ਅਡੋਨਿਸ
ਅਡੋਨਿਸ أدونيس | |
---|---|
ਜਨਮ | ਅਲੀ ਅਹਿਮਦ ਸਈਦ ਅਸਬਰ 1 ਜਨਵਰੀ 1930 ਅਲ ਕਾਸਾਬਿਨ, ਲਤਾਕੀਆ, ਫਰਾਂਸੀਸੀ ਸੀਰੀਆ |
ਕਲਮ ਨਾਮ | ਅਡੋਨਿਸ |
ਕਿੱਤਾ | ਲੇਖਕ |
ਭਾਸ਼ਾ | ਅਰਬੀ |
ਰਾਸ਼ਟਰੀਅਤਾ | ਸੀਰੀਆਈ |
ਕਾਲ | 20ਵੀਂ ਸਦੀ ਦਾ ਮਗਰਲਾ ਅਧ[1] |
ਸ਼ੈਲੀ | ਨਿਬੰਧ, ਕਵਿਤਾ |
ਸਾਹਿਤਕ ਲਹਿਰ | ਆਧੁਨਿਕਵਾਦ[1] |
ਪ੍ਰਮੁੱਖ ਅਵਾਰਡ | Bjørnson Prize 2007 ਗੇਟੇ ਇਨਾਮ 2011 |
ਅਲੀ ਅਹਿਮਦ ਸਈਦ ਅਸਬਰ (Arabic: علي أحمد سعيد إسبر; transliterated: ਅਲੀ ਅਹਿਮਦੀ ਸਈਦ ਅਸਬਾਰ ਜਾਂ ਅਲੀ ਅਹਿਮਦ ਸਈਦ; ਜਨਮ 1 ਜਨਵਰੀ 1930), ਕਲਮੀ ਨਾਮ ਅਡੋਨਿਸ ਜਾਂ ਅਡੂਨਿਸ (ਅਰਬੀ: أدونيس), ਸੀਰੀਆ ਦਾ ਇੱਕ ਕਵੀ, ਨਿਬੰਧਕਾਰ ਅਤੇ ਅਨੁਵਾਦਕ ਹੈ। ਉਸ ਨੇ ਕਵਿਤਾ ਦੀਆਂ ਵੀਹ ਤੋਂ ਵੱਧ ਕਿਤਾਬਾਂ ਸਾਹਿਤਕ ਅਰਬੀ ਭਾਸ਼ਾ ਵਿੱਚ ਲਿਖੀਆਂ ਹਨ ਅਤੇ ਹੋਰ ਅਨੇਕਾਂ ਲਿਖਤਾਂ ਦਾ ਫਰਾਂਸੀਸੀ ਤੋਂ ਅਨੁਵਾਦ ਕੀਤਾ ਹੈ। ਸਾਹਿਤ ਲਈ 2011 ਦੇ ਸੰਸਾਰ ਪਧਰ ਦੇ ਗੇਟੇ ਪੁਰਸਕਾਰ ਪ੍ਰਾਪਤ ਕਰਨ ਵਾਲੇ ਅਡੋਨਿਸ ਪਹਿਲੇ ਅਰਬੀ ਲੇਖਕ ਹਨ।[2]
ਜੀਵਨ ਬਿਓਰਾ
[ਸੋਧੋ]ਅਦੂਨੀਸ ਦਾ ਪੂਰਾ ਨਾਂ ਅਲੀ ਅਹਿਮਦ ਸਈਦ ਹੈ। ਉਹ ਦਾ ਜਨਮ 1930 ਵਿੱਚ ਉੱਤਰੀ ਸੀਰੀਆ ਦੇ ਇਲਾਕੇ ਲਤਾਕੀਆ ਦੇ ਇੱਕ ਛੋਟੇ ਜਿਹੇ ਪਿੰਡ ਅਲ-ਕਾਸਾਬਿਨ ਵਿੱਚ ਹੋਇਆ। ਇੱਕ ਨਦੀ ਪਾਰ ਕਰਕੇ ਉਹ ਸਕੂਲ ਪੜ੍ਹਨ ਜਾਂਦਾ ਅਤੇ ਨਾਲ-ਨਾਲ ਖੇਤੀਬਾੜੀ ਦੇ ਕੰਮ ਵੀ ਕਰਦਾ। ਉਹਦਾ ਪਰਿਵਾਰ ਬਿਲਕੁਲ ਸਾਧਾਰਨ ਦਰਜੇ ਦਾ ਸੀ। ਉਹਨਾਂ ਦਾ ਘਰ ਮਿੱਟੀ ਅਤੇ ਪੱਥਰਾਂ ਦਾ ਬਣਿਆ ਹੋਇਆ ਸੀ, ਜੋ ਬਾਰਸ਼ਾਂ ਵਿੱਚ ਚੋਣ ਲਗਦਾ। ਉਹ ਦੇ ਪਿਤਾ ਨੂੰ ਅਰਬੀ ਸਾਹਿਤ ਬਾਰੇ ਭਰਪੂਰ ਵਾਕਫੀਅਤ ਸੀ। ਉਹਨਾਂ ਨੇ ਬਚਪਨ ਵਿੱਚ ਹੀ ਅਦੂਨੀਸ ਨੂੰ ਬਹੁਤ ਸਾਰੀਆਂ ਕਵਿਤਾਵਾਂ ਜ਼ਬਾਨੀ ਯਾਦ ਕਰਵਾ ਦਿੱਤੀਆਂ। ਨਤੀਜਾ ਇਹ ਨਿਕਲਿਆ ਕਿ ਛੋਟੀ ਉਮਰੇ ਹੀ ਉਹ ਆਪ ਕਵਿਤਾਵਾਂ ਜੋੜਨ ਲੱਗਾ।
1947 ਵਿੱਚ ਇੱਕ ਵਾਰ ਸੀਰੀਆ ਦੇ ਪਹਿਲੇ ਰਾਸ਼ਟਰਪਤੀ ਉਹਨਾਂ ਦੇ ਇਲਾਕੇ ਵਿੱਚ ਆਏ। ਉਦੋਂ ਅਜੇ ਸੀਰੀਆ ਫਰਾਂਸੀਸੀ ਬਸਤੀਵਾਦੀ ਹਾਕਮਾਂ ਦੇ ਚੁੰਗਲ ਵਿੱਚੋਂ ਨਵਾਂ-ਨਵਾਂ ਆਜ਼ਾਦ ਹੋਇਆ ਸੀ। ਅਦੂਨੀਸ ਨੇ ਰਾਸ਼ਟਰਪਤੀ ਦੇ ਸਤਿਕਾਰ ਵਿੱਚ ਇੱਕ ਕਵਿਤਾ ਸੁਣਾਈ। ਉਹਨਾਂ ਖ਼ੁਸ਼ ਹੋ ਕੇ ਉਹ ਦਾ ਵਜ਼ੀਫ਼ਾ ਲਾ ਦਿੱਤਾ। ਇਸ ਤਰ੍ਹਾਂ ਉਹ ਅੱਗੋਂ ਪੜ੍ਹਨ ਲਈ ਤਾਰਤੂਸ ਚਲਾ ਗਿਆ ਤੇ ਕੁਝ ਵਰ੍ਹਿਆਂ ਬਾਅਦ ਦਮਿਸ਼ਕ ਚਲਾ ਗਿਆ। ਦਮਿਸ਼ਕ ਵਿੱਚ ਰਹਿੰਦਿਆਂ ਉਹ ਦਾ ਵਾਹ ਆਧੁਨਿਕ ਵਿਚਾਰਾਂ ਅਤੇ ਸਾਹਿਤ ਨਾਲ ਪਿਆ। ਉੱਥੇ ਹੀ ਉਹ ਨੂੰ ਉਸ ਸਮੇਂ ਦੇ ਪ੍ਰਸਿੱਧ ਲੇਖਕਾਂ ਅਤੇ ਆਲੋਚਕਾਂ ਦੀ ਸੰਗਤ ਮਿਲੀ। ਜਲਦੀ ਹੀ ਉਹਦੀਆਂ ਕਵਿਤਾਵਾਂ ਛਪਣ ਲੱਗੀਆਂ ਤੇ ਉਹਨਾਂ ਦੀ ਚਰਚਾ ਹੋਣ ਲੱਗੀ। ਇਸੇ ਸਮੇਂ ਦੌਰਾਨ ਉਹ ਦੇ ਅੰਦਰ ਪਰੰਪਰਾਵਾਦੀ ਅਰਬੀ ਕਵਿਤਾ ਪ੍ਰਤੀ ਮੋਹ ਟੁੱਟਣ ਲੱਗਾ। ਉਹ ਅਰਬੀ ਸੱਭਿਆਚਾਰ ਵਿੱਚ ਪਰੰਪਰਾ ਦੀ ਪ੍ਰਵਿਰਤੀ ਅਤੇ ਕਵਿਤਾ ਵਿੱਚ ਤਰਬ (ਗਾਇਨ) ਦੇ ਬੋਲਬਾਲੇ ਖ਼ਿਲਾਫ਼ ਆਵਾਜ਼ ਚੁੱਕਣ ਵਾਲਿਆਂ ਦਾ ਮੋਹਰੀ ਬਣ ਗਿਆ। ਹੁਣ ਉਹ ਇੱਕ ਆਲੋਚਕ ਵਜੋਂ ਵੀ ਪ੍ਰਸਿੱਧੀ ਖੱਟਣ ਲੱਗਾ।
1955 ਵਿੱਚ ਸੀਰੀਆ ਸੋਸ਼ਲ ਨੈਸ਼ਲਿਸਟ ਪਾਰਟੀ ਦਾ ਮੈਂਬਰ ਹੋਣ ਕਰਕੇ ਰਾਜਨੀਤਕ ਕਾਰਨਾਂ ਕਰਕੇ ਉਹ ਨੂੰ ਕੈਦ ਕਰ ਲਿਆ ਗਿਆ ਤੇ ਛੇ ਮਹੀਨੇ ਤੱਕ ਜੇਲ੍ਹ ਵਿੱਚ ਡੱਕੀ ਰੱਖਿਆ। 1956 ਵਿੱਚ ਜੇਲ੍ਹੋਂ ਰਿਹਾਈ ਤੋਂ ਬਾਅਦ ਉਹ ਨੇ ਲਿਬਨਾਨ ਦੀ ਨਾਗਰਿਕਤਾ ਲੈ ਲਈ ਤੇ ਰਾਜਧਾਨੀ ਬੈਰੂਤ ਵਿੱਚ ਵਸ ਗਿਆ। 1957 ਵਿੱਚ ਉਹ ਨੇ ਯੂਸਫ ਅਲ-ਖ਼ਾਲ ਨਾਲ ਮਿਲ ਕੇ ‘ਅਲ-ਸ਼ਿਰ’ (ਕਵਿਤਾ) ਨਾਂ ਦਾ ਰਸਾਲਾ ਕੱਢਿਆ, ਜੋ ਇਨਕਲਾਬੀ ਵਿਚਾਰਧਾਰਾ ਨਾਲ ਤੁਅੱਲਕ ਰੱਖਦਾ ਸੀ। ਇਸ ਰਸਾਲੇ ਦੀ ਆਮਦ ਨਾਲ ਅਰਬੀ ਸਾਹਿਤਕ ਜਗਤ ਵਿੱਚ ਬੜਾ ਹੰਗਾਮਾ ਮਚਿਆ ਜੋ ਅਜੇ ਤੱਕ ਜਾਰੀ ਹੈ। 1964 ਵਿੱਚ ਇਸ ਰਸਾਲੇ ‘ਤੇ ਪਾਬੰਦੀ ਲਾ ਕੇ ਇਸ ਨੂੰ ਜ਼ਬਤ ਕਰ ਲਿਆ ਗਿਆ। ਜਦੋਂ 1967 ਵਿੱਚ ਇਹ ਦੁਆਰਾ ਆਰੰਭ ਹੋਇਆ ਤਾਂ ਅਦੂਨੀਸ ਨੇ ਇਹ ਦੇ ਨਾਲੋਂ ਆਪਣਾ ਨਾਤਾ ਤੋੜ ਲਿਆ। ਲੈਬਨਾਨ ਨਿਵਾਸ ਦੌਰਾਨ ਹੀ ਉਹ ਨੇ ਅਰਬੀ ਕੌਮੀ ਭਾਵਨਾਵਾਂ ਦੇ ਪ੍ਰਗਟਾਵੇ ਲਈ ਰੋਜ਼ਾਨਾ ਅਖ਼ਬਾਰ ਲਿਸਾਨ ਅਲ-ਹਾਲ ਨੂੰ ਸਾਧਨ ਬਣਾਇਆ। 1968 ਵਿੱਚ ਉਹ ਨੇ ਇੱਕ ਹੋਰ ਰਿਸਾਲਾ ਕੱਢਿਆ ਜਿਸ ਦਾ ਨਾਂ ਸੀ ‘ਮਾਵਾਕਿਫ਼’। ਇਹ ਦੇ ਵਿੱਚ ਉਹ ਨੇ ਕਵਿਤਾ ਦੇ ਸੰਦਰਭ ਵਿੱਚ ਨਵੇਂ-ਨਵੇਂ ਪ੍ਰਯੋਗ ਕੀਤੇ। ਉਹ ਨੇ ਨਵ-ਸੂਫੀਵਾਦ ਨੂੰ ਆਧੁਨਿਕ ਕਵਿਤਾ ਵਿੱਚ ਪੇਸ਼ ਕੀਤਾ। ਇਹ ਰਸਾਲਾ 1970 ਤੱਕ ਨਿਕਲਦਾ ਰਿਹਾ।
1960-61 ਵਿੱਚ ਉਹ ਨੂੰ ਇੱਕ ਅਧਿਐਨ ਸਕਾਲਰਸ਼ਿਪ ਮਿਲ ਗਈ, ਜਿਸ ਅਧੀਨ ਸਾਹਿਤ ਦਾ ਉਚੇਰਾ ਅਧਿਐਨ ਕਰਨ ਲਈ ਉਹ ਪੈਰਿਸ ਚਲਾ ਗਿਆ ਤੇ ਕਈ ਵਰ੍ਹੇ ਉੱਥੇ ਰਿਹਾ। 1976 ਵਿੱਚ ਉਹ ਦਮਿਸ਼ਕ ਯੂਨੀਵਰਸਿਟੀ ਵਿੱਚ ਮਹਿਮਾਨ ਪ੍ਰੋਫੈਸਰ ਦੇ ਤੌਰ ‘ਤੇ ਰਿਹਾ। 1980 ਵਿੱਚ ਲੈਬਨਾਨ ਵਿੱਚ ਸ਼ੁਰੂ ਹੋਈ ਸਿਵਲ ਵਾਰ ਵੇਲੇ ਉਥੋਂ ਦੌੜ ਕੇ ਪੈਰਿਸ ਚਲਾ ਗਿਆ। 1980-81 ਵਿੱਚ ਉਹ ਪੈਰਿਸ ਦੀ ਸੌਰਬੋਨ ਯੂਨੀਵਰਸਿਟੀ ਵਿੱਚ ਅਰਬੀ ਸਾਹਿਤ ਦਾ ਪ੍ਰੋਫੈਸਰ ਰਿਹਾ। ਲੰਬੇ ਅਰਸੇ ਤੱਕ ਉਹ ਲੈਬਨਾਨ ਯੂਨੀਵਰਸਿਟੀ ਵਿੱਚ ਅਰਬੀ ਭਾਸ਼ਾ ਤੇ ਸਾਹਿਤ ਦਾ ਪ੍ਰੋਫੈਸਰ ਰਿਹਾ। 1985 ਵਿੱਚ ਉਹ ਪੱਕੇ ਤੌਰ ‘ਤੇ ਪੈਰਿਸ ਵਸ ਗਿਆ।
ਅਡੋਨਿਸ ਅਤੇ ਕਵਿਤਾ
[ਸੋਧੋ]ਉਹ ਦੀ ਸਭ ਤੋਂ ਪ੍ਰਸਿੱਧ ਰਚਨਾ ‘ਮਿਹਾਰ ਦਮਿਸ਼ਕੀ ਦੇ ਗੀਤ’ ਹੈ, ਜੋ 1961 ਵਿੱਚ ਛਪੀ ਸੀ। ਅਰਬੀ ਕਾਵਿ ਭਾਸ਼ਾ ਦੇ ਨਿਰਮਾਣ ਵਿੱਚ ਉਹ ਦਾ ਯੋਗਦਾਨ ਬੜਾ ਕੀਮਤੀ ਹੈ। ਪੁਰਾਤਨ ਅਰਬੀ ਕਵਿਤਾ ਦੀ ਪੁਣਛਾਣ ਤੇ ਪੁਰਾਣੇ ਅਰਬੀ ਰਹੱਸਵਾਦ ਤੇ ਸੂਫੀਵਾਦ ਨੂੰ ਉਹ ਨੇ ਬੜੀ ਸ਼ਿੱਦਤ ਨਾਲ ਪੇਸ਼ ਕੀਤਾ ਹੈ। ਉਸਦੀ ਨਵੀਂ ਕਿਤਾਬ 1995 ਵਿੱਚ ਛਪੀ ਸੀ, ਜਿਸ ਦਾ ਨਾਂ ਹੈ ‘ਅਲ-ਕਿਤਾਬ’। ਇਸ ਦੇ ਹਿੱਸੇ ਹੋਰ ਛੱਪ ਚੁੱਕੇ ਹਨ। ਇਸ ਦੇ ਕੇਂਦਰ ਵਿੱਚ ਅਰਬੀ ਦੇ ਮਹਾਨ ਕਲਾਸੀਕਲ ਲੇਖਕ ਅਲ-ਮੁਤਨਬੀ ਦੀ ਜ਼ਿੰਦਗੀ ਅਤੇ ਵਿਚਾਰਧਾਰਾ ਪਈ ਹੈ। ਅੱਜ ਉਹ ਨੂੰ ਅਰਬੀ ਪਰੰਪਰਾ ਦਾ ਵਿਸ਼ਵਕੋਸ਼ ਕਿਹਾ ਜਾਂਦਾ ਹੈ। ਉਹ ਨੇ ਜਿਸ ਤਰ੍ਹਾਂ ਦੀ ਵਾਰਤਕਨੁਮਾ ਕਵਿਤਾ ਦੀ ਨੀਂਹ ਰੱਖੀ ਉਸ ਨੂੰ ‘ਕਸੀਦਾਤ ਅਲ-ਨਾਥਾਰ’ (ਵਾਰਤਕ ਕਵਿਤਾ) ਕਿਹਾ ਜਾਂਦਾ ਹੈ। ਉਸ ਨੂੰ ਇਹਦਾ ਜਨਮਦਾਤਾ ਮੰਨਿਆ ਜਾਂਦਾ ਹੈ। ਉਸ ਦੀ ਇਸ ਸ਼ੈਲੀ ਨੇ ਬਾਅਦ ਦੇ ਨੌਜਵਾਨ ਕਵੀਆਂ ਨੂੰ ਬੜਾ ਪ੍ਰਭਾਵਤ ਕੀਤਾ।
ਉਹ ਦੀ ਇੱਕ ਹੋਰ ਪ੍ਰਸਿੱਧ ਰਚਨਾ ਬਸ਼ਰ ਅਲ-ਅਸਦ ਉਹ ਲੰਬਾ ਖ਼ਤ ਹੈ, ਜਿਹੜਾ ਲੈਬਨਾਨ ਦੇ ਰੋਜ਼ਾਨਾ ਅਖ਼ਬਾਰ ‘ਅਸ-ਸਫੀਰ’ ਵਿੱਚ ਛਪਿਆ ਸੀ। ਇਹ ਆਪਣੀ ਭਾਸ਼ਾ ਅਤੇ ਸੁਰ ਪੱਖੋਂ ਉਹ ਦੇ ਇਨਕਲਾਬੀ ਵਿਚਾਰਾਂ ਨੂੰ ਪ੍ਰਗਟਾਉਂਦਾ ਹੈ। ਇਹ ਖ਼ਤ ਉਹ ਨੇ ਉਦੋਂ ਲਿਖਿਆ ਸੀ, ਜਦੋਂ ਹਕੂਮਤ ਨੇ 1400 ਤੋਂ ਵਧੇਰੇ ਸ਼ਹਿਰੀ ਸੀਰੀਅਨਾਂ ਨੂੰ ਫਾਹੇ ਲਾ ਦਿੱਤਾ ਸੀ। ਇਸੇ ਸਮੇਂ ਹੀ ਕਿਸ਼ੋਰ ਹਮਜ਼ਾ ਅਲ-ਖਾਤਿਬ ਨੂੰ ਵੀ ਹਕੂਮਤ ਨੇ ਤਸੀਹੇ ਦੇ ਕੇ ਮਾਰ ਦਿੱਤਾ ਸੀ, ਜਿਸ ਦੀ ਦੇਹ ਹਕੂਮਤੀ ਤਸੀਹਿਆਂ ਦਾ ਇੱਕ ਸ਼ਕਤੀਸ਼ਾਲੀ ਚਿਹਨ ਬਣ ਗਈ ਸੀ। ਇਸ ਦੇ ਬਾਵਜੂਦ ਹਕੂਮਤ ਆਪਣੇ ਉਹਨਾਂ ਕਾਰਿਆਂ ਵਿੱਚ ਲੱਗੀ ਰਹੀ, ਜੋ ਦੇਸ਼ ਲਈ ਘਾਤਕ ਸਨ। ਜਦੋਂ 1979 ਵਿੱਚ ਇਰਾਨ ਵਿੱਚ ਕ੍ਰਾਂਤੀ ਹੋਈ, ਤਦੋਂ ਉਹ ਨੇ ਖੱਬੇ ਪੱਖੀਆਂ, ਜਿਹਨਾਂ ਵਿੱਚ ਪ੍ਰਸਿੱਧ ਚਿੰਤਕ ਮਿਸ਼ੈਲ ਫੂਕੋ ਵੀ ਸ਼ਾਮਲ ਸੀ। ਨਾਲ ਮਿਲ ਕੇ ਇਸ ਨੂੰ ਸਲਾਹਿਆ ਸੀ, ਪਰ ਬਾਥ ਪਾਰਟੀ ਅਤੇ ਹਕੂਮਤ ਦੀਆਂ ਨਜ਼ਰਾਂ ਵਿੱਚ ਉਹ ਹਮੇਸ਼ਾ ਰੜਕਦਾ ਰਿਹਾ। ਉਹ ਦੇ ਇਨਕਲਾਬੀ ਵਿਚਾਰਾਂ ਅਤੇ ਆਧੁਨਿਕਤਾ ਦਾ ਹਰਕਾਰਾ ਹੋਣ ਦੇ ਨਾਤੇ ਬਗਦਾਦ ਦੀਆਂ ਲਾਇਬਰੇਰੀਆਂ ਵਿੱਚ ਉਹਦੀਆਂ ਕਿਤਾਬਾਂ ਨੂੰ ਬਲੈਕ ਲਿਸਟ ਕੀਤਾ ਗਿਆ। ਪਰ ਇਸ ਦੇ ਬਾਵਜੂਦ ਰੋਜ਼ਾਨਾ ‘ਪੈਨ ਅਰਬ’ ਅਖ਼ਬਾਰ ਵਿੱਚ ਉਹਦਾ ਕਾਲਮ ਦੋ ਦਹਾਕਿਆਂ ਤੋਂ ਵਧੇਰੇ ਸਮਾਂ ਚਲਦਾ ਰਿਹਾ, ਜਿਸ ਨੇ ਅਰਬੀ ਅਵਾਮ ਨੂੰ ਤਬਦੀਲ ਕਰਨ ਵਿੱਚ ਵੱਡਾ ਹਿੱਸਾ ਪਾਇਆ।
ਕਾਵਿ ਨਮੂਨਾ
[ਸੋਧੋ]ਵੀਹਵੀਂ ਸਦੀ ਦੇ ਲਈ ਇੱਕ ਸ਼ੀਸ਼ਾ (ਅਡੋਨਿਸ ਦੀ ਇੱਕ ਅਰਬੀ ਕਵਿਤਾ ਦੇ ਅੰਗਰੇਜ਼ੀ ਅਨੁਵਾਦ ਦਾ ਪੰਜਾਬੀ ਅਨੁਵਾਦ)
ਇੱਕ ਬੱਚੇ ਦਾ ਚਿਹਰੇ ਪਹਿਨੇ
ਇੱਕ ਤਾਬੂਤ ਹੈ,
ਇੱਕ ਕਾਂ ਦੀਆਂ ਆਂਦਰਾਂ ਦੇ ਅੰਦਰ ਲਿਖੀ
ਇੱਕ ਕਿਤਾਬ ਹੈ,
ਫੁੱਲ ਲਈਂ ਬੋਝਲ ਕਦਮੀਂ ਅੱਗੇ ਵਧ ਰਿਹਾ
ਇੱਕ ਜਾਨਵਰ ਹੈ,
ਇੱਕ ਪਾਗਲ ਆਦਮੀ ਦੇ ਫੇਫੜਿਆਂ ਅੰਦਰ ਸਹਿਕ ਰਿਹਾ
ਇੱਕ ਪੱਥਰ ਹੈ।
ਇਹ ਹੈ,
ਇਹ ਵੀਹਵੀਂ ਸਦੀ ਹੈ।
ਕੁਝ ਹੋਰ ਕਵਿਤਾਵਾਂ
[ਸੋਧੋ](1)
ਮੇਰੀ ਦੇਹ ਪ੍ਰਤੀਕਾਂ ਦਾ ਇੱਕ ਜੰਗਲ
ਮੇਰੇ ਸ਼ੰਕਿਆਂ ਨਾਲ ਉਕਰੀਆਂ ਪੈੜਾਂ
ਇਕ ਲੰਬੀ ਪੈੜ ਚਾਲ ਸ਼ਾਹਰਾਹ
ਰਹੱਸ ਭਰਿਆ ਇੱਕ ਚਿਤਕਬਰਾਪਨ…
(2)
ਦੇਹ ਦੇ ਅੰਦਰ
ਮਟਰਗਸ਼ਤੀ ਕਰਦੀ ਹੈ ਕਵਿਤਾ
ਥੱਕ ਟੁੱਟ ਕੇ ਕਰਦੀ ਹੈ ਆਰਾਮ
ਕੰਠ ਵਿੱਚੋਂ ਲੇਖਕ
ਲੱਭਦੇ ਨੇ ਬਾਣੀ
ਜਦੋਂ ਕਿ ਕਵੀਆਂ ਨੂੰ ਮਿਲਦੇ ਨੇ ਕਸ਼ਟ
ਤੇ ਮਿਲਦਾ ਹੈ ਨਾਲ ਹੀ ਇੱਕ ਨਸ਼ੀਲਾ ਅਨੰਦ
(3)
ਖੇਡਦੀ ਨਹੀਂ ਹੈ ਰੌਸ਼ਨੀ
ਆਪਣੇ ਰਹੱਸ ਨਾਲ
ਘੁੱਲ ਮਿਲ ਜਾਂਦੇ ਨੇ
ਉਹਦੇ ਰਹੱਸ
ਆਪਣੇ ਹੀ ਇੱਕ ਕਿਰਨ ਕਣ ‘ਚ
(4)
ਸਾਹਾਂ ‘ਚ ਹੈ ਸਾਡੇ ਵਡੇਰਿਆਂ ਦੀ
ਇਕ ਬਾਰਸ਼ ਦਾ ਤੂਫ਼ਾਨ
ਇਕ ਧੁੰਦਲੀ ਫੁਹਾਰ
ਕਦਮਾਂ ‘ਚ ਹਨ ਸਾਡੇ
ਵਿਸ਼ਾਲ ਚਰਾਗਾਹਾਂ
(5)
ਬੰਦ ਕਰੋ ਆਪਣੀਆਂ ਅੱਖਾਂ
ਤਾਂ ਕਿ ਦੇਖ ਸਕੋ
ਸੁਪਨਿਆਂ ਵਿੱਚ ਯਥਾਰਥ ਦਾ ਚਿਹਰਾ
ਜੋ ਬਹੁਤ ਪਹਿਲਾਂ ਤੋਂ ਚੁੱਕਿਐ ਨਿਰਜੀਵ
(6)
ਬੱਦਲ ਰੁਕ ਗਿਆ ਹੈ
ਸੋਗ ‘ਚ ਡੁੱਬੇ ਇੱਕ ਖੇਤ ‘ਤੇ
ਖੇਤ ਨੇ ਚਿੜੀਆਂ ਨੂੰ
ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ
ਆਪਣੀਆਂ ਕਵਿਤਾਵਾਂ
(7)
ਓ! ਪ੍ਰਭਾਤਾਂ ਦੀ ਸਵੇਰ
ਕਦ ਦਏਂਗੀ ਮੈਨੂੰ
ਉਹ ਸਿਆਹੀ
ਕਿ ਜਿਸ ਨਾਲ ਲਿਖੀ ਗਈ ਹੈ- ਮੇਰੀ ਰਾਤ
(8)
ਦੁਨੀਆ ਕਹਿੰਦੀ ਹੈ ਜਿਸ ਨੂੰ
ਬੁੱਧ ਵਿਵੇਕ
ਮੈਂ ਕਹਿਨਾ ਉਹ ਨੂੰ
ਪਾਸਾ ਇੱਕ ਸੁਟਿਆ ਹੋਇਆ
(9)
ਚਲੀ ਜਾਂਦੀ ਹੈ ਰੌਸ਼ਨੀ
ਆਪਣੇ ਤੋਂ ਬਾਹਰ
ਕਰਨ ਲਈ ਸਾਹਮਣਾ
ਆਪਣੇ ਪ੍ਰੇਤ ਦਾ
(10)
ਤਾੜ ਦਾ ਰੁੱਖ ਸੁਣਦਾ ਹੈ ਧਿਆਨ ਨਾਲ
ਮੇਰੀਆਂ ਗੱਲਾਂ
ਮੇਰੇ ਮਾਂ ਪਿਓ ਦੀਆਂ ਯਾਦਾਂ
ਤੇ ਸਭ ਕੁਝ ਹੈ ਸਮਝ ਜਾਂਦਾ
(11)
ਮੈਂ ਕਹਿਣਾ ਪਿਆਰ ਹੈ ਇਸ ਧਰਤ ਦੀ ਸ਼ਰਾਬ
ਬੋਤਲ ਹੈ ਇਹ ਦੁਨੀਆ
ਵਕਤ ਹੈ ਇਹਦਾ ਗਿਲਾਸ
(12)
ਕੂਫ਼ਾ ਉਪਰ ਛਾਏ ਇਹ ਬੱਦਲ
ਗਰੀਬਾਂ ਦੀਆਂ ਆਹਾਂ ਹਨ
ਇਹ ਚਮਕੀਲੀਆਂ ਬੰੂਦਾਂ
ਇਹ ਪਾਕ ਸਾਫ਼ ਪਾਣੀ
(13)
ਸੱਚ ਹੈ ਇੱਕ ਅਜਿਹਾ ਘਰ
ਜਿਸ ਵਿੱਚ ਨਹੀਂ ਕੋਈ ਰਹਿੰਦਾ
ਨਾਂ ਗੁਆਂਢੀ ਕੋਈ ਨਾ ਮਹਿਮਾਨ
(14)
ਰੌਸ਼ਨੀ ਨੂੰ ਪੁੱਛੋ
ਉਹ ਨਹੀਂ ਦੱਸ ਸਕੇਗੀ
ਕਿ ਕਿਥੇ ਹੈ ਉਹ ਜਾ ਰਹੀ
ਜਾਂ ਕਿਥੋਂ ਹੈ ਆਈ
(15)
ਨਹੀਂ ਹੈ ਅਜਿਹਾ ਕੋਈ ਪਾਣੀ
ਬੁਝਾ ਸਕੇ ਜੋ ਪਾਣੀ ਦੀ ਪਿਆਸ