ਸੰਤ ਸੰਧੂ
ਸੰਤ ਸਿੰਘ ਸੰਧੂ | |
---|---|
ਸੰਤ ਸਿੰਘ ਸੰਧੂ | |
ਜਨਮ | ਸੰਤ ਸਿੰਘ 12 ਜਨਵਰੀ,1945 ਪਿੰਡ : ਤਲਵੰਡੀ ਸਲੇਮ, ਜ਼ਿਲ੍ਹਾ: ਜਲੰਧਰ |
ਕਲਮ ਨਾਮ | ਸੰਤ ਸਿੰਘ ਸੰਧੂ |
ਕਿੱਤਾ | ਖੇਤੀ |
ਰਾਸ਼ਟਰੀਅਤਾ | ਭਾਰਤੀ |
ਸ਼ੈਲੀ | ਕਵਿਤਾ |
ਵਿਸ਼ਾ | ਸਮਾਜਿਕ ਜੀਵਨ ਸ਼ੈਲੀ |
ਪ੍ਰਮੁੱਖ ਕੰਮ | ਵਿਅੰਗਾਤਮਿਕ ਕਾਲਮ (ਨਹੀਂ ਖ਼ਲਕ ਦੀ ਬੰਦ ਜ਼ੁਬਾਨ ਹੁੰਦੀ) |
ਜੀਵਨ ਸਾਥੀ | ਗੁਰਮੀਤ ਕੌਰ |
ਬੱਚੇ | ਧੀਆਂ - ਕੁਲਵਿੰਦਰ ਕੌਰ, ਸ਼ਰਨਪਾਲ ਕੌਰ ਅਤੇ ਪੁੱਤਰ - ਬਲਬੀਰ ਸਿੰਘ |
ਸੰਤ ਸਿੰਘ ਸੰਧੂ ਇੱਕ ਨਵ-ਪ੍ਰਗਤੀਸ਼ੀਲ ਜਾਂ ਜੁਝਾਰਵਾਦੀ ਪੰਜਾਬੀ ਕਵੀ ਹੈ।[1] ਇਹ ਨਕਸਲਬਾੜੀ ਕਾਵਿ-ਧਾਰਾ ਦਾ ਕਵੀ ਕਿਹਾ ਜਾ ਸਕਦਾ ਹੈ ਜੋ ਅਣਗੋਲੇ ਕਵੀਆਂ ਵਿੱਚ ਆਉਂਦਾ ਹੈ। ਸੰਤ ਸਿੰਘ ਸੰਧੂ ਨੇ ਹੁਣ ਤੱਕ ਸੱਤ ਮੌਲਿਕ ਕਾਵਿ-ਸੰਗ੍ਰਹਿ ਰਚੇ ਹਨ। 1. ਸੀਸ ਤਲ਼ੀ 'ਤੇ (1970), 2. ਬਾਂਸ ਦੀ ਅੱਗ (1988), 3. ਨੌਂ ਮਣ ਰੇਤ (2008), 4. ਨਹੀਂ ਖ਼ਲਕ ਦੀ ਬੰਦ ਜ਼ੁਬਾਨ ਹੁੰਦੀ (2009), 5. ਪੁਲ਼ ਮੋਰਾਂ (2011), 6. ਅਨੰਦਪੁਰ ਮੇਲ (2014) ਅਤੇ ਸ਼ਹੀਨ ਬਾਗ਼ (2021)
ਜੀਵਨ
[ਸੋਧੋ]ਸੰਤ ਸਿੰਘ ਸੰਧੂ ਪੰਜਾਬੀ ਦਾ ਨਾਮਵਰ ਕਵੀ ਹੈ। ਜਿਸ ਦਾ ਜਨਮ 12 ਜਨਵਰੀ, 1945 ਨੂੰ ਤਲਵੰਡੀ ਸਲੇਮ (ਜ਼ਿਲ੍ਹਾ ਜਲੰਧਰ) ਵਿਖੇ ਬਾਪੂ ਚੂਹੜ ਸਿੰਘ ਦੇ ਘਰ ਮਾਤਾ ਪ੍ਰੀਤਮ ਦੀ ਕੁੱਖੋਂ ਹੋਇਆ। ਉਨ੍ਹਾਂ ਦੇ ਦਾਦਾ ਜੀ ਦਾ ਨਾਂ ਵੀਰ ਸਿੰਘ ਹੈ। ਸੰਤ ਸਿੰਘ ਸੰਧੂ ਦਾ ਨਾਨਕਾ ਪਿੰਡ ਕੁਹਾਲਾ ਹੈ ਅਤੇ ਨਾਨੀ ਦਾ ਨਾਂ ਚੰਦ ਕੌਰ ਹੈ। ਸੰਤ ਸਿੰਘ ਸੰਧੂ ਦਾ ਵਿਆਹ ਸਿੱਧਵਾਂ ਦੋਨਾਂ ਦੇ ਵਸਨੀਕ ਨਾਜਰ ਸਿੰਘ ਤੇ ਕਰਤਾਰ ਕੌਰ ਦੀ ਪੁੱਤਰੀ ਬੀਬੀ ਗੁਰਮੀਤ ਕੌਰ ਨਾਲ਼ 1964 ਵਿੱਚ ਹੋਇਆ। ਉਨ੍ਹਾਂ ਦੀਆਂ ਦੋ ਧੀਆਂ ਕੁਲਵਿੰਦਰ ਕੌਰ ਅਤੇ ਸ਼ਰਨਪਾਲ ਕੌਰ ਹਨ ਜਦਕਿ ਇੱਕ ਪੁੱਤਰ ਬਲਬੀਰ ਸਿੰਘ ਹੈ।
ਸੰਤ ਸਿੰਘ ਸੰਧੂ ਮਾਨਵਤਾ ਦਾ ਕਵੀ ਹੈ। ਉਨ੍ਹਾਂ ਦਾ ਸਾਹਿਤਕ ਗੁਰੂ ਗਿਆਨੀ ਸੰਤਾ ਸਿੰਘ ਹੈ। ਸੰਤ ਸਿੰਘ ਸੰਧੂ ਦਾ ਕਿੱਤਾ ਖੇਤੀਬਾੜੀ ਹੈ। ਹੁਣ ਤੱਕ ਸੰਤ ਸਿੰਘ ਸੰਧੂ ਦੇ ਸੱਤ ਮੌਲਿਕ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਉਨ੍ਹਾਂ ਵੱਲੋਂ ਕੁੱਝ ਕਹਾਣੀਆਂ ਦਾ ਅਨੁਵਾਦ ਵੀ ਕੀਤਾ ਗਿਆ। ਉਨ੍ਹਾਂ ਦੇ ਦੱਸਣ ਅਨੁਸਾਰ ਉਨ੍ਹਾਂ ਨੇ ਇੱਕ ਇਕਾਂਗੀ ਵੀ ਅਨੁਵਾਦ ਕੀਤੀ ਹੈ। ਉਹ ਵੱਖ ਵੱਖ ਰਸਾਲਿਆਂ ਵਿੱਚ ਛਪਦੇ ਰਹਿੰਦੇ ਹਨ। ਉਨ੍ਹਾਂ ਦੇ ਕਈ ਕਾਲਮ ਬਹੁਤ ਮਕਬੂਲ ਹੋਏ ਜਿਨ੍ਹਾਂ ਵਿੱਚ 'ਨਹੀਂ ਖ਼ਲਕ ਦੀ ਬੰਦ ਜ਼ੁਬਾਨ ਹੁੰਦੀ' ਇੱਕ ਹੈ। ਸੰਤ ਸਿੰਘ ਸੰਧੂ ਦੀ ਮਨਪਸੰਦ ਪੁਸਤਕ ਹੀਰ (ਵਾਰਿਸ ਸ਼ਾਹ) ਹੈ।
ਕਾਵਿ-ਪੁਸਤਕਾਂ
[ਸੋਧੋ]- ਸੀਸ ਤਲੀ ‘ਤੇ (1970)
- ਬਾਂਸ ਦੀ ਅੱਗ (1988)
- ਨੌਂ ਮਣ ਰੇਤ (2008)
- ਨਹੀਂ ਖ਼ਲਕ ਦੀ ਬੰਦ ਜ਼ੁਬਾਨ ਹੁੰਦੀ (2009)
- ਪੁਲ਼ ਮੋਰਾਂ (2011)
- ਅਨੰਦਪੁਰ ਮੇਲ (2014)
- ਸ਼ਾਹੀਨ ਬਾਗ਼ (2021)
ਕਾਵਿ ਨਮੂਨੇ
[ਸੋਧੋ]ਨਕਸਲਬਾੜੀ ਲਹਿਰ ਬਾਰੇ ਲਿਖੇ ਦੋ ਕਾਵਿ-ਸੰਗ੍ਰਹਿਾਂ ਵਿਚੋਂ ਸੀਸ ਤਲੀ ਤੇ ਕਾਵਿ-ਸੰਗ੍ਰਹਿ 'ਚੋਂ ਲਈਆਂ ਕਾਵਿ ਸਤਰ੍ਹਾਂ ਹਨ;
ਘਰਾਂ ਤੋਂ ਬਾਹਰ ਆਓ।
ਦਰਾਂ ਤੋਂ ਬਾਹਰ ਆਓ।
ਬਿਸਤਰਿਆਂ ਨੂੰ ਝਾੜ ਆਓ।
ਧਰਤੀ ਦੇਖੋ
ਅਸਮਾਨ ਦੇਖੋ
ਲਾਲੀ ਦੇ ਭਾਅ ਗਗਨ ਹੈ
ਧਰਤੀ ਦੇ ਮੁਖ ਤੇ ਬਸੰਤੀ ਡਲ੍ਹਕ ਹੈ।
ਇਹ ਕੇਹਾ ਸ਼ਗਨ ਹੈ
ਰੰਗ ਬਸੰਤੀ ਤੇ ਲਾਲ ਰੰਗ!
ਬਾਕੀ ਦੋ ਕਾਵਿ-ਸੰਗ੍ਰਹਿ ਨਕਸਲਬਾੜੀ ਲਹਿਰ ਦੇ ਪ੍ਰਭਾਵ ਤੋਂ ਵੱਖਰੀ ਕਿਸਮ ਦੇ ਹਨ ਜੋ ਪੰਜਾਬ ਸਮਾਜਕ,ਸਭਿਆਚਾਰਕ ਅਤੇ ਰਾਜਨੀਤਿਕ ਹਾਲਤਾਂ ਨੂੰ ਬਿਆਨ ਕੀਤਾ ਹੈ। ਨੋ ਮਣ ਰੇਤ ਵਿਚੋ ਲਈਆਂ ਗਈਆਂ ਕਾਵਿ-ਸਤਰ੍ਹਾਂ;
ਚਹੁੰ ਕੁੰਟਾਂ ਦੀ ਹੋਵੇ ਸੈਰ,
ਨਾ ਦੁਸ਼ਮਣੀ ਨਾ ਕੋਈ ਵੈਰ,
ਕਿਦਰੇ ਕੋਈ ਨਾ ਹੋਵੇ ਗੈਰ,
ਮਰਦਾਨੇ ਦੀ ਸੁਣੋ ਰਬਾਬ,
ਮੁੜ ਜੀਵੇ ਮੇਰਾ ਪੰਜਾਬ।
ਨੌਂ ਮਣ ਰੇਤ ਭਿੱਜ ਗਈ ਕਵਿਤਾ ਵਿੱਚ ਪਾਸ਼ ਦੇ ਕਤਲ ਤੋਂ ਉਪਜੇ ਦਰਦ ਅਤੇ ਰੋਹ ਦੀ ਗੱਲ ਕੀਤੀ ਗਈ ਹੈ।
ਨੌਂ ਮਣ ਰੇਤ ਭਿੱਜ ਗਈ,
ਨਾਲੇ ਭਿੱਜੀਆਂ ਇਲਮ ਕਿਤਾਬਾਂ...
ਇੱਕ ਬੱਕੀ ਦੀ ਕਾਠੀ ਭਿੱਜ ਗਈ,
ਭਿੱਜ ਗਈ ਸਣੇ ਰਿਕਾਬਾਂ...
ਇੱਕ ਸਾਹਿਬਾਂ ਦਾ ਚੂੜਾ ਭਿੱਜਿਆ,
ਭਿੱਜਿਆ ਸਣੇ ਖੁਆਬਾਂ...
ਇਕ ਚਿੜੀਆਂ ਦਾ ਚੰਬਾ ਭਿੱਜਿਆ,
ਭਿੱਜਿਆ ਸਣੇ ਮੁਰਾਦਾਂ...
ਕੋਈ ਬਾਗਾਂ ਦੇ ਬੂਟੇ ਭਿੱਜ ਗਏ,
ਭਿੱਜ ਗਏ ਸਣੇ ਦਾਬਾਂ...
ਬਾਲਾ ਤੇ ਮਰਦਾਨਾ ਭਿੱਜ ਗਏ,
ਭਿੱਜ ਗਏ ਸਣੇ ਰਬਾਬਾਂ...…
ਨਾ ਹੋਣੀ ਨੇ ਦੁੱਲਾ ਮਾਰਿਆ,
ਸਾਜ਼ਿਸ਼ ਘੜੀ ਨਵਾਬਾਂ...
ਉੱਤੇ ਤਰੇਲੇ ਰੁੱਖ ਰੋਂਦੇ ਨੇ,
ਥੱਲੇ ਰੋਂਦੀਆਂ ਢਾਬਾਂ...
ਸੀਨੇ ਵਿਚੋਂ ਸੇਕ ਉੱਭਰਦਾ,
ਪੈਰਾਂ ਹੇਠ ਮਤਾਬਾਂ...
ਬਈ ਰੋਣਾ ਮਿੱਤਰਾਂ ਦਾ,
ਰੋਣਾ ਬੇ ਹਿਸਾਬਾ...[2]
ਹਵਾਲੇ
[ਸੋਧੋ]- ↑ Service, Tribune News. "Lyallpur Khalsa College holds kavi darbar on 'Kisan Andolan'". Tribuneindia News Service (in ਅੰਗਰੇਜ਼ੀ). Archived from the original on 2022-10-16. Retrieved 2021-03-24.
- ↑ ਸੰਤ ਸਿੰਘ ਸੰਧੂ, Tribune News. "ਨੌਂ ਮਣ ਰੇਤ". Tribuneindia News Service. Retrieved 2021-03-24.