ਆਚਾਰੀਆ ਮੰਮਟ (ਕਾਵਿ-ਪ੍ਰਕਾਸ਼)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਚਾਰੀਆ ਮੰਮਟ (ਕਾਵਿ-ਪ੍ਰਕਾਸ਼)

ਜਾਣ ਪਛਾਣ-

ਆਚਾਰੀਆ ਮੰਮਟ ਯਾਰ੍ਹਵੀਂ ਸਦੀ ਦੇ ਪਿਛਲੇ ਅੱਧ ਵਿੱਚ ਹੋਏ ਹਨ। ਕਾਵਿ ਸ਼ਾਸਤਰ ਦੇ ਇਤਿਹਾਸ ਵਿੱਚ ਹੁਣ ਤੱਕ ਵਰਣਤ ਕੀਤੇ ਗਏ ਕਾਵਿ ਸ਼ਾਸਤਰੀਆਂ ਵਿੱਚੋਂ ਦੰਡੀ, ਰਾਜਸੇਖਰ ਅਤੇ ਭੋਜ ਰਾਜ ਨੂੰ ਛੱਡ ਕੇ ਬਾਕੀ ਸਾਰੇ ਕਾਵਿ ਸ਼ਾਸਤਰੀ ਕਸ਼ਮੀਰ ਵਾਸੀ ਸਨ। ਆਚਾਰੀਆ ਮੰਮਟ ਵੀ ਕਸ਼ਮੀਰ ਨਿਵਾਸੀ ਸਨ। ਇਹ ਗੱਲ ਆਚਾਰੀਆ ਮੰਮਟ ਦੇ ਨਾਮ ਤੋਂ ਵੀ ਜਾਪਦੀ ਹੈ। ਭਾਵੇਂ ਉਨ੍ਹਾਂ ਦੇ ਜੀਵਨ ਬਿਰਤਾਂਤ ਬਾਰੇ ਕੋਈ ਪ੍ਰਮਾਣੀਕ ਸਮੱਗਰੀ ਨਹੀਂ ਮਿਲਦੀ ਪਰ ਤਾਂ ਵੀ ਇੱਕ ਪਰੰਪਰਾ ਅਨੁਸਾਰ ਇਹ ਪ੍ਰਸਿੱਧ ਕਾਵਿ ‘ਨੈਸ਼ਧਚਰਿਤ' ਦੇ ਲੇਖਕ ਸ੍ਰੀ ਹਰਸ਼ ਦੇ ਮਾਮਾ ਸਨ। ਇਹ ਜੈਯਟ ਦੇ ਪੁੱਤਰ ਸਨ। ਇਨ੍ਹਾਂ ਦੇ ਦੋ ਛੋੋੇ ਭਰਾ ਸਨ ਕੈਯਟ ਅਤੇ ਉਵਟ। ਕੈੈੈਯਟ ਨੇ ਮਹਾਂਭਾਸ਼ ਤੇ ਟੀਕਾ ਲਿਖੀ ਹੈ ਅਤੇ ਉਵਟ ਨੇ ਚਾਰਾਂ ਵੇਦਾਂ ਤੇ ਭਾਸ਼ ਲਿਖਿਆ ਹੈ। ਆਚਾਰੀਆ ਮੰਮਟ ਨੇ ਪਿਛਲੇ ਇੱਕ ਹਜ਼ਾਰ ਸਾਲਾਂ ਵਿੱਚ ਕਾਵਿ ਸ਼ਾਸਤਰ ਰੂਪ ਬਗੀਚੇ ਵਿੱਚ ਖਿੜੇ ਹੋਏ ਸਾਰਿਆਂ ਫੁੱਲਾਂ ਦੇ ਨਿਚੋੜ ਨੂੰ ਇਕੱਠਿਆਂ ਕਰਕੇ ‘ਕਾਵਿ ਪ੍ਰਕਾਸ਼' ਪੁਸਤਕ ਦੀ ਰਚਨਾ ਕੀਤੀ। ਆਚਾਰੀਆ ਮੰਮਟ ਨੂੰ ਧੁਨੀਵਾਦ ਦੇ ਸਮਰਥਕ ਵਜੋਂ ਵੀ ਯਾਦ ਕੀਤਾ ਜਾਂਦਾ ਹੈ ਕਿਉਂਕਿ ਉਨ੍ਹਾਂ ਦੀ ਕਿਰਤ ਕਾਵਿ ਪ੍ਰਕਾਸ਼ ਵਿੱਚ ਸ਼ੁਰੂ ਤੋਂ ਲੈ ਕੇ ਅਖ਼ੀਰ ਤੱਕ ਧੁੁੁਨੀ ਤੱਤ ਨੂੰ ਹੀ ਆਧਾਰ ਰੂਪ ਵਿਚ ਅਪਣਾਇਆ ਹੈ।

ਮੁੱਖ ਰਚਨਾ:

ਆਚਾਰੀਆ ਮੰਮਟ ਦੀ ਇੱਕੋ ਇੱਕ ਮਹਾਨ ਗ੍ਰੰਥ “ਕਾਵਿ ਪ੍ਰਕਾਸ਼" ਹੈ। ਇਸ ਮਹਾਨ ਰਚਨਾ ਨੂੰ ਕਾਵਿ ਸ਼ਾਸਤਰ ਵਿੱਚ ਇੱਕ ਗੌਰਵਭਰਪੂਰ ਸਥਾਨ ਪ੍ਰਾਪਤ ਹੈ। ਇਹ ਇੱਕ ਸਮਨਵੈ-ਆਤਮਿਕ ਰਚਨਾ ਹੈ ਜਿਸ ਵਿੱਚ ਭਰਤ ਮੁਨੀ ਤੋਂ ਲੈ ਕੇ ਸਾਰੇ ਪ੍ਰਾਚੀਨ ਆਚਾਰੀਆਂ ਦੀ ਸਮੱਗਰੀ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਦੀਆਂ ਦਲੀਲਾਂ ਦੀ ਸਮੀਖਿਆ ਵੀ ਕੀਤੀ ਗਈ ਅਤੇ ਇੱਕ ਸਮਨਵੈ-ਆਤਮਿਕ ਸਾਂਝੀ ਮਾਨਤਾ ਨੂੰ ਉਲੀਕਣ ਦੀ ਸਫ਼ਲ ਕੋਸ਼ਿਸ਼ ਕੀਤੀ ਗਈ। ਕਾਵਿ ਸ਼ਾਸਤਰ ਵਿੱਚ ਮੰਮਟ ਨੇ ਆਪਣੇ ਤੋਂ ਪਹਿਲੇ ਹੋਰ ਸਾਰੇ ਸ਼ਾਸਤਰੀਆਂ ਦੇ ਗੁਣਾਂ, ਸਾਰੇ ਉੱਤਮ ਵਿਚਾਰਾਂ ਨੂੰ ਇੱਕ ਥਾਂ ਇਕੱਠਾ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਵਿੱਚ ਜਿਹੜੀਆਂ ਕਮੀਆਂ ਜਾਂ ਤਰੁੱਟੀਆਂ ਸਨ ਉਨ੍ਹਾਂ ਨੂੰ ਦੂਰ ਕਰਕੇ ਇਹ ਇੱਕ ਸਰਬੰਗੀ ਰਚਨਾ ਤਿਆਰ ਕੀਤੀ ਗਈ ਹੈ। ਆਚਾਰੀਆ ਮੰਮਟ ਨੇ ਆਪਣੀ ਰਚਨਾ ਕਾਵਿ ਪ੍ਰਕਾਸ਼ ਨੂੰ ਤਿੰਨ ਹਿੱਸੇ ਅਤੇ ਦਸ ਉੱਲਾਸਾਂ(ਅਧਿਆਵਾਂ) ਵਿੱਚ ਵੰਡਿਆ ਹੈ।

ਕਾਵਿ ਪ੍ਰਕਾਸ਼ ਦੇ ਤਿੰਨ ਹਿੱਸੇ ਸਨ.

੧.ਕਾਰਿਕਾ- ਇਸ ਰਚਨਾ ਵਿੱਚ 142 ਕਾਰਿਕਾਵਾਂ ਹਨ ਅਤੇ ਇਨ੍ਹਾਂ ਕਾਰਿਕਾਵਾਂ ਨੂੰ 212 ਸੂਤਰਾਂ ਵਿੱਚ ਵੰਡਿਆ ਗਿਆ ਹੈ।

੨.ਵਿਰੱਤੀ- ਸੂਤ੍ਰ ਤੇ ਗਦ ਵਿਚ ਵਿਰੱਤੀ ਲਿਖੀ ਗਈ ਹੈ ਜਿਸ ਵਿਚ ਸੂਤ੍ਰਾਂ ਦੀ ਵਿਆਖਿਆ ਦੇ ਕੇ ਸਪਸ਼ੱਟ ਕੀਤਾ ਗਿਆ ਹੈ।

੩.ਉਦਾਹਰਣ ਭਾਗ- ਇਸ ਰਚਨਾ ਵਿੱਚ 603 ਪਦ ਉਦਾਹਰਣ ਦੇ ਰੂਪ ਵਿੱਚ ਦਿੱਤੇ ਗਏ ਹਨ ਜਿਹੜੇ ਅਲੱਗ ਅਲੱਗ ਕਾਵਿ ਕਿਰਤਾਂ ਵਿੱਚੋਂ ਲਏ ਗਏ ਹਨ।

ਕਾਵਿ ਪ੍ਰਕਾਸ਼ ਦੇ ਦਸ ਉੱਲਾਸ (ਅਧਿਆਏ)

੧. ਪਹਿਲੇ ਉੱਲਾਸ ਵਿੱਚ ਕਾਵਿ ਪ੍ਰਯੋਜਨ , ਕਾਵਿ ਦੇ ਹੇਤੂ, ਕਾਵਿ ਦੇ ਲੱਛਣ ਅਤੇ ਕਾਵਿ ਦੇ ਭੇਦਾਂ, ਉੱਤਮ, ਮੱਧਮ ਅਤੇ ਅਧਮ ਕਾਵਿ ਦਾ ਵਰਣਨ ਹੈ।

੨. ਦੂਜੇ ਵਿੱਚ ਵਾਚਕ, ਲਾਕਸ਼ਣਿਕ, ਵਿਅੰਜਕ ਸ਼ਬਦ ਅਤੇ ਵਾਚਿਅ ਲਕਸਿਅ ਅਤੇ ਵਿਅੰਗ ਅਰਥਾਂ ਦਾ ਵਰਣਨ ਹੈ।

੩. ਤੀਜੇ ਵਿੱਚ ਵਾਚਿਆ ਆਦਿ ਅਰਥ ਕਿਸ ਤਰ੍ਹਾਂ। ਵਿਅੰਜਕ ਹੁੰਦੇ ਹਨ, ਇਹ ਦੱਸਿਆ ਗਿਆ ਹੈ।

੪. ਚੌਥੇ ਵਿੱਚ ਧੁਨੀ ਉੱਤਮ ਕਾਵਿ ਦੇ ਆਵਿਵਕਸਿਤਵਾਚਿਅ ਅਤੇ ਵਿਵਕਸਿਤ- ਅੰਨਿਅ ਦੋ ਭੇਦਾਂ ਅਤੇ ਉਪਭੇਦਾਂ ਦਾ ਵਰਣਨ ਕਰਦੇ ਹੋਏ ਰਸ ਸਿਧਾਂਤ ਦਾ ਵਿਸਤਾਰ ਨਾਲ ਵਰਣਨ ਕੀਤਾ ਗਿਆ ਹੈ।

੫. ਪੰਜਵੇਂ ਵਿੱਚ ਗੁਣੀਭੂਤ-ਵਿਅੰਗ , ਮੱਧਮ ਕਾਵਿ ਦਾ ਵਰਣਨ ਕਰਦਿਆਂ ਹੋਇਆਂ ਵਿਅੰਜਨਾਂ ਵਿਰੱਤੀ ਨੂੰ ਪ੍ਰਵਾਨ ਕੀਤਾ ਗਿਆ ਹੈ।

੬. ਛੇਵੇਂ ਵਿੱਚ ਚਿਤ੍ਰ ਕਾਵਿ, ਅਧਮ ਕਾਵਿ ਦਾ ਵਰਣਨ ਕੀਤਾ ਗਿਆ ਹੈ।

੭. ਸੱਤਵੇਂ ਵਿੱਚ ਪਦ ਦੋਸ਼ਾਂ, ਵਾਕ ਦੋਸ਼ਾਂ, ਅਰਥ ਦੋਸ਼ਾਂ, ਰਸ ਦੋਸ਼ਾਂ ਆਦਿ ਲਗਪਗ 70 ਪ੍ਰਕਾਸ਼ ਦੇ ਦੋਸ਼ਾਂ ਦਾ ਵਰਣਨ ਕੀਤਾ ਗਿਆ ਹੈ।

੮. ਅੱਠਵੇਂ ਉੱਲਾਸ ਵਿੱਚ ਗੁਣ ਅਤੇ ਅਲੰਕਾਰ ਦਾ ਭੇਦ ਦੱਸ ਕੇ ਮਾਧੁਰਾਜ, ਓਜ ਤੇ ਪ੍ਰਸਾਦ ਤਿੰਨ ਗੁਣਾਂ ਦਾ ਵਰਣਨ ਕੀਤਾ ਹੈ।

੯. ਨੌਵੇਂ ਵਿੱਚ ਸ਼ਬਦ ਅਲੰਕਾਰਾਂ ਦਾ ਵਰਣਨ ਕੀਤਾ ਗਿਆ ਹੈ।

੧੦. ਦਸਵੇਂ ਵਿੱਚ ਅਰਥ ਅਲੰਕਾਰਾਂ ਦਾ ਵਰਣਨ ਕੀਤਾ ਗਿਆ ਹੈ।

ਸਿੱਟਾ:

ਆਚਾਰੀਆ ਮੰਮਟ ਨੇ ਆਪਣੇ ਤੋਂ ਪਹਿਲਾਂ ਆਚਾਰੀਆਂ ਦੁਆਰਾ ਲਿਖੇ ਗ੍ਰੰਥਾਂ ਦਾ ਅਧਿਐਨ ਕਰਨ ਦੇ ਨਾਲ-ਨਾਲ ਉਹਨਾਂ ਦੀ ਆਲੋਚਨਾ ਵੀ ਕੀਤੀ। ਉਹਨਾਂ ਨੇ ਆ. ਭਰਤਮੁਨੀ, ਆ. ਭਾਮਹ, ਆ. ਮਹਿਮਭੱਟ, ਆ. ਰੁਦ੍ਰਟ, ਆ. ਵਾਮਨ, ਆ. ਉਦਭੱਟ, ਆ. ਆਨੰਦਵਰਧਨ, ਆ. ਅਭਿਨਵਗੁਪਤ, ਆ. ਸ਼ੰਕੁਕ, ਆ. ਭੱਟਨਾਇਕ ਅਤੇ ਆ. ਭੱਟ ਲੋਲਟ ਦੁਆਰਾ ਲਿਖੇ ਸਾਹਿਤ ਦਾ ਅਧਿਐਨ ਕੀਤਾ। ਭਾਰਤੀ ਕਾਵਿ-ਸ਼ਾਸਤਰ ਪਰੰਪਰਾ ਵਿੱਚ ਅਲੱਗ-ਅਲੱਗ ਸੰਪਰਦਾਵਾਂ ਦੇ ਆਚਾਰੀਆਂ ਵਿੱਚ ਕਾਵਿ ਦੇ ਪ੍ਰਸੰਗ ਨੂੰ ਲੈ ਕੇ ਇੱਕ ਲਗਾਤਾਰ ਬਹਿਸ ਛਿੜੀ ਹੈ। ਇਸੇ ਬਹਿਸ ਨੂੰ ਆਧਾਰ ਬਣਾ ਕੇ ਆਚਾਰੀਆ ਮੰਮਟ ਨੇ ਆਪਣੀਆਂ ਮਹੱਤਵਪੂਰਨ ਟਿੱਪਣੀਆਂ ਕੀਤੀਆਂ। ਮੰਮਟ ਨੇ ਆਪਣੀਆਂ ਦਲੀਲਾਂ ਨਾਲ ਆਪਣੇ ਪੂਰਵ ਅਚਾਰੀਆਂ ਦੇ ਸਿਧਾਤਾਂ ਨੂੰ ਸਮੁਚਿਤ ਸਥਾਨ ਦਿੱਤਾ ਹੈ। ਮਿਸਾਲ ਵਜੋਂ ਪਿਛਲੇ 1200 ਸਾਲਾਂ ਤੋਂ ਭਾਰਤੀ ਕਾਵਿ-ਸ਼ਾਸਤਰ ਵਿੱਚ ਛਿੜੀ ਬਹਿਸ ਦਾ ਅਧਿਐਨ ਕਰਕੇ ਅਲੰਕਾਰ ਤੋਂ ਬਿਨਾਂ ਵੀ ਕਾਵਿ ਦੀ ਹੋਂਦ ਸਵੀਕਾਰ ਕੀਤੀ। ਉਹਨਾਂ ਨੇ ਡੂੰਘਾਈ ਤੋਂ ਵਿਵੇਚਨ ਕਰਕੇ ਕਾਵਿ ਦੋਸ਼, ਗੁਣ, ਰੀਤੀ, ਅਲੰਕਾਰ ਆਦਿ ਦੀ ਵੱਖ-ਵੱਖ ਮਹੱਤਤਾ ਦੱਸਦੇ ਹੋਏ ਆਪਣੇ ਮੌਲਿਕ ਵਿਚਾਰ ਪੇਸ਼ ਕੀਤੇ, ਜਿਸ ਕਰਕੇ ਭਾਰਤੀ ਕਾਵਿ-ਸ਼ਾਸਤਰ ਦੇ ਇਤਿਹਾਸ ਵਿੱਚ ਆਚਾਰੀਆ ਮੰਮਟ ਸਦਾ ਚਮਕਣ ਵਾਲਾ ਸਿਤਾਰਾ ਬਣ ਗਿਆ ਹੈ।

ਹਵਾਲੇ:

↑ ਅਨੁਵਾਦਕ ਰਾਜਿੰਦਰ ਸਿੰਘ ਸ਼ਾਸਤਰ.(1981), ਕਾਵਿ-ਪ੍ਰਕਾਸ਼. ਪੰਜਾਬੀ ਯੂਨੀਵਰਸਿਟੀ ਪਟਿਆਲਾ.