ਆਚਾਰੀਆ ਮੰਮਟ ਰਚਿਤ ਕਾਵਿ ਪ੍ਰਕਾਸ਼
ਆਚਾਰੀਆ ਮੰਮਟ[ਸੋਧੋ]
ਭਾਰਤੀ ਕਾਵਿ-ਸ਼ਾਸਤਰ ਪਰੰਪਰਾ ਵਿੱਚ ਆਚਾਰੀਆ ਮੰਮਟ ਇੱਕ ਜ਼ਿਕਰਯੋਗ ਨਾਂ ਹੈ। ਉਹਨਾਂ ਨੇ 'ਕਾਵਿ ਪ੍ਰਕਾਸ਼' ਨਾਂ ਦੇ ਮਹੱਤਵਪੂਰਨ ਗ੍ਰੰਥ ਦੀ ਰਚਨਾ ਕੀਤੀ, ਜਿਸ ਵਿੱਚ ਉਹਨਾਂ ਨੇ ਆਪਣੇ ਤੋ ਪਹਿਲਾਂ ਹੋਏ ਆਚਾਰੀਆਂ ਦੇ ਭਾਰਤੀ ਕਾਵਿ-ਸ਼ਾਸਤਰ ਨਾਲ ਸੰਬੰਧਿਤ ਕੰਮ ਦੀ ਦਲੀਲ ਨਾਲ ਸਮੀਖਿਆ ਕੀਤੀ। ਮੰਮਟ ਦੀ ਰਚਨਾ 'ਕਾਵਿ ਪ੍ਰਕਾਸ਼' ਨੂੰ ਉਹ ਮਹੱਤਤਾ ਪ੍ਰਾਪਤ ਹੈ ਜੋ ਵੇਦਾਂਤ ਦਰਸ਼ਨ ਵਿੱੱਚ ਸ਼ਾਰੀਰਕ ਭਾਸ਼, ਵਿਆਕਰਣ ਸ਼ਾਸਤਰ ਵਿੱਚ ਜੋ ਮਹਾਂਭਾਸ਼ ਦੀ ਮਹੱਤਤਾ ਹੈ। ਬਾਅਦ ਵਿੱਚ ਹੋਏ ਸਾਰੇ ਵਿਦਵਾਨ 'ਕਾਵਿ ਪ੍ਰਕਾਸ਼' ਅਤੇ ਆਚਾਰੀਆ ਮੰਮਟ ਨੂੰ ਬੜੇ ਆਦਰ ਤੇ ਮਾਣ ਨਾਲ ਯਾਦ ਕਰਦੇ ਹਨ। ਕਈ ਵਿਦਵਾਨ ਤਾਂ ਉਹਨਾਂ ਨੂੰ ਸਰਸਵਤੀ ਦਾ ਅਵਤਾਰ ਵੀ ਮੰਨਦੇ ਹਨ।[1] ਉਹਨਾਂ ਦੇ ਪਿਤਾ ਦਾ ਨਾਂ ਜੈੱਯਟ ਅਤੇ ਭਰਾਵਾਂ ਦਾ ਨਾਂ ਕੈੱਯਟ ਅਤੇ ਉੱਵਟ ਦੱਸਿਆ ਗਿਆ ਹੈ, ਹਾਲਾਂਕਿ ਮੰਮਟ ਦੇ ਭਰਾਵਾਂ ਬਾਰੇ ਵਿਦਵਾਨਾਂ ਦੇ ਆਪਸ ਵਿੱਚ ਮਤਭੇਦ ਹਨ। ਨਾਮ ਤੋਂ ਇਹਨਾਂ ਦਾ ਕਸ਼ਮੀਰੀ ਹੋਣਾ ਸਿੱਧ ਹੀ ਹੈ। ਇਹਨਾਂ ਨੂੰ ਵਾਗਦੇਵੀ ਸਰਸਵਤੀ ਦਾ ਅਵਤਾਰ ਮੰਨਿਆਂ ਜਾਂਦਾ ਸੀ।[2]
ਰਚਨਾ[ਸੋਧੋ]
ਕਾਵਿ ਪ੍ਰਕਾਸ਼[ਸੋਧੋ]
'ਕਾਵਿ ਪ੍ਰਕਾਸ਼' ਆਚਾਰੀਆ ਮੰਮਟ ਦੁਆਰਾ ਲਿਖਿਆ ਇਕੋ-ਇਕ ਗ੍ਰੰਥ ਹੈ ਜੋ ਮੋਜੂਦਾ ਸਮੇਂ ਪ੍ਰਾਪਤ ਹੁੰਦਾ ਹੈ। ਕਾਵਿ ਪ੍ਰਕਾਸ਼ ਗ੍ਰੰਥ ਦੀ ਰਚਨਾ ਕਰਨ ਲਈ ਚੰਗੀ ਯੋਜਨਾਬੰਦੀ ਤੋਂ ਕੰਮ ਲਿਆ ਗਿਆ ਹੈ। 'ਕਾਵਿ ਪ੍ਰਕਾਸ਼' ਕਰਤਾ ਦੇ ਰੂਪ ਵਜੋਂ ਮੰਮਟ ਨੂੰ ਬਹੁਤ ਪ੍ਰਸਿੱਧੀ ਮਿਲੀ ਹੈ, ਹਾਂਕਿ ਇਸ ਗ੍ਰੰਥ ਦੀ ਰਚਨਾ ਕਰਨ ਵਿੱਚ ਕਸ਼ਮੀਰ ਦੇ ਦੂਜੇ ਵਿਦਵਾਨ ਅਲੱਟ ਸੂਰੀ ਦਾ ਵੀ ਯੋਗਦਾਨ ਹੈ। ਇਹ ਕਿਹਾ ਜਾਂਦਾ ਹੈ ਕਿ ਪਰਿਕਰ ਅਲੰਕਾਰ ਤੱਕ ਦੀ ਰਚਨਾ ਮੰਮਟ ਦੁਆਰਾ ਅਤੇ ਉਸ ਤੋਂ ਬਾਅਦ ਦੀ ਰਚਨਾ ਅਲੱਟ ਸੂਰੀ ਨੇ ਕੀਤੀ ਹੈ। ਆਪਣੇ ਇਸ ਗ੍ਰੰਥ ਲਈ ਮੰਮਟ ਮੁੱਖ ਰੂਪ ਵਿੱਚ ਆਚਾਰੀਆ ਉਦਭੱਟ ਅਤੇ ਆਚਾਰੀਆ ਰੁਦ੍ਰਟ 'ਤੇ ਨਿਰਭਰ ਰਿਹਾ ਹੈ।[3] ਉਹਨਾਂ ਨੇ ਧੁਨੀ ਸਿਧਾਂਤ ਦੀ ਹੋਰਾਂ ਦੇ ਮੁਕਾਬਲੇ ਜ਼ਿਆਦਾ ਮਹੱਤਤਾ ਦੱਸੀ ਹੈ, ਇਸੇ ਕਰਕੇ ਬਹੁਤ ਸਾਰੇ ਆਲੋਚਕ ਜਾਂ ਵਿਦਵਾਨ ਉਸ ਦਾ ਨਾਂ 'ਧੁਨੀਵਾਦੀਆਂ' ਨਾਲ ਜੋੜ ਦਿੰਦੇ ਹਨ। ਕਾਵਿ ਪ੍ਰਕਾਸ਼ ਤਿੰਨ ਭਾਗਾਂ ਵਿੱਚ ਵੰਡਿਆ ਹੋਇਆ ਗ੍ਰੰਥ ਹੈ ਜੋ ਇਸ ਤਰ੍ਹਾਂ ਹੈ :
- ਕਾਰਿਕਾ ਭਾਗ
- ਵ੍ਰਿੱਤੀ ਭਾਗ
- ਉਦਹਾਰਨ ਭਾਗ
ਕਾਰਿਕਾਵਾਂ ਦੀ ਕੁੱਲ ਗਿਣਤੀ 142 ਹੈ ਅਤੇ ਇਹਨਾਂ ਕਾਰਿਕਾਵਾਂ ਨੂੰ 212 ਸੂਤ੍ਰਾਂ ਵਿੱਚ ਵੰਡਿਆ ਗਿਆ ਹੈ। ਉਹਨਾਂ ਤੇ ਗੱਦ ਵਿੱਚ ਵ੍ਰਿੱਤੀ ਲਿਖੀ ਗ ਹੈ। ਇਸ ਵਿੱਚ ਸੂਤ੍ਰਾਂ ਦੀ ਵਿਆਖਿਆ ਦੇ ਕੇ ਸਪਸ਼ਟ ਕੀਤਾ ਗਿਆ ਹੈ। ਲਗਭਗ 603 ਪਦ ਉਦਾਹਰਨਾਂ ਦੇ ਰੂਪ ਵਿੱਚ ਦਿੱਤੇ ਗਏ ਹਨ। ਜਿਹੜੇ ਅਲੱਗ-ਅਲੱਗ ਕਾਵਿ ਕਿਰਤਾਂ ਵਿੱਚ ਵੰਡੇ ਹੋਏ ਹਨ। ਸਮੁੱਚਾ ਗ੍ਰੰਥ ਦਸ ਅਧਿਆਵਾਂ ਵਿੱਚ ਵੰਡਿਆ ਹੋਇਆ ਹੈ।[4]
ਧੁਨੀ ਸੰਪ੍ਰਦਾਇ ਦਾ ਮੋਢੀ ਆਨੰਦਵਰਧਨ ਹੈ। ਆਚਾਰੀਆ ਅਭਿਨਵਗੁਪਤ ਨੇ ਇਸ ਸੰਪ੍ਰਦਾਇ ਨੂੰ ਹੋਰ ਵਧੇਰੇ ਸਪਸ਼ਟ ਕੀਤਾ ਹੈ ਤੇ ਆਚਾਰੀਆ ਮੰਮਟ ਨੇ ਧੁਨੀ ਦਾ ਮਹੱਤਵ ਮੰਨ ਕੇ ਇਸ ਸੰਪ੍ਰਦਾਇ ਨੂੰ ਮਾਨਤਾ ਦਿੱਤੀ। 'ਮੰਮਟ ਤੋਂ ਵੱਧ ਕੇ ਧੁਨੀਵਾਦ ਦਾ ਪ੍ਰਚਾਰਕ ਕੋਈ ਨਹੀਂ ਹੋਇਆ ਅਤੇ ਉਸਦਾ ਗ੍ਰੰਥ ਕਾਵਿ ਪ੍ਰਕਾਸ਼ ਧੁਨੀ ਸੰਪ੍ਰਦਾਇ ਦਾ ਸਭ ਤੋਂ ਪਹਿਲਾਂ ਤੇ ਸਭ ਤੋਂ ਮਹੱਤਵਪੂਰਨ ਪ੍ਰਮਾਣਿਕ ਗ੍ਰੰਥ ਹੈ।[5]
'ਕਾਵਿ ਪ੍ਰਕਾਸ਼' ਭਾਰਤੀ ਕਾਵਿ-ਸ਼ਾਸਤਰ ਪਰੰਪਰਾ ਵਿੱਚ ਉਹ ਗੌਰਵਮਈ ਪੁਸਤਕ ਹੈ, ਜਿਸ ਵਿੱਚ ਆਚਾਰੀਆ ਮੰਮਟ ਨੇ ਆਪਣੇ ਤੋਂ ਪਹਿਲਾਂ ਹੋਏ ਵਿਦਵਾਨਾਂ ਦੁਆਰਾ ਦਿੱਤੇ ਵਿਚਾਰਾਂ ਦੀ ਦਲੀਲ ਨਾਲ ਆਲੋਚਨਾ ਕਰਨ ਦੇ ਨਾਲ-ਨਾਲ ਅਧਿਐਨ ਵੀ ਕੀਤਾ ਹੈ। ਇਸ ਨਾਲ ਆਚਾਰੀਆ ਮੰਮਟ ਦੀ ਪ੍ਰਤਿਭਾ ਅਤੇ ਵਿਦਵਤਾ ਸਾਡੇ ਸਾਹਮਣੇ ਆਉਂਦੀ ਹੈ।
ਕਾਵਿ ਪ੍ਰਕਾਸ਼ ਦੀ ਅਧਿਆਏ ਵੰਡ[ਸੋਧੋ]
ਕਾਵਿ ਪ੍ਰਕਾਸ਼ ਵਿੱਚ ਨਾਟਯ ਨਾਲ ਸੰਬੰਧਿਤ ਵਿਸ਼ਿਆਂ ਨੂੰ ਛੱਡ ਕੇ 'ਕਾਵਿ' ਦੇ ਸਾਰੇ ਅੰਗਾਂ ਦਾ ਸਰਬਾਂਗ ਵਿਵੇਚਨ ਹੋਇਆ ਹੈ।
ਅਧਿਆਏ ਪਹਿਲਾ[ਸੋਧੋ]
ਮੰਮਟ ਨੇ ਆਪਣੇ ਗ੍ਰੰਥ ਦੀ ਸ਼ੁਰੂਆਤ ਪੁਰਾਤਨ ਰਵਾਇਤ ਅਨੁਸਾਰ ਪਹਿਲੀ ਕਾਰਿਕਾ ਨੂੰ ਮੰਗਲਾਚਰਨ ਦੇ ਰੂਪ ਵਿੱਚ ਲਿਖ ਕੇ ਕੀਤੀ ਹੈ। ਮੰਮਟ ਨੇ ਪਹਿਲੇ ਅਧਿਆਏ ਵਿੱਚ ਕਾਵਿ ਦੇ ਪ੍ਰਯੋਜਨ ਦੀ ਗੱਲ ਕਰਦਿਆਂ, ਇਸਦੇ ਛੇ ਭੇਦ ਦੱਸੇ ਹਨ। ਕਾਵਿ ਦੇ ਪ੍ਰਯੋਜਨ ਤੋਂ ਬਾਅਦ ਕਾਵਿ ਦੇ ਕਾਰਨ ਬਾਰੇ ਦੱਸਦੇ ਹੋਏ, ਕਾਵਿ ਦੇ ਸਰੂਪ ਬਾਰੇ ਚਰਚਾ ਕੀਤੀ ਹੈ।
ਅਧਿਆਏ ਦੂਸਰਾ[ਸੋਧੋ]
ਇਸ ਅਧਿਆਏ ਵਿੱਚ ਮੰਮਟ ਨੇ ਸ਼ਬਦ ਅਰਥ ਦੇ ਸਰੂਪ ਦਾ ਵਰਣਨ ਕੀਤਾ ਹੈ। ਇਸ ਵਿੱਚ ਉਹਨਾਂ ਨੇ ਅਭਿਧਾ, ਲਕਸ਼ਣਾ, ਵਿਅੰਜਨਾ ਤਿੰਨ ਤਰ੍ਹਾਂ ਦੀਆਂ ਸ਼ਬਦ ਸ਼ਕਤੀਆ ਮੰਨੀਆਂ ਹਨ।
ਅਧਿਆਏ ਤੀਸਰਾ[ਸੋਧੋ]
ਤੀਸਰੇ ਅਧਿਆਏ ਵਿੱਚ ਮੰਮਟ ਨੇ ਆਰਥੀ ਵਿਅੰਜਨਾਂ ਦਾ ਵਰਣਨ ਕੀਤਾ ਹੈ। ਵਾਚਯ ਆਦਿ ਅਰਥ ਕਿਵੇਂ ਵਿਅੰਜਕ ਹੁੰਦੇ ਹਨ, ਦਾ ਡੂੰਘਾਈ ਤੋ ਅਧਿਐਨ ਇਸ ਖੰਡ ਵਿੱਚ ਕੀਤਾ ਹੈ।
ਅਧਿਆਏ ਚੌਥਾ[ਸੋਧੋ]
ਚੌਥੇ ਅਧਿਆਏ ਵਿੱਚ ਮੰਮਟ ਨੇ ਧੁਨੀ ਕਾਵਿ ਦੇ ਭੇਦ ਅਵਿਵਕਸ਼ਿਤ ਵਾਚਿਅ (ਲਕਸ਼ਣਾਮੂਲਕ)ਅਤੇ ਵਿਵਕਸ਼ਿਤਾਨਿਅ ਪਰਵਾਚਿਅ (ਅਭਿਧਾਮੂਲਕ) ਨਾਲ ਹੀ ਉਪ-ਭੇਦਾਂ ਦਾ ਵਰਣਨ ਵੀ ਕੀਤਾ ਹੈ। ਧੁਨੀ ਦੇ ਅਵਿਵਕ੍ਸ਼ਿਤਵਾਚਯ ਅਤੇ ਵਿਵਕ੍ਸ਼ਿਤ-ਅੰਨਯ-ਪਰਵਾਚਯ ਦੋ ਭੇਦਾਂ ਅਤੇ ਉਹਨਾਂ ਦੇ ਉਪਭੇਦਾ ਦੀ ਵਿਵੇਚਨਾ ਕਰਦੇ ਹੋਏ, ਰਸ-ਸਿਧਾਤ ਦਾ ਵਿਸਤਿ੍ਤ ਵਿਸ਼ੇਲੇਸ਼ਣ ਅਤੇ ਧੁਨੀ ਦੇ ਦੂਜੇ ਭੇਦਾਂ ਦਾ ਵਿਵੇਚਨ ਕੀਤਾ ਹੈ।
ਅਧਿਆਏ ਪੰਜਵਾਂ[ਸੋਧੋ]
ਪੰਜਵੇਂ ਅਧਿਆਏ ਵਿੱਚ ਮੰਮਟ ਨੇ ਕਾਵਿ ਦੇ ਦੂਜੇ ਭੇਦ ਅਰਥਾਤ ਗੁਣੀਭੂਤ ਵਿਅੰਗ ਰੂਪ ਮੱਧਮ ਕਾਵਿ ਦੇ ਭੇਦਾਂ ਬਾਰੇ ਵਰਣਨ ਕੀਤਾ ਗਿਆ ਹੈ।
ਅਧਿਆਇ ਛੇਵਾਂ[ਸੋਧੋ]
ਇਸ ਅਧਿਆਏ ਵਿੱਚ ਮੰਮਟ ਨੇ ਕਾਵਿ ਦੇ ਭੇਦਾਂ-ਉਪਭੇਦਾ ਦਾ ਵਰਣਨ ਕਰਕੇ ਕਾਵਿ ਲੱਛਣ ਦੀ ਵਿਆਖਿਆ ਕੀਤੀ ਹੈ। ਮੰਮਟ ਨੇ ਸ਼ਬਦ ਚਿਤ੍ਰ ਅਤੇ ਅਰਥ ਚਿਤ੍ਰ ਦਾ ਵਰਣਨ ਕੀਤਾ ਹੈ।
ਅਧਿਆਏ ਸੱਤਵਾਂ[ਸੋਧੋ]
ਸੱਤਵੇਂ ਅਧਿਆਏ ਵਿੱਚ ਮੰਮਟ ਨੇ ਕਾਵਿ ਦੇ ਦੋਸ਼ਾਂ ਦਾ ਵਰਣਨ ਕੀਤਾ ਹੈ। ਉਹਨਾਂ ਨੇ ਕਾਵਿਗਤ ਦੋਸ਼ ਅਤੇ ਉਹਨਾਂ ਦੇ ਲਕ੍ਸ਼ਣ, ਪਦਗਤਦੋਸ਼ਾ, ਵਾਕਗਤਦੋਸ਼ਾ, ਅਰਥਗਤ ਦੋਸ਼ਾਂ, ਰਸਗਤ ਦੋਸ਼ਾਂ ਦੀ ਉਦਾਹਰਣ ਸਹਿਤ ਵਿਆਖਿਆ ਕੀਤੀ ਹੈ।
ਅਧਿਆਏ ਅੱਠਵਾਂ[ਸੋਧੋ]
ਇਸ ਅਧਿਆਏ ਵਿੱਚ ਮੰਮਟ ਨੇ ਦੋਸ਼ਾਂ ਦਾ ਵਰਣਨ ਕਰਨ ਤੋਂ ਬਾਅਦ ਕਾਵਿ ਗੁਣਾਂ ਤੇ ਅਲੰਕਾਰਾਂ ਦੇ ਭੇਦਾਂ ਦਾ ਵਰਣਨ ਕੀਤਾ ਹੈ।
ਅਧਿਆਇ ਨੌਵਾਂ[ਸੋਧੋ]
ਨੌਵੇਂ ਅਧਿਆਏ ਵਿੱਚ ਮੰਮਟ ਨੇ ਸ਼ਬਦ ਅਲੰਕਾਰਾਂ ਦਾ ਵਰਣਨ ਕੀਤਾ ਹੈ। ਇਸ 'ਚ ਉਹਨਾਂ ਨੇ ਸ਼ਬਦਾਲੰਕਾਰਾ ਦੇ ਲਕਸ਼ਣ ਅਤੇ ਭੇਦ ਦਾ ਵਿਵੇਚਨ ਕੀਤਾ ਹੈ।
ਅਧਿਆਇ ਦਸਵਾਂ[ਸੋਧੋ]
ਕਾਵਿ ਸ਼ਾਸ਼ਤਰ ਦੇ ਦੱਸਵੇਂ ਅਤੇ ਅੰਤਿਮ ਅਧਿਆਏ ਵਿੱਚ ਮੰਮਟ ਨੇ ਅਲੰਕਾਰਾਂ ਦਾ ਵਰਣਨ ਕੀਤਾ ਹੈ। ਅਰਥਾਲੰਕਾਰਾਂ ਦਾ ਭੇਦ-ਉਪਭੇਦ ਆਦਿ ਦਾ ਡੂੰਘਾਈ ਤੋਂ ਅਧਿਐਨ ਕੀਤਾ ਹੈ।
ਕਾਵਿ ਪ੍ਰਕਾਸ਼ ਦੇ ਟੀਕੇ[ਸੋਧੋ]
ਮ.ਮ. ਕਾਣੇ ਅਨੁਸਾਰ 'ਕਾਵਿ ਪ੍ਰਕਾਸ਼' ਸੰਸਕ੍ਰਿਤ ਗ੍ਰੰਥਾਂ ਵਿੱਚ 'ਭਗਵਤ ਗੀਤਾ' ਨੂੰ ਛੱਡ ਕੇ ਇਕੋ-ਇਕ ਅਜਿਹਾ ਗ੍ਰੰਥ ਹੈ, ਜਿਸ ਦੇ ਬਹੁਤ ਸਾਰੇ ਟੀਕੇ ਪ੍ਰਾਪਤ ਹੁੰਦੇ ਹਨ। ਸ੍ਰੀ ਵਾਚਸਪਤੀ ਗੈਰੋਲਾ ਦੇ ਮੁਤਾਬਿਕ ਭਾਰਤ ਦੇ ਸਾਰੇ ਭਾਗਾਂ ਵਿਚੋਂ 70 ਵਿਦਵਾਨਾਂ ਨੇ ਇਸਦੇ ਟੀਕੇ ਲਿਖੇ।[6] 'ਕਾਵਿ ਪ੍ਰਕਾਸ਼' ਦੇ ਛਪੇ ਵੱਖ-ਵੱਖ ਐਡੀਸ਼ਨ ਅਤੇ ਟੀਕੇ ਬਹੁਤ ਜ਼ਿਆਦਾ ਮਿਲਦੇ ਹਨ। ਇਹਨਾਂ ਦੀ ਸੰਪੂਰਨ ਸੂਚੀ ਤਿਆਰ ਕਰਨੀ ਲਗਭਗ ਅਸੰਭਵ ਹੈ। ਕਾਵਿ ਪ੍ਰਕਾਸ਼ ਦੇ ਟੀਕਿਆਂ ਵਿੱਚੋਂ ਸਭ ਤੋਂ ਪੁਰਾਣੀ ਟੀਕਾ ਮਾਣਿਕਯ ਚੰਦ੍ਰ ਦੀ 'ਸੰਕੇਤ' ਟੀਕਾ ਹੈ। ਦੂਜੀ ਟੀਕਾ 'ਬਾਲ ਚਿੱਤਾਨੁਰੰਜਨੀ' ਹੈ, ਜਿਸਦੇ ਲੇਖਕ ਸਰਸਵਤੀ ਤੀਰਥ ਹਨ। ਤੀਜੀ ਟੀਕਾ 'ਦੀਪਕਾ' ਟੀਕਾ ਹੈ, ਇਸ ਦੇ ਲੇਖਕ ਜਯੰਤ ਭੱਟ ਹਨ। ਚੌਥੀ ਟੀਕਾ ਸੋਮੇਸ਼ਵਰ ਦੀ ਲਿਖੀ ਹੋਈ 'ਕਾਵਿਆਦਰਸ਼' ਟੀਕਾ ਹੈ। ਇਸ ਉਪਰੰਤ 'ਦਰਪਣ', 'ਵਿਸਤਾਰਿਕਾ', 'ਨਿਦਰਸ਼ਨਾ', 'ਸਾਰਬੋਧਿਨੀ', 'ਕਾਵਿਪ੍ਰਦੀਪ', 'ਸੁਧਾਰਸਾਗਰ' ਟੀਕੇ ਪ੍ਰਾਪਤ ਹਨ, ਜਿਹਨਾਂ ਦੇ ਕ੍ਰਮਵਾਰ ਲੇਖਕ 'ਵਿਸ਼ਵਨਾਥ', 'ਪਰਮਾਨੰਦ ਭੱਟਾਚਾਰਯ', 'ਆਨੰਦ ਕਵੀ', 'ਸ੍ਰੀਵਤਸ ਲਾਂਛਨ', 'ਪੰਡਿਤ ਗੋਬਿੰਦ ਠਾਕੁਰ', 'ਭੀਮ ਸੈਨ ਦੀਕਸ਼ਿਤ' ਹਨ। ਇਹਨਾਂ ਟੀਕਿਆਂ ਵਿੱਚੋਂ ਸਭ ਤੋਂ ਮਹੱਤਵਪੂਰਨ ਟੀਕਾ ਗੋਬਿੰਦ ਠਾਕੁਰ ਦੁਆਰਾ ਰਚਿਤ 'ਕਾਵਿ ਪ੍ਰਦੀਪ' ਹੈ, ਇਸੇ ਨੂੰ ਆਧਾਰ ਮੰਨ ਕੇ ਅੱਗੇ ਜਾ ਕੇ ਇਸ ਦੀ ਵਿਆਖਿਆ ਦੇ ਰੂਪ ਵਿੱਚ 'ਪ੍ਰਭਾ' ਅਤੇ 'ਉਦਿਓਤ' ਨਾਂ ਦੇ ਟੀਕੇ ਲਿਖੇ ਗਏ।[7] ਆਧੁਨਿਕ ਸਮੇਂ ਵਿੱਚ ਇਹਨਾਂ ਉਪਰੋਕਤ ਟੀਕਿਆਂ ਤੋਂ ਇਲਾਵਾ ਹੋਰ ਬਹੁਤ ਸਾਰੇ ਟੀਕੇ ਪ੍ਰਾਪਤ ਹੁੰਦੇ ਹਨ।
ਸਿੱਟਾ[ਸੋਧੋ]
ਅਖ਼ੀਰ 'ਤੇ ਇਹ ਕਿਹਾ ਜਾ ਸਕਦਾ ਹੈ ਕਿ ਆਚਾਰੀਆ ਮੰਮਟ ਨੇ ਆਪਣੇ ਤੋਂ ਪਹਿਲਾਂ ਹੋਏ ਵਿਦਵਾਨਾਂ ਦਾ ਡੂੰਘਾਈ ਤੋਂ ਅਧਿਐਨ ਕਰਕੇ ਭਾਰਤੀ ਕਾਵਿ-ਸ਼ਾਸਤਰ ਰੂਪੀ ਸਮੁੰਦਰ ਨੂੰ ਆਪਣੀ ਪੁਸਤਕ 'ਕਾਵਿ ਪ੍ਰਕਾਸ਼' ਵਿੱਚ ਸਮੋ ਲਿਆ ਹੈ।[8] ਉਹਨਾਂ ਨੇ ਸਮੁੰਦਰ ਨੂੰ ਕੁੱਜੇ ਵਿੱਚ ਬੰਦ ਕਰਨ ਦਾ ਕਠਿਨ ਕੰਮ ਕੀਤਾ। ਉਹਨਾਂ ਦੁਆਰਾ ਦਿੱਤੇ ਨਿਰਣੇ ਘੱਟ ਸ਼ਬਦਾਂ ਵਿੱਚ ਡੂੰਘੀ ਗੱਲ ਕਰਨ ਦੀ ਯੋਗਤਾ ਰੱਖਦੇ ਹਨ। ਸ੍ਰੀ ਵਾਮਨ ਅਚਾਰੀਆ ਝਲਕੀਕਰ ਨੇ ਵੀ ਕਿਹਾ ਹੈ ਕਿ ਆਚਾਰੀਆ ਮੰਮਟ ਇੱਕ ਮਹਾਨ ਪੰਡਿਤ ਹੋਏ ਹਨ, ਇਸੇ ਕਰਕੇ ਉਹਨਾਂ ਦੀ ਰਚਨਾ ਕਾਵਿ ਪ੍ਰਕਾਸ਼ ਨੂੰ 'ਗ੍ਰੰਥ' ਦਾ ਰੁਤਬਾ ਹਾਸਿਲ ਹੈ।
ਹਵਾਲੇ[ਸੋਧੋ]
- ↑ ਮੰਮਟ, ਆਚਾਰੀਆ (1981). ਕਾਵਿ ਪ੍ਰਕਾਸ਼. ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ. p. 16.
- ↑ ਸ਼ਰਮਾ, ਪ੍ਰੋ. ਸ਼ੁਕਦੇਵ (2017). ਭਾਰਤੀ ਕਾਵਿ-ਸ਼ਾਸਤਰ. ਪਟਿਆਲਾ: ਪੰਜਾਬੀ ਯੂਨੀਵਰਸਿਟੀ. p. 353. ISBN 978-81-302-0462-8.
- ↑ Winternitz, M (1963). History of indian literature. Delhi-6: Motilal Banarsidass. p. 23.
- ↑ ਮੰਮਟ, ਆਚਾਰੀਆ (1981). ਕਾਵਿ ਪ੍ਰਕਾਸ਼. ਪਟਿਆਲਾ: ਪੰਜਾਬੀ ਯੂਨੀਵਰਸਿਟੀ. p. 17.
- ↑ सप्रे, प्रो. घुंडिराज गोपाल (1971). आचार्य मम्मट. भोपाल: मध्यप्रदेश हिन्दी ग्रन्थ अकादमी. p. 126.
- ↑ सप्रे, प्रो. घुंडिराज गोपाल (1971). आचार्य मम्मट. भोपाल: मध्यप्रदेश हिन्दी ग्रन्थ अकादमी. p. 20.
- ↑ ਮੰਮਟ, ਆਚਾਰੀਆ (1981). ਕਾਵਿ ਪ੍ਰਕਾਸ਼. ਪਟਿਆਲਾ: ਪੰਜਾਬੀ ਯੂਨੀਵਰਸਿਟੀ. p. 20.
- ↑ प्रताप, राम (2005). मम्मटोत्तरयुग में भारतीय काव्यशास्त्र में नूतन अवधारणाएँ. दिल्ली: ईस्टर्न बुक लिंकर्स. p. 8. ISBN 81-7854-060-6.