ਅਮਰਜੀਤ ਸੂਫ਼ੀ
ਅਮਰਜੀਤ ਸੂਫ਼ੀ ਕੈਨੇਡੀਅਨ ਪੰਜਾਬੀ ਲੇਖਕ ਸੀ। ਉਹ ਇਕ ਕਵੀ, ਵਾਰਤਕ ਲੇਖਕ ਅਤੇ ਨਾਵਲਕਾਰ ਸੀ। ਮੌਲਿਕ ਲੇਖਣੀ ਦੇ ਨਾਲ ਨਾਲ ਉਸ ਨੇ ਅਨੁਵਾਦ ਦੇ ਖੇਤਰ ਵਿੱਚ ਵੀ ਕੰਮ ਕੀਤਾ ਸੀ। [1]
ਮੁਢਲਾ ਜੀਵਨ
[ਸੋਧੋ]ਅਮਰਜੀਤ ਸੂਫੀ ਦਾ ਜਨਮ 7 ਜੁਲਾਈ 1940 ਨੂੰ ਪੰਜਾਬ ਵਿੱਚ ਜਿ਼ਲ੍ਹਾ ਲੁਧਿਆਣਾ ਦੇ ਪਿੰਡ ਬੱਸੀਆਂ ਜਿ਼ਲ੍ਹਾ ਲੁਧਿਆਣਾ ਵਿੱਚ ਹੋਇਆ। ਮੈਟ੍ਰਿਕ ਕਰਨ ਤੋਂ ਬਾਅਦ ਉਸ ਨੇ ਜੇ ਬੀ ਟੀ ਦੀ ਟ੍ਰੇਨਿੰਗ ਲਈ ਅਤੇ ਅਧਿਆਪਕ ਬਣ ਗਿਆ। ਪੰਜਾਬ ਵਿੱਚ ਆਪਣੇ ਅਧਿਆਪਨ ਕਾਲ ਸਮੇਂ ਉਹ ਪੰਜਾਬ ਟੀਚਰਜ਼ ਯੂਨੀਅਨ ਅਤੇ ਸਬੌਰਡੀਨੇਟ ਇੰਪਲਾਈਜ਼ ਫੈਡਰੇਸ਼ਨ ਵਿੱਚ ਸਰਗਰਮ ਹੋ ਗਿਆ ਅਤੇ ਇਹਨਾਂ ਜਥੇਬੰਦੀਆਂ ਵਿੱਚ ਜਿ਼ਲ੍ਹਾ ਪੱਧਰ ਦੇ ਅਹੁਦਿਆਂ `ਤੇ ਕੰਮ ਕੀਤਾ।[2]
ਕੈਨੇਡਾ ਅਵਾਸ
[ਸੋਧੋ]ਅਮਰਜੀਤ ਸੂਫੀ ਸੰਨ 1970 ਵਿੱਚ ਕੈਨੇਡਾ ਆ ਗਿਆ। ਇੱਥੇ ਆ ਕੇ ਸ਼ੁਰੂ ਵਿੱਚ ਉਸ ਨੇ ਕਈ ਤਰ੍ਹਾਂ ਦੇ ਕੰਮ ਕੀਤੇ, ਜਿਵੇਂ ਫਾਰਮਾਂ ਵਿੱਚ ਕੰਮ ਕਰਨਾ, ਫੈਕਟਰੀ ਵਿੱਚ ਕੰਮ ਕਰਨਾ। ਫਿਰ ਉਸ ਨੂੰ ਕੈਨੇਡੀਅਨ ਨੈਸ਼ਨਲ ਰੇਲਵੇ (ਸੀ ਐੱਨ ਆਰ) ਵਿੱਚ ਕੰਮ ਮਿਲ ਗਿਆ, ਜਿੱਥੇ ਉਸ ਨੇ ਆਪਣੀ ਰਿਟਾਇਰਮੈਂਟ ਤੱਕ ਕੰਮ ਕੀਤਾ।[3]
ਸਾਹਿਤਕ ਗਤੀਵਿਧੀਆਂ
[ਸੋਧੋ]ਕੈਨੇਡਾ ਵਿੱਚ ਆ ਕੇ ਸੰਨ 1973 ਵਿੱਚ ਅਮਰਜੀਤ ਸੂਫੀ ਪੰਜਾਬੀ ਲਿਟਰੇਰੀ ਐਸੋਸੀਏਸ਼ਨ (ਪੰਜਾਬੀ ਸਾਹਿਤ ਸਭਾ) ਦਾ ਮੈਂਬਰ ਬਣ ਗਿਆ। ਬਾਅਦ ਵਿੱਚ ਇਸ ਸਭਾ ਦਾ ਨਾਂ ਪੰਜਾਬੀ ਲੇਖਕ ਮੰਚ ਵੈਨਕੂਵਰ ਰੱਖ ਦਿੱਤਾ ਗਿਆ।। ਇਸ ਸਭਾ ਦੀਆਂ ਰੈਗੂਲਰ ਮੀਟਿੰਗਾਂ ਹੁੰਦੀਆਂ ਸਨ ਜਿਹਨਾਂ ਵਿੱਚ ਵੈਨਕੂਵਰ ਅਤੇ ਇਸ ਦੇ ਆਲੇ ਦੁਆਲੇ ਦੇ ਲੇਖਕ ਸ਼ਾਮਲ ਹੁੰਦੇ ਸਨ। ਇਸ ਸੰਸਥਾ ਨੇ ਅਮਰਜੀਤ ਸੂਫੀ ਦੇ ਸਾਹਿਤਕ ਸਫਰ ਨੂੰ ਕਾਫੀ ਪ੍ਰਭਾਵਿਤ ਕੀਤਾ। ਇਸ ਪ੍ਰਭਾਵ ਨੂੰ ਅਮਰਜੀਤ ਸੂਫੀ ਨੇ 1993 ਵਿੱਚ ਦਿੱਤੀ ਇਕ ਇੰਟਰਵਿਊ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਹੈ: "ਇਸ ਸੰਸਥਾ ਨੇ ਅਸਲ ਵਿੱਚ ਮੈਨੂੰ ਉਹ ਕੁੱਝ ਬਣਾਇਆ ਜੋ ਕੁੱਝ ਮੈਂ ਅੱਜ ਹਾਂ। ਇਸ ਸੰਸਥਾ ਨੇ ਮੈਨੂੰ ਲਗਾਤਾਰ ਸਿਰਜਣਾ ਕਰਨ ਲਈ ਪਰੇਰਣਾ ਦਿੱਤੀ। ਸਮਾਜੀ ਸਮੱਸਿਆ ਸਮਝਣ ਲਈ ਸਹਾਇਤਾ ਕੀਤੀ। ਬੇਸ਼ੱਕ ਮੈਂ ਮੁੱਢ ਵਿੱਚ ਕਵਿਤਾ ਹੀ ਲਿਖਦਾ ਸਾਂ ਪ੍ਰੰਤੂ ਕਦੀ ਕਦਾਈਂ ਵਾਰਤਕ ਵੀ ਲਿਖਦਾ ਸੀ। ਇੱਥੇ ਮੈਂ ਆਲੋਚਨਾ, ਕਹਾਣੀ, ਅਤੇ ਹੋਰ ਰਾਜਨੀਤਕ ਲੇਖ ਲਿਖਣ ਲਈ ਉਤਸ਼ਾਹਿਤ ਹੋਇਆ।"[4]
ਅਮਰਜੀਤ ਸੂਫੀ ਪੰਜਾਬੀ ਲਿਟਰੇਰੀ ਐਸੋਸੀਏਸ਼ਨ/ਪੰਜਾਬੀ ਲੇਖਕ ਮੰਚ ਦਾ ਮੈਂਬਰ ਹੋਣ ਦੇ ਨਾਲ ਨਾਲ ਇਸ ਸੰਸਥਾ ਦੀਆਂ ਪ੍ਰਬੰਧਕੀ ਜਿ਼ੰਮੇਵਾਰੀਆਂ ਨਿਭਾਉਣ ਵਿੱਚ ਵੀ ਯੋਗਦਾਨ ਪਾਉਂਦਾ ਰਿਹਾ। ਉਸ ਨੇ ਕਈ ਵਾਰੀ ਇਸ ਦੇ ਸਕੱਤਰ ਅਤੇ ਕੌਆਰਡੀਨੇਟਰ ਹੋਣ ਦੀ ਜਿ਼ੰਮੇਵਾਰੀ ਨਿਭਾਈ। ਉਹ ਪੰਜਾਬੀ ਲੇਖਕ ਮੰਚ ਵਲੋਂ ਸੰਨ 1987 ਵਿੱਚ ਵੈਨਕੂਵਰ ਵਿੱਚ ਕੈਨੇਡਾ ਦੀ ਪਹਿਲੀ ਪੰਜਾਬੀ ਸਾਹਿਤਕ ਕਾਨਫਰੰਸ ਕਰਵਾਉਣ ਵਾਲੀ ਟੀਮ ਦਾ ਹਿੱਸਾ ਸੀ। ਇਸ ਤੋਂ ਬਿਨਾਂ ਉਹ ਪੰਜਾਬੀ ਲੇਖਕ ਮੰਚ ਵਲੋਂ ਮੰਚ ਦੇ ਮੈਂਬਰਾਂ ਦੀਆਂ ਕਵਿਤਾਵਾਂ ਦੇ ਪ੍ਰਕਾਸ਼ਤ ਕੀਤੇ ਸਾਂਝੇ ਕਾਵਿ-ਸੰਗ੍ਰਹਿ "ਮਨ ਪਰਦੇਸੀ ਜੇ ਥੀਐ" ਨੂੰ ਸੰਪਾਦਕ ਕਰਨ ਵਾਲੀ ਟੀਮ ਦਾ ਵੀ ਮੈਂਬਰ ਸੀ। [5][6][7]
ਕਮਿਊਨਿਟੀ ਅਤੇ ਟ੍ਰੇਡ ਯੂਨੀਅਨ ਨਾਲ ਸੰਬੰਧਤ ਸਰਗਰਮੀਆਂ
[ਸੋਧੋ]ਅਮਰਜੀਤ ਸੂਫੀ ਈਸਟ ਇੰਡੀਅਨ ਵਰਕਰਜ਼ ਐਸੋਸੀਏਸ਼ਨ ਦਾ ਮੈਂਬਰ ਸੀ। ਕੈਨੇਡਾ ਦੇ ਸ਼ਹਿਰ ਵੈਨਕੂਵਰ ਅਤੇ ਇਸ ਦੇ ਆਲੇ ਦੁਆਲੇ ਦੇ ਇਲਾਕੇ ਵਿੱਚ ਰਹਿੰਦੇ ਪੰਜਾਬੀਆਂ ਦੇ ਮਸਲਿਆਂ ਨਾਲ ਨਿਪਟਣ ਲਈ ਬਣੀ ਇਸ ਸੰਸਥਾ ਦੀ ਸਥਾਪਨ 16 ਅਕਤੂਬਰ 1977 ਨੂੰ ਹੋਈ ਸੀ। ਇਸ ਜਥੇਬੰਦੀ ਦੇ ਅੱਗੇ ਦਿੱਤੇ ਉਦੇਸ਼ ਸਨ: 1. ਭਾਰਤੀ ਲੋਕਾਂ ਨੂੰ ਜਥੇਬੰਦ ਕਰਨਾ 2. ਰੰਗ ਨਸਲ, ਜਾਤ ਜਾਂ ਲਿੰਗ ਉੱਤੇ ਆਧਾਰਿਤ ਹਰ ਕਿਸਮ ਦੇ ਵਿਤਕਰੇ ਵਿਰੁੱਧ ਲੜਨਾ ਅਤੇ ਦੂਜੀਆਂ ਜਥੇਬੰਦੀਆਂ ਨਾਲ ਮਿਲ ਕੇ ਮਨੁੱਖੀ ਅਧਿਕਾਰਾਂ, ਸਮਾਜਕ ਅਤੇ ਆਰਥਿਕ ਮੌਕਿਆਂ ਲਈ ਜਦੋਜਹਿਦ ਕਰਨਾ 3. ਕੈਨੇਡਾ ਦੇ ਲੋਕਾਂ ਨਾਲ ਦੋਸਤੀ ਮਜ਼ਬੂਤ ਕਰਨਾ ਅਤੇ ਇਸ ਮਕਸਦ ਲਈ ਸਾਰੀਆਂ ਅਗਾਂਹਵਧੂ ਜਥੇਬੰਦੀਆਂ ਨਾਲ ਸਹਿਯੋਗ ਕਰਨਾ 4. ਕੈਨੇਡਾ ਦੀ ਮਜ਼ਦੂਰ ਜਮਾਤ ਨਾਲ ਸੰਬੰਧ ਬਣਾਉਣਾ 5. ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਲੁੱਟੇ-ਪੁੱਟੇ ਜਾ ਰਹੇ ਲੋਕਾਂ ਨਾਲ ਸਾਂਝ ਦਾ ਪ੍ਰਗਟਾਵਾ ਕਰਨਾ 6. ਆਪਣੇ ਮੈਂਬਰਾਂ ਅਤੇ ਕੈਨੇਡਾ ਦੇ ਲੋਕਾਂ ਨੂੰ ਹਿੰਦੁਸਤਾਨ ਵਿੱਚ ਵਾਪਰ ਰਹੀਆਂ ਸਿਆਸੀ, ਆਰਥਿਕ ਅਤੇ ਸਮਾਜਕ ਗਤੀਵਿਧੀਆਂ ਬਾਰੇ ਜਾਣੂ ਕਰਾਉਣਾ ਤਾਂ ਕਿ ਹਿੰਦੁਸਤਾਨ ਵਿੱਚ ਲੋਕਤੰਤਰਿਕ ਤਾਕਤਾਂ ਨੂੰ ਮਜ਼ਬੂਤ ਹੋਣ ਵਿੱਚ ਸਹਾਇਤਾ ਮਿਲੇ। ਅਮਰਜੀਤ ਸੂਫੀ ਇਸ ਸੰਸਥਾ ਦੇ ਆਗੂਆਂ ਵਿੱਚੋਂ ਇਕ ਸੀ ਅਤੇ ਇਸ ਸੰਸਥਾ ਦੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਸਰਗਰਮੀ ਨਾਲ ਕੰਮ ਕਰਦਾ ਸੀ।[8]
ਇਸ ਤੋਂ ਬਿਨਾਂ ਅਮਰਜੀਤ ਸੂਫੀ ਕੈਨੇਡਾ ਦੀ ਕਮਿਊਨਿਸਟ ਪਾਰਟੀ ਨਾਲ ਵੀ ਜੁੜਿਆ ਰਿਹਾ। ਉਹ ਆਪਣੇ ਕੰਮ `ਤੇ ਕੈਨੇਡੀਅਨ ਨੈਸ਼ਨਲ ਰੇਲਵੇ ਦੇ ਮੁਲਾਜ਼ਮਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦਾ ਮੈਂਬਰ ਅਤੇ ਅਹੁਦੇਦਾਰ ਰਿਹਾ ਸੀ।[9]
ਪੱਤਰਕਾਰੀ
[ਸੋਧੋ]ਅਮਰਜੀਤ ਸੂਫੀ ਈਸਟ ਇੰਡੀਅਨ ਵਰਕਰਜ਼ ਐਸੋਸੀਏਸ਼ਨ ਆਫ ਕੈਨੇਡਾ ਵਲੋਂ ਕੱਢੇ ਜਾਂਦੇ ਮਾਸਕ ਮੈਗਜ਼ੀਨ ਲੋਕਤਾ ਦੇ ਸੰਪਾਦਕੀ ਮੰਡਲ ਦਾ ਮੈਂਬਰ ਸੀ।[10] ਇਸ ਤੋਂ ਬਿਨਾਂ ਕੈਨੇਡਾ ਤੋਂ ਨਿਕਲਦੇ ਰਹੇ ਪੰਜਾਬੀ ਦੇ ਅਖਬਾਰ ਕੈਨੇਡਾ ਦਰਪਣ ਵਿੱਚ ਬਕਾਇਦਗੀ ਨਾਲ ਲਿਖਦਾ ਹੁੰਦਾ ਸੀ ਅਤੇ ਵੈਨਕੂਵਰ ਕੋਅਪ੍ਰੁਟਿਵ ਰੇਡੀਉ ਤੋਂ ਪ੍ਰਸਾਰਤ ਹੁੰਦੇ ਹਫਤਾਵਾਰੀ ਰੇਡੀਉ ਪ੍ਰੋਗਰਾਮ 'ਸਮੇਂ ਦੀ ਅਵਾਜ਼' ਵਿੱਚ ਸਮੇਂ ਸਮੇਂ ਕਮਿਊਨਿਟੀ ਦੇ ਚਲੰਤ ਮਾਮਲਿਆਂ ਬਾਰੇ ਟਿੱਪਣੀਆਂ ਅਤੇ ਵਿਚਾਰ ਪੇਸ਼ ਕਰਿਆ ਕਰਦਾ ਸੀ।[11][12]
ਦਿਹਾਂਤ
[ਸੋਧੋ]ਅਕਤੂਬਰ 2022 ਵਿੱਚ ਅਮਰਜੀਤ ਸੂਫੀ ਦਾ ਕੈਨੇਡਾ ਵਿੱਚ ਦਿਹਾਂਤ ਹੋ ਗਿਆ।[13]
ਰਚਨਾਵਾਂ
[ਸੋਧੋ]- ਹੋਂਦ ਕਥਾ (ਕਵਿਤਾ)
- ਪੰਜਾਬ ਸਮੱਸਿਆ ਇੱਕ ਵਿਸ਼ਲੇਸ਼ਣ (ਵਾਰਤਕ), ਲਾਹੌਰ ਬੁੱਕ ਸ਼ਾਪ, ਲੁਧਿਆਣਾ, 1992
- ਪੰਜਾਬੀਅਤ ਦੇ ਨਾਂ 'ਤੇ ਵੱਖਵਾਦ ਦੀ ਵਕਾਲਤ, (ਵਾਰਤਕ), ਅਨੂਪਮ ਪ੍ਰੈਸ, ਜਲੰਧਰ, 1995
- ਹੋ ਚੀ ਮਿੰਨ ਦੀ ਜੀਵਨੀ (ਵਾਰਤਕ), 1996, ਚਿਰਾਗ ਪ੍ਰਕਾਸ਼ਨ
- ਸ਼ਹੀਦ ਭਗਤ ਸਿੰਘ ਦੀ ਨਾਸਤਿਕਤਾ (ਵਾਰਤਕ), ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ, 2003
- ਸਵੈ-ਜੀਵਨੀ ਕਾਮਰੇਡ ਏ. ਕੇ. ਗੁਪਾਲਨ (ਵਾਰਤਕ: ਅੰਗ੍ਰੇਜ਼ੀ ਤੋਂ ਅਨੁਵਾਦ), ਦੇਸ਼ ਸੇਵਕ ਪ੍ਰਕਾਸ਼ਨ ਚੰਡੀਗੜ, 2005
- ਸਿੰਮਲ ਰੁਖੁ ਸਰਾਇਰਾ (ਨਾਵਲ), ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ, 2007
ਹਵਾਲੇ
[ਸੋਧੋ]- ↑ ਢਾਅ, ਸਤਨਾਮ (2021-11-22). "ਯੂਨੀਅਨਨਿਸਟ ਅਤੇ ਬਹੁਪੱਖੀ ਲੇਖਕ: ਸੂਫ਼ੀ ਅਮਰਜੀਤ-ਸਤਨਾਮ ਸਿੰਘ ਢਾਅ". ਲਿਖਾਰੀ (in ਅੰਗਰੇਜ਼ੀ (ਬਰਤਾਨਵੀ)). Retrieved 2026-05-01.
- ↑ ਢਾਅ, ਸਤਨਾਮ (2021-11-22). "ਯੂਨੀਅਨਨਿਸਟ ਅਤੇ ਬਹੁਪੱਖੀ ਲੇਖਕ: ਸੂਫ਼ੀ ਅਮਰਜੀਤ-ਸਤਨਾਮ ਸਿੰਘ ਢਾਅ". ਲਿਖਾਰੀ (in ਅੰਗਰੇਜ਼ੀ (ਬਰਤਾਨਵੀ)). Retrieved 2026-05-01.
- ↑ ਢਾਅ, ਸਤਨਾਮ (2021-11-22). "ਯੂਨੀਅਨਨਿਸਟ ਅਤੇ ਬਹੁਪੱਖੀ ਲੇਖਕ: ਸੂਫ਼ੀ ਅਮਰਜੀਤ-ਸਤਨਾਮ ਸਿੰਘ ਢਾਅ". ਲਿਖਾਰੀ (in ਅੰਗਰੇਜ਼ੀ (ਬਰਤਾਨਵੀ)). Retrieved 2026-05-02.
- ↑ ਸਿਰਜਣਾ ਦੇ 25 ਵਰ੍ਹੇ, ਪੰਜਾਬੀ ਲੇਖਕ ਮੰਚ, ਸਫਾ 22
- ↑ ਸਿਰਜਣਾ ਦੇ 25 ਵਰ੍ਹੇ, ਪੰਜਾਬੀ ਲੇਖਕ ਮੰਚ, ਸਫਾ 52-53
- ↑ ਕੈਨੇਡਾ ਦਰਪਣ 28 ਅਗਸਤ, 1987 (ਸਫਾ 9)
- ↑ ਪੰਜਾਬੀ ਲੇਖਕ ਮੰਚ, ਮਨ ਪਰੇਦਸੀ ਜੇ ਥੀਐ
- ↑ ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ, ਸੰਘਰਸ਼ ਦੇ ਸੌ ਵਰ੍ਹੇ: ਕਨੇਡਾ ਵਿੱਚ ਪੰਜਾਬੀ ਪ੍ਰਗਤੀਸ਼ੀਲ ਲਹਿਰ, (ਸਫਾ 97-100)
- ↑ ਢਾਅ, ਸਤਨਾਮ (2021-11-22). "ਯੂਨੀਅਨਨਿਸਟ ਅਤੇ ਬਹੁਪੱਖੀ ਲੇਖਕ: ਸੂਫ਼ੀ ਅਮਰਜੀਤ-ਸਤਨਾਮ ਸਿੰਘ ਢਾਅ". ਲਿਖਾਰੀ (in ਅੰਗਰੇਜ਼ੀ (ਬਰਤਾਨਵੀ)). Retrieved 2026-05-05.
- ↑ ਲੋਕਤਾ, ਜੂਨ 1986
- ↑ ਕੈਨੇਡਾ ਦਰਪਣ- 2ਅਗਸਤ-1985, (ਸਫਾ16)
- ↑ ਸਮੇਂ ਦੀ ਅਵਾਜ਼ 23 ਅਪ੍ਰੈਲ 1988
- ↑ Arora, Kamal (2022-10-22). "ਮਾਰਕਸੀ ਚਿੰਤਕ ਤੇ ਸਾਹਿਤਕਾਰ ਸੂਫੀ ਅਮਰਜੀਤ ਦੇ ਸਦੀਵੀ ਵਿਛੋੜੇ ਉੱਪਰ ਦੁੱਖ ਦਾ ਪ੍ਰਗਟਾਵਾ - Punjab Link Paper". Punjab Link Paper (in ਅੰਗਰੇਜ਼ੀ (ਅਮਰੀਕੀ)). Retrieved 2026-05-07.