ਸਮੱਗਰੀ 'ਤੇ ਜਾਓ

ਪੰਜਾਬੀ ਫ਼ਿਲਮਾਂ ਅਤੇ ਲੋਕਧਾਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਮਕਾਲੀ ਪੰਜਾਬੀ ਫ਼ਿਲਮਾਂ ਅਤੇ ਲੋਕਧਾਰਾ

[ਸੋਧੋ]

ਲੋਕਧਾਰਾ ਅਨੁਸ਼ਾਸ਼ਨ ਦਾ ਅਧਿਐਨ ਅੱਜਕੱਲ੍ਹ ਬਹੁਤ ਚਰਚਾ ਦੇ ਵਿੱਚ ਹੈ। ਨਵੀਆਂ ਤਕਨੀਕਾਂ ਦਾ ਵਿਸਤਾਰ ਹੋਣ ਦੇ ਨਾਲ ਦੁਨੀਆ ਦਾ ਹਰ ਵਰਗ ਬਦਲਾਅ ਦੀ ਪ੍ਰਕ੍ਰਿਆ ਦੇ ਵਿਚੋਂ ਗੁਜ਼ਰ ਰਿਹਾ ਹੈ। ਇਹ ਬਦਲਾਅ ਚੰਗੇ ਅਤੇ ਮਾੜੇ ਦੋਵੇਂ ਤਰ੍ਹਾਂ ਦੇ ਪ੍ਰਭਾਵ ਪਾ ਰਿਹਾ ਹੈ। ਹਰ ਸਮਾਜ ਦੀ ਆਪਣੀ ਵੱਖਰੀ ਲੋਕਧਾਰਾ ਹੁੰਦੀ ਹੈ। ਲੋਕਧਾਰਾ ਆਪਣੇ ਆਪ ਵਿੱਚ ਇੱਕ ਜਟਿਲ ਪ੍ਰਕ੍ਰਿਆ ਹੈ। ਇਸ ਦੀ ਕੋਈ ਇੱਕ ਪਰਿਭਾਸ਼ਾ ਨਹੀਂ ਕੀਤੀ ਜਾ ਸਕੀ ਹੈ। ਡਾ. ਸੋਹਿੰਦਰ ਸਿੰਘ ਬੇਦੀ ਅਨੁਸਾਰ, “ਲੋਕ-ਧਾਰਾ ਮਨੁੱਖ ਦੇ ਜੀਵਨ, ਸਾਹਿਤ, ਕਲਾ ਤੇ ਧਰਮ ਵਿੱਚ ਇੱਕ ਗਤੀਸ਼ੀਲ ਪ੍ਰਵਾਹ ਵਾਂਗ ਸਮਾਈ ਹੋਈ ਹੈ। ਜੀਵਨ ਦੇ ਵਿਕਾਸ ਵਿੱਚ ਲੋਕ-ਧਾਰਾ ਨੇ ਭਰਪੂਰ ਤੇ ਮਹੱਤਵਪੂਰਨ ਹਿੱਸਾ ਪਾਇਆ ਹੈ। ਕਲਾ, ਸਾਹਿਤ, ਨ੍ਰਿਤ-ਨਾਟ, ਧਰਮ, ਵਿਗਿਆਨ ਆਦਿ ਸਭ ਡਿਸਪਲਿਨ ਲੋਕ-ਧਾਰਾ ਦੀਆਂ ਰੂੜੀਆਂ ਤੋਂ ਉਭਰੇ ਤੇ ਵਿਗਸਿਤ ਹੋਏ ਹਨ।"1

ਡਾ. ਗੁਰਮੁਖ ਸਿੰਘ ਦੇ ਅਨੁਸਾਰ, ਜਿਸ ਯੁੱਗ ਵਿੱਚ ਅਸੀਂ ਰਹਿ ਰਹੇ ਹਾਂ ਇਹ ਪੂੰਜੀਵਾਦੀ ਮੀਡੀਏ ਦਾ ਯੁੱਗ ਹੈ। ਇਸ ਦਾ ਉਦੇਸ਼ ਕਿਸੇ ਸਾਰਥਕ ਮਾਨਵੀ ਸਰਗਰਮੀ ਦੀ ਥਾਂ ਵਪਾਰ ਅਤੇ ਮੁਨਾਫ਼ਾ ਹੈ। ਇਸ ਉਦੇਸ਼ ਦੀ ਪ੍ਰਾਪਤੀ ਲਈ ਇਹ ਇੱਕ ਤੋਂ ਵੱਧ ਜੁਗਤਾਂ ਵਰਤਦਾ ਹੈ। ਪਹਿਲੀ ਜੁਗਤ ਅਧੀਨ ਇਹ ਦਰਸ਼ਕ/ਸਰੋਤੇ ਦੀ ਭਾਲ ਕਰਦਾ ਹੈ ਅਤੇ ਫਿਰ ਲੋਕ-ਮਨ ਦੀਆਂ ਇੱਛਾਵਾਂ, ਰੀਝਾਂ ਅਤੇ ਉਮੰਗਾਂ ਅਨੁਸਾਰੀ ਸਿਰਜੇ ਦ੍ਰਿਸ਼ਾਂ ਅਤੇ ਘਟਨਾਵਾਂ ਦੇ ਮਾਇਆ ਜਾਲ ਰਾਹੀਂ ਉਸ ਦੇ ਧੁਰ ਅੰਦਰ ਤੱਕ ਰਸਾਈ ਬਣਾਉਂਦਾ ਹੈ। ਮੀਡੀਆ ਲੋਕ-ਮਨ ਨੂੰ ਆਪਣੇ ਨਾਲ ਇਸ ਕਦਰ ਜੋੜ ਲੈਂਦਾ ਹੈ ਕਿ ਉਸ ਤੋਂ ਬਿਨਾਂ ਲੋਕ-ਮਨ ਨੂੰ ਆਪਦਾ ਅਸਤਿਤਵ ਹੀ ਅਧੂਰਾ ਨਜ਼ਰ ਆਉਣ ਲੱਗਦਾ ਹੈ। ਇਸ ਸਥਿਤੀ ਵਿੱਚ ਉਹ ਲੋਕ-ਮਨ ਨੂੰ ਉਸ ਦੀ ਹੋਂਦ ਬਾਬਤ ਦਿਸ਼ਾ ਨਿਰਦੇਸ਼ ਦੇਣ ਲੱਗਦਾ ਹੈ। ਉਸ ਦੇ ਚਰਿੱਤਰ ਦੀ ਉਸਾਰੀ ਦਾ ਸਭ ਤੋਂ ਪ੍ਰਭਾਵਸ਼ਾਲੀ ਨਿਰਧਾਰਕ ਬਣ ਬੈਠਦਾ ਹੈ।"2

ਡਾ. ਗੁਰਮੁਖ ਸਿੰਘ ਇਸ ਨੂੰ ਇੰਝ ਵਿਚਾਰਦੇ ਹਨ, “ਪੁਨਰ-ਸੁਰਜੀਤੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਪੰਜਾਬੀ ਸਿਨੇਮਾ ਵੀ ਇਸ ਪ੍ਰਸੰਗ ਵਿੱਚ ਕੁਝ ਘੱਟ ਨਹੀਂ ਗੁਜ਼ਾਰ ਰਿਹਾ ਹੈ। ਸੰਸਾਰ ਪੂੰਜੀਵਾਦ ਦੇ ਅਮਲ ਨੂੰ ਉਸਨੇ ਵੀ ਆਤਮ-ਸਾਂਤ ਕਰ ਲਿਆ ਹੈ ਅਤੇ ਉਹ ਵੀ ਪੰਜਾਬੀ ‘ਮੈਂ` ਨੂੰ ਪੂੰਜੀਵਾਦ ਦੇ ਏਜੰਡੇ ਅਨੁਸਾਰ ਢਾਲਣ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ। ਉਦਾਹਰਨ ਲਈ ਮਨਮੋਹਨ ਸਿੰਘ ਦੁਆਰਾ ਨਿਰਦੇਸ਼ਤ ਅਤੇ ਪ੍ਰਸਿੱਧ ਗਾਇਕ ਹਰਭਜਨ ਮਾਨ ਨੂੰ ਬਤੌਰ ਨਾਇਕ ਪੇਸ਼ ਕਰਨ ਵਾਲੀਆਂ ਪੰਜਾਬੀ ਫ਼ਿਲਮਾਂ ਇਸ ਪ੍ਰਸੰਗ ਵਿੱਚ ਦੇਖੀਆਂ ਜਾ ਸਕਦੀਆਂ ਹਨ। ਪੰਜਾਬ ਦੇ ਨੌਜਵਾਨਾਂ ਦੀ ਅਮਰੀਕਾ, ਕੈਨੇਡਾ ਆਦਿ ਹੋਰ ਦੇਸ਼ਾਂ ਵੱਲ ਜਾਣ ਦੀ ਚਾਹਤ ਪਹਿਲਾਂ ਹੀ ਘੱਟ ਨਹੀਂ ਸੀ ਪਰ ਇਨ੍ਹਾਂ ਫ਼ਿਲਮਾਂ ਦੀ ਆਮਦ ਬਲਦੀ ਤੇ ਤੇਲ ਪਾਉਂਦੀ ਹੈ ਅਤੇ ਨਤੀਜੇ ਵਜੋਂ ਪੰਜਾਬੀ ਗੱਭਰੂ ਦੀ ਆਪਣੀ ਭੋਇੰ ਨਾਲ ਜੁੜਨ ਦੀ ਆਪ ਹੋਰ ਮੱਧਮ ਪੈ ਜਾਂਦੀ ਹੈ। ਇਹ ਫ਼ਿਲਮਾਂ ਪੰਜਾਬੀਆਂ ਦੇ ਬਾਹਰ ਜਾਣ ਦੇ ਸੁਪਨੇ ਨੂੰ ਆਪਣੀ ਆਰਥਿਕ ਕਮਾਈ ਦੇ ਮਾਧਿਅਮ ਵਜੋਂ ਵਰਤਦੀਆਂ ਹਨ। ਇਹ ਫ਼ਿਲਮਾਂ ਪਹਿਲਾਂ ਸੁਪਨੇ ਸਿਰਜਦੀਆਂ ਹਨ ਅਤੇ ਫਿਰ ਉਨ੍ਹਾਂ ਸੁਪਨਿਆਂ ਦਾ ਕਾਰੋਬਾਰ ਕਰਦੀਆਂ ਹਨ। ਇਹ ਸੁਪਨਿਆਂ ਦਾ ਅਜਿਹਾ ਕਾਰੋਬਾਰ ਹੈ, ਜਿਸ ਦਾ ਪੰਜਾਬ ਦੇ ਅਸਲ ਸੰਕਟਾਂ ਨਾਲ ਕੋਈ ਦੂਰ ਨੇੜੇ ਦਾ ਵੀ ਵਾਸਤਾ ਨਹੀਂ। ਇਹ ਸੁਪਨੇ ਕੇਵਲ ਏਧਰਲੇ ਪੰਜਾਬੀਆਂ ਨੂੰ ਹੀ ਨਹੀਂ ਵੇਚੇ ਜਾਂਦੇ ਇਹ ਉੱਪਰਲੇ (ਪਰਵਾਸੀ) ਪੰਜਾਬੀਆਂ ਨੂੰ ਵੀ ਵੇਚੇ ਜਾਂਦੇ ਹਨ। ਏਧਰਲੀਆਂ ਨੂੰ ਪਰਵਾਸ ਦੇ ਖੂਬਸੂਰਤ ਨਜ਼ਾਰਿਆਂ ਅਤੇ ਮਨਭਾਉਂਦੀਆਂ ਆਰਥਿਕ ਅਤੇ ਭਾਵੁਕ ਸਫ਼ਲਤਾਵਾਂ ਦੇ ਅਤੇ ਉਧਰਲਿਆਂ ਨੂੰ ਏਧਰਲੇ ਪੰਜਾਬ ਦੇ ‘ਸ਼ਾਨਾਮੱਤੇ` ਵਿਰਸੇ, ਨਿੱਘੇ ਰਿਸ਼ਤਿਆਂ, ਅਮੀਰ ਘਰਾਂ ਅਤੇ ਖੂਬਸੂਰਤ ਪਿੰਡਾਂ ਦੇ ਇਨ੍ਹਾਂ ਫ਼ਿਲਮਾਂ ਦੁਆਰਾ ਸਿਰਜੇ ਸੁਪਨਿਆਂ ਦੇ ਸੰਸਾਰ ਵਿੱਚ ਗੁਆਚਿਆ ਪੰਜਾਬੀ ਬੰਦਾ ਅਛੋਪਲੇ ਹੀ ਅਮਲੀ ਜੀਵਨ ਦੀਆਂ ਦੁਸ਼ਵਾਰੀਆ ਤੋਂ ਪਾਸਾ ਵੱਟ ਜਾਂ ਤਾਂ ਭੂਤ ਦੇ ਰੋਮਾਂਟਿਕ ਵਾਤਾਵਰਨ, (ਲੋਕ-ਧੁਨਾਂ, ਲੋਕ-ਨਾਚ, ਪਰੰਪਰਕ ਸਜਾਵਟੀ ਕੱਪੜੇ, ਉਚੇਰੇ ਰਿਸ਼ਤੇ) ਵਿੱਚ ਅਤੇ ਜਾਂ ਫਿਰ ਵਿਦੇਸ਼ਾਂ ਦੀ ਭਰਮਾਊ ਚਕਾਚੌਂਧ (ਵੱਡੀਆਂ ਕਾਰਾਂ, ਵੱਡੇ ਘਰ ਅਤੇ ਸੁਹਣੀਆਂ ਕੁੜੀਆਂ) ਵਿੱਚ ਮਗਨ ਹੋ ਜਾਂਦਾ ਹੈ।"3

ਅੱਜਕੱਲ ਪੰਜਾਬੀ ਸਿਨੇਮਾ ਦੇ ਰੁਝਾਨ ਪੁਰਾਣੇ ਕਿੱਸਿਆਂ ਦੀ ਤਰਜ ਉੱਤੇ ਫ਼ਿਲਮਾਂ ਬਣਾਉਣ ਦਾ ਹੈ। ਗਿੱਪੀ ਗਰੇਵਾਲ ਸਟਾਰਰ ਫ਼ਿਲਮ ‘ਮਿਰਜ਼ਾ` ਅਤੇ ਗੁਰਦਾਸ ਮਾਨ ਦੀ ਪਹਿਲਾਂ ਆਈ ਫ਼ਿਲਮ ‘ਵਾਰਿਸ-ਇਸ਼ਕ ਦਾ ਵਾਰਿਸ` ਅਜਿਹੀਆਂ ਉਦਾਹਰਨਾਂ ਹਨ।

ਹਵਾਲੇ

[ਸੋਧੋ]

1. ਡਾ. ਸੋਹਿੰਦਰ ਸਿੰਘ ਬੇਦੀ, ਲੋਕਧਾਰਾ ਅਤੇ ਸਾਹਿਤ, ਲਾਹੌਰ ਬੁੱਕ ਸ਼ਾਪ, ਲੁਧਿਆਣਾ, 1986, ਪੰਨਾ 14.

2. ਗੁੁਰਮੁਖ ਸਿੰਘ (ਡਾ.), ‘ਪੰਜਾਬੀ ਲੋਕ-ਮਨ ਅਤੇ ਗੀਤਾਂ ਦਾ ਫ਼ਿਲਮਾਂਕਣ`, (ਸੰਪਾ. ਡਾ. ਭੁਪਿੰਦਰ ਸਿੰਘ ਖਹਿਰਾ, ਡਾ. ਸੁਰਜੀਤ ਸਿੰਘ), ਲੋਕਧਾਰਾ ਦੀ ਭੂਮਿਕਾ (ਪੰਜਾਬੀ ਲੋਕਧਾਰਾ ਬਾਰੇ ਨਿਬੰਧਾਂ ਦਾ ਸੰਗ੍ਰਹਿ), ਪੰਜਾਬੀ ਯੂਨੀਵਰਸਿਟੀ, ਪਟਿਆਲਾ, 2010, ਼ ਪੰਨਾ-86.

3. ਡਾ. ਗੁਰਮੁਖ ਸਿੰਘ, ਮੀਡੀਆਂ, ਹਿੰਸਾ ਅਤੇ ਪੰਜਾਬੀ ਸਭਿਆਚਾਰ (ਆਰਟੀਕਲ, ਪੰਨਾ 120.