ਆਚਾਰੀਆ ਭੋਜਰਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਆਚਾਰੀਆ ਭੋਜਰਾਜ ਦਾ ਭਾਰਤੀ ਕਾਵਿ-ਸ਼ਾਸਤਰ ਵਿੱਚ ਅਹਿਮ ਸਥਾਨ ਹੈ। ਇਨ੍ਹਾਂ ਦੀ ਭਾਰਤੀ ਕਾਵਿ-ਸ਼ਾਸਤਰ ਨੂੰ ਬਹੁਤ ਮਹੱਤਵਪੂਰਨ ਦੇਣ ਹੈ।ਇਨ੍ਹਾ ਨੇ ਰਸਾਂ ਵਿੱਚੋ ਸ਼ਿੰਗਾਰ ਰਸ ਨੂੰ ਪ੍ਰਧਾਨ ਮੰਨਿਆ ਹੈ। ਇਨ੍ਹਾਂ ਨੂੰ ਕਾਵਿ-ਸ਼ਾਸਤਰ ਵਿੱਚ ਆਚਾਰੀਆ ਭੋਜ ਜਾਂ ਭੋਜ ਰਾਜਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

ਕਾਵਿ-ਸ਼ਾਸਤਰ ਦੇ ਇਤਿਹਾਸ ਵਿੱਚ ਆਚਾਰੀਆ ਭੋਜ ਆਪਣੀ ਕਾਵਿਸ਼ਾਸਤਰੀ ਅਤੇ ਸਾਹਿਤਕ ਪ੍ਰਤਿਭਾ ਲਈ ਬਹੁਤ ਪ੍ਰਸਿੱਧ ਹਨ। ਇਹ 'ਧਾਰਾ' ਨਗਰੀ ਦੇ ਰਾਜਾ ਸਨ। ਇਹ ਸਿਰਫ ਆਪਣੇ ਦਾਨੀ ਸੁਭਾਅ,ਕਵੀਆਂ ਅਤੇ ਵਿਦਵਾਨਾਂ ਨੂੰ ਆਸਰਾ ਦੇਣ ਲਈ ਹੀ ਪ੍ਰਸਿੱਧ ਨਹੀਂ ਸੀ,ਸਗੋਂ ਉਹ ਇੱਕ ਮਹਾਨ ਕਵੀ ਸ਼ਾਸ਼ਤਰਾਂ ਅਤੇ ਗਿਆਨ ਵਿਗਿਆਨ ਦੇ ਜਾਣ,ਉਘੇ ਸਮੀਖਿਆਕਾਰ ਅਤੇ ਉਚਕੋਟੀ ਦੇ ਕਾਵਿਸ਼ਾਸਤਰੀ ਵੀ ਸਨ।[1]

ਮਾਲਵੇ ਪ੍ਰਦੇਸ਼ ਦੇ ਮਹਾਰਾਜ ਭੋਜ ਭਾਰਤੀ ਇਤਿਹਾਸ ਵਿੱਚ ਆਪਣੀ ਵਿਦਵਾਨਤਾ ਦਾਨਸ਼ੀਲਤਾ ਅਤੇ ਉਦਾਰਤਾ ਦੇ ਲਈ ਪ੍ਰਸਿੱਧ ਹੈ। ਭੋਜ ਬਹੁਤ ਉੱਚਕੋਟੀ ਦੇ ਸਾਹਿਤਕਾਰ ਸਨ। 'ਸ਼ਿੰਗਾਰਪ੍ਰਕਾਸ਼ 'ਅਤੇ 'ਸਰਸਵਤੀਕੰਠਾਭਰਣ' ਇਨ੍ਹਾਂ ਦੇ ਪ੍ਰਸਿੱਧ ਸਾਹਿਤਕ ਗ੍ਰੰਥ ਹਨ।[2]

ਆਚਾਰੀਆ ਭੋਜ ਦਾ ਗ੍ਰੰਥ 'ਸ਼ਿੰਗਾਰਪ੍ਰਕਾਸ਼ ' ਭਾਰਤੀ ਕਾਵਿ-ਸ਼ਾਸਤਰ ਦਾ ਸਭ ਤੋਂ ਵੱਡਾ ਗ੍ਰੰਥ ਮੰਨਿਆ ਜਾਂਦਾ ਹੈ।[3]

ਜੀਵਨ[ਸੋਧੋ]

ਆਚਾਰੀਆ ਭੋਜ ਦੇ ਵਿਅਕਤੀਗਤ ਜੀਵਨ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਮਿਲਦੀ,ਜਿਵੇਂਕਿ ਅਸੀਂ ਪਹਿਲਾ ਹੀ ਚੁੁਕੇ ਹਾਂ,ਕਿ ਉਹ ਮਾਲਵਾ ਪ੍ਰਦੇਸ਼ ਦੇ ਰਾਜਾ ਸਨ। ਇਹਨਾਂ ਦਾ ਸ਼ਾਸ਼ਨਕਾਲ 1005 ਈ: ਸਦੀ ਤੱਕ ਮੰਨਿਆ ਜਾਂਦਾ ਹੈ।[1]

ਸੰਸਕ੍ਰਿਤ ਦੇ ਕਵੀ ਪਰਿਮਲ ਦੁਆਰਾ ਲਿਖਤ "ਨਵਸਾਹਸਾਂਕਚਰਿਤ" ਕਾਵਿ ਵਿੱਚ ਸਿੰਧੂਰਾਜ ਦੇ ਪਰਾਕ੍ਮਾ ਅਤੇ ਜਿੱਤਾਂ ਦਾ ਵਰਣਨ ਹੈ। ਵਿਕ੍ਮੀ ਸੰਵਤ 1161ਈ: ਦੇ ਇੱਕ ਹੋਰ ਸ਼ਿਲਾਲੇਖ ਵਿੱਚ ਮੁੰਜ,ਸਿੰਧੂ ਰਾਜ,ਭੋਜ ਦੇ ਉਤਰਾਧਿਕਾਰ ਦਾ ਕ੍ਰਮ ਅੰਕਿਤ ਹੈ। ਕਵੀ ਬਲਾੱਲ ਸੇਨ ਦੀ ਰਚਨਾ 'ਭੋਜਪ੍ਰਬੰਧ' ਵਿੱਚ ਭੋਜ ਸ਼ਾਸ਼ਨਕਾਲ ਬਹੁਤ ਲੰਬਾ 55 ਸਾਲ 7 ਮਹੀਨੇ ਤਿੰਨ ਦਿਨ ਦੱਸਿਆ ਹੈ।[4]

ਭੋਜਰਾਜ ਦੀਆਂ ਰਚਨਾਵਾਂ[ਸੋਧੋ]

ਧਾਰਾ ਦੇ ਰਾਜਾ ਭੋਜ ਦੀਆਂ ਦੋ ਕਿਰਤਾ ਪ੍ਰਸਿੱਧ ਹਨ,'ਸਰਸਵਤੀਕੰਠਾਭਰਣ' ਅਤੇ 'ਸ਼ਿੰਗਾਰਪ੍ਰਕਾਸ਼', ਪਹਿਲੀ ਕਾਵਿ-ਸ਼ਾਸਤਰ ਦੀ ਪੁਸਤਕ ਹੈ। ਇਸ ਵਿੱਚ ਤਿੰਨ ਤਰਾਂ ਦੇ ਅਲੰਕਾਰ ਦੱਸੇ ਗਏ ਹਨ।

1) ਸ਼ਬਦਾਲੰਕਾਰ

2) ਅਰਥਾਲੰਕਾਰ

3)ਸ਼ਬਦਾਰਥਾਲੰਕਾਰ।

ਭੋਜ ਦੇ ਮੱਤ ਅਨੁਸਾਰ ਕਾਵਿ ਵਿੱਚ ਇੱਕੋ ਰਸ ਹੈ ਸ਼ਿੰਗਾਰ ਰਸ। 'ਸ਼ਿੰਗਾਰਪ੍ਰਕਾਸ਼' ਪਹਿਲੇ ਗ੍ਰੰਥ ਦਾ ਪੂਰਕ ਕਿਹਾ ਜਾ ਸਕਦਾ ਹੈ।[5]

ਭਾਰਤੀ ਕਾਵਿ-ਸ਼ਾਸਤਰ ਦੇ ਸਮੀਖਿਆਕਾਰ ਅਤੇ ਸੰਸਕ੍ਰਿਤ ਸਾਹਿਤ ਦੇ ਇਤਿਹਾਸਕਾਰ ਆਚਾਰੀਆ ਭੋਜ ਦੀਆਂ ਰਚਨਾਵਾਂ ਦੀ ਸੰਖਿਆ ਬਾਰੇ ਇੱਕ ਮੱਤ ਨਹੀਂ ਹੈ।ਆਚਾਰੀਆ ਭੋਜ ਦੀ ਦੂਜੀ ਕਾਵਿਸ਼ਾਸਤਰੀ ਰਚਨਾ 'ਸ਼ਿੰਗਾਰਪ੍ਰਕਾਸ਼' ਨੂੰ ਭਾਰਤੀ ਕਾਵਿ-ਸ਼ਾਸਤਰ ਦਾ ਸਭ ਤੋ ਵੱਡਾ ਗ੍ਰੰਥ ਮੰਨਿਆ ਜਾਂਦਾ ਹੈ।[6]

ਡਾ.ਵੀ.ਰਾਘਵਨ ਅਨੁਸਾਰ -: 'ਸ਼ਿੰਗਾਰਪ੍ਰਕਾਸ਼' ਗ੍ਰੰਥ 36 ਪ੍ਰਕਾਸ਼ਾਂ ਵਿੱਚ ਵੰਡਿਆ ਅਤੇ 2500 ਹੱਥਲਿਖਤ ਪੰਨਿਆਂ ਚ' ਪ੍ਰਾਪਤ ਹੈ। ਇਸ ਵਿੱਚ ਕਾਵਿਸ਼ਾਸਤਰੀ ਅਤੇ ਨਾਟਯਸ਼ਾਸਤਰੀ ਤੱਤਾਂ ਦਾ ਵਿਸਤ੍ਰਿਤ ਵਿਵੇਚਨ ਹੈ।

ਭਾਰਤੀ ਕਾਵਿ-ਸ਼ਾਸਤਰ ਦੇ ਇਤਿਹਾਸ ਨੂੰ ਆਚਾਰੀਆ ਭੋਜ ਦੀ ਸਭ ਤੋਂ ਵੱੱਡੀ ਇਹ ਦੇਣ ਹੈ ਕਿ ਇਨ੍ਹਾਂ ਨੇ ਪ੍ਰਚੀਨ ਆਚਾਰੀਆ ਦੇ ਮਤਾਂ ਦਾ ਆਪਣੇ ਦੋਹਾਂ ਕਾਵਿ-ਸ਼ਾਸਤਰ ਦੇ ਗ੍ਰੰਥਾਂ ਚ' ਸਮਨਵੈ ਕਰਕੇ ਉਹਨਾਂ ਨੂੰ ਆਪਣੀਆਂ ਨਵੀਆਂ ਉਦਭਾਵਨਾਵਾਂ ਅਤੇ ਆਪਣੇ ਮੋਲਿਕ ਚਿੰਤਨ ਰਾਹੀਂ ਸਜੋਣ ਦਾ ਯਤਨ ਕੀਤਾ ਜਾਪਦਾ ਹੈ। ਕਾਵਿਗਤ ਰਸ ਦੇ ਦਾਰਸ਼ਨਿਕ ਅਤੇ ਮਨੋਵਿਗਿਆਨਕ ਵਿਵੇਚਨ ਨੇ ਆਚਾਰੀਆ ਭੋਜ ਨੂੰ ਭਾਰਤੀ ਕਾਵਿ-ਸ਼ਾਸਤਰ ਦੇ ਇਤਿਹਾਸ ਵਿੱਚ ਇੱਕ ਨਵੀਂ ਵਿਵਸਥਾ ਦਾ ਸੰਸਥਾਪਕ ਅਤੇ ਪ੍ਰਵਰਤਕ ਮੰਨਿਆ ਹੈ। ਪ੍ਰਾਚੀਨ ਆਚਾਰੀਆ ਦੀ ਰਸ ਸੰਖਿਆ ਨੂੰ ਮੰਨਦੇ ਹੋਏ ਸਾਰੇ ਰਸਾਂ ਦਾ ਮੂਲ 'ਸ਼ਿੰਗਾਰ' ਨੂੰ ਕਿਹਾ ਹੈ। 'ਰਸ' ਨੂੰ ਅਹੰਕਾਰ ਅਤੇ ਅਭਿਮਾਨ ਰੂਪ ਮੰਨ ਕੇ ਸ਼ਿੰਗਾਰਮਾਤ੍ ਕਿਹਾ ਅਤੇ 'ਕਾਵਿ' ਚ ਸੁਹਪਣ ਦਾ ਕਾਰਣ ਇਸੇ ਨੂੰ ਮੰਨਿਆ ਹੈ। ਭਾਰਤੀ ਕਾਵਿ-ਸ਼ਾਸਤਰ 'ਚ ਆਚਾਰੀਆ ਭੋਜ ਦੀ ਇੱਕ ਬਹੁਤ ਪ੍ਰਸਿੱਧ ਅਖਾਣ ਹੈ ਕਿ, "ਜੇ ਕਵੀ ਸ਼ਿੰਗਾਰੀ ਹੈ ਤਾਂ ਸਭ ਕੁੱਝ ਨੀਰਸ ਹੋ ਜਾਂਦਾ ਹੈ"। ਭਾਰਤੀ ਆਲੋਚਕਾਂ ਦੇ ਆਨੁਸਾਰ ਭੋਜ ਦੇ ਵਿਵੇਚਨ 'ਚ ਸਾਰਿਆਂ ਥਾਵਾਂ ਤੇ ਇਕੋ ਸਮਾਨਤਾ ਅਤੇ ਪ੍ਰਮਾਣਾਂ ਰਾਹੀਂ ਪੁਸ਼ਟ ਵਿਚਾਰ ਮਿਲਦੇ ਹਨ।[7]

ਹਵਾਲੇ[ਸੋਧੋ]

  1. 1.0 1.1 ਸ਼ਰਮਾ, ਸ਼ੁਕਦੇਵ (2017). ਭਾਰਤੀ ਕਾਵਿ-ਸ਼ਾਸਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 343. ISBN 978-81-302-0462-8. 
  2. ਰੁਦ੍ਰਟ, ਅਚਾਰੀਆ. ਕਵਿਯਅਲੰਕਾਰ. ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 46. 
  3. ਸ਼ਰਮਾ, ਸ਼ੁਕਦੇਵ (2017). ਭਾਰਤੀ ਕਾਵਿ-ਸ਼ਾਸਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 345. ISBN 978-81-302-0462-8. 
  4. ਸ਼ਰਮਾ, ਸ਼ੁਕਦੇਵ (2017). ਭਾਰਤੀ ਕਾਵਿ-ਸ਼ਾਸਤਰ. ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ: ਪਟਿਆਲਾ. p. 343. ISBN 978-81-302-0462-8. 
  5. ਚੰਦ, ਪ੍ਰੋ: ਦੁਨੀ (1972). ਸਾਹਿਤਯ ਦਰਪਣ. ਚੰਡੀਗੜ: ਪਬਲੀਕੇਸ਼ਨ ਬਿਊਰੋ ਪੰਜਾਬ ਯੂਨੀਵਰਸਿਟੀ, ਚੰਡੀਗੜ. p. 11. 
  6. ਸ਼ਰਮਾ, ਸ਼ੁਕਦੇਵ (2017). ਭਾਰਤੀ ਕਾਵਿ-ਸ਼ਾਸਤਰ. ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ: ਪਟਿਆਲਾ. p. 345. ISBN 978-81-302-0462-8. 
  7. ਸ਼ਰਮਾ, ਸ਼ੁਕਦੇਵ (2017). ਭਾਰਤੀ ਕਾਵਿ-ਸ਼ਾਸਤਰ. ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ: ਪਟਿਆਲਾ. pp. 346–347. ISBN 978-81-302-0462-8.