ਅਲੋਚਕ ਰਵਿੰਦਰ ਰਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੰਜਾਬੀ ਆਲੋਚਕ - ਡਾ ਰਵਿੰਦਰ ਸਿੰਘ ਰਵੀ

ਭੂਮਿਕਾ -[ਸੋਧੋ]

ਡਾ ਰਵਿੰਦਰ ਰਵੀ ਮਾਰਕਸਵਾਦੀ ਆਲੋਚਕ ਸੀ l ਪੰਜਾਬੀ ਮਾਰਕਸਵਾਦੀ ਚਿੰਤਨ ਤੇ ਆਲੋਚਨਾ ਦੀ ਇਤਿਹਾਸ ਰੇਖਾ ਵਿੱਚ ਡਾ. ਰਵਿੰਦਰ ਸਿੰਘ ਰਵੀ ਦਾ ਸ਼ੁਮਾਰ ਪੰਜਾਬੀ ਮਾਰਕਸਵਾਦੀ ਚਿੰਤਕਾਂ ਦੀ ਨਵੀਂ ਪੀੜ੍ਹੀ ਵਿੱਚ ਹੁੰਦਾ ਹੈ l ਆਪਣੇ ਤੋਂ ਪਹਿਲੀ ਪੀੜ੍ਹੀ ਦੇ ਚਿੰਤਕਾਂ ਤੋਂ ਬਾਅਦ ਦਾ ਰਵਿੰਦਰ ਰਵੀ ਨੇ ਨਵੀਂ ਪੀੜ੍ਹੀ ਦੇ ਚਿੰਤਕਾਂ ਡਾ. ਗੁਰਬਖਸ਼ ਸਿੰਘ ਫਰੈਂਕ, ਡਾ. ਟੀ. ਆਰ. ਵਿਨੋਦ, ਡਾ. ਕੇਸਰ ਸਿੰਘ ਕੇਸਰ ਅਤੇ ਤੇਜਵੰਤ ਸਿੰਘ ਗਿੱਲ ਆਦਿ ਨਾਲ ਪੰਜਾਬੀ ਸਾਹਿਤ ਚਿੰਤਨ ਜਗਤ ਵਿੱਚ ਪ੍ਰਵੇਸ਼ ਕੀਤਾ l ਡਾ. ਰਵਿੰਦਰ ਰਵੀ ਇੱਕ ਗੰਭੀਰ ਮਾਰਕਸਵਾਦੀ ਆਲੋਚਕ ਸੀ l[1]

ਜਨਮ: ਡਾ. ਰਵਿੰਦਰ ਰਵੀ ਦਾ ਜਨਮ 15 ਜੁਲਾਈ 1942ਨੂੰ ਕਿਲਾ ਹਾਂਸ, ਜ਼ਿਲ੍ਹਾ ਲੁਧਿਆਣਾ ਵਿਖ਼ੇ ਸਰਦਾਰ ਗੁਰਸਰਮੁਖ ਸਿੰਘ ਦੇ ਘਰ ਸ਼੍ਰੀਮਤੀ ਹਰਦੀਪ ਕੌਰ ਦੀ ਕੁੱਖੋਂ ਹੋਇਆ l[ਸੋਧੋ]

ਮੌਤ :ਡਾ. ਰਵਿੰਦਰ ਸਿੰਘ ਰਵੀ ਦਾ 19ਮਈ 1989ਨੂੰ ਖਾੜਕੂ ਅੱਤਵਾਦੀਆਂ ਦੁਆਰਾ ਕਤਲ ਕਰ ਦਿੱਤਾ ਗਿਆ l[2][ਸੋਧੋ]

ਜੀਵਨ :[ਸੋਧੋ]

ਡਾ. ਰਵਿੰਦਰ ਰਵੀ ਦਾ ਜਨਮ 15ਜੁਲਾਈ 1942 ਨੂੰ ਕਿਲਾ ਹਾਂਸ, ਜ਼ਿਲ੍ਹਾ ਲੁਧਿਆਣਾ ਵਿਖ਼ੇ ਹੋਇਆ l ਉਸਨੇ ਆਪਣੀ ਬੀ. ਏ ਤੱਕ ਦੀ ਪੜ੍ਹਾਈ ਲੁਧਿਆਣਾ ਕਾਲਜ ਤੋਂ ਹੀ ਕੀਤੀ l ਬੀ. ਏ ਤੋਂ ਬਾਅਦ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਆ ਗਏ l ਇਥੇ ਉਨ੍ਹਾਂ ਨੇ 'ਪੰਜਾਬੀ ਰਾਮ ਕਾਵਿ ਦਾ ਆਲੋਚਨਾਤਮਕ ਅਧਿਐਨ 'ਵਿਸ਼ੇ ਉਪਰ ਪੀ. ਐੱਚ. ਡੀ ਦੀ ਡਿਗਰੀ ਹਾਸਿਲ ਕੀਤੀ l ਪੰਜਾਬੀ ਤੋਂ ਇਲਾਵਾ ਉਹਨਾਂ ਨੇ ਅੰਗਰੇਜ਼ੀ ਵਿਸ਼ੇ ਉਪਰ ਵੀ ਐੱਮ. ਏ ਦੀ ਡਿਗਰੀ ਹਾਸਿਲ ਕੀਤੀ l ਉਹ ਬਹੁ - ਭਾਸ਼ੀ ਯੋਗਤਾ ਦਾ ਸੁਆਮੀ ਚਿੰਤਕ ਸੀ l ਮਸਲਿਆਂ ਬਾਰੇ ਤਰਕਸ਼ੀਲ ਅਤੇ ਵਿਗਿਆਨਿਕ ਢੰਗ ਨਾਲ ਸੋਚਣਾ, ਉਨ੍ਹਾਂ ਨੂੰ ਇਤਿਹਾਸਿਕ ਪਰਿਪੇਖ ਅਤੇ ਤੁਲਨਾਤਮਕ ਦ੍ਰਿਸ਼ਟੀ ਨਾਲ ਪਰਖਣਾ ਉਸਦੇ ਸੁਭਾਅ ਦਾ ਸਹਿਜ ਹਿੱਸਾ ਸੀ l[3] ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖ਼ੇ ਅਧਿਆਪਕ ਰਹੇ l ਉਹ ਅਧਿਆਪਕ ਸਰਗਰਮੀਆਂ ਵਿੱਚ ਹਿੱਸਾ ਲੈਂਦੇ l ਉਸ ਸਮੇਂ ਸਾਹਿਤ ਚਿੰਤਨ ਮੈਗਜ਼ੀਨ ਵਿੱਚ ਬਹਿਸਾਂ ਚਲਦੀਆਂ ਸਨ ਡਾ. ਰਵੀ ਉਸ ਬਹਿਸ ਦਾ ਹਿੱਸਾ ਬਣੇ l ਅਤੇ ਬਹਿਸ ਵਿੱਚ ਸ਼ਮਿਲ ਹੋਏ l ਉਨ੍ਹਾਂ ਨੇ ਬਹੁਤ ਸਾਰੀਆਂ ਲਿਖਤਾਂ ਨਾਲ ਸੰਵਾਦ ਰਚਾਇਆ l ਜਦਕਿ ਕੱਟੜ ਮਾਰਕਸਵਾਦੀ ਅਜਿਹਾ ਨਹੀਂ ਕਰਦੇ l ਉਹ ਬਹੁਤ ਅਗਾਂਹ ਵਧੂ ਆਲੋਚਕ ਸਨ l 'ਪੰਜਾਬੀ ਸੱਭਿਆਚਾਰ ਦਾ ਸੁਹਜ ਸ਼ਾਸਤਰ 'ਵਿੱਚ ਮਾਰਕਸਵਾਦੀ ਨਜ਼ਰੀਏ ਤੋਂ ਪੰਜਾਬੀ ਸੱਭਿਆਚਾਰ ਨੂੰ ਵਿਚਾਰਿਆ l ਇਸ ਆਲੋਚਕ ਦੀਆਂ ਅਕੱਟ ਦਲੀਲਾਂ ਜ਼ਮਾਨੇ ਨੂੰ ਰਾਸ ਨਾ ਆਈਆਂ l19ਮਈ 1989ਨੂੰ ਖਾਲਸਤਾਨੀਆਂ ਦੁਆਰਾ ਉਨ੍ਹਾਂ ਦੇ ਘਰ ਆ ਕੇ ਗੋਲੀ ਮਾਰ ਕਿ ਕਤਲ ਕਰ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਹਮੇਸ਼ਾ ਲਈ ਖਾਮੋਸ਼ ਕਰ ਦਿੱਤਾ ਗਿਆ l ਜੀਵਨ ਅਤੇ ਇਨਸਾਨੀ ਕਦਰਾਂ ਕੀਮਤਾਂ ਨੂੰ ਅੰਤਾਂ ਦੀ ਮੁਹੱਬਤ ਕਰਨ ਵਾਲਾ ਇਹ ਦਾਨਿਸ਼ਵਾਰ ਖੁਦ ਦਹਿਸ਼ਤਗਰਦੀ ਦਾ ਸ਼ਿਕਾਰ ਹੋਇਆ l ਰਵਿੰਦਰ ਰਵੀ ਦੇ ਯੋਗਦਾਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇੱਕ ਅਧਿਆਪਕ ਫੋਰਮ ਨੇ ਡਾ. ਰਵੀ ਦੇ ਨਾਮ ਤੇ ਡਾ. ਰਵਿੰਦਰ ਰਵੀ ਮੈਮੋਰੀਅਲ ਲੈਕਚਰ ਵੀ ਸ਼ੁਰੂ ਕੀਤਾ l ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵੱਲੋਂ ਵੀ ਡਾ. ਰਵਿੰਦਰ ਸਿੰਘ ਰਵੀ ਯਾਦਗਾਰੀ ਸਮਾਰੋਹ ਅਤੇ ਲੈਕਚਰ ਲੜੀ ਸ਼ੁਰੂ ਕੀਤੀ ਹੈ l[4]

ਯੋਗਦਾਨ :[ਸੋਧੋ]

ਡਾ. ਰਵਿੰਦਰ ਸਿੰਘ ਰਵੀ ਇੱਕ ਗੰਭੀਰ ਮਾਰਕਸਵਾਦੀ ਆਲੋਚਕ ਸੀ l ਉਸਨੇ ਪੰਜਾਬੀ ਚਿੰਤਨ ਨੂੰ ਸਿਖਰੀ ਨੁਕਤਿਆਂ ਉੱਪਰ ਪਹੁੰਚਾਇਆ l ਮੱਧਕਾਲੀਨ ਅਤੇ ਆਧੁਨਿਕ ਸਾਹਿਤ ਪ੍ਰਤੀ ਉਹਦੀ ਦ੍ਰਿਸ਼ਟੀ ਬੜੀ ਉਸਾਰੂ ਸੀ, ਉਹ ਅਗਰਗਾਮੀ ਵਿਚਾਰਧਾਰਾ ਨਾਲ ਜੁੜਿਆ ਹੋਇਆ ਸੀ ਤੇ ਹਰ ਟਿੱਪਣੀ ਲੋਕ ਹਿੱਤ ਪੈਂਤੜੇ ਤੋਂ ਤੋਂ ਪੇਸ਼ ਕਰਦਾ ਸੀ, ਸੰਕਲਪਾਂ ਪ੍ਰਤੀ ਸਪਸ਼ਟ ਹੋਣ ਸਦਕਾ ਉਨ੍ਹਾਂ ਦੀ ਵਿਆਖਿਆ ਉਹ ਬੜੇ ਸਾਦੇ ਢੰਗ ਨਾਲ ਕਰਦਾ ਹੈ l ਉਸਦੀਆਂ ਦੋ ਪੁਸਤਕਾਂ 'ਅਮਰੀਕਾ ਦੀ ਨਵੀਨ ਆਲੋਚਨਾ ਪ੍ਰਣਾਲੀ (1982)'ਅਤੇ ਵਿਰਸਾ ਤੇ ਵਰਤਮਾਨ (1986)'ਆਪਣੇ ਪੂਰਵਲੀ ਚਿੰਤਨ ਪਰੰਪਰਾ ਤੋਂ ਅਸਲੋਂ ਵੱਖਰੇ ਮੌਲਿਕ ਸੁਭਾਅ ਦੀਆਂ ਹਨ l ਵੀਹਵੀਂ ਸਦੀ ਦੇ ਅੱਠਵੇਂ ਦਹਾਕੇ ਵਿੱਚ ਵੱਖ ਵੱਖ ਵਿਦਵਾਨ ਯੂਨੀਵਰਸਿਟੀਆਂ ਬੈਠੇ" ਵੱਡੀਆਂ ਪ੍ਰਾਪਤੀਆਂ" ਲਈ ਮੱਧਸ਼੍ਰੇਣਿਕ ਸਮਝੌਤਾਵਾਦੀ ਪੈਂਤੜਾ ਅਖਤਿਆਰ ਕਰੀ ਬੈਠੇ ਸਨ l ਇਮਾਨਦਾਰੀ ਨੂੰ ਤਿਆਗੀ ਬੈਠੇ ਸਨ l ਉਸ ਸਮੇਂ ਡਾ. ਰਵੀ ਨੇ ਗੰਭੀਰ ਚਿੰਤਨ ਵਿਰੋਧ ਤੇ ਸੰਵਾਦ ਛੇੜਿਆ l[5]

ਡਾ. ਰਵੀ ਦੀ ਆਲੋਚਨਾ ਦੇ ਖੇਤਰ ਵਿੱਚ ਦੇਣ ਦਾ ਮਹੱਤਵਪੂਰਨ ਪਾਸਾਰ ਪੱਛਮੀ ਚਿੰਤਨ -ਵਿਧੀਆਂ ਦੀ ਪੁਣ -ਛਾਣ ਕਰਨ ਨਾਲ ਸਬੰਧਤ ਹੈ l ਅਜਿਹੀ ਪਛਾਣ ਲਈ ਉਸ ਵੱਲੋਂ ਤਿਆਰ ਕੀਤਾ ਚੌਖਟਾ ਕਾਫ਼ੀ ਮਹੱਤਵਪੂਰਨ ਹੈ l ਇਸ ਚੌਖਟੇ ਵਿੱਚ ਉਸਨੇ ਪੰਜਾਬੀ ਆਲੋਚਨਾ ਦੇ ਸਿਧਾਂਤਿਕ ਤੇ ਸੱਭਿਆਚਾਰ ਪਰਿਪੇਖ ਦੇ ਪ੍ਰਸੰਗ ਵਿੱਚ ਪੱਛਮੀ ਆਲੋਚਨਾ -ਪ੍ਰਣਾਲੀਆਂ ਤੇ ਆਲੋਚਕਾਂ ਦੀ ਸਾਰਥਿਕਤਾ ਨੂੰ ਉਜਾਗਰ ਵੀ ਕੀਤਾ ਹੈ l ਇਸ ਤੋਂ ਇਲਾਵਾ ਵਿਸ਼ੇਸ਼ ਇਤਿਹਾਸਿਕ ਪਰਿਪੇਖ ਵਿੱਚੋਂ ਜਨਮ ਕਿ ਇਹ ਵਿਧੀਆਂ ਕਿੰਨਾ- ਕਿੰਨਾ ਸਿਧਾਂਤਕਾਰਾਂ ਦੇ ਕਿਸ ਪ੍ਰਕਾਰ ਦੇ ਸਿਧਾਂਤ ਨੂੰ ਜਨਮ ਦਿੰਦੀਆਂ ਹਨ, ਇਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਕਮਜ਼ੋਰੀਆਂ ਕੀ ਹਨ ਅਤੇ ਅਸਲ ਵਿੱਚ ਵਿਚਾਰਧਾਰਕ ਨੁਕਤਾ ਨਿਗ੍ਹਾ ਤੋਂ ਇਨ੍ਹਾਂ ਦੀ ਅਸਲੀਅਤ ਕੀ ਹੈ? ਆਦਿ ਨੁਕਤੇ ਪੱਛਮੀ ਆਲੋਚਨਾ ਪ੍ਰਣਾਲੀਆਂ ਦੇ ਪ੍ਰਸੰਗ ਵਿੱਚ ਡਾ. ਰਵੀ ਨੇ ਉਠਾਏ ਹਨ l ਪੱਛਮੀ ਸਿਧਾਂਤਾਂ ਦੀ ਪਿੱਠਭੂਮੀ ਸਿਧਾਂਤਕ ਤੇ ਇਤਿਹਾਸਿਕ ਪਰਿਪੇਖਾਂ ਨੂੰ ਉਸਨੇ ਪੂਰੀ ਸੁਹਿਰਦਤਾ ਨਾਲ ਪੜਤਾਲਿਆ ਹੈ l ਡਾ. ਰਵੀ ਦੀ ਵੱਡੀ ਪ੍ਰਾਪਤੀ ਪ੍ਰਣਾਲੀਆਂ ਦੀਆਂ ਸੀਮਾਵਾਂ ਨੂੰ ਪਛਾਨਣ ਵਿੱਚ ਹੀ ਮਿਥੀ ਜਾ ਸਕਦੀ ਹੈ l
ਡਾ. ਰਵੀ ਵੱਲੋਂ ਅਮਰੀਕੀ ਨਵਲੋਚਨਾ ਦੀਆਂ ਸੀਮਾਵਾਂ ਸੰਬੰਧੀ ਪਛਾਣੇ ਕੁਝ ਮੁੱਲਵਾਨ ਨੁਕਤੇ ਹਨ l 'ਵਿਰਸਾ ਅਤੇ ਵਰਤਮਾਨ 'ਵਿਚਲੇ ਦੋ ਮਜਮੂਨਾਂ "ਪੰਜਾਬੀ ਆਲੋਚਨਾ ਅਤੇ ਰੋਲਾਂ ਬਾਰਤ (1-2)"ਵਿੱਚ ਉਹ ਵਾਰ ਵਾਰ ਇਨ੍ਹਾਂ ਨੁਕਤਿਆਂ ਉੱਪਰ ਬਲ ਦਿੰਦਾ ਹੈ l ਅੰਤਰਮੁੱਖਤਾ ਵਿਅਕਤੀਵਾਦ, ਗੁੱਟਬੰਦੀ ਵਿਵੇਕਹੀਣ, ਭਾਸ਼ਾ ਵਿਗਿਆਨ, ਸਮਾਜ ਸ਼ਾਸਤਰ ਦੇ ਸਹੀ ਤੇ ਨਵੀਨ ਗਿਆਨ ਦੀ ਘਾਟ ਅਤੇ ਇਤਿਹਾਸਿਕ -ਦਾਰਸ਼ਨਿਕ ਪ੍ਰਬੰਧ ਦੀ ਸੂਝ ਤੋਂ ਵਿਛੁਨੀ ਪੰਜਾਬੀ ਆਲੋਚਨਾ ਦੇ ਮੂਲ ਲੱਛਣਾਂ ਤੇ ਇਨ੍ਹਾਂ ਸਦਕਾ ਫੈਲੀ ਅਰਾਜਕਤਾ ਦੀ ਪਛਾਣ ਉਸਨੇ ਇਨ੍ਹਾਂ ਮਜ਼ਮੂਨਾਂ ਵਿੱਚ ਕੀਤੀ ਹੈ l[5]
ਜਿੱਥੇ ਡਾ. ਰਵੀ ਨੇ ਸਾਹਿਤ ਆਲੋਚਨਾ ਤੇ ਚਿੰਤਨ ਪ੍ਰਣਾਲੀ ਨੂੰ ਵਿਚਾਰਧਾਰਕ ਪੈਂਤੜੇ ਤੋਂ ਉਸ ਦੀ ਪਛਾਣ ਕਰਕੇ ਉਸਨੂੰ ਆਪਣੇ ਸੱਭਿਆਚਾਰ ਦੇ ਮੂਲ ਸੁਭਾਅ ਤੇ ਲੋਕਾਂ ਅਨੁਸਾਰ ਗ੍ਰਹਿਣ ਕਰਨ ਤੇ ਬਲ ਦਿੱਤਾ ਉਥੇ ਉਸਦਾ ਦੂਸਰਾ ਪ੍ਰਮੁੱਖ ਬਲ ਪੰਜਾਬੀ ਦੀ ਮਾਰਕਸਵਾਦੀ ਤੇ ਰੂਪਵਾਦੀ ਆਲੋਚਨਾ ਦੀਆਂ ਸੀਮਾਵਾਂ ਪਛਾਨਣ ਉੱਪਰ ਵੀ ਸੀ l ਬੁਨਿਆਦੀ ਤੌਰ ਉੱਪਰ ਵਿਗਿਆਨਕ ਤੇ ਤਾਰਕਿਕ ਦ੍ਰਿਸ਼ਟੀ ਦਾ ਧਾਰਨੀ ਹੋਣ ਸਦਕਾ "ਪੰਜਾਬੀ ਆਲੋਚਨਾ " ਅੱਗੇ ਲੱਗਾ 'ਮਾਰਕਸਵਾਦੀ ਵਿਸ਼ੇਸ਼ਣ 'ਕਦੇ ਵੀ ਉਹਦੇ ਲਈ ਧਰਮ ਵਰਗੀ ਸ਼ੈਅ ਨਹੀਂ ਬਣਿਆ l ਉਸਨੇ ਉਸਨੂੰ ਆਪਣੀ ਇਮਾਨ ਦਾ ਮੌਜੂ ਬਣਾਉਣ ਦੀ ਬਜਾਏ ਤਨਕੀਦ ਦਾ ਵਿਸ਼ਾ ਬਣਾਇਆ l 
ਪੂਰਵਲੀ ਆਲੋਚਨਾ ਚਾਹੇ ਉਹ ਮਾਰਕਸਵਾਦੀ ਹੋਵੇ, ਪ੍ਰਯੋਗਵਾਦੀ ਹੋਵੇ ਜਾਂ ਰੂਪਵਾਦੀ /ਸੰਰਚਨਾਵਾਦੀ ਨੂੰ ਪੂਰੀ ਤਰ੍ਹਾਂ ਸਮਝ ਕਿ, ਉਸ ਨਾਲ ਵਿਰੋਧ ਤੇ ਸੰਵਾਦ ਦਾ ਰਿਸ਼ਤਾ ਸਥਾਪਿਤ ਕਰਕੇ ਉਹ ਪੰਜਾਬੀ ਲੋਕ ਚੇਤਨਾ ਅਤੇ ਸੰਸਕ੍ਰਿਤੀ ਅਨੁਕੂਲ ਅਜਿਹਾ ਆਲੋਚਨਾ ਮਾਡਲ ਉਸਾਰਨ ਲਈ ਯਤਨਸ਼ੀਲ ਰਿਹਾ, ਜਿਹੜਾ ਮਾਰਕਸਵਾਦ ਦੀਆਂ ਸੀਮਾਵਾਂ ਵਿਸ਼ਾਲ ਸੰਭਾਵਨਾਵਾਂ ਨੂੰ ਆਪਣੇ ਘੇਰੇ ਵਿੱਚ ਸਮੇਟ ਸਕੇ l
ਡਾ. ਰਵਿੰਦਰ ਰਵੀ ਨੇ ਮੱਧਕਾਲੀ ਸਾਹਿਤ ਦੀ ਵਿਆਖਿਆ, ਵਿਸ਼ਲੇਸ਼ਣ ਤੇ ਮੁਲਾਂਕਣ ਵੇਲੇ ਜਿੱਥੇ ਕਿਸ਼ਨ ਸਿੰਘ ਦੀਆਂ ਧਾਰਨਾਵਾਂ ਨੂੰ ਇਨ -ਬਿਨ ਅਪਣਾਇਆ, ਉਥੇ ਆਧੁਨਿਕ ਸਾਹਿਤ ਪ੍ਰਤੀ ਉਸਦੀਆਂ ਧਾਰਨਾਵਾਂ ਮੌਲਿਕ ਵੀ ਹਨ ਤੇ ਤਾਰਕਿਕ ਵੀ l ਅਰਥਾਤ ਆਧੁਨਿਕ ਸਾਹਿਤ ਦੀ ਵਿਆਖਿਆ ਸਮੇਂ ਉਹ ਪ੍ਰੋ. ਕਿਸ਼ਨ ਸਿੰਘ ਦੀ ਵਾਂਗ ਖੰਡਨੀ ਬਿਰਤੀ ਦਾ ਸ਼ਿਕਾਰ ਨਹੀਂ ਹੋਇਆ l ਇਸ ਪ੍ਰਸੰਗ ਵਿੱਚ ਉਸਦੇ ਲੇਖ "ਪੰਜਾਬੀ ਕਾਵਿਤਾ ਦਾ ਵਿਕਾਸ -ਰੁਖ (1970-75)"ਅਤੇ "ਜੁਝਾਰ ਕਾਵਿ ਧਾਰਾ :ਇੱਕ ਪੁਨਰ ਮੁਲਾਂਕਣ "ਵਿਸ਼ੇਸ਼ ਤੌਰ ਤੇ ਧਿਆਨ ਯੋਗ ਹਨ l ਉਹ ਸੱਭਿਆਚਾਰ ਦੀ ਤਤਕਾਲੀਨ ਸਥਿਤੀ, ਇਸ ਰਚਨਾ ਦੇ ਮੁਹਾਵਰੇ, ਅਸਲ ਅਰਥਾਂ ਅਤੇ ਮਾਰਕਸਵਾਦੀ ਵਿਸ਼ਵ ਦ੍ਰਿਸ਼ਟੀ ਆਦਿ ਨੁਕਤਿਆਂ ਵਿਚਾਲੇ ਇੱਕ ਸਮਤੋਲ ਸਥਾਪਿਤ ਕਰਕੇ ਸਿੱਟਿਆਂ ਨੂੰ ਪੇਸ਼ ਕਰਦਾ ਹੈ l[6]
ਪੁਸਤਕਾਂ :[ਸੋਧੋ]

1.ਪੰਜਾਬੀ ਰਾਮ ਕਾਵਿ ਦਾ ਆਲੋਚਨਾਤਮਕ ਅਧਿਐਨ

2.ਅਮਰੀਕਾ ਦੀ ਨਵੀਨ ਆਲੋਚਨਾ ਪ੍ਰਣਾਲੀ (1982)

3. ਵਿਰਸਾ ਤੇ ਵਰਤਮਾਨ (1986)

4.ਰਵੀ ਚੇਤਨਾ (1991)

ਸਿੱਟਾ :[ਸੋਧੋ]

ਡਾ. ਰਵਿੰਦਰ ਸਿੰਘ ਰਵੀ ਦਾ ਆਲੋਚਨਾ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਹੈ l ਡਾ. ਰਵੀ ਦਾ ਚਿੰਤਨ -ਸਫ਼ਰ 'ਪੰਜਾਬੀ ਰਾਮ ਕਾਵਿ ਦੇ ਆਲੋਚਨਾਤਮਕ ਅਧਿਐਨ ਤੋਂ ਸ਼ੁਰੂ ਹੋ ਕਿ ਰਵੀ ਚੇਤਨਾ ਤੱਕ ਅੱਪੜਿਆ l ਡਾ. ਰਵੀ ਦੂਸਰੇ ਪੜਾਅ ਦਾ ਮਾਰਕਸਵਾਦੀ ਪੰਜਾਬੀ ਆਲੋਚਨਾ ਦਾ ਪ੍ਰਤੀਨਿਧ ਹਸਤਾਖਰ ਵਜੋਂ ਉੱਭਰ ਕਿ ਸਾਹਮਣੇ ਆਇਆ l ਉਸਨੇ ਆਪਣੇ ਤੋਂ ਪੂਰਵਲੀ ਪਹਿਲੇ ਪੜਾਅ ਦੀ ਮਾਰਕਸਵਾਦੀ ਸਮੀਖਿਆ ਨਾਲ ਸੰਵਾਦ ਰਚਾ ਕਿ ਉਸਦੇ ਮਕਾਨਕੀ, ਸਿੱਧੜ ਅਤੇ ਅਰੋਪਣ -ਮੁਖੀ ਪਸਾਰਾਂ ਨੂੰ ਸਾਹਮਣੇ ਲਿਆਂਦਾ l

ਸਾਹਿਤ ਅਧਿਐਨ ਲਈ ਪਿਛੋਕੜ ਦੇ ਮਹੱਤਵ ਨੂੰ ਪਛਾਣਦੇ ਹੋਏ ਉਸਨੇ ਭਾਰਤ ਸਮੇਤ ਪੰਜਾਬ ਦੀ ਸੱਭਿਆਚਾਰ ਸਥਿਤੀ, ਨਵੇਕਲੇ ਆਰਥਿਕ ਵਿਕਾਸ ਅਤੇ ਇਤਿਹਾਸਕ ਵਿਕਾਸ ਪ੍ਰਕ੍ਰਿਆ ਦੀ ਵੱਖਰਤਾ ਉੱਪਰ ਬਲ ਦਿੱਤਾ ਅਤੇ ਇਸ ਦੀ ਪਛਾਣ ਲਈ ਇਤਿਹਾਸਿਕ ਦਵੰਤਵਾਦੀ ਅਤੇ ਨਿੱਗਰ ਸਾਮਿਅਕ ਪ੍ਰਸੰਗਾਂ ਤੋਂ ਸਹਾਇਤਾ ਲਈ l ਉਹ ਪੱਛਮੀ ਚਿੰਤਨ ਤੇ ਚਿੰਤਕਾਂ ਨੂੰ ਉਨ੍ਹਾਂ ਦੇ ਵਿਸ਼ੇਸ਼ ਸਮਾਜਿਕ, ਇਤਿਹਾਸਿਕ ਅਤੇ ਵਿਚਾਰਧਾਰਿਕ ਪ੍ਰਸੰਗਾਂ ਵਿੱਚ ਸਮਝਣ ਅਤੇ ਪੰਜਾਬੀ ਸੱਭਿਆਚਾਰ ਦੀਆਂ ਲੋੜਾਂ ਅਨੁਸਾਰ ਗ੍ਰਹਿਣ ਕਰਨ ਦੇ ਵਿਚਾਰ ਦਾ ਹਾਮੀ ਸੀ l ਮੱਧਕਾਲੀਨ ਪੰਜਾਬੀ ਸਾਹਿਤ ਨੂੰ ਉਸਨੇ (ਪ੍ਰੋ. ਕਿਸ਼ਨ ਸਿੰਘ ਵਾਂਗ )ਮਹਾਨ,

ਪ੍ਰਮਾਣਿਕ ਅਤੇ ਇਨਕਲਾਬੀ ਸਾਹਿਤ ਸਾਬਿਤ ਕੀਤਾ l ਆਧੁਨਿਕ ਪੰਜਾਬੀ ਸਾਹਿਤ ਨੂੰ ਉਸਨੇ ਇਤਿਹਾਸਿਕ ਪ੍ਰਸਥਿਤੀਆਂ, ਵਿਚਾਰਧਾਰਕ ਪ੍ਰਸੰਗਾਂ, ਵਿਸ਼ਵ ਦ੍ਰਿਸ਼ਟੀਕੋਣ ਅਤੇ ਸੁਹਜ ਮੁੱਲਾਂ ਆਦਿ ਦੀ ਮਦਦ ਨਾਲ ਬਹੁ -ਕੋਣਾ ਤੋਂ ਪਰਖਿਆ -ਜੋਖ਼ਿਆ l ਸਾਹਿਤ ਨੂੰ ਜਿੰਦਗੀ ਦੇ ਅਹਿਸਾਸ ਦਾ ਢੰਗ ਅਤੇ ਉਸਨੂੰ ਪ੍ਰਤੀਕਮਈ ਅਟਕਲ ਨਾਲ ਚਿਤਰਨ ਦਾ ਜ਼ਰੀਆ ਮੰਨਦੇ ਹੋਏ ਉਸ ਜੁਝਾਰੂ ਵਿਦਰੋਹੀ ਕਾਵਿ ਅਤੇ ਪੰਜਾਬ ਸੰਤਾਪ ਸੰਬੰਧੀ ਲਿਖੀ ਸ਼ਾਇਰੀ ਬਾਰੇ ਪ੍ਰਮਾਣਿਕ ਸਥਾਪਨਾਵਾਂ ਪੇਸ਼ ਕੀਤੀਆਂ l ਇਸ ਤਰ੍ਹਾਂ ਡਾ. ਰਵਿੰਦਰ ਰਵੀ ਨੇ ਆਲੋਚਨਾ ਦੇ ਖੇਤਰ ਵਿੱਚ ਬਹੁਤ ਯੋਗਦਾਨ ਪਾਇਆ ਹੈ l

  1. ਡਾ. ਰਵਿੰਦਰ ਸਿੰਘ ਰਵੀ ਦਾ ਚਿੰਤਨ ਸ਼ਾਸਤਰ,ਸੰਪਾਦਕ ਹਰਭਜਨ ਸਿੰਘ ਭਾਟੀਆ, page no 37
  2. ਪੱਛਮੀ ਕਾਵਿ ਸਿਧਾਂਤ, ਸੰਪਾਦਕ ਡਾ. ਜਸਵਿੰਦਰ ਸਿੰਘ ਸੈਣੀ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ, page no, 119
  3. ਪੱਛਮੀ ਕਾਵਿ ਸਿਧਾਂਤ, ਸੰਪਾਦਕ ਡਾ. ਜਸਵਿੰਦਰ ਸਿੰਘ ਸੈਣੀ, ਪਬਲੀਕੇਸ਼ਨ ਬਿਉਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ, page no 119
  4. ਡਾ ਰਵਿੰਦਰ ਸਿੰਘ ਰਵੀ ਲੈਕਚਰ ਅਤੇ ਸਮਾਰੋਹ, ਡਾ ਬਲਦੇਵ ਸਿੰਘ ਧਾਲੀਵਾਲ, ਪੰਜਾਬੀ ਯੂਨੀਵਰਸਿਟੀ ਪਟਿਆਲਾ
  5. 5.0 5.1 ਡਾ. ਰਵਿੰਦਰ ਸਿੰਘ ਰਵੀ ਦਾ ਚਿੰਤਨ ਸ਼ਾਸਤਰ,ਸੰਪਾਦਕ ਹਰਭਜਨ ਸਿੰਘ ਭਾਟੀਆ page no 38
  6. ਡਾ. ਰਵਿੰਦਰ ਸਿੰਘ ਰਵੀ ਦਾ ਚਿੰਤਨ ਸ਼ਾਸਤਰ,ਸੰਪਾਦਕ ਹਰਭਜਨ ਸਿੰਘ ਭਾਟੀਆ