ਸਮੱਗਰੀ 'ਤੇ ਜਾਓ

ਅੰਮ੍ਰਿਤਸਰੀ ਪਾਪੜ ਵੜੀਆਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅੰਮ੍ਰਿਤਸਰੀ ਪਾਪੜ ਵੜੀਆਂ

ਅੰਮ੍ਰਿਤਸਰੀ ਪਾਪੜ ਇੱਕ ਦੁਬਲੀ ਪਤਲੀ ਤਸ਼ਤਰੀ ਦੀ ਸ਼ਕਲ ਦਾ, ਕੁਰਕੁਰਾ, ਖਾਣ ਵਾਲਾ ਵਿਅੰਜਨ ਹੈ ਜੋ ਕਿ ਮਾਂਹ ਦੀ ਧੋਤੀ ਹੋਈ ਬਗੈਰ ਛਿਲਕਾ ਦਾਲ ਦਾ ਆਟਾ ਗੁੰਨ ਕੇ ਸੰਘਣੇ ਗੁੱਦੇਦਾਰ ਪਦਾਰਥ ਤੋਂ ਬਣਾਇਆ ਜਾਂਦਾ ਹੈ। ਗੁੰਨੇ ਹੋਏ ਆਟੇ ਨੂੰ ਤਸ਼ਤਰੀ ਦੀ ਸ਼ਕਲ ਵਿੱਚ ਵੇਲ ਕੇ ਧੁੱਪ ਵਿੱਚ ਸੁਕਾਉਣ ਨਾਲ ਕੱਚਾ ਪਾਪੜ ਤਿਆਰ ਹੁੰਦਾ ਹੈ।[1] ਆਟੇ ਲਈ ਮੂੰਗ ਦਾਲ, ਚੌਲ, ਆਲੂਆਂ, ਛੋਲੇ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਜਿਸ ਨਾਲ ਵੱਖਰੀ ਕਿਸਮ ਦੇ ਪਾਪੜ ਬਣ ਜਾਂਦੇ ਹਨ ਪਰ ਅੰਮ੍ਰਿਤਸਰੀ ਪਾਪੜ ਖ਼ਾਸ ਮਾਂਹ ਦੀ ਦਾਲ ਤੇ ਕਾਲੀਆਂ ਮਿਰਚਾਂ ਦੇ ਹੀ ਬਣਾਏ ਜਾਂਦੇ ਹਨ, ਜ਼ਿਆਦਾ ਤਿੱਖੇ ਸੁਆਦ ਲਈ ਪੀਸੀਆਂ ਲਾਲ ਮਿਰਚਾਂ ਤੇ ਖਟ-ਮਿੱਠੇ ਸੁਆਦ ਲਈ ਅਨਾਰਦਾਣਾ ਵੀ ਪਾਏ ਜਾਂਦੇ ਹਨ।

ਪਾਪੜਾਂ ਨੂੰ ਪਹਿਲਾਂ ਬਿਜਲਈ ਭੱਠੀ ਜਾਂ ਤੰਦੂਰ ਜਾਂ ਕੋਲਿਆਂ ਦੀ ਅੰਗੀਠੀ ਤੇ ਭੁੰਨਿਆ ਜਾਂਦਾ ਹੈ ਤੇ ਭਾਰਤ, ਪਾਕਿਸਤਾਨ ਤੇ ਸ੍ਰੀ ਲੰਕਾ ਵਿੱਚ ਖਾਣੇ ਦੇ ਨਾਲ ਜਾਂ ਚਾਹ ਨਾਲ ਨਾਸ਼ਤੇ ਦੇ ਤੌਰ 'ਤੇ ਇਨ੍ਹਾਂ ਦਾ ਸੇਵਨ ਕੀਤਾ ਜਾਂਦਾ ਹੈ। ਪਾਪੜ ਇੱਕ ਥੋੜ੍ਹੀ ਕੈਲੋਰੀਆਂ ਵਾਲੀ ਪਰੰਤੂ ਜ਼ਿਆਦਾ ਸੋਡੀਅਮ ਵਾਲਾ ਖਾਧ ਪਦਾਰਥ ਹੈ।[2]

ਅੰਮ੍ਰਿਤਸਰੀ ਵੜੀ

ਅੰਮ੍ਰਿਤਸਰੀ ਵੜੀਆਂ ਵੀ ਪਾਪੜਾਂ ਵਾਂਗ ਮਾਂਹ ਦੀ ਦਾਲ ਦੇ ਆਟੇ, ਹਿੰਗ, ਕਾਲੀ ਮਿਰਚ, ਲਾਲ ਮਿਰਚ, ਧਨੀਆਂ ਦੇ ਬੀਜ, ਨਮਕ ਤੇ ਜ਼ੀਰੇ ਦੇ ਬੀਜਾਂ ਦੇ ਮਿਸ਼ਰਨ ਤੋਂ ਬਣਾਈ ਪੇਸਟ ਤੋਂ ਬਣਾਈਆਂ ਜਾਂਦੀਆਂ ਹਨ। ਪੇਸਟ ਨੂੰ ਕੱਪੜੇ ਦੀਆਂ ਚਦਰਾਂ ਤੇ 5 ਸੈ.ਮੀ. ਵਿਆਸ ਦੇ ਅਰਧਗੋਲਿਆਂ ਦੀ ਸ਼ਕਲ ਵਿੱਚ ਵਿਛਾ ਕੇ ਧੁੱਪ ਵਿੱਚ ਕਈ ਦਿਨਾਂ ਵਿੱਚ ਸੁਕਾਇਆ ਜਾਂਦਾ ਹੈ। ਵੜੀਆਂ ਦਾ ਸੇਵਨ, ਕੜਾਹੀ ਵਿੱਚ ਤਲ਼ਨ ਤੋਂ ਬਾਦ ਸਬਜ਼ੀ ਵਿੱਚ ਰਿੰਨ ਜਾਂ ਪਕਾਅ ਕੇ ਕੀਤਾ ਜਾਂਦਾ ਹੈ। ਇਹ ਸਬਜ਼ੀ ਜਾਂ ਭਾਜੀ ਨੂੰ ਮਸਾਲੇਦਾਰ ਤਿੱਖੇ ਸੁਆਦ ਵਾਲਾ ਬਣਾ ਦੇਂਦਾ ਹੈ।

ਘਰੇਲੂ ਉਦਯੋਗ

[ਸੋਧੋ]

ਪਾਪੜ ਵੜੀਆਂ ਬਣਾਉਣਾ, ਅੰਮ੍ਰਿਤਸਰ ਦਾ ਇੱਕ ਖ਼ਾਸ ਘਰੇਲੂ ਉਦਯੋਗ ਹੈ, ਜਿਸ ਦੇ ਬਣਾਉਣ ਦੀ ਖ਼ਾਸ ਕਲਾ ਇੱਥੋਂ ਦੇ ਕੁਝ ਹੀ ਪਰਵਾਰਾਂ ਵਿੱਚ ਸੀਮਤ ਹੈ। ਇੱਕ ਹੋਰ ਖ਼ਾਸੀਅਤ ਅੰਮ੍ਰਿਤਸਰੀ ਪਾਪੜਾਂ ਦੀ ਹੈ ਕਿ ਇਹ ਨਾਂ ਹੀ ਮਸ਼ੀਨਾਂ ਰਾਹੀਂ ਬਣਾਏ ਜਾਂਦੇ ਹਨ ਤੇ ਨਾ ਹੀ ਮਸ਼ੀਨਾਂ ਰਾਹੀਂ ਸੁਕਾਏ ਜਾਂਦੇ ਹਨ। ਪਹਿਲਾਂ ਇਹ ਪਰਵਾਰ ਅੰਮ੍ਰਿਤਸਰ ਦੇ ਇੱਕ ਬਜ਼ਾਰ ਪਾਪੜਾਂ ਵਾਲਾ ਵਿੱਚ ਹਰਿਮੰਦਰ ਸਾਹਿਬ (ਗੋਲਡਨ ਟੈਂਪਲ) ਨੇੜੇ ਕੇਂਦਰਿਤ ਸਨ। ਅੱਜਕਲ ਗਲਿਆਰਾ ਪ੍ਰਾਜੈਕਟ ਬਨਣ ਤੋਂ ਬਾਅਦ ਇਹ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਕਈ ਬਜ਼ਾਰਾਂ ਵਿੱਚ ਫੈਲ ਗਏ ਹਨ ਤੇ ਇਹ ਧੰਦਾ ਬਣਾਉਣ ਵਾਲਿਆਂ ਦੇ ਹੱਥੋਂ ਖਿਸਕ ਕੇ ਆਮ ਦੁਕਾਨਦਾਰਾਂ ਵੱਲੋਂ ਕੀਤਾ ਜਾਣ ਲੱਗ ਪਿਤਾ ਹੈ। ਆਣ ਜਾਣ ਵਾਲੇ ਯਾਤਰੂਆਂ ਤੋਂ ਇਲਾਵਾ ਦੇਸ਼ ਬਦੇਸ਼ਾਂ ਵਿੱਚ ਵੀ ਅੰਮ੍ਰਿਤਸਰੀ ਪਾਪੜ ਬਹੁਤ ਪਸੰਦ ਕੀਤੇ ਜਾਂਦੇ ਹਨ।ਇੱਕ ਹੋਰ ਮਸ਼ੀਨੀ ਪਾਪੜ ਲਿੱਜਤ ਬ੍ਰਾਂਡ ਦੇ ਪਾਪੜਾਂ ਦੇ ਟਾਕਰੇ ਪੂਰੇ ਭਾਰਤ ਵਿੱਚ ਬਲਕਿ ਦੁਨੀਆ ਵਿੱਚ ਇੱਕ ਵਾਰ ਸੁਆਦ ਲੱਗ ਜਾਣ ਤੇ ਲੋਕਾਂ ਵੱਲੋਂ ਵਧੇਰੇ ਪਸੰਦ ਕੀਤੇ ਜਾਂਦੇ ਹਨ।

ਹਵਾਲੇ

[ਸੋਧੋ]
  1. "Papad - NDTV Food". food.ndtv.com. Retrieved 2016-02-03.
  2. "Nutrition Facts and Analysis for Papad". nutritiondata.self.com. Retrieved 2016-02-03.