ਅਣਹੋਏ
ਦਿੱਖ
ਲੇਖਕ | ਗੁਰਦਿਆਲ ਸਿੰਘ |
---|---|
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਵਿਸ਼ਾ | ਪੰਜਾਬੀ ਪੇਂਡੂ ਜੀਵਨ |
ਵਿਧਾ | ਨਾਵਲ |
ਪ੍ਰਕਾਸ਼ਨ ਦੀ ਮਿਤੀ | 1970 |
ਮੀਡੀਆ ਕਿਸਮ | ਪ੍ਰਿੰਟ |
ਅਣਹੋਏ (1970) ਗੁਰਦਿਆਲ ਸਿੰਘ ਦਾ ਪੰਜਾਬੀ ਨਾਵਲ ਹੈ। ਇਹ ਇੱਕ ਐਸੇ ਵਿਅਕਤੀ (ਬਿਸ਼ਨਾ) ਦੀ ਕਹਾਣੀ ਹੈ ਜੋ ਆਪਣੇ ਹੱਕ ਦੀ ਸਹਿਜ ਚੇਤਨਾ ਦੇ ਬਲ ਉੱਤੇ ਸਰਕਾਰ ਨੂੰ ਵੰਗਾਰਦਾ ਹੈ ਅਤੇ ਅਸਫਲ ਰਹਿਣ ਦੇ ਬਾਵਜੂਦ ਜਾਨਦਾਰ ਅਣਖੀਲੇ ਕਿਰਦਾਰ ਤੇ ਕਾਇਮ ਰਹਿੰਦਾ ਹੈ।[1] ਹਰਮੀਤ ਸਿੰਘ ਅਟਵਾਲ ਦੇ ਸ਼ਬਦਾਂ ਵਿੱਚ "'ਅਣਹੋਏ' ਨਾਵਲ ਏਨਾ ਮਕਬੂਲ ਹੋਇਆ ਕਿ ਗੁਰਦਿਆਲ ਸਿੰਘ ਨੂੰ ਅਣਹੋਇਆਂ ਦਾ ਨਾਵਲਕਾਰ ਹੀ ਆਖਿਆ ਜਾਣ ਲੱਗਿਆ।"[2]
ਅਣਹੋਏ ਦੀ ਮੂਲ ਕਥਾ ਮਨੁੱਖ ਦੀ ਸਵੈਮਾਨ ਨਾਲ ਸੁਤੰਤਰ ਜ਼ਿੰਦਗੀ ਜੀਊਣ ਦੀ ਇੱਛਾ, ਸ਼੍ਰੇਣੀ-ਸਮਾਜ ਵਿੱਚ ਇਸ ਦੀ ਅਸੰਭਾਵਨਾ ਅਤੇ ਬਦਲਦੀਆਂ ਪੂੰਜੀਵਾਦੀ ਕੀਮਤਾਂ ਦੇ ਸੰਦਰਭ ਵਿੱਚ ਅਣਖ ਤੇ ਵਿਅਕਤੀਗਤ ਵਿਦਰੋਹ ਦੀ ਗਾਥਾ ਹੈ। ਨਾਵਲ ਦਾ ਨਾਇਕ ਬਿਸ਼ਨਾ ਇੱਕ ਸਧਾਰਨ ਕਾਰੀਗਰ ਹੈ ਪਰ ਆਪਣੀ ਵਿਸ਼ੇਸ਼ ਜੀਵਨ ਜਾਂਚ ਕਰਕੇ ਉਹ ਬੇਤਾਜ ਬਾਦਸ਼ਾਹ ਹੈ। ਬਿਸ਼ਨੇ ਅਤੇ ਭਗਤੇ ਦਾ ਪਿਓ ਹਰਨਾਮਾ ਇਲਾਕੇ ਦਾ ਮੰਨਿਆ-ਪ੍ਰਮੰਨਿਆ ਕਾਰੀਗਰ ਸੀ। ਤਰਖਾਣੇ ਕੰਮ ਵਿੱਚ ਬਿਸ਼ਨਾ ਤੇ ਭਗਤਾ ਵੀ ਚੋਟੀ ਦੇ ਕਾਰੀਗਰ ਨਿੱਕਲੇ। ਉਹਨਾਂ ਨੇ ਮੰਡੀਓ ਬਾਹਰ ਦੋ ਕਨਾਲਾਂ ਵਿੱਚ ਘਰ ਪਾਇਆ ਜਿੱਥੇ ਬਿਸ਼ਨਾ ਤੇ ਉਸਦੀ ਘਰਵਾਲੀ ਦਿਆਕੁਰ ਰਹਿਣ ਲੱਗੇ।(ਉਹਨਾਂ ਦੇ ਕਈ ਬੱਚੇ ਹੋ ਕੇ ਮਰ ਗਏ ਹੁਣ ਉਹ ਦਵੇਂ ਇਕੱਲੇ ਸਨ) ਮੰਡੀ ਵਾਲੀ ਹਵੇਲੀ ਵਿੱਚ ਭਗਤਾ ਤੇ ਉਸਦੀ ਘਰਵਾਲੀ ਕਰਤਾਰੀ ਰਹਿੰਦੇ ਹਨ। ਬਿਸ਼ਨੇ ਕਾ ਘਰ ਨਵੀਂ ਬਣ ਰਹੀ ਸੜਕ ਵਿੱਚ ਆ ਜਾਂਦਾ ਹੈ। ਪਰ ਆਪਣੇ ਨਾਂ ਰਜਿਸਟਰੀ ਹੋਣ ਕਰਕੇ ਉਹ ਇਸਨੂੰ ਸਰਕਾਰ ਨੂੰ ਕੇਣ ਤੋਂ ਇਨਕਾਰੀ ਹੈ। ਸਮਝੌਤਾਵਾਦੀ ਰਾਹ ਅਖਤਿਆਰ ਨਾ ਕਰਨ ਕਰਕੇ ਇਹ ਤ੍ਰਾਸਦਿਕ ਹੋਣੀ ਸ਼ੁਰੂ ਹੋਈ ਅਤੇ ਬਿਸ਼ਨੇ ਅਤੇ ਦਿਆਕੁਰ ਲਈ ਵੰਗਾਰ ਬਣ ਗਈ। ਆਪਣੇ ਕਾਨੂੰਨੀ ਅਤੇ ਮਾਨਵੀਂ ਹੱਕਾਂ ਦੀ ਪ੍ਰਾਪਤੀ ਲਈ ਉਹ ਸਰਕਾਰ ਨਾਲ ਵੀ ਡਟਵੀਂ ਟੱਕਰ ਲੈਂਦੇ ਹਨ। ਸਰਕਾਰ ਉਸਦੇ ਘਰ ਤੇ ਕਬਜ਼ਾ ਕਰ ਲੈਦੀ ਹੈ ਅਤੇ ਪੁਲਿਸ ਨਾਲ ‘ਮੁਕਾਬਲੇ’ ਦੇ ਮੁੱਕਦਮੇ ਵਿੱਚ ਬਿਸ਼ਨੇ ਅਤੇ ਭਗਤੇ ਨੂੰ ਕੈਦ ਹੋ ਜਾਂਦੀ ਹੈ। ਜਮਾਨਤ ਤੇ ਆ ਕੇ ਬਿਸ਼ਨਾ ਫੂਲ ਵਾਲਿਆਂ ਦੇ ਹਾਤੇ ਵਿੱਚ ਢਹੇ ਹੋਏ ਮਕਾਨ ਨੂੰ ਸੁਆਰ ਕੇ ਰਹਿਣ ਲਗਦਾ ਹੈ। ਮੱਲੋ-ਮੱਲੀ ਕਿਰਾਏ ਤੇ ਗਲ੍ਹ ਮੜੇ੍ਹ ਤੋਤੀ ਸੇਠ ਦੇ ਇਸ ਹਾਤੇ ਨੂੰ ਜਦੋਂ ਉਹ ਸੁਆਰ ਕੇ ਵਸਾ ਲੈਂਦੇ ਹਨ ਤੇ ਜਦੋਂ ਉਸਦੀ ਕੀਮਤ ਵੱਧ ਜਾਂਦੀ ਹੈ ਤਾਂ ਤੋਤੀ ਸੇਠ ਉਸਨੂੰ ਖਾਲੀ ਕਰਵਾਉਣਾ ਚਾਹੁੰਦਾ ਹੈ। ਅਜਿਹੇ ਪਦਾਰਥਕ ਲਾਭ ਵਾਲੇ ਤੋਤੀ ਦੇ ਫੈਸਲੇ ਖਿਲਾਫ ਬਿਸ਼ਨਾ ਡਟਦਾ ਹੈ। ਭਾਵੇਂ ਅਦਾਲਤੀ ਕਾਰਵਾਈ ਵਿੱਚ ਹਾਰ ਕੇ, ਪੁਲਸ ਵੱਲੋਂ ਕਬਜ਼ਾ ਤੋਤੀ ਸੇਠ ਨੂੰ ਦੇਣ ਪਿੱਛੋਂ ਮੁੜ ਜਿੰਦਰੇ ਤੋੜ ਕੇ ‘ਕਬਜ਼ਾ’ ਕਰਨ ਦੇ ਫਲਸਰੂਪ ਤਿੰਨ ਮਹੀਨੇ ਦੀ ਕੈਦ ਅਤੇ ਜੁਰਮਾਨੇ ਦੀ ਸਜਾ ਹੀ ਕਿਉਂ ਨਾ ਭੁਗਤਣੀ ਪਈ। ਫੂਲ ਵਾਲਿਆਂ ਦੀ ਹਵੇਲੀ ਤੇ ਜਬਰਨ ਕਬਜੇ ਦੇ ਦੋਸ਼ ਅਧੀਨ ਦੁਬਾਰਾ ਕੱਟੀ ਕੈਦ ਬਿਸ਼ਨੇ ਨੂੰ ਅੰਦਰੋਂ ਹੋਰ ਮਜ਼ਬੂਤ ਬਣਾਉਦੀ ਹੈ। ਪਰ ਉਸ ਦੇ ਸਮਝੌਤਾਵਾਦੀ ਭਰਾ ਭਗਤੇ ਦੇ ਫੂਲ ਵਾਲਿਆਂ ਨਾਲ ਕੀਤੇ ਸਮਝੌਤੇ ਕਾਰਨ ਉਸ ਦਾ ਮਨ ਮੰਡੀ ਵਿੱਚੋਂ ਉਖੜ ਜਾਂਦਾ ਹੈ। ਉਹ ਵਾਪਸ ਆਪਣੇ ਜੱਦੀ ਪਿੰਡ ਚਲਾ ਜਾਂਦਾ ਹੈ। ਉੱਥੇ ਵੀ ਉਹ ਅਣਖ ਦਾ ਪੱਲਾ ਨਹੀਂ ਤਿਆਗਦਾ। ਦਿਆਕੁਰ ਸਭ ਮਾਨਸਿਕ ਦੁੱਖਾਂ ਦੇ ਬਾਵਜੂਦ ਉਸਦੇ ਹਰ ਵਿਦਰਹ ਵਿੱਚ ਉਸਦੀ ਸਾਥੀ ਹੈ। ਦੂਜੇ ਪਾਸੇ ਮੰਡੀ ਕੀਮਤਾਂ ਅਧੀਨ ਬਦਲ ਚੁੱਕਿਆ ਭਗਤਾ ਅਦਾਲਤੀ ਕਾਰਵਾਈ ਵਿੱਚ ਹਾਰ ਕੇ ਪੁਲਿਸ ਵੱਲੋਂ ਕਬਜ਼ਾ ਤੋਤੀ ਸੇਠ ਨੂੰ ਦੇਣ ਪਿੱਛੋ ਇਸ ਮਾਮਲੇ ਨਾਲੋਂ ਅਤੇ ਬਿਸ਼ਨੇ ਨਾਲੋਂ ਨਾਤਾ ਤੋੜ ਲੈਂਦਾ ਹੈ। ਵਪਾਰਕ ਰੁਚੀਆਂ ਵਿੱਚ ਗ੍ਰੱਸੇ ਅਤੇ ‘ਨਿਮਕੀ’ ਵਾਲੀ ਸਮਝੌਤਾਵਾਦ ਰੁਚੀ ਦਾ ਧਾਰਨੀ ਭਗਤਾ ਚੰਗਾ ਕਾਰੀਗਰ ਅਤੇ ਜਇਦਾਦ ਦਾ ਮਾਲਕ ਬਣ ਜਾਂਦਾ ਹੈ। ਬਿਮਾਰੀ ਦੀ ਹਾਲਤ ਵਿੱਚ ਦਿਆਕੁਰ ਦੀ ਮੌਤ ਹੋ ਜਾਂਦੀ ਹੈ। ਪਰ ਬੁਢਾਪੇ ਵਿੱਚ ਵੀ ਬਿਸ਼ਨੇ ਅੰਦਰੋ ਵਿਰੋਧ ਦੀ ਚਿਣਗ ਨਹੀਂ ਬੁਝਦੀ। ਭਗਤਾ ਉਸਨੂੰ ਮਨਾ ਕੇ ਫਿਰ ਮੰਡੀ ਵਾਪਸ ਲੈ ਆਉਂਦਾ ਹੈ। ਭਗਤੇ ਦਾ ਛੋਟਾ ਮੁੰਡਾ ਮਾਘੀ ਬਿਸ਼ਨੇ ਨੂੰ ਆਪਣਾ ਪੂਰਕ ਲਗਦਾ ਹੈ। ਉਹ ਅੱਠਵੀਂ ਵਿੱਚ ਪੜ੍ਹਦਾ ਹੀ ਕਿਸੇ ਦੀ ਪਰਵਾਹ ਨਾ ਕਰਦਿਆਂ ਸ਼ਰਾਬ ਪੀਂਦਾ ਤੇ ਹੋਰ ਅਲੱਥਪੁਣੇ ਕਰਦਾ ਹੈ। ਮਾਘੀ ਅਤੇ ਬਿਸ਼ਨਾ ਇੱਕੱਠੇ ਸ਼ਰਾਬ ਪੀਂਦੇ ਲੋਕਾਂ ਦੇ ਬੁੱਧੂ ਹੋਣ ਅਤੇ ਪੈਸਾਂ ਕੀਮਤਾਂ ਵਿੱਚ ਰਚ ਹਣ ਦੀਆਂ ਗੱਲਾਂ ਕਰਦੇ ਹਨ। ਅੰਤ ਬਿਸ਼ਨਾ ਨਸ਼ੇ ਦੀ ਲੋਰ ਵਿੱਚ ਭਗਤੇ ਤੇ ਠੋਲੇ (ਆਪਣੇ ਪੁਰਾਣੇ ਵਿਰੋਧੀ) ਨੂੰ ਇੱਕਠਿਆਂ ਬੈਠੇ ਦੇਖ ਗੁੱਸੇ ਵਿੱਚ ਕੁਲਹਾੜਾ ਚੁੱਕ ਕੇ ਮਾਰਨ ਜਾਂਦਾ ਰਸਤੇ ਵਿੱਚ ਤਿਲਕ ਕੇ ਡਿੱਗਣ ਨਾਲ ਜ਼ਖਮੀ ਹੋ ਜਾਂਦਾ ਹੈ। ਕੁਝ ਦਿਨ ਮੰਜੇ ਤੇ ਪੈ ਕੇ ਉਹ ਮਰ ਜਾਂਦਾ ਹੈ। ਸਾਲ ਬਾਅਦ ਮਾਘੀ ਵੀ ਘਰੋਂ ਨਿਕਲ ਜਾਂਦਾ ਹੈ ਜਿਸਦੀ ਹੁਣ ਤੱਕ ਕੋਈ ਖੋਜ ਖ਼ਬਰ ਨਹੀਂ। ਭਗਤੇ ਦਾ ਕਾਰੋਬਾਰ ਚੰਗਾ ਚੱਲ ਪੈਦਾ ਹੈ ਅਤੇ ਹੁਣ ਉਹ ਉਹਨਾਂ ‘ਅਣਹੋਇਆਂ’ (ਮਾਘੀ ਤੇ ਬਿਸ਼ਨਾ) ਦਾ ਨਾਂ ਵੀ ਯਾਦ ਨਹੀਂ ਕਰਨਾ ਚਾਹੁੰਦਾ। ਇਸ ਤਰ੍ਹਾਂ ਪ੍ਰਾਪਤ ਯਥਾਰਥ ਬਿਸ਼ਨੇ ਦੀ ਸ਼ਖ਼ਸੀਅਤ ਦੇ ਮੇਚ ਦਾ ਨਹੀਂ ਸੀ। ਇਸ ਖ਼ਿਲਾਫ ਉਹ ਇਕੱਲਾ ਨੰਗੇ ਧੜ ਲੜਦਾ ਹੈ।ਚੇਤਨਾਗਤ ਪਛੜੇਵੇਂ ਕਰਕੇ ਉਪਰੀ ਨਜ਼ਰੇ ਇਹ ਵਿਦਰੋਹ ਵਿਅਕਤੀਗਤ ਵਿਦਰੋਹ ਲੱਗਦਾ ਹੈ ਪਰ ਇਸ ਅੰਦਰ ਯੁੱਗ ਪਰਿਵਰਤਨ ਦੀਆਂ ਸਮਸਤ ਸੰਭਾਵਨਾਵਾਂ ਵਿਦਮਾਨ ਹਨ।
ਹਵਾਲੇ
[ਸੋਧੋ]- ↑ ਗੁਰਦਿਆਲ ਸਿੰਘ (10 ਜੂਨ 2012). "'ਮੇਰਾ ਸਾਹਿਤ ਬੰਦੇ ਨੂੰ ਬੰਦਾ ਸਮਝਣ ਦਾ ਯਤਨ ਹੈ'".[permanent dead link]
- ↑ "ਪਹਿਲੇ ਹੀ ਨਾਵਲ ਨਾਲ ਪ੍ਰਸਿੱਧ ਹੋਏ ਨਾਵਲਕਾਰ ਗੁਰਦਿਆਲ ਸਿੰਘ".[permanent dead link]
- ↑ ਡਾ. ਤਰਸੇਮ ਸ਼ਰਮਾ, “ਗੁਰਦਿਆਲ ਸਿੰਘ ਸੰਦਰਭ-ਕੋਸ਼”, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |