ਅਸਲਾਨ ਮਸਖ਼ਾਦੋਫ਼
ਅਸਲਾਨ (ਖ਼ਾਲਿਦ) ਐਲੀਏਵਿਚ ਮਸਖ਼ਾਦੋਫ਼ (Chechen: Аслан Али кӏант Масхадан, ਅਸਲਾਨ ਅਲੀ ਕਾਂਤ ਮਸਖ਼ਾਦੋਫ਼, Russian: Аслан Алиевич Масхадов) (21 ਸਤੰਬਰ 1951 – 8 ਮਾਰਚ 2005) ਚੇਚਨ ਆਜ਼ਾਦੀ ਲਹਿਰ ਦੇ ਆਗੂ ਅਤੇ ਅਸ਼ਕੀਰੀਆ ਦੇ ਚੇਚਨ ਗਣਰਾਜ ਦੇ ਤੀਜਾ ਰਾਸ਼ਟਰਪਤੀ ਸੀ।
ਰੂਸ ਦੇ ਖ਼ਿਲਾਫ਼, ਪਹਿਲੀ ਚੇਚਨ ਜੰਗ ਵਿੱਚ ਫ਼ਤਿਹ ਦਾ ਸਿਹਰਾ ਵੀ ਬਹੁਤ ਸਾਰੇ ਲੋਕਾਂ ਦੇ ਖ਼ਿਆਲ ਚ ਅਸਲਾਨ ਮਸਖ਼ਾਦੋਫ਼ ਦੇ ਸਿਰ ਹੈ, ਜਿਸ ਚ ਫ਼ਤਿਹ ਦੇ ਬਾਅਦ ਚੇਚਨ ਜਮਹੂਰੀਆ ਅਸ਼ਕੀਰੀਆ ਨੂੰ ਸਹੀ ਮਾਅਨਿਆਂ ਚ ਆਜ਼ਾਦੀ ਮਿਲੀ। ਜਨਵਰੀ 1997 ਵਿੱਚ ਮਸਖ਼ਾਦੋਫ਼ ਚੇਚਨੀਆ ਦਾ ਪ੍ਰਧਾਨ ਚੁਣਿਆ ਗਿਆ। ਜਨਵਰੀ 1999 ਵਿੱਚ ਦੂਜੀ ਚੇਚਨ ਜੰਗ ਸ਼ੁਰੂ ਹੋਣ ਤੇ ਉਹ ਗੁਰੀਲਾ ਮੁਜ਼ਾਹਮਤ ਦੀ ਅਗਵਾਈ ਕਰਨ ਮੈਦਾਨ ਚ ਆਇਆ। ਮਾਰਚ 2005 ਵਿੱਚ ਉਸਨੂੰ ਉੱਤਰੀ ਚੇਚਨੀਆ ਦੇ ਪਿੰਡ ਤੋਲਸਤੋਈ ਯੁਰਤ ਵਿਖੇ ਸ਼ਹੀਦ ਕਰ ਦਿੱਤਾ ਗਿਆ।
ਜ਼ਿੰਦਗੀ
[ਸੋਧੋ]ਮੁਢਲੀ ਜ਼ਿੰਦਗੀ
[ਸੋਧੋ]ਅਸਲਾਨ ਅਲੀਏਵਿਚ ਮਸਖ਼ਾਦੋਫ਼ ਸੋਵੀਅਤ ਯੂਨੀਅਨ ਦੀ ਰਿਆਸਤ ਕਾਜ਼ਕ ਸੋਵੀਅਤ ਸੋਸ਼ਲਿਸਟ ਜਮਹੂਰੀਆ (ਕਾਜ਼ਕਿਸਤਾਨ) ਦੇ ਸੂਬੇ ਕਾਰਾਗਾਂਦਾ ਦੇ ਪਿੰਡ ਸ਼ਕਾਈ ਵਿੱਚ, ਰੂਸੀ ਆਗੂ ਜ਼ੋਜ਼ਫ਼ ਸਟਾਲਿਨ ਦੇ ਹੁਕਮ ਤੇ ਚੇਚਨ ਲੋਕਾਂ ਦੀ ਜਬਰੀ ਬੇਦਖ਼ਲੀ ਦੇ ਦੌਰਾਨ, 21 ਸਤੰਬਰ 1951 ਨੂੰ ਪੈਦਾ ਹੋਇਆ। 1957 ਵਿੱਚ ਉਸਦਾ ਖ਼ਾਨਦਾਨ ਚੇਚਨੀਆ ਵਾਪਸ ਆ ਗਿਆ ਤੇ ਨੀਦਤੀਰੀਚਨੇ ਜ਼ਿਲ੍ਹਾ ਦੇ ਜ਼ੀਬਰ ਯੁਰਤ ਚ ਆਬਾਦ ਹੋ ਗਿਆ।
ਮਸਖ਼ਾਦੋਫ਼ ਸੋਵੀਅਤ ਫ਼ੌਜ ਵਿੱਚ ਭਰਤੀ ਹੋ ਗਿਆ ਅਤੇ ਗੁਆਂਢੀ ਰਿਆਸਤ ਜਾਰਜੀਆ ਵਿੱਚ ਟਰੇਨਿਗ ਲਈ ਤੇ ਤਬਲਿਸੀ ਆਰਟਿਲਰੀ ਸਕੂਲ ਤੋਂ 1972ਵਿੱਚ ਗ੍ਰੈਜੁਏਸ਼ਨ ਕੀਤੀ। ਇਸ ਦੇ ਬਾਅਦ ਉਸ ਨੇ 1981 ਵਿੱਚ ਕਾਲੀਨਿਨਗਰਾਦ ਦੀ ਕਾਲੀਨਿਨ ਹਾਇਰ ਆਰਟਿਲਰੀ ਅਕੈਡਮੀ ਤੋਂ ਆਨਰਜ਼ ਨਾਲ਼ ਗ੍ਰੈਜੁਏਸ਼ਨ ਕੀਤੀ [1] ਅਤੇ ਉਸ ਨੂੰ ਹੰਗਰੀ ਵਿੱਚ ਇੱਕ ਖ਼ੁਦਮੁਖ਼ਤਾਰ ਸੋਵੀਅਤ ਆਰਟਿਲਰੀ ਰਜਮੰਟ ਨਾਲ਼ ਤਾਇਨਾਤ ਕਰ ਦਿੱਤਾ ਗਿਆ ਜਿਥੇ ਉਹ 1986 ਤਕ ਰਿਹਾ। ਫ਼ਿਰ 1986 ਤੋਂ ਬਾਲਟਿਕ ਮਿਲਟਰੀ ਡਿਸਟ੍ਰਿਕਟ ਵਿੱਚ ਰਿਹਾ। 1990 ਤੋਂ ਸੋਵੀਅਤ ਜਮਹੂਰੀਆ ਲਿਥੂਆਨੀਆ ਦੀ ਰਾਜਧਾਨੀ ਵੀਲਨੀਵਸ ਵਿੱਚ ਸੋਵੀਅਤ ਮਿਜ਼ਾਈਲ ਐਂਡ ਆਰਟਿਲਰੀ ਫ਼ੋਰਸਜ਼ ਦੇ ਚੀਫ਼ ਆਫ਼ ਸਟਾਫ਼ ਵਜੋਂ ਸੇਵਾ ਕੀਤੀ। ਜਨਵਰੀ 1991 ਵਿੱਚ, Maskhadov, ਸੋਵੀਅਤ ਫੌਜ ਵਲੋਂ ਟੈਲੀਵੀਯਨ ਟਾਵਰ ਦੇ ਜ਼ਬਤ ਕਰਨ ਦੀਆਂ ਜਨਵਰੀ ਘਟਨਾਵਾਂ ਵਿੱਚ ਹਿੱਸਾ ਲਿਆ (ਉਸ ਨੂੰ ਬਾਅਦ ਵਿੱਚ ਇਸਤੇ ਅਫਸੋਸ ਹੋਇਆ), ਪਰ ਆਪ ਖੁਦ ਹਮਲੇ ਵਿੱਚ ਹਿੱਸਾ ਨਹੀਂ ਸੀ ਲਿਆ। [1][2] ਸੋਵੀਅਤ ਫ਼ੌਜ ਦੀ ਸਰਵਿਸ ਦੇ ਦੌਰਾਨ ਅਸਲਾਨ ਮਸਖ਼ਾਦੋਫ਼ ਨੂੰ 2 ਦਫ਼ਾ " ਦੇਸ਼ ਸੇਵਾ ਲਈ ਤਮਗ਼ਾ" ਨਾਲ਼ ਨਿਵਾਜ਼ਿਆ ਗਿਆ। ਮਸਖ਼ਾਦੋਫ਼ 1992 ਵਿੱਚ ਕਰਨਲ ਦੇ ਰੈਂਕ ਤੋਂ ਸੋਵੀਅਤ ਫ਼ੌਜ ਚੋਂ ਰੀਟਾਇਰ ਹੋ ਗਿਆ, ਤੇ ਆਪਣੇ ਵਤਨ ਵਾਪਸ ਆ ਗਿਆ। ਉਹ ਚੇਚਨ ਜਮਹੂਰੀਆ ਅਸ਼ਕੀਰੀਆ ਦੇ ਸ਼ਹਿਰੀ ਸੁਰੱਖਿਆ ਦਾ 1992 ਤੋਂ ਨਵੰਬਰ 1993 ਤੱਕ ਮੁੱਖੀ ਰਿਹਾ।
ਸੋਵੀਅਤ ਯੂਨੀਅਨ ਦੇ 1991 ਵਿੱਚ ਟੁੱਟਣ ਦੇ ਬਾਅਦ, 1993 ਦੀਆਂ ਗਰਮੀਆਂ ਵਿੱਚ ਮਸਖ਼ਾਦੋਫ਼ ਨੇ ਜੌਹਰ ਦੋਦਾਈਫ਼ ਦੀ ਹਕੂਮਤ ਦੇ ਖ਼ਿਲਾਫ਼, ਉਰਸ ਮਰਤਾਨ, ਨਾਦਤੀਰੀਚਨੀ ਤੇ ਗੋਦਰਮਸ ਦੇ ਜ਼ਿਲ੍ਹਿਆਂ ਵਿੱਚ ਹਮਲਾ ਕਾਰਵਾਈਆਂ ਵਿੱਚ ਹਿੱਸਾ ਲਿਆ। ਨਵੰਬਰ 1993 ਵਿੱਚ ਨਾਕਾਮ ਫ਼ੌਜੀ ਬਗ਼ਾਵਤ ਦੇ ਬਾਅਦ ਚੇਚਨੀਆ ਦੀਆਂ ਹਥਿਆਰਬੰਦ ਬਲਾਂ ਦੇ ਚੀਫ਼ ਆਫ਼ ਸਟਾਫ਼ ਵੀਸਖ਼ਾਨ ਸ਼ਹਾਬੋਫ਼ ਨੂੰ ਬਰਤਰਫ਼ ਕਰ ਦਿੱਤਾ ਗਿਆ ਤੇ ਮਸਖ਼ਾਦੋਫ਼ ਐਕਟਿੰਗ ਚੀਫ਼ ਆਫ਼ ਸਟਾਫ਼ ਮੁਕੱਰਰ ਹੋਇਆ। ਮਾਰਚ 1994 ਵਿੱਚ ਉਹ ਚੇਚਨੀਆ ਦੀ ਫੌਜਾਂ ਦਾ ਚੀਫ਼ ਆਫ਼ ਸਟਾਫ਼ ਬਣ ਗਿਆ।
ਪਹਿਲੀ ਚੇਚਨ ਜੰਗ
[ਸੋਧੋ]ਪਹਿਲੀ ਚੇਚਨ ਜੰਗ ਦਸੰਬਰ 1994 ਵਿੱਚ ਸ਼ੁਰੂ ਹੋਈ ਤੇ ਉਸ ਵਿੱਚ ਰੂਸੀ ਫ਼ੌਜਾਂ ਨੂੰ ਚੇਚਨਾਂ ਨੇ ਬਦਤਰੀਨ ਸ਼ਿਕਸਤ ਦਿੱਤੀ। ਇਸ ਜੰਗ ਚ ਉਹ ਚੇਚਨੀਆ ਵੱਲੋਂ ਨੁਮਾਇਆਂ ਫ਼ੌਜੀ ਕਮਾਂਡਰ ਸਨ ਤੇ ਚੇਚਨੀਆ ਦੀ ਰੂਸੀ ਫ਼ੌਜਾਂ ਨੂੰ ਹਾਰ ਵੀ ਇਨ੍ਹਾਂ ਦੀ ਦੇਣ ਮੰਨੀ ਜਾਂਦੀ ਸੀ। ਚੇਚਨੀਆ ਦੀ " ਰਿਆਸਤੀ ਸੁਰਖਿਆ ਕੌਂਸਿਲ " ਦੇ ਡਿਪਟੀ ਚੇਅਰਮੈਨ (ਚੇਅਰਮੈਨ ਜੌਹਰ ਦੋਦਾਈਫ਼ ਸਨ ) ਤੇ ਚੀਫ਼ ਆਫ਼ ਸਟਾਫ਼ ਦੇ ਤੌਰ 'ਤੇ, ਮਸਖ਼ਾਦੋਫ਼ ਨੇ ਗਰੋਜ਼ਨੀ ਦੀ ਲੜਾਈ ਦੇ ਦੌਰਾਨ ਚੇਚਨੀਆ ਦੀ ਰਾਜਧਾਨੀ ਦਾ ਡਿਫੈਂਸ ਸੰਗਠਿਤ ਕੀਤਾ। ਮਸਖ਼ਾਦੋਫ਼ ਇਸ ਲੜਾਈ ਦੌਰਾਨ ਗਰੋਜ਼ਨੀ ਦੇ ਪ੍ਰਧਾਨਗੀ ਮਹਿਲ ਤੋਂ ਫ਼ੌਜੀ ਦਸਤਿਆਂ ਨੂੰ ਕਮਾਨ ਕਰ ਰਹੇ ਸਨ ਤੇ ਇੱਕ ਮੌਕੇ ਤੇ ਇੱਕ ਰੂਸੀ ਬੰਕਰ ਤਬਾਹ ਕਰਨ ਵਾਲਾ ਬੰਬ ਇਨ੍ਹਾਂ ਤੋਂ ਸਿਰਫ਼ 20 ਮੀਟਰ ਦੂਰ ਡਿੱਗਿਆ ਪਰ ਉਸਦੇ ਨਾ ਫਟਣ ਦੀ ਵਜ੍ਹਾ ਤੋਂ ਉਹ ਮਹਿਫ਼ੂਜ਼ ਰਹੇ। ਫ਼ਰਵਰੀ 1995 ਵਿੱਚ ਦੋਦਾਈਫ਼ ਨੇ ਅਸਲਾਨ ਨੂੰ ਡਵੀਜ਼ਨਲ ਜਨਰਲ ਦੇ ਅਹੁਦੇ ਤੇ ਤਰੱਕੀ ਦੇ ਦਿੱਤੀ।
ਜੂਨ 1995 ਵਿੱਚ ਮਸਖ਼ਾਦੋਫ਼ ਨੇ ਚੇਚਨੀਆ ਦੇ ਬੁਹਰਾਨ ਤੇ ਗਰੋਜ਼ਨੀ ਵਿੱਚ ਹੋਣ ਵਾਲੀਆਂ ਗੱਲਬਾਤਾਂ ਵਿੱਚ ਹਿੱਸਾ ਲਿਆ। ਜੂਨ 1996 ਵਿੱਚ ਨਜ਼ਰਾਨ ਅਨਗੋਸ਼ਤਿਆ ਵਿੱਚ ਹੋਣ ਵਾਲੀਆਂ ਗੱਲਬਾਤਾਂ ਵਿੱਚ ਚੇਚਨੀਆਂ ਵੱਲੋਂ ਫ਼ਾਇਰਬੰਦੀ ਤੇ ਹਥਿਆਰਬੰਦ ਟਕਰਾ ਦੇ ਹੱਲ ਦੇ ਪ੍ਰੋਟੋਕੋਲ ਤੇ ਦਸਤਖ਼ਤ ਕੀਤੇ। ਅਗਸਤ 1996 ਵਿੱਚ ਗਰੋਜ਼ਨੀ ਤੇ ਚੇਚਨੀਆ ਦੇ ਦਸਤਿਆਂ ਦੇ ਕਬਜ਼ੇ ਦੇ ਬਾਅਦ ਮਸਖ਼ਾਦੋਫ਼ ਨੇ ਅਲੈਗਜ਼ੈਂਡਰ ਲੀਬਦ ਨਾਲ਼ 31 ਅਗਸਤ 1996 ਨੂੰ ਗੱਲਬਾਤ ਕੀਤੀ ਤੇ " ਮੁਆਹਿਦਾ ਖ਼ਾਸਾਵ ਯੁਰਤ " ਅਮਲ ਚ ਆਇਆ, ਤੇ ਉਸ ਅਮਨ ਸੰਧੀ ਨਾਲ਼ ਹੀ ਪਹਿਲੀ ਚੇਚਨ ਜੰਗ ਆਪਣੇ ਅੰਤ ਨੂੰ ਪਹੁੰਚੀ।