ਅਸਤਿਤ੍ਵਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਅਸਤਿਤ੍ਵਵਾਦ ਜਾਂ ਹੋਂਦ ਇੱਕ ਵਿਚਾਰਧਾਰਾ ਹੈ ਜੋ 19ਵੀਂ ਅਤੇ 20ਵੀਂ ਸਦੀ ਦੇ ਕੁੱਝ ਚਿੰਤਕਾਂ ਦੀਆਂ ਰਚਨਾਵਾਂ ਵਿੱਚ ਵੇਖੀ ਜਾਂਦੀ ਹੈ। ਅਸਤਿਤ੍ਵਵਾਦ ਅੰਗਰੇਜ਼ੀ ਦੇ ਸ਼ਬਦ 'Existence' ਦੇ ਮੇਲ ਤੋਂ ਬਣਿਆ ਸ਼ਬਦ ਹੈ। ਅਸਤਿਤ੍ਵਵਾਦ ਦੇ ਸਮਾਨਰਥੀ ਸ਼ਬਦ ਹਨ- ਹੋਂਦ, ਮੌਜੂਦਗੀ ਅਤੇ ਸਥਿਤੀ, ਛਣ ਆਦਿ। Existentialism ਸ਼ਬਦ ਦੀ ਵਿਉਂਤਪਤੀ ਫਰਾਂਸੀਸੀ ਸ਼ਬਦ Existentialism ਤੋਂ ਹੋਈ ਹੈ। ਅਸਤਿਤ੍ਵਵਾਦ ਦਰਸ਼ਨ ਅਨੁਸਾਰ ਅਸਤਿਤਵਵਾਦ ਦੇ ਅਧੀਨ ਮਨੁੱਖ ਹੀ ਆਉਂਦਾ ਹੈ। ਸਭ ਤੋਂ ਪਹਿਲਾਂ ਮਨੁੱਖ ਅਸਤਿਤਵ ਗ੍ਰਹਿਣ ਕਰਦਾ ਹੈ, ਜੂਝਦਾ ਹੈ, ਦੁਨੀਆ ਵਿੱਚ ਆਪਣੀ ਥਾਂ ਬਣਾਉਂਦਾ ਹੈ ਅਤੇ ਇਸ ਤੋਂ ਬਾਅਦ ਆਪਣੇ ਆਪ ਨੂੰ ਪਰਿਭਾਸ਼ਿਤ ਕਰਦਾ ਹੈ। ਅਸਤਿਤਵਾਦ ਦਾ ਅਰਥ ਵਿਸਥਾਰ Existence precedes essence ਦੇ ਦੁਆਲੇ ਘੁੰਮਦਾ ਹੈ। 20ਵੀਂ ਸਦੀ ਦੇ ਆਰੰਭ ਵਿੱਚ ਅਸਤਿੱਤਵਵਾਦੀ ਇੱਕ ਤਰ੍ਹਾਂ ਨਾਲ ਪੁਨਰ ਅਨਵੇਸ਼ਣ ਹੁੰਦਾ ਹੈ। ਅਸਤਿਤਵਵਾਦ ਇੱਕ ਸਮਾਜਿਕ ਮੱਤ ਹੈ, ਜਿਸ ਦੀ ਨੀਂਹ ਨਿਰੋਲ ਵਿਅਕਤੀਵਾਦ ਤੇ ਟਿਕੀ ਹੋਈ ਹੈ। ਅਸਤਿਤਵਵਾਦ ਮੂਲ ਰੂਪ ਵਿੱਚ ਮਨੁੱਖ ਨਾਲ ਸੰਬੰਧਿਤ ਹੈ। ਅਸਤਿਤਵਵਾਦ ਅਸਲ ਵਿੱਚ ਪ੍ਰਕਿਰਤੀ ਤੋਂ ਨਹੀਂ ਮਨੁੱਖ ਤੋਂ ਆਰੰਭ ਹੁੰਦਾ ਹੈ। ਇਹ ਆਰੰਭ ਚਿੰਤਤ-ਮਨਨਸ਼ੀਲ ਮਨੁੱਖ ਨਾਲੋਂ ਵਧੇਰੇ ਅਸਤਿਤਵਸ਼ੀਲ ਮਨੁੱਖ ਤੋਂ ਹੁੰਦਾ ਹੈ।

ਸੰਸਾਰ ਵਿੱਚ ਮਨੁੱਖ ਜਾਤੀ ਹੀ ਹੈ ਜੋ ਚਿੰਤਨਸ਼ੀਲ ਹੁੰਦੇ ਹੋਏ ਮਨੁੱਖ ਨੂੰ ਆਪਣੇ ਅਸਤਿੱਤਵ ਦਾ ਅਹਿਸਾਸ ਕਰਾਉਂਦੀ ਹੈ। ਉਸ ਦੀ ਮੈਂ, ਮੇਰਾ ਉਸ ਨੂੰ ਬਾਕੀ ਜਗਤ ਨਾਲੋਂ ਵਿਲੱਖਣ ਕਰਦਾ ਹੈ। ਮਨੁੱਖ ਮੂਲ ਰੂਪ ਵਿੱਚ ਇਕੱਲਾ ਹੁੰਦਾ ਹੈ। ਅਸਤਿਤਵਵਾਦੀ ਸਮੂਹਿਕਤਾ ਨੂੰ ਪ੍ਰਵਾਨ ਨਹੀਂ ਕਰਦਾ। ਅਸਤਿਤਵਵਾਦੀਆਂ ਅਨੁਸਾਰ ਸਮੂਹਕਤਾ ਵਿਅਕਤੀ ਦੀ ਵਿਅਕਤੀਗਤ ਸਮੂਹਕਤਾ ਨੂੰ ਬਰਬਾਦ ਕਰਦੀ ਹੈ। ਸਮੂਹਕਤਾ ਬੰਦੇ ਉੱਪਰ ਭਾਰੂ ਹੁੰਦੀ ਹੈ। ਇਹ ਉਸ ਦੀ ਆਜ਼ਾਦੀ ਵਿੱਚ ਰੁਕਾਵਟ ਬਣਦੀ ਹੈ। ਮਨੁੱਖ ਵਿੱਚ ਅਜਿਹੀ ਇੱਕ ਤਾਕਤ ਹੁੰਦੀ ਹੈ ਜਿਸ ਨੂੰ ਕਦੇ ਵੀ ਖ਼ਤਮ ਨਹੀਂ ਕੀਤਾ ਜਾ ਸਕਦਾ ਜਾਂ ਉਸ ਨੂੰ ਕਦੇ ਬਦਲਿਆ ਨਹੀਂ ਜਾ ਸਕਦਾ, ਉਸ ਨੂੰ Chora ਆਖਦੇ ਹਨ। ਇਹ ਮੂਲ ਮਨੁੱਖੀ ਤੱਤ ਹੈ ਜੋ ਔਰਤਾਂ ਵਿੱਚ ਬੰਦਿਆਂ ਨੂੰ ਜ਼ਿਆਦਾ ਹੁੰਦਾ ਹੈ। ਹੋਰ ਵਸਤੂਆਂ ਦੀ ਸ਼ਕਤੀ ਆਪਣੇ ਬਾਰੇ ਕੁਝ ਨਹੀਂ ਜਾਣਦੀ ਇਹੋ ਕਾਰਨ ਹੈ ਕਿ ਮਨੁੱਖ ਉਸ ਨੂੰ ਕਾਬੂ ਵਿੱਚ ਰੱਖਣ ਲਈ ਤਿਆਰ ਰਹਿੰਦਾ ਹੈ।

Standard Dictionary of the English Language ਵਿੱਚ ਲਿਖਿਆ ਹੈ

ਅਸਤਿਤਵਵਾਦ ਵੀਹਵੀਂ ਸਦੀ ਦਾ ਦਾਰਸ਼ਨਿਕ ਵਾਦ ਜੋ ਕਿਰਕੇਗਾਰਦ ਅਤੇ ਨੀਤਸ਼ੇ ਕਰਕੇ ਵਿਕਸਿਆ ਅਤੇ ਫਰਾਂਸ ਵਿੱਚ ਸਾਰਤ੍ਰ ਕਰਕੇ ਫੈਲਿਆ ਇਹ ਵਾਦ ਕਾਰਨ ਨਾਲੋਂ ਮਨੁੱਖੀ ਇਰਾਦੇ ਦੀ ਸ਼ਮੂਲੀਅਤ ਤੇ ਬਲ ਦਿੰਦਾ ਹੈ ਅਤੇ ਸਮੱਸਿਆਵਾਂ ਨਾਲ ਸੰਘਰਸ਼ਸ਼ੀਲ ਹੋਣ ਲਈ ਉਤੇਜਿਤ ਕਰਦਾ ਹੈ

ਅਸਤਿਤਵਵਾਦ ਸਿੱਧੇ ਤੌਰ 'ਤੇ ਮਾਨਵੀ ਅਸਤਿਤਵ ਨਾਲ ਸਬੰਧ ਰੱਖਦਾ ਹੈ। ਮਾਨਵ ਦੀਆਂ ਮਨੋ-ਗ੍ਰੰਥੀਆਂ ਦੀ ਪੇਸ਼ਕਾਰੀ ਅਤੇ ਉਹਨਾਂ ਦਾ ਸਮਾਧਾਨ ਇੱਕ ਦਾਰਸ਼ਨਿਕ ਪਦ ਦਾ ਪ੍ਰਯੋਜਨ ਹੈ। ਅਸਤਿਤਵਵਾਦ ਮਨੁੱਖ ਦੀ ਆਜ਼ਾਦੀ ਦੀ ਗੱਲ ਕਰਦਾ ਹੈ। ਉਹ ਸਮੂਹਕਤਾ ਨੂੰ ਪ੍ਰਵਾਨ ਨਹੀਂ ਕਰਦਾ। ਅਸਤਿਤਵਾਦੀ ਮਿਥਿਹਾਸ ਵਿੱਚ ਮਨੁੱਖ ਦੇ ਸਵੈ ਪਛਾਣ ਦੇ ਪ੍ਰਥਮ ਹੰਭਲੇ ਦਾ ਪਛਾਣ ਚਿੰਨ੍ਹ ਲੱਭਦਾ ਹੈ।

ਡਾ. ਮਨਜੀਤ ਸਿੰਘ, 20ਵੀਂ ਸਦੀ ਦੀ ਪੰਜਾਬੀ ਕਵਿਤਾ: ਵਿਚਾਦ ਤੇ ਵਿਸ਼ਲੇਸ਼ਣ, ਪੰਨਾ-203

ਅਸਤਿਤਵਵਾਦ ਦਾ ਇਤਿਹਾਸਕ ਪਰਿਪੇਖ

ਅਸਤਿਤਵਵਾਦੀ ਚਿੰਤਨ ਦਾ ਆਰੰਭ ਭਾਵੇਂ ਉੱਨੀਵੀਂ ਸਦੀ ਵਿੱਚ ਹੋਇਆ ਪਰ ਅਸਤਿਤਵਵਾਦੀ ਦਰਸ਼ਨ ਦੇ ਪੂਰਵ ਚਿੰਨ੍ਹ ਪ੍ਰਾਚੀਨ ਕਾਲ ਤੋਂ ਹੀ ਲੱਭਣੇ ਸ਼ੁਰੂ ਹੋ ਜਾਂਦੇ ਹਨ। ਆਧੁਨਿਕ ਅਸਤਿਤਵਾਦ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਇਸ ਦੇ ਜਨਮ ਲਈ ਪਿੱਠ ਭੂਮੀ ਪਹਿਲਾਂ ਹੀ ਤਿਆਰ ਹੋ ਚੁੱਕੀ ਸੀ। ਉੱਨੀਵੀਂ ਸਦੀ ਵਿੱਚ ਇਹ ਉੱਘੜਵੇਂ ਰੂਪ ਵਿੱਚ ਪ੍ਰਕਾਸ਼ਮਾਨ ਹੁੰਦਾ ਦਿਖਾਈ ਦਿੰਦਾ ਹੈ। ਅਸਤਿਤਵਵਾਦ ਦਾ ਇਤਿਹਾਸ ਮਨੁੱਖ ਜਿੰਨਾ ਹੀ ਪੁਰਾਣਾ ਹੈ। ਅਸਤਿੱਤਵ ਮਨੁੱਖ ਦੀ ਉਤਪਤੀ ਬਾਰੇ ਯਹੂਦੀ ਵੇਰਵਿਆਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ, ਜਿਹਨਾਂ ਵਿੱਚ ਇਹ ਦੱਸਿਆ ਗਿਆ ਹੈ ਕਿ ਪਰਮਾਤਮਾ ਨੇ ਧਰਤੀ ਤੇ ਮਨੁੱਖ ਨੂੰ ਕਿਵੇਂ ਪੈਦਾ ਕੀਤਾ ਹੈ ਅਤੇ ਉਸ ਵਿੱਚ ਜ਼ਿੰਦਗੀ ਤੇ ਰੂਹ ਭਰੀ। ਇਨ੍ਹਾਂ ਵੇਰਵਿਆਂ ਵਿੱਚ ਮਨੁੱਖ ਦੀ ਆਤਮ ਪਛਾਣਨ ਦੀ ਅਣਬੁਝ ਜਗਿਆਸਾ, ਤਣਾਓ ਅਤੇ ਵਿਰੋਧ ਭਾਸ਼ਾ ਪ੍ਰਤੀ ਉਸਦੀ ਅਸਤਿਤਵਮੂਲਕ ਜਾਗਰੂਕਤਾ, ਉਸ ਵਿੱਚ ਆਜ਼ਾਦੀ ਪ੍ਰਾਪਤੀ ਕਰਨ ਦੀ ਇੱਛਾ, ਸਸੀਮਤਾ ਅਤੇ ਗੁਨਾਹ ਦਾ ਅਹਿਸਾਸ, ਮੌਤ ਦਾ ਡਰ ਆਦਿ ਜਜ਼ਬਿਆਂ ਨੂੰ ਅਭਿਵਿਅਕਤੀ ਮਿਲਦੀ ਹੈ। ਇਹ ਮਨੁੱਖ ਦੀ ਆਪਣੇ ਅਸਤਿੱਤਵ ਪ੍ਰਤੀ ਸੋਝੀ ਨੂੰ ਮਿਥਿਹਾਸਕ ਬਿੰਬਾਂ ਦੇ ਮਾਧਿਅਮ ਦੁਆਰਾ ਪ੍ਰਗਟਾਉਣ ਦਾ ਪਰਾ-ਦਾਰਸ਼ਨਿਕ ਯਤਨ ਹੈ। ਮਿਥਿਹਾਸ ਉੱਤੇ ਅਸਤਿੱਤਵਵਾਦੀ ਵਿਆਖਿਆ ਵਿਧੀਆਂ ਲਾਗੂ ਹੋਣ ਨਾਲ ਅਰਥਾਂ ਦਾ ਇੱਕ ਨਵਾਂ ਪਸਾਰ ਖੁੱਲ੍ਹਣ ਦੇ ਨਾਲ ਨਾਲ ਆਦਿਮ ਮਨੁੱਖ ਦੀ ਆਤਮਾ ਪਛਾਣ ਵਿਚਲੀ ਜਟਿਲਤਾ ਦੀ ਨੁਹਾਰ ਵੀ ਨਵੇਂ ਅਤੇ ਉੱਘੜਵੇਂ ਰੂਪ ਵਿੱਚ ਪ੍ਰਕਾਸ਼ਮਾਨ ਹੋਈ ਹੈ। ਅਠਾਰਵੀਂ ਅਤੇ ਉਨੀਵੀਂ ਸਦੀ ਵਿੱਚ ਮਿਥਿਹਾਸਕ ਕਥਾਵਾਂ ਨੂੰ ਤਾਰਕਿਕ ਰੂਪ ਦੇਣ ਦੇ ਯਤਨ ਹੁੰਦੇ ਰਹੇ।

ਮਿਥਿਹਾਸਕ ਯੁੱਗ ਤੋਂ ਮਗਰੋਂ ਪ੍ਰਾਚੀਨ ਦਰਸ਼ਨ ਦਾ ਯੁੱਗ ਆਉਂਦਾ ਹੈ। ਇਹ ਉਹ ਯੁਗ ਸੀ ਜਦੋਂ ਮਨੁੱਖ ਮਿਥਿਹਾਸ ਦੇ ਸੁਪਤ ਜਗਤ ਦੀ ਸਥਿਤੀ ਵਿੱਚੋਂ ਬਾਹਰ ਨਿਕਲਿਆ, ਜਦੋਂ ਉਸ ਦੀ ਚੇਤਨਾ ਤਿੱਖੀ ਹੋਣੀ ਆਰੰਭ ਹੋਈ। ਇਸ ਕਾਲ ਵਿੱਚ ਅਸਤਿਤਵਵਾਦੀ ਵਿਸ਼ੇ ਜੋ ਮਿਥਿਹਾਸਕ ਕਥਾਵਾਂ ਵਿੱਚ ਪਹਿਲਾਂ ਤੋਂ ਹੀ ਮੌਜੂਦ ਸਨ, ਹੋਰ ਵੀ ਜ਼ਿਆਦਾ ਸਪਸ਼ਟ ਹੋ ਗਏ। ਜੈਸਪਰਜ਼ ਨੇ ਇਸ ਕਾਲ ਨੂੰ ਧਰੁਈ ਕਾਲ ਦਾ ਨਾਮ ਦਿੱਤਾ। ਇਸ ਕਾਲ ਦੇ ਤਿੰਨ ਸੰਸਕ੍ਰਿਤਕ ਖੇਤਰ ਨਬੀਆਂ ਦੇ ਯੁੱਗ ਵਿੱਚ ਧਾਰਮਿਕ ਵਿਚਾਰਧਾਰਾ, ਲਾਸਕੀ ਯੂਨਾਨੀ ਸੰਸਕ੍ਰਿਤੀ ਅਤੇ ਪੂਰਬੀ ਧਰਮ ਦਰਸ਼ਨ ਵਿੱਚ ਅਸਤਿਤਵ ਦਰਸ਼ਨ ਨਾਲ ਸਬੰਧਿਤ ਨੁਕਤਿਆਂ ਉੱਪਰ ਵਿਚਾਰ ਪੇਸ਼ ਕੀਤੇ ਹਨ। ਗੁਨਾਹ, ਜ਼ਿੰਮੇਵਾਰੀ, ਮਾਨਵੀ ਹੋਂਦ ਦੇ ਅਸਲੇ ਦੀ ਭਾਲ, ਸਮੇਂ ਤੇ ਇਤਿਹਾਸ ਦੇ ਸੱਚ ਦੀ ਪਛਾਣ ਆਦਿ ਵਿਸ਼ਿਆਂ ਨੂੰ ਨਬੀਆਂ ਦੀਆਂ ਸਿੱਖਿਆਵਾਂ ਵਿੱਚ ਮਹੱਤਵਪੂਰਨ ਸਥਾਨ ਪ੍ਰਾਪਤ ਰਿਹਾ ਹੈ ਅਤੇ ਇਹ ਸਾਰੇ ਵਿਸ਼ੇ ਅਸਤਿਤਵਵਾਦੀ ਚਿੰਤਕਾਂ ਦੀ ਦਿਲਚਸਪੀ ਦਾ ਕੇਂਦਰ ਬਿੰਦੂ ਬਣੇ ਰਹੇ ਹਨ।

ਯੂਨਾਨੀ ਦਰਸ਼ਨ ਵਿੱਚ ਸੁਕਰਾਤ ਤੋਂ ਪਹਿਲਾਂ ਦੇ ਦਾਰਸ਼ਨਿਕਾਂ ਵਿੱਚ ਹਾਈਡਿਗਰ ਨੂੰ ਹੋਂਦ ਤੇ ਪਛਾਣ ਜਾਂ ਹੋਂਦ ਦੇ ਚਿੰਤਨ ਵਿਚਾਲੇ ਸਬੰਧਾਂ ਬਾਰੇ ਅੰਤਰ ਦ੍ਰਿਸ਼ਟੀ ਸ਼ਾਮਿਲ ਹੈ। ਸੁਕਰਾਤ ਦੇ ਵਿਚਾਰ ਅਨੁਸਾਰ ਪ੍ਰਕਿਰਤੀ ਦੀ ਥਾਂ ਤੇ ਮਨੁੱਖ ਦਾਰਸ਼ਨਿਕ ਸਰਵੇਖਣ ਦਾ ਵਿਸ਼ਾ ਬਣ ਗਿਆ। ਆਤਮ ਪੜਚੋਲ ਦਰਸ਼ਨ ਦੀ ਵਿਧੀ ਬਣ ਗਈ ਅਤੇ ਆਤਮ ਗਿਆਨ ਦਰਸ਼ਨ ਦੀ ਮੰਜ਼ਿਲ ਸਮਝੀ ਜਾਣ ਲੱਗੀ ਪੂਰਬੀ ਧਰਮ ਦਰਸ਼ਨ ਦੇ ਖੇਤਰ ਵਿੱਚ ਅਸਤਿਤਵਾਦ ਦੇ ਕੁਝ ਵਿਸ਼ੇ ਪੂਰਬੀ ਦਰਸ਼ਨ, ਵਿਸ਼ੇਸ਼ ਤੌਰ 'ਤੇ ਬੁੱਧ ਦਰਸ਼ਨ ਵਿੱਚ ਦ੍ਰਿਸ਼ਟੀਗੋਚਰ ਹੁੰਦੇ ਹਨ। ਇਨ੍ਹਾਂ ਵਿੱਚੋਂ ਹੋਂਦ, ਨਿਰਹੋਂਦ, ਤੌਖਲਾ ਆਦਿ ਵਿਸ਼ਿਆਂ ਦਾ ਖਾਸ ਤੌਰ 'ਤੇ ਜ਼ਿਕਰ ਕੀਤਾ ਗਿਆ ਹੈ।

ਭਾਵੇਂ ਕਿ ਅਸਤਿਤਵਾਦ ਉੱਨੀਵੀਂ ਅਤੇ ਵੀਹਵੀਂ ਸਦੀ ਦੇ ਵਿੱਚ ਉਪਜੀ ਵਿਚਾਰਧਾਰਾ ਹੈ, ਪ੍ਰੰਤੂ ਇਸ ਦੇ ਮੂਲ ਬੀਜ ਪ੍ਰਾਚੀਨ ਕਾਲ ਵਿੱਚ ਹੀ ਮਿਲਦੇ ਹਨ ਅਤੇ ਇਸ ਦਾ ਇਤਿਹਾਸ ਮਨੁੱਖ ਦੇ ਜਨਮ ਜਿੰਨਾ ਹੀ ਪੁਰਾਣਾ ਹੈ। ਜੈਸਪਰਜ਼ ਨੇ ਆਪਣੇ ਧੁਰਈ ਕਾਲ ਦੇ ਤੀਜੇ ਹਿੱਸੇ ਵਿੱਚ ਮੂਲ ਰੂਪ ਵਿੱਚ ਅਸਤਿਤਵਾਦ ਦੇ ਵਿਸ਼ਿਆਂ ਨੂੰ ਛੋਹਿਆ ਹੈ।

ਅਸਤਿਤਵਵਾਦ, ਗੁਰਚਰਨ ਸਿੰਘ ਅਰਸ਼ੀ, ਅਸਤਿਤਵਵਾਦ ਦਾ ਇਤਿਹਾਸਕ ਪਰਿਪੇਖ, ਪੰਨਾ-12-13

ਅਸਤਿਤਵਵਾਦੀ ਦੀਆਂ ਮੂਲ ਧਾਰਾਵਾਂ ਇਸ ਪ੍ਰਕਾਰ ਹਨ

1.     ਵਿਅਕਤੀ ਦੀ ਸਰਵ ਉੱਚ ਮਹੱਤਤਾ।

2.     ਸੰਵੇਗਸ਼ੀਲ ਜੀਵਨ ਨੂੰ ਪ੍ਰਮੁੱਖ ਵਾਹਕ ਵਜੋਂ ਪ੍ਰਵਾਨ ਕਰਨਾ।

3.     ਪਰੰਪਰਾਗਤ ਦਰਸ਼ਨ ਸ਼ਾਸਤਰ ਦੀ ਧਾਰਨਾ ਤੋਂ ਵਿਪਰੀਤ, ਜਿਸ ਵਿੱਚ ਤਰਕਸ਼ੀਲ ਬੌਧਿਕ ਤੱਤ ਨੂੰ ਮਨੁੱਖ ਮੰਨਿਆ ਜਾਂਦਾ ਹੈ।

4.     ਅਸਤਿਤਵਵਾਦੀ ਸੰਵੇਗਸ਼ੀਲ ਪ੍ਰਤੀਬੱਧਤਾ ਨਾਲ ਜਿਊਣ ਵਿੱਚ ਵਿਸ਼ਵਾਸ ਕਰਦੇ ਹਨ।

5.     ਮਨੁੱਖ ਸਵੈ ਦੀ ਆਜ਼ਾਦੀ ਦੀ ਮਹੱਤਤਾ। ਅਸਤਿਤਵਵਾਦੀ ਵਿਅਕਤੀਗਤ ਆਜ਼ਾਦੀ ਨੂੰ ਪ੍ਰਮੁੱਖ ਮੰਨਦੇ ਹਨ। ਇਹ ਆਜ਼ਾਦੀ ਰਾਜਨੀਤਿਕ ਅਤੇ ਸਵੈ ਇੱਛਾਵਾਂ ਦੀ ਆਜ਼ਾਦੀ ਹੈ। (ਇਸ ਵਿੱਚ ਵਿਅਕਤੀਗਤ ਆਜ਼ਾਦੀ ਅਤੇ ਤਰਕ ਹਮੇਸ਼ਾ ਬਹਿਸ ਦਾ ਮੁੱਦਾ ਰਹੀ ਹੈ।)

ਅਸਤਿਤਵਵਾਦ ਅਤੇ ਐਬਰਸਰਡਿਟੀ ਸਿਧਾਂਤ ਤੇ ਇਤਿਹਾਸ, ਡਾ. ਕੁਲਦੀਪ ਸਿੰਘ ਢਿੱਲੋਂ, ਪੰਨਾ- 16

ਅਸਤਿਤਵਵਾਦੀ ਵਿਚਾਰਧਾਰਕ ਪਿੱਠ ਭੂਮੀ

ਅਸਤਿਤਵ ਅਤੇ ਅਸਤਿਤਵ ਦੇ ਸੰਕਟ ਦੀ ਚਰਚਾ ਵਿਕੋਲਿਤਰੇ ਰੂਪ ਵਿੱਚ ਉਨੀਵੀਂ ਸ਼ਤਾਬਦੀ ਵਿੱਚ ਸ਼ੁਰੂ ਹੋ ਚੁੱਕੀ ਸੀ। ਇਹ ਕਿਰਕੇਗਾਰਦ ਅਤੇ ਨੀਤਸ਼ੇ ਦੀਆਂ ਲਿਖਤਾਂ ਦਾ ਆਧਾਰ ਬਣੀ, ਪ੍ਰੰਤੂ ਇਸ ਵਾਦ ਨੂੰ ਵਿਸ਼ਵ ਪੱਧਰ ਤੇ ਮਾਨਤਾ ਦਿਵਾਉਣ ਵਾਲੇ ਫਰੈਂਚ ਲੇਖਕ ਹੀ ਸਨ। ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਜਦ ਦੁਨੀਆ ਤਬਾਹੀ ਦੀ ਹਾਲਤ ਵਿੱਚ ਸੀ ਤਾਂ ਇਨ੍ਹਾਂ ਲੇਖਕਾਂ ਨੇ ਆਪਣੇ ਪਹਿਲੇ ਹੋ ਚੁੱਕੇ ਦਰਸ਼ਨ ਸ਼ਾਸਤਰੀਆਂ ਦੀਆਂ ਲਿਖਤਾਂ ਨੂੰ ਵਿਚਾਰ ਅਧੀਨ ਲਿਆਂਦਾ ਅਤੇ ਉਹਨਾਂ ਦੇ ਦਿੱਤੇ ਫਲਸਫੇ ਨੂੰ ਨਵੀਆਂ ਦਿਸ਼ਾਵਾਂ ਦਿੱਤੀਆਂ। ਪਹਿਲਾਂ ਪਹਿਲ ਇਹ ਵਾਦ ਸਿਰਜਨਾਤਮਕ ਲਿਖਤਾਂ ਵਿੱਚ ਵੇਖਣ ਨੂੰ ਮਿਲਿਆ ਜਿਸ ਵਿੱਚ ਨਾਟਕ, ਨਾਵਲ ਅਤੇ ਨਿੱਕੀ ਕਹਾਣੀ ਦੇ ਸਾਹਿਤ ਰੂਪ ਆਉਂਦੇ ਹਨ। ਇਸ ਉਪਰੰਤ ਅਸਤਿਤਵਵਾਦ ਨੂੰ ਇੱਕ ਸਵੈ ਕੇਂਦਰਤ ਦਰਸ਼ਨ ਵਾਂਗ ਪਛਾਣ ਮਿਲੀ। ਕਿਰਕੇ ਗਾਰਦ ਦੇ ਅਨੁਸਾਰ ਅਸਤਿਤਵਾਦੀ ਮਨੁੱਖ ਹੀ ਆਪਣੇ ਪ੍ਰਮਾਣਕ ਅਸਤਿਤਵ ਦੁਆਰਾ ਆਪਣੇ ਇਤਿਹਾਸਕ ਵਿਕਾਸਕ੍ਰਮ ਦਾ ਅੰਤਰ ਦਰਸ਼ਨ ਕਰਦੇ ਹੋਏ ਆਪਣੇ ਅਗਿਆਤ ਮਾਰਗ ਨੂੰ ਨਿਰਧਾਰਤ ਕਰ ਸਕਦਾ ਹੈ। ਮਨੁੱਖ ਜਿਸ ਪ੍ਰਕਾਰ ਬੋਲਦਾ ਹੈ, ਸੋਚਦਾ ਹੈ, ਕਰਮ ਕਰਦਾ ਹੈ ਅਤੇ ਆਪਣੀ ਵਿਸ਼ੇਸ਼ ਰੁਚੀ ਅਨੁਸਾਰ ਜਗਤ ਨਾਲ ਇੱਕ ਸੰਬੰਧ ਸਥਾਪਤ ਕਰਦਾ ਹੈ, ਇਹ ਉਸ ਦੇ ਅਸਤਿਤਵ ਦੇ ਵਿਭਿੰਨ ਪਹਿਲੂ ਹਨ। ਆਪਣੇ ਚਿੰਤਨ ਅਤੇ ਵਰਣ ਦੇ ਲਈ ਮਨੁੱਖ ਸੰਪੂਰਨ ਰੂਪ ਵਿੱਚ ਸੁਤੰਤਰ ਹੈ ਅਤੇ ਇਹੀ ਸੁਤੰਤਰਤਾ ਉਸ ਦੀ ਪੀੜ ਦਾ ਮੂਲ ਕਾਰਨ ਹੈ। ਹੀਗਲ ਤੱਕ ਜੀਵਨ ਦਾ ਫਲਸਫ਼ਾ ਸਿਧਾਂਤਕ ਸੀ। ਉਸ ਵਿੱਚ ਅਨੁਭਵ ਲਈ ਕੋਈ ਜਗ੍ਹਾ ਨਹੀਂ ਸੀ। ਕਿਰਕੇਗਾਰਦ, ਨੀਤਸ਼ੇ ਅਤੇ ਦੋਸਤੋਵਸਕੀ ਆਦਿ ਦੀ ਇਹ ਵਿਸ਼ੇਸ਼ਤਾ ਸੀ ਕਿ ਉਹਨਾਂ ਨੇ ਜੀਵਨ ਦੇ ਸੱਚ ਨੂੰ ਵਿਹਾਰਕਤਾ ਦਾ ਵਿਸ਼ਾ ਬਣਾਇਆ। ਉਹਨਾਂ ਨੇ ਬਾਹਰੋਂ ਥੋਪੇ ਗਏ ਕਿਸੇ ਸਿਧਾਂਤ ਦਾ ਸ਼ੁੱਧ ਸਰੂਪ ਨਹੀਂ ਸਵੀਕਾਰਿਆ, ਉਹਨਾਂ ਨੇ ਮਨੁੱਖ ਨੂੰ ਆਜ਼ਾਦ ਦੱਸਿਆ ਅਤੇ ਕਿਹਾ ਕਿ ਮਨੁੱਖੀ ਜੀਵਨ ਨੂੰ ਅਨੁਭਵ ਗਿਆਨ ਅਤੇ ਖ਼ੁਦ ਲਈ ਬਣਾਏ ਨਿਯਮਾਂ ਦੇ ਆਧਾਰ ਉੱਤੇ ਚੁਣੌਤੀ ਨਹੀਂ ਦਿੱਤੀ ਜਾ ਸਕਦੀ। ਮੁੱਖ ਤੌਰ 'ਤੇ ਅਸਤਿਤਵਵਾਦੀ ਚਿੰਤਕਾਂ ਵਿੱਚ ਸੋਰੇਨ ਕਿਰਕੇਗਾਰਦ, ਕਾਰਲ ਜੈਸਪਰਜ਼, ਸਾਰਤ੍ਰ, ਆਲਬੇਅਰ ਕਾਮੂ, ਮਾਰਟਿਨ ਹਾਈਡਿਗਰ, ਹਰਮਨ ਲੋਤਜ਼ੇ, ਗੈਰ ਗੈਬਰੀਲ ਮਾਰਸ਼ਲ ਆਦਿ ਚਿੰਤਕ ਸ਼ਾਮਿਲ ਹਨ।

ਅਸਤਿਤਵਵਾਦ ਅਤੇ ਐਬਰਸਰਡਿਟੀ ਸਿਧਾਂਤ ਤੇ ਇਤਿਹਾਸ, ਡਾ. ਕੁਲਦੀਪ ਸਿੰਘ ਢਿੱਲੋਂ, ਪੰਨਾ- 16-17

ਅਸਤਿਤਵਵਾਦ ਦੇ ਸਹਿਮਤੀ ਵਾਲੇ ਪਹਿਲੂ

1.     ਇਸ ਵਿੱਚ ਮਨੁੱਖ ਦੇ ਆਪਣੀ ਹੋਂਦ ਨੂੰ ਪਛਾਣਨ ਅਤੇ ਲੱਭਣ ਦੀ ਪ੍ਰਬਲ ਤਾਂਘ ਪੇਸ਼ ਹੁੰਦੀ ਹੈ।

2.     ਹੋਂਦ ਅਤੇ ਤੱਤ ਵਿੱਚੋਂ ਹੋਂਦ ਦੀ ਪ੍ਰਮੁੱਖਤਾ ਹੈ।

3.     ਵਿਅਕਤੀ ਆਪਣੇ ਜੀਵਨ ਵਿੱਚ ਆਪਣੇ ਫ਼ੈਸਲਾ ਲੈਣ ਅਤੇ ਮੌਜੂਦ ਅਨੇਕਾਂ ਚੋਣਾਂ ਵਿੱਚੋਂ ਆਪ ਚੋਣਾਂ ਕਰਨ ਲਈ ਆਜ਼ਾਦ ਹੈ।

4.     ਵਿਅਕਤੀ ਦੇ ਫ਼ੈਸਲਿਆਂ ਅਤੇ ਚੋਣਾਂ ਦਾ ਸਿਲਸਿਲਾ ਹੀ ਜੀਵਨ ਹੈ।

5.     ਅਜਿਹਾ ਫ਼ੈਸਲੇ ਲੈਣਾ ਅਸੰਭਵ ਹੀ ਹੈ ਜਿਹਨਾਂ ਦੇ ਨਤੀਜੇ ਇੱਕ ਪਾਸੜ ਹੋਣ।

6.     ਜ਼ਿੰਦਗੀ ਆਮ ਤੌਰ 'ਤੇ ਅਰਥਹੀਣ ਅਤੇ ਬੇਤੁਕੀ ਹੈ।

ਅਸਤਿਤਵ ਵਿਵਾਦ ਦੀਆਂ ਵਿਸ਼ੇਸ਼ਤਾਵਾਂ

1.     ਮਨੁੱਖ ਕੋਲ ਪਹਿਲਾਂ ਤੋਂ ਦਿੱਤਾ ਗਿਆ ਕੋਈ ਸਾਰ ਨਹੀਂ, ਉਹ ਤਾਂ ਅਸਤਿਤਵ ਦੀਆਂ ਸੰਭਾਵਨਾਵਾਂ ਵਿੱਚ ਆਪਣੇ ਆਪ ਨੂੰ ਆਰੋਪਿਤ ਕਰਦਾ ਹੈ। ਇਹ ਮਨੁੱਖੀ ਅਸਤਿਤਵ ਦੀ ਪਹਿਲੀ ਵਿਸ਼ੇਸ਼ਤਾ ਹੈ।

2.     ਮਨੁੱਖੀ ਹੋਂਦ ਦਾ ਅਦੁੱਤੀਪਨ ਅਸਤਿਤਵ ਦੀ ਦੂਜੀ ਬੁਨਿਆਦੀ ਵਿਸ਼ੇਸ਼ਤਾ ਹੈ। ਮੈਂ, ਮੇਰਾ ਆਦਿ ਅਜਿਹੇ ਸ਼ਬਦ ਹਨ ਜਿਹੜੇ ਕਦੇ ਕਦੇ ਇਹ ਚੇਤਨਤਾ ਪ੍ਰਗਟ ਕਰਨ ਲਈ ਵਰਤੇ ਜਾਂਦੇ ਹਨ ਕਿ ਮੇਰਾ ਅਸਤਿਤਵ ਬਾਕੀਆਂ ਨਾਲੋਂ ਵਿਲੱਖਣ ਤੇ ਅਦੁੱਤੀ ਹੈ। ਮਨੁੱਖੀ ਅਸਤਿਤਵ ਦਾ ਅਦੁੱਤੀ ਪਣ ਮਹਿਸੂਸ ਕੀਤੇ ਗਏ ਮੇਰੇਮਨ ਵਿੱਚ ਨਿਹਿਤ ਹੈ।

3.     ਮਨੁੱਖੀ ਅਸਤਿਤਵ ਦੀ ਤੀਜੀ ਵਿਸ਼ੇਸ਼ਤਾ ਇਸ ਦੀ ਸਵੈ ਸਬੰਧਤਾ ਹੈ।

ਅਸਤਿਤਵਵਾਦ, ਗੁਰਚਰਨ ਸਿੰਘ ਅਰਸ਼ੀ, ਪੰਨਾ-45

ਅਸਤਿਤਵਵਾਦ ਦੇ ਸਾਂਝੇ ਲੱਛਣ

ਭਾਵੇਂ ਕਿ ਅਸਤਿਤਵਵਾਦ ਦੇ ਚਿੰਤਕਾਂ ਦੀਆਂ ਰਚਨਾਵਾਂ ਵਿੱਚ ਵੱਖਰੇਵੇਂ ਮਿਲਦੇ ਹਨ, ਪ੍ਰੰਤੂ ਕੁਝ ਸਾਂਝੇ ਪਹਿਲੂ ਵੀ ਹਨ-

ਹੋਂਦ ਅਤੇ ਅਸਤਿੱਤਵ

ਹੋਂਦ ਇੱਕ ਵਿਸ਼ਵ ਵਿਆਪੀ ਅਮੂਰਤ, ਅਕਾਲ ਅਤੇ ਅਸੀਮ ਸੰਕਲਪ ਹੈ, ਜਦੋਂਕਿ ਅਸਤਿੱਤਵ, ਵਿਅਕਤਿਕ, ਮੂਰਤ ਅਤੇ ਸੀਮਤ ਹੈ।

ਹੋਂਦ ਹਰ ਥਾਂ ਅਤੇ ਸਵੈਦ ਹੈ ਜਦੋਂ ਕਿ ਅਸਤਿਤਵ ਸਿਰਫ਼ ਇਥੇ ਅਤੇ ਹੁਣ ਹੈ।

ਹੋਂਦ ਵਸਤੂਗਤ ਹੈ ਜਦੋਂਕਿ ਅਸਤਿੱਤਵ ਆਤਮਗਤ ਹੈ।

ਅਸਤਿਤਵ ਦਾ ਬੋਧ: ਵਿਸੰਗਤੀ ਅਤੇ ਚਿੰਤਾ(Absurdity And Anxiety)

ਅਸਤਿਤਵਾਦੀ ਦਾਰਸ਼ਨਿਕ, ਅਸਤਿਤਵ ਦਾ ਬੋਧ ਵਿਸੰਗਤੀ, ਚਿੰਤਾ ਅਤੇ ਭੈਅ ਦੁਆਰਾ ਕਰਦੇ ਹਨ। ਸ਼ਾਸਤਰ ਦੇ ਨਾਵਲਾਂ ਵਿੱਚ ਮੁੱਖ ਪਾਤਰ ਵਸਤਾਂ ਅਤੇ ਸਥਿਤੀਆਂ ਦੇ ਬੋਧ ਸਮੇਂ ਵਿਤ੍ਰਿਸ਼ਨਾ ਵਿਸੰਗਤੀਆਂ ਬਾਰੇ ਚਿੰਤਾਤੁਰ ਹਨ। ਇੱਥੋਂ ਤਕ ਕਿ ਆਲਬੇਅਰ ਕਾਮੂ ਕਹਿੰਦਾ ਹੈ ਕਿ ਜੀਵਨ ਮੌਤ ਲਈ ਇੱਕ ਸਿਖਲਾਈ ਤੋਂ ਵੱਧ ਹੋਰ ਕੁੱਝ ਨਹੀਂ।

ਹੋਂਦ ਅਤੇ ਨਿਰਹੋਂਦ (Being And Nothingness)

ਹੋਂਦ ਅਤੇ ਨਿਰਹੋਂਦ, ਆਧੁਨਿਕ ਅਸਤਿਤਵਵਾਦੀ ਦਰਸ਼ਨ ਨਾਲ ਸਬੰਧਤ ਸਭ ਤੋਂ ਪ੍ਰਮੁੱਖ ਪ੍ਰਸ਼ਨ ਰਹੇ ਹਨ। ਹੈਡਿਗਰ ਲਿਖਦਾ ਹੈ ਕਿ ਹੋਂਦ ਅਤੇ ਨਿਰਹੋਂਦ ਤਰਕ ਦੁਆਰਾ ਸਪਸ਼ਟ ਨਹੀਂ ਹੁੰਦੇ, ਸਗੋਂ ਤਰਕਹੀਣ ਅਨੁਭੂਤੀ ਦੁਆਰਾ ਪ੍ਰਤੱਖ ਹੁੰਦੇ ਹਨ। ਉਹ ਲਿਖਦਾ ਹੈ ਕਿ ਉਦਾਸੀ ਅਤੇ ਚਿੰਤਾ ਇਨ੍ਹਾਂ ਦੋਵਾਂ ਨੂੰ ਉਜਾਗਰ ਕਰਨ ਵਾਲੀਆਂ ਅਨੁਭੂਤੀਆਂ ਹਨ।  ਹੈਡਿਗਰ ਦਾ ਵਿਚਾਰ ਹੈ ਕਿ ਸਾਡੀ ਹੋਂਦ ਨਿਰਹੋਂਦ ਵਿਚਕਾਰ ਲਟਕਦੀ ਰਹਿੰਦੀ ਹੈ। ਸਾਰਤ੍ਰ ਇਸ ਪ੍ਰਸੰਗ ਵਿੱਚ ਥੋੜ੍ਹੀ ਭਿੰਨਤਾ ਰੱਖਦਾ ਹੈ। ਉਹ ਹੋਂਦ ਵਿੱਚ ਨਿਰਹੋਂਦ ਦੇ ਸਵਾਲ ਵਿੱਚ ਵਧੇਰੇ ਦਿਲਚਸਪੀ ਰੱਖਦਾ ਹੈ।

ਪੱਛਮੀ ਸਮੀਖਿਆ ਸਿਧਾਂਤ ਅਤੇ ਸੰਦਰਭ, ਬ੍ਰਹਮਜਗਦੀਸ਼ ਸਿੰਘ, ਪੰਨਾ-101-102

ਅਸਤਿਤਵ ਦੀ ਪ੍ਰਮਾਣਕਤਾ

ਅਸਤਿਤਵ ਦੀ ਪ੍ਰਮਾਣਕਤਾ ਬਾਰੇ ਵੀ ਅਤੇ ਅਸਤਿਤਵਵਾਦੀਆਂ ਨੇ ਆਪਣੀਆਂ ਧਾਰਨਾਵਾਂ ਪੇਸ਼ ਕੀਤੀਆਂ ਹਨ। ਉਹਨਾਂ ਅਨੁਸਾਰ ਅਸਤਿਤਵ ਦੀ ਪ੍ਰਮਾਣਕਤਾ ਇਸ ਹੱਦ ਤੱਕ ਹੈ ਕਿ ਮਨੁੱਖ ਨੇ ਆਪਣੇ ਆਪ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਆਪਣੇ ਅਸਤਿਤਵ ਨੂੰ ਆਪਣੀ ਮਰਜ਼ੀ ਅਨੁਸਾਰ ਢਾਲਿਆ ਹੈ। ਪ੍ਰਮਾਣਿਕ ਅਸਤਿੱਤਵ ਬਾਹਰੀ ਪ੍ਰਭਾਵਾਂ (ਨੈਤਿਕ ਨਿਯਮਾਂ, ਰਾਜਨੀਤੀ ਸੱਤਾਧਾਰੀਆਂ ਆਦਿ) ਦੁਆਰਾ ਦੱਬਿਆ ਹੁੰਦਾ ਹੈ। ਪ੍ਰਮਣਿਕਤਾ ਦਾ ਅਸਤਿਤਵਾਦੀ ਸੰਕਲਪ ਪਦਾਰਥ ਨਾਲੋਂ ਵਧੇਰੇ ਰੂਪਾਤਮਕ ਹੈ, ਕਿਉਂਕਿ ਇੱਥੇ ਪ੍ਰਮਾਣਕਤਾ ਦਾ ਮਾਪਦੰਡ ਅਸਤਿੱਤਵ ਦਾ ਰੂਪ ਜਾਂ ਆਕਾਰ ਹੈ। ਵੇਖਣ ਵਾਲੀ ਗੱਲ ਇਹ ਹੈ ਕਿ ਇਹ ਰੂਪਾਕਾਰ ਇੱਕ ਜੀਵੰਤ ਇਕਾਈ ਹੈ ਜਾਂ ਖਿੰਡਿਆ-ਪੁੰਡਿਆਂ ਰੂਪ ਹੈ। ਲਗਭਗ ਸਾਰੇ ਹੀ ਅਸਤਿਤਵਵਾਦੀ ਚਿੰਤਕਾਂ ਨੇ ਪ੍ਰਮਾਣਕ ਅਸਤਿਤਵਵਾਦ ਬਾਰੇ ਚਰਚਾ ਕਰਦਿਆਂ ਪਰੰਪਰਾਗਤ ਨੈਤਿਕਤਾ ਦੀ ਨਿੰਦਾ ਕੀਤੀ ਹੈ। ਤਾਂ ਵੀ ਕਿਸੇ ਵੀ ਮੁੱਖ ਅਸਤਿਤਵਵਾਦੀ ਚਿੰਤਕ ਨੇ ਇਹ ਸਿੱਖਿਆ ਨਹੀਂ ਦਿੱਤੀ ਕਿ ਸਭ ਕੁਝ ਹੀ ਕਰਨ ਦੀ ਆਗਿਆ ਹੈ। ਸਾਰਤ੍ਰ ਅਨੁਸਾਰ ਮਨੁੱਖ ਅੰਦਰਲੀ ਜ਼ਿੰਮੇਵਾਰੀ ਦੀ ਭਾਵਨਾ ਉਸ ਨੂੰ ਨਿਯੰਤਰਣ ਵਿੱਚ ਰੱਖਦੀ ਹੈ। ਭਾਵੇਂ ਮਨੁੱਖ ਅਸਤਿਤਵ ਭਾਈਚਾਰਕ ਬਣਤਰ ਦਾ ਗੁਲਾਮ ਨਹੀਂ, ਪਰ ਪ੍ਰਮਾਣਿਕ ਅਸਤਿੱਤਵ ਦਾ ਕੋਈ ਵੀ ਬਿੰਬ ਸਮਾਜਿਕ ਪੱਖ ਦੀ ਮੂਲੋਂ ਉਪੇਖਿਆ ਨਹੀਂ ਕਰ ਸਕਦਾ।

ਸਮੀਖਿਆ ਦ੍ਰਿਸ਼ਟੀਆਂ, ਗੁਰਚਰਨ ਸਿੰਘ ਅਰਸ਼ੀ, ਅਸਤਿਤਵਵਾਦ ਦੀ ਪ੍ਰਮਾਣਿਕਤਾ, ਪੰਨਾ-112

ਅਸਤਿੱਤਵ ਅਹਿਸਾਸ ਦਾ ਦਰਸ਼ਨ ਨਹੀਂ

ਅਸਤਿਤਵਵਾਦ ਅਹਿਸਾਸ ਦਾ ਦਰਸ਼ਨ ਨਹੀਂ ਪਰ ਇਸ ਦੇ ਅਨੁਯਾਈ ਇਹ ਜ਼ਰੂਰ ਮੰਨਦੇ ਹਨ ਕਿ ਮਨੁੱਖੀ ਉਸਦੇ  ਸਮੁੱਚੇ ਤਾਣੇ ਪੇਟੇ ਵਿੱਚ ਅਹਿਸਾਸ ਦਾ ਵਿਸ਼ੇਸ਼ ਸਥਾਨ ਹੈ। ਅਹਿਸਾਸ ਦੇ ਅਸਤਿਤਵਵਾਦੀ ਵਿਸ਼ਲੇਸ਼ਣ ਦਾ ਸਬੰਧ ਜਿਸੇ ਅੰਦਰਲੇ ਆਤਮ ਪੱਖ ਨਾਲ ਹੈ, ਉੱਥੇ ਸਰੀਰਕ ਪੱਖ ਨਾਲ ਵੀ ਹੈ। ਅਜਿਹੇ ਅਹਿਸਾਸ ਜਿਹੜੇ ਇੱਕ ਪਾਸੇ ਤਾਂ ਸਰੀਰਕ ਘਟਨਾਵਾਂ ਹਨ ਅਤੇ ਦੂਜੇ ਪਾਸੇ ਅਸਤਿਤਵਸ਼ੀਲ ਮਨੁੱਖ ਦੇ ਅੰਤਰੀਵ ਅਨੁਭਵ ਹਨ। ਸ਼ਾਇਦ ਸੰਸਾਰ ਨੂੰ ਪ੍ਰਤੱਖਣ ਦਾ ਬਿੰਦੂ ਬਣਾਉਣ ਲਈ ਅਤਿ ਸਿੱਧਾ ਝਰੋਖਾ ਹਨ। ਮਨੁੱਖ ਦੇ ਅਤਿ ਕੋਮਲ ਅਹਿਸਾਸਾ ਦੀਆਂ ਜੜ੍ਹਾਂ ਉਸ ਦੀਆਂ ਹੋਰਨਾਂ ਸਾਹਿਤ ਸੰਸਾਰਕ ਹੋਂਦ ਵਿੱਚ ਹਨ। ਅਹਿਸਾਸ ਸਿਰਫ਼ ਮਨੁੱਖ ਦੇ ਮਨ ਵਿੱਚ ਹੀ ਨਹੀਂ ਹੁੰਦੇ, ਇਹ ਮਨੁੱਖੀ ਮਨ ਤੋਂ ਬਾਹਰਲੇ  ਪਾਸਾਰ ਜਗਤ ਨਾਲ ਵੀ ਪਰਸਪਰ ਸਬੰਧਿਤ ਹੁੰਦੇ ਹਨ। ਅਹਿਸਾਸ ਜਾਗਦੇ ਹਨ ਅਤੇ ਮਿਟ ਜਾਂਦੇ ਹਨ। ਮਨੁੱਖ ਆਪਣੀ ਮਰਜ਼ੀ ਨਾਲ ਨਾ ਅਹਿਸਾਸ ਜਗਾ ਸਕਦਾ ਹੈ ਤੇ ਨਾ ਹੀ ਮਿਟਾ ਸਕਦਾ ਹੈ। ਉਹ ਕੇਵਲ ਇੱਕ ਹੱਦ ਤੱਕ ਹੀ ਆਪਣੀ ਚਿਤ ਵ੍ਰਿਤੀ ਨੂੰ ਆਪਣੇ ਕਾਬੂ ਵਿੱਚ ਰੱਖ ਸਕਦਾ ਹੈ। ਅਹਿਸਾਸਾਂ ਦੁਆਰਾ ਵੀ ਮਨੁੱਖ ਸਥਿਤੀਆਂ ਵਿੱਚ ਸ਼ਾਮਿਲ ਹੁੰਦਾ ਹੈ ਤੇ ਉਹਨਾਂ ਨੂੰ ਭੋਗਦਾ ਹੈ।

ਅਸਤਿਤਵਵਾਦ, ਗੁਰਚਰਨ ਸਿੰਘ ਅਰਸ਼ੀ

ਅਸਤਿਤਵਵਾਦ ਪ੍ਰਭਾਵ ਦੀ ਵਿਆਪਕਤਾ

ਸਾਹਿਤ ਵਿੱਚ ਅਸਤਿੱਤਵ ਦਾ ਪ੍ਰਭਾਵ

ਸਾਹਿਤ ਖੇਤਰ ਵਿੱਚ ਅਸਤਿਤਵਵਾਦੀ ਚਿੰਤਨ ਦਾ ਪ੍ਰਭਾਵ ਆਪਣੇ ਆਪ ਵਿੱਚ ਇੱਕ ਵੱਖਰੀ ਖੋਜ ਨਿਬੰਧ ਦਾ ਵਿਸ਼ਾ ਹੈ। ਵਿਸ਼ੇਸ਼ ਤੌਰ 'ਤੇ ਨਾਵਲਾਂ ਅਤੇ ਨਾਟਕਾਂ ਵਿੱਚ ਅਸਤਿਤਵਵਾਦੀ ਦਰਸ਼ਨ ਨੂੰ ਸਭ ਤੋਂ ਵਧੇਰੇ ਪ੍ਰਮੁੱਖਤਾ ਮਿਲੀ। ਇਹ ਤੱਤ ਵੀ ਖਾਸ ਧਿਆਨ ਰੱਖਣ ਦੀ ਮੰਗ ਕਰਦਾ ਹੈ ਕਿ ਅਸਤਿਤਵਾਦੀ ਸਕੂਲ ਦੇ ਮੋਹਰੀ ਚਿੰਤਕ ਦਾਰਸ਼ਨਿਕਾਂ ਨਾਲੋਂ ਸਿਰਜਨਾਤਮਿਕ ਲੇਖਕਾਂ ਦੇ ਤੌਰ 'ਤੇ ਜ਼ਿਆਦਾ ਸਥਾਪਤ ਹੋਏ, ਜਿਵੇਂ ਕਿ ਅਲਬੇਅਰ ਕਾਮੂ, ਸਾਰਤ੍ਰ, ਮਾਰਸ਼ਲ ਆਦਿ ਲੇਖਕਾਂ ਦੀ ਮਿਸਾਲ ਦਿੱਤੀ ਜਾ ਸਕਦੀ ਹੈ। ਇਨ੍ਹਾਂ ਲੇਖਕਾਂ ਨੇ ਆਪਣੀਆਂ ਸਾਹਿਤ ਕਿਰਤਾਂ ਰਾਹੀਂ ਅਸਤਿਤਵਵਾਦੀ ਚਿੰਤਨ ਨੂੰ ਅਜਿਹੇ ਹਜ਼ਾਰਾਂ ਹੀ ਲੋਕਾਂ ਤੱਕ ਪਹੁੰਚਾਇਆ ਹੈ ਜਿਹਨਾਂ ਨੇ ਕਦੇ ਵੀ ਕੋਈ ਦਾਰਸ਼ਨਿਕ ਨਿਬੰਧਾਂ ਵਰਗੀ ਕਿਰਤ ਨਹੀਂ ਪੜ੍ਹੀ।

ਪੰਜਾਬੀ ਸਾਹਿਤ ਵਿੱਚ ਵਿਸ਼ੇਸ਼ ਕਰਕੇ ਕਵਿਤਾ ਤੇ ਅਸਤਿਤਵਵਾਦ ਦਾ ਪ੍ਰਭਾਵ ਪ੍ਰਤੱਖ ਦ੍ਰਿਸ਼ਟੀਮਾਨ ਹੈ। ਮਾਰਕਸਵਾਦ ਪ੍ਰਤੀ ਮੋਹ ਭੰਗ ਹੋਣ ਉਪਰੰਤ ਪੰਜਾਬੀ ਕਵੀਆਂ ਨੇ ਆਪਣੇ ਦ੍ਰਿਸ਼ਟੀਕੋਣ ਤੋਂ ਆਪਣੇ ਭਾਵ ਅਭਿਵਿਅਕਤ ਕੀਤੇ। ਪੰਜਾਬੀ ਦੀ ਪ੍ਰਸਿੱਧ ਕਵਿੱਤਰੀ ਗਿਆਨਪੀਠ ਪੁਰਸਕਾਰ ਵਿਜੇਤਾ ਅੰਮ੍ਰਿਤਾ ਪ੍ਰੀਤਮ ਦੀ ਪੁਸਤਕ ਕਾਗਜ਼ ਤੇ  ਕੈਨਵਸ ਵਿੱਚ ਇੱਕ ਕਵਿਤਾ ਚੋਂ ਅਸਤਿੱਤਵਵਾਦੀ ਪਰਿਭਾਸ਼ਾ, ਸਿਧਾਂਤ ਅਤੇ ਵਿਸ਼ੇਸ਼ਤਾ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ।

ਅਜਾਇਬ ਕਮਲ,ਸੁਖਪਾਲਵੀਰ ਸਿੰਘ ਹਸਰਤ, ਕੁਲਦੀਪ, ਕਲਪਨਾ, ਸਤੀ ਕੁਮਾਰ ਦੇਵ, ਸੁਖਬੀਰ, ਮਿੰਦਰ ਅਤੇ ਮਨਜੀਤ ਟਿਵਾਣਾ ਨੇ ਪੰਜਾਬੀ ਵਿੱਚ ਆਪਣੀ ਕਵਿਤਾ ਅਸਤਿਤਵਾਦ ਦੇ ਪ੍ਰਭਾਵ ਹੇਠ ਲਿਖੀ। ਸਤੀ ਕੁਮਾਰ ਆਪਣਾ ਅਸਤਿਤਵਾਦ ਜਾਣਨ ਵਾਸਤੇ ਆਪਣੇ ਆਪ ਨੂੰ ਲੱਭਣ ਦੇ ਆਹਰ ਵਿੱਚ ਪ੍ਰਤੀਤ ਹੁੰਦਾ ਹੈ। ਉਸ ਨੂੰ ਤਾਂ ਆਪਣੇ ਸਾਹ ਵੀ ਬਿਗਾਨੇ ਜਾਪਦੇ ਹਨ-

ਅੰਦਰ ਵਾਰ ਦੌੜਦਾ ਹਾਂ ਅੰਦਰਵਾਰ ਆਪਣੇ

ਬਾਹਾਂ ਚ ਆਪਣੀਆਂ ਲੱਭਦਾ ਹਾਂ ਬਾਹਾਂ

ਪੈਰਾਂ ਚ ਆਪਣੇ ਲੱਭਦਾ ਹਾਂ ਪੈਰ

ਨਾ ਕਿਤੇ ਹਨ ਬਾਹਾਂ

ਨਾ ਕਿਤੇ ਹਨ ਪੈਰ

ਫੇਫੜਿਆਂ ਚ ਫਸਿਆ ਹੈ ਇਹ ਸਾਹ ਵੀ ਗੈਰ

(ਘੋੜਿਆਂ ਦੀ ਉਡੀਕ, ਪੰਨਾ-8)

ਮਿੰਦਰ ਵੀ ਆਪਣੇ ਕਾਵਿ ਬਿੰਬਾਂ ਰਾਹੀਂ ਆਪਣੇ ਆਪ ਦੀ ਪਹਿਚਾਣ ਕਰਨਾ ਚਾਹੁੰਦਾ ਹੈ। ਉਹ ਆਪਣਾ ਚਿਹਰਾ ਸੜਕਾਂ ਬਾਜ਼ਾਰਾਂ ਵਿੱਚ ਪਹਿਚਾਨਣਾ ਚਾਹੁੰਦਾ ਹੈ-

ਸੜਕਾਂ ਘਰਾਂ ਬਾਜ਼ਾਰਾਂ ਦੇ ਵਿੱਚ

ਮੈਂ ਆਪਣਾ ਚਿਹਰਾ ਲੱਭਦਾ ਹਾਂ

ਚਿਹਰਾ ਗੰਧਲਿਆ ਪਾਣੀ

ਚਿਹਰਾ ਚੰਨ ਇੱਕ ਡੁੱਬਾ

ਡਾ. ਮਨਜੀਤ ਸਿੰਘ, ਵੀਂਹਵੀ ਸਦੀ ਪੰਜਾਬੀ ਕਵਿਤਾ: ਵਿਚਾਰ ਅਤੇ ਵਿਸ਼ਲੇਸ਼ਣ,ਪੰਨਾ- 203

ਇਸ ਤੋਂ ਇਲਾਵਾ ਮਨੋਵਿਗਿਆਨ ਤੇ ਮਨੋਰੋਗ ਚਿਕਿਤਸਾ ਦੇ ਖੇਤਰ ਵਿੱਚ ਅਸਤਿਤਵਵਾਦੀ ਚਿੰਤਨ ਦਾ ਪ੍ਰਭਾਵ ਪ੍ਰਤੱਖ ਰੂਪ ਵਿੱਚ ਦ੍ਰਿਸ਼ਟੀਗੋਚਰ ਹੁੰਦਾ ਹੈ। ਕਾਲ ਜੈਸਪਰਜ਼ ਨੇ ਆਪਣਾ ਜੀਵਨ ਇੱਕ ਮਨੋਰੋਗ ਚਕਿਤਸਕ ਦੀ ਤੌਰ 'ਤੇ ਆਰੰਭ ਕੀਤਾ ਸੀ ਤੇ ਉਸ ਦੀ ਪਹਿਲੀ ਕਿਰਤ ਸਮਾਨਾਯ ਮਨੋਰੋਗੀਆਂ ਚਿਕਿਤਸਾ ਨਾਲ ਸਬੰਧਿਤ ਸੀ। ਕੁਝ ਮਨੋਰੋਗ ਚਕਿਤਸਕ ਇਹ ਮੰਨਣ ਲੱਗ ਪਏ ਹਨ ਕਿ ਪੁਰਾਣੇ ਫਰਾਇਡੀਅਨ ਮਾਡਲ ਦੀ ਤੁਲਨਾ ਵਿੱਚ ਅਸਤਿਤਵਵਾਦ ਸਵੈ ਅਤੇ ਸ਼ਖਸੀਅਤ ਦੀ ਪ੍ਰਕਿਰਤੀ ਨੂੰ ਡੁੰਘਾਈ ਵਿੱਚ ਜਾ ਕੇ ਸਮਝਣ ਦੀ ਬਿਹਤਰ ਵਿਧੀ ਹੈ। ਸਿੱਖਿਆ ਦੇ ਖੇਤਰ ਵਿੱਚ ਵੀ ਅਸਤਿਤਵਾਦ ਦਾ ਪ੍ਰਭਾਵ ਵੇਖਣ ਨੂੰ ਮਿਲਦਾ ਹੈ। ਇਸ ਪ੍ਰਸੰਗ ਵਿੱਚ ਅਮਰੀਕਨ ਸਿੱਖਿਆ ਸ਼ਾਸਤਰੀ ਡੇਵਨ ਹਿਊਬਨਰ ਦਾ ਉਲੇਖ ਕੀਤਾ ਜਾ ਸਕਦਾ ਹੈ। ਉਹ ਆਪਣੇ ਇੱਕ ਨਿਬੰਧ ਪਾਠਕ੍ਰਮ ਅਤੇ ਮਨੁੱਖ ਦੀ ਸਾਮਿਅਕਤਾ ਦਾ ਸਬੰਧ ਵਿੱਚ ਵਿਦਿਆਰਥੀ ਨੂੰ ਇੱਕ ਅਜਿਹਾ ਹੋਂਦਸ਼ੀਲ ਪ੍ਰਾਣੀ ਮੰਨਦਾ ਹੈ, ਜਿਸ ਵਿੱਚ ਪਾਰਗਾਮਤਾ ਦੀ ਸ਼ਕਤੀ ਹੈ ਜਿਸ ਵਿੱਚ ਉਹ ਜੋ ਬਣਨਾ ਚਾਹੁੰਦਾ ਹੈ ਬਣ ਸਕਦਾ ਹੈ। ਹਿਊਬਨਰ ਅਨੁਸਾਰ ਮਨੁੱਖ ਦੀ ਇਸ ਪਾਰਗਮਤਾ ਨੂੰ ਧਿਆਨ ਵਿੱਚ ਰੱਖ ਕੇ ਹੀ ਸਿਲੇਬਸ ਬਣਾਉਣਾ ਚਾਹੀਦਾ ਹੈ। ਹਿਊਬਨਰ ਦੀਆਂ ਇਹ ਟਿੱਪਣੀਆਂ ਉਹਨਾਂ ਸੰਭਾਵਨਾਵਾਂ ਵੱਲ ਸੰਕੇਤ ਕਰਦੀਆਂ ਹਨ ਜਿਹੜੀਆਂ ਸਿੱਖਿਆ ਸ਼ਾਸਤਰ ਉੱਤੇ ਅਸਤਿਤਵਵਾਦੀ ਵਿਸ਼ਲੇਸ਼ਣ ਲਾਗੂ ਕਰਨ ਵਿੱਚ ਨਿਹਿਤ ਹਨ।

ਅਸਤਿਤਵਵਾਦੀ ਦਰਸ਼ਨ ਨੇ ਵਿਗਿਆਨ ਤੇ ਕਲਾਵਾਂ ਦੇ ਖੇਤਰ ਵਿੱਚ ਉਲੇਖਯੋਗ ਪ੍ਰਭਾਵ ਪਾਏ। ਮਨੋਵਿਗਿਆਨ, ਸਿੱਖਿਆ ਸ਼ਾਸਤਰ, ਸਾਹਿਤ, ਦਰਸ਼ਨੀ ਕਲਾਵਾਂ, ਨੀਤੀ ਸ਼ਾਸਤਰ ਅਤੇ ਧਰਮ ਸ਼ਾਸਤਰ ਦੇ ਖੇਤਰਾਂ ਵਿੱਚ ਹੋਰ ਡੂੰਘੇ ਵਿਸ਼ਲੇਸ਼ਣ ਦੁਆਰਾ ਅਸਤਿਤਵਵਾਦ ਦਾ ਪ੍ਰਭਾਵ ਪ੍ਰਤੱਖ ਨਜ਼ਰ ਆਉਂਦਾ ਹੈ।

ਅਸਤਿਤਵਵਾਦ ਦੀਆਂ ਕਮੀਆਂ

ਅਸਤਿਤਵਾਦ ਜੋ ਕਿ ਮੂਲ ਰੂਪ ਵਿੱਚ ਮਨੁੱਖ ਤੇ ਆਧਾਰਤ ਵਾਦ ਹੈ, ਦਾ ਸਬੰਧ ਮਨੁੱਖ ਦੀ ਆਜ਼ਾਦੀ ਨਾਲ ਹੈ ਪ੍ਰੰਤੂ ਫਿਰ ਵੀ ਇਸ ਵਿੱਚ ਆਲੋਚਕਾਂ ਦੁਆਰਾ ਕੁਝ ਕਮੀਆਂ ਕੱਢੀਆਂ ਗਈਆਂ ਹਨ, ਜੋ ਇਸ ਪ੍ਰਕਾਰ ਹਨ-

1.     ਅਸਤਿਤਵਵਾਦ ਅਤਾਰਕਿਕ ਹੈ। ਇਸ ਦੋਸ਼ ਵਿੱਚ ਕਿਸੇ ਹੱਦ ਤੱਕ ਸੱਚਾਈ ਹੈ। ਕਿਰਕੇਗਾਰਦ ਨੇ ਆਪਣੀਆਂ ਲਿਖਤਾਂ ਵਿੱਚ ਅਤਿਅੰਤ ਜ਼ੋਰਦਾਰ ਸ਼ਬਦਾਂ ਵਿੱਚ ਤਰਕ ਨੂੰ ਰੱਦ ਕੀਤਾ ਹੈ ਤਾਂ ਵੀਤਾਂ ਵੀ ਅਸਤਿਤਵਵਾਦ ਨਾ ਤਾਂ ਤਾਰਕਿਕ ਹੈ ਅਤੇ ਨਾ ਹੀ ਤਰਕ ਵਿਰੋਧੀ ਹੈ।

2.     ਅਸਤਿਤਵਵਾਦ ਤੇ ਲੋੜ ਤੋਂ ਜ਼ਿਆਦਾ ਮਾਨਵਵਾਦੀ ਹੋਣ ਉੱਤੇ ਵੀ ਇਤਰਾਜ਼ ਕੀਤਾ ਗਿਆ ਹੈ। ਇਤਰਾਜ਼ ਇਹ ਹੈ ਕਿ ਜੇ ਮਨੁੱਖ ਨੂੰ ਹੀ ਹਰ ਚੀਜ਼ ਦਾ ਜਾਇਜ਼ਾ ਲੈਣ ਲਈ ਮਾਪਦੰਡ ਬਣਾਇਆ ਗਿਆ ਹੈ ਅਤੇ ਸਿੱਟੇ ਵਜੋਂ ਹਰ ਚੀਜ਼ ਨੂੰ ਮਾਨਵੀ ਰੂਪ ਸ਼ਬਦਾਵਲੀ ਵਿੱਚ ਪ੍ਰਭਾਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਦਾਹਰਨ ਦੇ ਤੌਰ 'ਤੇ ਅਸਤਿਤਵਵਾਦ ਵਿੱਚ ਪ੍ਰਕਿਰਤੀ ਜਾਂ ਕੁਦਰਤੀ ਵਿਗਿਆਨ ਬਾਰੇ ਕੋਈ ਦਾਰਸ਼ਨਿਕ ਬਿੰਦੂ ਨਹੀਂ।

3.     ਅਸਤਿਤਵਵਾਦ ਨੂੰ ਅਤਿਅੰਤ ਨਿਰਾਸ਼ਾਵਾਦੀ ਅਤੇ ਰੋਗਗ੍ਰਸਤ ਦਰਸ਼ਨ ਵੀ ਕਿਹਾ ਗਿਆ ਹੈ, ਕਿਉਂਕਿ ਅਸਤਿੱਤਵਵਾਦੀ ਚਿੰਤਕ ਜੀਵਨ ਦੇ ਕੇਵਲ ਹਨੇਰੇ ਪੱਖ ਨੂੰ ਆਪਣੀ ਦ੍ਰਿਸ਼ਟੀ ਦਾ ਕੇਂਦਰੀ ਬਿੰਦੂ ਬਣਾਉਂਦੇ ਹਨ। ਉਹ ਸਮਕਾਲੀਨ ਸੰਸਾਰ ਦੇ ਭਵਿੱਖਮਈ ਇਕਰਾਰ ਵਲੋਂ ਅੱਖਾਂ ਮੀਟ ਲੈਂਦੇ ਹਨ। ਇਨ੍ਹਾਂ ਦੋਸ਼ਾਂ ਵਿੱਚ ਕੁਝ ਨਾ ਕੁਝ ਸੱਚਾਈ ਜ਼ਰੂਰ ਹੈ।

4.     ਅਸਤਿਤਵਵਾਦ ਉੱਤੇ ਇੱਕ ਆਰੋਪਿਤ ਕੀਤਾ ਗਿਆ ਦੋਸ਼ ਨਿਰਨੈਤਿਕਵਾਦ ਦਾ ਹੈ। ਅਸਤਿਤਵਵਾਦ ਨਿਰਨੈਤਿਕਵਾਦੀ ਇਸ ਲਈ ਹੈ ਕਿਉਂਕਿ ਇਹ ਮਨੁੱਖ ਲਈ ਨੈਤਿਕ ਖੁੱਲ੍ਹ ਦੀ ਮੰਗ ਕਰਦਾ ਹੈ, ਪਰ ਜੇ ਅਸਤਿਤਵਵਾਦ ਅਨੁਸਾਰ ਮਨੁੱਖ ਨੈਤਿਕ ਆਜ਼ਾਦੀ ਦਾ ਦਾਅਵਾ ਕਰਦਾ ਹੈ ਤਾਂ ਇਸ ਨੂੰ ਤਾਂ ਹੀ ਸਵੀਕਾਰ ਕੀਤਾ ਜਾ ਸਕਦਾ ਹੈ ਜੇ ਇਸ ਦੇ ਨਾਲ ਜ਼ਿੰਮੇਵਾਰੀ ਦੀ ਉਚੇਰੀ ਭਾਵਨਾ ਨਾਲ ਜੁੜੀ ਹੋਵੇ।

ਅਸਤਿਤਵਵਾਦ, ਗੁਰਚਰਨ ਸਿੰਘ ਅਰਸ਼ੀ, ਪੰਨਾ-157-159

ਅੰਤ

ਅਸਤਿਤਵਵਾਦ ਨੇ ਮਨੁੱਖੀ ਅਸਤਿਤਵ ਦੇ ਰਹੱਸ ਨੂੰ ਸਮਝਣ ਲਈ ਕੋਈ ਮੌਲਿਕ ਤੇ ਘੋਖਵੀਆਂ ਅੰਤਰ ਦ੍ਰਿਸ਼ਟੀਆਂ ਪ੍ਰਦਾਨ ਕੀਤੀਆਂ ਅਤੇ ਅਜੋਕੀਆਂ ਤਬਾਹਕੁਨ ਸ਼ਕਤੀਆਂ ਨੂੰ ਮਾਨਵਤਾ ਦੀ ਸੁਰੱਖਿਅਤ ਅਤੇ ਵਿਸਥਾਰ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ ਹੈ। ਅਸਤਿਤਵਵਾਦ ਦੀ ਸਹਾਇਤਾ ਨਾਲ ਸਮਕਾਲੀਨ ਵਿਸ਼ਵ ਦੀਆਂ ਅਤਿਅੰਤ ਜਟਿਲ ਸਮੱਸਿਆਵਾਂ ਦੀ ਵਿਆਖਿਆ ਅਤੇ ਮੁਲਾਂਕਣ ਕੀਤਾ ਜਾ ਸਕਦਾ ਹੈ। ਮਾਨਵ ਦਰਸ਼ਨ ਦੇ ਇਤਿਹਾਸ ਵਿੱਚ ਅਸਤਿਤਵਵਾਦ ਦਾ ਗੌਰਵਮਈ ਸਥਾਨ ਹੈ। ਅਸਤਿਤਵਵਾਦੀ ਚਿੰਤਕਾਂ ਨੇ ਕਿਉਂਕਿ ਅਸਤਿਤਵਾਦ ਮਨੁੱਖ ਦੇ ਵਿਅਕਤੀਤਵ ਨਾਲ ਸਬੰਧਤ ਵਾਦ ਹੋਣ ਕਰਕੇ ਇਸ ਰਾਹੀਂ ਮਨੁੱਖ ਦੀਆਂ ਬਹੁ ਪਰਤਾਂ ਫਰੋਲਣ ਦਾ ਪ੍ਰਯਾਸ ਕੀਤਾ ਜਾਂਦਾ ਹੈ। ਮਨੁੱਖ ਦੇ ਅਸਤਿਤਵ ਦਾ ਬੋਧ ਹੁੰਦਾ ਹੈ। ਇਸ ਬੋਧ ਵਾਸਤੇ ਗੁਨਾਹ, ਵਿਸੰਗਤੀ, ਡਰ, ਚਿੰਤਾ ਅਤੇ ਨਿਰਾਸਤਾ ਨੂੰ ਆਧਾਰ ਬਣਾਇਆ ਜਾਂਦਾ ਹੈ। ਅਸਤਿਤਵਵਾਦ ਦਾ ਪ੍ਰਭਾਵ ਸਾਹਿਤ, ਕਲਾ ਅਤੇ ਦਰਸ਼ਨ ਦੇ ਖੇਤਰ ਵਿੱਚ ਹੀ ਪਿਆ। ਸੰਸਾਰ ਪ੍ਰਸਿੱਧ ਸਾਹਿਤਕਾਰ ਕਲਾਕਾਰ ਅਤੇ ਦਾਰਸ਼ਨਿਕ ਇਸ ਵਾਦ ਤੋਂ ਪ੍ਰਭਾਵ ਹੋਏ। ਕਵਿਤਾ ਵੀ ਇਸੇ ਪ੍ਰਭਾਵ ਹੇਠ ਲਿਖੀ ਗਈ।