ਸਮੱਗਰੀ 'ਤੇ ਜਾਓ

ਪੰਜਾਬੀ ਪਰਿਵਾਰ ਪ੍ਰਬੰਧ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਵਿਅਕਤੀ ਸੱਭਿਆਚਾਰਕ ਸੰਸਥਾਵਾਂ ਦਾ ਮੋਢੀ ਹੁੰਦਾ ਹੈ। ਅੱਗੋਂ ਉਹ ਦੂਜੇ ਵਿਅਕਤੀ ਜਾਂ ਸਮੂਹ ਨਾਲ ਰਿਸ਼ਤਿਆਂ ਵਿੱਚ ਬੱਝਾ ਹੁੰਦਾ ਹੈ। ਇਸ ਤਰ੍ਹਾਂ ਸੱਭਿਆਚਾਰ ਦੀ ਸਮੁੱਚੀ ਬਣਤਰ ਦਾ ਮੁੱਖ ਅਧਾਰ ਕੋਈ ਵਿਅਕਤੀ ਹੀ ਹੁੰਦਾ ਜਿਹੜਾ ਅੱਗੋਂ ਪਰਿਵਾਰ ਦੀ ਸਿਰਜਨਾ ਵਿੱਚ ਅਹਿਮ ਸਥਾਨ ਰੱਖਦਾ ਹੈ। ਪਰਿਵਾਰ, ਸਮਾਜਿਕ ਬਣਤਰ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ। ਪਰਿਵਾਰ ਸਮਾਜ; ਦੀਆਂ ਮੁਢਲੀਆਂ ਸੰਸਥਾਵਾਂ ਵਿਚੋਂ ਇੱਕ ਹੈ। ਜਿਹੜਾ ਵਿਆਹ ਦੇ ਸਿੱਟੇ ਹੋਂਦ ਵਿੱਚ ਆਉਂਦਾ ਹੈ ਸਮਾਜਿਕ ਇਤਿਹਾਸ ਵਿੱਚ ਪਰਿਵਾਰ ਸਭ ਤੋਂ ਪਹਿਲਾਂ ਸਮਾਜਿਕ ਸਮੂਹ ਹੈ ਭਾਵੇਂ ਪੁਰਾਤਨ ਸਮਿਆਂ ਵਿੱਚ ਕਬੀਲਾ ਸੰਸਕ੍ਰਿਤੀ ਸਮੇਂ ਔਰਤ ਮਰਦ ਲਈ ਜਿਨਸੀ ਸੰਬੰਧ ਵਿਵਰਜਿਤ ਨਹੀਂ ਸਨ ਪਰ ਅੱਜ ਕਲ੍ਹ ਪਰਿਵਾਰ ਦਾ ਰੂਪ ਇਕਹਿਰੇ ਜਿਨਸੀ ਸਬੰਧਾਂ ਤੱਕ ਪੁੱਜ ਗਿਆ ਹੈ। ਪਰਿਵਾਰ ਮਨੁੱਖੀ ਰਿਸ਼ਤਿਆ ਦੀ ਅਜਿਹੀ ਮੂਲ ਇਕਾਈ ਹੈ ਜਿਸ ਵਿੱਚ ਕੁਝ ਵਿਅਕਤੀ ਸਮਾਜਿਕ ਪ੍ਰਤੀਮਾਨਾਂ ਅਨੁਸਾਰ ਇਕੱਠਾ ਜੀਵਨ ਜਿਉਣ ਲਈ ਸਮਾਜਿਕ ਤੌਰ ਤੇ ਪ੍ਰਵਾਨਤ ਹੁੰਦੇ ਹਨ। ਅੱਜ ਪਰਿਵਾਰ ਪ੍ਰਮਾਣਿਕ ਇਕਾਈ ਹੈ। ਪਰਿਵਾਰ ਦਾ ਜਨਮ ਲਿੰਗਕ ਭਾਵਨਾਵਾਂ ਦੀ ਪੂਰਤੀ ਦੇ ਸਥਾਈ ਸਾਧਨ ਵਜੋਂ ਹੋਇਆ। ਇਸਦੇ ਮੈਂਬਰ ਪ੍ਰਜਣਨ ਦੀ ਕਿਰਿਆ ਦੁਆਰਾ ਸਬੰਧਤ ਹੁੰਦੇ ਹਨ ਅਤੇ ਇਹ ਸਬੰਧ ਮੈਂਬਰਾਂ ਵਿਚਕਾਰ ਹੱਕਾਂ ਅਤੇ ਫਰਜ਼ਾ ਦੀ ਵੰਡ ਦਾ ਅਧਾਰ ਬਣਦੇ ਹਲ। ਵਿਆ ਦੀ ਆਸ ਉਪਰੰਤ ਹੋਂਦ ਵਿੱਚ ਆਉਣ ਵਾਲੇ ਇਸ ਪਰਿਵਾਰ ਦੇ ਮੈਂਬਰ ਸਾਝੇ ਨਿਵਾਸ ਸਥਾਨ ਤੇ ਰਹਿੰਦੇ ਸਾਕਾਦਾਰੀ ਸਬੰਧਾਂ ਨਾਲ ਜੁੜੇ ਹੁੰਦੇ ਹਨ। ਅਰਥਾਤ ਪਰਿਵਾਰ ਦੇ ਮੈਂਬਰ ਵਿੱਚ ਖੂਨ ਅਤੇ ਵਿਆਹ ਦੇ ਸਬੰਧਾ ਦਾ ਹੋਣਾ ਲਾਜ਼ਮੀ ਹੈ।

ਪਰਿਵਾਰ ਦੀਆਂ ਪਰਿਭਾਸ਼ਾਵਾਂ

[ਸੋਧੋ]

ਮੈਕਾਈਵਰ ਅਤੇ ਪੇਜ ਪਰਿਵਾਰ ਦੀ ਪਰਿਭਾਸ਼ਾ ਦਿੰਦੇ ਕਹਿੰਦੇ ਹਨ “ਪਰਿਵਾਰ ਇੱਕ ਅਜਿਹਾ ਸਮੂਹ ਹੈ ਜੋ ਲਿੰਗਕ ਸਬੰਧਾਂ ਉੱਤੇ ਅਧਾਰਿਤ ਹੈ ਅਤੇ ਇੰਨਾਂ ਛੋਟਾ ਤੇ ਸਥਾਈ ਹੈ ਕਿ ਇਸ ਵਿੱਚ ਬੱਚਿਆ ਦੀ ਉਤਪਤੀ ਤੇ ਉਨ੍ਹਾਂ ਦਾ ਪਾਲਣ-ਪੋਸ਼ਣ ਹੋ ਸਕਦਾ ਹੈ।” ਮਜੂਮਦਾਰ ਦੇ ਸ਼ਬਦਾਂ ਵਿੱਚ, “ਪਰਿਵਾਰ ਅਜਿਹੇ ਵਿਅਕਤੀਆਂ ਦਾ ਸਮੂਹ ਹੈ ਜਿਹੜੇ ਇੱਕ ਛੱਤ ਹੇਠਾਂ ਰਹਿੰਦੇ ਹਨ, ਰਕਤ ਨਾਲ ਸਬੰਧਤ ਹਨ ਅਤੇ ਸਵਾਰਥ ਅਰਥਾਤ ਪ੍ਰਸਪਰ ਲੈਣ ਦੇਣ ਦੇ ਅਧਾਰ ਉੱਤੇ ਇੱਕ ਕਿਸਮ ਦੀ ਚੇਤੰਨਤਾ ਅਨੁਭਵ ਕਰਦੇ ਹਨ” ਡਾ. ਸਵਰਨ ਸਿੰਘ ਅਨੁਸਾਰ, “ ਗ੍ਰਹਿਸਥ ਆਸ਼ਰਮ ਵਿੱਚ ਪ੍ਰਵੇਸ਼ ਕਰਨ ਵਾਲੇ ਮਰਦ ਔਰਤ ਦੇ ਪ੍ਰਸਪਰ ਮੇਲਜੋਲ ਦੁਆਰਾ ਪ੍ਰਾਪਤ ਸੰਤਾਨ ਸਾਹਿਤ ਇੱਕ ਪਰਿਵਾਰ ਕਹਾਉਂਦੇ ਹਨ।” ਇਨ੍ਹਾਂ ਪਰਿਭਾਸ਼ਾਵਾਂ ਦੇ ਅਧਾਰ ਤੇ ਕਿਹਾ ਜਾ ਸਕਦਾ ਹੈ ਕਿ ਸਮਾਜ ਵਿੱਚ ਪਰਿਵਾਰ ਇਕਾਈ ਦਾ ਵਿਕਾਸ ਪਰਿਵਾਰ ਦੇ ਅਦਾਨ-ਪ੍ਰਦਾਨ ਨਾਲ ਹੁੰਦਾ ਹੈ।[1] ਪਰਿਵਾਰ ਸਮਾਜਕ ਸੰਰਚਨਾ ਦੀ ਬੁਨਿਆਦੀ ਇਕਾਈ ਹੈ ਮੁੱਢਲਾ ਪਰਿਵਾਰ ਰਿਸ਼ਤਾ ਪ੍ਰਣਾਲੀ ਦਾ ਮੁੱਢਲਾ ਸਰੂਪ ਨਿਰਧਾਰਿਤ ਕਰਦਾ ਹੈ ਮੁਢਲੇ ਪਰਿਵਾਰ ਵਿੱਚ ਪਤੀ-ਪਤਨੀ ਅਤੇ ਉਨ੍ਹਾਂ ਦੇ ਜਨਮੇ ਜਾਂ ਗੋਦ ਲਏ ਬੱਚੇ ਸ਼ਾਮਲ ਹੁੰਦੇ ਹਨ। ਸੰਤਾਨਹੀਣ ਦੰਪਤੀ (ਜੋੜਾ) ਪਰਿਵਾਰ ਨਹੀਂ ਹੈ। ਪਰਿਵਾਰ ਦਾ ਦਰਜਾ ਪ੍ਰਾਪਤ ਕਰਨ ਲਈ ਪਤੀ-ਪਤਨੀ ਨੂੰ ਸੰਤਾਨ ਪੈਦਾ ਕਰਨੀ ਲਾਜ਼ਮੀ ਹੈ ਮੂਲ ਪਰਿਵਾਰ ਵਿੱਚ ਅੱਠ ਕਿਸਮ ਦੇ ਰਿਸ਼ਤੇ ਮਿਲਦੇ ਹਨ। ਜਿਵੇਂ ਪਤੀ-ਪਤਨੀ, ਪਿਉ-ਪੁੱਤਰ, ਪਿਉ-ਧੀ, ਮਾਂ-ਪੁੱਤਰ, ਮਾਂ ਧੀ, ਭਰਾ ਭਰਾ, ਭਰਾ-ਭੈਣ ਅਤੇ ਭੈਣ-ਭੈਣ ਦਾ ਰਿਸ਼ਤਾ ਮੂਲ ਰਿਸ਼ਤਾ ਹੈ।

ਪੰਜਾਬੀ ਪਰਿਵਾਰ ਦੇ ਰੂਪ

[ਸੋਧੋ]

ਜਟਿਲ ਪਰਿਵਾਰ ਜਾਂ ਸੰਯੁਕਤ ਪਰਿਵਾਰ ਦਾ ਦਾਇਰਾ ਵਧੇਰੇ ਵਿਸ਼ਾਲ ਹੁੰਦਾ ਹੈ। ਇਸ ਵਿੱਚ ਬਹੁ-ਪਤਨੀ ਪਰਿਵਾਰ ਭਾਵ ਇੱਕ ਪਤੀ ਅਤੇ ਦੋਂ ਜਾਂ ਇਸ ਤੋਂ ਵੱਧ ਪਤਨੀਆਂ ਅਤੇ ਹੋਰ ਪਤਨੀ ਦੇ ਵਿਆਹੇ, ਅਣਵਿਆਹੇ ਬੱਚੇ ਸ਼ਾਮਲ ਹੁੰਦੇ ਹਨ। ਪਰਿਵਾਰ ਦੀ ਇਹ ਕਿਸਮ ਉਸ ਸਮੇਂ ਹੋਰ ਵੀ ਜਟਿਲ ਹੋ ਜਾਂਦੀ ਹੈ, ਜਦੋਂ ਪਤੀ ਜਾਂ ਪਤਨੀ ਦੂਜਾ ਵਿਆਹ ਕਰ ਲੈਂਦਾ ਹਨ। ਜਿਸ ਤੋਂ ਮਤੇਰ-ਸਬੰਧ ਬਣਦੇ ਹਨ। ਸੰਯੁਕਤ ਪਰਿਵਾਰ ਦੋ ਜਾਂ ਦੋ ਤੋਂ ਵੱਧ ਮੂਲ ਪਰਿਵਾਰ ਹੁੰਦੇ ਹਨ। ਸੰਯੁਕਤ ਪਰਿਵਾਰ ਵਿੱਚ ਬੱਚੇ ਦੇ ਮਾਂ-ਪਿਉ, ਉਸਦੇ ਵਿਆਹੇ, ਅਣਵਿਆਹੇ ਭੈਣ-ਭਰਾ, ਚਾਚੇ ਦੇ ਤਾਏਅਤੇ ਉਨ੍ਹਾਂ ਦੇ ਵਿਆਹੇ ਅਣਵਿਆਹੇ ਬੱਚੇ ਅਤੇ ਦਾਦਾ-ਦਾਦੀ ਇੱਕੋਂ ਛੱਤ ਥੱਲੇ ਰਹਿੰਦੇ ਅਤੇ ਇੱਕਠੇ ਭੋਜਨ-ਪਾਣੀ ਕਰਦੇ ਹਨ। ਪੁਰਾਣੇ ਪੰਜਾਬ ਵਿੱਚ ਸੰਯੁਕਤ ਪਰਿਵਾਰ ਦੀ ਪ੍ਰਥਾ ਵਧੇਰੇ ਰਹੀ ਹੈ। ਹਰ ਮਨੁੱਖੀ ਸਮਾਜ ਵਿੱਚ ਹਰ ਸਾਧਾਰਨ ਬਾਲਗ ਦੋ ਮੂਲ ਪਰਿਵਾਰਾਂ ਨਾਲ ਸਬੰਧ ਰੱਖਦਾ ਹੈ।

  1. ਨਿਰਧਾਰਨ ਦਾ ਪਰਿਵਾਰ: ਜਿਸ ਵਿੱਚ ਉਹ ਜੰਮਿਆ, ਪਲਿਆ ਤੇ ਜਿਸ ਵਿੱਚ ਉਸ ਦੇ ਮਾਂ, ਪਿਊ, ਭਰਾਂ ਦੇ ਭੈਣਾ ਸ਼ਾਮਲ ਹਨ।
  2. ਪੁਨਰ-ਉਤਪਾਦਕੀ ਦਾ ਪਰਿਵਾਰ: ਜਿਹੜਾ ਉਹ ਵਿਆਹ ਤੋਂ ਮਗਰੋਂ ਸਥਾਪਤ ਕਰਦਾ ਹੈ, ਜਿਸ ਵਿੱਚ ਉਹ ਪੁੱਤਰ ਤੇ ਧੀਆਂ ਨਾਲ ਰਹਿੰਦਾ ਹੈ।[2]

ਪਰਿਵਾਰ ਵਿੱਚ ਜ਼ਿਆਦਾਤਰ ਸੰਯੁਕਤ ਪਰਿਵਾਰ ਦੀ ਪ੍ਰਥਾ ਹੀ ਪ੍ਰਚਲਿਤ ਰਹੀ ਹੈ। ਇਸ ਪ੍ਰਥਾ ਦੀ ਸ਼ੁਰੂਆਤ ਵੈਦਿਕ ਕਾਲ ਸਮੇਂ ਹੋਈ। ਪਰਿਵਾਰ ਪਿਤਾ ਪੁਰਖੀ ਧਾਰਨਾ ਤੇ ਚਲਦਾ ਹੈ। ਇਸ ਵਿੱਚ ਸਭ ਤੋਂ ਸਿਆਣਾ ਬੰਦਾ ਪਰਿਵਾਰ ਦਾ ਮੁਖੀ ਹੁੰਦਾ ਹੈ ਜਿਸਨੂੰ ਲਾਣੇਦਾਰ ਵੀ ਕਹਿੰਦੇ ਹਨ ਲਾਣੇਦਾਰ ਦੀ ਛਤਰ ਛਾਇਆ ਹੇਠ ਉਸਦੇ ਛੋਟੇ ਭਾਈ, ਭਤੀਜੇ, ਪੁੱਤਰ, ਭਰਜਾਈਆ, ਨੂੰਹਾ ਆਦਿ ਤਿੰਨ ਪੀੜੀਆਂ ਤੱਕ ਵੀ ਇੱਕਠੇ ਰਹਿੰਦੇ ਹਨ। ਪਰਿਵਾਰ ਦੇ ਸਾਰੇ ਮੈਬਰਾਂ ਦਾ ਇੱਕ ਚੁੱਲੇ ਉੱਪਰ ਅੰਨ ਤਿਆਰ ਹੁੰਦਾ ਹੈ। ਸਾਰਿਆ ਦੀ ਸਾਝੀ ਜਾਇਦਾਦ ਹੁੰਦੀ ਹੈ।[3]

ਪੰਜਾਬੀ ਪਰਿਵਾਰ ਪ੍ਰਬੰਧ

[ਸੋਧੋ]

ਪੰਜਾਬ ਦੀ ਪਰਿਵਾਰਕ ਇਕਾਈ ਵਿੱਚ ਚਾਰ ਤਰ੍ਹਾਂ ਦੇ ਰਿਸ਼ਤੇ ਹੁੰਦੇ ਹਨ। ਪਹਿਲੀ ਵੰਨਗੀ ਖੂਨ ਦੇ ਰਿਸ਼ਤਿਆਂ ਦੀ ਹੈ। ਇਨ੍ਹਾਂ ਵਿੱਚ ਭੈਣ-ਭਰਾ ਦੇ ਰਿਸ਼ਤੇ ਆਉਂਦੇ ਹਨ।ਜਨਮ ਦੁਆਰਾ ਵਿੱਚ ਮਾਂ/ਧੀ, ਪਿਉ/ਪੁੱਤ, ਮਾਂ/ਪੁੱਤ ਅਤੇ ਪਿਉ/ਧੀ ਦੇ ਰਿਸ਼ਤੇ ਸ਼ਾਮਲ ਕੀਤੇ ਜਾ ਸਕਦੇ ਹਨ। ਪਰਿਵਾਰਕ ਰਿਸ਼ਤਿਆਂ ਵਿੱਚ ਚਾਚਾ/ਭਤੀਜਾ, ਤਾਇਆ/ਭਤੀਜਾ, ਤਾਈ, ਚਾਚੀ, ਭੂਆ, ਫੁੱਫੜ ਆਦਿ ਰਿਸ਼ਤੇ ਆ ਜਾਂਦੇ ਹਨ। ਵਿਆਹ ਦੁਆਰਾ ਸਿਰਜਤ ਰਿਸ਼ਤਿਆ ਵਿੱਚ ਸਹੁਰਾ/ਸੱਸ/ਨੂੰਹਾ ਨਣਦ/ਭਰਜਾਈ, ਭਾਬੀ/ਦਿਉਰ ਅਤੇ ਦਰਾਣੀ/ਜਠਾਣੀ ਆਦਿ ਰਿਸ਼ਤੇ ਆ ਜਾਦੇ ਹਨ। ਸੰਯੁਕਤ ਪਰਿਵਾਰ ਵਿੱਚ ਪਿਉ ਇੱਕ ਡਿਕਟੇਟਰ ਦੀ ਤਰ੍ਹਾਂ ਉਭਰਦਾ ਹੈ। ਆਮ ਤੌਰ ਤੇ ਪਿਉ ਪੁੱਤ ਦੇ ਰਿਸ਼ਤੇ ਵਿੱਚ ਖੱਟ ਪਟੀ ਦੀ ਸੰਭਾਵਨਾ ਬਣੀ ਰਹਿੰਦੀ ਹੈ। ਚਾਚਾ ਭਤੀਜਾ ਤੇ ਦਾਦਾ ਪੋਤਾ ਵਿਚਕਾਰ ਸਬੰਧ ਨਿੱਘਾ ਹੈ। ਮਾਂ-ਪੁੱਤਰ ਦਾ ਸਬੰਧ ਵੀ ਸੁਖਾਵਾਂ ਹੈ। ਭੈਣ-ਭਰਾ ਦਾ ਰਿਸ਼ਤਾ ਵੀ ਪਵਿੱਤਰ ਤੇ ਨਿੱਘਾ ਹੈ। ਪਰਿਵਾਰ ਵਿੱਚ ਭਾਈ-ਭਾਈ ਦਾ ਰਿਸ਼ਤਾ ਵੀ ਬਹੁਤ ਨਿੱਘਾ ਨਹੀਂ। ਬੇਸ਼ਕ ਵਾਰਿਸ਼ ਸ਼ਾਹ ਨੇ ਲਿਖਿਆ ਹੈ ਕਿ ‘ਭਾਈ ਜਾਣ ਤਾਂ ਜਾਂਦੀਆਂ ਟੁੱਟ ਬਾਹਵਾਂ’ ਪਰ ਅਜਿਹੀਆਂ ਬਾਹਵਾਂ ਘੱਟ ਹੀ ਰਹਿ ਗਈਆਂ ਹਨ। ਭਰਾ-ਭਰਾ ਵਿਚਕਾਰ ਆਰਥਿਕ ਮਿਲਵਰਤਨ ਵੀ ਬਹੁਤ ਘੱਟ ਹੈ। ਪੰਜਾਬੀ ਪਰਿਵਾਰ ਵਿੱਚ ਸੱਸ/ਨੂੰਹ ਅਤੇ ਨਣਦ/ਭਰਜਾਈ ਦਾ ਰਿਸ਼ਤਾ ਵੀ ਤਣਵਾ ਹੈ। ਵਿਅਹ ਦੁਆਰਾ ਸਿਰਜੇ ਗਏ ਰਿਸ਼ਤਿਆਂ ਵਿੱਚ ਦਿਉਰ ਭਾਬੀ ਦਾ ਰਿਸ਼ਤਾ ਨਰਮ ਹੈ, ਉਥੇ ਜੇਠ/ਭਰਜਾਈ ਵਿੱਚ ਇਹ ਨਰਮੀ ਨਹੀਂ। ਵਿਆਹ ਦੁਆਰਾ ਸਿਰਜੇ ਰਿਸ਼ਤਿਆਂ ਵਿੱਚ ਜੀਜਾ/ਸਾਲੀ ਦਾ ਰਿਸ਼ਤਾ ਵੀ ਸੁਖਾਵਾਂ ਹੈ। ਇਸ ਤਰ੍ਹਾਂ ਪੰਜਾਬੀ ਪਰਿਵਾਰ ਇੱਕ ਵਿਲੱਖਣ ਇਕਾਈ ਹੈ ਇਸ ਵਿੱਚ ਵਿਆਹ ਦੁਆਰਾ ਸਿਰਜੇ ਗਏ ਰਿਸ਼ਤਿਆ ਅਤੇ ਖੂਨ ਦੇ ਰਿਸ਼ਤਿਆਂ ਵਿੱਚ ਵਖਰੇਵਾਂ ਹੈ। ਹੁਣ ਵਿੱਦਿਆ ਦੇ ਪਸਾਰ ਸਦਕਾ, ਪੂੰਜੀਵਾਦ ਪ੍ਰਬੰਧ ਦੇ ਹੋਂਦ ਵਿੱਚ ਆਉਣ ਸਦਕਾ ਪੰਜਾਬੀ ਪਰਿਵਾਰ ਬਦਲ ਰਿਹਾ ਹੈ। ਇਕਹਿਰਾ ਪਰਿਵਾਰ ਹੋਂਦ ਵਿੱਚ ਆ ਰਿਹਾ ਹੈ। ਹੁਣ ਤਾਂ ਪਿੰਡਾਂ ਵਿੱਚ ਵੀ ਬਹੁਤ ਘੱਟ ਸੰਯੁਕਤ ਪਰਿਵਾਰ ਮਿਲਦੇ ਹਨ। ਇਸ ਕਿਸਮ ਦੇ ਪਰਿਵਾਰ ਵਿੱਚ ਬੱਚਿਆਂ ਦਾ ਪਾਲਣ-ਪੋਸ਼ਣ ਵੀ ਵਧੀਆ ਹੋ ਸਕਦਾ ਹੈ ਕੁਝ ਹੋਰ ਸਾਲਾਂ ਤੱਕ ਪੰਜਾਬ ਵਿੱਚ ਵੀ ਸਿਰਫ ਇਕਹਿਰੇ ਪਰਿਵਾਰ ਹੀ ਮਿਲਣਗੇ।[4]

ਸਹਾਇਕ ਪੁਸਤਕ ਸੂਚੀ

[ਸੋਧੋ]
  1. ਡਾ. ਰਾਜਵੰਤ ਕੌਰ- ਪਾਣੀ ਵਾਰ ਬੰਨੇ ਦੀਏ ਮਾਏ
  2. ਜੀਤ ਸਿੰਘ ਜੋਸ਼ੀ- ਸਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ
  3. ਬਲਬੀਰ ਸਿੰਘ ਪੂਨੀ-ਪੰਜਾਬੀ ਸੱਭਿਆਚਾਰ: ਸਿਧਾਂਤ ਤੇ ਵਿਹਾਰ
  4. ਭੁਪਿੰਦਰ ਸਿੰਘ ਖਹਿਰਾ- ਲੋਕਧਾਰਾ ਭਾਸ਼ਾ ਅਤੇ ਸੱਭਿਆਚਾਰ

ਹਵਾਲੇ

[ਸੋਧੋ]
  1. ਡਾ. ਰਾਜਵੰਤ ਕੌਰ- ਪਾਣੀ ਵਾਰ ਬੰਨੇ ਦੀਏ ਮਾਏ, ਪੰਨਾ13,14
  2. ਡਾ. ਜੀਤ ਸਿੰਘ ਜੋਸ਼ੀ- ਸਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ ਪੰਨਾ 112,113
  3. ਬਲਬੀਰ ਸਿੰਘ ਪੂਨੀ-ਪੰਜਾਬੀ ਸੱਭਿਆਚਾਰ: ਸਿਧਾਂਤ ਤੇ ਵਿਹਾਰ ਪੇਜ ਨੰ. 65
  4. ਭੁਪਿੰਦਰ ਸਿੰਘ ਖਹਿਰਾ- ਲੋਕਧਾਰਾ ਭਾਸ਼ਾ ਅਤੇ ਸੱਭਿਆਚਾਰ ਪੰਨਾ 184,185