ਸਮੱਗਰੀ 'ਤੇ ਜਾਓ

ਸਰੈਣਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
"ਸਰੈਣਾ"
ਲੇਖਕ ਗੁਰਦਿਆਲ ਸਿੰਘ
ਦੇਸ਼ਭਾਰਤ
ਭਾਸ਼ਾਪੰਜਾਬੀ
ਪ੍ਰਕਾਸ਼ਨ1981

‘ਸਰੈਣਾ’(ਸੱਗੀ ਫੁੱਲ) ਗੁਰਦਿਆਲ ਸਿੰਘ ਦੀ ਲਿਖੀ ਇੱਕ ਪੰਜਾਬੀ ਕਹਾਣੀ ਹੈ।

ਸਾਰ

[ਸੋਧੋ]

ਕਹਾਣੀ ਵਿੱਚ ਸਰੈਣਾ[1] ਆਪਣੇ ਭਰਾਵਾਂ ਦੇ ਨਾਲ ਲੜਦਾ ਹੈ ਕਿਉਂਕਿ ਉਸਦੇ ਦੋ ਭਰਾਵਾਂ ਨੇ ਉਸ ਨਾਲ ਬੜੀ ਮਾੜੀ ਕੀਤੀ ਹੈ। ਪਰ ਬਾਅਦ ਵਿੱਚ ਉਹੀ ਭਰਾ ਉਸਨੂੰ ਅਜਿਹਾ ਕਰਨ ਤੋਂ ਰੋਕਦੇ ਹਨ, ਪਰ ਉਹ ਨਹੀਂ ਰੁਕਦਾ। ਕਰਤਾਰੇ ਕੇ ਵਿਹੜੇ ਵੱਲ ਝਾਕ ਕੇ ਰਤਨੇ ਨੇ ਕਿਹਾ, ‘ਕੋਈ ਨ੍ਹੀਂ ਫੇਰ ਵੀ ਲਹੂ ਦੀ ਸਾਂਝ ਐ ਕਮਲਿਆ।’ ਸਰੈਣੇ ਦੀ ਭਰਜਾਈ ਇੰਦੋ ਉਹਨਾਂ ਦੀਆਂ ਗੱਲਾਂ ਸੁਣ ਰਹੀ ਸੀ। ਰਤਨਾ ਵੱਡੀ ਰਾਤ ਤਾਈ ਉਹਨੂੰ ਉਤਲੇ ਮਨੋ ਏਸ ਮਾੜੇ ਕੰਮ ਤੋਂ ਵਰਜਦਾ ਰਿਹਾ, ਪਰ ਅੰਦਰੋਂ ਉਹਨੇ ਚਿੱਤ ‘ਚ ਕਿਹਾ, ‘ਚੰਗਾ ਸਾਲਿਆਂ ਦਾ ਫਾਹਾ ਵੱਢਿਆ ਜਾਊ, ਬਣੇ ਫਿਰਦੇ ਐ ਵੱਡੇ ਚੌਧਰੀ! ਜਿੱਦੇ ਦੀ ਚੱਜ ਨਾਲ ਰੋਟੀ ਖਾਣ ਲੱਗੇ ਐ ਨੱਕ ਤੇ ਮੱਖੀ ਨ੍ਹੀਂ ਬੈਠਣ ਦਿੰਦੇ, ਵੱਡੇ ਗਠ।’ ਪਲ-ਕੁ ਬਨੇਰੇ ਤੇ ਖੜੋਤਾ, ਉਹ ਵਿਹੜੇ ਵਿੱਚ ਛਾਪਲੀ ਪਈ ਇੰਦੋ ਨੂੰ ਵੇਖਦਾ ਰਿਹਾ ਤੇ ਉਹਦਾ ਪਿੰਡਾ ਭੱਠ ਵਾਂਗੂੰ ਤਪਦਾ ਗਿਆ।ਫਿਰ ਉਹ ਆਪਣੇ ਭਤੀਜੇ-ਭਤੀਜਿਆਂ ਵੱਲ ਵੇਖਦਾ ਹੈ। ਤੇ ਉਹਦੇ ਪੈਰ ਥਿਰਕਣ ਲੱਗ ਜਾਂਦੇ ਹਨ ਕੋਠੜੀ ਵਿੱਚ ਸੰਦੂਕ ਵਿੱਚੋਂ ਕੱਪੜੇ ਪਾ ਕੇ ਹੱਥ ਉਹ ਹਰੀ ਚੰੁਨੀ ਆਉਂਦੀ ਹੈ। ਜਿਹਨੂੰ ਦੇਖ ਕੇ ਉਹਦੀਆਂ ਅੱਖਾਂ ਸਿੰਮ ਜਾਂਦੀਆਂ ਹਨ। ਸਰੈਣਾ ਕਿੰਨਾਂ ਚਿਰ ਉਸ ਚੁੰਨੀ ਦੀਆਂ ਬੂਟੀਆਂ ‘ਚੋਂ ਆਪਣੇ ਗੁਆਚੇ ਸੁਪਨੇ ਲੱਭਦਾ ਰਿਹਾ। ਉਹ ਬਸੰਤੀ ਨੂੰ ਅਨਾਥ ਆਸ਼ਰਮ ਤੋਂ ਲੈ ਕੇ ਆਉਂਦਾ ਹੈ। ਫਿਰ ਉਹ ਦੋਵੇਂ ਪਤੀ-ਪਤਨੀ ਬਣ ਜਾਂਦੇ ਹਨ। ਪਰ ਸਰੈਣੇ ਦਾ ਘਰ ਵੱਸਿਆ ਵੇਖ ਕੇ ਸ਼ਰੀਕਾਂ ਦੇ ਸੋਗ ਪੈ ਗਿਆ। ਉਤਲੇ ਮਨੋਂ ਸਰੈਣੇ ਦੀਆਂ ਭਰਜਾਈਆਂ ਮਿੱਠੇ ਪੋਚੇ ਮਾਰਦੀਆਂ, ਪਰ ਉਂਝ ਸਾਰੇ ਗੁਆਂਢ ਵਿੱਚ ਉਹਦੀਆਂ ਚੁਗਲੀਆਂ ਕਰਦੀਆਂ। ਜੇ ਕਿਸੇ ਤਿੱਥ-ਤਿਉਹਾਰ ਬਸੰਤੀ ਕੁਝ ਵੰਡਣ ਜਾਂਦੀ, ਤਾਂ ਹੋਰ ਸਾਰੇ ਲੈ ਲੈਂਦੇ, ਪਰ ਦੋਵੇਂ ਜਠਾਣੀਆਂ ਆਨੀ-ਬਹਾਨੀਂ ਮੋੜ ਦਿੰਦੀਆਂ।ਬਸੰਤੀ ਜੂਨ-ਗੁਜ਼ਾਰਾ ਕਰਦੀ ਸੀ, ਹੱਸ ਕੇ ਦਿਨ ਕੱਟਦੀ ਸੀ। ਸਰੈਣੇ ਦੇ ਹਿੱਸੇ ਨੌ ਘੁਮਾਂ ਜ਼ਮੀਨ ਔਦੀ ਸੀ।ਪੰਜ ਵਰ੍ਹੇ ਪਹਿਲਾਂ ਜਦੋਂ ਸਰੈਣਾ ਵੈਲੀਆਂ ਨਾਲ ਰਲ ਕੇ ਕਈ ਸਾਲ ਬਾਹਰ ਭੱਜਿਆ ਫਿਰੀਆ ਸੀ, ਤਾਂ ਉਹ ਸਾਰੀ ਉੁਹਦੇ ਭਰਾ ਕਰਤਾਰਾ ਤੇ ਬੰਤਾ ਵਾਹੰੁਦੇ ਰਹੇ। ਭਰ ਜਦੋਂ ਸਰੈਣੇ ਨੂੰ ਇੱਕ ਡਾਕੇ ਵਿੱਚ ਕੈਦ ਹੋ ਗਈ ਤਾਂ ਕਿਸੇ ਭਰਾ ਨੇ ਜੇਲ੍ਹ ਵਿੱਚ ਜਾ ਕੇ ਉਹਦੀ ਬਾਤ ਵੀ ਨਹੀਂ ਸੀ ਪੁੱਛੀ।ਜਦੋਂ ਬਾਹਰ ਆਇਆ, ਉਹਨਾਂ ਨੇ ਉਸਨੂੰ ਉਸਦੇ ਹਿੱਸੇ ਦੀ ਜ਼ਮੀਨ ਦੇ ਦਿੱਤੀ। ਉਹਨਾਂ ਨੇ ਕਿੰਨੀ ਹੀ ਹਰਾਮ ਦੀ ਕਮਾਈ ਵੀ ਖਾਧੀ, ਪਰ ਸਰੈਣੇ ਨੇ ਲੜਾਈ ਨਾ ਕੀਤੀ। ਸਰੈਣੇ ਦੀ ਮਾਂ ਨੇ ਉਹਦਾ ਕੋਈ ਬੰਨ੍ਹ-ਸ਼ੁੱਭ ਕਰਨ ਲਈ ਤਰਲੇ ਮਾਰੇ, ਪਰ ਕੁਝ ਉਮਰ ਵੱਡੀ ਹੋਣ ਕਾਰਨ ਤੇ ਦੂਜੇ ਸਰੈਣੇ ਦੀ ਪੈਂਠ ਚੰਗੀ ਨਾ ਹੋਣ ਕਰਕੇ ਕੋਈ ਸਾਕ ਨਾ ਹੋਇਆ। ਬਸੰਤੀ ਵਰਗੀ ਸੱਚਿਆਰੀ ਤੀਵੀਂ ਸਾਰੇ ਪਿੰਡ ਵਿੱਚ ਕੋਈ ਨਹੀਂ ਸੀ। ਸਰੈਣੇ ਬਸੰਤੀ ਦੇ ਆਉਣ ਤੋਂ ਬਾਅਦ ਆਪ ਵਾਹੀ ਕਰਨ ਲੱਗਿਆ। ਦੇਹ ਤੋੜ ਕੇ ਕੰਮ ਕੀਤਾ ਤੇ ਦਾਣੇ ਚੰਗੇ ਹੋਣ ਲੱਗ ਪਏ। ਸਰੈਣੇ ਦੇ ਭਾਗਾਂ ਤੇ ਪਿੰਡ ਦੇ ਉਹਦੇ ਹਾਣੀ ਸੜੇਵਾਂ ਕਰਨ ਲੱਗ ਪਏ।ਘਰ-ਘਰ ਉਹਦੇ ਕਰਮਾਂ ਦੀਆਂ ਗੱਲਾਂ ਹੋਣ ਲੱਗੀਆਂ।ਫਿਰ ਸਰੈਣੇ ਦਾ ਮੁੰਡਾ ਘੁੱਕਰ ਹੋਇਆ। ਪਰ ਸਰੈਣੇ ਦੀਆਂ ਦੋਵੇਂ ਭਰਜਾਈਆਂ ਦੇ ਅੱਗ ਲੱਗ ਗਈ। ਉਤੋਂ ਭਾਵੇਂ ਉਹ ਹੱਸਦੀਆਂ ਰਹੀਆਂ, ਪਰ ਸ਼ਰੀਕ ਦੀ ਜੜ੍ਹ ਲੱਗੀ ਵੇਖ ਕੇ ਉਹਨਾ ਦੇ ਸਿਰ ਸੌ ਘੜਾ ਪਾਣੀ ਦਾ ਪੈ ਗਿਆ।

ਪਿੰਡ ਦੇ ਸਰਦੇ ਪੁੱਜਦੇ ਬੰਦੇ ਵੀ ਉਹਦੀ ਰਾਇ ਲੈਣ ਲੱਗ ਪਏ। ਪਰ ਅਜੇ ਮੁੰਡਾ ਤੁਰਨ ਵੀ ਨਹੀਂ ਸੀ ਲੱਗਿਆ ਕਿ ਉਹ ਚਾਣਚੱਕ ਹੀ ਅੱਖਾਂ ਮੀਚ ਗਿਆ। ਪਰ ਕਈ ਭੇਤਣਾਂ ਕਹਿੰਦੀਆਂ ਕਿ ਉਹਨੂੰ ਸਰੈਣੇ ਦੀ ਭਰਜਾਈ(ਇੰਦੋ) ਨੇ ਕੁਝ ਦੇ ਦਿੱਤਾ ਸੀ।

ਸਰੈਣਾ ਤੇ ਬਸੰਤੀ ਵੀ ਇਹ ਸਾਰੀਆਂ ਗੱਲਾਂ ਜਾਣਦੇ ਹੋਏ ਵੀ ਪਾਣੀ ਦੀ ਤਰ੍ਹਾਂ ਪੀ ਗਏ। ਉਹਨਾਂ ਨੇ ਇਸ ਤਰ੍ਹਾਂ ਕੋਈ ਤਮਾਸ਼ਾ ਨਹੀਂ ਕੀਤਾ ਤੇ ਇਸ ਗੱਲ ਤੇ ਉਹਨਾਂ ਨੇ ਮਿੱਟੀ ਪਾ ਦਿੱਤੀ। ਤਿੰਨ ਮਹੀਨੇ ਬਾਅਦ, ਚੌਥੇ ਮਹੀਨੇ ਕਰਤਾਰੇ ਨੇ ਇੱਕ ਹੋਰ ਵਾਰ ਕੀਤਾ, ਬੰਤੇ ਨੂੰ ਘੱਲ ਕੇ ਉਹਨੇ ਸਹੁਰਿਆਂ ਤੋਂ ਪੰਜ-ਚਾਰ ਮੁਸ਼ਟੰਡੇ ਸੱਦ ਲਏ।

ਉਦੇ ਸਰੈਣਾ ਨਰਮਾ ਲੈ ਕੇ ਮੰਡੀ ਗਿਆ ਹੋਇਆ ਸੀ। ਅੱਧੀ ਰਾਤ ਉਹ ਬਸੰਤੀ ਨੂੰ ਚੁੱਕ ਕੇ ਲੈ ਗਏ। ਸਾਰੇ ਪਿੰਡ ਇਹ ਰੌਲਾ ਪੈ ਗਿਆ। ਸਰੈਣੇ ਨੂੰ ਪਤਾ ਲੱਗਿਆ, ਤਾਂ ਉਹ ਦੋ-ਤਿੰਨ ਵਰ੍ਹੇ ਤੱਕ ਸਾਧਾਂ-ਸੰਤਾਂ ਦੀਆਂ ਟੋਲੀਆਂ ਨਾਲ ਰਲ ਕੇ ਬਸੰਤੀ ਨੂੰ ਭਾਲਦਾ ਰਿਹਾ।ਪਰ ਉਸਨੂੰ ਬਸੰਤੀ ਨਾ ਮਿਲੀ। ਉਹਦੇ ਪਿੱਛੋਂ ਕਰਤਾਰੇ ਨੇ ਤੇ ਬੰਤੇ ਨੇ ਉਹਦੀ ਸਾਰੀ ਪੈਲੀ ਸਾਂਭ ਲਈ ਤੇ ਬੁੱਢੀ ਨੇ ਵੀ ਕੁਝ ਨਾ ਕਿਹਾ।ਦੋ ਵਰ੍ਹੇ ਮਗਰੋਂ ਦੇਸ਼-ਪਰਦੇਸ ਗਾਹ ਕੇ ਸਰੈਣਾ ਨਿਹਾਤ ਹੋਇਆ ਘਰ ਮੁੜਿਆ। ਭਰਸੋਂ ਪਿਛਲੀ ਰਾਤ ਉਹ ਜਦੋਂ ਕੰਧ ਟੱਪ ਕੇ ਆਪਣੇ ਘਰ ਅੰਦਰ ਆਇਆ ਤਾਂ ਕਰਤਾਰਾ ‘ਚੋਰ-ਚੋਰ’ ਕਹਿੰਦਿਆਂ ਉਹਦੇ ਗਲ ਪੈ ਗਿਆ। ਸਰੈਣੇ ਨੂੰ ਪਤਾ ਸੀ ਕਿ ਕਰਤਾਰਾ ਜਾਣ-ਬੁੱਝ ਕੇ ਉਹਦੇ ਗਲ ਪੈ ਗਿਆ ਸੀ। ਦੋ ਦਿਨਾਂ ਤੋਂ ਸਰੈਣਾ ਆਪਣੇ ਅੰਦਰ ਮਨ ਵਿੱਚ ਘੋਲ ਕਰੀ ਜਾਂਦਾ ਸੀ।

ਸਰੈਣਾ ਹੁਣ ਬੁਰੀ ਤੇ ਆਇਆ ਹੋਇਆ ਸੀ। ਉਹ ਗੁੱਸੇ ਵਿੱਚ ਲਲਕਾਰੇ ਮਾਰਦਾ ਹੈ, ‘ਅੱਜ ਪੀ-ਜੂੰ ਲਹੂ, ਅੱਜ ਨ੍ਹੀਂ ਛੱਡਦਾ’ ਸਰੈਣਾ ਇੰਦੋ ਨੇ ਕਾਫੀ ਤਰਲੇ-ਮਿਹਣੇ ਕੀਤੇ, ਪਰ ਸਰੈਣੇ ਨੇ ਤਾਂ ਆਪਣੀ ਭਤੀਜੀ ਪੀਤੋ ਦੀ ਵੀ ਨਾ ਸੁਣੀ। ਪਰ ਜਦੋਂ ਸਰੈਣੇ ਨੇ ਪੀਤੋ ਵੱਲ ਤੱਕਿਆ ਤਾਂ ਪੀਤੋ ਦੇ ਵਿੱਚੋਂ ਸਰੈਣੇ ਨੂੰ ਘੁੱਕਰ ਦਿਸਿਆ। ਉਸਦੇ ਦੋਵੇਂ ਭਰਾ ਖੇਤ ਵਿੱਚ ਇੱਕਲੇ ਸਨ। ਉਹਨਾਂ ਦੇ ਮਗਰ ਸਰੈਣਾ ਖੇਤ ਗਿਆ। ਉਥੇ ਸਰੈਣੇ ਨੂੰ ਕਰਤਾਰ ਤੇ ਬੰਤਾ ਦੋਵੇਂ ਨੱਕੇ ਮੋੜ ਦੇ ਦਿੱਸੇ। ਸਰੈਣੇ ਨੇ ਟਾਹਲੀ ਵੱਲ ਵੇਖਿਆ, ਜਿਸ ਹੇਠ ਬਸੰਤੀ ਰੋਟੀ ਲੈ ਕੇ ਆਉਂਦੀ ਸੀ। ਤੇ ਉਹਦੀਆਂ ਅੱਖਾਂ ਵਿੱਚੋਂ ਅਵਾਸਾਰ ਹੰਝੂ ਵਗਣ ਲੱਗ ਪਏ। ਉਹਦੇ ਅੰਦਰੋਂ ਵੈਲੀ ਸਰੈਣਾ ਮਰ ਗਿਆ ਸੀ। ਸਿਰ ਨੀਵਾਂ ਕਰੀ ਉਹ ਫਿਰ ਡੰਡੀ ਦੇ ਰਾਹ ਪੈ ਗਿਆ। ਏਸ ਰਾਹ ਉਹਨੁੰ ਭਾਲਣ ਚੜਿਆ ਸੀ। ਰਾਹ ਦੇ ਦੋਵੇਂ ਪਾਸੇ ਚੁੰਨੀਂ ਦੀਆਂ ਹਰੀਆਂ ਬੂਟੀਆਂ ਵਰਗੇ ਨਰਮੇ ਦੇ ਬੂਟੇ ਲਾਲ-ਰੱਤੇ ਹੋ ਗਏ ਸਨ। ਤਾਰਿਆਂ ਖਿੜੀ ਰਾਤ ਦਾ ਹਨੇਰਾ ਵੱਧਦਾ ਜਾ ਰਿਹਾ ਸੀ। ਪਰ ਸਰੈਣੇ ਨੂੰ ਤਾਂ ਕੋਈ ਸੁੱਧ ਵੀ ਨਹੀਂ ਸੀ ਕਿ ਉਹ ਕਿੱਧਰ ਤੇ ਕਾਹਦੇ ਲਈ ਜਾ ਰਿਹਾ ਹੈ।

ਹਵਾਲਾ

[ਸੋਧੋ]
  1. ਡਾ. ਤਰਸੇਮ ਸਿੰਘ, “ ਗੁਰਦਿਆਲ ਸਿੰਘ ਸੰਦਰਭ ਕੋਸ਼”, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ