ਹਰ ਵਰ੍ਹੇ ਦਿੱਤਾ ਜਾਣ ਵਾਲਾ ਨਿਗਾਰ ਐਵਾਰਡ ਐਵਰ ਨਿਊ ਸਟੂਡੀਓ, ਲਾਹੌਰ ਵਿੱਚ ਸਰਵੋਤਮ ਅਦਾਕਾਰਾ ਵਜੋਂ ਪਹਿਲੀ ਵਾਰ 1958 ਵਿੱਚ ਸਬੀਹਾ ਨੂੰ ਪ੍ਰਾਪਤ ਹੋਇਆ। ਦੂਜੀ ਵਾਰ ਸਰਵੋਤਮ ਨਾਇਕਾ ਵਜੋਂ ਪ੍ਰਾਪਤ ਹੋਣ ਵਾਲਾ ਇਹ ਸਨਮਾਨ ਉਸ ਨੂੰ 1957 ਵਿੱਚ ਬਣੀ ਫ਼ਿਲਮ ‘ਸਾਤ ਲਾਖ’ ਲਈ, ਤੀਜੀ ਵਾਰ 1963 ਵਿੱਚ ‘ਸ਼ਿਕਵਾ’ ਫ਼ਿਲਮ ਲਈ, ਚੌਥੀ ਵਾਰ 1967 ਵਿੱਚ ‘ਦੇਵਰ ਭਾਬੀ’ ਲਈ ਅਤੇ ਪੰਜਵੀਂ ਵਾਰ ਫ਼ਿਲਮ ‘ਏਕ ਗੁਨਾਹ ਔਰ ਸਹੀ’ ਲਈ 1975 ਵਿੱਚ ਪ੍ਰਾਪਤ ਹੋਇਆ। ਆਪਣੇ ਤੀਹ ਸਾਲ ਦੇ ਅਦਾਕਾਰੀ ਕਰੀਅਰ ਲਈ ਉਸ ਨੂੰ ਸਪੈਸ਼ਲ ਨਿਗਾਰ ਐਵਾਰਡ 1981 ਵਿੱਚ ਦਿੱਤਾ ਗਿਆ। ਉਹ ਅਜਿਹੀ ਔਰਤ ਅਦਾਕਾਰ ਹੈ ਜਿਸਨੇ ਸੱਤ ਵਾਰ ਨਿਗਾਰ ਐਵਾਰਡ ਹਾਸਲ ਕੀਤਾ। ਸਰਕਾਰ ਨੇ ਉਸਨੂੰ 1987 ਵਿੱਚ 'ਪਰਾਈਡ ਆਫ਼ ਪਰਫਾਰਮੈਂਸ' ਐਵਾਰਡ ਨਾਲ ਸਨਮਾਨਿਤ ਕੀਤਾ।
ਹਵਾਲੇ
[ਸੋਧੋ]- ↑ ਪੰਜਾਬੀ, ਡਾ. ਰਾਜਵੰਤ ਕੌਰ. "'ਮੁੱਖ ਤੇਰਾ ਸੱਜਰੀ ਸਵੇਰ ਏ' ਵਾਲੀ ਸਬੀਹਾ ਖ਼ਾਨੁਮ".