ਜੁਝਾਰਵਾਦ ਅਤੇ ਲਾਲ ਸਿੰਘ ਦਿਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜੁਝਾਰਵਾਦ ਅਤੇ ਲਾਲ ਸਿੰਘ ਦਿਲ ਜੁਝਾਰਵਾਦੀ ਪ੍ਰਵਿਰਤੀ ਵਿਦਿਆਰਥੀਆਂ ਦੁਆਰਾ ਕੀਤੇ ਜਾਣ ਵਾਲੇ ਅੰਦੋਲਨਾਂ ਦੇ ਪ੍ਰਬਲ ਹੁੰਗਾਰੇ ਵਿਚੋਂ ਪੈਦਾ ਹੋਈ। ਦੇਸ਼ ਨੂੰ ਆਜ਼ਾਦੀ ਮਿਲਣ ਤੋਂ ਡੇਢ-ਦੋ ਦਹਾਕਿਆ ਦੇ ਅੰਦਰ ਹੀ ਆਮ ਆਦਮੀ ਵਿੱਚ ਸਰਕਾਰ ਦੀਆਂ ਪੂੰਜੀਵਾਦੀ ਨੀਤੀਆਂ ਨੂੰ ਲੈ ਕੇ ਇੱਕ ਵਿਆਪਕ ਅੰਸਤੋਸ਼ ਅਤੇ ਭਾਰੀ ਰੋਸ ਜਾਗ ਪਿਆ ਸੀ। ਆਮ ਆਦਮੀ ਦੀ ਕਿਧਰੇ ਕੋਈ ਸੁਣਵਾਈ ਨਹੀਂ ਸੀ। ਸਰਕਾਰੀ ਕਾਰ-ਵਿਹਾਰ ਵਿੱਚ ਕਿਸੇ ਕਿਸਮ ਦੀ ਕੋਈ ਪਾਰਦਰਸ਼ਤਾ ਨਹੀਂ ਸੀ ਅਤੇ ਨਾ ਹੀ ਕਿਸੇ ਦੀ ਕੋਈ ਜਿੰਮੇਵਾਰੀ ਨਿਸ਼ਚਿਤ ਸੀ। ਉੱਤਰਦਾਇਤਵ ਅਤੇ ਵਚਨਬੱਧਤਾ ਦੇ ਕਿਸੇ ਨੂੰ ਅਰਥ ਨਹੀਂ ਸੀ ਆਉਂਦੇ। ਸਰਕਾਰੀ ਕੁਰਸੀ ਤੇ ਬੈਠਾ ਹਰ ਛੋਟਾ-ਵੱਡਾ ਕਰਮਚਾਰੀ ‘ਏਵੇ ਚਲਦਾ ਹੈ’ ਦੇ ਗੁਰਮੰਤ੍ਰ ਨੂੰ ਦ੍ਰਿੜ ਕਰੀ ਬੈਠਾ ਸੀ। ਸੱਤਾ ਸੰਭਾਲੀ ਬੈਠੀਆਂ ਪਾਰਟੀਆਂ ਪੁਲਸ ਦੀ ਲਾਠੀ ਦੇ ਜ਼ੋਰ ਤੇ ਹੱਕ ਮੰਗਣ ਵਾਲਿਆਂ ਉੱਤੇ ਰਾਜ ਕਰ ਰਹੀਆਂ ਸਨ। ਅਜਿਹੀ ਸਥਿਤੀ ਵਿੱਚ ਨੌਜਵਾਨ ਵਰਗ ਚੁੱਪ ਕਰਕੇ ਨਾ ਬੈਠ ਸਕਿਆ ਅਤੇ ਉਸ ਨੇ ਆਪਣੇ ਹੱਕ ਮੰਗਣ ਵਾਸਤੇ ਜ਼ਬਰਦਸਤ ਅੰਦੋਲਨ ਸ਼ੁਰੂ ਕਰ ਦਿੱਤਾ। ਕਮਿਊਨਸਟ ਪਾਰਟੀਆਂ ਦੇ ਕਈ ਸਰਗਰਮ ਗਰੁਪ, ਵਿਦਿਆਰਥੀਆਂ ਨੂੰ ਸਮਰਥਨ ਦੇਣ ਲੱਗੇ। ਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ ਵਿਦਿਆਰਥੀਆਂ ਦੀਆਂ ਚੋਣਾਂ ਇਨ੍ਹਾਂ ਪਲੇਟਫਾਰਮਾ ਉੱਤੇ ਲੜੀਆ ਜਾਣ ਲੱਗੀਆ। ਜਿੱਤਣ ਤੋਂ ਬਾਅਦ ਯੂਨੀਅਨ ਦੇ ਅਹੁਦੇਦਾਰਾਂ ਦੀ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਕਾਫੀ ਪੁੱਛ-ਪ੍ਰਤੀਤ ਹੁੰਦੀ ਸੀ। ਬੱਸਾਂ ਵਿੱਚ ਮੁਫਤ ਸਫਰ ਕਰਨ, ਸਿਨਮਾਂ ਘਰਾਂ ਵਿੱਚ ਮੁਫਤ ਪ੍ਰਵੇਸ਼ ਅਤੇ ਇਹੋ ਜਿਹੀਆਂ ਕੁਝ ਹੋਰ ਰਿਆਇਤਾਂ ਜਾਂ ਅਧਿਕਾਰ ਪ੍ਰਾਪਤ ਕਰਨ ਲਈ ਅਕਸਰ ਹੀ ਵਿਦਿਆਰਥੀਆਂ ਅਤੇ ਪ੍ਰਾਈਵੇਟ ਬਸ ਚਾਲਕਾਂ ਜਾਂ ਸਿਨਮਾ ਘਰਾਂ ਦੇ ਮਾਲਕਾਂ ਵਿੱਚ ਤਕਰਾਰ, ਲੜਾਈ ਝਗੜੇ ਅਤੇ ਫਸਾਦ ਹੁੰਦੇ ਰਹਿੰਦੇ ਸਨ। ਸਰਕਾਰ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖਦੀ ਰਹਿੰਦੀ ਸੀ ਜਿਵੇਂ ਉਸ ਲਈ ਇਹ ਕੋਈ ਸਰੋਕਾਰ ਹੀ ਨਾ ਹੋਵੇ। ਪਰ ਕਦੀ-ਕਦੀ ਪ੍ਰਾਈਵੇਟ ਮਾਲਕਾਂ ਦੇ ਅਧਿਕਾਰਾ ਦੀ ਰਾਖੀ ਲਈ ਪੁਲਸ ਜਰੂਰ ਆ ਧਮਕਦੀ ਸੀ ਅਤੇ ਵਿਦਿਆਰਥੀਆਂ ਤੇ ਦਮਨ ਕਰਦੀ ਸੀ। ਇਉਂ ਯੁਵਾ ਵਰਗ ਅਤੇ ਪੂੰਜੀਪਤੀਆਂ ਦੇ ਦਰਮਿਆਨ ਇੱਕ ਸੰਘਰਸ਼ ਜਿਹਾ ਛਿੜਿਆ ਰਹਿੰਦਾ ਸੀ ਅਤੇ ਇਸ ਸੰਘਰਸ਼ ਵਿੱਚ ਪੁਲਸ ਪੂੰਜੀਪਤੀਆਂ ਦੇ ਹੋਰ ਗ੍ਰੋ ਵਿੱਚ ਭਸਕਦੀ ਸੀ। ਸੰਸਾਰ ਪੱਧਰ ਦੇ ਉੱਥੇ ਇਸ ਰੋਸ ਵਿਦਰੋਹ ਦਾ ਪ੍ਰੇਰਨਾ-ਸਰੋਤ ਚੀਨ ਅਤੇ ਕਿਊਬਾ ਵਿੱਚ ਸਫ਼ਲ ਹੋਏ ਸਮਾਜਵਾਦੀ ਇਨਕਲਾਬ ਸਨ।”1 ਇਸ ਪਿਛੋਕੜ ਵਿੱਚ ਹੀ ਭਾਰਤ ਵਿੱਚ ਜੁਝਾਰਵਾਦੀ ਲਹਿਰ ਨੇ ਜਨਮ ਲਿਆ। ਨਿਰਸੰਦੇਹ ਇਸ ਲਹਿਰ ਦੇ ਪੈਦਾ ਹੋਣ ਵਿੱਚ ਦੇਸ਼ ਦੀ ਅੰਦਰੂਨੀ ਸਥਿਤੀ ਨੇ ਵੀ ਯੋਗਦਾਨ ਪਾਇਆ। ਹਾਕਮ ਪਾਰਟੀ ਵਲੋਂ ਕੀਤੇ ਜਾ ਰਹੇ ਝੂਠੇ ਵਾਅਦਿਆ ਤੋਂ ਲੋਕ ਅੱਕ ਚੁੱਕੇ ਸਨ। ਸਰਕਾਰ ਤੋਂ ਉਹਨਾਂ ਦਾ ਮੋਹ ਭੰਗ ਹੋ ਚੁੱਕਾ ਸੀ। ਜੁਝਾਰ ਵਿਦਰੋਹੀ ਕਾਵਿ ਧਾਰਾ: ਇਸ ਕਾਵਿ ਧਾਰਾ ਦਾ ਸੰਬੰਧ ਭਾਰਤ ਵਿੱਚ ਉੱਠੀ ਨਕਸਲਬਾੜੀ ਲਹਿਰ ਨਾਲ ਜੋੜਿਆ ਜਾਂਦਾ ਹੈ। ਕਿਉਂਕਿ ਪੰਜਾਬੀ ਦੇ ਬਹੁਤੇ ਕਵੀ ਨਕਸਲਵਾਦ ਦੀਆਂ ਸਿਧਾਂਤਿਕ ਸਥਾਪਨਾਵਾਂ ਵਿੱਚ ਵਿਸ਼ਵਾਸ ਰਖਦੇ ਸਨ। ਜੁਝਾਰ-ਵਿਦਰੋਹੀ ਕਾਵਿ ਧਾਰਾ ਦੇ ਕਵੀਆਂ ਨੇ ਤਤਕਾਲੀਨ ਯਥਾਰਥ ਨੂੰ ਸਾਂਸਕ੍ਰਿਤਿਕ ਵਿਵੇਕ ਨੇ ਵਿਆਪਕ ਸੰਦਰਭ ਵਿੱਚ ਰਹਿਣ ਦੀ ਕੋਸ਼ਿਸ਼ ਕੀਤੀ ਅਤੇ ਇਸ ਕੋਸ਼ਿਸ਼ ਵਿੱਚ ਇਸ ਧਾਰਾ ਨੇ ਸੁਚੇਤ ਤੋਰ ਤੇ ਪੰਜਾਬ ਦੇ ਇਤਿਹਾਸਕ-ਸਾਂਸਕ੍ਰਿਤਿਕ ਵਿਰਸੇ ਨੂੰ ਆਪਣੇ ਗੁਨਾਤਮਕ ਕਾਰਜ ਦੀ ਪ੍ਰੇਰਣਾ ਬਣਾਇਆ। ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ, ਬਾਬਾ ਦੀਪ ਸਿੰਘ ਆਦਿਕ ਧਾਰਮਿਕ-ਇਤਿਹਾਸਿਕ ਪਰੰਪਰਾ ਦੇ ਨਾਇਕਾਂ ਤੋਂ ਇਲਾਵਾ ਜੁਝਾਰਵਾਦੀ ਕਵੀਆਂ ਨੇ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਉਧਮ ਸਿੰਘ ਆਦਿ ਇਨਕਲਾਬੀ ਸ਼ਹੀਦਾਂ ਵਿੱਚ ਵੀ ਆਪਣੇ ਮੂਲ ਆਦਰਸ਼ ਤਲਾਸ਼ ਕਰਨ ਦਾ ਯਤਨ ਕੀਤਾ ਹੈ।” ਜਿਵੇਂ:

ਅਸੀਂ ਜੰਮਣਾ ਨਹੀਂ ਸੀ ਅਸੀਂ ਲੜਨਾ ਨਹੀਂ ਸੀ। “ਲਾਲ ਸਿੰਘ ਦਿਲ ਨਕਸਲਬਾੜੀ ਲਹਿਰ ਦੇ ਮੋਹਰਲੀ ਕਤਾਰ ਦੇ ਇੱਕ ਦੋ ਸ਼ਾਇਰਾਂ ਵਿੱਚ ਪ੍ਰਮੁੱਖ ਸ਼ਾਇਰ ਹੈ, ਜਿਸ ਨੇ ਆਪਣਾ ਕਾਵਿ ਸਵਰ ਰਮਾਂਟਿਕ ਗੀਤਾਂ ਤੋਂ ਸ਼ੁਰੂ ਕਰਕੇ ਕ੍ਰਾਂਤੀਕਾਰੀ ਕਵਿਤਾ ਤਕ ਮਹੱਤਵਪੂਰਨ ਪਾਸਾਰ ਕੀਤਾ।” “ਦਿਲ ਦੀ ਸਮਾਜਕ ਸਰੰਚਨਾ ਦਾ ਮੁੱਖ ਸਰੋਤ ਦਲਿਤ ਵਰਗ ਵਿੱਚ ਪ੍ਰਾਪਤ ਕੀਤਾ ਅਨੁਭਵ ਹੈ। ਇਹ ਵਰਗ ਆਪਣੀ ਊਪਜੀਵਕਾ ਆਪਣੀ ਕਿਰਤ ਨੂੰ ਵੇਚਣ ਦੇ ਅਸਲ ਤੋਂ ਪ੍ਰਾਪਤ ਕਰਦਾ ਹੈ। ਨਿਘਰ ਰਹੀ ਆਰਥਿਕਤਾ ਅਤੇ ਸੰਤਰਗਤ ਪ੍ਰੋਲੇਤਾਰੀ ਵਰਗ ਜਮਾਤੀ ਹਿੱਤਾ ਲਈ ਸੰਘਰਸ਼ ਨੂੰ ਤੀਬਰ ਰੂਪ ਉਭਾਰਦਾ ਹੈ। ਆਰਥਿਕ ਤੰਗ-ਦੁਸਤੀ ਕਾਰਨ ਇਹ ਵਰਗ ਸਮਾਜਕ ਸਰੰਚਨਾ ਨੂੰ ਬਦਲਣ ਲਈ ਵਿਦਰੋਹੀ ਵਰਗ ਦੇ ਅੰਤਰਗਤ ਵਿਕਸਿਤ ਹੋਣ ਦੀ ਸੰਭਾਵਨਾ ਜਗਾਉਂਦਾ ਹੈ। ਵਿਦਰੋਹੀ ਚੇਤਨਾ ਵਿਚਲਾ ਜੋੜ-ਮੇਲ ਦਿਲ ਦੇ ਕਾਵਿ-ਸਫਰ ਦਾ ਪਰਿਵਰਤਨ ਬਿੰਦੂ ਨਿਸ਼ਚਿਤ ਕਰਦਾ ਹੈ।” ਦਿਲ ਅਨੁਸਾਰ: ਉਹ ਖਿਆਲ ਬਹੁਤ ਰੁੱਖੇ ਸਨ ਮੈਂ ਤੇਰੇ ਤਰ ਵਾਲਾਂ ਨੂੰ ਜਦ ਮੁਕਤੀ ਸਮਝ ਬੈਠਾ”2 “ਦਿਲ ਦੀ ਕਵਿਤਾ ਵਿੱਚ ‘ਪੁਰਾਣੇ ਤੇ ਮਸਤੇ ਕੱਪੜੇ ਦੀ ਮਹਿਕ/ਸਸਤੇ ਸਾਬਣ, ਕਰੀਮ `ਚ ਮਹਿਕਦੀ ਹੈ। ‘ਕੁੜੇਲੀ ਪਿੰਡ ਦੀਆਂ ਵਸਤਾਂ’ ਵਿੱਚ ਕਿਰਤੀਆਂ ਦਾ ਸੁਹਜ ਵੀ ਹੈ ਤੇ ਇਸਦੀ ਆਰਥਿਕ ਉਪਯੋਗਤਾ ਵੀ।”3 “ਦਿਲ ਦੇ ਗਹਿਰੇ ਚਿੰਤਨ `ਚੋਂ ਉਭਰਨ ਵਾਲੀ ਕਾਟਵੀ ਕਾਵਿ ਭਾਸ਼ਾ ਨਾਲ ਨਕਸਲੀ ਕਵਿਤਾ ਨੂੰ ਗਹਿਰਾਈ ਦਿੱਤੀ। ‘ਸਤਲੁੱਜ ਦੀ ਹਵਾ’ ਅਤੇ ‘ਬਹੁਤ ਸਾਰੇ ਸੂਰਜ’ ਦੀ ਕਵਿਤਾ ਲੋੜ, ਆਧੁਨਿਕ ਤੇ ਸੰਜਮੀ ਸ਼ਬਦ ਜੁਗਤ ਦੀ ਉਪਜ ਹੈ।”4 ਕਵੀ ਦਲਿਤ ਪਾਤਰਾਂ ਦੇ ਮਾਨਸਿਕ ਬਿਰਤਾਂਤ ਨੂੰ ਪਾਠਕਾਂ ਦੀ ਚੇਤਨਾ ਦਾ ਅੰਗ ਬਣਾਉਂਦਾ ਹੈ। ਕਵਿਤਾ ਦੀ ਵਿਜੈ ਉਦੋਂ ਹੁੰਦੀ ਹੈ ਜਦੋਂ ਇਹ ਜ਼ਿੰਦਗੀ ਦੇ ਰੋਜ-ਮਰਾ ਅਨੁਭਵ ਤੇ ਉਸ ਦੇ ਵਿੱਸਰੇ ਤੇ ਨਿਗੁਣੇ ਪੱਖਾਂ ਨੂੰ ਸੁਹਜ ਸੰਚਾਰ ਰਾਹੀਂ ਇੱਕ ਬੁਲੰਦੀ ਤਕ ਲੈ ਜਾਵੇ। ਕਵੀ ਦੀ ਨਿਪੁਨਤਾ ਦਾ ਇੱਕ ਅਹਿਮ ਮਾਨਵੀ ਕਿਰਦਾਰ ਹੁੰਦਾ ਹੈ। ਇਹੀ ਕਿਰਦਾਰ ਦਰਅਸਲ, ਪ੍ਰਗਤੀਸ਼ੀਲਤਾ ਹੈ। ਕਾਵਿ ਰਾਹੀਂ ਪੈਦਾ ਹੋਣ ਵਾਲਾ ਚਿੰਤਨ ਸੱਭਿਆਚਾਰ ਦੀਆਂ ਸਦੀਵੀਂ ਇਕਾਈਆਂ ਦਾ ਰੂਪ ਧਾਰਣ ਕਰਦਾ ਹੈ। ਇਹ ਚਿੰਤਨ ਕਵਿਤਾ ਦੇ ਅਦ੍ਰਿਸ਼ਟ ਅੰਤਰ-ਪਾਠ ਅੰਦਰ ਸਮੋਇਆ ਹੁੰਦਾ ਹੈ। “ਇਉ ਦਿਲ ਦੀ ਕਵਿਤਾ ਵਿੱਚ ਗੁਰੀਲਾ ਲੜਾਈ ਦੇ ਸੰਦਰਭ ਵਿੱਚ ਹਥਿਆਰਬੰਦ ਸੰਘਰਸ਼ ਦਾ ਸੰਕਲਪ ਪਹਿਲੀ ਪ੍ਰਗਤੀਸ਼ੀਲ ਕਵਿਤਾ ਦੇ ਕਲਪਨਾਸ਼ੀਲ ਭਰਮ ਯੁਕਤਾ ਇਨਕਲਾਬੀ ਸੰਕਲਪ ਨੂੰ ਭੱਜ ਕੇ ਪੰਜਾਬੀ ਕਵਿਤਾ ਨੂੰ ਸਹੀ ਰੂਪ ਵਿੱਚ ਜੁਝਾਰ ਚੇਤਨਾ ਦਾ ਨਵਾ ਕ੍ਰਾਤੀਕਾਰੀ ਯੁਗ ਪ੍ਰਦਾਨ ਕਰਦਾ ਹੈ।”5 ਕ੍ਰਾਂਤੀਕਾਰੀ ਕਵਿਤਾ ਦੇ ਪਰਿਪੇਖ ਵਿੱਚ ਵੀ ਦਿਲ ਦੀ ਕਾਵਿ ਭਾਸ਼ਾ ਬਹੁ-ਭੇਦੀ ਅਰਥਾਂ ਰਾਹੀਂ ਵਸਤੂਗਤ ਯਥਾਰਥ ਬਾਰੇ ਅੰਤਰ-ਦ੍ਰਿਸ਼ਟੀ ਪੈਦਾ ਕਰਦੀ ਹੈ। ਟੁੱਟ ਰਹੇ ਸੱਭਿਆਚਾਰ ਦੇ ਆਰਥਿਕ ਪਸਾਰੇ ਵਿੱਚ ਟੁੱਟ ਰਿਹਾ ਮਨੁੱਖੀ ਸ਼ਖ਼ਸੀਅਤ ਦਾ ਕਿਰਦਾਰ ਦਿਲ ਦੀ ਕਵਿਤਾ ਸ਼੍ਰੇਣੀ ਕਿਰਦਾਰ ਵੀ ਨਿਸ਼ਚਿਤ ਕਰਦਾ ਹੈ ਇਹ ਕਿਰਦਾਰ ਸਥਾਪਤੀ ਵਿਰੋਧੀ ਹੈ ਅਤੇ ਪ੍ਰੋਲੇਤਾਰੀ ਵਰਗ ਦੀ ਕ੍ਰਾਂਤੀਕਾਰੀ ਭੂਮਿਕਾ ਨੂੰ ਨਿਰਧਾਰਿਤ ਕਰਦਾ ਹੈ। ਸੋ ਲਾਲ ਸਿੰਘ ਦਿਲ ਸਾਡੇ ਵੇਲਿਆਂ ਦਾ ਵਾਹਦ ਕਵੀ ਅਤੇ ਮਨੁੱਖ ਹੈ ਜਿਹੜਾ ਚੁੱਪ ਦੀ ਭਾਸ਼ਾ ਵਿੱਚ ਵੀ ਅਤੇ ਜਿੰਦਗੀ ਦੀ ਖਾਮੋਸ਼ੀ ਵਿੱਚ ਵੀ ਇੱਕ ਸਾਰਥਿਕ ਵਿਸਫੋਟ ਕਰਕੇ ਸਮਾਜ ਵਿੱਚ ਮਾਸੂਮ ਕਾਲ ਵਾਂਗ ਚਿੰਤਨਸ਼ੀਲ ਦੇਖਣੀ ਨਾਲ ਵਿਚਰ ਰਿਹਾ ਹੈ। ਪੁਸਤਕ ਸੂਚੀ

ਹਵਾਲੇ[ਸੋਧੋ]

1. ਐੱਸ. ਤਰਸੇਮ (ਡਾ.), ਲਾਲ ਸਿੰਘ ਦਿਲ ਸੰਕਲਪ ਤੇ ਸਮੀਖਿਆ ਪਬਲੀਕੇਸ਼ਨ ਲੋਕ-ਗੀਤ ਚੰਡੀਗੜ੍ਹ, 2006, ਪੰਨਾ-118. 2. ਉਹੀ, ਪੰਨਾ-119. 3. ਚੰਦਨ ਅਮਰਜੀਤ, ਬਹੁਤ ਸਾਰੇ ਸੂਰਜ ਲੋਕਾਇਤ ਪ੍ਰਕਾਸ਼ਨ, ਚੰਡੀਗੜ੍ਹ, 1982. 4. ਗੁਰਬਚਨ, ਸਾਹਿਤ ਦੇ ਸਿੰਕਦਰ, ਰਿਚਾ ਪਬਲਿਸ਼ਰਜ਼, ਚੰਡੀਗੜ੍ਹ, ਪੰਨਾ-144. 5. ਐੱਸ. ਤਰਸੇਮ (ਡਾ.), ਲਾਲ ਸਿੰਘ ਦਿਲ ਸੰਕਲਪ ਤੇ ਸਮੀਖਿਆ ਪਬਲੀਕੇਸ਼ਨ ਲੋਕ-ਗੀਤ ਚੰਡੀਗੜ੍ਹ, 2006.

ਅੰਗਰੇਜ਼ ਸਿੰਘ, ਐੱਮ.ਏ. ਭਾਗ ਪਹਿਲਾ, ਰੋਲ ਨੰ. 120162146, ਸੈਸ਼ਨ 2013